ਪੰਜਾਬ ਦੀ ਪੁਨਰ ਸਿਰਜਣਾ : ਵਕਤ ਦੀ ਲੋੜ - ਤਸਕੀਨ

ਸਮੁੱਚਾ ਪੰਜਾਬ ਪਿਛਲੀਆਂ ਪੌਣੇ ਦੋ ਸਦੀਆਂ ਤੋਂ ਬਸਤੀਵਾਦ ਦੀ ‘ਪਾੜੋ ਤੇ ਰਾਜ ਕਰੋ’ ਵਾਲੀ ਮਾਨਸਿਕ ਅਤੇ ਵਿਵਹਾਰਕ ਗ਼ੁਲਾਮੀ ਭੋਗ ਰਿਹਾ ਹੈ। ਇਹ ਗ਼ੁਲਾਮੀ ਧਰਮਾਂ ਅਤੇ ਜਾਤਾਂ ਦੇ ਪਾੜੇ ’ਚੋਂ ਪੈਦਾ ਹੋਈ ਸੀ। ਅਸੀਂ ਸੂਫ਼ੀਆਂ ਅਤੇ ਗੁਰੂਆਂ ਦੇ ਸਾਂਝੀਵਾਲਤਾ ਦੇ ਸੰਦੇਸ਼ ਤੋਂ ਵੀ ਬੇਮੁੱਖ ਹੋ ਗਏ। ਪੰਜਾਬੀ ਕਬੀਲਿਆਂ ਦੀ ਪੱਕੀ ਵਸੇਬ ਕਾਰਨ ਇਨ੍ਹਾਂ ਅੰਦਰ ਵਰਨ ਤੇ ਜਾਤ ਆਧਾਰਿਤ ਵੰਡ ਵਾਲੀ ਵਿਚਾਰਧਾਰਾ ਫੈਲਣ ਲੱਗੀ ਜੋ ਬਸਤੀਵਾਦ ਦੀ ਮਾਨਸਿਕ ਗ਼ੁਲਾਮੀ ਦਾ ਕਾਰਨ ਬਣੀ। ਪੰਜਾਬੀ ਕੌਮ ਨੂੰ ਧਰਮ ਦੇ ਆਧਾਰ ’ਤੇ ਗ਼ੈਰ-ਕੁਦਰਤੀ ਵੰਡ ਦਾ ਸ਼ਿਕਾਰ ਹੋਣਾ ਪਿਆ। ਸਿੱਟਾ ’47 ਦਾ ਖ਼ੂਨੀ ਬਟਵਾਰਾ ਸੀ। ਲੋਕ ਆਪਣੇ ਹੀ ਪੰਜਾਬ ਦੀ ਧਰਤੀ ’ਤੇ ਪਨਾਹਗੀਰ ਅਖਵਾਉਣ ਲਈ ਮਜਬੂਰ ਕਰ ਦਿੱਤੇ ਗਏ। ਮਗਰੋਂ, ਸਾਡੇ ਮਨਾਂ ਅੰਦਰ ਪੈਦਾ ਹੋਏ ਫ਼ਿਰਕੂ ਜ਼ਹਿਰ ਦਾ ਨਾਮ ਪੰਜਾਬ ਤੋਂ ਪੰਜਾਬ, ਹਿਮਾਚਲ ਅਤੇ ਹਰਿਆਣਾ ਹੋ ਗਿਆ। ਵੰਡ ਦਰ ਵੰਡ।

       ਅੱਜ ਜਦੋਂ ਕੇਂਦਰ ਨੇ ਪੰਜਾਬ ਤੇ ਪੂਰੇ ਭਾਰਤ ਦੀ ਖੇਤੀ ਨਾਲ ਸਬੰਧਿਤ ਆਰਥਿਕਤਾ ਨੂੰ ਪੱਟੜੀ ਤੋਂ ਲਾਹ ਕੇ ਕਾਰਪੋਰੇਟ ਗ਼ੁਲਾਮੀ ਦਾ ਕਦਮ ਪੁੱਟਿਆ ਤਾਂ ਪੰਜਾਬ ਸ਼ੇਰ ਵਾਂਗ ਦਹਾੜ ਕੇ ਉੱਠਿਆ ਹੈ। ਹਰਿਆਣਾ ਨੇ ‘ਵਿਛੜੇ’ ਹੋਏ ਵੱਡੇ ਭਰਾ ਪੰਜਾਬ ਦੇ ਮੋਢੇ ਨਾਲ ਮੋਢਾ ਜੋੜਿਆ ਹੈ। ਸਾਫ਼ ਹੈ ਕਿ ਇਹ ਹੀ ਉਸ ਪੰਜਾਬੀ ਏਕੇ ਦੀ ਇਤਿਹਾਸਕ ਲੜਾਈ ਦਾ ਪੁਨਰ ਆਗਾਜ਼ ਹੈ ਜਿਸ ਰਾਹੀਂ ਅਸੀਂ ਵੰਡਵਾਦੀ/ਮਨੂੰਵਾਦੀ ਵਿਚਾਰਧਾਰਾ ਦੀਆਂ ਗੋਡਣੀਆਂ ਲਵਾ ਛੱਡੀਆਂ ਸਨ। ਕਿਸਾਨ ਅੰਦੋਲਨ ਅੰਦਰ ਉਤਸ਼ਾਹ ਭਰਦੇ ਪੰਜਾਬੀ ਅਤੇ ਹਰਿਆਣਵੀ ਗੀਤਾਂ ਨੇ ਛਹਿਬਰ ਲਾ ਰੱਖੀ ਹੈ। ਇਸ ਦੇ ਨਾਲ ਹੀ ਲਹਿੰਦੇ ਪੰਜਾਬ ਦੇ ਲਹੌਰੀਏ ਗਰੁੱਪ ਦਾ ਗੀਤ ‘ਪੰਜਾਬ’ ਰਿਲੀਜ਼ ਹੋਇਆ ਜੋ ਬਹੁਤ ਮਕਬੂਲੀਅਤ ਹਾਸਿਲ ਕਰ ਰਿਹਾ ਹੈ। ਸ਼ਹਿਜ਼ਾਦ ਸਿੱਧੂ, ਵਕਾਰ ਭਿੰਡਰ (ਪ੍ਰਧਾਨ), ਏ.ਆਰ. ਵੱਟੂ, ਇਜਾਜ਼ ਗੁੰਗ ਅਤੇ ਮਨਸੂਰ ਅਹਿਮਦ ਨੇ ਪੂਰੇ ਪੰਜਾਬੀਅਤ ਦੇ ਜੋਸ਼ ਨਾਲ ਲਹਿੰਦੇ ਪੰਜਾਬ ਵੱਲੋਂ ਚੜ੍ਹਦੇ ਪੰਜਾਬ ਨੂੰ ਸੁਨੇਹਾ ਭੇਜਿਆ ਹੈ।
        ਇਸ ਗੀਤ ਦੇ ਸੁਨੇਹੇ ਤੋਂ ਸਮਝ ਪੈਂਦੀ ਹੈ ਕਿ ਟੁਕੜੇ ਕਰ ਦਿੱਤੇ ਗਏ ਪੰਜਾਬਾਂ ਦਾ ਦਹਾਕਿਆਂ ਬਾਅਦ ਏਕਾ ਸਾਡੇ ਇਤਿਹਾਸਕ ਵਿਰਸੇ ਦੀ ਪੁਨਰ ਸਿਰਜਣਾ ਬਣ ਸਕਦਾ ਹੈ। ਕੌਮਾਂ ਵਿਚ ਧਰਮ ਦਾ ਦਖ਼ਲ ਹੁੰਦਾ ਤਾਂ ਹੈ, ਪਰ ਇਹ ਨਿੱਜੀ ਅਕੀਦਤ ਤੱਕ ਸੀਮਿਤ ਹੁੰਦਾ ਹੈ। ਕੌਮਾਂ ਜ਼ਬਾਨ, ਸੱਭਿਆਚਾਰ, ਭੂਗੋਲ ਅਤੇ ਵਿਰਸੇ ਦੀ ਰੀੜ੍ਹ ਆਸਰੇ ਜਿਊਂਦੀਆਂ ਹਨ। ਸਮੁੱਚੇ ਪੁਰਾਣੇ ਪੰਜਾਬ ਦੀ ਮਾਲੀ ਰੀੜ੍ਹ ਖੇਤੀਬਾੜੀ ਸੀ ਅਤੇ ਅੱਜ ਵੰਡ ਦਰ ਵੰਡ ਪਿੱਛੋਂ ਵੀ ਉਹੀ ਹੈ। ਜਾਤੀ ਵੰਡ ਵਿਚਾਰਧਾਰਕ ਕੋਹੜ ਹੈ। ਪੰਜਾਬ ਦਾ ਇਤਿਹਾਸ ਹਮੇਸ਼ਾ ਇਸ ਦਾ ਵੈਰੀ ਰਿਹਾ ਹੈ ਅਤੇ ਆਪਣੇ ਆਪ ਨੂੰ ਉਪਰੋਕਤ ਵਿਚਾਰਧਾਰਾ ਵੱਲੋਂ ਮਲੇਸ਼ ਅਖਵਾੳਣ ਲਈ ਮਜਬੂਰ ਰਿਹਾ ਹੈ। ਡੇਰੀਆਲਾ ਦੇ ਲਿਖੇ ‘ਪੰਜਾਬ’ ਗੀਤ ਦਾ ਆਗ਼ਾਜ਼ ਸੰਨ ’47 ਤੋਂ ਹੁੰਦਾ ਹੈ।
ਪਾਈ ਸੀ ਜੋ ਵੰਡ ਸੰਤਾਲੀ ਵੇਲੇ ਦੀ, ਰਚੀ ਪਈ ਏ ਹੱਡਾਂ ਵਿਚ ਚੀਸ ਬਣਕੇ
ਦੱਸੀਆਂ ਸੀ ਗੱਲਾਂ ਸਾਡੇ ਬਾਬਿਆਂ ਨੇ ਜੋ, ਨਿਕਲੂਗੀ ਅੱਜ ਉਹ ਰੀਝ ਤਣਕੇ
ਪਹਿਲਾਂ ਦੀਆਂ ਲੀਕਾਂ ਹਾਲੇ ਟੱਪੀਆਂ ਨਹੀਂ ਗਈਆਂ, ਨਵਾਂ ਜੋ ਕਿਸਾਨੀ ਵਾਲਾ ਮੁੱਦਾ ਛੇੜਤਾ
ਚੜ੍ਹਦਾ ਪੰਜਾਬ ’ਵਾਜ਼ ਮਾਰੇ ਲਹਿੰਦੇ ਨੂੰ, ਦੁਨੀਆ ਇਹ ਆਖੂ ਸ਼ੇਰ ਸੁੱਤਾ ਛੇੜਤਾ

       ਸੰਤਾਲੀ ਦੀ ਵੰਡ ਸਚਮੁੱਚ ਸਮੁੱਚੇ ਪੰਜਾਬੀਆਂ ਦੇ ਹੱਡਾਂ ਅਤੇ ਪਾਣੀਆਂ ’ਚ ਚੀਸ ਬਣ ਕੇ ਘੁਲ਼ੀ ਹੋਈ ਹੈ, ਜ਼ਖ਼ਮ ਉੱਚੜਦਾ ਹੈ ਤਾਂ ਚੀਸਾਂ ਉਸੇ ਤਰ੍ਹਾਂ ਕੁਰਲਾਹਟ ਬਣ ਜਾਂਦੀਆਂ ਹਨ। ਹਾਕਮ ਵਾਰ-ਵਾਰ ਸਾਡੇ ਜ਼ਖ਼ਮ ਉਚੇੜਦੇ ਹਨ। ਪੰਜਾਬ/ਹਰਿਆਣਾ ਵਿਚ ਕਿਸਾਨ ਅੰਦੋਲਨ ਦੇ ਦਿੱਲੀ ਖ਼ਿਲਾਫ਼ ਰੋਹ ਨੇ ਸੰਤਾਲੀ ਨੂੰ ਮੁੜ ਮੰਜ਼ਰੇਆਮ ਉੱਤੇ ਲੈ ਆਂਦਾ ਹੈ। ਸ਼ਹਿਜ਼ਾਦ ਸਿੱਧੂ, ਵਕਾਰ ਭਿੰਡਰ ਅਤੇ ਸਾਥੀਆਂ ਦੀਆਂ ਰਗਾਂ ’ਚੋਂ ਨਿਕਲੀ ਰੋਹ ਭਰੀ ਆਵਾਜ਼ ਫ਼ਿਰਕੂ ਰਾਸ਼ਟਰਵਾਦੀ ਵਿਚਾਰਧਾਰਾ ਦੇ ਕਰਤਿਆਂ ਧਰਤਿਆਂ ਲਈ ਵੰਗਾਰ ਬਣ ਉੱਭਰੀ ਹੈ। ਧਰਮ ਆਧਾਰਿਤ ਦੋ ਕੌਮਾਂ ਦੇ ਥੀਸਸ ਨਾਲ ਪੰਜਾਬੀ ਕੌਮ ਦਾ ਕਲੇਜਾ ਚੀਰ ਦਿੱਤਾ ਗਿਆ।
       ਅੱਜ ਕਿਸਾਨਾਂ ਦੀ ਬਗ਼ਾਵਤ ਨੇ ਜਦੋਂ ਮੁੜ ਪੰਜਾਬ ਨੂੰ ਸਾਂਝੀਵਾਲਤਾ ਦੇ ਰਾਹ ਮੋੜਦਿਆਂ ਬਾਬਾ ਨਾਨਕ ਦੀ ‘ਸਰਬੱਤ ਦੇ ਭਲੇ’ ਵਾਲੀ ਅਗਵਾਈ ਕਬੂਲੀ ਤਾਂ ਸਮੁੱਚੀ ਪੰਜਾਬੀਅਤ ਅੰਦਰ ਨਵੇਂ ਜੋਸ਼ ਅਤੇ ਹੋਸ਼ ਨੇ ਅੰਗੜਾਈ ਲਈ ਹੈ। ਸਮਾਜ ਵਿਚ ਕਿਸਾਨ ਇਕ ਪੂਰੀ ਦੀ ਪੂਰੀ ਜਮਾਤ ਹੈ ਜੋ ਕਾਰਪੋਰੇਟੀ ਹਾਕਮਾਂ ਅਤੇ ਉਸ ਦੀ ਸਾਥੀ ਸਰਕਾਰ ਦੀ ਅੱਖ ਵਿਚ ਆਜ਼ਾਦ ਹੋਂਦ ਵਜੋਂ ਰੜਕ ਰਹੀ ਹੈ। ਪੂਰੇ ਪੰਜਾਬ ਦੀ ਆਰਥਿਕਤਾ ਖੇਤੀਬਾੜੀ ਉੱਤੇ ਟਿਕੀ ਹੋਈ ਹੈ। ਕਿਸਾਨਾਂ ਨੇ ਇਨ੍ਹਾਂ ਜ਼ਮੀਨਾਂ ਨੂੰ ਆਪਣੇ ਲਹੂ ਨਾਲ ਸਿੰਜ ਕੇ ਪੱਧਰ ਕੀਤਾ ਹੈ।
          ਕਿਸਾਨਾਂ ਨੇ ਬਾਰਾਂ ਦੀ ਰੱਕੜ, ਰੇਤਲੀ, ਜੰਗਲੀ ਭੋਇੰ ਨੂੰ ਪੁੱਟ-ਪੁੱਟ ਕੇ ਪੱਧਰਾ ਕੀਤਾ। ਬਾਰਾਂ ਵਿੱਚ ਅੰਗਰੇਜ਼ਾਂ ਵੱਲੋਂ ਆਲਾਟ ਕੀਤੇ ਮੁਰੱਬਿਆਂ ਵਿਚ ਪੰਝੱਤਰ ਫ਼ੀਸਦ ਜ਼ਮੀਨ ਜੱਟ ਸਿੱਖਾਂ ਨੂੰ ਅਲਾਟ ਕੀਤੀ ਗਈ ਸੀ। ਨਹਿਰੀ ਨਿਜ਼ਾਮ ਰਾਹੀਂ ਸਿੰਚਾਈ ਨਾਲ ਉਪਜਣ ਵਾਲੀਆਂ ਢੇਰ ਸਾਰੀਆਂ ਫ਼ਸਲਾਂ ਪੰਜਾਬ ਦੀ ਪਹਿਲੀ ਹਰੀ ਕ੍ਰਾਂਤੀ ਦੀਆਂ ਗਵਾਹ ਸਨ। ਸੰਤਾਲੀ ਵੇਲੇ ਸਿੱਖਾਂ ਵੱਲੋਂ ਭਾਰਤ ਨੂੰ ਹੀ ਆਪਣਾ ਦੇਸ ਕਬੂਲ ਲੈਣ ਕਾਰਨ ਇਨ੍ਹਾਂ ਨੇ ਬਾਰ ਦੀਆਂ ਜ਼ਮੀਨਾਂ ਹੀ ਨਹੀਂ ਗਵਾਈਆਂ ਸਗੋਂ ਆਪਣੀਆਂ ਧੀਆਂ, ਭੈਣਾਂ, ਮਾਵਾਂ, ਪੁੱਤ, ਪੋਤਰੇ, ਪਤੀ, ਪਤਨੀਆਂ ਕੁਰਬਾਨ ਹੁੰਦੇ ਅੱਖੀਂ ਵੇਖੇ। ਚੜ੍ਹਦੇ ਤੋਂ ਲਹਿੰਦੇ ਅਤੇ ਲਹਿੰਦੇ ਤੋਂ ਚੜ੍ਹਦੇ ਪੰਜਾਬ ਵਿਚ ਲਹੂ ਦਾ ਛੇਵਾਂ ਦਰਿਆ ਵਹਿ ਤੁਰਿਆ। ਫਿਰ ਪੰਜਾਬ ਦੇ ਪੁੱਤ, ਧੀਆਂ ਦਰ-ਦਰ ਦੀਆਂ ਠੋਕਰਾਂ ਖਾਂਦੇ ਰੈਣ ਬਸੇਰਾ ਬਣਾਉਣ ਲੱਗੇ। ਚੰਗੀਆਂ ਜ਼ਮੀਨਾਂ ਗਵਾ ਆਇਆਂ ਨੇ ਬੰਜਰ ਭੋਇੰ ਨੂੰ ਮੁੜ ਪੁੱਟਿਆ। ਜ਼ਮੀਨ ਕੁਝ ਸੁਖ ਦੇਣ ਜੋਗੀ ਹੋਈ ਹੈ ਤਾਂ ਅੱਜ ਕਾਰਪੋਰੇਟਾਂ ਦੇ ਪੱਖ ਵਿਚ ਤਿੰਨ ਨਵੇਂ ਖੇਤੀ ਕਾਨੂੰਨ ਬਣ ਗਏ ਹਨ।
         ਸੰਤਾਲੀ ਦੀ ਚੀਸ ਗੀਤ ‘ਪੰਜਾਬ’ ਵਿੱਚੋਂ ਰਿਸ ਰਹੀ ਹੈ ਜੋ ਆਪਣੇ ਕਿਸਾਨ ਭਰਾਵਾਂ ਨਾਲ ਹਮਦਰਦੀ ਬਣ ਖੜ੍ਹੀ ਹੋ ਗਈ ਹੈ ਅਤੇ ਪੇਸ਼ ਕਰ ਰਹੀ ਹੈ ਕਿ ਸਮੂਹ ਪੰਜਾਬੀਅਤ ਦੇ ਦੁੱਖ-ਦਰਦ ਸਾਂਝੇ ਹਨ ਅਤੇ ਹਮੇਸ਼ਾ ਵਾਂਗ ਉਨ੍ਹਾਂ ਦੇ ਗੀਤਾਂ ਦਾ ਵਿਰਸਾ ਵੀ ਸਾਂਝਾ ਹੈ। ਪੰਜਾਬ ਸੱਚਮੁੱਚ ਹਰ ਤਰ੍ਹਾਂ ਦੀ ਵੰਡਪਾਊ ਫ਼ਿਰਕੂ ਵਿਚਾਰਧਾਰਾ ਲਈ ਸ਼ੇਰ ਹੀ ਰਿਹਾ ਸੀ ਜੋ ਹੁਣ ਆਜ਼ਾਦੀ, ਬਰਾਬਰੀ ਅਤੇ ਭਾਈਚਾਰੇ ਦੇ ਇਤਿਹਾਸਕ ਵਿਰਸੇ ਦੀ ਊਰਜਾ ਨਾਲ ਹਰ ਤਰ੍ਹਾਂ ਦੀ ਗ਼ੁਲਾਮੀ ਖਿਲਾਫ਼ ਫਿਰ ਦਹਾੜ ਰਿਹਾ ਹੈ। ਧਰਨੇ ਵਿਚ ਸ਼ਾਮਿਲ ਬਾਬਿਆਂ ਦੀ ਦਹਾੜ ਸੁਣਨ ਵਾਲੀ ਹੈ। ਉਨ੍ਹਾਂ ਦੇ ਚਿਹਰਿਆਂ ਦਾ ਨੂਰ ਏਕੇ ਦੀ ਬਰਕਤ ਨੂੰ ਸਿੰਜ ਰਿਹਾ ਹੈ। ਬਾਬਾ ਗੁਰੂ ਨਾਨਕ ਨੇ ਪੰਜਾਬ ਦੇ ਇਤਿਹਾਸਕ ਵਿਰਸੇ ਨੂੰ ਸਮੂਹ ਮਾਨਵਤਾ ਤੱਕ ਪਹੁੰਚਾਉਣ ਲਈ ਅਖੌਤੀ ਨੀਵਿਆਂ ਨਾਲ ਖੜ੍ਹ ਕੇ ਅਖੌਤੀ ਉੱਚੀ ਜਾਤ ਦੇ ਅਭਿਮਾਨ ਨੂੰ ਲਲਕਾਰਿਆ ਸੀ ਜੋ ਮਨੁੱਖਤਾ ਦੀ ਵੰਡ ਕਰਦਾ, ਨਾਬਰਾਬਰੀ ਦੇ ਜ਼ਹਿਰ ਨੂੰ ਬੰਦੇ ਦੀਆਂ ਨਸਾਂ ਅੰਦਰ ਭਰ ਦਿੰਦਾ ਹੈ। ਫਿਰ ਹੌਲੀ ਹੌਲੀ ਨਿਜ਼ਾਮਾਂ ਨੇ ਸਾਨੂੰ ਸੱਤਾ/ਧਨ ਰਾਹੀਂ ਹਉਮੈ ਦਾ ਸਬਕ ਪੜ੍ਹਾਇਆ ਅਤੇ ਅਸੀਂ ਬਾਬਾ ਨਾਨਕ ਦੇ ਕਿਰਤੀ ਲਾਲੋਆਂ ਨੂੰ ਦੁੱਕੀ-ਤਿੱਕੀ ਦੇ ਲਕਬ ਦੇਣ ਲੱਗੇ। ਇਸ ਰਾਹੀਂ ਫ਼ਿਰਕੂ ਦੈਂਤ ਸਾਡਾ ਸ਼ਿਕਾਰ ਕਰਨ ਲਈ ਦੌੜਿਆ। ਇਸ ਦੈਂਤ ਤੋਂ ਪੰਜਾਬ ਦੇ ਨਾਥ, ਜੋਗੀ, ਸਿੱਧ, ਸੂਫ਼ੀ ਅਤੇ ਬਾਬਾ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦੇ ਵਿਚਾਰ ਹੀ ਬਚਾ ਸਕਦੇ ਹਨ ਜੋ ਸਮੁੱਚੀ ਮਾਨਵਤਾ ਨੂੰ ਹੀ ਨਹੀਂ ਸਗੋਂ ਕੁਦਰਤ ਨੂੰ ਵੀ ਇਕ ਵਿਚਾਰ ਦੀ ਉਪਜ ਮੰਨਦੇ ਹਨ। ਊਚ ਨੀਚ, ਅਮੀਰ ਗ਼ਰੀਬ ਤਾਂ ਲੁਟੇਰਿਆਂ ਦਾ ਸ਼ਬਦਕੋਸ਼ ਹਨ।

ਪੰਜਾਲੀਆਂ ਤੇ ਬਲਦਾਂ ਨਾ’ ਹੋਇਆ ਜੋ ਜਵਾਨ
ਅੱਜ ਆਖਦੇ ਕਿਸਾਨ ਅਤਿਵਾਦੀ ਹੋ ਗਿਆ
ਆਪਣੇ ਖੇਤਾਂ ਦੇ ਵਿਚ ਸੋਚ ਕੇ ਗ਼ੁਲਾਮੀ
ਅੱਜ ਸਾਡਾ ਇਹ ਕਿਸਾਨ ਜਜ਼ਬਾਤੀ ਹੋ ਗਿਆ

       ਪੰਜਾਬ, ਹਰਿਆਣਾ, ਯੂ.ਪੀ., ਰਾਜਸਥਾਨ ਤੇ ਹੋਰ ਸੂਬਿਆਂ ਦੇ ਆਪਣੇ ਹੱਕਾਂ ਦੇ ਅੰਦੋਲਨ ਲਈ ਦਿੱਲੀ ਦੇ ਬਾਰਡਰਾਂ ਉੱਪਰ ਤਣੇ ਹੋਏ ਕਿਸਾਨ ਹੁਣ ਅਤਿਵਾਦੀ, ਖਾਲਿਸਤਾਨੀ, ਨਕਸਲੀ, ਕਮਿਊਨਿਸਟ, ਖੱਬੇ ਆਦਿ ਵਿਸ਼ੇਸ਼ਣਾਂ ਵਿਚ ਢਾਲ ਦਿੱਤੇ ਗਏ ਹਨ। ਗੋਦੀ ਮੀਡੀਆ ਇਨ੍ਹਾਂ ਸੱਚ ਦੇ ਪਾਂਧੀਆਂ ਨੂੰ ਬਦਨਾਮ ਕਰਨ ਵਿਚ ਸਰਗਰਮ ਹੈ। ਇਸ ਦੇ ਉਲਟ ਬਾਬਾ ਗੁਰੂ ਨਾਨਕ ਦਾ ਵਿਹਾਰਕ ਦਰਸ਼ਨ ਲੰਗਰ ਇਸ ਅੰਦੋਲਨ ਦੀ ਰੀੜ੍ਹ ਹੈ ਜੋ ਬਰਾਬਰੀ ਦੇ ਵਿਹਾਰਕ ਇਨਸਾਨੀ ਫਲਸਫ਼ੇ ਰਾਹੀਂ ਫ਼ਿਰਕੂ ਸੱਤਾ ਦੀ ਰੀੜ੍ਹ ਤੋੜ ਦਿੰਦਾ ਹੈ। ਪੰਜਾਬ ਬਾਬਾ ਗੁਰੂ ਨਾਨਕ ਦੇ ਵਿਹਾਰਕ ਫਲਸਫ਼ੇ ਨਾਲ ਲਬਾਲਬ ਹੈ ਤਾਂ ਲਹਿੰਦਾ ਪੰਜਾਬ ਚੜ੍ਹਦੇ ਨਾਲੋਂ ਵੱਖ ਕਿਵੇਂ ਰਹਿ ਸਕਦਾ ਹੈ? ਹਾਂ, ਰਾਜਨੀਤਕ ਮੋਹਰਾ ਬਣ ਖੁਆਰ ਜ਼ਰੂਰ ਹੋ ਸਕਦਾ, ਤੇ ਹੁੰਦਾ ਰਿਹਾ। ਡੇਰੀਵਾਲਾ ਇਸੇ ਇਤਿਹਾਸ ਨੂੰ ‘ਪੰਜਾਬ’ ਗੀਤ ਵਿਚ ਦੁਹਰਾਉਂਦਾ ਹੈ :
ਖੂਨ ਖੰਨੇ ਦਾ ਵੀ ਉਹੀ, ਖੂਨ ਲਹੌਰ ਦਾ ਵੀ ਉਹੀ
ਖੂਨ ਲਾਇਲਪੁਰ ਵਾਲੇ ਲੁਧਿਆਣੇ ਬੋਲਦੇ
ਸਾਡੀ ਇਕੋ ਏ ਜ਼ਬਾਨ, ਸਾਡੇ ਵਿਰਸੇ ਵੀ ਇਕੋ
ਕਿੱਥੋਂ ਵੱਖ ਨੇ ਪੰਜਾਬ ਇਹ ਸਿਆਣੇ ਬੋਲਦੇ
ਸਭ ਖੇਡ ਹੈ ਸਿਆਸੀ ਤੇ ਖਿਡੌਣੇ ਅਸੀਂ ਆਂ
ਸਿਆਣਿਆਂ ਦਾ ਮਾਈਂਡ ਏਹੀ ਕਹਿੰਦਾ ਵੀਰਿਆ
ਸਾਡੇ ਖੂਨ ਵਿਚ ਵੱਸਦਾ ਪੰਜਾਬ ਬੋਲਦਾ
ਕੀ ਚੜ੍ਹਦਾ ਪੰਜਾਬ ਕੀ ਆ ਲਹਿੰਦਾ ਵੀਰਿਆ

       ਪੰਜਾਬ ਨੂੰ ਲੰਬਾ ਸਮਾਂ ਖੁਆਰ ਹੋਣ ਤੋਂ ਬਾਅਦ ਇਹ ਸਮਝ ਪਈ ਹੈ ਕਿ ਪੰਜਾਬੀ  ਧਰਮਾਂ ਅਤੇ ਜਾਤਾਂ ਦੀ ਸਿਆਸੀ ਖੇਡ ਦੇ ਮਾਤਰ ਖਿਡੌਣੇ ਬਣ ਗਏ ਹਨ। ਪੰਜਾਬੀ ਬੰਦੇ ਨੂੰ ਧਰਮ ਅਤੇ ਜਾਤ ਆਧਾਰਿਤ ਸਿਆਸੀ ਖੇਡ ਦੀ ਪਿਆਦਾਗਿਰੀ ਤੋਂ ਮੁਕਤ ਹੋ ਕੇ ਹੀ ਖੁੱਸਿਆ ਹੋਇਆ ਆਪਣਾ ਵਿਰਸਾ ਪ੍ਰਾਪਤ ਹੋ ਸਕਦਾ ਹੈ। ਪੰਜਾਬ ਕੋਲ ਆਪਣੇ ਵਿਰਸੇ ਦਾ ਤਾਕਤਵਰ ਇਤਿਹਾਸ ਹੈ ਜੋ ਹਰ ਤਰ੍ਹਾਂ ਦੀ ਨਾਬਰਾਬਰੀ ਤੋਂ ਮੁਕਤ ਕਰਵਾ ਸਕਦਾ ਹੈ। ਫ਼ਿਰਕੂਪੁਣੇ ਦੇ ਕਾਰਪੋਰੇਟ ਨਾਲ ਗੱਠਜੋੜ ਦੀ ਸਿਆਸੀ ਖੇਡ ਦੇ ਖਿਡੌਣੇ ਬਣਨ ਤੋਂ ਇਨਕਾਰੀ ਪੰਜਾਬੀ ਸਾਰੇ ਹਿੰਦੋਸਤਾਨ ਨੂੰ ਇਸ ਨਾਪਾਕ ਗੱਠਜੋੜ ’ਚੋਂ ਬਾਹਰ ਕੱਢਣ ਦੀ ਚੇਤਨਾ ਲਈ ਕੜਾਕੇ ਦੀਆਂ ਠੰਢੀਆਂ ਰਾਤਾਂ ਨਾਲ ਦਸਤਪੰਜਾ ਲੈਂਦੇ ਇਲਮ ਨੂੰ ਅਮਲ ਵਿੱਚ ਢਾਲ ਰਹੇ ਹਨ। ਜਦੋਂ ਇਲਮ ਅਮਲ ਬਣ ਜਾਵੇ ਤਾਂ ਦੁਨੀਆ ਦੀ ਕੋਈ ਤਾਕਤ ਨਹੀਂ ਜੋ ਉਸ ਨੂੰ ਨਿਸ਼ਾਨੇ ਤੱਕ ਪਹੁੰਚਣ ਤੋਂ ਰੋਕ ਸਕੇ। ਇੱਥੇ ਥੋੜ੍ਹੇ ਸਮੇਂ ਲਈ ਇਤਿਹਾਸ ’ਚ ਜਾਣਾ ਜ਼ਰੂਰੀ ਹੈ।
        ਬਰਤਾਨਵੀ ਇਤਿਹਾਸਕਾਰ ਹਿੰਦੋਤਸਾਨ ਦੇ ਇਤਿਹਾਸ ਦੀ ਕਾਲ ਵੰਡ ਪੁਰਾਤਨ ਭਾਰਤ (ਹਿੰਦੂ ਕਾਲ),  ਮੁਸਲਿਮ ਕਾਲ ਅਤੇ ਆਧੁਨਿਕ ਕਾਲ (ਭਾਵ ਬਰਤਾਨਵੀ ਬਸਤੀਵਾਦ) ਵਿਚ ਕਰਦਿਆਂ ਮੁਸਲਿਮ ਕਾਲ ਉੱਤੇ ਸਵਾਲੀਆ ਨਿਸ਼ਾਨ ਲਾਉਂਦਿਆਂ ਆਪਣੇ ਬਸਤੀਵਾਦੀ ਉਥਾਨ ਨੂੰ ਨਿਆਂਇਕ ਸਿੱਧ ਕਰਦੇ ਹਨ। ਇਸ ਤੋਂ ਇਲਾਵਾ ਵੰਡ ਮਗਰੋਂ ਚੜ੍ਹਦੇ ਪੰਜਾਬ ਦੇ ਲੋਕਾਂ ਦੀ ਲਹਿੰਦੇ ਪੰਜਾਬ ਨਾਲੋਂ ਸੰਚਾਰਕ ਦੂਰੀ ਨੇ ਚੜ੍ਹਦੇ ਪੰਜਾਬ ਦੇ ਲੋਕਾਂ ਨੂੰ ਭਰਮਤ ਕਰ ਰੱਖਿਆ ਸੀ ਜੋ ਲਹਿੰਦੇ ਪੰਜਾਬ ਦੇ ਮੁਸਲਮਾਨਾਂ ਨੂੰ ਚੰਗਾ ਨਹੀਂ ਸਨ ਸਮਝਦੇ।
         ਪਿਛਲੇ ਕੁਝ ਸਾਲਾਂ ਤੋਂ ਸੋਸ਼ਲ ਮੀਡੀਆ ਰਾਹੀਂ ਸੰਚਾਰਕ ਨੇੜਤਾ ਨਾਲ ਦੋਵਾਂ ਪੰਜਾਬਾਂ ਦੇ ਲੋਕਾਂ ਅੰਦਰੋਂ ਦਵੇਸ਼ ਦੀ ਭਾਵਨਾ ਮੁੱਕਣ ਵੱਲ ਹੋ ਤੁਰੀ ਹੈ ਅਤੇ ਸਭਨਾਂ ਨੂੰ ਪੰਜਾਬੀ ਹੋਣ ਦੇ ਅਹਿਸਾਸ ਨੇ ਟੁੰਬ ਲਿਆ ਹੈ। ਸੰਤਾਲੀ ਦੇ ਉਜਾੜੇ ਦੀਆਂ ਬਜ਼ੁਰਗਾਂ ਨਾਲ ਮੁਲਾਕਾਤਾਂ ਨੇ ਇਕ ਨਵਾਂ ਇਤਿਹਾਸ ਸਿਰਜਣ ਦਾ ਰਾਹ ਆਰੰਭਿਆ ਹੈ। ਇਨ੍ਹਾਂ ਸੂਚਨਾਵਾਂ ਤੋਂ ਪਤਾ ਲੱਗਦਾ ਹੈ ਕਿ ਮੁਸਲਮਾਨ ਪੰਜਾਬ ਦੇ ਬਹੁਤ ਸਾਰੇ ਉਹੀ ਕਬੀਲੇ ਹਨ, ਜੋ ਸਿੱਖ ਵੀ ਹਨ ਅਤੇ ਹਿੰਦੂ ਵੀ। ਪਹਿਲੇ ਵੇਲਿਆਂ ’ਚ ਮੁਸਲਿਮ ਆਪਣੇ ਨਾਲ ਗੋਤਰ ਨਹੀਂ ਲਾਉਂਦੇ ਸਨ ਅਤੇ ਸਿੱਖ ਵੀ ਨਹੀਂ। ਚੜ੍ਹਦੇ ਪੰਜਾਬ ’ਚ ਗੋਤਰ ਲਾਉਣ ਦੀ ਆਲੋਚਨਾ ਜਾਤਾਂ ਨੂੰ ਪੱਕਿਆਂ ਕਰਨ ਵਜੋਂ ਕੀਤੀ ਗਈ ਜਦੋਂਕਿ ਗੋਤਰ ਕਬੀਲਾਈ ਵਿਰਸੇ ਦੀ ਪਛਾਣ ਹਨ। ਲਹਿੰਦੇ ਪੰਜਾਬ ਵਿਚ ਗੋਤ ਲਾਉਣ ਨਾਲ ਪਤਾ ਲੱਗਦਾ ਹੈ ਕਿ ਮੁਸਲਮਾਨਾਂ ਦੀ ਵੱਡੀ ਗਿਣਤੀ ਜੱਟ ਹੈ ਜੋ ਖੇਤੀ ਕਰਦੀ ਹੈ। ਜੱਟਾਂ ਦੇ ਸੁਭਾਅ, ਸੱਭਿਆਚਾਰ, ਵਿਰਸਾ ਹਿੰਦੂ, ਮੁਸਲਿਮ ਜਾਂ ਸਿੱਖ ਹੋਣ ਦੇ ਬਾਵਜੂਦ ਇਕੋ ਜਿਹੇ ਹਨ ਕਿਉਂਕਿ ਇਹ ਇਕੋ ਕਬੀਲੇ ਦੇ ਵਿਰਸੇ ਨੂੰ ਪ੍ਰਣਾਏ ਹੋਏ ਹਨ। ਇਸੇ ਤਰ੍ਹਾਂ ਰਾਜਪੂਤ, ਗੁੱਜਰ, ਲਬਾਣੇ, ਕੰਬੋਅ, ਮੁਸੱਲੀ, ਖੋਖਰ ਵੱਖ-ਵੱਖ ਕਬੀਲਾਈ ਲੋਕ ਸਨ ਜਿਨ੍ਹਾਂ ਨੂੰ ਤੁਰਕ ਅਤੇ ਮੁਗ਼ਲ ਹਾਕਮਾਂ ਨੇ ਪਿੰਡਾਂ ਵਿਚ ਵਸਾਇਆ। ਆਮ ਮੁਸਲਮਾਨ ਵੀ ਪਿੰਡਾਂ ਵਿਚ ਮੁਸਲਿਮ ਹਾਕਮਾਂ ਦਾ ਉਸੇ ਤਰ੍ਹਾਂ ਦਮਨ ਸਹਿੰਦੇ ਸਨ, ਜਿਵੇਂ ਸਿੱਖ ਜਾਂ ਹਿੰਦੂ। ਹੁਣ ਬਾਜਵੇ, ਚੀਮੇ, ਚੱਠੇ, ਸਿੱਧੂ ਆਦਿ ਗੋਤਰਾਂ ਦੀ ਪਛਾਣ ਨਾਲ ਇਹ ਸਮਝਣ ਵਿਚ ਸਹਾਇਤਾ ਮਿਲਦੀ ਹੈ ਕਿ ਕੌਣ ਕਿਸ ਕਬੀਲੇ ਦਾ ਹੈ। ਕਬੀਲਿਆਂ ਦੇ ਲੋਕ ਕਿਉਂਕਿ ਖ਼ੁਦਦਾਰੀ, ਬਰਾਬਰੀ, ਦਲੇਰੀ, ਜ਼ੁਅਰਤ ਨਾਲ ਨੱਕੋ ਨੱਕ ਭਰੇ ਹੁੰਦੇ ਹਨ, ਬਾਬਾ ਨਾਨਕ ਦੀ ਭਾਸ਼ਾ ਵਿਚ ਜਿਸਨੂੰ ‘ਪਤਿ’ ਕਿਹਾ ਗਿਆ ਹੈ ਜਦੋਂਕਿ ਜਾਤਪਾਤੀ ਪ੍ਰਬੰਧ ਮਨੁੱਖ ਦੀ ਖ਼ੁਦਦਾਰੀ ’ਤੇ ਸੱਟ ਮਾਰਦਾ ਉਸ ਨੂੰ ਚਕਨਾਚੂਰ ਕਰ ਦਿੰਦਾ ਹੈ।

ਪਾਰ ਬਾਡਰਾਂ ਦੀ ਹਾਕ ਹੁਣ ਪਹੁੰਚ ਗਈ ਏ ਜੱਟਾ
ਜੱਟ ਲਹਿੰਦੇ ਵੱਲ ਦੇ ਵੀ ਵੀਰੇ ਕੱਬੇ ਬੜੇ ਆ
ਵਰਤੇ ਕੋਈ ਭਾਣਾ ਕਿਤੇ ਖੁੱਲ੍ਹ ਜਾਣ ਹੱਦਾਂ
ਅਸੀਂ ਧਰਨੇ ਦੇ ਬਹਿਣ ਨੂੰ ਤਿਆਰ ਖੜ੍ਹੇ ਆਂ
ਡੇਰੇਆਲਿਆਂ ਨੇ ਲਿਖਿਆ ਕਿਸਾਨਾਂ ਵਾਸਤੇ
ਤੋੜ ਕੇ ਕਲਮ ਫਿਰ ਘਰੇ ਬਹਿ ਜਾਵੀਂ
ਪੂਰਾ ਬਣਦਾ ਪੰਜਾਬ ਚੜ੍ਹਦੇ ਤੇ ਲਹਿੰਦੇ ਨਾ
ਜਾਂਦਾ ਜਾਂਦਾ ਵੀਰਿਆ ਸੁਨੇਹਾ ਲੈ ਜਾਵੀਂ

      ਇਨ੍ਹਾਂ ਸਤਰਾਂ ਵਿਚ ਜੱਟ ਸ਼ਬਦ ਨੂੰ ਕਿਸਾਨ ਵਜੋਂ ਸੰਬੋਧਨ ਕਬੀਲਾਈ ਸਾਂਝ ਦੇ ਪ੍ਰਤੀਕ ਵਜੋਂ ਹਾਜ਼ਰ ਹੈ। ਖੇਤੀ ਨਾਲ ਸਬੰਧਿਤ ਕਾਰੀਗਰ ਜਮਾਤਾਂ ਵੀ ਇਨ੍ਹਾਂ ਕਬੀਲਿਆਂ ਦਾ ਹੀ ਹਿੱਸਾ ਹਨ ਜਿਨ੍ਹਾਂ ਅੰਦਰ ਸਾਂਝਾ ਖ਼ੂਨ ਦੌੜਦਾ ਹੈ। ਅੰਗਰੇਜ਼ਾਂ ਨੇ ਪੰਜਾਬ ਦੀਆਂ ਜਾਤਾਂ ਦਾ ਵਰਗੀਕਰਨ ਕਰਕੇ ਪੰਜਾਬ ਨੂੰ ਜਾਤ ਅਤੇ ਧਰਮ ਦੀ ਅਜਿਹੀ ਪੁੱਠ ਚਾੜ੍ਹੀ ਕਿ ਪੰਜਾਬੀਅਤ ਦੇ ਨਕਸ਼ ਧੁੰਦਲੇ ਹੋ ਕੇ ਰਹਿ ਗਏ। ਪੰਜਾਬੀਅਤ ਨੂੰ ਆ ਰਹੀ ਅੱਜ ਵਾਲੀ ਸਮਝ ਜੇ ਵੀਹਵੀਂ ਸਦੀ ਦੇ ਆਰੰਭ ਵਿਚ ਪ੍ਰਾਪਤ ਹੋ ਜਾਂਦੀ ਤਾਂ ਪੰਜਾਬ ਵੰਡ ਤਾਂ ਕੀ, ਹਿੰਦੋਸਤਾਨ ਦੇ ਨਕਸ਼ ਵੀ ਕੁਝ ਹੋਰ ਹੀ ਹੁੰਦੇ। ਅੱਜ ਵੀ ਧਰਮਾਂ ਤੇ ਜਾਤਾਂ ਦੇ ਆਧਾਰ ’ਤੇ ਕਿਸਾਨਾਂ ਵਿਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਉਹ ਇਸ ਤੋਂ ਅਭਿੱਜ ਮਸਤ ਹਾਥੀ ਦੀ ਚਾਲ ਚੱਲਦੇ ਜਾਣ। ਅੱਜ ਹਿੰਦੋਸਤਾਨ ਦੇ ਕਿਸਾਨਾਂ ਨੂੰ ਆਪਣੀ ਚੇਤਨਾ ’ਚ ਧੱਕੇ ਜਾ ਰਹੇ ਹਰ ਕਿਸਮ ਦੇ ਵਖਰੇਵਿਆਂ  ਨੂੰ ਵਗਾਹ ਮਾਰਨਾ ਲਾਜ਼ਮੀ ਹੋਵੇਗਾ।
   ਕਿਰਤੀ ਲੋਕਾਂ ਵਿਚ ਪਾੜ ਪੈਦਾ ਕਰਨਾ ਬਸਤੀਵਾਦੀ ਅਤੇ ਸਾਮਰਾਜਵਾਦੀ ਵਿਚਾਰਧਾਰਾ ਦਾ ਆਲਮੀ ਵਰਤਾਰਾ ਹੈ। ਜਦੋਂ ਮਨੁੱਖ ‘ਸਰਬੱਤ ਦੇ ਭਲੇ’ ਦੀ ਅਰਦਾਸ ’ਚੋਂ ਰੌਸ਼ਨੀ ਲੈਂਦਾ ਹੈ ਤਾਂ ਕੂੜ ਦੀ ਕੰਧ ਢਹਿਣ ਲੱਗਦੀ ਹੈ।
      ਦਿੱਲੀ ਵਿਚ ਚੱਲ ਰਹੇ ਕਿਸਾਨ ਅੰਦੋਲਨ ਦੀ ਇਹ ਪ੍ਰਾਪਤੀ ਹੈ ਕਿ ਇਸ ਨੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਮੂਹ ਪੰਜਾਬੀਆਂ ਅੰਦਰ ਨਿੱਘ ਦੀ ਊਰਜਾ ਭਰ ਦਿੱਤੀ ਹੈ। ਕਾਸ਼! ਅਸੀਂ ਸਮੂਹ ਪੰਜਾਬੀ ਇਸ ਬਰੇ-ਸਗੀਰ ਨੂੰ ਮਨੁੱਖੀ ਏਕਤਾ ਦੇ ਸੂਤਰ ਵਿਚ ਬੰਨ੍ਹ ਸਕੀਏ। ਜੇ ਅਜਿਹਾ ਹੁੰਦਾ ਹੈ ਤਾਂ ਕਾਰਪੋਰੇਟ ਅਤੇ ਉਸ ਦੀ ਸਰਕਾਰੀ ਜੁੰਡਲੀ ਕਿਸਾਨਾਂ/ਆਵਾਮ ਦੇ ਰੋਹ ਤੋਂ ਨਹੀਂ ਬਚ ਸਕੇਗੀ। ਸਾਡਾ ਏਕਾ ਹੀ ਸਾਡੀ ਤਾਕਤ ਹੈ। ਪੰਜਾਬ ਦੀ ਪੁਨਰ ਸਿਰਜਣਾ ਵਕਤ ਦੀ ਆਵਾਜ਼ ਹੈ, ਜੇ ਅਸੀਂ ਇਹ ਆਵਾਜ਼ ਲਗਾਤਾਰ ਸੁਣਦੇ ਰਹਿ ਸਕੀਏ।
ਸੰਪਰਕ : 98140-99426