ਦਿੱਲੀ ਮੋਰਚੇ ਦੇ ਅੱਖੀਂ ਵੇਖੇ ਕੁੱਝ ਅੰਸ਼ - ਮਨਜਿੰਦਰ ਸਿੰਘ ਸਰੌਦ

ਕਿਸਾਨੀ ਸੰਘਰਸ਼ ਨੂੰ 'ਨਵੀਂ ਪੁੱਠ ਚਾੜ੍ਹ ਗਏ ਰਾਕੇਸ਼ ਟਿਕੈਤ ਦੀਆਂ ਅੱਖਾਂ ਵਿੱਚੋਂ ਡਿੱਗੇ ਹੰਝੂ'
'ਦਿੱਲੀ ਚੱਲੋ' ਦੇ ਨਾਅਰਿਆਂ ਨਾਲ ਗੂੰਜ ਉੱਠੀ ਹੈ ਪੰਜਾਬ ਦੀ ਫਿਜ਼ਾ ..
- ਦਿੱਲੀ ਦੀਆਂ ਸਰਹੱਦਾਂ ਤੇ ਚੱਲ ਰਹੇ ਕਿਸਾਨੀ ਅੰਦੋਲਨ ਦੌਰਾਨ 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਵਾਪਰੇ ਘਟਨਾਕ੍ਰਮ ਨੇ ਇੱਕ ਵਾਰ ਸਾਰਿਆਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਸ਼ਾਇਦ ਹੁਣ ਕਿਸਾਨੀ ਸੰਘਰਸ਼ ਦੇ ਪੈਰ ਉਖੜ ਜਾਣ ਕਿਉਂਕਿ ਉਸ ਵਰਤਾਰੇ ਦੀ ਆਡ਼ ਵਿਚ ਪੁਲਿਸ ਵੱਲੋਂ ਨਿਹੱਥੇ ਕਿਸਾਨਾਂ ਤੇ ਢਾਹੇ ਬੇਤਹਾਸ਼ਾ ਜ਼ੁਲਮ ਦੇ ਕਾਰਨ ਕਿਸਾਨਾਂ ਵਿੱਚ ਨਿਰਾਸ਼ਤਾ ਫੈਲ ਰਹੀ ਸੀ ਪਰ ਉੱਤਰ ਪ੍ਰਦੇਸ਼ ਦੇ ਕਿਸਾਨ ਨੇਤਾ ਰਕੇਸ਼ ਸਿੰਘ ਟਿਕੈਤ ਤੇ ਬਲਬੀਰ ਸਿੰਘ ਰਾਜੇਵਾਲ ਵੱਲੋਂ 'ਆਖ਼ਰੀ ਓਵਰ ਵਿੱਚ ਆਖਰੀ ਬਾਲ ਤੇ ਮਾਰੇ ਗਏ ਸਿੱਕੇ' ਨੇ ਪੂਰੇ ਸੰਘਰਸ਼ ਦੀ ਰੂਪ ਰੇਖਾ ਬਦਲ ਕੇ ਰੱਖ ਦਿੱਤੀ । ਦਿੱਲੀ ਪ੍ਰਸ਼ਾਸਨ ਵੱਲੋਂ ਗਾਜ਼ੀਪੁਰ ਬਾਰਡਰ ਤੇ ਬੈਠੇ ਕਿਸਾਨਾਂ ਨੂੰ 27 ਜਨਵਰੀ ਦੀ ਸ਼ਾਮ ਨੂੰ ਇਹ ਆਖਿਆ ਗਿਆ ਕਿ ਉਹ ਬਾਰਡਰ ਖਾਲੀ ਕਰ ਦੇਣ ਉਸ ਸਮੇਂ ਉਥੇ ਕਿਸਾਨਾਂ ਦੀ ਗਿਣਤੀ ਮਹਿਜ਼ ਕੁਝ ਸੌ ਦੇ ਕਰੀਬ ਸੀ ।
              ਸਰਕਾਰ ਵੱਲੋਂ ਪੂਰੀ ਵਿਉਂਤਬੰਦੀ ਦੇ ਤਹਿਤ ਇਕ-ਇਕ ਕਰਕੇ ਸਾਰੀਆਂ ਸੜਕਾਂ ਤੇ  ਪੁਲਿਸ ਦੀਆਂ ਗੱਡੀਆਂ ਨੂੰ ਖੜ੍ਹਾ ਕੇ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾ ਰਿਹਾ ਸੀ ਜਿਵੇਂ ਜੰਗ ਦਾ ਮੈਦਾਨ ਹੋਵੇ ਵੱਖ-ਵੱਖ ਕਿਸਾਨ ਆਗੂਆਂ ਤੇ ਦਿੱਲੀ ਪੁਲੀਸ ਵੱਲੋਂ ਪਰਚੇ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੀ ਗ੍ਰਿਫਤਾਰੀ ਦੇ ਲਈ ਕੀਤੇ ਜਾ ਰਹੇ ਯਤਨਾਂ ਅਤੇ ਫਿਰ ਅਚਾਨਕ ਬਾਰਡਰਾਂ ਨੂੰ ਖਾਲੀ ਕਰਨ ਦੇ ਲਈ ਦਿੱਤੇ ਅਲਟੀਮੇਟਮ ਦੇ ਸੰਦਰਭ ਵਿੱਚ ਜੇਕਰ ਝਾਤੀ ਮਾਰੀਏ ਤਾਂ ਬਿਨਾਂ ਸ਼ੱਕ ਉੱਥੇ ਬੈਠੇ ਹਰ ਵਿਅਕਤੀ ਦੇ ਮਨ ਵਿਚ ਇਕ ਵੱਖਰੀ ਤਰ੍ਹਾਂ ਦਾ ਖੌਫ਼ ਪੈਦਾ ਹੋ ਚੁੱਕਿਆ ਸੀ ਕਿ ਸਰਕਾਰ ਸ਼ਾਇਦ ਹੁਣ ਕਿਸਾਨਾਂ ਤੇ ਕੋਈ 'ਭਾਵੀ' ਬੀਤਣ ਵਾਲੀ ਹੈ , ਬਿਨਾਂ ਸ਼ੱਕ ਕਿਸਾਨਾਂ ਦਾ ਇਹ ਸੰਕਾ ਸਹੀ ਵੀ ਸੀ ਕਿਉਂਕਿ ਉਸ ਤੋਂ ਪਹਿਲਾਂ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਮਿਲ ਕੇ ਕਿਸਾਨਾਂ ਦੇ ਨਾਲ ਜੋ ਖੇਡ ਖੇਡੀ ਗਈ ਸੀ ਅਤੇ ਜੋ ਜ਼ੁਲਮੋ- ਤਸ਼ੱਦਦ ਕਿਸਾਨਾਂ ਦੇ ਨਾਲ ਦਿੱਲੀ ਦੀਆਂ ਸੜਕਾਂ ਤੇ ਕੀਤਾ ਗਿਆ ਉਸ ਨੂੰ ਕੋਈ ਵੀ ਭੁੱਲ ਨਹੀਂ ਸਕਦਾ । ਬਿਨਾਂ ਸ਼ੱਕ ਪ੍ਰਸ਼ਾਸਨ ਦੀ ਤਿਆਰੀ ਤੋਂ ਇਹ ਸਭ ਕੁਝ ਪ੍ਰਤੀਤ ਹੋ ਰਿਹਾ ਸੀ ਕਿ ਉਸ ਦੀ ਮਨਸ਼ਾ ਕੀ ਸੀ ਇਸੇ ਦੌਰਾਨ ਪੁਲਿਸ ਵੱਲੋਂ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਗ੍ਰਿਫ਼ਤਾਰੀ ਦੀ ਗੱਲ ਆਖੀ ਜਾਂਦੀ ਹੈ ।
                    ਇਸ ਸਭ ਕੁਝ ਨੂੰ ਵੇਖਦਿਆਂ ਅਚਾਨਕ ਬਾਜ਼ੀ ਹੱਥੋਂ ਜਾਂਦੀ ਵੇਖ ਰਾਕੇਸ਼ ਟਿਕੈਤ ਵੱਲੋਂ ਮਾਰੀ ਦਹਾੜ ਦੇ ਸਦਕਾ ਅਤੇ ਉਸ ਦੀਆਂ ਅੱਖਾਂ ਵਿੱਚੋਂ ਡਿੱਗਦੇ ਹੰਝੂ ਕਿਸਾਨੀ ਸੰਘਰਸ਼ ਨੂੰ 'ਨਵੀਂ ਪੁੱਠ' ਚਾੜ੍ਹ ਗਏ , ਟਿਕੈਤ ਵੱਲੋਂ ਪੂਰੀ ਤਰ੍ਹਾਂ ਜਜ਼ਬੇ ਵਿੱਚ ਗੜੁੱਚ ਹੋ ਕੇ ਆਖਣਾ ਹੈ ਕਿ ਉਹ ਹੁਣ ਪਾਣੀ ਵੀ ਆਪਣੇ ਉਸ ਪਿੰਡ ਦੀਆਂ ਬਰੂਹਾਂ ਦਾ ਪੀਣਗੇ ਜਿੱਥੇ ਉਸ ਨੇ ਜਨਮ ਲਿਆ ਹੈ ,  ਕਿਉਂਕਿ ਸਰਕਾਰ ਵੱਲੋਂ ਗਾਜ਼ੀਪੁਰ ਬਾਰਡਰ ਦਾ ਬਿਜਲੀ ਅਤੇ ਪਾਣੀ ਤੋਂ ਇਲਾਵਾ ਸੜਕਾਂ ਵੀ ਉਸ ਦਿਨ ਬੰਦ ਕਰ ਦਿੱਤੀਆਂ ਗਈਆਂ ਸਨ । ਅੱਜ ਪੰਜਾਬ ਅਤੇ ਹੋਰਨਾਂ ਸੂਬਿਆਂ ਦੇ ਹਰ ਪਿੰਡ ਵਿੱਚੋਂ ਟਰੈਕਟਰ ਟਰਾਲੀਆਂ ਅਤੇ ਆਪਣੇ ਹੋਰ ਵਾਹਨਾਂ ਰਾਹੀਂ ਦਿੱਲੀ ਮੋਰਚਿਆਂ ਵਿੱਚ ਜਾਣ ਦੇ ਲਈ ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਹੋ ਰਹੇ ਇਕੱਠਾਂ ਨੇ ਆਉਣ ਵਾਲੇ ਭਵਿੱਖ ਦੀ ਰਣਨੀਤੀ ਨੂੰ ਉਜਾਗਰ ਕਰਨਾ ਸ਼ੁਰੂ ਕਰ ਦਿੱਤਾ ਹੈ । ਗੁਰਦੁਆਰਾ ਸਾਹਿਬਾਨ ਦੇ ਵਿੱਚੋਂ ਦਿੱਤੇ ਜਾ ਰਹੇ 'ਦਿੱਲੀ ਚਲੋ' ਦੇ ਹੋਕੇ ਕਿਸਾਨੀ ਸੰਘਰਸ਼ ਦੀ ਵਿਆਪਕ ਪੱਧਰ ਤੇ ਹੋ ਰਹੀ ਲਾਮਬੰਦੀ ਦੀ ਜਿਊਂਦੀ ਜਾਗਦੀ ਉਦਾਹਰਣ ਹਨ । ਇਸ ਤੋਂ ਇਲਾਵਾ ਪੰਚਾਇਤਾਂ ਵੱਲੋਂ ਏਕੇ ਦੀ 'ਕਵਾਇਦ' ਨੂੰ ਮੁੱਖ ਰੱਖ ਕੇ ਪਾਏ ਜਾ ਰਹੇ ਮਤਿਆਂ ਦੀ ਮਿਸਾਲ ਵੀ ਇਤਿਹਾਸ ਵਿੱਚ ਸ਼ਾਇਦ ਹੀ ਕਦੇ ਮਿਲਦੀ ਹੋਵੇ ।
                       ਕਿਸਾਨਾਂ ਤੋਂ ਇਲਾਵਾ ਇਸ ਅੰਦੋਲਨ ਵਿਚ ਵੱਡੇ ਪੱਧਰ ਤੇ ਹੋਰਨਾਂ ਵਰਗਾਂ ਦੀ ਸ਼ਮੂਲੀਅਤ ਵੀ ਕਿਸਾਨੀ ਦੇ ਦਰਦ ਨੂੰ ਭਲੀ-ਭਾਂਤੀ ਜਾਣਦਿਆਂ ਆਪਣੇ ਫਰਜ਼ ਦੀ ਪੂਰਤੀ ਕਰਦੀ ਵਿਖਾਈ ਦੇ ਰਹੀ ਹੈ । ਹਿੰਦੂ ਭਾਈਚਾਰੇ ਦੇ ਨਾਲ-ਨਾਲ ਮੁਸਲਿਮ ਵੀਰਾਂ ਵੱਲੋਂ ਵੀ ਪੂਰੀ ਤਰ੍ਹਾਂ ਨਿੱਠ ਕੇ ਕਿਸਾਨੀ ਸੰਘਰਸ਼ ਦਾ ਹਿੱਸਾ ਬਣਨ ਤੋਂ ਬਾਅਦ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਇਹ 'ਅਵੱਲੀ ਜੰਗ' ਨੂੰ ਲਡ਼ਿਆ ਜਾ ਰਿਹਾ ਹੈ । ਡਾਕਟਰਾਂ ਦੀਆਂ ਟੀਮਾਂ ਵੱਲੋਂ ਪੁਲਸੀਆ ਤਸ਼ੱਦਦ ਦਾ ਸ਼ਿਕਾਰ ਹੋਏ ਕਿਸਾਨਾਂ ਦੀ ਮੱਲ੍ਹਮ ਪੱਟੀ ਤੋਂ ੲਿਲਾਵਾ ਮੁੱਢਲੀ ਸਹਾਇਤਾ ਦੇ ਕੇ ਇਲਾਜ ਦੀ ਚੁੱਕੀ ਜਾ ਰਹੀ ਜ਼ਿੰਮੇਵਾਰੀ ਵੀ ਅਨੋਖੀ ਮਿਸਾਲ ਆਖੀ ਜਾ ਸਕਦੀ ਹੈ । ਜੋ ਟਰੈਕਟਰ ਤੇ ਟਰਾਲੀਆਂ 26 ਜਨਵਰੀ ਦੀ ਪਰੇਡ 'ਚ ਹਿੱਸਾ ਲੈ ਕੇ ਵਾਪਸ ਪਰਤੀਆਂ ਸਨ , ਉਨ੍ਹਾਂ ਟਰਾਲੀਆਂ ਦਾ 'ਉਨ੍ਹੀਂ ਪੈਰੀਂ' ਵਾਪਸ ਮੁੜਨਾ ਕਿਤੇ ਨਾ ਕਿਤੇ ਕਿਸਾਨ ਆਗੂਆਂ ਦੀਅਾਂ ਅੱਖਾਂ ਵਿੱਚੋਂ ਡਿੱਗੇ ਹੰਝੂਆਂ ਦਾ ਕਾਰਨਾਮਾ ਹੀ ਆਖਿਆ ਜਾ ਸਕਦਾ ਹੈ ਜਿਸ ਦੀ ਬਦੌਲਤ ਅੱਜ ਪੂਰਾ ਪੰਜਾਬ 'ਦਿੱਲੀ ਚਲੋ' ਦੇ ਨਾਅਰਿਆਂ ਨਾਲ ਗੂੰਜ ਉੱਠਿਆ ਹੈ ।
                       ਇਸ ਤੋਂ ਇਲਾਵਾ ਪੰਜਾਬ ਦੇ ਕਈ ਨਾਮੀ ਅਤੇ ਵੱਡੇ ਕਲਾਕਾਰ ਵੀ ਦਿੱਲੀ ਮੋਰਚੇ ਅੰਦਰ ਜਾ ਕੇ ਕਿਸਾਨੀ ਅੰਦੋਲਨ ਦਾ ਹਿੱਸਾ ਬਣਨ ਤੋਂ ਲੈ ਕੇ ਉਨ੍ਹਾਂ ਦੇ ਹਰ ਦੁੱਖ-ਸੁੱਖ ਵਿੱਚ ਸਹਾਈ ਹੁੰਦੇ ਆਮ ਵੇਖੇ ਜਾ ਸਕਦੇ ਹਨ । ਪੰਜਾਬ ਦੇ ਜਿਹੜੇ ਕਈ ਕਲਾਕਾਰਾਂ ਨੂੰ ਇੱਥੋਂ ਦੀ ਨੌਜਵਾਨੀ ਨੂੰ ਕੁਰਾਹੇ ਪਾਉਣ ਤੋਂ ਇਲਾਵਾ ਲੱਚਰ ਸੰਗੀਤਕ ਮਾਹੌਲ ਸਿਰਜਣ ਦੇ ਮੋਢੀ ਮੰਨਿਆ ਜਾਂਦਾ ਸੀ ਉਨ੍ਹਾਂ ਵੱਲੋਂ ਵੀ ਆਪਣਾ ਬਣਦਾ ਯੋਗਦਾਨ ਪਾਇਆ ਗਿਆ । ਕੰਵਰ ਗਰੇਵਾਲ , ਰਾਜ ਕਾਕੜਾ , ਹਰਭਜਨ ਮਾਨ , ਹਰਜੀਤ ਹਰਮਨ , ਸੁਖਵਿੰਦਰ ਸੁੱਖੀ , ਬਲਕਾਰ ਸਿੱਧੂ , ਰਵਿੰਦਰ ਗਰੇਵਾਲ ਤੋਂ ਇਲਾਵਾ ਦਿਲਜੀਤ ਦੁਸਾਂਝ ਅਤੇ ਗਿੱਪੀ ਗਰੇਵਾਲ ਵੀ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ । ਬਿਨਾਂ ਸ਼ੱਕ ਇਨ੍ਹਾਂ ਕਲਾਕਾਰਾਂ ਦਾ ਨੌਜਵਾਨਾਂ ਅੰਦਰ ਚੰਗਾ ਆਧਾਰ ਹੈ । ਚਾਹੀਦਾ ਹੈ ਕਿ ਇਹ ਇਸੇ ਤਰ੍ਹਾਂ ਉਥੇ ਜਾ ਕੇ ਲੋਕਾਂ ਦਾ ਹੌਸਲਾ ਅਤੇ ਉਤਸ਼ਾਹ ਵਧਾਉਂਦੇ ਰਹਿਣ । ਅਫ਼ਸੋਸਨਾਕ ਹੈ ਜਿਹੜੇ ਮਾਵਾਂ ਦੇ 'ਬਲੀ ਪੁੱਤ' ਦਿੱਲੀ ਦੀਆਂ ਸੜਕਾਂ ਤੇ ਸੰਘਰਸ਼ ਕਰਦੇ ਹੋਏ ਇਸ ਸੰਸਾਰ ਨੂੰ ਛੱਡ ਗਏ । ਮਾਲਕ ਮਿਹਰ ਕਰੇ ਕਿਸੇ ਨੂੰ ਤੱਤੀ ਵਾ ਨਾ ਲੱਗੇ   ਸਰਕਾਰ ਦੀ ਨੀਂਦ ਟੁੱਟੇ ਅਤੇ ਕਿਸਾਨ ਤਿੰਨੇ ਖੇਤੀ ਕਨੂੰਨਾਂ ਦੀ ਜੰਗ ਜਿੱਤ ਕੇ ਆਪਣੇ ਘਰਾਂ ਨੂੰ ਵਾਪਸ ਪਰਤਣ , ਇਹੀ ਸਾਡੀ ਕਾਮਨਾ ਹੈ ।

ਮਨਜਿੰਦਰ ਸਿੰਘ ਸਰੌਦ
(  ਮਲੇਰਕੋਟਲਾ )
9463463136