ਸ਼ਾਇਰੀ ਦਾ ਸਾਗਰ- ਡਾ. ਸੁਰਜੀਤ ਪਾਤਰ - ਸੁਖਪਾਲ ਸਿੰਘ ਗਿੱਲ

14 ਜਨਵਰੀ 1945 ਨੂੰ  ਮਾਤਾ ਦੀ ਕੁੱਖੋਂ ਪਿੰਡ ਪੱਤੜਕਲਾਂ ਜ਼ਿਲ੍ਹਾ ਜਲੰਧਰ ਵਿਖੇ ਇੱਕ ਸ਼ਾਇਰੀ ਦੇ ਸਾਗਰ ਸੁਰਜੀਤ ਪਾਤਰ ਨੇ ਜਨਮ ਲਿਆ , ਜਿਵੇਂ ਵੱਖ- ਵੱਖ ਨਦੀਆਂ , ਚਸ਼ਮੇਂ ਅਤੇ ਦਰਿਆ  ਇੱਕ ਜਗਾ ਗਿਰ ਕੇ ਸਮੁੰਦਰ ਬਣਦੇ ਹਨ ਉਸੇ ਤਰਜ਼ ਤੇ ਸੁਰਜੀਤ ਪਾਤਰ ਨੇ ਆਪਣੀ ਸ਼ਾਇਰੀ ਨੂੰ ਵਿਗਿਆਨਕ , ਤਰਕ ,  ਧਾਰਮਿਕ , ਸਮਾਜਿਕ ਅਤੇ ਸੱਭਿਆਚਾਰਕ  ਤੌਰ ਤੇ ਇੱਕ ਮਾਲਾ ਵਿੱਚ ਪਰੋ ਕੇ  ਸ਼ਾਇਰੀ ਦੇ ਸਾਗਰ ਵਜੋਂ ਆਪਣੇ ਆਪ ਨੂੰ ਸਥਾਪਿਤ ਕੀਤਾ । ਸਮੁੱਚੇ ਪੱਖਾਂ ਨੂੰ ਥੋੜ੍ਹੇ ਸ਼ਬਦਾਂ ਵਿੱਚ ਸੰਗਠਿਤ ਕਰਨ ਦਾ ਜਾਦੂਗਰੀ ਮਾਣ ਵੀ ਹਾਸਲ ਕੀਤਾ । ਪਹਿਲੀ ਕਿਲਕਾਰੀ ਤੋਂ  ਲੈ ਕੇ ਅਖੀਰਲੇ ਸਾਹ ਤੱਕ ਅਤੇ ਪਹੁੰ-ਫੁਟਾਲੇ ਤੋਂ ਸੌਣ ਤੱਕ ਵੰਨ - ਸੁਵੰਨਤਾ ਨੂੰ ਕਾਇਮ ਰੱਖ ਕੇ ਸਮਾਜ ਦੇ ਸਾਰੇ ਪੱਖ ਇੱਕ ਮਾਲਾ ਵਿੱਚ ਪਰੋਏ ।
                                   ਭਾਵੇਂ ਮਾਂ ਦਾ ਸੁਰਜੀਤ ਸੀ , ਪਰ ਪਾਤਰ ਬਣਨ ਤੱਕ ਕਾਫੀ ਪੈਂਡਾ ਤੈਅ ਕੀਤਾ । ਅਸਲੀ ਅਰਥਾਂ ਵਿੱਚ ਉਹ ਪੰਜਾਬੀ ਮਾਂ ਬੋਲੀ ਅਤੇ ਪੰਜਾਬੀਅਤ ਦਾ ਪਾਤਰ ਹੋ ਨਿਬੜਿਆ , ਜੇ ਉਹਨਾਂ ਦੀਆਂ ਕਵਿਤਾਵਾਂ ਨੂੰ ਸਰਜੀਤ ਧਾਰਾ ਵੀ ਕਹਿ ਲਈਏ ਤਾਂ ਵੀ ਕੋਈ ਮਾੜੀ ਗੱਲ ਨਹੀਂ । ਪਦਮਸ਼੍ਰੀ ਮੋੜ ਕੇ  ਉਹਨਾਂ ਦੀਆਂ ਸਤਰਾਂ ਪ੍ਰਿੰਟ , ਇਲੈਟਰੋਨਿਕ ਅਤੇ ਸ਼ੋਸ਼ਲ ਮੀਡੀਏ ਦਾ ਸ਼ਿੰਗਾਰ ਬਣੀਆਂ  ਉਹਨਾਂ ਦੀ ਇਸ ਸਬੰਧੀ ਰਚਨਾ ਹਨੇਰੀ ਅਤੇ ਧਾਰਾ ਵਾਂਗ ਵਗੀ :-
"  ਅੰਮੜੀ ਮੈਂਨੂੰ ਆਖਣ ਲੱਗੀ ,
ਤੂੰ ਧਰਤੀ ਦਾ ਗੀਤ ਰਹੇਂਗਾ ,
ਪਦਮਸ਼੍ਰੀ ਹੋ ਕੇ ਵੀ ਪਾਤਰ ,
ਤੂੰ ਮੇਰਾ ਸੁਰਜੀਤ ਰਹੇਂਗਾ   "
                  ਜਿੱਥੇ ਆਪਣੀ ਮਾਤਾ ਪ੍ਰਤੀ ਸੁਨੇਹਾ ਦਿੱਤਾ ਉੱਥੇ ਆਪਣੀ ਕਾਬਲੀਅਤ ਵੀ ਜ਼ਾਹਿਰ ਕੀਤੀ । ਯਥਾਰਤਵਾਦ ਤੇ ਨਿਰਭਰ ਉਹਨਾਂ ਦੀਆਂ ਰਚਨਾਵਾਂ ਕਰਕੇ ਹੀ ਉਹਨਾਂ ਨੇ ਸਮਾਜਿਕ ਦ੍ਰਿਸ਼ਟੀ ਵਿੱਚ ਪੰਜਾਬੀਅਤ ਨੂੰ ਬੇਗਾਨੀ ਕਵਿਤਾ ਵਿੱਚ ਇਹ ਸਨੇਹਾ ਵੀ ਦਿੱਤਾ :-
"   ਮਾਂ ਦਾ ਤੂੰ ਸੁਰਜੀਤ ਰਹੇਗਾ ,
ਲੋਕ ਲਹਿਰ ਦਾ ਬਣ ਗਿਆ ਪਾਤਰ ,
ਮਾਂ ਬੋਲੀ ਅਤੇ ਲੋਕਾਂ ਖਾਤਰ ,
ਨਾ ਪਹਿਲੇ ਸੀ ਨਾ ਹੁਣ ਮੈਂ ਸ਼ਾਤਰ ,
ਕਿਸਾਨ ਲਹਿਰ ਵਿੱਚ ਸਦਾ ਲਈ ਤੂੰ ,
ਪਾਤਰ , ਜੀਤ ਤੇ ਸੁਰਜੀਤ ਰਹੇਗਾ  "
                         ਵਿਦੇਸ਼ੀ ਲਾੜੇ , ਲਾੜੀਆਂ , ਪਾੜ੍ਹਿਆਂ  ਅਤੇ ਵਸਨੀਕਾਂ ਲਈ ਭਵਿੱਖ ਦਾ ਨਕਸ਼ਾ ਪੇਸ਼ ਕੀਤਾ ਜੋ ਅੱਜ ਯਥਾਰਤ ਹੰਢਾਂ ਰਿਹਾ ਹੈ :-
  "   ਜੋ ਵਿਦੇਸ਼ਾ ਵਿੱਚ ਰੁੱਲਦੇ ਨੇ ਰੋਜੀ ਲਈ ,
ਉਹ ਕਦੋਂ ਦੇਸ਼ ਪਰਤਣਗੇ ਕਦੀ ,
ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ ,
 ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬੈਠਣ ਗੇ   "
ਸਮਾਜ ਨੂੰ ਜਾਗਣ ਦਾ ਸੁਨੇਹਾ ਦਿੰਦੇ ਹੋਏ ਦੇਸ਼ ਪੰਜਾਬ ਵਿੱਚ ਵਹਿੰਦੇ ਖੂਨ ਬਾਰੇ ਉਹਨਾਂ ਦੇ ਸ਼ਬਦਾਂ ਤੋਂ ਪਤਾ ਚੱਲਦਾ ਹੈ ਕਿ ਪੰਜਾਬ ਦੀ ਖੁਸ਼ਹਾਲੀ ਬਾਰੇ ਕਿੰਨੇ ਚਿੰਤਤ ਹਨ :-
"   ਉਹੀ ਛਿੱਟੇ ਖੂਨ ਦੇ ਬਣ ਗਏ ਬਹਾਨਾ ,
ਸਾਡੀ ਪੱਗ ਨੂੰ ਪੈ ਗਿਆ ਆਪਣਾ ਬੇਗਾਨਾ  "
                       ਛੰਨਾਂ ਤੋਂ ਸ਼ੀਸ਼ ਮਹਿਲ ਅਤੇ ਸ਼ੀਸ਼ ਮਹਿਲ ਤੋਂ ਛੰਨਾਂ ਵਿੱਚੋਂ  ਗੁਜਰਦਿਆ ਅੱਜ ਦੇ ਸਮੇਂ ਦਾ ਸੱਚ ਇਉਂ ਉੱਕਰਿਆ:-  
"  ਮੈਂ ਰਾਹਾਂ ਤੇ ਨਹੀਂ ਤੁਰਦਾ ਹਾਂ ਤਾਂ ਰਾਹ ਬਣਦੇ ,
ਯੁੱਗਾਂ ਤੋਂ ਕਾਫਲੇ ਆਉਂਦੇ ਇਸੇ ਸੱਚ ਦੇ ਗਵਾਹ ਬਣਦੇ  "
                                       ਪਿਆਰ , ਮੁਹੱਬਤਾਂ ਅਤੇ ਵੰਡ ਦਾ ਸੁਨੇਹਾ ਇਉਂ ਦਿੱਤਾ :-
"  ਕਹੇ ਸਤਲੁਜ ਦਾ ਪਾਣੀ , ਆਖੇ ਬਿਆਸ ਦੀ ਰਵਾਨੀ ,  
ਸਾਡਾ ਜਿਹਲਮ ਝਨਾਬ ਨੂੰ ਸਲਾਮ ਆਖਣਾ ,
 ਅਸੀਂ ਮੰਗਦੇ ਹਾਂ ਖੈਰ ਸ਼ੁਬਹ - ਸ਼ਾਮ ਆਖਣਾ ,
 ਜੀ ਸਲਾਮ ਆਖਣਾ "
               ਮਾਂ ਬੋਲੀ ਨੂੰ ਅਤੇ ਪੰਜਾਬੀਅਤ ਨੂੰ ਇਉਂ ਸੁਨਹਿਰੀ ਪੰਨਿਆ ਤੇ ਉੱਕਰਿਆ ਹੈ  :-
"  ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ - ਸ਼ਬਦ ,
ਮਰ ਰਹੀ ਹੈ ਮੇਰੀ ਭਾਸ਼ਾ ਵਾਕ - ਵਾਕ   "
            ਮਾਨਵ ਪ੍ਰੇਮ ਦਾ ਸਾਬਤ ਸਬੂਤ ਇਓਂ ਪੇਸ਼ ਕੀਤਾ :-
"  ਜਾ ਫਿਰ ਸਾਰੀ ਧਰਤੀ ਇੱਕ ਹੋ ਜਾਏ ,
ਕੋਈ ਨਾ ਕਹੇ ਪਰਾਏ ਇਹ ਮੇਰੀ ਅਰਦਾਸ "
                                     ਪੰਜਾਬੀਅਤ ਨੂੰ ਸਨਮੁੱਖ ਰੱਖ ਕੇ ਸਮੁੱਚੀ ਮਾਨਵਤਾ ਨੂੰ ਇਉਂ ਸੁਨੇਹਾ ਦਿੱਤਾ ਜੋ ਜੀਵਨ ਦੇ ਅਤੀਤ ਤੋਂ ਵਰਤਮਾਨ ਰਾਹੀਂ ਭਵਿੱਖ ਨਾਲ ਜੋੜਦਾ ਹੈ । ਵੱਡਭਾਗੀ ਮਾਂ ਨੇ ਵੱਡਭਾਗੀ ਧਰਤ ਪੰਜਾਬ ਨੂੰ ਅਸਲੀ ਅਤੇ ਸੁਥਰਾ ਪਾਤਰ ਦਿੱਤਾ ।   
                          ਸੁਖਪਾਲ ਸਿੰਘ ਗਿੱਲ
               9878111445
               ਅਬਿਆਣਾ ਕਲਾਂ