ਗੁਰੂ ਸਾਹਿਬਾਂ ਵਲੋਂ ਖੂਨ ਨਾਲ ਸਿੰਜਿਆ ਬੂਟਾ ਸੁਕ ਕਿਉਂ ਰਿਹੈ?  - ਜਸਵੰਤ ਸਿੰਘ 'ਅਜੀਤ'

ਜੇ ਸੱਚ ਨੂੰ ਸਵੀਕਾਰ ਕੀਤਾ ਜਾਏ ਤਾਂ ਸੱਚਾਈ ਇਹ ਹੀ ਹੈ ਕਿ ਗੁਰੂ ਸਾਹਿਬਾਨ ਦੀ ਵਰੋਸਾਈ ਧਰਤੀ, ਪੰਜਾਬ, ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਸ ਜਾਮਿਆਂ ਵਿਚ ਵਿਚਰ, ਸਿੱਖੀ ਦਾ ਬੂਟਾ ਲਾਇਆ ਅਤੇ ਆਪਣੇ ਤੇ ਆਪਣੇ ਪਰਿਵਾਰ ਦੇ ਖੂਨ ਨਾਲ ਸਿੰਜ ਕੇ ਪਰਵਾਨ ਚੜ੍ਹਾਇਆ, ਵਿਚ ਵਸਦੇ ਸਿੱਖ ਨੌਜਵਾਨ ਅੱਜ ਆਪਣੇ ਵਿਰਸੇ ਨਾਲੋਂ ਟੁਟ, ਸਿੱਖੀ-ਸਰੂਪ ਨੂੰ ਤਿਲਾਂਜਲੀ ਦਿੰਦੇ ਜਾ ਰਹੇ ਹਨ। ਸੱਚਾਈ ਇਹ ਵੀ ਹੈ ਕਿ ਅਜਿਹਾ ਕੇਵਲ ਪੰਜਾਬ ਵਿਚ ਹੀ ਨਹੀਂ ਹੋ ਰਿਹਾ, ਸਗੋਂ ਸਮਾਂ ਬੀਤਣ ਦੇ ਨਾਲ ਹੀ ਇਹ ਵਬਾ, ਪੰਜਾਬ ਤੋਂ ਉਸਦੇ ਨਾਲ ਲਗਦੇ ਰਾਜਾਂ ਵਿਚੋਂ ਦੀ ਹੁੰਦੀ ਹੋਈ, ਦਿੱਲੀ ਤੇ ਉਸਤੋਂ ਅਗੇ ਵੀ ਫੈਲਦੀ ਚਲੀ ਜਾ ਰਹੀ ਹੈ। ਜੇ ਕੁਝ ਪਿਛੇ ਵਲ ਨੂੰ ਝਾਤ ਮਾਰੀ ਜਾਏ ਤਾਂ ਪਤਾ ਲਗਦਾ ਹੈ ਕਿ ਨਵੰਬਰ-84 ਦੇ ਦੁਖਦਾਈ ਕਾਂਡ ਦੌਰਾਨ ਕਈ ਸਿੱਖ-ਪਰਿਵਾਰਾਂ ਨੇ ਆਪਣੇ ਬਚਿਆਂ ਦੀਆਂ ਜਾਨਾਂ ਬਚਾਣ ਲਈ, ਆਪ ਹੀ ਉਨ੍ਹਾਂ ਦੇ ਕੇਸ ਕਤਲ ਕਰ ਜਾਂ ਕਰਵਾ ਦਿਤੇ ਸਨ। ਇਸਦੇ ਨਾਲ ਹੀ ਕੁਝ ਸਿੱਖ ਨੌਜਵਾਨਾਂ ਨੇ, ਇਸ ਮੌਕੇ ਨੂੰ 'ਗ਼ਨੀਮਤ' ਸਮਝ, ਆਪ ਹੀ, ਆਪਣੀਆਂ 'ਜਾਨਾਂ ਬਚਾਣ' ਦੇ ਨਾਂ ਤੇ ਕੇਸ ਕਤਲ ਕਰਵਾ ਲਏ। ਇਨ੍ਹਾਂ ਵਿਚੋਂ ਸ਼ਾਇਦ ਹੀ ਕੋਈ ਅਜਿਹਾ ਨਿਤਰਿਆ ਹੋਵੇ, ਜਿਸਨੇ ਬੀਤੇ 35-36 ਵਰ੍ਹਿਆਂ ਵਿਚ ਕੇਸ ਕਤਲ ਕਰਵਾਉਣ ਦੇ ਕੀਤੇ ਗਏ ਗੁਨਾਹ ਲਈ, ਪਸ਼ਚਾਤਾਪ ਕਰ ਮੁੜ ਸਿੱਖੀ-ਸਰੂਪ ਧਾਰਣ ਕਰ, ਵਿਰਸੇ ਨਾਲ ਜੁੜਨ ਵਲ ਕਦਮ ਵਧਾਇਆ ਹੋਵੇ।
ਗਲ ਸਿੱਖੀ ਸਰੂਪ ਨੂੰ ਤਿਲਾਂਜਲੀ ਦਿਤੇ ਜਾਣ ਦੀ ਹੋ ਰਹੀ ਹੈ। ਗੱਡੀਆਂ ਅਤੇ ਬਸਾਂ ਵਿਚ ਸਫਰ ਕਰਦਿਆਂ ਕਈ ਅਜਿਹੇ ਬੱਚੇ, ਨੌਜਵਾਨ ਤੇ ਅਧਖੜ 'ਸਿੱਖਾਂ' ਦੇ 'ਦਰਸ਼ਨ' ਹੁੰਦੇ ਰਹਿੰਦੇ ਹਨ, ਜਿਨ੍ਹਾਂ ਨੇ ਹਥਾਂ ਵਿਚ ਲੋਹੇ ਜਾਂ ਸਟੀਲ ਦੇ ਮੋਟੇ-ਮੋਟੇ ਕੜੇ ਪਾਏ ਹੁੰਦੇ ਹਨ, ਪਰ ਉਨ੍ਹਾਂ ਦਾ ਸਿੱਖੀ-ਸਰੂਪ ਨਦਾਰਦ ਹੁੰਦਾ ਹੈ। ਗਲਾਂ-ਗਲਾਂ ਵਿਚ ਉਹ ਬੜੇ ਹੀ ਮਾਣ ਨਾਲ ਦਸਦੇ ਹਨ, ਕਿ ਉਨ੍ਹਾਂ ਦੇ ਬਜ਼ੁਰਗ ਸਿੱਖ ਸਨ, ਕਾਫੀ ਸਮਾਂ ਉਹ ਆਪ ਵੀ ਸਿੱਖੀ-ਸਰੂਪ ਵਿਚ ਵਿਚਰਦੇ ਰਹੇ ਸਨ, ਪਰ ਕੋਈ 'ਅਣ-ਕਿਆਸੀ ਮੁਸੀਬਤ' ਆ ਪੈਣ ਕਾਰਣ ਉਨ੍ਹਾਂ ਨੂੰ ਸਿੱਖੀ ਸਰੂਪ ਤਿਆਗਣ ਤੇ ਮਜਬੂਰ ਹੋਣਾ ਪੈ ਗਿਆ। ਹੁਣ ਉਸ 'ਮੁਸੀਬਤ' ਨੂੰ ਟਲਿਆਂ ਤਾਂ ਕਈ ਵਰ੍ਹੇ ਬੀਤ ਗਏ ਹਨ, ਫਿਰ ਉਹ ਸਿੱਖੀ-ਸਰੂਪ ਵਿਚ ਵਾਪਸ ਕਿਉਂ ਨਹੀਂ ਆਏ? ਇਸ ਸੁਆਲ ਦਾ ਜੁਆਬ ਉਹ ਟਾਲ ਜਾਂਦੇ ਹਨ।
ਗਡੀਆਂ ਤੇ ਬਸਾਂ ਵਿਚ ਹੀ ਨਹੀਂ, ਸਗੋਂ ਇਤਿਹਾਸਕ ਅਤੇ ਗੈਰ-ਇਤਿਹਾਸਕ ਗੁਰਦੁਆਰਿਆਂ ਵਿਚ ਵੀ ਸਹਿਜਧਾਰੀਆਂ ਤੋਂ ਇਲਾਵਾ ਅਜਿਹੇ ਕਈ ਸਿੱਖ ਬੱਚੇ, ਜਵਾਨ ਅਤੇ ਅਧਖੜ ਦੇਖਣ ਨੂੰ ਮਿਲਦੇ ਹਨ, ਜੋ ਬੜੀ ਸ਼ਰਧਾ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਮੱਥਾ ਟੇਕਦੇ, ਅਰਦਾਸ-ਬੇਨਤੀ ਕਰਦੇ ਅਤੇ ਉਥੇ ਹੋ ਰਹੀ ਸੇਵਾ ਵਿਚ ਹੱਥ ਵਟਾਂਦੇ ਅਤੇ ਆਪਣਾ ਹਿੱਸਾ ਪਾਂਦੇ ਹਨ, ਪਰ ਸਿੱਖੀ-ਸਰੂਪ ਤਿਆਗ ਚੁਕੇ ਹੋਏ ਹਨ। ਜਦੋਂ ਉਨ੍ਹਾਂ ਨੂੰ ਪੁਛਿਆ ਜਾਂਦਾ ਹੈ ਤਾਂ ਉਹ ਦਸਦੇ ਹਨ ਕਿ 'ਕਦੀ ਉਹ ਸਿੱਖੀ-ਸਰੂਪ ਵਿਚ ਹੀ ਸਨ, ਪਰ...।  ਇਸ ਤੋਂ ਅਗੇ ਕੁਝ ਵੀ ਕਹਿਣ ਤੋਂ ਉਹ ਝਿਝਕ ਜਾਂਦੇ ਹਨ। ਅਜਿਹਾ ਕਿਉਂ ਹੋ ਰਿਹਾ ਹੈ? ਇਸ ਬਾਰੇ ਕਦੀ ਵੀ ਨਿਰਪਖਤਾ ਨਾਲ ਸੋਚਿਆ-ਸਮਝਿਆ ਨਹੀਂ ਗਿਆ। ਪੰਜਾਬੋਂ ਬਾਹਰ ਦੇ ਸਿੱਖ ਮੁੱਖੀਆਂ ਵਲੋਂ ਪੰਜਾਬ ਵਿਚ ਵਧ ਰਹੇ ਪਤਤ-ਪੁਣੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਤੇ ਸ਼੍ਰੋਮਣੀ ਕਮੇਟੀ ਦੇ ਮੁਖੀਆਂ ਵਲੋਂ ਦਿੱਲੀ ਅਤੇ ਹੋਰ ਰਾਜਾਂ ਵਿਚ ਫੈਲ ਰਹੇ ਪਤਤ-ਪੁਣੇ ਦੀ ਗਲ ਕਰਦਿਆਂ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜ਼ਿਮੇਂਦਾਰ ਠਹਿਰਾ ਕੇ, ਆਪਣਾ ਪੱਲਾ ਝਾੜ ਲਿਆ ਜਾਂਦਾ ਹੈ।
ਜੇ ਸਮੁਚੇ ਰੂਪ ਵਿਚ ਵੇਖਿਆ ਜਾਏ ਤਾਂ ਸਿੱਖਾਂ ਦੀਆਂ ਸਮੁਚੀਆਂ ਧਾਰਮਕ ਜਥੇਬੰਦੀਆਂ, ਹਰ ਸਾਲ ਕਰੋੜਾਂ ਰੁਪਏ ਧਰਮ ਪ੍ਰਚਾਰ ਦੇ ਨਾਂ ਤੇ ਖਰਚ ਕਰਦੀਆਂ ਹਨ। ਪਰ ਕਦੀ ਵੀ ਉਨ੍ਹਾਂ ਦੇ ਮੁੱਖੀਆਂ ਨੇ ਨਿਠ ਕੇ, ਇਸ ਗਲ ਨੂੰ ਵਿਚਾਰਨ 'ਤੇ ਘੌਖਣ ਦੀ ਲੋੜ ਨਹੀਂ ਸਮਝੀ ਕਿ ਉਹ ਜੋ ਕਰੋੜਾਂ ਰੁਪਏ ਧਰਮ ਪ੍ਰਚਾਰ ਦੇ ਨਾਂ ਤੇ ਖਰਚ ਕਰ ਰਹੇ ਹਨ, ਕੌਮ ਨੂੰ ਉਸਦਾ ਕੋਈ ਲਾਭ ਹੋ ਵੀ ਰਿਹਾ ਹੈ ਜਾਂ ਨਹੀਂ? ਸੱਚਾਈ ਤਾਂ ਇਹ ਹੈ ਕਿ ਕਰੋੜਾਂ ਰੁਪਏ ਖਰਚ ਕਰ ਕੇ ਵੀ ਪ੍ਰਾਪਤੀਆਂ ਦੇ ਨਾਂ ਤੇ ਕੁਝ ਵੀ ਹਾਸਲ ਨਹੀਂ ਹੋ ਰਿਹਾ।
ਸਿੱਖੀ ਨੂੰ ਢਾਹ ਲਗਣ ਦੇ ਕਾਰਣ ਲਭਣ ਲਈ ਏਅਰ-ਕੰਡੀਸ਼ੰਡ ਹਾਲਾਂ ਵਿਚ ਕਨਵੈਨਸ਼ਨਾਂ ਅਤੇ ਮੀਟਿੰਗਾਂ ਕਰਨ ਪੁਰ ਲੱਖਾਂ ਰੁਪਏ ਖਰਚ ਕਰ ਦਿਤੇ ਜਾਂਦੇ ਹਨ। ਫਿਰ ਵੀ ਪਰਨਾਲਾ ਉਥੇ ਦਾ ਉਥੇ ਹੀ ਰਹਿੰਦਾ ਹੈ। ...ਤੇ ਸਿਲਸਿਲਾ, ਉਹੀ ਕੀਰਤਨ ਦਰਬਾਰਾਂ, ਢਾਡੀ ਦਰਬਾਰਾਂ ਤੇ ਗੁਰਮਤਿ ਸਮਾਗਮਾਂ ਤਕ ਹੀ ਸੀਮਤ ਹੋ ਕੇ ਰਹਿ ਜਾਂਦਾ ਹੈ। ਕੋਈ ਇਹ ਸਮਝਣ ਅਤੇ ਵਿਚਾਰਨ ਲਈ ਤਿਆਰ ਨਹੀਂ, ਕਿ ਜੋ ਵਿਅਕਤੀ ਸਿੱਖੀ ਵਿਰਸੇ ਨਾਲੋਂ ਟੁੱਟ ਗਿਆ ਹੋਇਆ ਹੈ, ਉਹ ਕਿਥੇ ਇਨ੍ਹਾਂ ਸਮਾਗਮਾਂ ਵਿਚ ਆਉਂਦਾ ਹੈ, ਜੇ ਕਿਧਰੇ ਭੁਲ-ਭੁਲੇਖੇ ਆ ਵੀ ਜਾਂਦਾ ਹੈ ਤਾਂ ਪੰਥ ਦੇ ਵਿਦਵਾਨ ਬੁਲਾਰਿਆਂ ਦੇ 'ਵਿਦਵਤਾ-ਪੂਰਣ' ਅਤੇ 'ਲੱਛੇਦਾਰ' ਭਾਸ਼ਣਾਂ ਵਿਚੋਂ ਉਸਦੇ ਪਲੇ ਕੁਝ ਪੈਂਦਾ ਵੀ ਹੈ ਜਾਂ ਨਹੀਂ? ਸਿੱਖੀ ਦੀ ਸੰਭਾਲ ਲਈ ਸਭ ਤੋਂ ਵਧ ਜ਼ਰੂਰੀ ਇਹ ਹੈ ਕਿ ਬਚਿਆਂ ਨੂੰ ਮੁਢਲੀਆਂ ਜਮਾਤਾਂ ਤੋਂ ਹੀ ਸਿੱਖ ਧਰਮ ਤੇ ਉਸਦੇ ਬਹੁਮੁਲੇ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਪ੍ਰਬੰਧ ਕੀਤਾ ਜਾਏ। ਇਨ੍ਹਾਂ ਜਮਾਤਾਂ ਵਿਚ ਪੜ੍ਹਨ ਵਾਲੇ ਬਚਿਆਂ ਨੂੰ ਬਾਣੀ ਦੇ ਅਰਥ-ਭਾਵ ਸਮਝ ਨਹੀਂ ਆਉਂਦੇ, ਇਸ ਲਈ ਸਿੱਖ ਇਤਿਹਾਸ ਨਾਲ ਸੰਬੰਧਤ ਛੋਟੀਆਂ-ਛੋਟੀਆਂ ਸਾਖੀਆਂ ਦਾ ਸਹਾਰਾ ਲੈਣਾ ਸ਼ੁਰੂ ਕੀਤਾ ਜਾ ਸਕਦਾ ਹੈ। ਇਹ ਗਲ ਸਮਝ ਲੈਣੀ ਚਾਹੀਦੀ ਹੈ ਕਿ ਜਦੋਂ ਤਕ ਪਨੀਰੀ ਦੀ ਸੰਭਾਲ ਨਹੀਂ ਕੀਤੀ ਜਾਇਗੀ, ਤਦ ਤਕ ਸੰਘਣੇ ਦਰਖਤ ਦੀ ਛਾਂ ਪ੍ਰਾਪਤ ਨਹੀਂ ਹੋ ਸਕੇਗੀ।

ਕਮਜ਼ੋਰੀ ਸਵੀਕਾਰ ਪਰ, ਜ਼ਿਮੇਂਦਾਰੀ ਨਹੀਂ.: ਕੁਝ ਹੀ ਸਮਾਂ ਹੋਇਐ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਜ਼ਿਮੇਂਦਾਰ ਮੁਖੀ ਨੇ ਨਿਜੀ ਗਲਬਾਤ ਵਿੱਚ ਸਵੀਕਾਰ ਕੀਤਾ ਕਿ ਸ਼੍ਰੋਮਣੀ ਕਮੇਟੀ ਵਲੋਂ ਧਰਮ ਪ੍ਰਚਾਰ ਪੁਰ ਕਰੋੜਾਂ ਰੁਪਏ ਖਰਚ ਕੀਤੇ ਜਾਣ ਦੇ ਬਾਵਜੂਦ, ਪੰਜਾਬ ਦੇ ਸਿੱਖ ਨੌਜਵਾਨਾਂ ਵਿੱਚ ਪਤੱਤ ਹੋਣ ਵਲ ਜੋ ਰੁਝਾਨ ਲਗਾਤਾਰ ਵੱਧਦਾ ਜਾ ਰਿਹਾ ਹੈ, ਉਸਨੂੰ ਠਲ੍ਹ ਨਹੀਂ ਪੈ ਰਹੀ, ਪਰ ਉਨ੍ਹਾਂ ਇਸਦੇ ਲਈ ਸ਼੍ਰੋਮਣੀ ਕਮੇਟੀ ਨੂੰ ਜ਼ਿਮੇਂਦਾਰ ਸਵੀਕਾਰਨ ਤੋਂ ਸਾਫ ਇਨਕਾਰ ਕਰ ਦਿਤਾ।
ਇਸ ਵਿੱਚ ਕੋਈ ਸ਼ਕ ਨਹੀਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਹਜ਼ਾਰਾਂ ਸਿੰਘ ਸਭਾਵਾਂ ਅਤੇ ਛੋਟੀਆਂ-ਵੱਡੀਆਂ ਅਨੇਕਾਂ ਧਾਰਮਕ ਜਥੇਬੰਦੀਆਂ ਹਨ, ਜੋ ਆਪੋ-ਆਪਣੇ ਸਾਧਨਾਂ ਤੇ ਸਮਰਥਾ ਅਨੁਸਾਰ ਧਰਮ ਪ੍ਰਚਾਰ ਦੇ ਖੇਤ੍ਰ ਵਿੱਚ ਯੋਗਦਾਨ ਪਾ ਰਹੀਆਂ ਹਨ। ਪਰ ਇਸ ਗਲ ਤੋਂ ਵੀ ਤਾਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸਦੇ ਬਾਵਜੂਦ ਸਿੱਖ ਨੌਜਵਾਨਾਂ ਵਿੱਚ ਸਿੱਖੀ ਵਿਰਸੇ ਨਾਲੋਂ ਟੁੱਟ, ਪਤਤ ਹੋਣ ਦਾ ਜੋ ਰੁਝਾਨ ਬਣਿਆ ਹੋਇਆ ਹੈ, ਉਸਨੂੰ ਕਿਸੇ ਵੀ ਪੱਧਰ ਤੇ ਠਲ੍ਹ ਨਹੀਂ ਪੈ ਰਹੀ।

ਧਾਰਮਕ ਸਮਾਗਮਾਂ ਦੀ ਰਾਜਨੈਤਿਕ ਸੁਆਰਥ ਲਈ ਵਰਤੋਂ: ਪੰਜਾਬ ਵਿੱਚ ਲੰਮੇਂ ਸਮੇਂ ਤੋਂ ਇਹ ਪਰੰਪਰਾ ਜਿਹੀ ਚਲੀ ਆ ਰਹੀ ਹੈ ਕਿ ਜਦੋਂ ਵੀ ਕਿਸੇ ਮਹਤੱਵਪੁਰਣ ਇਤਿਹਾਸਕ ਸਥਾਨ ਤੇ, ਉਸ ਸਥਾਨ ਨਾਲ ਸਬੰਧਤ ਸਾਕੇ ਦੀ ਯਾਦ ਮੰਨਾਉਣ ਲਈ ਜਿਥੇ ਧਾਰਮਕ ਸਮਾਗਮ ਦਾ ਆਯੋਜਨ ਕੀਤਾ ਜਾਂਦਾ ਹੈ 'ਤੇ ਇਸ ਮੌਕੇ ਭਾਰੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਜੁੜਨ ਦੀ ਸੰਭਾਵਨਾ ਵਿਖਾਈ ਦਿੰਦੀ ਹੈ, ਤਾਂ ਪੰਜਾਬ ਵਿਚਲੀਆਂ ਸਾਰੀਆਂ ਹੀ ਰਾਜਸੀ ਪਾਰਟੀਆਂ, ਜਿਨ੍ਹਾਂ ਵਿੱਚ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਅਤੇ ਸਿੱਖੀ ਦੀਆਂ ਧਾਰਮਕ ਮਰਿਆਦਾਵਾਂ, ਪਰੰਪਰਾਵਾਂ ਅਤੇ ਮਾਨਤਾਵਾਂ ਦੇ ਰਖਿਅਕ ਹੋਣ ਦੇ ਦਾਅਵੇਦਾਰ, ਅਕਾਲੀ ਦਲ ਵੀ ਸ਼ਾਮਲ ਹੁੰਦੇ ਹਨ, ਉਥੇ ਆਪੋ-ਆਪਣੇ ਰਾਜਸੀ ਜਲਸੇ ਕਰਨ ਲਈ ਲਾਓ-ਲਸ਼ਕਰ ਲੈ ਕੇ ਪੁਜ ਜਾਂਦੀਆਂ ਹਨ, ਇਨ੍ਹਾਂ ਜਲਸਿਆਂ, ਜਿਨ੍ਹਾਂ ਨੂੰ ਇਨ੍ਹਾਂ ਦੇ ਆਯੋਜਕ ਕਾਨਫਰੰਸਾਂ ਦਾ ਨਾਂ ਦਿੰਦੇ ਹਨ, ਵਿੱਚ ਧਾਰਮਕ ਗਲਾਂ ਘਟ ਅਤੇ ਰਾਜਸੀ ਗਲਾਂ ਵਧੇਰੇ ਕੀਤੀਆਂ ਜਾਂਦੀਆਂ ਹਨ ਅਤੇ ਉਹ ਵੀ ਵਿਰੋਧੀ ਨੂੰ ਭੰਡਣ ਅਤੇ ਆਪਣਾ ਗੁਣ-ਗਾਨ ਕਰਨ ਲਈ।
ਇਹ ਗਲ ਸੋਚਣ ਤੇ ਸਮਝਣ ਵਾਲੀ ਹੈ ਕਿ ਇਨ੍ਹਾਂ ਮੌਕਿਆਂ ਤੇ ਜੋ ਲੋਕੀ ਸ਼ਹੀਦਾਂ ਪ੍ਰਤੀ ਆਪਣੀ ਅਕੀਦਤ ਪੇਸ਼ ਕਰਨ ਅਤੇ ਉਨ੍ਹਾਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈਣ ਲਈ ਪਹੁੰਚਦੇ ਹਨ, ਉਹ ਇਨ੍ਹਾਂ ਭਾਸ਼ਣਾਂ ਤੋਂ ਕੀ ਸੰਦੇਸ਼ ਅਤੇ ਪ੍ਰੇਰਨਾ ਲੈ ਕੇ ਪਰਤਦੇ ਹੋਣਗੇ? ਸੋਚਣ ਅਤੇ ਵਿਚਾਰਨ ਵਾਲੀ ਗਲ ਹੈ ਕਿ ਇਨ੍ਹਾਂ ਸਿੱਖੀ ਦੇ ਠੇਕੇਦਾਰਾਂ ਵਲੋਂ ਜਿਸਤਰ੍ਹਾਂ ਇਕ-ਦੂਜੇ ਨੂੰ ਕੋਸਣ ਵਿੱਚ ਆਪਣੇ ਦਿਲ ਦਾ ਗੁਭਾਰ ਕਢਣ ਲਈ, ਧਾਰਮਕ ਮੌਕਿਆਂ ਦੀ ਵਰਤੋਂ ਕੀਤੀ ਜਾਂਦੀ ਹੈ, ਕੀ ਉਸਤੋਂ ਸ਼ਹੀਦਾਂ ਪ੍ਰਤੀ ਆਪਣੀ ਸ਼ਰਧਾ ਦੇ ਫੁਲ ਭੇਂਟ ਕਰਨ ਲਈ ਪੁਜਣ ਵਾਲੇ ਸ਼ਰਧਾਲੂਆਂ, ਜਿਨ੍ਹਾਂ ਵਿੱਚ ਨੌਜਵਾਨਾਂ ਦੀ ਗਿਣਤੀ ਕਿਸੇ ਵੀ ਤਰ੍ਹਾਂ ਘਟ ਨਹੀਂ ਹੁੰਦੀ, ਦੀ ਧਾਰਮਕ ਭਾਵਨਾ ਨੂੰ ਠੇਸ ਨਹੀਂ ਪੁਜਦੀ ਹੋਵੇਗੀ? ਅਤੇ ਉਨ੍ਹਾਂ ਦੇ ਦਿਲ ਵਿੱਚ ਇਹ ਵਿਚਾਰ ਪੈਦਾ ਨਹੀਂ ਹੁੰਦਾ ਹੋਵੇਗਾ ਕਿ ਕੀ ਸ਼ਹੀਦਾਂ ਨੇ ਅਜਿਹੇ ਹੀ ਸਿੱਖੀ ਦੇ ਠੇਕੇਦਾਰਾਂ ਦੀ ਸੁਆਰਥ-ਪੂਰਤੀ ਲਈ ਆਪਣੀਆਂ ਸ਼ਹਾਦਤਾਂ ਦਿਤੀਆਂ ਹਨ?

...ਅਤੇ ਅੰਤ ਵਿੱਚ: ਕੋਈ ਇਸ ਸੱਚਾਈ ਨੂੰ ਸਵੀਕਾਰ ਕਰੇ ਜਾਂ ਨਾਂਹ, ਪਰ ਸੱਚਾਈ ਇਹੀ ਹੈ ਕਿ ਸਿੱਖ ਨੌਜਵਾਨਾਂ ਵਿੱਚ ਸਿੱਖੀ ਪ੍ਰਤੀ ਜੋ ਉਦਾਸੀਨਤਾ ਵੇਖਣ ਨੂੰ ਮਿਲ ਰਹੀ ਹੈ, ਉਸਦਾ ਮੁੱਖ ਕਾਰਣ ਸਿੱਖੀ ਦੇ ਰਾਖੇ ਹੋਣ ਦੇ ਦਾਅਵੇਦਾਰਾਂ ਵਲੋਂ ਧਾਰਮਕ ਮੌਕਿਆਂ ਅਤੇ ਸਮਾਗਮਾਂ ਦੀ ਰਾਜਸੀ ਸੁਆਰਥ ਲਈ ਵਰਤੋਂ ਕੀਤਾ ਜਾਣਾ ਵੀ ਹੈ।
 Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,  Sector – 14, Rohini,  DELHI-110085