14 ਜਨਵਰੀ  ਦੇ ਅੰਕ ਲਈ : ਸਥਾਪਨਾ ਪੁਰਬ 'ਤੇ ਵਿਸ਼ੇਸ਼ : ਸਿੱਖ ਧਰਮ ਦਾ ਕੇਂਦਰ ਸ੍ਰੀ ਹਰਿਮੰਦਰ ਸਾਹਿਬ - ਡਾ. ਚਰਨਜੀਤ ਸਿੰਘ ਗੁਮਟਾਲਾ

ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਿੱਖ ਕੌਮ ਦਾ ਸ਼੍ਰੋਮਣੀ ਕੇਂਦਰੀ ਧਾਰਮਿਕ ਅਸਥਾਨ ਹੈ। ਇਸ ਦੇ ਚਾਰ ਚੁਫੇਰੇ ਅੰਮ੍ਰਿਤ ਜਲ ਦੀਆਂ ਪਵਿੱਤਰ ਲਹਿਰਾਂ ਨਾਲ ਲਹਿਰਾਉਂਦਾ ਅੰਮ੍ਰਿਤਸਰ-ਸਰੋਵਰ ਇਸ ਦੀ ਸ਼ਾਨ ਅਤੇ ਮਹਾਨਤਾ ਨੂੰ ਚਾਰ-ਚੰਨ ਲਾਉਂਦਾ ਪ੍ਰਤੀਤ ਹੁੰਦਾ ਹੈ। ਇਹ ਪੰਜਾਬ ਦੀ ਧਰਤੀ 'ਤੇ ਲੱਗੀ ਹੋਈ ਰੱਬੀ ਮੋਹਰ ਛਾਪ ਹੈ। ਇਹ ਜਗਤ ਦਾ ਅਜੂਬਾ ਹੈ। ਇਹ ਸੰਸਾਰ ਨੂੰ ਸਤਿਗੁਰੂ ਦੀ ਮਹਾਨ ਅਦੁੱਤੀ ਤੇ ਅਮੋਲਕ ਦੇਣ ਹੈ।
ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਨੇ ਆਪਣੀ ਪੁਸਤਕ 'ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ' ਵਿੱਚ ਹਰਿਮੰਦਰ ਸਾਹਿਬ ਬਾਰੇ ਬੜੇ ਹੀ ਵਿਸਥਾਰ ਵਿਚ ਲਿਖਿਆ ਹੈ। ਉਹ ਲਿਖਦੇ ਹਨ ਕਿ ਇਮਾਰਤਸਾਜ਼ੀ ਦੀ ਦਿਲਕਸ਼ ਤੇ ਅਨੂਪਮ ਘਾੜਤ ਕਲਾ ਦਾ ਸੁੰਦਰ ਨਮੂਨਾ ਹੈ, ਜਿੱਥੇ ਕੀਰਤਨ 'ਤੇ ਪਾਠ ਦੇ ਅਖੰਡ ਪ੍ਰਵਾਹ ਦੀ ਵਗਦੀ ਨਿਰਮਲ ਧਾਰਾ, ਸੇਵਾ ਤੇ ਸਿਮਰਨ ਦਾ ਸੰਗਮ ਅਤੇ ਸਿੱਖੀ ਦਾ ਰੌਸ਼ਨ ਮੀਨਾਰ ਹੈ। ਇਹ ਸਚਮੁੱਚ ਮਾਤ ਲੋਕ ਦਾ ਸੱਚ-ਖੰਡ ਹੈ। ਇੱਥੇ ਅੱਠੇ ਪਹਿਰ ਗੁਰਬਾਣੀ ਅਤੇ ਪਾਠ ਤੇ ਕੀਰਤਨ ਦੀਆਂ ਧੁਨਾਂ ਇਸ ਦੇ ਚੌਗਿਰਦੇ ਦੇ ਵਾਤਾਵਰਣ ਨੂੰ ਅਧਿਆਤਮਿਕ ਸੁਗੰਧੀ ਨਾਲ ਸੁਗੰਧਤ ਕਰ ਰਹੀਆਂ ਹਨ। ਇਹੋ ਕਾਰਨ ਹੈ ਕਿ ਹਰੇਕ ਯਾਤਰੂ ਭਾਵੇਂ ਕਿ ਉਹ ਕਿਸੇ ਵੀ ਦੇਸ਼, ਨਸਲ ਤੇ ਧਰਮ ਦਾ ਹੈ, ਉਹ ਅਗੰਮੀ ਰਸ ਵਿੱਚ ਮਗਨ ਹੋਇਆ ਮਹਿਸੂਸ ਕਰਦਾ ਹੈ। ਅਰਦਾਸ ਸਮੇਂ ਹਰੇਕ ਸਿੱਖ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਦੀ ਮੰਗ ਰੋਜ਼ ਦੁਹਰਾਉਂਦਾ ਹੈ।  
ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਬਾ ਬੁੱਢਾ ਜੀ ਆਦਿ ਮੁੱਖੀ ਸਿੱਖਾਂ ਨਾਲ ਸਲਾਹ-ਮਸ਼ਵਰੇ ਕਰਨ  ਉਪਰੰਤ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਲਈ ਦਿਨ ਮੁਕੱਰਰ ਕਰਕੇ ਦੂਰ ਦੁਰਾਡੇ ਦੀਆਂ ਸਿੱਖ ਸੰਗਤਾਂ ਨੂੰ ਇਤਲਾਹਾਂ ਭੇਜ ਦਿੱਤੀਆਂ।1 ਮਾਘ 1685 ਬਿਕਰਮੀ ਵਾਲੇ ਦਿਨ ਸੰਗਤਾਂ ਦਾ ਭਾਰੀ ਧਾਰਮਿਕ ਇਕੱਠ ਹੋਇਆ। ਨੀਂਹ ਰੱਖਣ ਦੇ ਖਿਆਲ ਨਾਲ ਸਰੋਵਰ ਨੂੰ ਪਹਿਲਾਂ ਹੀ ਖੁਸ਼ਕ ਕਰ ਲਿਆ ਗਿਆ ਸੀ। ਸਰੋਵਰ ਦੇ ਅੰਦਰ ਸਜੇ ਦੀਵਾਨ ਵਿੱਚ ਸਤਿਗੁਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਰੱਚਣ ਦੇ ਮਨੋਰਥ ਦੀ ਵਿਆਖਿਆ ਕੀਤੀ ਅਤੇ ਫੁਰਮਾਇਆ, ਕਿ ਪਿਤਾ ਗੁਰੂ ਜੀ ਦੀ ਹਦਾਇਤ ਅਤੇ ਅਕਾਲ ਪੁਰਖ ਜੀ ਦੇ ਹੁਕਮ ਅਨੁਸਾਰ ਅੱਜ ਇਸ ਅਦੁੱਤੀ ਸ੍ਰੀ ਹਰਿਮੰਦਰ ਦੀ ਨੀਂਹ ਰੱਖੀ ਜਾ ਰਹੀ ਹੈ। ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਆ ਗਈ।  ਬਾਬਾ ਬੁੱਢਾ ਜੀ  ਚਹੁੰ ਸਤਿਗੁਰਾਂ ਦੇ ਨਾਮ ਲੈ ਕੇ ਅਰਦਾਸ ਕੀਤੀ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਦੀ ਆਗਿਆ ਮੰਗੀ।
ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ 40 ਫੁੱਟ ਮੁਰੱਬਾ ਹੈ। ਚੁਗਿਰਦੇ 13-13 ਫੁੱਟ ਚੌੜੀ ਪ੍ਰਕਰਮਾ ਹੈ। ਸਣੇ ਪ੍ਰਕਰਮਾ 66 ਫੁੱਟ ਮੁਰੱਬਾ ਠੋਸ ਥੜ੍ਹਾ ਹੈ ਜਿਸ ਦੀ ਨੀਂਹ 20 ਫੁੱਟ ਡੂੰਘੀ ਹੈ। ਤਿੰਨ-ਤਿੰਨ ਫੁੱਟ ਹੇਠ ਰੋੜੀ ਮਸਾਲੇ ਸਮੇਤ ਪਾਈ ਹੋਈ ਹੈ।ਸ੍ਰੀ ਹਰਿਮੰਦਰ ਸਾਹਿਬ ਤੇ ਪ੍ਰਕਰਮਾ ਸਮੇਤ 66 ਫੁੱਟ ਮੁਰੱਬਾ ਠੋਸ ਥੜ੍ਹਾ ਉਸਾਰਿਆ ਗਿਆ। ਪ੍ਰਕਰਮਾ ਦੀ ਸਤਹ ਤੋਂ ਕਾਫੀ ਉੱਚਾ ਚੁੱਕਿਆ ਗਿਆ। ਉਸ ਥੜ੍ਹੇ ਦੇ ਵਿਚਕਾਰ 40 ਫੁੱਟ ਮੁਰੱਬਾ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਦੀ ਉਸਾਰੀ ਸ਼ੁਰੂ ਕੀਤੀ ਗਈ। ਢਾਈ ਫੁੱਟ ਕੰਧਾਂ ਦਾ ਉਸਾਰ ਅਰੰਭਿਆ ਗਿਆ। ਚਹੁੰ ਪਾਸੀਂ ਕੰਧਾਂ ਦੇ ਦਰਮਿਆਨ ਵਿੱਚ ਛੇ-ਛੇ ਫੁੱਟ ਉੱਚੇ ਅਤੇ ਚਾਰ-ਚਾਰ ਫੁੱਟ ਚੌੜੇ ਚਾਰ ਦਰਵਾਜ਼ੇ ਰੱਖੇ ਗਏ। ਹੇਠ ਕਲਬੂਤ ਦੇ ਕੇ ਚਹੁੰਆਂ ਦਰਵਾਜ਼ਿਆਂ ਦੀਆਂ ਡਾਟਾਂ ਮੇਲ ਦਿੱਤੀਆਂ ਗਈਆਂ। ਉੱਪਰ ਕੰਧਾਂ ਉੱਚੀਆਂ ਕਰਕੇ ਵਿਚਕਾਰ 17 ਫੁੱਟ ਮੁਰੱਬਾ ਚੌਂਕ ਛੱਡ ਕੇ ਚਾਰ ਥੰਮ ਉਸਾਰ ਕੇ ਚਹੁੰ ਖੂੰਜਿਆਂ 'ਚ ਚਾਰ ਕੋਠੜੀਆਂ 8 X 8 ਫੁੱਟ ਬਣਾਉਣ ਹਿੱਤ ਡਾਟਾਂ ਮੇਲ ਦਿੱਤੀਆਂ। ਦੂਜੇ ਪਾਸੇ ਚਾਰ ਦਾਲਾਨਾਂ ਦੀਆਂ ਡਾਟਾਂ ਮੇਲੀਆਂ ਗਈਆਂ। ਚੌਂਕ ਛੱਡ ਕੇ ਚਹੁੰ 17 X 8 ਫੁੱਟ ਦਾਲਾਨਾਂ ਤੇ ਚੌਹਾਂ ਕੋਠੜੀਆਂ ਦੀ ਇੱਕੋ ਛੱਤ ਪਾ ਦਿੱਤੀ। ਉੱਤਰ ਪੱਛਮੀ ਕੋਨੇ ਵਾਲੀ ਕੋਠੜੀ ਵਿੱਚ ਦੀ ਪੱਕੀ ਪੌੜੀ ਚੜ੍ਹਾਈ ਗਈ ਜੋ ਦੂਜੀ ਮੰਜ਼ਲ ਦੇ ਉੱਪਰ ਤੱਕ ਜਾਂਦੀ ਹੈ।  ਪਹਿਲੀ ਮੰਜ਼ਲ ਦੇ 14 ਤੇ ਦੂਜੀ ਮੰਜ਼ਲ ਦੇ 13 ਪੌੜ ਹਨ। ਹਰਿ ਕੀ ਪਉੜੀ ਅਤੇ ਉਸ ਨਾਲ ਲੱਗਦੀ ਪੂਰਬ ਵੱਲ ਦੀ ਪ੍ਰਕਰਮਾ ਦੀ ਛੱਤ ਦੀ ਪਹਿਲੀ ਛੱਤ ਦੇ ਬਰਾਬਰ ਹੀ ਪਾ ਦਿੱਤੀ। ਦੂਜੀ ਮੰਜ਼ਲ ਦੀ ਉਸਾਰੀ ਕਰਦੇ ਸਮੇਂ ਰੌਸ਼ਨੀ ਹਿਤ ਬਾਰੀਆਂ ਰੱਖੀਆਂ ਗਈਆਂ। ਪੱਛਮ ਤੇ ਦੱਖਣ ਵੱਲ ਪੰਜ-ਪੰਜ ਬਾਰੀਆਂ ਜਦ ਕਿ ਉੱਤਰ ਵੱਲ ਚਾਰ ਬਾਰੀਆਂ ਹਨ, ਕਿਉਂਕਿ ਇੱਕ ਬਾਰੀ ਦੀ ਥਾਂ ਪਉੜੀ ਵਿੱਚ ਆ ਗਈ ਹੈ। ਹਰਿ ਕੀ ਪਉੜੀ ਵੱਲ ਦੀ ਪ੍ਰਕਰਮਾ ਦੀ ਛੱਤ ਦੇ ਦੋਹੀਂ ਪਾਸੀਂ ਉੱਤਰ ਤੇ ਦੱਖਣ ਵੱਲ ਤਿੰਨ-ਤਿੰਨ ਬਾਰੀਆਂ ਰੱਖੀਆਂ ਗਈਆਂ ਹਨ। ਹਰਿ ਕੀ ਪਉੜੀ ਦੀ ਛੱਤ ਉੱਪਰ ਇੱਕ ਦਾਲਾਨ ਹੈ ਜਿਸ ਦੀ ਪੂਰਬ ਦਿਸ਼ਾ ਬਣੇ ਬੁਖਾਰਚੇ ਵਿੱਚ ਤਿੰਨ ਬਾਰੀਆਂ ਹਨ। ਇਸ ਦਾਲਾਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਅਖੰਡ ਪਾਠ ਕੀਤੇ ਜਾਂਦੇ ਹਨ। ਹਰਿ ਕੀ ਪਉੜੀ ਦੀਆਂ ਉੱਤਰੀ ਤੇ ਦੱਖਣੀ ਬਾਹੀਆਂ ਦੇ ਨਾਲ ਹੇਠ ਤੋਂ ਦੋਹੀਂ ਪਾਸੀਂ ਦੋ ਪੱਕੀਆਂ ਪਉੜੀਆਂ ਚੜਾਈਆਂ ਗਈਆਂ ਹਨ ਜੋ ਦੂਜੀ ਮੰਜ਼ਲ ਦੇ ਉੱਪਰ ਤੱਕ ਜਾਂਦੀਆਂ ਹਨ, ਇਨ੍ਹਾਂ ਦੋਹਾਂ ਪਉੜੀਆਂ 'ਚ ਹਰ ਇੱਕ ਪੌੜੀ ਦੇ 37 ਪੌੜ ਹਨ। ਪਹਿਲੀ ਮੰਜ਼ਲ ਦੇ 18 ਤੇ ਦੂਜੀ ਮੰਜ਼ਲ ਦੇ 19 ਪੌੜ ਹਨ। ਜਿਨ੍ਹਾਂ ਵਿੱਚ ਦੋਹੀਂ ਪਾਸੀਂ ਚਾਨਣ ਹਿਤ ਇੱਕ-ਇੱਕ ਬਾਰੀ ਰੱਖੀ ਗਈ ਹੈ।
ਸ੍ਰੀ ਹਰਿਮੰਦਰ ਸਾਹਿਬ ਦੀ ਦੂਜੀ ਛੱਤ ਵਿੱਚ ਪੂਰਬ ਵੱਲ ਇੱਕ ਵੱਡਾ ਖੁੱਲਾ ਬੂਹਾ ਰੱਖਿਆ ਹੋਇਆ ਹੈ। ਦੂਜੀ ਛੱਤ ਦੇ ਅੰਦਰਵਾਰ ਚੌਂਕ ਵੱਲ ਚੌਹੀਂ ਪਾਸੀਂ ਤਿੰਨ-ਤਿੰਨ ਖੁੱਲ੍ਹੀਆਂ ਬਾਰੀਆਂ ਰੱਖੀਆਂ ਹੋਈਆਂ ਹਨ, ਜਿਨ੍ਹਾਂ ਵਿੱਚ ਦੀ ਦੂਜੀ ਮੰਜ਼ਲ ਵਿੱਚ ਸੰਗਤਾਂ ਬੈਠ ਕੇ ਹੇਠ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦੀਆਂ ਹਨ ਤੇ ਕੀਰਤਨ ਸੁਣਦੀਆਂ ਹਨ। ਪੂਰਬ ਵੱਲ ਦੀ ਵਿਚਕਾਰਲੀ ਬਾਰੀ ਬੰਦ ਹੈ ਕਿਉਂਕਿ ਉਸ ਦੇ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਜਦ ਹਰਿ ਕੀ ਪੌੜੀ ਨਾਲ ਲੱਗਦੀ ਪ੍ਰਕਰਮਾ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਚਹੁੰਆਂ ਦਾਲਾਨਾਂ ਤੇ ਚੌਹਾਂ ਕੋਠੜੀਆਂ ਦੀਆਂ ਕੰਧਾਂ ਦੀ ਉਸਾਰੀ ਛੱਤ ਤੱਕ ਪਹੁੰਚ ਗਈ ਤਾਂ ਚੁਗਿਰਦੇ ਦੀ ਦੂਜੀ ਛੱਤ 'ਤੇ ਸ੍ਰੀ ਹਰਿਮੰਦਰ ਸਾਹਿਬ ਦੇ ਚੌਂਕ ਦੀ ਪਹਿਲੀ ਛੱਤ ਉਪਰੋਂ ਬਰਾਬਰ ਕਰਕੇ ਇੱਕੋ ਛੱਤ ਪਾ ਦਿੱਤੀ ਗਈ। ਜਿਸ ਦੀ ਉਚਾਈ 27 ਫੁੱਟ ਹੈ। ਉੱਪਰੋਂ ਥਾਂ ਪੱਧਰਾ ਕਰਕੇ ਪੱਕੀਆਂ ਇੱਟਾਂ ਦਾ ਸੁੰਦਰ ਫਰਸ਼ ਲਾ ਦਿੱਤਾ ਗਿਆ।
ਚੌਂਕ ਦੀ ਪਹਿਲੀ ਛੱਤ ਦੇ ਉੱਪਰ ਚੌਹਾਂ ਕੌਣਾਂ 'ਤੇ ਚਾਰ ਥੰਮ ਉਸਾਰੇ ਗਏ। ਚੌਹੀਂ ਪਾਸੀਂ ਚਾਰ ਬੂਹੇ ਰੱਖ ਕੇ ਬੂਹਿਆਂ ਨੂੰ ਡਾਟਾਂ ਨਾਲ ਉੱਪਰੋਂ ਜੋੜ ਦਿੱਤਾ ਗਿਆ। ਚੌਹਾਂ ਕੌਣਾਂ ਉੱਪਰ ਚਾਰੇ ਮਹਤਾਬੀਆਂ (ਛੋਟੇ ਗੁੰਬਦ) ਬਣਾਏ ਗਏ। ਛੋਟੇ ਗੁੰਬਦਾਂ ਦੇ ਵਿਚਕਾਰ ਚੌਹੀਂ ਪਾਸੀਂ 9-9 ਛੋਟੇ ਕੋਲ (ਕਲਸ) ਬਣਾਏ ਗਏ ਜੋ ਗਿਣਤੀ ਵਿੱਚ 36 ਹਨ। ਉਸ ਤੋਂ ਉੱਪਰ ਵੱਡਾ ਗੁੰਬਦ ਉਸਾਰ ਕੇ ਉੱਪਰੋਂ ਮੇਲ ਦਿੱਤਾ ਗਿਆ। ਹਰਿ ਕੀ ਪਉੜੀ, ਪੂਰਬ ਦੀ ਪ੍ਰਕਰਮਾ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਸਾਰੀ ਇਮਾਰਤ ਦੀਆਂ ਬਾਹਰਲੀਆਂ ਕੰਧਾਂ ਦੇ ਉੱਪਰ ਚਾਰ ਚੁਫੇਰੇ ਬਾਹਰ ਨੂੰ ਵਧਾਏ ਹੋਏ ਛੱਜੇ ਤੋਂ ਚਾਰ-ਚਾਰ ਫੁੱਟ ਉੱਚਾ ਪੱਕੀਆਂ ਇੱਟਾਂ ਦਾ ਠੋਸ ਜੰਗਲਾ ਹੈ। ਉਸ ਜੰਗਲੇ ਦੀਆਂ ਚੌਹਾਂ ਕੌਣਾਂ ਉਪਰ ਚਾਰ ਬੰਗਲੇ ਹਨ। ਪੱਛਮੀ ਬਾਹੀ ਦੇ ਦੋਵੇਂ ਬੰਗਲੇ ਹੇਠੋਂ ਚੌਰਸ ਤੇ ਉੱਪਰ ਗੁੰਬਦ ਹਨ। ਗੁੰਬਦਾਂ ਹੇਠ ਚਹੁੰ ਪਾਸੀਂ ਤਿੰਨ-ਤਿੰਨ ਕੁਲ ਬਾਰ੍ਹਾਂ ਡਾਟਾਂ ਹਨ। ਪਰ ਹਰਿ ਕੀ ਪਉੜੀ ਵੱਲ ਦੇ ਦੋਵੇਂ ਬੰਗਲੇ ਹੇਠੋਂ ਗੋਲ ਤੇ ਉੱਪਰ ਗੁੰਬਦ ਹਨ। ਹਰ ਬੰਗਲੇ ਦੀਆਂ ਅੱਠ ਡਾਟਾਂ ਹਨ। ਇਨ੍ਹਾਂ ਚੌਹਾਂ ਬੰਗਲਿਆਂ ਦੇ ਦਰਮਿਆਨ ਕਬਜ਼ੀਆਂ (ਛੋਟੇ-ਛੋਟੇ ਗੁੰਬਦ) ਹਨ ਉੱਤਰ ਤੇ ਦੱਖਣ ਦੀ ਤਰਫ਼ 19-19, ਪੂਰਬ ਵੱਲ 13 ਤੇ ਪੱਛਮ ਵੱਲ 7 ਗੁੰਬਦ ਹਨ। ਐਉਂ ਇਹ ਕੁੱਲ 58 ਗੁੰਬਦ ਹਨ।
ਸ੍ਰੀ ਹਰਿਮੰਦਰ ਸਾਹਿਬ ਜੀ ਦੀ ਇਮਾਰਤ ਦੇ ਮੁਕੰਮਲ ਹੋਣ ਦੀ ਮਿਤੀ ਤੇ ਸੰਮਤ ਕਿਸੇ ਵੀ ਪੁਰਾਤਨ ਜਾਂ ਨਵੀਨ ਪੁਸਤਕ ਵਿੱਚੋਂ ਹੁਣ ਤੱਕ ਕੋਈ ਜਾਣਕਾਰੀ ਨਹੀਂ ਮਿਲਦੀ । 1661 ਬਿਕਰਮੀ ਭਾਦਰੋ ਸੁਦੀ ਏਕਮ ਵਾਲੇ ਦਿਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲਾਂ ਵਾਲੇ ਹਾਲਾਤ ਬਾਰੇ ਵੀ ਕੋਈ ਜਾਣਕਾਰੀ ਨਹੀਂ ਮਿਲਦੀ ।
ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਮੁਕੰਮਲ ਹੋਣ ਤੋਂ ਲੈ ਕੇ ਅਪ੍ਰੈਲ 1762 ਈ. ਤੱਕ ਸਤਿਗੁਰਾਂ ਵੱਲੋਂ ਬਣਾਈ ਇਮਾਰਤ ਆਪਣੇ ਅਸਲੀ ਰੂਪ ਵਿੱਚ ਸਥਿਤ ਰਹੀ ਪਰ 5 ਫਰਵਰੀ ਸੰਨ 1762 ਈ. ਨੂੰ ਕੁੱਪ ਰਹੀੜੇ ਦੇ ਅਸਥਾਨ 'ਤੇ ਹੋਏ ਵੱਡੇ ਘਲੂਘਾਰੇ ਤੋਂ ਬਾਅਦ ਅਹਿਮਦ ਸ਼ਾਹ ਦੁਰਾਨੀ ਜਦ ਮੁੜਦਿਆਂ ਵਾਪਸ ਲਾਹੌਰ ਵੱਲ ਆਇਆ ਤਾਂ ਰਸਤੇ ਵਿੱਚ ਸਿੰਘਾਂ ਉੱਪਰ ਖਿਝੇ ਹੋਏ ਨੇ ਸਿੰਘਾਂ ਦਾ ਬੀਜ ਨਾਸ ਕਰਨ ਲਈ ਸ੍ਰੀ ਅੰਮ੍ਰਿਤਸਰ ਦਾ ਤਾਲ ਮਿੱਟੀ ਨਾਲ ਭਰਵਾ ਦਿੱਤਾ ਤੇ 10 ਅਪ੍ਰੈਲ ਸੰਨ 1762 ਈ. ਮੁ. 1819 ਬਿਕਰਮੀ ਨੂੰ ਨੀਹਾਂ ਹੇਠ ਬਾਰੂਦ ਦੇ ਕੁੱਪੇ ਰੱਖਵਾ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਉਡਾ ਦਿੱਤਾ।  ਪਰ ਥੋੜੇ ਹੀ ਸਮੇਂ ਬਾਅਦ ਸਿੰਘਾਂ ਨੇ ਮੁੜ ਅੰਮ੍ਰਿਤਸਰ ਉੱਪਰ ਕਬਜ਼ਾ ਕਰ ਲਿਆ ਅਤੇ ਪੰਥ ਨੇ ਇਕੱਠੇ ਹੋ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਉਸੇ ਰੂਪ ਵਿੱਚ ਦੋਬਾਰਾ ਉਸਾਰਨ ਦਾ ਗੁਰਮਤਾ ਕੀਤਾ।
ਅਕਤੂਬਰ 1764 ਮੁ: 1821 ਬਿਕਰਮੀ ਵਿੱਚ ਖ਼ਾਲਸਾ ਪੰਥ ਦੇ ਜਥੇਦਾਰ ਸ. ਜੱਸਾ ਸਿੰਘ ਆਹਲੂਵਾਲੀਆ ਦੇ ਹੱਥੋਂ ਨਵੇਂ ਸਿਰਿਓ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰਖਾ ਕੇ ਇਮਾਰਤ ਦੀ ਉਸਾਰੀ ਆਰੰਭ ਕਰਵਾ ਦਿੱਤੀ। ਇਸੇ ਹੀ ਸਾਲ ਯੂ.ਪੀ. ਦੇ ਖੁਰਜਾ ਸ਼ਹਿਰ ਫ਼ਤਹ ਕਰਨ ਸਮੇਂ ਸਾਰੇ ਜਥਿਆਂ ਦੇ ਮੁੱਖੀ ਸਿੰਘਾਂ  ਜਿਨ੍ਹਾਂ ਵਿੱਚ ਸ. ਜੱਸਾ ਸਿੰਘ ਆਹਲੂਵਾਲੀਆ, ਸ. ਜੱਸਾ ਸਿੰਘ ਰਾਮਗੜ੍ਹੀਆ, ਜਯ ਸਿੰਘ ਘਨੱਯਾ, ਸ. ਤਾਰਾ ਸਿੰਘ ਗੈਬਾ ਤੇ ਸ. ਚੜ੍ਹਤ ਸਿੰਘ ਸ਼ੁਕਰਚੱਕੀਆ ਸ਼ਾਮਲ ਸਨ)  ਨੇ ਪ੍ਰਣ ਕੀਤਾ ਸੀ ਕਿ ਖੁਰਜਾ ਸ਼ਹਿਰ ਫ਼ਤਹ ਹੋਣ ਦੀ ਸੂਰਤ ਵਿੱਚ  ਜੋ ਕੁਝ ਉਥੋਂ ਮਿਲੇ ਉਸ ਵਿੱਚੋਂ ਅੱਧਾ ਰੁਪਇਆ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਉੱਪਰ ਲਾਇਆ ਜਾਵੇਗਾ। ਖੁਰਜਾ ਸ਼ਹਿਰ ਦੇ ਫ਼ਤਹ ਹੋ ਜਾਣ 'ਤੇ ਸਰਦਾਰਾਂ ਨੇ ਆਪਣੇ ਕੀਤੇ ਪ੍ਰਣ ਅਨੁਸਾਰ ਇੱਕ ਚਾਦਰ ਵਿਛਾ ਦਿੱਤੀ ਜਿਸ ਉੱਪਰ ਉਸ ਸਮੇਂ ਸੱਤ ਲੱਖ ਰੁਪਇਆ ਜਮ੍ਹਾਂ ਹੋ ਗਿਆ। ਇਹ ਰੁਪਇਆ ਅੰਮ੍ਰਿਤਸਰ ਦੇ ਕਰੋੜੀ ਮੱਲ ਸ਼ਾਹੂਕਾਰ ਪਾਸ ਜਮ੍ਹਾਂ ਕਰਵਾ ਦਿੱਤਾ। ਸੁਰ ਸਿੰਘ ਨਗਰ ਦੇ ਗੁਰਮੁੱਖ ਸਿੰਘ ਭਾਈ ਦੇਸ ਰਾਜ ਜੀ ਨੂੰ ਪੰਥ ਵੱਲੋਂ ਇਮਾਰਤ ਉੱਪਰ ਮਾਇਆ ਖਰਚਣ ਦੇ ਸਾਰੇ ਅਧਿਕਾਰ ਦੇ ਦਿੱਤੇ। ਆਮ ਸੰਗਤਾਂ ਪਾਸੋਂ ਮਾਇਆ ਉਗ੍ਰਾਹੁਣ ਹਿੱਤ ਪੰਥ ਵੱਲੋਂ ਭਾਈ ਦੇਸ ਰਾਜ ਜੀ ਨੂੰ ਇੱਕ ਮੋਹਰ ਬਖ਼ਸ਼ੀ ਗਈ ਜਿਸ ਰਾਹੀਂ ਉਹ ਗੁਰਸਿੱਖਾਂ ਪਾਸੋਂ ਮਾਇਆ ਵਸੂਲ ਕਰਦਾ ਸੀ। ਉਸ ਮੋਹਰ ਨੂੰ ਹਰ ਗੁਰਸਿੱਖ ਗੁਰੂ ਮਹਾਰਾਜ ਦੇ ਹੁਕਮਨਾਮੇ ਦੇ ਬਰਾਬਰ ਸਮਝਦਾ ਸੀ।
ਸ੍ਰੀ ਹਰਿਮੰਦਰ ਸਾਹਿਬ, ਸਣੇ ਹਰਿ ਕੀ ਪਉੜੀ, ਛੋਟੀ ਪਰਕਰਮਾ, ਪੁਲ, ਦਰਸ਼ਨੀ ਡਿਉਢੀ ਤੇ ਸਰੋਵਰ ਦੀ ਵੱਡੀ ਪਰਕਰਮਾ ਵਿੱਚ ਸੰਗਮਰਮਰ, ਚਾਂਦੀ, ਸੋਨੇ ਤੇ ਗੱਚ, ਮੀਨਾਕਾਰੀ ਤੇ ਜੜਤ ਦਾ ਕੰਮ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸ਼ੁਰੂ ਹੋਇਆ। ਨਾਲ ਉਸ ਸਮੇਂ ਦੇ ਮਿਸਲਦਾਰ ਸਰਦਾਰਾਂ ਨੇ ਵੀ ਆਪਣੇ ਵਿਤ ਅਨੁਸਾਰ ਪੂਰਾ ਯੋਗਦਾਨ ਪਾਇਆ।   

ਡਾ. ਚਰਨਜੀਤ ਸਿੰਘ ਗੁਮਟਾਲਾ, 919417533060