ਕਾਲਕਾ, ਜਗਮਾਤਾ, ਭਵਾਨੀ, ਕਰੂਧਣੀ ਆਦਿ ਇਹ ਕੌਣ ਹਨ - ਗੁਰਚਰਨ ਸਿੰਘ ਜਿਉਣ ਵਾਲਾ

ਸਭ ਤੋਂ ਪਹਿਲਾਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਸਿੱਖ ਧਰਮ, ਜੋ ਗੁਰੂ ਸਾਹਿਬ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਦੇ ਕੇ ਗਏ ਹਨ, ਦਾ ਦੇਵੀ ਦੇਵਤਿਆਂ ਨਾਲ ਕੋਈ ਸਬੰਧ ਹੈ ਜਾਂ ਨਹੀਂ? ਇਸ ਦਾ  ਜਵਾਬ  ਵੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਪੁੱਛਦੇ ਹਾਂ: ਮਹਲਾ ੫ ॥ ਮਹਿਮਾ ਨ ਜਾਨਹਿ ਬੇਦ ॥ ਬ੍ਰਹਮੇ ਨਹੀ ਜਾਨਹਿ ਭੇਦ ॥ ਅਵਤਾਰ ਨ ਜਾਨਹਿ ਅੰਤੁ ॥ ਪਰਮੇਸਰੁ ਪਾਰਬ੍ਰਹਮ ਬੇਅੰਤੁ ॥੧॥ ਅਪਨੀ ਗਤਿ ਆਪਿ ਜਾਨੈ ॥ ਸੁਣਿ ਸੁਣਿ ਅਵਰ ਵਖਾਨੈ ॥੧॥ ਰਹਾਉ ॥ਸੰਕਰਾ ਨਹੀ ਜਾਨਹਿ ਭੇਵ ॥ ਖੋਜਤ ਹਾਰੇ ਦੇਵ ॥ ਦੇਵੀਆ ਨਹੀ ਜਾਨੈ ਮਰਮ ॥ ਸਭ ਊਪਰਿ ਅਲਖ ਪਾਰਬ੍ਰਹਮ ॥੨॥ {ਪੰਨਾ 894}। ਇਸ ਸਲੋਕ ਵਿਚ ਪੰਜਵੇਂ ਪਾਤਸ਼ਾਹ ਨੇ ਬੇਦ-ਕਤੇਬ, ਦੇਵ-ਦੇਵੀਆਂ ਅਤੇ ਅਵਤਾਰਾਂ ਨੂੰ ਖੂੰਝੇ ਲਾ ਕੇ ਅਤੇ ਉੱਚੀ ਬਾਂਹ, ਗੁਰਿ ਕਾਢੀ ਬਾਹ ਕੁਕੀਜੈ, ਕਰਕੇ ਫੁਰਮਾਉਂਦੇ ਹਨ ਕਿ ਇਨ੍ਹਾਂ ਸਭਨਾਂ ਨੂੰ ਪ੍ਰਮਾਤਮਾ ਬਾਰੇ ਭੋਰਾ ਵੀ ਪਤਾ ਨਹੀਂ। ਅਗਲਾ ਸਵਾਲ ਇਹ ਹੈ ਕਿ ਜੇਕਰ ਕਿਸੇ ਦੁਸ਼ਟ ਦਮਨ ਨੇ ਪਹਾੜਾਂ ਵਿਚ ਕੋਈ ਜਪ-ਤਪ ਕੀਤਾ ਵੀ ਹੈ ਤਾਂ ਵੀ ਸਾਡੇ ਨਾਲ ਉਸ ਦਾ ਕੀ ਲੈਣ-ਦੇਣ? ਜਪੁ ਤਪੁ ਸੰਜਮੁ ਹੋਰੁ ਕੋਈ ਨਾਹੀ ॥ ਜਬ ਲਗੁ ਗੁਰ ਕਾ ਸਬਦੁ ਨ ਕਮਾਹੀ ॥ ਗੁਰ ਕੈ ਸਬਦਿ ਮਿਲਿਆ ਸਚੁ ਪਾਇਆ ਸਚੇ ਸਚਿ ਸਮਾਇਦਾ ॥੧੨॥ {ਪੰਨਾ 1060}। ਅੱਖਾਂ ਬੰਦ ਕਰਕੇ, ਚੌਂਕੜਾ ਮਾਰਕੇ, ਮੁੱਠੀਆਂ ਮੀਚ ਕੇ ਜਾਂ ਖੋਲ੍ਹ ਕੇ, ਬੈਠੇ ਰਹਿਣਾ ਅਤੇ ਸੁਨਿਹਰੀ ਜ਼ਿੰਦਗੀ ਨੂੰ ਗਾਲਣਾ ਵੀ ਗੁਰਮਤਿ ਦੇ ਅਨਕੂਲ ਨਹੀਂ। ਗੁਰਬਾਣੀ ਦਾ ਫੁਰਮਾਣ ਹੈ:  ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ ॥ ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ ॥੧॥ ਮ:1, ਪੰਨਾ 156॥ ਪਹਿਲਾਂ ਸਾਡਾ ਬਾਪ ਕੌਣ ਸੀ, ਮਾਂ ਕੌਣ ਸੀ, ਅਸੀਂ ਕਿਥੋਂ ਆਏ ਹਾਂ, ਸਾਨੂੰ ਕੋਈ ਪਤਾ ਨਹੀਂ। ਇਨ੍ਹਾਂ ਬਚਨਾਂ ਦੇ ਹੁੰਦੇ ਹੋਏ ਅਸੀਂ ਕਿਸੇ ਦੁਸ਼ਟ ਦਮਨ ਨੂੰ ਮਾਤਾ ਗੁਜਰੀ ਜੀ ਦਾ ਦੁਲਾਰਾ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਪਿਆਰਾ ਪੁੱਤਰ ‘ਗੁਰੂ ਗੋਬਿੰਦ ਸਿੰਘ’ ਕਿਵੇਂ ਮੰਨ ਲਈਏ? ਇਹ ਬਿਲਕੁੱਲ ਅਸੰਭਵ ਹੈ।
ਤਹ ਹਮ ਅਧਿਕ ਤਪੱਸਿਆ ਸਾਧੀ॥ ਮਹਾਂਕਾਲ ਕਾਲਕਾ ਅਰਾਧੀ॥ 2॥ ਪੰਨਾ 54/5॥ ਇਸ ਪੰਗਤੀ ਵਿਚ ਆਈ ‘ਕਾਲਕਾ’ ਦਾ ‘ਕਾ’ ਕੱਟ ਕੇ ਪਦ-ਸ਼ੇਦ ਕਰਨ ਨਾਲ ਟਕਸਾਲ ਵਾਲੇ ਆਪਣੇ ਆਪ ਅਗਿਆਨੀ ਸਾਬਤ ਹੋ ਜਾਂਦੇ ਹਨ। ਕਿਉਂਕਿ ਸ਼ਬਦ ‘ਅਰਾਧੀ’ ਇਸਤ੍ਰੀ-ਲਿੰਗ ਕ੍ਰਿਆ ਦੱਸਦੀ ਹੈ ਕਿ ਇਸ ਤੋਂ ਪਹਿਲਾ ਸ਼ਬਦ ਇਸਤ੍ਰੀ-ਵਾਚਕ ਹੈ। ਭਿੰਡਰਾਂ ਵਾਲਿਆਂ ਦੇ ਚੌਧਵੇ ਆਗੂ ‘ਸੰਤ ਜਰਨੈਲ ਸਿੰਘ’ ਜਦੋਂ ਇਸ ਸ਼ਬਦ ਦੀ ਕਥਾ, ਸ਼ਬਦ ਨੂੰ ਕੱਟ-ਵੱਡ ਕੇ ਕਰਦੇ ਵੀ ਸਨ ਤਾਂ ਵੀ ਇਸਤ੍ਰੀ-ਲਿੰਗ ਨੇ ਪੁਲਿੰਗ ਵਿਚ ਨਹੀਂ ਬਦਲ ਜਾਣਾ। ਜਰਨੈਲ ਸਿੰਘ ਦੀ ਸ਼ਹਾਦਤ ਕਰਕੇ ਮੈਂ ਇਨ੍ਹਾਂ ਦਾ ਸਤਿਕਾਰ ਕਰਦਾ ਹਾਂ ਪਰ ਗਿਆਨੀ ਗੁਬਚਨ ਸਿੰਘ ਅਖਾੜੇ ਵਾਲੇ, ਟਕਸਾਲ ਦੇ ਵਾਈਸਚਾਂਸਲਰ, ਦੀ ਜੀਵਨੀ ਜੋ ਇਨ੍ਹਾਂ ਆਪ ਹੀ ਲਿਖੀ ਹੈ, ਪੜ੍ਹ ਕੇ ਦੇਖੋ ਕਿ ਉਹ ਗੋਇੰਦਵਾਲ ਚੁਰਾਸੀ ਕੱਟਦਾ ਫਿਰਦਾ ਹੈ, ਗਲ-ਗਲ ਪਾਣੀ ਵਿਚ ਖੜ ਕੇ ਤਪੱਸਿਆ ਕਰਦਾ ਹੈ, 25 ਬੰਦਿਆਂ ਵਾਲਾ ਅਖੰਡ-ਪਾਠ ਅਤੇ ਹੋਰ ਬਹੁਤ ਸਾਰਾ ਨਿੱਕੜ-ਸੁੱਕੜ ਸਾਨੂੰ ਦੱਸਦਾ ਹੈ ਕਿ ਉਹ ਬਨਾਰਸੀ ਪਾਂਧਾ ਸੀ ਅਤੇ ਇਹੋ ਕੁੱਝ ਉਸ ਨੇ ਅੱਗੇ ਤੋਂ ਅੱਗੇ ਆਪਣੇ ਆਉਣ ਵਾਲੇ ਵਿਦਿਆਰਥੀਆਂ ਨੂੰ ਦਿੱਤਾ।  
ਸਰਬਕਾਲ ਹੈ ਪਿਤਾ ਅਪਾਰਾ॥ ਦੇਬਿ ਕਾਲਕਾ ਮਾਤ ਹਮਾਰਾ॥ ਮਨੂਆ ਗੁਰ ਮੁਰਿ ਮਨਸਾ ਮਾਈ। ਜਿਨਿ ਮੋ ਕੋ ਸੁਭ ਕ੍ਰਿਆ ਪੜਾਈ॥5॥ ਪੰਨਾ 73॥ ਸਾਕਤ ਮੱਤੀਆ ਲਿਖਾਰੀ ਹਿੰਦੂ ਮੱਤ ਦੇ ਪ੍ਰਭਾਵ ਥੱਲੇ ਹੈ। ਜਿੱਥੇ-ਕਿਤੇ ਵੀ ਉਹ ਸਰਬਕਾਲ ਦੇ ਗੁਣ ਗਾਇਨ ਕਰੇਗਾ ਉੱਥੇ ਉਹ ਉਸਦੀ ਤੀਵੀਂ ਦੇ ਵੀ ਗੁਣ ਗਾਇਨ ਕਰਨ ਤੋਂ ਪਿੱਛੇ ਨਹੀਂ ਹਟ ਸਕਦਾ। ਇਸ ਨੂੰ ਹਿੰਦੂ ਧਰਮ ਵਿਚ ‘ਯੁਗਲ ਭਗਤੀ’ ਮਤਲਬ ਦੋਹਾਂ ਦੀ ਭਗਤੀ ਕਰਨੀ ਕਿਹਾ ਜਾਂਦਾ ਹੈ ਜਿਵੇਂ ਸੀਤਾ ਰਾਮ, ਰਾਧੇ ਸ਼ਾਮ, ਵਿਸ਼ਨੂੰ ਅਤੇ ਲਕਸ਼ਮੀ, ਸ਼ਿਵ ਅਤੇ ਪਾਰਬਤੀ। ਸਿੱਖ ਧਰਮ ਵਿਚ ਸਿਰਫ ਪ੍ਰਮਾਤਮਾ ਦੀ ਭਗਤੀ ਮਨਜ਼ੂਰ ਹੈ ਤੇ ਅਸੀਂ ਸਾਰੇ ਉਸ ਦੀਆਂ ਤੀਵੀਂਆਂ ਹਾਂ। ਜਿਵੇ: ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ॥
‘ਦੇਬਿ’ ਮਤਲਬ ਦੇਵੀ, ‘ਮਾਤ’ ਮਤਲਬ ਮਾਤਾ। ਸਰਬਕਾਲ ਮਤਲਬ ਮਹਾਂਕਾਲ ਪਿਤਾ/ਬਾਪ ਹੈ ਤੇ ਕਾਲਕਾ ਮਾਤਾ ਹੈ ਤਾਂ ਹੁਣ ਵਾਲੀ ‘ਕਾਲਕਾ’ ਦਾ ‘ਕਾ’ ਕੱਟ ਕੇ ਕੀ ਕਰੋਗੇ? ਅਗਲੀਆਂ ਦੋ ਪੰਗਤੀਆਂ ਵੀ ਇਸੇ ਦੇਵੀ ਦੇ ਦੂਜੇ ਰੂਪ ‘ਮਨਸਾ ਮਾਈ’ ਵਿੱਦਿਆ ਦੀ ਦੇਵੀ ਨੂੰ ਪ੍ਰਗਟ ਕਰਦੀਆਂ ਹਨ। ਕੀ ਗੁਰੂ ਗੋਬਿੰਦ ਸਿੰਘ ਜੀ ਨੂੰ ਵਿੱਦਿਆ ਕਿਸੇ ਦੇਵੀ ਨੇ ਆ ਕੇ ਦਿੱਤੀ? ਜਾਂ ਮਾਮਾ ਕ੍ਰਿਪਾਲ ਜੀ  ਨੇ ਕਿਸੇ ਹੋਰ ਅਧਿਆਪਕ ਦਾ ਇੰਤਜ਼ਾਮ ਕੀਤਾ ਸੀ?
ਮਨ ਤੇ ਨਤ ਤੇਜੁ ਚਲਿਓ ਜਗ ਮਾਤ ਕੋ ਦਾਮਨ ਜਾਨ ਚਲੇ ਘਨ ਮੈ॥48॥ ਪੰਨਾ 78। ਇਸੇ ਪੰਨੇ ਦੇ ਫੁੱਟ ਨੋਟ ਵਿਚ ਜਗ ਮਾਤ ਦਾ ਅਰਥ ਦੇਵੀ ਲਿਖਿਆ ਹੈ।॥
ਚੁਨ ਚੁਨ ਹਨੁ ਪਖਰੀਆ ਬਾਨੀ॥ ਕ੍ਰੋਧ ਜਵਾਲ ਮਸਤਕ ਤੇ ਬਿਗਸੀ॥ ਤਾ ਤੇ ਆਪ ਕਾਲਕਾ ਨਿਕਸੀ॥27॥ ਪੰਨਾ 101॥ ਇਸ ਪੰਗਤੀ ਵਿਚ ‘ਕਾਲਕਾ’ ਦੇਵੀ ਦਾ ਭਵਾਨੀ ਦੇ ਮੱਥੇ ਵਿਚੋਂ ਪ੍ਰਗਟ ਹੋਣਾ ਦੱਸਦਾ ਹੈ ਕਿ ‘ਕਾਲਕਾ’ ਕਾਲੀ ਦੇਵੀ ਹੀ ਹੈ। ਇੱਥੇ ਵੀ ਲਫਜ ‘ਨਿਕਸੀ’ ਇਸਤ੍ਰੀ-ਵਾਚਕ ਕ੍ਰਿਆ ਦੱਸਦੀ ਹੈ ਕਿ ਇਸ ਤੋਂ ਪਹਿਲਾ ਲਫਜ ਇਸਤ੍ਰੀ ਲਿੰਗ ਹੈ। ਇਸ ‘ਕਾਲਕਾ ਦਾ ਕੀ ਕਰੋਗੇ?
ਮਿੜਾ ਮਾਰਜਨੀ ਸੂਰਤਵੀ ਮੋਹ ਕਰਤਾ॥ ਪਰਾ ਪਸ਼ਟਣੀ ਪਾਰਬਤੀ ਦੁਸ਼ਟ ਹਰਤਾ॥ ਨਮੋ ਹਿੰਗੁਲਾ ਪਿੰਗੁਲਾ ਤੋਤਲਾਯੰ॥ ਨਮੋ ਕਰਤਿਕਯਾਨੀ ਸ਼ਿਵਾ ਸੀਤਲਾਯੰ॥10॥229॥ ਪੰਨਾ 116॥ ਮਿੜਾ ਦਾ ਅਰਥ ਫੁੱਟ ਨੋਟ ਵਿਚ ਸ਼ਿਵ ਦੀ ਇਸਤ੍ਰੀ ਪਾਰਬਤੀ ਲਿਖਿਆ। ਇਹ ਚੰਡੀ ਚਰਿਤ੍ਰ ਦੂਜੇ ਦਾ ਸੱਤਵਾਂ ਅਧਿਆਇ ਹੈ ਜਿਸ ਵਿਚ ਕਵੀ ਨੇ ‘ਚੰਡੀ’ ਦੀ ਉਸਤਤ ਕਰਦਿਆਂ 220 ਤੋਂ 256 ਬੰਦ ‘ਦੇਵੀ ਜੂ ਕੀ ਉਸਤਤ ਬਰਨਨ’ ਵਿਚ ਲਿਖ ਕੇ ਹਿੰਦੂ ਸ਼ਾਸਤਰਾਂ ਦੇ ਮੁਤਾਬਕ  ‘ਚੰਡੀ’ ਦੇ 141 ਨਾਮ ਲਿਖੇ ਹਨ।
ਦੁਰਗਾ ਦੀ ਸ਼ਾਮ ਤਕਾਈ ਦੇਵਾਂ ਡਰਦਿਆਂ॥ ਆਂਦੀ ਚੰਡਿ ਚੜ੍ਹਾਈ ਉਤੇ ਰਾਕਸ਼ਾਂ॥25॥ ਆਈ ਫੇਰਿ ਭਵਾਨੀ ਖਬਰੀ ਪਾਈਆਂ॥ ਪੰਨਾ122॥ ਇਨ੍ਹਾਂ ਪੰਗਤੀਆ ਵਿਚ ਵੀ ਲਿਖਾਰੀ ‘ਚੰਡੀ’ ਦੁਰਗਾ, ਭਵਾਨੀ ਆਦਿ ਨਾਵਾਂ ਦਾ ਜ਼ਿਕਰ ਕਰਕੇ ਦੇਵੀ ਦੀ ਬਹਾਦਰੀ ਦੇ ਗੁਣ ਗਾਇਨ ਕਰਦਾ ਹੈ।
ਚੰਡਿ ਚਿਤਾਰੀ ਕਾਲਕਾ ਮਨ ਬਹਲਾ ਰੋਸੁ ਬਢਾਂਇਕੈ॥ ਨਿਕਲੀ ਮੱਥਾ ਫੌੜਿਕੈ ਜਣ ਫਤੇ ਨਿਸ਼ਾਂਣ ਬਜਾਇਕੈ॥41॥ ਪੰਨਾ 124॥ ‘ਕਾਲਕਾ’ ਦੇਵੀ ‘ਚੰਡੀ’ ਦੇ ਮੱਥੇ ਵਿਚੋਂ ਪੈਦਾ ਹੁੰਦੀ ਹੈ। ਇਸ ‘ਕਾਲਕਾ’ ਨੂੰ ਕਿਹੜੇ ਖੂਹ-ਖਾਤੇ ‘ਚ ਪਾਓਗੇ?
ਕਾਲੀ ਖੇਤ ਖਪਾਈਆਂ ਸੱਭੇ ਸੂਰਤਾਂ॥ ਬਹੁਤੀ ਸਿਰੀ ਬਿਹਾਈਆਂ ਘੜੀਆਂ ਕਾਲ ਕੀਆਂ॥ 43॥ ਪੰਨਾ 125॥ ਕਾਲੀ ਦਾ ਮਤਲਬ ਹੈ ਕਾਲੀ ਦੇਵੀ ਜਾਂ ਕਾਲਕਾ।
ਗੁਸੇ ਆਈ ਸਾਹਮਣੇ ਰਣ ਅੰਦਰਿ ਘੱਤਣ ਕੱਉ॥ ਅਗੈ ਤੇਗ ਵਗਾਈ ਦੁਰਗਸ਼ਾਹ ਬੱਢ ਸੁੰਭਨ ਬਹੀ ਪਲਾੳ ਕੱਉ॥49॥ ਪੰਨਾ 126॥ ਗੁਸੇ ਵਿਚ ਦੇਵੀ ਰਣ ਤੱਤੇ ਵਿਚ ਆਈ। ਦੁਰਗਸ਼ਾਹ ਵੀ ਦੁਰਗਾ ਦਾ ਹੀ ਨਾਮ ਹੈ ਤੇ ਉਹ ਦੈਤਾਂ ਨੂੰ ਮਾਰਨ ਲਈ ਤੇਗ ਚਲਾਉਂਦੀ ਹੈ।
ਚਉਦਹ ਲੋਕਾਂ ਛਾਇਆ ਜਸੁ ਜਗਮਾਤ ਦਾ॥ ਦੁਰਗਾ ਪਾਠ ਬਣਾਇਆ ਸਭੈ ਪਉੜੀਆਂ॥ ਫੇਰ ਨ ਜੂਨੀ ਆਇਆ ਜਿਨ ਇਹ ਗਾਇਆ॥55॥ ਪੰਨਾ 127॥ ਇਹ ਚੰਡੀ ਚਰਿਤ੍ਰ ਤੀਜੇ ਦਾ ਅਖੀਰਲਾ ਬੰਦ ਹੈ ਤੇ ਇਹ ਵੀ ਜਗਮਾਤਾ ਦੀ ਹੀ ਉਸਤਤ ਹੈ।
ਦੁਰਗਾ ਤੂੰ  ਛਿਮਾ ਤੂੰ ਸ਼ਿਵਾ ਰੂਪ ਤੋਰੋ॥ ਤੁਧਾਤ੍ਰੀ ਸਵਾਹਾ ਨਮਸ਼ਕਾਰ ਮੋਰੋ॥12॥ ਪੰਨਾ 810॥ ਇਹ ਪੰਗਤੀ ਵੀ ਇਹੋ ਕੁੱਝ ਬਿਆਨ ਕਰਦੀ ਹੈ ਕਿ ਦੁਰਗਾ, ਛਿਮਾ, ਸ਼ਿਵਾ/ਪਾਰਬਤੀ, ਤੁਧਾਤ੍ਰੀ ਸਾਰੇ ਇਕੋ ਦੇਵੀ ਦੇ ਹੀ ਨਾਮ ਹਨ ਤੇ ਮੈਂ ਇਨ੍ਹਾਂ ਨੂੰ ਨਮਸਕਾਰ ਕਰਦਾ ਹਾਂ।
ਦਸਮ ਗ੍ਰੰਥ ਦਾ ਉਹ ਪੰਨਾ ਮੈਨੂੰ ਅੱਜ ਲੱਭ ਨਹੀਂ ਰਿਹਾ ਜਿੱਥੇ ‘ਨੱਚੀ ਕਾਲਕਾ’ ਲਿਖਿਆ ਹੋਇਆ ਹੈ। ਚਲੋ ਖੈਰ! ਸਾਡਾ ਕੰਮ ਕਿਸੇ ਨੂੰ ਮਨਾਉਣਾ ਨਹੀਂ ਸਗੋਂ ਲੋਕਾਂ ਵਿਚ ਸੱਚ ਦਾ ਪ੍ਰਚਾਰ ਕਰਨਾ ਹੈ ਅਤੇ ਸੱਚ ਲੋਕਾਂ ਆਪਣੇ ਆਪ ਸਵੀਕਾਰ ਕਰ ਲੈਣਾ ਹੈ।

ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # 647 966 3132