ਧਰਤੀ ਉੱਤੇ - ਮਲਕੀਅਤ 'ਸੁਹਲ'

      ਫਸਲਾਂ ਦੀ  ਥਾਂ  ਖੇਤਾਂ ਵਿਚ
      ਜ਼ਹਿਰ ਉਗਾਇਆ ਜਾਂਦਾ ਹੈ,
     'ਆਪਿ ਬੀਜਿ ਆਪੇ ਹੀ ਖਾਹੁ' *
      ਸ਼ਬਦ ਸੁਣਾਇਆ  ਜਾਂਦਾ ਹੈ।

      ਦੋਸ਼ ਕਿਸੇ ਨੂੰ ਕਿਵੇਂ ਦਿਆਂਗੇ
      ਆਪੇ  ਹੀ  ਸਭ  ਦੋਸ਼ੀ  ਹਾਂ,
      ਜੀਵਨ ਦੀ  ਪ੍ਰਵਾਹ ਨਾ ਕੋਈ
      ਘਰ  ਲੁਟਾਇਆ  ਜਾਂਦਾ ਹੈ।

      ਝਾੜ ਵਧਾਕੇ ਰੁੱਤਬਾ ਪਾਉਣਾ
      ਸੋਚ  ਕੋਈ ਤਾਂ  ਚੰਗੀ ਨਹੀਂ,
      ਵੱਧ ਸੱਪ੍ਰੇ ਤੇ ਖਾਦ ਦੀ ਵਰਤੋਂ
      ਜੋਰ  ਲਗਾਇਆ  ਜਾਂਦਾ ਹੈ।

      ਅੰਨ ਹੈ ਸਾਡੇ ਬੱਚਿਆਂ ਖਾਣਾ
      ਬੌਣੇ ਜਿਹੇ   ਰਹਿ  ਨਾ ਜਾਣ,
      ਵਾਤਾਵਰਨ  ਗਵਾ  ਕੇ  ਹੱਥੋਂ
      ਫਿਰ ਪਛਤਾਇਆ ਜਾਂਦਾ ਹੈ।

      'ਸੁਹਲ' ਪੁੱਛੋ  ਅੰਨਦਾਤੇ  ਨੂੰ
      ਖ਼ੁਦਕਸ਼ੀਆਂ ਕਿਉਂ ਕਰਦਾ ਹੈ,
      ਕਰਜੇ  ਹੇਠਾਂ  ਦੱਬੇ  ਹੋਏ  ਨੂੰ
      ਹੋਰ  ਦੱਬਾਇਆ  ਜਾਂਦਾ ਹੈ।
                          * ਜਪੁਜੀ ਸਾਹਿਬ ਵਿਚੋਂ

    ਮਲਕੀਅਤ 'ਸੁਹਲ'  ਮੋ-9872848610
     ਨੋਸ਼ਹਿਰਾ ਬਹਾਦਰ (ਤਿੱਬੜੀ)ਗੁਰਦਾਸਪੁਰ