ਪੰਜਾਬ ਦੀ ਸਿਆਸਤ ਦੇ ਰੰਗ ਨਿਰਾਲੇ, ਆਪੋ ਆਪਣੀ ਡਫ਼ਲੀ  ਆਪੋ ਆਪਣਾ ਰਾਗ - ਗੁਰਮੀਤ ਪਲਾਹੀ

ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਕਿਸਾਨ ਯਾਤਰਾ ਅਤੇ ਨਸ਼ਿਆਂ ਵਿਰੁੱਧ ਪੰਜਾਬ ਕਾਂਗਰਸ ਦਾ ਸੜਕਾਂ ਉੱਤੇ ਉੱਤਰਨਾ, ਸੁੱਚਾ ਸਿੰਘ ਛੋਟੇਪੁਰ ਦਾ ਪੰਜਾਬ ਪ੍ਰੋਗਰੈਸਿਵ ਗੱਠਬੰਧਨ (ਜਿਸ ਵਿੱਚ ਛੋਟੇਪੁਰ ਦੀ ਪਾਰਟੀ ਆਪ ਪੰਜਾਬ ਤੋਂ ਇਲਾਵਾ ਸਵੈਭਿਮਾਨ ਪਾਰਟੀ, ਜੈ ਜਵਾਨ-ਜੈ ਕਿਸਾਨ ਪਾਰਟੀ ਅਤੇ ਪੰਜਾਬ ਲੋਕ ਦਲ ਸ਼ਾਮਲ ਹਨ) ਤੋਂ ਕਿਨਾਰਾ ਕਰਨਾ ਅਤੇ ਪ੍ਰੋਗਰੈਸਿਵ ਗੱਠਬੰਧਨ ਵੱਲੋਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨਾ, ਆਮ ਆਦਮੀ ਪਾਰਟੀ ਤੋਂ ਵੱਖ ਹੋਏ ਯੋਗੇਂਦਰ ਯਾਦਵ ਦੀ ਪਾਰਟੀ ਸਵਰਾਜ ਇੰਡੀਆ ਪੰਜਾਬ ਵੱਲੋਂ ਚੋਣਾਂ 'ਚ ਹਿੱਸਾ ਲੈਣ ਦਾ ਫ਼ੈਸਲਾ ਕਰਨਾ, ਤਖ਼ਤ ਸ਼੍ਰੀ ਦਮਦਮਾ ਸਾਹਿਬ ਦੀ ਧਰਤੀ 'ਤੇ 10 ਨਵੰਬਰ ਨੂੰ ਹੋਣ ਵਾਲੇ ਸਮਾਗਮ ਦੀਆਂ ਤਿਆਰੀ ਮੀਟਿੰਗਾਂ 'ਚ ਇਸ ਮਸਲੇ ਬਾਰੇ ਵਿਚਾਰਾਂ, ਕਿ ਪੰਜਾਬ ਨੂੰ ਧਾਰਮਿਕ ਅਤੇ ਰਾਜਨੀਤਕ ਤੌਰ 'ਤੇ ਕਿਸ ਦੇ ਹਵਾਲੇ ਕੀਤਾ ਜਾਵੇ, ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫਾਰਗ ਕੀਤੇ ਪੰਜ ਪਿਆਰਿਆਂ ਵੱਲੋਂ ਸਰਬੱਤ ਖ਼ਾਲਸਾ-2015 ਦੇ ਫ਼ੈਸਲਿਆਂ ਨੂੰ ਮਾਨਤਾ ਨਾ ਦੇਣਾ,-ਕੁਝ ਇਹੋ ਜਿਹੀਆਂ ਤੱਤਕਾਲੀ ਘਟਨਾਵਾਂ ਸੰਬੰਧੀ ਕਿਆਸ ਕੀਤਾ ਜਾ ਰਿਹਾ ਹੈ ਕਿ ਆਉਣ ਵਾਲੀਆਂ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਇਹ ਕਾਫ਼ੀ ਪ੍ਰਭਾਵ ਪਾਉਣਗੀਆਂ।
ਆਮ ਆਦਮੀ ਪਾਰਟੀ ਦਾ ਉਭਾਰ ਅਤੇ ਫਿਰ ਨਿੱਤ ਡਿੱਗਦਾ ਗ੍ਰਾਫ ਲੋਕਾਂ ਦੇ ਮਨਾਂ 'ਚ ਨਿਰਾਸ਼ਾ ਦਾ ਕਾਰਨ ਬਣਿਆ ਹੈ। ਬਹੁਜਨ ਸਮਾਜ ਪਾਰਟੀ ਵੱਲੋਂ ਰਹਿੰਦੀ-ਖੂੰਹਦੀ ਤਾਕਤ ਨੂੰ ਮੁੜ ਇਕੱਠੇ ਕਰਨਾ ਅਤੇ ਸਾਰੀਆਂ ਸੀਟਾਂ ਉੱਤੇ ਚੋਣ ਲੜਨ ਦਾ ਫ਼ੈਸਲਾ ਅਤੇ ਖੱਬੀਆਂ ਧਿਰਾਂ ਦਾ ਇਕੱਠੇ ਹੋ ਕੇ ਮੁੜ ਲਾਮਬੰਦ ਨਾ ਹੋਣਾ ਅਤੇ ਕੋਈ ਠੋਸ ਚੋਣ ਨੀਤੀ ਨਾ ਦੇਣਾ ਪੰਜਾਬ ਹਿਤੈਸ਼ੀ ਲੋਕਾਂ ਦੇ ਮਨਾਂ 'ਚ ਕਈ ਵੱਡੇ ਸਵਾਲ ਪੈਦਾ ਕਰ ਰਿਹਾ ਹੈ। ਬਿਨਾਂ ਸ਼ੱਕ ਪੰਜਾਬ 'ਚ ਇੱਕ ਦਰਜਨ ਤੋਂ ਵੱਧ ਪਾਰਟੀਆਂ ਸਮੇਤ 'ਆਪ' ਤੋਂ ਵੱਖ ਹੋਏ ਧੜੇ ਧਰਮਵੀਰ ਗਾਂਧੀ, ਹਰਿੰਦਰ ਸਿੰਘ ਖ਼ਾਲਸਾ ਅਤੇ ਸਿੱਧੂ, ਬੈਂਸ ਭਰਾ, ਪਰਗਟ ਧੜਾ ਹਾਲੇ ਵੀ ਆਪਣੇ ਪਰ ਤੋਲ ਰਿਹਾ ਹੈ ਅਤੇ ਕਿਸੇ ਮਜ਼ਬੂਤ ਗੱਠਜੋੜ ਜਾਂ ਰਾਜਨੀਤਕ ਪਾਰਟੀ ਨਾਲ ਗੱਠਜੋੜ ਕਰਨ ਅਤੇ ਆਪਣਾ ਮੁੱਲ ਪਵਾਉਣ ਦੀ ਤਾਕ ਵਿੱਚ ਹੈ। ਪੰਜਾਬ 'ਚ ਇਸ ਅਗਾਊਂ ਸ਼ੁਰੂ ਹੋਈ ਸਿਆਸੀ ਗੰਢ-ਤੁਪ ਤੋਂ ਬੇ-ਖ਼ਬਰ ਜਿਹੇ ਹੋਏ ਆਮ ਲੋਕ ਆਪਣੇ ਭਵਿੱਖੀ 'ਰਾਜੇ' ਦੀ ਚੋਣ ਪ੍ਰਤੀ ਉਦਾਸੀਨ  ਨਜ਼ਰ ਆ ਰਹੇ ਹਨ। ਕੁਝ ਪੰਜਾਬ ਹਿਤੈਸ਼ੀ ਜਾਗਰੂਕ ਲੋਕ ਪੰਜਾਬ ਵਿਧਾਨ ਸਭਾ ਦੀਆਂ 2017 ਵਿੱਚ ਹੋਣ ਜਾ ਰਹੀਆਂ ਚੋਣਾਂ ਦੇ ਸੰਦਰਭ ਵਿੱਚ ਸਿਆਸੀ ਆਗੂਆਂ, ਮਾਹਿਰਾਂ ਅਤੇ ਸਮਾਜਿਕ ਕਾਰਕੁਨਾਂ ਦਰਮਿਆਨ ਸੰਵਾਦ ਰਚਾ ਰਹੇ ਹਨ, ਕਿਉਂਕਿ ਚੋਣ ਪ੍ਰਕਿਰਿਆ ਦੌਰਾਨ ਧਨ ਅਤੇ ਬਾਹੂਬਲ 'ਚ ਵਾਧੇ ਦੇ ਸੰਕੇਤ ਹੁਣੇ ਤੋਂ ਦਿੱਸਣ ਲੱਗ ਪਏ ਹਨ।
ਜਮਹੂਰੀਅਤ ਵਿੱਚ ਚੋਣਾਂ ਲੋਕਾਂ ਦੀ ਰਾਇ ਜਾਣਨ ਅਤੇ ਸੱਤਾ ਤਬਦੀਲੀ ਦਾ ਕਾਰਗਰ ਢੰਗ ਮੰਨੀਆਂ ਜਾਂਦੀਆਂ ਹਨ। ਇਸ ਵਾਸਤੇ ਆਜ਼ਾਦ ਅਤੇ ਨਿਰਪੱਖ ਲੋਕ-ਰਾਇ ਯਕੀਨੀ ਬਣਾਉਣੀ ਜ਼ਰੂਰੀ ਹੁੰਦੀ ਹੈ। ਪੰਜਾਬ ਦੇ ਮੌਜੂਦਾ ਮਾਹੌਲ ਵਿੱਚ ਚੋਣ ਪ੍ਰਕਿਰਿਆ ਉੱਤੇ ਮਾਇਆ ਅਤੇ ਬਾਹੂਬਲ ਦੇ ਵਧ ਰਹੇ ਦਬਦਬੇ ਨੇ ਚੋਣਾਂ ਦੇ ਨਿਰਪੱਖ ਹੋਣ ਉੱਤੇ ਸਵਾਲ ਖੜੇ ਕਰ ਦਿੱਤੇ ਹਨ। ਪਾਰਟੀਆਂ ਵਿੱਚ ਅੰਦਰੂਨੀ ਲੋਕਤੰਤਰ ਦਾ ਸਾਹ ਘੁੱਟਿਆ ਹੋਇਆ ਹੈ। ਉਮੀਦਵਾਰ ਚੁਣਨ ਦੇ ਤਰੀਕੇ 'ਚ ਪੈਸੇ ਦਾ ਰੋਲ ਵਧ ਰਿਹਾ ਹੈ। ਪਾਰਟੀ ਵੱਲੋਂ ਚੋਣਾਂ ਲੜਨ ਦੇ ਚਾਹਵਾਨ ਲੋਕ ਲੱਖਾਂ ਰੁਪਏ ਬੋਝੇ 'ਚ ਪਾ ਕੇ ਟਿਕਟਾਂ ਹਥਿਆਉਣ ਦੇ ਰਾਹ ਪਏ ਹੋਏ ਹਨ।  ਰੇਤ ਮਾਫੀਆ, ਨਸ਼ਾ ਮਾਫੀਆ, ਬੱਸ ਮਾਫੀਆ, ਟੋਲ ਮਾਫੀਆ ਫ਼ਿਲਮ ਸ਼ੁਰੂ ਹੋਣ ਤੋਂ ਪਹਿਲਾਂ ਵਿਖਾਏ ਜਾ ਰਹੇ ਟ੍ਰੇਲਰ ਵਾਂਗ ਆਪਣੀ ਹੋਂਦ ਦਿਖਾਉਂਦਾ ਪੰਜਾਬ ਦੇ ਵੱਖੋ-ਵੱਖਰੇ ਹਿੱਸਿਆਂ 'ਚ ਗੁੰਡਾਗਰਦੀ ਦਾ ਨੰਗਾ ਨਾਚ ਦਿਖਾ ਰਿਹਾ ਹੈ ਅਤੇ ਨਸ਼ਿਆਂ ਦੀ ਵਰਤੋਂ ਵਿਰੁੱਧ ਆਵਾਜ਼ ਉਠਾਉਣ ਵਾਲੇ ਲੋਕਾਂ ਦੇ ਬੇਰਹਿਮੀ ਨਾਲ ਕਤਲ ਤੱਕ ਹੋ ਰਹੇ ਹਨ। ਰਾਜਨੀਤਕ ਪਾਰਟੀਆਂ ਦੇ ਲੱਠ-ਮਾਰ ਆਪੋ-ਆਪਣੀ ਹੋਂਦ ਦਿਖਾਉਣ ਲਈ ਪੰਜਾਬ ਦੇ ਵੱਖੋ-ਵਖਰੇ ਹਿੱਸਿਆਂ 'ਚ ਟਕਰਾਅ ਦਾ ਰਸਤਾ ਅਖਤਿਆਰ ਕਰ ਚੁੱਕੇ ਹਨ। ਰਾਜਨੀਤਕ ਪਾਰਟੀਆਂ ਚੋਣਾਂ ਦੌਰਾਨ ਪਰੋਸੇ ਜਾਣ ਵਾਲੇ ਭਾਰੀ ਵਾਅਦੇ ਕਰ ਰਹੀਆਂ ਹਨ। ਕੀ ਪੰਜਾਬ ਦੇ ਲੋਕ ਸਾਫ਼-ਸੁਥਰੀਆਂ, ਡਰ-ਭੈਅ ਰਹਿਤ ਚੋਣਾਂ ਲਈ ਮਨੋਂ ਤਿਆਰ ਹਨ? ਕੀ ਉਹ ਇਸ ਯੋਗ ਹਨ ਕਿ ਉਹ ਨੇਤਾਵਾਂ ਤੋਂ ਇਸ ਚੋਣਾਵੀ ਖੇਡ ਖੇਡਣ ਤੋਂ ਪਹਿਲਾਂ ਇਸ ਚੋਣ ਦੇ ਨਿਯਮਾਂ ਨੂੰ ਲੋਕ-ਪੱਖੀ ਢੰਗ ਨਾਲ ਲਾਗੂ ਕਰਨ ਲਈ ਪਾਰਟੀਆਂ ਤੇ ਨੇਤਾਵਾਂ ਦੀ ਜਵਾਬਦੇਹੀ ਤੈਅ ਕਰਵਾ ਸਕਣ, ਤਾਂ ਕਿ ਚੋਣ ਜਿੱਤਣ ਉਪਰੰਤ ਦਿੱਤੇ ਵਾਅਦਿਆਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾ ਸਕੇ?
ਪੰਜਾਬ ਦੀਆਂ ਚੋਣਾਂ ਉੱਤੇ ਪੂਰੇ ਦੇਸ਼ ਦੀਆਂ ਨਜ਼ਰਾਂ ਹਨ। ਦਸ ਸਾਲ ਲਗਾਤਾਰ ਰਾਜ ਕਰਨ ਵਾਲੇ ਅਕਾਲੀ-ਭਾਜਪਾ ਗੱਠਜੋੜ ਦਾ ਭਵਿੱਖ, ਖ਼ਾਸ ਕਰ ਕੇ ਅਕਾਲੀਆਂ ਦਾ ਭਵਿੱਖ, ਦਾਅ ਉੱਤੇ ਲੱਗਾ ਹੋਇਆ ਹੈ। ਵਿਦੇਸ਼ ਵੱਸਦੇ ਪਰਵਾਸੀ ਪੰਜਾਬੀ, ਜੋ ਤਨ, ਮਨ, ਧਨ ਨਾਲ ਪੰਜਾਬ ਦੀਆਂ ਵੱਖੋ-ਵੱਖਰੀਆਂ ਸਿਆਸੀ ਪਾਰਟੀਆਂ ਨੂੰ ਸਹਿਯੋਗ ਦਿੰਦੇ ਆਏ ਹਨ, ਇਸ ਵੇਰ ਪੰਜਾਬ ਦੇ ਮੌਜੂਦਾ ਹਾਕਮਾਂ ਨੂੰ ਵਿਰੋਧੀ ਪਾਰਟੀ ਵਜੋਂ ਵਿਧਾਨ ਸਭਾ 'ਚ ਸਜਿਆ ਵੇਖਣਾ ਚਾਹੁੰਦੇ ਹਨ। ਉਨ੍ਹਾਂ ਵੱਲੋਂ ਮੁੱਖ ਤੌਰ ਉੱਤੇ ਆਮ ਆਦਮੀ ਪਾਰਟੀ ਨੂੰ ਸਹਿਯੋਗ ਤੇ ਮਾਇਕ ਸਹਾਇਤਾ ਖੁੱਲ੍ਹੇ ਦਿਲ ਨਾਲ ਦਿੱਤੀ ਜਾ ਰਹੀ ਹੈ ਅਤੇ ਉਹ ਚਾਹੁੰਦੇ ਹਨ ਕਿ ਕਾਂਗਰਸ, ਅਕਾਲੀਆਂ ਨੂੰ ਛੱਡ ਕੇ ਪੰਜਾਬ ਦੀ ਵਾਗਡੋਰ ਤੀਜੀ ਧਿਰ ਦੇ ਹੱਥ ਫੜਾ ਦਿੱਤੀ ਜਾਏ, ਕਿਉਂਕਿ ਪੰਜਾਬ ਦੋ ਰਿਵਾਇਤੀ ਧਿਰਾਂ ਦਾ ਰਾਜ-ਭਾਗ ਵੇਖ ਚੁੱਕਾ ਹੈ ਅਤੇ ਪਿਛਲੇ ਦੋ-ਤਿੰਨ ਦਹਾਕਿਆਂ ਦੇ ਰਾਜ 'ਚ ਪੰਜਾਬ ਕਮਜ਼ੋਰ, ਨਿਤਾਣਾ ਤੇ ਆਰਥਿਕ ਪੱਖੋਂ ਕਮਜ਼ੋਰ ਹੋਇਆ ਹੈ। ਕੀ ਪਰਵਾਸੀ ਪੰਜਾਬੀਆਂ ਦੀ ਇਹ ਖਾਹਿਸ਼ ਪੰਜਾਬ ਦੇ ਸਥਾਨਕ ਲੋਕ ਪੂਰੀ ਕਰ ਸਕਣਗੇ, ਕਿਉਂਕਿ ਆਮ ਆਦਮੀ ਪਾਰਟੀ ਦੇ ਉੱਪਰਲੇ ਨੇਤਾਵਾਂ ਉੱਤੇ ਪਾਰਟੀ ਫ਼ੰਡ ਦੇ ਨਾਮ ਉੱਤੇ ਪੈਸੇ ਇਕੱਠੇ ਕਰਨ, ਪਾਰਟੀ ਟਿਕਟਾਂ ਵੇਚਣ ਅਤੇ ਭੈੜੇ ਚਾਲ-ਚਲਣ ਦੇ ਦੋਸ਼ਾਂ ਨੇ ਪਾਰਟੀ ਦਾ ਬਿੰਬ ਲੋਕਾਂ 'ਚ ਵਿਗਾੜਿਆ ਹੈ? ਧਰਮਵੀਰ ਗਾਂਧੀ ਅਤੇ ਹਰਿੰਦਰ ਸਿੰਘ ਖ਼ਾਲਸਾ ਦੀ ਪਾਰਟੀ ਵਿੱਚੋਂ ਮੁਅੱਤਲੀ, ਫਿਰ ਸੁੱਚਾ ਸਿੰਘ ਛੋਟੇਪੁਰ ਦਾ ਪਾਰਟੀ ਵਿੱਚੋਂ ਤੁਰ ਜਾਣਾ ਅਤੇ ਆਏ ਦਿਨ ਵਿਧਾਨ ਸਭਾ ਚੋਣਾਂ ਲਈ ਪਾਰਟੀ ਟਿਕਟਾਂ ਪ੍ਰਾਪਤ ਨਾ ਕਰਨ ਕਾਰਨ ਵਰਕਰਾਂ ਦਾ ਪਾਰਟੀ ਤੋਂ ਰੁੱਸ ਜਾਣਾ ਅਤੇ ਉੱਪਰੋਂ ਹੇਠਲੇ ਪੱਧਰ ਤੱਕ ਪਾਰਟੀ ਦਾ ਸੰਗਠਨ ਨਾ ਹੋਣਾ ਆਮ ਆਦਮੀ ਪਾਰਟੀ ਦੇ ਉਨ੍ਹਾਂ ਦਾਅਵਿਆਂ, ਕਿ ਉਹ ਵਿਧਾਨ ਸਭਾ ਚੋਣਾਂ 'ਚઠ30 ਫ਼ੀਸਦੀ ਤੋਂ ਵੱਧ ਵੋਟਾਂ ਅਤੇઠ117ઠਵਿਧਾਨ ਸਭਾ ਸੀਟਾਂ ਵਿੱਚੋਂઠ100ઠਸੀਟਾਂ ਪ੍ਰਾਪਤ ਕਰ ਲੈਣਗੇ, ਉੱਤੇ ਵੱਡੇ ਪ੍ਰਸ਼ਨ-ਚਿੰਨ੍ਹ ਲਗਾ ਰਿਹਾ ਹੈ, ਕਿਉਂਕਿ ਖ਼ਾਸ ਕਰ ਕੇ ਪੰਜਾਬ ਦੇ ਦੁਆਬਾ ਤੇ ਮਾਝਾ ਖਿੱਤੇ ਵਿੱਚ ਤਾਂ ਵਿਸ਼ੇਸ਼ ਕਰ ਕੇ ਆਮ ਆਦਮੀ ਪਾਰਟੀ ਦੀ ਕੋਈ 'ਲਹਿਰ' ਬਣੀ ਦਿਖਾਈ ਨਹੀਂ ਦੇ ਰਹੀ।
ਪਿਛਲੀਆਂ ਲੋਕ ਸਭਾ ਚੋਣਾਂ ਵੇਲੇ ਅਛੋਪਲੇ ਜਿਹੇ ਦਿੱਤੀ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿਹੜਿਆਂ 'ਚ ਦਸਤਕ ਨੇ ਜਿਵੇਂ ਪੰਜਾਬੀਆਂ ਨੂੰ ਅੰਦਰੋਗਤੀ ਉਤਸ਼ਾਹਤ ਕੀਤਾ ਸੀ, ਉਸ ਦਾ ਮੁਲੰਮਾ ਉੱਤਰਦਾ ਜਾ ਰਿਹਾ ਹੈ। ਪੰਜਾਬ ਦੀਆਂ ਸਾਰੀਆਂ ਪਾਰਟੀਆਂ ਜ਼ਮੀਨੀ ਹਕੀਕਤਾਂ ਨੂੰ ਨਾ ਸਮਝਦਿਆਂ ਆਪੋ-ਆਪਣੀ ਪਾਰਟੀ ਨੂੰ ਜੇਤੂ ਮੰਨ ਕੇ ਚੱਲ ਰਹੀਆਂ ਹਨ। ਅਕਾਲੀ-ਭਾਜਪਾ ਗੱਠਜੋੜ ਆਮ ਆਦਮੀ ਪਾਰਟੀ 'ਚ ਪਈ ਦੁਫੇੜ ਨੂੰ ਆਪਣੇ ਹੱਕ 'ਚ ਵਰਤਣ ਦੇ ਰੌਂਅ ਵਿੱਚ ਹੈ। ਭਾਵੇਂ ਉਹ ਪੰਜਾਬ ਦੇ ਵਿਕਾਸ ਦੇ ਨਾਮ ਉੱਤੇ ਪੰਜਾਬੀਆਂ ਤੋਂ ਵੋਟਾਂ ਮੰਗੇਗਾ, ਪਰ ਹਕੀਕੀ ਤੌਰ 'ਤੇ ਪੰਜਾਬ ਦਾ ਵਿਕਾਸ ਕਿੱਥੇ ਹੈ? ਬਿਨਾਂ ਸ਼ੱਕ ਕੁਝ ਰਾਜ ਮਾਰਗ, ਯਾਦਗਾਰਾਂ ਬਣੀਆਂ ਹਨ, ਕੁਝ ਪਿੰਡਾਂ 'ਚ ਬੇਲੋੜੀਆਂ ਗ੍ਰਾਂਟਾਂ ਦੇ ਗੱਫ਼ੇ ਦਿੱਤੇ ਗਏ ਹਨ, ਪਰ ਪਿੰਡਾਂ ਤੇ ਸ਼ਹਿਰਾਂ 'ਚ ਲੋੜੀਂਦੀਆਂ ਬੁਨਿਆਦੀ ਸੁਵਿਧਾਵਾਂ ਦੀ ਘਾਟ ਰੜਕਦੀ ਹੈ। ਅਮਨ-ਕਨੂੰਨ ਦੀ ਹਾਲਤ ਡਾਵਾਂਡੋਲ ਹੈ। ਪੁਲਸ ਪ੍ਰਸ਼ਾਸਨ ਦੇ ਆਪ-ਹੁਦਰੇਪਣ ਨੇ ਆਮ ਲੋਕਾਂ ਤੇ ਮੌਜੂਦਾ ਹਾਕਮਾਂ 'ਚ ਪਾੜਾ ਵਧਾਇਆ ਹੋਇਆ ਹੈ। ਕੁਝ ਕਾਂਗਰਸੀ ਆਗੂ ਆਪੋ-ਆਪਣੀ ਡਫ਼ਲੀ ਵਜਾ ਰਹੇ ਹਨ। ਉੱਪਰੋਂ ਆਏ ਹਰੇਕ ਪ੍ਰੋਗਰਾਮ ਨੂੰ ਟਿਕਟਾਂ ਦੇ ਚਾਹਵਾਨ ਲੋਕ ਆਪੋ-ਆਪਣੇ ਧੜੇ ਦੇ ਵਰਕਰਾਂ ਨੂੰ ਨਾਲ ਲੈ ਕੇ ਪ੍ਰਚਾਰਨ ਤੁਰੇ ਹੋਏ ਹਨ। ਕੀ ਉਹ ਉਦੋਂ ਚੁੱਪ ਕਰ ਕੇ ਬੈਠ ਜਾਣਗੇ, ਜਦੋਂ ਉਨ੍ਹਾਂ ਨੂੰ ਪਾਰਟੀ ਟਿਕਟ ਨਹੀਂ ਮਿਲੇਗੀ? ਤੇ ਇਸ ਦਾ ਫਾਇਦਾ ਕਿਸ ਨੂੰ ਹੋਵੇਗਾ?
ਪੰਜਾਬ 'ਚ ਚੌਥਾ ਫ਼ਰੰਟ ਬਣਾਉਣ ਦੇ ਦਾਅਵੇ ਵੀ ਹਾਲੇ ਤੱਕ ਫ਼ੇਲ੍ਹ ਹੋਏ ਜਾਪਦੇ ਹਨ। ਆਪੋ-ਆਪਣੀਆਂ ਪਾਰਟੀਆਂ ਤੋਂ ਕਿਸੇ ਵੀ ਕਾਰਨ ਨਾਰਾਜ਼- ਨਿਰਾਸ਼ ਵਰਕਰ ਇਕੱਠੇ ਹੋ ਕੇ 'ਪੰਜਾਬ ਹਿਤੈਸ਼ੀ' ਹੋਣ ਦਾ ਹੋਕਾ ਦੇ ਕੇ ਆਪਣੀ ਰਾਜਨੀਤਕ ਲਾਲਸਾ ਪੂਰੀ ਕਰਨਾ ਲੋਚ ਰਹੇ ਹਨ। ਇਹ ਲਾਲਸਾ ਉਹ ਪੂਰੀ ਨਹੀਂ ਕਰ ਸਕਣਗੇ, ਕਿਉਂਕਿ ਵਣ-ਵਣ ਦੀ ਲੱਕੜੀ ਇਕੱਠਿਆਂ ਹੋ ਕੇ ਲੋਕਾਂ ਦੇ ਕਿਹੜੇ ਹਿੱਤਾਂ ਦੀ ਪੂਰਤੀ ਕਰ ਸਕੇਗੀ?
ਪੰਜਾਬ ਦੇ ਆਮ ਲੋਕਾਂ ਦੀਆਂ ਸਮੱਸਿਆਵਾਂ ਅਤੇ ਪੀੜਾ ਨਾ ਸਮਝ ਕੇ ਰਾਜਨੀਤਕ ਪਾਰਟੀਆਂ ਲੋਕਾਂ ਨੂੰ ਲਾਰੇ-ਲੱਪੇ ਲਾਉਣ ਤੇ ਵਾਅਦੇ ਕਰਨ ਦੇ ਰਾਹ ਪਈਆਂ ਹੋਈਆਂ ਹਨ ਅਤੇ ਆਪਣੀ ਸਵਾਰਥ-ਸਿੱਧੀ ਲਈ ਆਪੋ-ਆਪਣੀ ਡਫ਼ਲੀ ਵਜਾ ਰਹੀਆਂ ਹਨ। ਪੰਜਾਬ ਦਾ ਗੰਧਲਾ ਹੋਇਆ ਮਾਹੌਲ ਨਿੱਤ ਪ੍ਰਤੀ ਹੋਰ ਵੀ ਤਨਾਅ ਪੂਰਨ ਹੁੰਦਾ ਦਿੱਸਦਾ ਹੈ। ਇਹੋ ਜਿਹੀ ਸਥਿਤੀ 'ਚ ਪੰਜਾਬ ਦੇ ਲੋਕਾਂ ਨੂੰ ਸਾਫ਼-ਸੁਥਰੀ, ਲੋਕ-ਹਿੱਤੂ ਸਰਕਾਰ ਮਿਲਣ ਪ੍ਰਤੀ ਸ਼ੰਕੇ ਖੜੇ ਹੋ ਰਹੇ ਹਨ।
ਲੋੜ ਇਸ ਗੱਲ ਦੀ ਹੈ ਕਿ ਲੋਕ ਦ੍ਰਿੜ੍ਹ ਇਰਾਦੇ ਨਾਲ, ਜਾਗਰੂਕ ਸੋਚ ਨਾਲ ਉਸ ਧਿਰ ਨੂੰ ਪੰਜਾਬ ਦੀ ਵਾਗਡੋਰ ਸੌਂਪਣ, ਜੋ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਕਰ ਸਕੇ ਅਤੇ ਅਰਾਜਕਤਾ ਵੱਲ ਵਧ ਰਹੇ ਪੰਜਾਬ ਨੂੰ ਸਹੀ ਦਿਸ਼ਾ ਵਿੱਚ ਲਿਜਾ ਕੇ ਚੰਗਾ ਪ੍ਰਸ਼ਾਸਨ ਅਤੇ ਲੋਕਾਂ ਨੂੰ ਸੁੱਖ-ਸਹੂਲਤਾਂ ਮੁਹੱਈਆ ਕਰਵਾ ਸਕੇ।

24 Oct. 2016