ਵਿਸ਼ਵ ਰੈਬੀਜ਼ ਦਿਵਸ - ਗੋਬਿੰਦਰ ਸਿੰਘ ਢੀਂਡਸਾ

ਲੋਕਾਂ ਨੂੰ ਰੈਬੀਜ਼ ਸੰਬੰਧੀ ਜਾਗਰੂਕ ਕਰਨ ਦੇ ਮੰਤਵ ਨਾਲ ਅੰਤਰ ਰਾਸ਼ਟਰੀ ਪੱਧਰ ਤੇ ਹਰ ਸਾਲ 28 ਸਤੰਬਰ ਨੂੰ ਵਿਸ਼ਵ ਰੈਬੀਜ਼ ਦਿਵਸ ਮਨਾਇਆ ਜਾਂਦਾ ਹੈ। ਇਹ ਦਿਵਸ ਰੈਬੀਜ਼ ਵੈਕਸੀਨ ਜਾਂ ਟੀਕਾ ਵਿਕਸਿਤ ਕਰਨ ਵਾਲੇ ਲੂਈਸ ਪਾਸਚਰ ਦੀ ਮੌਤ ਦੀ ਬਰਸੀ ਨੂੰ ਸਮਰਪਿਤ ਹੈ ਅਤੇ ਸਾਲ 2018 ਦਾ ਵਿਸ਼ਾ ਹੈ “ਸੁਨੇਹੇ ਨੂੰ ਵੰਡੋ ਅਤੇ ਜ਼ਿੰਦਗੀ ਨੂੰ ਬਚਾਓ।”
ਸੰਸਾਰ ਵਿੱਚ ਰੈਬੀਜ਼ ਨਾਲ ਹੋਣ ਵਾਲੀਆਂ ਮੌਤਾਂ ਦੀ 36 ਫੀਸਦੀ ਮੌਤਾਂ ਹਰ ਸਾਲ ਭਾਰਤ ਵਿੱਚ ਹੁੰਦੀਆਂ ਹਨ। ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਦੇਸ਼ ਵਿੱਚ ਪਿਛਲੇ ਦੋ ਸਾਲਾਂ ਵਿੱਚ ਰੈਬੀਜ਼ ਦੇ 190 ਮਰੀਜ ਸਾਹਮਣੇ ਆਏ ਅਤੇ ਇਲਾਜ ਦੇ ਦੌਰਾਨ ਸਭ ਦੀ ਮੌਤ ਹੋ ਗਈ। ਦੁਨੀਆਂ ਦੇ ਤਕਰੀਬਨ ਸਾਰੇ ਦੇਸ਼ਾਂ ਵਿੱਚ ਰੈਬੀਜ਼ ਹੋਣ ਤੋਂ ਬਾਦ ਜ਼ਿਆਦਾਤਰ ਮੌਤ ਹੋ ਜਾਂਦੀ ਹੈ, ਅਮਰੀਕਾ ਹੀ ਇੱਕ ਅਜਿਹਾ ਦੇਸ਼ ਹੈ ਜਿੱਥੇ ਸੱਤ ਮਰੀਜਾਂ ਦੀ ਜਾਨ ਬਚਾਈ ਗਈ, ਇਸਦਾ ਵੱਡਾ ਕਾਰਨ ਸੀ ਕਿ ਕਦੇ ਨਾ ਕਦੇ ਇਹਨਾਂ ਮਰੀਜਾਂ ਦੇ ਰੈਬੀਜ਼ ਦਾ ਟੀਕਾ ਲੱਗਿਆ ਸੀ। ਭਾਰਤ ਵਿੱਚ ਲਗਭਗ 90 ਫੀਸਦੀ ਰੈਬੀਜ਼ ਦਾ ਸੰਕ੍ਰਮਣ ਕੁੱਤਿਆਂ ਦੇ ਵੱਢਣ ਜਾਂ ਕੱਟਣ ਕਰਕੇ ਹੁੰਦਾ ਹੈ।
ਰੈਬੀਜ਼ ਇੱਕ ਵਾਇਰਲ ਬਿਮਾਰੀ ਹੈ। ਇਹ ਵਾਇਰਸ ਗਰਮ ਖੂਨ ਵਾਲੇ ਜਾਨਵਰਾਂ ਨੂੰ ਸੰਕ੍ਰਮਿਤ ਕਰਦਾ ਹੈ ਅਤੇ ਸੰਕ੍ਰਮਣ ਹੋਣ ਤੇ ਇਸਦੇ ਕਾਰਨ ਦਿਮਾਗ ਦੀ ਸੋਜ ਆਦਿ ਹੁੰਦੀ ਹੈ।ਇੱਕ ਵਾਰ ਰੈਬੀਜ਼ ਦੇ ਲੱਛਣ ਉਤਪੰਨ ਹੋਣ ਤੇ ਮੌਤ ਦੀ ਸੰਭਾਵਨਾ ਵੱਧ ਜਾਂਦੀ ਹੈ ਅਤੇ ਇਹ ਵਿਸ਼ਾਣੂ ਜਿਆਦਾਤਰ ਜਾਨਵਰਾਂ ਜਿਵੇਂ ਕੁੱਤੇ,ਬਿੱਲੀ,ਚੂਹੇ,ਬਾਂਦਰ ਆਦਿ ਵਿੱਚ ਪਾਇਆ ਜਾਂਦਾ ਹੈ। ਇਹ ਵਾਇਰਸ ਸੰਕ੍ਰਮਿਤ ਜਾਨਵਰਾਂ ਦੇ ਲਾਰ ਵਿੱਚ ਰਹਿੰਦਾ ਹੈ।
ਰੋਗ ਦੇ ਮੁੱਢਲੇ ਲੱਛਣਾਂ ਵਿੱਚ ਸਿਰ ਦਰਦ, ਬੁਖ਼ਾਰ, ਕਮਜ਼ੋਰੀ, ਸ਼ੋਰ ਜਾਂ ਪ੍ਰਕਾਸ਼ ਸਹਿਣ ਨਾ ਕਰਨਾ, ਭੁੱਖ ਨਾ ਲੱਗਣਾ, ਅਸਹਿ ਦਰਦ ਅਤੇ ਪ੍ਰਭਾਵਿਤ ਹਿੱਸੇ ਵਿੱਚ ਜਲਣ ਆਦਿ ਹਨ ਜਦਕਿ ਰੈਬੀਜ਼ ਦੇ ਗੰਭੀਰ ਲੱਛਣਾਂ ਵਿੱਚ ਵਿਵਹਾਰ ਦਾ ਹਮਲਾਵਰ ਹੋਣਾ,ਵੱਢਣ ਜਾਂ ਕੱਟਣ ਲੱਗਣਾ,ਜਿਆਦਾ ਲਾਰ ਟਪਕਣਾ, ਲਕਵਾ ਹੋ ਜਾਣਾ ਅਤੇ ਅੰਤ ਵਿੱਚ ਮਰ ਜਾਣਾ ਸ਼ਾਮਿਲ ਹੈ।
ਸਾਡੇ ਸਮਾਜ ਵਿੱਚ ਪਾਲਤੂ ਜਾਨਵਰ ਰੱਖਣ ਦਾ ਆਮ ਰੁਝਾਨ ਹੈ।ਜਾਨਵਰਾਂ ਦੁਆਰਾ ਇਹ ਰੋਗ ਇਨਸਾਨਾਂ ਵਿੱਚ ਫੈਲਦਾ ਹੈ ਅਤੇ ਇਸ ਬਿਮਾਰੀ ਬਾਰੇ ਲੋਕਾਂ ਵਿੱਚ ਜਾਣਕਾਰੀ ਦੀ ਬਹੁਤ ਘਾਟ ਹੈ। ਇੱਕ ਵਾਰ ਸੰਕ੍ਰਮਣ ਹੋਣ ਤੇ ਇਸਦਾ ਕੋਈ ਸਫ਼ਲ ਇਲਾਜ ਨਹੀਂ ਹੈ, ਇਸ ਲਈ ਜ਼ਰੂਰੀ ਹੈ ਕਿ ਇਸ ਤੋਂ ਬਚਣ ਲਈ ਸਮੇਂ ਸਮੇਂ ਤੇ ਰੈਬੀਜ਼ ਵੈਕਸੀਨੇਸ਼ਨ ਜਾਂ ਟੀਕਾ ਲਗਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਕਿਸੇ ਅਣਹੋਣੀ ਤੋਂ ਬਚਿਆ ਜਾ ਸਕੇ।

ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕ – ਬਰੜ੍ਹਵਾਲ ਲੰਮਾ ਪੱਤੀ
ਤਹਿਸੀਲ – ਧੂਰੀ (ਸੰਗਰੂਰ)
ਈਮੇਲ bardwal.gobinder@gmail.com