ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

31 ਜਨਵਰੀ 2021

ਪ੍ਰਧਾਨ ਮੰਤਰੀ ਬੋਰਿਸ ਜਾਹਨਸਨ ਦੀ ਗੱਲਬਾਤ ਅਮਰੀਕਾ ਦੇ ਨਵੇਂ ਚੁਣੇ ਪ੍ਰਧਾਨ ਨਾਲ਼ ਗੱਲਬਾਤ ਹੋਈ- ਇਕ ਖ਼ਬਰ
ਤੇਰੀ ਮੇਰੀ ਇਕ ਜਿੰਦੜੀ, ਸੁਫ਼ਨੇ ‘ਚ ਨਿੱਤ ਮਿਲ਼ਦੀ।

ਦੀਪ ਸਿੱਧੂ ਨੇ ਸਮਾਂ ਆਉਣ ‘ਤੇ ਕਿਸਾਨ ਆਗੂਆਂ ਨੂੰ ਦੇਖ ਲੈਣ ਦੀ ਧਮਕੀ ਦਿੱਤੀ- ਇਕ ਖ਼ਬਰ
ਚੁੱਕੀ ਹੋਈ ਪੰਚਾਂ ਦੀ ਗਾਲ਼ ਬਿਨਾਂ ਨਾ ਬੋਲੇ।

ਦਿੱਲੀ ਅੰਦੋਲਨ ਨੇ ਲੋਕਾਂ ‘ਚ ਏਕਤਾ ਦੀ ਭਾਵਨਾ ਪੈਦਾ ਕੀਤੀ- ਪ੍ਰਮਿੰਦਰ ਸਿੰਘ ਢੀਂਡਸਾ
ਸੁੱਚਿਆਂ ਰੁਮਾਲਾਂ ਨੂੰ, ਲਾ ਦੇ ਧੰਨ ਕੌਰੇ ਗੋਟਾ।

ਨਵੇਂ ਖੇਤੀ ਕਾਨੂੰਨਾਂ ਤਹਿਤ ਲਾਭ ਮੰਗ ਰਹੀਆਂ 7 ਪਟੀਸ਼ਨਾਂ ਹਾਈ ਕੋਰਟ ਵਲੋਂ ਖਾਰਜ- ਇਕ ਖ਼ਬਰ
ਪਿੰਡ ਪਏ ਨਹੀਂ ਉਚੱਕੇ ਪਹਿਲਾਂ ਹੀ ਪਧਾਰੇ।

ਕਿਸਾਨਾਂ ਦੀ ਆਮਦ ਨੇ ਗਾਜ਼ੀਪੁਰ ਧਰਨੇ ‘ਚ ਭਰਿਆ ਜੋਸ਼-ਇਕ ਖ਼ਬਰ
ਟੈਮ ਹੋ ਗਿਆ ਬਦਲ ਗਏ ਕਾਂਟੇ, ਗੱਡੀ ਆਉਣੀ ਸ਼ੂੰ ਕਰ ਕੇ।

ਪੰਜਾਬ ਭਰ ਤੋਂ ਦਿੱਲੀ ਵਲ ਵਹੀਰਾਂ ਘੱਤਣ ਲੱਗੇ ਕਿਸਾਨ- ਇਕ ਖ਼ਬਰ
ਕਾਦਰਯਾਰ ਅਸਵਾਰ ਹੋ ਖ਼ਾਲਸਾ ਜੀ, ਮੱਥਾ ਨਾਲ਼ ਫਰੰਗੀ ਦੇ ਲਾਂਵਦੇ ਨੇ।

ਮਮਤਾ ਨੇ ਪੱਛਮੀ ਬੰਗਾਲ ਵਿਧਾਨ ਸਭਾ ‘ਚ ਖੇਤੀ ਕਾਨੂੰਨਾਂ ਖਿਲਾਫ਼ ਮਤਾ ਪਾਸ ਕੀਤਾ- ਇਕ ਖ਼ਬਰ
ਮੈਨੂੰ ਨਰਮ ਕੁੜੀ ਨਾ ਜਾਣੀਂ, ਲੜ ਜੂੰ ਭਰਿੰਡ ਬਣ ਕੇ।

ਗਣਤੰਤਰ ਦਿਵਸ ‘ਤੇ ਪ੍ਰਸ਼ਾਸਨ ਨੇ ਮੰਚ ‘ਤੇ ਨਹੀਂ ਬੁਲਾਏ ਸੁਤੰਤਰਤਾ ਸੈਨਾਨੀ- ਇਕ ਖ਼ਬਰ
ਬਈ ਸਮਾਂ ਲੰਘ ਗਿਆ, ਹੁਣ ਸੁਤੰਤਰਤਾ ਸੈਨਾਨੀਆਂ ਤੋਂ ਛਿੱਕੂ ਲੈਣੈ ਸਰਕਾਰ ਨੇ।

ਕਿਸਾਨ ਆਗੂਆਂ ਵਿਰੁੱਧ  ਸਰਕਾਰ ਵਲੋਂ ਲੁੱਕ ਆਊਟ ਨੋਟਿਸ ਜਾਰੀ- ਇਕ ਖ਼ਬਰ
ਨੀਰਵ ਮੋਦੀ, ਲਲਿਤ ਮੋਦੀ, ਵਿਜੇ ਮਾਲੀਆ ਤੇ ਮੇਹੁਲ ਚੌਕਸੀ ਵੇਲੇ ਇਹ ਨੋਟਿਸ ਕਿੱਥੇ ਸਨ?

ਕਿਸਾਨ ਆਗੂਆਂ ਦੇ ਵਾਅਦਾ ਤੋੜਨ ਨਾਲ਼ ਹੋਈ ਹਿੰਸਾ- ਦਿੱਲੀ ਪੁਲਸ ਕਮਿਸ਼ਨਰ
ਬੋਦੀ ਵਾਲ਼ਾ ਤਾਰਾ ਚੜ੍ਹਿਆ, ਘਰ ਘਰ ਹੋਣ ਵਿਚਾਰਾਂ।

ਲਾਲ ਕਿਲ੍ਹੇ ਉੱਤੇ ਝੰਡਾ ਲਹਿਰਾਉਣ ਦੇ ਮਾਮਲੇ ‘ਤੇ ਇਕ ਵਿਅਕਤੀ ਨੇ ਸੁਪਰੀਮ ਕੋਰਟ ਨੂੰ ਲਿਖੀ ਚਿੱਠੀ-ਇਕ ਖ਼ਬਰ
ਚਿੱਠੀ ਤਾਂ ਮੈਨੂੰ ਲਗਦੈ ਪਈ 25 ਤਰੀਕ ਨੂੰ ਹੀ ਲਿਖ ਕੇ ਰੱਖ ਲਈ ਹੋਣੀ ਐ।

ਦੀਪ ਸਿੱਧੂ ਨੂਂ ਬੀ.ਜੇ.ਪੀ. ਵਾਲੇ ਹੀ ਲਾਲ ਕਿਲ੍ਹੇ ਲੈ ਕੇ ਗਏ- ਅਭਿਮੰਨਯੂ ਕੋਹਾੜ, ਕਿਸਾਨ ਨੇਤਾ
ਨਾ ਸਾਡਾ ਧਰਮ ਰਿਹਾ, ਨਾ ਘੁੱਗ ਕੇ ਵਸੀ ਘਰ ਤੇਰੇ।

ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਅਭੈ ਚੋਟਾਲਾ ਨੇ ਹਰਿਆਣਾ ਵਿਧਾਨ ਸਭਾ ਤੋਂ ਦਿੱਤਾ ਅਸਤੀਫ਼ਾ- ਇਕ ਖ਼ਬਰ
ਭੱਠ ਪਿਆ ਸੋਨਾ, ਜਿਹੜਾ ਕੰਨਾਂ ਨੂੰ ਖਾਵੇ।

ਬਾਇਡਨ ਪ੍ਰਸ਼ਾਸਨ ਨਾਲ਼ ਕੰਮ ਕਰਨ ਲਈ ਉਤਸਾਹਿਤ ਹਾਂ- ਭਾਰਤੀ ਸਫ਼ੀਰ
ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ।

ਟਿਕਟਾਕ ਭਾਰਤ ਵਿਚ ਆਪਣਾ ਕਾਰੋਬਾਰ ਬੰਦ ਕਰੇਗੀ-ਇਕ ਖ਼ਬਰ
ਚਲ ਉਡ ਜਾ ਰੇ ਪੰਛੀ, ਕਿ ਅਬ ਯੇਹ ਦੇਸ ਹੂਆ ਬੇਗਾਨਾ।

ਲਾਲ ਕਿਲ੍ਹਾ 31 ਜਨਵਰੀ ਤੱਕ ਬੰਦ- ਇਕ ਖ਼ਬਰ
26 ਜਨਵਰੀ ਨੂੰ ਹਵਾ ਲੁਆਉਣ ਲਈ ਖੁੱਲ੍ਹਾ ਰੱਖਿਆ ਹੋਇਆ ਸੀ?