ਇਕ ਅੱਥਰੂ ਨੇ ਹਰਿਆ ਕੀਤਾ ਕੋਹਾਂ ਤੀਕਰ ਬੰਜਰ ਸੀ  - ਸੁਰਜੀਤ ਪਾਤਰ

ਪਲਕਾਂ 'ਤੇ ਇਕ ਬੂੰਦ ਹੀ ਆਈ
ਦਿਲ ਵਿਚ ਕੋਈ ਸਮੁੰਦਰ ਸੀ
ਦੇਖਣ ਨੂੰ ਇਕ ਕਤਰਾ ਪਾਣੀ
ਕੀ ਕੁਝ ਉਹਦੇ ਅੰਦਰ ਸੀ
ਸੀਨੇ ਖੁੱਭ ਕੇ ਨੈਣੋਂ ਸਿੰਮਿਆ
ਕਿਹੋ ਜਿਹਾ ਇਹ ਖੰਜਰ ਸੀ
ਵਿਲਕ ਉੱਠੀਆਂ ਧਰਤੀ ਚੋਂ ਮਾਂਵਾਂ
ਪੁੱਤ ਦੇ ਰੋਣ ਦਾ ਮੰਜ਼ਰ ਸੀ
ਤਾਜ ਮੁਕਟ ਸਭ ਕਾਲ਼ੇ ਪੈ ਗਏ
ਖੁਰਿਆ ਕੂੜ ਅਡੰਬਰ ਸੀ
ਝੂਠੇ ਤਖ਼ਤ ਮੁਨਾਰੇ ਡੁੱਬ ਗਏ
ਅੱਥਰੂ ਨਹੀਂ ਸਮੁੰਦਰ ਸੀ
ਉਹ ਤੀਰਥ ਇਸ਼ਨਾਨ ਸੀ ਅੱਥਰੂ
ਅੱਖ ਪ੍ਰਭੂ ਦਾ ਮੰਦਰ ਸੀ
ਧੂੜ ਧੁਲ ਗਈ ਰੁੱਖਾਂ ਉੱਤੋਂ
ਦੋ ਪਲਕਾਂ ਦੀ ਛਹਿਬਰ ਸੀ
ਇਕ ਅੱਥਰੂ ਸਿਰਲੇਖ ਸੀ ਉਸਦਾ
ਕਵਿਤਾ ਵਿਚ ਸਮੁੰਦਰ ਸੀ
ਚੌਥ ਸ਼ਾਮ ਗਾਜ਼ੀਪੁਰ ਮੋਰਚੇ ਦੀ ਬਿਜਲੀ ਤੇ ਪਾਣੀ ਬੰਦ ਕਰ ਦਿੱਤਾ ਗਿਆ। ਪਰਸੋਂ ਸ਼ਾਮ ਥਾਂ ਖ਼ਾਲੀ ਕਰਨ ਦਾ ਹੁਕਮ ਆ ਗਿਆ, ਕੁਝ ਤੰਬੂ ਵੀ ਪੁੱਟ ਦਿੱਤੇ ਗਏ। ਕੁਝ ਲੋਕ ਘਰਾਂ ਵੱਲ ਤੁਰ ਪਏ। ਰਾਕੇਸ਼ ਟਿਕੈਤ ਸਟੇਜ ’ਤੇ ਬੋਲ ਰਿਹਾ ਸੀ ਜਦ ਪੁਲੀਸ ਸਟੇਜ ’ਤੇ ਚੜ੍ਹ ਗਈ। ਰਾਕੇਸ਼ ਟਿਕੈਤ ਇਸ ਸਾਰੇ ਨਿਰਾਦਰ ਅਤੇ ਦੁਰਵਿਵਹਾਰ ’ਤੇ ਬਹੁਤ ਰੋਹ ਵਿਚ ਆ ਗਏ, ਭਾਵੁਕ ਹੋ ਗਏ, ਉਨ੍ਹਾਂ ਦਾ ਗਲ਼ਾ ਭਰ ਆਇਆ, ਅੱਖਾਂ ਵਿਚ ਹੰਝੂ ਆ ਗਏ। ਉਨ੍ਹਾਂ ਦੇ ਹੰਝੂ ਜਿਹੜੇ ਵੀ ਸੰਵੇਦਨਸ਼ੀਲ ਸ਼ਖ਼ਸ ਨੇ ਦੇਖੇ ਹੋਣਗੇ, ਉਸ ਦੀਆਂ ਅੱਖਾਂ ਵੀ ਨਮ ਹੋ ਗਈਆਂ ਹੋਣਗੀਆਂ। ਇਹ ਸ਼ਾਇਦ ਉਨ੍ਹਾਂ ਸਾਰੇ ਕਿਸਾਨਾਂ ਦੇ ਹੀ ਅੱਥਰੂ ਨਹੀਂ, ਸਾਰੇ ਭਾਰਤੀਆਂ ਦੇ, ਸਾਰੀ ਦੁਨੀਆ ਦੇ ਸੰਵੇਦਨਸ਼ੀਲ ਲੋਕਾਂ ਦੇ ਅੱਥਰੂ ਸਨ ਜਿਹੜੇ ਸਰਕਾਰਾਂ ਦੇ ਤਾਨਾਸ਼ਾਹ ਰਵੱਈਏ ਤੋਂ ਪਰੇਸ਼ਾਨ ਹਨ। ਰਾਜੇਸ਼ ਟਿਕੈਤ ਦੇ ਅੱਥਰੂ ਮਾਨਵਤਾ ਦੇ ਅੱਥਰੂ ਹਨ। ਕਿਸੇ ਨੂੰ ਉਸ ਪਲ ਇਨ੍ਹਾਂ ਅੱਥਰੂਆਂ ਦੀ ਉਮੀਦ ਨਹੀਂ ਸੀ। ਇਹ ਅੱਥਰੂ ਇਸ ਤਰ੍ਹਾਂ ਸਨ ਜਿਵੇਂ ਰਾਜੇਸ਼ ਆਪਣੀ ਮਾਂ ਕੋਲ ਪਹੁੰਚ ਗਿਆ ਹੋਵੇ। ਮੈਨੂੰ ਸੀਤਾ ਜੀ ਯਾਦ ਆਏ ਜਿਨ੍ਹਾਂ ਨੇ ਕਿਹਾ ਸੀ : ਹੇ ਧਰਤੀ ਮਾਂ, ਜੇ ਮੈਂ ਸੱਚੀ ਹਾਂ ਤਾਂ ਤੂੰ ਮੈਨੂੰ ਆਪਣੀ ਗੋਦ ਵਿਚ ਸਮੋ ਲੈ।
     ਰਾਜੇਸ਼ ਟਿਕੈਤ ਦੇ ਅੱਥਰੂਆਂ ਨੇ ਸ਼ਾਇਦ ਸਭਨਾਂ ਅੰਦਰ ਮਾਂ ਨੂੰ ਜਗਾ ਦਿੱਤਾ। ਮਾਹੌਲ ਇਕਦਮ ਬਦਲ ਗਿਆ। ਇਹ ਇਕ ਕਰਾਮਾਤ ਹੀ ਸੀ। ਹਜ਼ਾਰਾਂ ਲੋਕਾਂ ਦੇ ਅੰਦਰ ਮਮਤਾ ਜਾਗੀ ਤੇ ਉਹ ਰਾਜੇਸ਼ ਨੂੰ ਸੀਨੇ ਲਾਉਣ ਲਈ ਤੁਰ ਪਏ। ਅਫ਼ਸਰਾਂ ਨੂੰ ਵੀ ਖੌਰੇ ਉਨ੍ਹਾਂ ਦੀਆਂ ਮਾਂਵਾਂ ਨੇ ਝਿੜਕਿਆ। ਇਸ ਅੱਥਰੂ ਦੀ ਲੋਏ ਹਾਕਮਾਂ ਦੇ ਕੰਕਾਲ ਨਜ਼ਰ ਆਉਣ ਲੱਗੇ। ਸ਼ਾਇਦ ਕਿਸੇ ਅਫ਼ਸਰ ਦੀ ਅੱਖ ਵਿਚ ਵੀ ਅੱਥਰੂ ਆ ਗਿਆ ਹੋਵੇ। ਜਾਂ ਸ਼ਾਇਦ ਕਿਸੇ ਨਵੀਂ ਸਾਜ਼ਿਸ਼ ਤਹਿਤ  ਪਿੱਛਿਓਂ ਫ਼ੋਨ ਆ ਗਿਆ ਹੋਵੇ। ਉਹ ਵਾਪਸ ਮੁੜ ਗਏ ਗਾਜ਼ੀਪੁਰ ਦਾ ਉਜੜਿਆ ਮੇਲਾ ਫਿਰ ਜੁੜ ਗਿਆ। ਇਕ ਅੱਥਰੂ ਨੇ ਕੀ ਕੁਝ ਹਰਿਆ ਭਰਿਆ ਕਰ ਦਿੱਤਾ। ਲੱਖਾਂ ਲੋਕ ਗਾਜ਼ੀਪੁਰ ਵੱਲ ਤੁਰ ਪਏ। ਹਜ਼ਾਰਾਂ ਭਾਸ਼ਨਾਂ ਤੋਂ ਵੱਧ ਇਕ ਅੱਥਰੂ ਨੇ ਅਸਰ ਕੀਤਾ।
      ਪੂਨਮ ਪੰਡਿਤ ਕਹਿਣ ਲੱਗੀ : ਮੈਨੇ ਆਦਮੀ ਰੋਤੇ ਨਹੀਂ ਦੇਖੇ। ਆਦਮੀ ਕੀ ਜਾਤ ਸੁਕਾਲੀ ਸੇ ਨਹੀਂ ਰੋਤੀ। ਪਰ ਜਬ ਰੋਤੀ ਹੈ ਤੋ ਉਸ ਕਾ ਏਕ ਏਕ ਆਂਸੂ ਸੈਲਾਬ ਬਨ ਜਾਤਾ ਹੈ।
ਇਸ ਤੋਂ ਇਕ ਦਿਨ ਪਹਿਲਾਂ ਵੀ ਹਜ਼ਾਰਾਂ ਲੋਕਾਂ ਦੀਆਂ ਅੱਖਾਂ ਨਮ ਦੇਖੀਆਂ
    26 ਜਨਵਰੀ ਸਾਡੇ ਲਈ ਬਹੁਤ ਉਦਾਸ ਦਿਨ ਹੋ ਗਿਆ। ਪਤਾ ਨਹੀਂ ਕਿਸ ਕਿਸ ਦੀ ਅੱਖ ਸਿੱਲ੍ਹੀ ਹੋਈ ਹੋਵੇਗੀ।
ਲੋਕ ਕੁਝ ਹੋਰ ਦੇਖਣ ਲਈ ਆਪਣੇ ਟੀ.ਵੀ. ਸੈੱਟਾਂ ਦੇ ਸਾਹਮਣੇ ਬੈਠੇ ਸਨ ਪਰ ਜੋ ਕੁਝ ਦੇਖਣ ਨੂੰ ਮਿਲਿਆ, ਉਸ ਨੂੰ ਦੇਖ ਕੇ ਲੱਗਾ ਜਿਵੇਂ ਕੋਈ ਲਿਖੀ ਜਾ ਰਹੀ ਬਹੁਤ ਸੁਹਣੀ ਕਿਤਾਬ ਅੱਗ ਵਿਚ ਡਿੱਗ ਪਈ ਹੋਵੇ। ਮੈਨੂੰ ਕੁਝ ਦਿਨ ਪਹਿਲਾਂ ਇਸ ਅੰਦੋਲਨ ਦੀ ਸ਼ਾਨ ਦੇਖ ਕੇ ਮੀਆਂ ਮੁਹੰਮਦ ਬਖ਼ਸ਼ ਦਾ ਦੋਹਾ ਯਾਦ ਆਇਆ ਸੀ :
ਸਭ ਸਈਆਂ ਰਲ ਪਾਣੀ ਨੂੰ ਗਈਆਂ, ਥੋੜ੍ਹੀਆਂ ਮੁੜੀਆਂ ਭਰ ਕੇ
ਜਿਨ੍ਹਾਂ ਨੇ ਭਰ ਕੇ ਸਿਰ ਤੇ ਚੁੱਕਿਆ, ਉਹ ਪੈਰ ਧਰਨ ਡਰ ਡਰ ਕੇ
ਓਹੀ ਗੱਲ ਹੋਈ। ਘੜੇ ਦਾ ਪਾਣੀ ਹਜ਼ਾਰਾਂ ਅੱਖਾਂ ਵਿਚ ਆ ਗਿਆ। ਕੁਝ ਦਿਨ ਪਹਿਲਾਂ ਬਾਦਲੀਲ ਨੇ ਕਿਹਾ ਸੀ : ਇਨ੍ਹੀਂ ਦਿਨੀਂ ਜੇ ਪੰਜਾਬ ਆਪਣੇ ਆਪ ਨੂੰ ਸ਼ੀਸ਼ੇ ਵਿਚ ਦੇਖੇ ਤਾਂ ਆਪਣਾ ਸੁਹਣਾ ਚਿਹਰਾ ਦੇਖ ਕੇ ਹੈਰਾਨ ਰਹਿ ਜਾਵੇ। ਸੁਮੇਲ ਨੇ ਕਿਹਾ ਸੀ : ਮੈਂ ਬਹੁਤੀ ਸਿਫ਼ਤ ਨਹੀਂ ਕਰਨੀ, ਕਿਤੇ ਨਜ਼ਰ ਨਾ ਲੱਗ ਜਾਵੇ।
    ਨਿਸ਼ਾਨ ਸਾਹਿਬ ਸਾਡੀਆਂ ਨਿਗਾਹਾਂ ਵਿਚ ਹਮੇਸ਼ਾ ਤੋਂ ਹੀ ਉੱਚਤਮ ਹੈ, ਪਰ  ਪਿਛਲੇ ਕਈ ਦਿਨਾਂ ਤੋਂ ਇਹ ਸਾਰੇ ਜਹਾਨ ਦੀਆਂ ਨਿਗਾਹਾਂ ਵਿਚ ਉੱਚਾ ਹੋਰ ਉੱਚਾ ਹੋ ਰਿਹਾ ਸੀ। ਪੱਗਾਂ ਦਾੜ੍ਹੀਆਂ ਵਾਲੇ ਲੋਕ ਸੁਹਣੇ ਹੋਰ ਸੁਹਣੇ ਹੋ ਰਹੇ ਸੀ। ਗੁਰੂ ਦਾ ਖ਼ਾਲਸਾ ਆਪਣੇ ਗੁਰੂ ਦੀ ਬਾਣੀ ਦੀ ਲੋਏ ਤੁਰ ਰਿਹਾ ਸੀ ਤੇ ਹਿੰਦੋਸਤਾਨ ਲਈ ਹੀ ਨਹੀਂ, ਜਹਾਨ ਲਈ ਰਹਿਬਰ ਦਾ ਰੋਲ ਅਦਾ ਕਰ ਰਿਹਾ ਸੀ। ਹਰਿਆਣਾ ਵਿੱਛੜੇ ਛੋਟੇ ਵੀਰ ਵਾਂਗ ਇਸ ਦੇ ਸੀਨੇ ਆਣ ਲੱਗਾ ਸੀ। ਉਸ ਦਿਨ ਵੀ ਅੱਖਾਂ ਸਿੱਲੀਆਂ ਹੋਈਆਂ ਸਨ, ਪਰ ਖ਼ੁਸ਼ੀ ਅਤੇ ਪਿਆਰ ਨਾਲ਼।
      ਉੱਤਰ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ, ਮੱਧ ਪ੍ਰਦੇਸ਼ ... ਅੰਦੋਲਨ ਇਕ ਮਹਾਨ ਪ੍ਰਭਾਤ ਫੇਰੀ ਵਾਂਗ ਭਾਰਤ ਵਿਚੋਂ ਲੰਘ ਰਿਹਾ ਸੀ। ਸਾਡੇ ਸਾਰਿਆਂ ਦੇ ਹਿਰਦੇ ਵਿਚ ਇਕ ਧੁਨੀ ਚੱਲ ਰਹੀ ਸੀ :
ਧੰਨ ਧੰਨ ਬਾਬਾ ਨਾਨਕ
ਜਿਹੜਾ ਵਿੱਛੜਿਆਂ ਨੂੰ ਮੇਲ਼ਦਾ
ਬਾਬੇ ਸੰਗ ਟੁਰੇ ਮਰਦਾਨਾ
ਜਾਤ ਮਜ਼ਬ ਕੁਛ ਭੇਤ ਨਾ ਜਾਨਾ
ਵੰਡਦੇ ਫਿਰਦੇ ਖੇੜਾ
ਜਿਹੜਾ ਵਿੱਛੜਿਆਂ ਨੂੰ ਮੇਲ਼ਦਾ
    ਰਾਜ ਹਲੇਮੀ ਅਤੇ ਬੇਗ਼ਮਪੁਰੇ ਵੱਲ ਜਾਣ ਵਾਲੇ ਰਸਤੇ ’ਤੇ ਬੜੀਆਂ ਰੌਣਕਾਂ ਸਨ। ਨਿਸ਼ਾਨ ਸਾਹਿਬ ਜਹਾਨ ਦੀਆਂ ਨਿਗਾਹਾਂ ਵਿਚ ਦਿਨ-ਬ-ਦਿਨ ਉੱਚਾ ਹੋ ਰਿਹਾ ਸੀ।
      ਸਰਕਾਰ ਨੇ ਗਿਣੀ-ਮਿਥੀ ਸਾਜ਼ਿਸ਼ ਮੁਤਾਬਿਕ ਬੜੀ ਆਸਾਨੀ ਨਾਲ ਲਾਲ ਕਿਲੇ ’ਤੇ ਨਿਸ਼ਾਨ ਸਾਹਿਬ ਝੁਲਾ ਲੈਣ ਦਿੱਤਾ ਤਾਂ ਜੋ ਬਾਅਦ ਵਿਚ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਅਤੇ ਸਾਰੇ ਜੋੜ ਮੇਲੇ ਨੂੰ ਉਜਾੜਨ ਦਾ ਬਹਾਨਾ ਮਿਲ ਸਕੇ। ਕੁਝ ਆਪਹੁਦਰੇ ਬੰਦੇ ਲਾਲ ਕਿਲੇ ਵੱਲ ਤੁਰ ਪਏ। ਕੁਝ ਭੋਲ਼ੇ ਭਾਅ ਮਗਰ ਤੁਰ ਪਏ ਤੇ ਕਈਆਂ ਨੂੰ ਮਿਥੀ ਹੋਈ ਸਾਜ਼ਿਸ਼ ਮੁਤਾਬਿਕ ਸਰਕਾਰੀ ਸਾਜ਼ਿਸ਼ੀਆਂ ਨੇ ਆਪ ਵੀ ਲਾਲ ਕਿਲੇ ਦਾ ਰਾਹ ਦਿਖਾਇਆ।
     ਨਤੀਜਾ ਕੀ ਹੋਇਆ? ਜਿਨ੍ਹਾਂ ਦੀ ਜੁਰਅਤ ਨਹੀਂ ਸੀ ਸਾਡੇ ਵੱਲ ਉਂਗਲ ਚੁੱਕਣ ਦੀ, ਉਨ੍ਹਾਂ ਨੂੰ ਸਾਡੇ ’ਤੇ ਪੱਥਰ ਚਲਾਉਣ ਦਾ ਬਹਾਨਾ ਮਿਲ ਗਿਆ। ਦੁੱਖਾਂ ਸੁੱਖਾਂ ਦੇ ਮਹਾ ਮੇਲੇ ਦੀ ਇਕਾਗਰਤਾ ਨੂੰ ਭੰਗ ਕਰਨ ਵਿਚ ਹਾਕਮ ਆਪ ਸ਼ਾਮਿਲ ਹੈ, ਇਸ ਵਿਚ ਕੋਈ ਸੰਦੇਹ ਨਹੀਂ।
       ਇਕ ਕਿਸਾਨ ਨੇਤਾ ਨੇ ਕਿਹਾ : 99 ਪ੍ਰਤੀਸ਼ਤ ਤੋਂ ਵੱਧ ਕਿਸਾਨ ਨਿਰਧਾਰਿਤ ਰਾਹਾਂ ’ਤੇ ਗਏ। ਇਕ ਪ੍ਰਤੀਸ਼ਤ ਤੋਂ ਵੀ ਘੱਟ ਲਾਲ ਕਿਲੇ ਗਏ, ਤੇ ਜਿਹੜੇ ਲਾਲ ਕਿਲੇ ਗਏ ਉਨ੍ਹਾਂ ਵਿਚੋਂ ਵੀ ਬਹੁਗਿਣਤੀ ਨੂੰ ਪਤਾ ਨਹੀਂ ਸੀ ਕਿ ਸਾਨੂੰ ਏਥੇ ਕੀ ਕਰਨ ਲਈ ਲਿਆਂਦਾ ਗਿਆ ਹੈ।
ਏ ਭੂਪਤਿ ਸਭ ਦਿਵਸ ਚਾਰਿ ਕੈ
     ਬਲਬੀਰ ਸਿੰਘ ਰਾਜੇਵਾਲ ਨੇ ਕਿਹਾ : ਅਕਾਲ ਪੁਰਖ ਜੋ ਕਰਦਾ ਹੈ ਭਲੀ ਕਰਦਾ ਹੈ। ਉਸ ਨੇ ਸ਼ਾਇਦ ਸਾਨੂੰ ਹੋਰ ਸ਼ੁੱਧ ਕਰਨ ਲਈ ਇਸ ਇਮਤਿਹਾਨ ਵਿਚ ਪਾਇਆ। ਇਸ ਕੁਠਾਲੀ ਵਿਚ ਪੈਣ ਨਾਲ ਸਾਡਾ ਖੋਟ ਝੜ ਗਿਆ।
ਸਾਰੇ ਆਗੂ ਬਹੁਤ ਉਦਾਸ ਅਤੇ ਆਹਤ ਸਨ। ਡੱਲੇਵਾਲ ਗੱਲ ਕਰਦਾ ਕਰਦਾ ਮੰਚ ’ਤੇ ਰੋ ਪਿਆ ਸੀ। ਉਗਰਾਹਾਂ ਨੇ ਭਰੇ ਮਨ ਨਾਲ ਹਕੀਕਤ ਬਿਆਨ ਕੀਤੀ। ਉਨ੍ਹਾਂ ਸਭ ਦੀਆਂ ਆਵਾਜ਼ਾਂ ਵਿਚ ਦਰਦ ਸੀ। ਪਲਕਾਂ ਦਿਲ ਦੇ ਬੋਝ ਨਾਲ ਝੁਕੀਆਂ ਹੋਈਆਂ ਸਨ।
ਉਹ ਰੋਇਆ ਉਸ ਦਿਨ ਜ਼ਾਰੋ ਜ਼ਾਰ
ਉਹਦੇ ਸਾਜ਼ ਦੇ ਕਿੰਨੇ ਟੁੱਟ ਗਏ ਤਾਰ
ਉਹ ਖ਼ੁਦ ਜ਼ਖ਼ਮੀ, ਖ਼ੁਦ ਸ਼ਰਮਸਾਰ
ਉਹਦੀ ਪਿੱਠ ’ਤੇ ਕੀਤਾ ਕਿਸਨੇ ਵਾਰ
    ਕਬੀਰ ਜੀ ਨੇ ਦਿਲਾਸਾ ਦਿੱਤਾ : ਉਦਾਸ ਨਾ ਹੋਣਾ ਮੇਰੇ ਪੁੱਤਰੋ, ਇਹ ਹਾਕਮ ਚਾਰ ਦਿਨਾਂ ਦੇ ਹੁੰਦੇ ਹਨ, ਝੂਠੇ ਅਡੰਬਰ ਕਰ ਰਹੇ। ਰੱਬ ਹੈ ਸਭ ਤੋਂ ਵੱਡਾ ਤੇ ਸਦੀਵੀ ਸ਼ਹਿਨਸ਼ਾਹ। ਉਸ ਸ਼ਹਿਨਸ਼ਾਹ ਦਾ ਛਤਰ ਤਿੰਨਾਂ ਜਹਾਨਾਂ ’ਤੇ ਝੁੱਲਦਾ ਹੈ। ਤੁਸੀਂ ਉਸ ਦੀ ਪਰਜਾ ਹੋ, ਤੁਸੀਂ ਕਦੀ ਨਹੀਂ ਡੋਲ ਸਕਦੇ। ਇਨ੍ਹਾਂ ਚਾਰ ਦਿਨ ਦੇ ਰਾਜਿਆਂ ਨੂੰ ਉਸ ਸਦੀਵੀ ਰਾਜੇ ਦੀ ਤਾਕਤ ਦਾ ਅੰਦਾਜ਼ਾ ਨਹੀਂ। ਆਪਣੇ ਅੰਦਰ ਵੱਜਦੇ ਉਸ ਸੰਗੀਤ ਨੂੰ ਸੁਣੋ ਜੋ ਇਸ ਕਾਇਨਾਤ ਦਾ ਆਦਿ ਜੁਗਾਦੀ ਸੰਗੀਤ ਹੈ। ਅੰਤ ਪ੍ਰਹਿਲਾਦ ਜਿੱਤੇਗਾ। ਹਰਨਾਖ਼ਸ਼ ਦੀ ਹਾਰ ਹੋਵੇਗੀ :
ਕੋਊ ਹਰਿ ਸਮਾਨਿ ਨਹੀ ਰਾਜਾ॥
ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ।
ਕਵੀ ਸੰਦੇਹ ਕਰਦਾ ਹੈ : ਰੱਬ? ਫਿਰ ਆਪ ਹੀ ਸੋਚਦਾ ਹੈ : ਜੇ ਫ਼ਰੀਦ, ਕਬੀਰ, ਨਾਨਕ, ਬੁੱਲਾ ਕਹਿੰਦੇ ਹਨ ਤਾਂ ਰੱਬ ਜ਼ਰੂਰ ਹੋਵੇਗਾ। ਉਹ ਨਿਰਾਕਾਰ ਖ਼ਿਆਲ ਨੂੰ ਮੁਖ਼ਾਤਿਬ ਹੁੰਦਾ ਹੈ :
ਹੇ ਕਬੀਰ ਤੇ ਅੱਵਲ ਅੱਲਾ, ਹੇ ਨਾਨਕ ਦੇ ਸਤਿ ਕਰਤਾਰ
ਹੇ ਫ਼ਰੀਦ ਦੇ ਡਾਢੇ ਰੱਬ ਜੀ, ਹੇ ਬੁੱਲੇ ਦੇ ਯਾਰ ਕੱਹਾਰ
ਉਨ੍ਹਾਂ ਕਿਹਾ ਤਾਂ ਝੂਠ ਨਹੀਂ ਫਿਰ ਤੂੰ ਜ਼ਰੂਰ ਹੋਵੇਂਗਾ
ਜੋਤ ਸਰੋਤ ਤਰੰਗ ਕਿਰਣ ਕਣ ਨਾਦ ਨੂਰ ਹੋਵੇਂਗਾ
ਮੇਰੀ ਸੋਚੋਂ ਸਮਝੋਂ ਨਜ਼ਰੋਂ ਬਹੁਤ ਦੂਰ ਹੋਵੇਂਗਾ
ਕੁਦਰਤ ਦੇ ਬਲਿਹਾਰ ਗਿਆ ਮੈਂ, ਗਿਆ ਨਾ ਉਸ ਤੋਂ ਪਾਰ  
    ਰੱਬ ਦਾ ਸੰਕਲਪ ਤਾਂ ਸਦਾ ਰਿਹਾ ਹੈ ਪਰ ਉਸ ਦਾ ਰੂਪ ਲੋਕਾਂ ਦੇ ਮਨਾਂ ਵਿਚ ਬਦਲਦਾ ਰਿਹਾ ਹੈ। ਆਪਣੇ ਲਈ ਮੈਂ ਕੁਦਰਤ, ਇਤਿਹਾਸ, ਮਾਨਵ ਤੇ ਸ਼ਬਦ ਸਭ ਕੁਝ ਰਲਾ ਕੇ ਉਸ ਨੂੰ ਰੱਬਤਾ ਦਾ ਨਾਮ ਦੇ ਲਿਆ। ਮੈਨੂੰ ਮੇਰੇ ਇਕ ਭੋਲ਼ੇ ਜਿਹੇ ਵਿਦਿਆਰਥੀ ਨੇ ਪੁੱਛਿਆ ਸੀ : ਸਰ ਜਦੋਂ ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਨੂੰ ਪੁੱਛਿਆ : ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦੁ ਨ ਆਇਆ ਤਾਂ ਤੁਹਾਡੇ ਖ਼ਿਆਲ ਵਿਚ ਅਕਾਲ ਪੁਰਖ ਨੇ ਕੀ ਜਵਾਬ ਦਿੱਤਾ ਹੋਵੇਗਾ? ਮੈਂ ਉਹਨੂੰ ਕਿਹਾ : ਮੈਂ  ਤੈਨੂੰ ਸੋਚ ਕੇ ਦੱਸਾਂਗਾ। ਮੈਂ ਕੁਝ ਦਿਨਾਂ ਬਾਅਦ ਉਸ ਨੂੰ ਇਹ ਸਤਰਾਂ ਲਿਖ ਕੇ ਦਿੱਤੀਆਂ :
ਤੂੰ ਹੈਂ ਮੇਰੇ ਦਰਦ ਦਇਆ ਦੀ ਆਤਮਾ
ਨਾਨਕ ਨੂੰ ਇਹ ਬੋਲ ਕਹੇ ਪਰਮਾਤਮਾ
ਪੂਰਨ ਪੁਰਖ ਤੂੰ ਹੀ ਧਰਤੀ ਦਾ ਦੁੱਖ ਵੰਡਾ
ਪੁੱਤਰਾਂ ਬਾਝੋਂ ਅਉਤ ਰਹੇ ਪਰਮਾਤਮਾ ...
ਗੁਰਬਾਣੀ ਦਾ ਇਕ ਵਾਕ ਹੈ :
ਸਫਲੁ ਜਨਮ ਹਰਿ ਜਨ ਕਾ ਉਪਜਿਆ
ਜਿਨਿ ਕੀਨੋ ਸਉਤੁ ਬਿਧਾਤਾ॥
ਉਨ੍ਹਾਂ ਰੱਬੀ ਰੂਹਾਂ ਦਾ ਜਹਾਨ ’ਤੇ ਆਉਣ ਸਫਲ ਹੈ ਜਿਨ੍ਹਾਂ ਨੇ ਪਰਮਾਤਮਾ ਨੂੰ ਸਉਤ ਬਣਾਇਆ। ਉਹੀ ਰੱਬ ਦੇ ਸੱਚੇ ਧੀਆਂ ਪੁੱਤ ਹਨ ਜਿਹੜੇ ਰੱਬ ਦਾ ਕੰਮ ਕਰਦੇ ਹਨ। ਖ਼ਾਲਸਾ ਅਕਾਲ ਪੁਰਖ ਕੀ ਫ਼ੌਜ ਦਾ ਭਾਵ ਵੀ ਏਹੀ ਹੈ ਕਿ ਅਸੀਂ ਰੱਬ ਦੇ ਕੰਮ ਕਰਨ ਵਾਲੇ ਰੱਬ ਦੇ ਧੀਆਂ ਪੁੱਤਰ ਹਾਂ। ਰੱਬ ਦਾ ਸੱਚਾ ਧੀ ਪੁੱਤਰ ਓਹੀ ਹੈ ਜਿਹੜਾ ਰੱਬ ਦੇ ਕੰਮ ਕਰਦਾ ਹੈ।
ਫ਼ੈਜ਼ ਅਹਿਮਦ ਫ਼ੈਜ਼ ਨੇ ਵੀ ਆਪਣੀ ਪੰਜਾਬੀ ਨਜ਼ਮ ਵਿਚ ਰੱਬ ਨੂੰ ਯਾਦ ਕੀਤਾ :
ਰੱਬਾ ਸੱਚਿਆ ਤੂੰ ਤੇ ਆਖਿਆ ਸੀ
ਜਾ ਓਏ ਬੰਦਿਆ ਜਗ ਦਾ ਸ਼ਾਹ ਹੈਂ ਤੂੰ
ਸਾਡੀਆਂ ਨਿਹਮਤਾਂ ਤੇਰੀਆਂ ਦੌਲਤਾਂ ਨੇ
ਸਾਡਾ ਨੈਬ ਅਤੇ ਆਲੀਜਾਹ ਏ ਤੂੰ
ਏਸ ਲਾਰੇ ਤੇ ਟੋਰ ਕਦ ਪੁੱਛਿਆ ਈ
ਕੀਹ ਏਸ ਨਮਾਣੇ ਤੇ ਬੀਤੀਆਂ ਨੇ
ਕਦੀ ਸਾਰ ਵੀ ਲਈ ਓ ਰੱਬ ਸਾਈਆਂ
ਤੇਰੇ ਸ਼ਾਹ ਨਾਲ ਜੱਗ ਕੀ ਕੀਤੀਆਂ ਨੇ
ਕਿਤੇ ਧੌਂਸ ਪੁਲੀਸ ਸਰਕਾਰ ਦੀ ਏ
ਕਿਤੇ ਧਾਂਦਲੀ ਮਾਲ ਪਟਵਾਰ ਦੀ ਏ
ਏਵੇਂ ਹੱਡੀਆਂ ’ਚ ਕਲਪੇ ਜਾਨ ਮੇਰੀ
ਜਿਵੇਂ ਫਾਹੀ ’ਚ ਕੂੰਜ ਕੁਰਲਾਂਵਦੀ ਏ ...
ਮੇਰੀ ਮੰਨੇ ਤੇ ਤੇਰੀਆਂ ਮੈਂ ਮੰਨਾਂ
ਤੇਰੀ ਸਹੁੰ ਜੇ ਇਕ ਵੀ ਗੱਲ ਮੋੜਾਂ
ਜੇ ਇਹ ਮੰਗ ਨਈਂ ਪੁਜਦੀ ਤੈਂ ਰੱਬਾ
ਫਿਰ ਮੈਂ ਜਾਵਾਂ ਤੇ ਰਬ ਕੋਈ ਹੋਰ ਲੋੜਾਂ
      ਇਕ ਵਾਰ ਮੈਂ ਸੰਤ ਸਿੰਘ ਸੇਖੋਂ ਹੋਰਾਂ ਨੂੰ ਪੁੱਛਿਆ: ਸੇਖੋਂ ਸਾਹਿਬ, ਤੁਸੀਂ ਗੁਰਬਾਣੀ ਦਾ ਅਧਿਐਨ ਤਾਂ ਕੀਤਾ ਹੈ, ਪਰ ਕੀ ਤੁਸੀਂ ਕਿਸੇ ਸ਼ਰਧਾਵਾਨ ਵਾਂਗ ਵੀ ਪਾਠ ਕੀਤਾ? ਉਹ ਕਹਿਣ ਲੱਗੇ : ਹਾਂ ਇਕ ਦੋ ਵਾਰ, ਆਪਣੇ ਪੁੱਤਰ ਕਾਕੂ ਦੇ ਭਵਿੱਖ ਬਾਰੇ ਸੋਚ ਕੇ।
ਇਕ ਦਿਨ ਹੱਸ ਕੇ ਮੁਸਕੜੀਆਂ ਵਿਚ ਵਾਲਟੇਅਰ ਕੀ ਕਹਿੰਦਾ
ਕਹਿੰਦਾ : ਉਹ ਜਿਹੜੇ ਕਿ ਹੈ ਨਈਂ ਜੇ ਕਰ ਉਹ ਨਾ ਹੁੰਦਾ
ਦੀਨਾਂ ਦੁਖੀਆਂ ਮਸਕੀਨਾਂ ਨੂੰ ਕੌਣ ਸਹਾਰਾ ਦਿੰਦਾ
ਕਿਹੜੇ ਦਰ ’ਤੇ ਜਾ ਕੇ ਡਿੱਗਦੇ ਦੁਖੀਏ ਆਖ਼ਰਕਾਰ
      ਕਿਸੇ ਵਕਤ ਰਾਜੇ ਨੂੰ ਰੱਬ ਦਾ ਨੁਮਾਇੰਦਾ ਕਿਹਾ ਜਾਂਦਾ ਸੀ ਪਰ ਭਗਤ ਕਵੀਆਂ ਨੇ ਰੱਬ ਨੂੰ ਸਭ ਤੋਂ ਵੱਡਾ ਰਾਜਾ ਕਹਿ ਕੇ ਤੇ ਸਿੱਖ ਇਤਿਹਾਸ ਨੇ ਸੱਚਾ ਪਾਤਸ਼ਾਹ ਕਹਿ ਕੇ ਸੱਚੇ ਪਾਤਸ਼ਾਹ ਦੇ ਸੰਬੋਧ ਨੇ ਦੁਨਿਆਵੀ ਮਹਾਰਾਜਿਆਂ ਨੂੰ  ਕੌਡੀਆਂ ਤੋਂ ਹੌਲੇ ਕਰ ਦਿੱਤਾ, ਲੋਕਾਂ ਨੂੰ ਨਿਰਭਉ ਬਣਾਇਆ ਤੇ ਉਨ੍ਹਾਂ ਦੇ ਮਨਾਂ ਵਿਚੋਂ ਹਾਕਮਾਂ ਦਾ ਭੈਅ ਦੂਰ ਕੀਤਾ।
ਗੁਰਬਾਣੀ ਦਾ ਕਥਨ ਹੈ: ਸਾਹਿਬੁ ਮੇਰਾ ਨੀਤ ਨਵਾ ... (ਮੇਰਾ ਰੱਬ ਨਿੱਤ ਨਵਾਂ)
ਮਾਨਵਤਾ ਵੀ ਰੱਬ ਦੇ ਸੰਬੋਧ ਨੂੰ ਜੁਗਾਂ ਜੁਗਾਂ ਤੋਂ ਨਿੱਤ ਨਵਾਂ ਕਰਦੀ ਰਹਿੰਦੀ ਹੈ।
ਮਹਾ ਦਰਿਆ ਹੈ ਤੂੰ ਐਵੇਂ ਨਾ ਸਮਝੀਂ
ਅੱਜ ਫੇਰ ਸਾਰੇ ਬਾਰਡਰਾਂ ’ਤੇ ਰੌਣਕਾਂ ਪਰਤ ਆਈਆਂ ਹਨ। ਉੱਤਰ ਪ੍ਰਦੇਸ਼ ਤੇ ਹਰਿਆਣਾ ਬਹੁਤ ਭਾਵਨਾ-ਭਰੇ ਰੂਪ ਵਿਚ ਆਣ ਜੁੜੇ। ਛੱਬੀ ਜਨਵਰੀ ਵਾਲੇ ਵਾਕਏ ਦੀ ਧੁੰਦ ਵੀ ਛਟ ਗਈ। ਅੰਦੋਲਨ ਨੂੰ ਫ਼ਿਰਕੂ ਰੰਗ ਵਿਚ ਰੰਗਣ ਵਾਲਿਆਂ ਦੇ ਰੰਗੇ ਹੱਥ ਸਭ ਨੇ ਦੇਖ ਲਏ। ਮਾਨਵਤਾ ਆਪਣੀ ਸਰਬ ਸਾਂਝੀਵਾਲਤਾ ਦੀ ਪ੍ਰਭਾਤ ਫੇਰੀ ’ਤੇ ਆਪਣੀ ਸ਼ਾਨ ਸ਼ੌਕਤ ਅਤੇ ਪਾਵਨਤਾ ਨਾਲ ਫੇਰ ਅੱਗੇ ਤੁਰ ਪਈ। ਇਨ੍ਹਾਂ ਵਿਚ ਰੱਬ ਦੀ ਰੱਬਤਾ ਵੀ ਸ਼ਾਮਿਲ ਹੈ, ਸਭ ਮਜ਼ਹਬਾਂ, ਨਸਲਾਂ, ਦੇਸ਼ਾਂ ਦੀਆਂ ਮਾਵਾਂ ਦੀ ਮਮਤਾ ਵੀ ਸ਼ਾਮਿਲ ਹੈ ਤੇ ਅਰਬਾਂ ਖ਼ਰਬਾਂ ਗ਼ਰੀਬਾਂ ਮਸਕੀਨਾਂ ਦੇ ਵਗੇ ਅਣਵਗੇ ਅੱਥਰੂ ਵੀ ਸ਼ਾਮਲ ਹਨ :
ਮਹਾ ਦਰਿਆ ਹੈ, ਤੂੰ ਐਵੇਂ ਨਾ ਸਮਝੀਂ
ਮਨੁੱਖੀ ਹੰਝੂਆਂ ਦੀ ਇਸ ਨਦੀ ਨੂੰ
ਤੇਰਾ ਖ਼ੰਜਰ ਨਹੀਂ, ਮੇਰਾ ਲਹੂ ਹੀ
ਭਲਕ ਦਾ ਰਾਹ ਦੱਸੇਗਾ ਸਦੀ ਨੂੰ।

ਸੰਪਰਕ : 98145-04272