ਭਾਰਤ ਵਿਚੋਂ ਕੌਮਾਂਤਰੀ ਪਰਵਾਸ ਦੇ ਪਹਿਲੂ - ਡਾ. ਗਿਆਨ ਸਿੰਘ

15 ਜਨਵਰੀ 2021 ਨੂੰ ਸੰਯੁਕਤ ਰਾਸ਼ਟਰ ਦੇ ਆਰਥਿਕ ਅਤੇ ਸਮਾਜਿਕ ਮਾਮਲਿਆਂ ਬਾਰੇ ਵਿਭਾਗ (ਯੂਐੱਨ-ਡੀਈਐੱਸਏ) ਦੀ ਰਿਪੋਰਟ ‘ਇੰਟਰਨੈਸ਼ਨਲ ਮਾਈਗ੍ਰੇਸ਼ਨ 2020’ ਅਨੁਸਾਰ ਦੁਨੀਆ ਵਿਚ ਭਾਰਤ ਦੇ ਪਰਵਾਸੀਆਂ ਦੀ ਗਿਣਤੀ ਸਭ ਮੁਲਕਾਂ ਤੋਂ ਜ਼ਿਆਦਾ ਹੈ। 2020 ਵਿਚ ਭਾਰਤ ਦੇ 1 ਕਰੋੜ 80 ਲੱਖ ਲੋਕ ਬਾਹਰਲੇ ਮੁਲਕਾਂ ਵਿਚ ਰਹਿ ਰਹੇ ਸਨ। ਭਾਰਤ ਤੋਂ ਬਾਅਦ ਹੋਰ ਵੱਡੇ ਮੁਲਕਾਂ ਵਿਚ ਮੈਕਸੀਕੋ (1 ਕਰੋੜ 10 ਲੱਖ), ਰੂਸ (1 ਕਰੋੜ 10 ਲੱਖ), ਚੀਨ (1 ਕਰੋੜ) ਅਤੇ ਸੀਰੀਆ (80 ਲੱਖ) ਸ਼ਾਮਲ ਹਨ। 2000-2010 ਦੌਰਾਨ ਭਾਰਤ ਦੇ 1 ਕਰੋੜ ਲੋਕਾਂ ਨੇ ਕੌਮਾਂਤਰੀ ਪਰਵਾਸ ਕੀਤਾ।
        ਮਨੁੱਖਾਂ ਦੀ ਹੋਂਦ ਦੀ ਸ਼ੁਰੂਆਤ ਦੇ ਨਾਲ ਹੀ ਉਨ੍ਹਾਂ ਦਾ ਪਰਵਾਸ ਸ਼ੁਰੂ ਹੋ ਗਿਆ ਸੀ। ਪਹਿਲਾਂ-ਪਹਿਲ ਮਨੁੱਖ ਆਪਣੇ ਜਿਊਣ ਲਈ ਖਾਧ ਪਦਾਰਥਾਂ ਦੀ ਭਾਲ ਵਿਚ ਇਕ ਤੋਂ ਦੂਜੀ ਥਾਂ ਪਰਵਾਸ ਕਰਦੇ ਸਨ। ਮਨੁੱਖਾਂ ਨੇ ਆਪਣੀ ਜ਼ਿੰਦਗੀ ਸੁਖਾਲੀ ਬਣਾਉਣ ਲਈ ਜਾਨਵਰ ਪਾਲਣੇ ਅਤੇ ਫ਼ਸਲਾਂ ਉਗਾਉਣੀਆਂ ਸ਼ੁਰੂ ਕੀਤੀਆਂ ਜਿਸ ਦੇ ਨਤੀਜੇ ਵਜੋਂ ਹੌਲੀ ਹੌਲੀ ਪਿੰਡ ਅਤੇ ਸ਼ਹਿਰ ਹੋਂਦ ਵਿਚ ਆਏ। ਮਨੁੱਖਾਂ ਨੇ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਪਿੰਡਾਂ ਤੋਂ ਪਿੰਡਾਂ, ਪਿੰਡਾਂ ਤੋਂ ਸ਼ਹਿਰਾਂ, ਸ਼ਹਿਰਾਂ ਤੋਂ ਸ਼ਹਿਰਾਂ ਅਤੇ ਸ਼ਹਿਰਾਂ ਤੋਂ ਪਿੰਡਾਂ ਵੱਲ ਪਰਵਾਸ ਸ਼ੁਰੂ ਕੀਤਾ। ਜਨਸੰਖਿਆ ਵਧਣ ਅਤੇ ਵੱਖ ਵੱਖ ਮੁਲਕਾਂ ਦੇ ਆਰਥਿਕ ਵਿਕਾਸ ਦੇ ਵਖਰੇਵਿਆਂ ਕਾਰਨ ਕੌਮਾਂਤਰੀ ਪਰਵਾਸ ਹੋਂਦ ਵਿਚ ਆਇਆ। ਕੌਮਾਂਤਰੀ ਪਰਵਾਸ ਦੇ ਅਨੇਕਾਂ ਕਾਰਨ ਹੋ ਸਕਦੇ ਹਨ, ਜਿਵੇਂ ਬਿਹਤਰ ਜ਼ਿੰਦਗੀ ਜਿਊਣ ਦਾ ਸੁਪਨਾ, ਪਰਿਵਾਰ ਨਾਲ ਇਕੱਠੇ ਰਹਿਣਾ ਤੇ ਯੁੱਧਾਂ, ਲੜਾਈਆਂ-ਝਗੜਿਆਂ ਜਾਂ ਵਾਤਾਵਰਨ ਵਿਚ ਆਏ ਵਿਗਾੜਾਂ ਦੇ ਮਾਰੂ ਅਸਰਾਂ ਤੋਂ ਬਚਣਾ ਆਦਿ।
        ਸੰਯੁਕਤ ਰਾਸ਼ਟਰ ਦੀ ਤਾਜ਼ਾ ਰਿਪੋਰਟ ਅਨੁਸਾਰ ਭਾਰਤੀ ਕੌਮਾਂਤਰੀ ਪਰਵਾਸੀਆਂ ਦੀ ਗਿਣਤੀ ਪਹਿਲੇ ਨੰਬਰ ਉੱਤੇ ਆਉਂਦੀ ਹੈ। ਭਾਰਤ ਵਿਚੋਂ ਕੌਮਾਂਤਰੀ ਪਰਵਾਸ ਦੋ ਤਰ੍ਹਾਂ ਦਾ ਹੋ ਰਿਹਾ ਹੈ : ਪਹਿਲਾ, ਉਹ ਕਾਮੇ ਜੋ ਗ਼ੈਰ-ਹੁਨਰਮੰਦ ਅਤੇ ਅਰਧ-ਹੁਨਰਮੰਦ ਸ਼੍ਰੇਣੀਆਂ ਵਿਚ ਆਉਂਦੇ ਹਨ। ਇਹ ਜ਼ਿਆਦਾਤਰ ਖਾੜੀ ਮੁਲਕਾਂ ਵਿਚ ਪਰਵਾਸ ਕਰਦੇ ਹਨ,  ਦੂਜਾ, ਅਰਧ-ਹੁਨਰਮੰਦ ਕਾਮੇ, ਪੇਸ਼ਾਵਰ ਲੋਕ ਅਤੇ ਵਿਦਿਆਰਥੀ ਜੋ ਜ਼ਿਆਦਾਤਰ ਦੁਨੀਆ ਦੇ ਉੱਨਤ ਸਰਮਾਏਦਾਰ ਮੁਲਕਾਂ ਵਿਚ ਪਰਵਾਸ ਕਰਦੇ ਹਨ।
       ਭਾਰਤ ਵਿਚੋਂ ਕੌਮਾਂਤਰੀ ਪਰਵਾਸੀਆਂ ਨੇ ਜਿੱਥੇ ਆਪਣੇ ਅਤੇ ਮੁਲਕ ਲਈ ਕਮਾਇਆ ਹੈ, ਉੱਥੇ ਉਨ੍ਹਾਂ ਨੇ ਆਪਣੇ ਅਤੇ ਮੁਲਕ ਲਈ ਗੁਆਇਆ ਵੀ ਹੈ। ਆਜ਼ਾਦੀ ਦੇ ਸੰਘਰਸ਼ ਦੌਰਾਨ ਕੌਮਾਂਤਰੀ ਪਰਵਾਸੀਆਂ ਨੇ ਸਿਰਫ਼ ਵਿੱਤੀ ਮਦਦ ਹੀ ਨਹੀਂ ਕੀਤੀ ਸਗੋਂ ਗਦਰ ਲਹਿਰ ਨੂੰ ਵੀ ਜਨਮ ਦਿੱਤਾ। ਇਉਂ ਕੌਮਾਂਤਰੀ ਪਰਵਾਸੀਆਂ ਨੇ ਮੁਲਕ ਦੀ ਆਜ਼ਾਦੀ ਵਿਚ ਆਪਣਾ ਕੀਮਤੀ ਅਤੇ ਪ੍ਰਸ਼ੰਸਾਯੋਗ ਯੋਗਦਾਨ ਪਾਇਆ। ਖਾੜੀ ਮੁਲਕਾਂ ਵਿਚ ਪਰਵਾਸ ਕਰਨ ਵਾਲ਼ੇ ਜ਼ਿਆਦਾ ਕਿਰਤੀ ਆਪਣੇ ਪਰਿਵਾਰਾਂ ਨੂੰ ਪੈਸੇ ਭੇਜਦੇ ਹਨ। ਦੁਨੀਆ ਦੇ ਉੱਨਤ ਸਰਮਾਏਦਾਰ ਮੁਲਕਾਂ ਵਿਚੋਂ ਵੀ ਕੁਝ ਭਾਰਤੀ ਪਰਵਾਸੀ ਪਹਿਲੀ ਪੀੜ੍ਹੀ ਤੱਕ ਆਪਣੇ ਪਰਿਵਾਰਾਂ ਨੂੰ ਪੈਸੇ ਭੇਜਦੇ ਹਨ ਪਰ ਹੁਣ ਇਹ ਰੁਝਾਨ ਤੇਜ਼ੀ ਨਾਲ਼ ਘਟ ਰਿਹਾ ਹੈ।
     ਬਾਹਰਲ਼ੇ ਮੁਲਕਾਂ ’ਚੋਂ ਭੇਜੇ ਪੈਸਿਆਂ ਨਾਲ ਜਿੱਥੇ ਕੌਮਾਂਤਰੀ ਪਰਵਾਸੀਆਂ ਦੇ ਪਰਿਵਾਰਾਂ ਨੇ ਤਰੱਕੀ ਕੀਤੀ, ਉੱਥੇ ਉਨ੍ਹਾਂ ਨੇ ਆਪਣੇ ਸੂਬਿਆਂ ਅਤੇ ਮੁਲਕ ਦੀ ਤਰੱਕੀ ਵਿਚ ਯੋਗਦਾਨ ਪਾਇਆ। ਭਾਰਤ ਵਿਚੋਂ ਗਏ ਕੌਮਾਂਤਰੀ ਪਰਵਾਸੀਆਂ ਨੇ ਦੁਨੀਆ ਦੇ ਵੱਖ ਵੱਖ ਮੁਲਕਾਂ ਵਿਚ ਹੋਈ ਆਰਥਿਕ ਤਰੱਕੀ, ਉਨ੍ਹਾਂ ਮੁਲਕਾਂ ਦੀਆਂ ਸਮਾਜਿਕ-ਸਭਿਆਚਾਰਕ ਅਤੇ ਰਾਜਸੀ ਕਦਰਾਂ-ਕੀਮਤਾਂ ਬਾਰੇ ਜੋ ਗਿਆਨ ਪ੍ਰਾਪਤ ਕੀਤਾ, ਉਸ ਦਾ ਵੀ ਫ਼ਾਇਦਾ ਮੁਲਕ ਨੂੰ ਹੋਇਆ।
       ਭਾਰਤ ’ਚੋਂ ਕੌਮਾਂਤਰੀ ਪਰਵਾਸੀਆਂ ਨੇ ਜੋ ਕਮਾਇਆ, ਉਸ ਨਾਲੋਂ ਜੋ ਗੁਆਇਆ ਹੈ ਅਤੇ ਗੁਆ ਰਹੇ ਹਨ, ਉਸ ਦੀ ਸੂਚੀ ਲੰਮੀ ਹੈ। ਡਾ. ਗੁਰਿੰਦਰ ਕੌਰ ਤੇ ਸਹਿਯੋਗੀਆਂ ਅਤੇ ਹੋਰ ਖੋਜਾਰਥੀਆਂ ਦੇ ਅਧਿਐਨਾਂ ਤੋਂ ਸਾਹਮਣੇ ਆਇਆ ਹੈ ਕਿ ਮੁਲਕ ਵਿਚ ਜਨਰਲ ਸ਼੍ਰੇਣੀ ਦੇ ਜ਼ਿਆਦਾ ਵਿਅਕਤੀਆਂ ਨੇ ਉੱਨਤ ਸਰਮਾਏਦਾਰ ਮੁਲਕਾਂ ਅਤੇ ਅਨੁਸੂਚਿਤ ਜਾਤਾਂ ਤੇ ਪਛੜੀ ਸ਼੍ਰੇਣੀ ਦੇ ਜ਼ਿਆਦਾ ਵਿਅਕਤੀਆਂ ਨੇ ਮੁਕਾਬਲਤਨ ਘੱਟ ਮੁਲਕਾਂ ਵਿਚ ਪਰਵਾਸ ਕੀਤਾ ਹੈ। ਕੌਮਾਂਤਰੀ ਪਰਵਾਸ ਦੇ ਮਹਿੰਗਾ ਅਤੇ ਅਨੁਸੂਚਿਤ ਅਤੇ ਪਛੜੀ ਸ਼੍ਰੇਣੀ ਦੇ ਜ਼ਿਆਦਾ ਪਰਿਵਾਰਾਂ ਦੇ ਜ਼ਮੀਨ/ਸਾਧਨ ਵਿਹੂਣੇ ਹੋਣ ਦੇ ਨਤੀਜੇ ਵਜੋਂ ਇਨ੍ਹਾਂ ਪਰਿਵਾਰਾਂ ਦੀ ਕੌਮਾਂਤਰੀ ਪਰਵਾਸ ਵਿਚ ਭਾਗੀਦਾਰੀ ਮੁਕਾਬਲਤਨ ਬਹੁਤ ਘੱਟ ਹੈ। ਕੌਮਾਂਤਰੀ ਪਰਵਾਸ ਦੇ ਖ਼ਰਚੇ ਪੂਰਾ ਕਰਨ ਲਈ ਪਰਵਾਸ ਕਰਨ ਵਾਲ਼ੇ ਪਰਿਵਾਰਾਂ ਨੂੰ ਸੰਸਥਾਈ ਅਤੇ ਗ਼ੈਰ-ਸੰਸਥਾਈ ਸ੍ਰੋਤਾਂ ਤੋਂ ਕਰਜ਼ਾ ਲੈਣਾ ਪਿਆ ਅਤੇ ਜ਼ਮੀਨ, ਪਲਾਟ, ਘਰ, ਗੱਡੀ, ਖੇਤੀ ਮਸ਼ੀਨਰੀ, ਗਹਿਣੇ, ਪਸ਼ੂ ਤੇ ਹੋਰ ਕਈ ਕੁਝ ਵੇਚਣਾ ਪਿਆ। ਇਸ ਤੋਂ ਬਿਨਾਂ ਇਸ ਮਕਸਦ ਲਈ ਘਰਾਂ ਦੀਆਂ ਬੱਚਤਾਂ ਵਰਤਣੀਆਂ ਪਈਆਂ ਅਤੇ ਰਿਸ਼ਤੇਦਾਰਾਂ ਤੇ ਦੋਸਤਾਂ ਤੋਂ ਮਦਦ ਤੇ ਰੁਜ਼ਗਾਰ ਦੇਣ ਵਾਲ਼ਿਆਂ ਤੋਂ ਮਦਦ/ਐਡਵਾਂਸ ਪੈਸੇ ਵੀ ਲੈਣੇ ਪਏ।
        ਕੌਮਾਂਤਰੀ ਪਰਵਾਸ ਕਰਨ ਵਾਲ਼ਿਆਂ ਦੁਆਰਾ ਪਰਵਾਸ ਕਰਨ ਲਈ ਕੀਤੇ ਖ਼ਰਚਿਆਂ ਅਤੇ ਉਨ੍ਹਾਂ ਦੁਆਰਾ ਭੇਜੇ ਗਏ ਪੈਸਿਆਂ ਵਿਚ ਖੱਪਾ ਸਾਹਮਣੇ ਆਇਆ ਹੈ ਜੋ ਸਿੱਧੇ ਤੌਰ ਉੱਤੇ ਮੁਲਕ ਵਿਚੋਂ ਪੂੰਜੀ ਦੇ ਹੂੰਝੇ ਨੂੰ ਸਾਹਮਣੇ ਲਿਆਉਂਦਾ ਹੈ। ਆਉਣ ਵਾਲ਼ੇ ਸਮੇਂ ਦੌਰਾਨ ਇਸ ਹੂੰਝੇ ਦੇ ਹੋਰ ਵਧਣ ਦੇ ਆਸਾਰ ਹਨ। ਇਸ ਹੂੰਝੇ ਕਾਰਨ ਕੌਮਾਂਤਰੀ ਪਰਵਾਸੀਆਂ ਦੇ ਪਰਿਵਾਰ ਕਰਜ਼ੇ ਥੱਲੇ ਹਨ।
        ਕੌਮਾਂਤਰੀ ਪਰਵਾਸ ਕਰਨ ਵਾਲ਼ਿਆਂ ਵਿਚ ਪੜ੍ਹੇ-ਲਿਖਿਆਂ ਦੀ ਗਿਣਤੀ ਵੱਧ ਹੈ ਅਤੇ ਇਹ ਗਿਣਤੀ ਲਗਾਤਾਰ ਵਧ ਰਹੀ ਹੈ। ਇਨ੍ਹਾਂ ਵਿਚ +2, ਗਰੈਜੂਏਟ, ਪੋਸਟ-ਗਰੈਜੂਏਟ, ਐੱਮਫਿਲ, ਪੀਐੱਚਡੀ ਡਿਗਰੀਆਂ ਪ੍ਰਾਪਤ ਹਨ। ਇਨ੍ਹਾਂ ਪੜ੍ਹੇ-ਲਿਖਿਆਂ ਦਾ ਕੌਮਾਂਤਰੀ ਪਰਵਾਸ, ਮੁਲਕ ਵਿਚੋਂ ਬੌਧਿਕ ਹੂੰਝਾ ਸਾਹਮਣੇ ਲਿਆਉਂਦਾ ਹੈ। ਇਨ੍ਹਾਂ ਦੇ ਪਾਲਣ-ਪੋਸ਼ਣ ਅਤੇ ਵਿੱਦਿਆ ਉੱਪਰ ਸਮਾਜ ਦੀ ਅਥਾਹ ਸ਼ਕਤੀ ਅਤੇ ਸਾਧਨ ਵਰਤੇ ਗਏ ਪਰ ਇਸ ਦਾ ਫ਼ਾਇਦਾ ਬੇਗਾਨੇ ਮੁਲਕਾਂ ਨੂੰ ਹੋ ਰਿਹਾ ਹੈ। ਇਨ੍ਹਾਂ ਕੌਮਾਂਤਰੀ ਪਰਵਾਸੀਆਂ ਵਿਚੋਂ ਜਿਹੜੇ ਬੱਚੇ ਵਿਦਿਆਰਥੀ ਵੀਜ਼ੇ ਉੱਪਰ ਜਾਂਦੇ ਹਨ, ਉਨ੍ਹਾਂ ਵਿਚੋਂ ਬਹੁਤ ਜ਼ਿਆਦਾ ਬੱਚਿਆਂ ਦਾ ਬਾਹਰਲੇ ਮੁਲਕਾਂ ਵਿਚੋਂ ਪ੍ਰਾਪਤ ਕੀਤੀ ਵਿੱਦਿਆ ਦਾ ਪੱਧਰ ਇਤਨਾ ਨੀਵਾਂ ਹੈ ਕਿ ਉਨ੍ਹਾਂ ਵਿਚੋਂ ਬਹੁਤ ਵੱਡੀ ਗਿਣਤੀ ਜਿਸਮਾਨੀ ਕੰਮ ਹੀ ਕਰਦੀ ਹੈ ਜੋ ਆਪਣੇ ਮੁਲਕ ਵਿਚ ਉਹ ਕਦੇ ਵੀ ਕਰਨ ਲਈ ਤਿਆਰ ਨਹੀਂ ਸਨ। ਬਾਹਰਲੇ ਮੁਲਕਾਂ ਵਿਚ ਭਾਵੇਂ ਕੁਝ ਧਾਰਮਿਕ ਅਦਾਰੇ ਅਤੇ ਨੇਕ ਸ਼ਖਸ ਮੁਲਕ ਵਿਚੋਂ ਗਏ ਲੋਕਾਂ ਦੀ ਮਦਦ ਕਰਦੇ ਹਨ ਪਰ ਜ਼ਿਆਦਾਤਰ ਐੱਨਆਰਆਈ ਕਾਰੋਬਾਰੀ ਉਨ੍ਹਾਂ ਦੀ ਜ਼ਿੰਦਗੀ ਨੂੰ ਅਮਰਵੇਲ ਵਾਂਗ ਚੂਸਦੇ ਭੋਰਾ ਵੀ ਰਹਿਮ ਨਹੀਂ ਕਰਦੇ।
         ਭਾਰਤ ਵਿਚੋਂ ਕੌਮਾਂਤਰੀ ਪਰਵਾਸ ਦਾ ਇਕ ਹੋਰ ਮਾੜਾ ਪੱਖ ਪਰਵਾਸ ਕਰਨ ਵਾਲਿਆਂ ਦੀ ਉਮਰ ਬਾਰੇ ਹੈ। ਕੌਮਾਂਤਰੀ ਪਰਵਾਸ ਕਰਨ ਵਾਲਿਆਂ ਵਿਚੋਂ ਬਹੁਤ ਵੱਡੀ ਗਿਣਤੀ 15 ਤੋਂ 45 ਸਾਲ ਦੇ ਉਮਰ ਵਰਗ ਨਾਲ ਸਬੰਧਿਤ ਹੈ। ਇਹ ਉਹ ਉਮਰ ਹੈ ਜਿਸ ਵਿਚ ਕੰਮ ਕਰਨ ਦੀ ਸ਼ਕਤੀ/ਊਰਜਾ ਜ਼ਿਆਦਾ ਹੁੰਦੀ ਹੈ। ਇਸ ਉਮਰ ਵਰਗ ਨੂੰ ਕਿਸੇ ਵੀ ਮੁਲਕ ਦਾ ਜਨਸੰਖਿਅਕ ਲਾਭ-ਅੰਸ਼/ਸਾਰਥਿਕ ਪੱਖ ਮੰਨਿਆ ਜਾਂਦਾ ਹੈ। ਜੇ ਇਸ ਉਮਰ ਵਾਲੇ ਲੋਕ ਬਾਹਰਲੇ ਮੁਲਕਾਂ ਵਿਚ ਵਸ ਜਾਣਗੇ ਤਾਂ ਬਾਕੀਆਂ ਦੀ ਕਾਰਜ-ਕੁਸ਼ਲਤਾ ਘੱਟ ਹੋਣ ਕਾਰਨ ਜਿੱਥੇ ਮੁਲਕ ਦੀ ਤਰੱਕੀ ਰੁਕੇਗੀ, ਉੱਥੇ ਉਨ੍ਹਾਂ ਦੇ ਪਰਿਵਾਰਾਂ ਦੀ ਵੱਖ ਵੱਖ ਸੰਸਥਾਵਾਂ ਵਿਚ ਭਾਗੀਦਾਰੀ ਘੱਟ ਹੋਣ ਕਾਰਨ ਉਨ੍ਹਾਂ ਸੰਸਥਾਵਾਂ ਦਾ ਨਿਵਾਣ ਵੱਲ ਆਉਣਾ ਤੈਅ ਹੋ ਜਾਂਦਾ ਹੈ।
       ਕੌਮਾਂਤਰੀ ਪਰਵਾਸ ਦੇ ਕਾਰਨਾਂ ’ਚੋਂ ਪ੍ਰਮੁੱਖ ਰੁਜ਼ਗਾਰ ਦੇ ਮੌਕਿਆਂ ਦੀ ਘਾਟ ਅਤੇ ਮਿਲਣ ਵਾਲ਼ੇ ਰੁਜ਼ਗਾਰ ਦਾ ਪੱਧਰ ਨੀਵਾਂ ਹੋਣਾ ਹੈ। ਮੁਲਕ ਦੇ ਆਜ਼ਾਦ ਹੋਣ ਬਾਅਦ ਯੋਜਨਾਬੰਦੀ ਦੇ ਸਮੇਂ (1951-80) ਦੌਰਾਨ ਜਨਤਕ ਖੇਤਰ ਦੇ ਅਦਾਰਿਆਂ ਦੀ ਸਥਾਪਤੀ, ਵਿਸਥਾਰ ਅਤੇ ਵਿਕਾਸ ਹੋਇਆ ਜਿਸ ਸਦਕਾ ਬਹੁਤ ਸਾਰੇ ਕਿਰਤੀਆਂ ਨੂੰ ਚੰਗੇ ਮਿਆਰ ਵਾਲ਼ਾ ਰੁਜ਼ਗਾਰ ਮਿਲਿਆ ਅਤੇ ਮੁਲਕ ਵਿਚ ਆਰਥਿਕ ਅਸਮਾਨਤਾਵਾਂ ਘਟੀਆਂ। 1980 ਤੋਂ ਬਾਅਦ ਯੋਜਨਾਬੰਦੀ ਨੂੰ ਪੁੱਠੇ ਗੀਅਰ ਵਿਚ ਪਾ ਦਿੱਤਾ ਗਿਆ ਅਤੇ ਐੱਨਡੀਏ ਦੀ ਹਕੂਮਤ ਨੇ ਤਾਂ ਇਸ ਦਾ ਭੋਗ ਪਾ ਕੇ ਨੀਤੀ ਆਯੋਗ ਬਣਾ ਦਿੱਤਾ। 1991 ਤੋਂ ਮੁਲਕ ਵਿਚ ਅਪਣਾਈਆਂ ਉਦਾਰੀਕਰਨ, ਨਿੱਜੀਕਰਨ ਅਤੇ ਸੰਸਾਰੀਕਰਨ ਦੀਆਂ ਨਵੀਆਂ ਆਰਥਿਕ ਨੀਤੀਆਂ ਕਾਰਨ ਬਹੁਤ ਜਿ਼ਆਦਾ ਅਮੀਰ 1 ਫ਼ੀਸਦ ਅਤੇ ਬਾਕੀ ਦੇ 99 ਫ਼ੀਸਦ ਲੋਕਾਂ ਵਿਚਕਾਰ ਆਰਥਿਕ ਅਸਮਾਨਤਾਵਾਂ ਵਧੀਆਂ, ਆਮ ਕਿਰਤੀਆਂ ਲਈ ਰੁਜ਼ਗਾਰ ਦੇ ਸਿਰਫ਼ ਮੌਕੇ ਹੀ ਨਹੀਂ ਘਟੇ ਸਗੋਂ ਰੁਜ਼ਗਾਰ ਦਾ ਮਿਆਰ ਵੀ ਜ਼ਿਆਦਾ ਨਿਵਾਣ ਵੱਲ ਆਇਆ ਅਤੇ ਲਗਾਤਾਰ ਆ ਰਿਹਾ ਹੈ।
        ਦੁਨੀਆ ਦੇ ਬਹੁਤੇ ਮੁਲਕਾਂ ਦੀਆਂ ਸਰਕਾਰਾਂ ਅਤੇ ਕਾਰਪੋਰੇਟ ਜਗਤ ਸਭ ਆਰਥਿਕ ਸਮੱਸਿਆਵਾਂ ਨੂੰ ਦੂਰ ਕਰਨ ਲਈ ਮੰਡੀ ਨੂੰ ਸੰਜੀਵਨੀ ਬੂਟੀ ਵਜੋਂ ਪ੍ਰਚਾਰ ਰਹੇ ਹਨ। 1930ਵਿਆਂ ਦੀ ਮਹਾਮੰਦੀ ਅਤੇ ਉਸ ਤੋਂ ਬਾਅਦ ਵੱਖ ਵੱਖ ਸਮਿਆਂ ਉੱਤੇ ਵਾਪਰੀਆਂ ਘਟਨਾਵਾਂ ਇਹ ਸਿੱਧ ਕਰਦੀਆਂ ਹਨ ਕਿ ਬੇਰੋਕ ਅਤੇ ਬੇਲਗਾਮ ਮੰਡੀ ਪ੍ਰਬੰਧ ਹੀ ਬਹੁਤੀਆਂ ਆਰਥਿਕ ਸਮੱਸਿਆਵਾਂ ਪੈਦਾ ਕਰ ਰਿਹਾ ਹੈ। ਭਾਰਤ ਵਿਚ 50 ਫ਼ੀਸਦ ਦੇ ਕਰੀਬ ਆਬਾਦੀ ਆਪਣੀ ਰੋਜ਼ੀ-ਰੋਟੀ ਲਈ ਖੇਤੀਬਾੜੀ ਖੇਤਰ ਉੱਪਰ ਨਿਰਭਰ ਹੈ ਜਿਸ ਨੂੰ ਰਾਸ਼ਟਰੀ ਆਮਦਨ ਵਿਚੋਂ 16 ਫ਼ੀਸਦ ਦੇ ਕਰੀਬ ਹਿੱਸਾ ਦਿੱਤਾ ਜਾ ਰਿਹਾ ਹੈ। ਸਰਕਾਰ ਦੀਆਂ ਖੇਤੀਬਾੜੀ ਨੀਤੀਆਂ ਕਾਰਨ ਤਕਰੀਬਨ ਸਾਰੇ ਨਿਮਨ ਕਿਸਾਨ, ਖੇਤ ਮਜ਼ਦੂਰ ਅਤੇ ਪੇਂਡੂ ਛੋਟੇ ਕਾਰੀਗਰ ਕਰਜ਼ੇ ਦੇ ਬੋਝ ਅਤੇ ਘੋਰ ਗ਼ਰੀਬੀ ਕਾਰਨ ਜਾਂ ਤੰਗੀਆਂ-ਤੁਰਸੀਆਂ ਵਾਲ਼ੀ ਮੌਤ ਮਰ ਰਹੇ ਹਨ ਜਾਂ ਜਦੋਂ ਉਨ੍ਹਾਂ ਦੀਆਂ ਜ਼ਿੰਦਗੀ ਪ੍ਰਤੀ ਸਾਰੀਆਂ ਆਸਾਂ ਮੁਕਾ ਦਿੱਤੀਆਂ ਜਾਂਦੀਆਂ ਹਨ ਤਾਂ ਉਹ ਖ਼ੁਦਕੁਸ਼ੀਆਂ ਵੀ ਕਰ ਰਹੇ ਹਨ। ਇਨ੍ਹਾਂ ਕਾਰਨਾਂ ਕਰ ਕੇ ਹੀ ਕਿਸਾਨਾਂ ਦੇ ਬੱਚੇ ਵੱਡੀ ਗਿਣਤੀ ਵਿਚ ਬਾਹਰਲੇ ਮੁਲਕਾਂ ਨੂੰ ਪਰਵਾਸ ਕਰ ਰਹੇ ਹਨ। ਨਵੇਂ ਖੇਤੀਬਾੜੀ ਕਾਨੂੰਨ ਇਸ ਖੇਤਰ ਉੱਪਰ ਨਿਰਭਰ ਪਰਿਵਾਰਾਂ ਵਿਚੋਂ ਕੌਮਾਂਤਰੀ ਪਰਵਾਸ ਨੂੰ ਹੋਰ ਵਧਾਉਣਗੇ।
        ਭਾਰਤ ਵਿਚੋਂ ਕੌਮਾਂਤਰੀ ਪਰਵਾਸ ਦੇ ਮਾਮਲੇ ਵਿਚ ਬੌਧਿਕ ਹੂੰਝੇ (Brain Drain), ਪੂੰਜੀ ਹੂੰਝੇ (Capital Drain), ਜਨਸੰਖਿਅਕ ਲਾਭ-ਅੰਸ਼ (Loss of Demographic Dividend) ਅਤੇ ਹੋਰ ਨੁਕਸਾਨਾਂ ਨੂੰ ਦੇਖਦੇ ਹੋਏ ਸਮੇਂ ਦੀ ਲੋੜ ਹੈ ਕਿ ਮੁਲਕ ਵਿਚ ਅਪਣਾਏ ਕਾਰਪੋਰੇਟ ਆਰਥਿਕ ਵਿਕਾਸ ਮਾਡਲ ਦੀ ਜਗ੍ਹਾ ਲੋਕ ਅਤੇ ਕੁਦਰਤ ਪੱਖੀ ਆਰਥਿਕ ਵਿਕਾਸ ਅਪਣਾਇਆ ਜਾਵੇ। ਇਸ ਲਈ ਜ਼ਰੂਰੀ ਹੈ ਕਿ ਬੇਅੰਤ ਅਮੀਰ 1 ਫ਼ੀਸਦ ਲੋਕਾਂ ਉੱਪਰ ਕਰ ਵਧਾਏ ਜਾਣ ਅਤੇ ਉਨ੍ਹਾਂ ਨੂੰ ਉਗਰਾਹੁਣਾ ਯਕੀਨੀ ਬਣਾ ਕੇ ਪ੍ਰਾਪਤ ਆਮਦਨ ਲੋਕ ਭਲਾਈ ਲਈ ਵਰਤਿਆ ਜਾਵੇ। ਲੋਕ ਪੱਖੀ ਆਰਥਿਕ ਵਿਕਾਸ ਮਾਡਲ ਅਪਣਾਉਣ ਲਈ ਜ਼ਰੂਰੀ ਹੈ ਕਿ ਜਨਤਕ ਖੇਤਰ ਦਾ ਪਸਾਰ ਤੇ ਵਿਕਾਸ ਕੀਤਾ ਜਾਵੇ ਅਤੇ ਪ੍ਰਾਈਵੇਟ ਖੇਤਰ ਦੇ ਕੰਮਕਾਜ ਦੀ ਨਿਗਰਾਨੀ ਅਤੇ ਕੰਟਰੋਲ ਯਕੀਨੀ ਬਣਾਇਆ ਜਾਵੇ। ਮੁਲਕ ਵਿਚ ਹਰ ਤਰ੍ਹਾਂ ਦੇ ਰੁਜ਼ਗਾਰ ਤੇ ਉਸ ਦਾ ਮਿਆਰ ਵਧਾਇਆ ਜਾਵੇ ਅਤੇ ਇਸ ਬਾਰੇ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲ਼ੀਆਂ ਇਕਾਈਆਂ ਨੂੰ ਵੱਖ ਵੱਖ ਤਰੀਕਿਆਂ ਨਾਲ਼ ਉਤਸ਼ਾਹਤ ਕੀਤਾ ਜਾਣਾ ਜ਼ਰੂਰੀ ਹੈ। ਜਨਸੰਖਿਅਕ ਲਾਭ-ਅੰਸ਼ ਦਾ ਮਿਆਰ ਉੱਚਾ ਚੁੱਕਣ ਲਈ ਜ਼ਰੂਰੀ ਹੈ ਕਿ ਵਿੱਦਿਅਕ ਅਤੇ ਸਿਹਤ ਸੇਵਾਵਾਂ ਵਿਚ ਵੱਡੇ ਸੁਧਾਰ ਲਿਆਂਦੇ ਜਾਣ। ਅਜਿਹਾ ਕਰਨ ਲਈ ਸਾਰੇ ਨਾਗਰਿਕਾਂ ਨੂੰ ਮਿਆਰੀ ਵਿੱਦਿਅਕ ਅਤੇ ਸਿਹਤ ਸੇਵਾਵਾਂ ਸਰਕਾਰ ਦੁਆਰਾ ਮੁਫ਼ਤ ਦੇਣੀਆਂ ਬਣਦੀਆਂ ਹਨ। ਸਰਕਾਰ ਸਮਾਜਿਕ ਸੁਰੱਖਿਆ ਦੇ ਉਪਾਵਾਂ ਦਾ ਦਾਇਰਾ ਵਧਾਉਂਦੇ ਹੋਏ ਇਹ ਯਕੀਨੀ ਬਣਾਵੇ ਕਿ ਮੁਲਕ ਦਾ ਹਰ ਨਾਗਰਿਕ ਸੁਖੀ ਰਹਿ ਸਕੇ।
* ਸਾਬਕਾ ਪ੍ਰੋਫ਼ੈਸਰ, ਅਰਥ ਵਿਗਿਆਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ : 001-424-422-7025