ਸ਼ੇਰੇ ਪੰਜਾਬ ਮਾਹਰਾਜਾ ਰਣਜੀਤ ਸਿੰਘ ਦੇ ਕਿਸਾਨਾਂ ਦੀ ਹੌਸਲਾ ਅਫਜ਼ਾਈ ਦੀ ਇੱਕ ਕਹਾਣੀ - ਰਵੇਲ ਸਿੰਘ ਇਟਲੀ

ਇਹ ਕਹਾਣੀ ਅੱਜ ਤੋਂ ਬਹੁਤ ਸਮਾ ਪਹਿਲਾਂ ਮੈਂ  ਕਿਸੇ ਲੇਖਕ ਦੀ ਲਿਖੀ ਪੁਸਤਕ “ਰਣਜੀਤ ਕਹਾਣੀਆਂ “ ਵਿੱਚ   ਪੜ੍ਹੀ ਸੀ ਜਿਸ ਨੂੰ ਅਜੋਕੇ ਕਿਸਾਨ ਅੰਦੋਲਣ ਵੱਲ ਵੇਖ ਕੇ  ਪਾਠਕਾਂ ਨਾਲ ਸਾਂਝੀ ਕਰਨ ਨੂੰ ਮਨ ਕਰ ਆਇਆ।  
        ਇਹ ਕਹਾਣੀ ਇਸ ਤਰ੍ਹਾਂ ਸੀ ਕਿ ਇੱਕ ਵੇਰਾਂ ਜਦੋਂ ਸ਼ੇਰੇ ਪੰਜਾਬ  ਮਾਹਾਰਾਜ ਰਣਜੀਤ ਸਿੰਘ ਜੀ ਜਦੋਂ ਕਿਸੇ ਮੁਹਿੰਮ ਤੋਂ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਦੇ ਮਨ ਵਿੱਚ ਕਿਸਾਨਾਂ ਦੀ ਹਾਲਤ ਵੇਖਣ ਦਾ ਖਿਆਲ ਆਇਆ ਅਤੇ ਉਹ ਇੱਕ ਆਮ ਆਦਮੀ ਦੇ  ਭੇਸ ਵਿੱਚ ਇੱਕ ਕਿਸਾਨ ਤੇ ਡੇਰੇ ਤੇ ਚਲੇ ਗਏ। ਖੂਹ ਤੇ ਰੁੱਖ ਦੀ ਛਾਵੇਂ ਬੈਠੇ ਬਜ਼ੁਰਗ ਕਿਸਾਨ ਨੇ ਉਨ੍ਹਾਂ ਨੂੰ ਜੀ ਆਇਆਂ ਕਹਿ ਕੇ, ਆਪਣੇ ਪੰਜਾਬੀ ਸੁਭਾਆ ਅਨੁਸਾਰ ਜਦ ਕੋਈ ਜਲ਼ ਪਾਣੀ ਦੀ ਸੇਵਾ ਬਾਰੇ ਪੁੱਛਿਆ ਤਾਂ ਉਹ ਕਹਿਣ ਲੱਗੇ, ਬਜ਼ੁਰਗਾ ਪਿਆਸ ਬਹੁਤ ਲੱਗੀ ਹੈ, ਜੇ ਜਲ਼ ਪਿਲਾ ਦਏਂ ਤਾਂ ਮਿਹਰ ਬਾਨੀ ਹੋਵੇ ਗੀ, ਇਹ ਸੁਣਕੇ, ਕਿਸਾਨ  ਬੋਲਿਆ ਜੁਵਾਨਾ  ਜੇ ਕਹੇਂ ਤਾਂ ਤੈਨੂੰ ਰਹੁ, (ਗੰਨੇ ਦਾ ਰੱਸ) ਪਿਲਾਂਵਾਂ। ਇਹ ਸੁਣ ਕੇ ਮਾਹਰਾਜਾ ਸਾਹਿਬ  ਬੜੇ ਖੁਸ਼ ਹੋਏ, ਤੇ ਜਿਵੇਂ ਆਪ ਦੀ ਮਰਜ਼ੀ ਕਹਿ ਕੇ ਉਸ ਕੋਲ ਬੈਠ ਗਏ। ਕਿਸਾਨ ਦਾਤੀ ਲੈ ਕੇ ਨਾਲ ਦੇ ਖੇਤ ਵਿੱਚੋਂ ਦੋ ਚੋਣਵੇਂ ਗੰਨੇ ਲੈ ਆਇਆ ਅਤੇ  ਕਹਿਣ ਲੱਗਾ ਕਿ ਇਨ੍ਹਾਂ ਦੋ ਗੰਨਿਆਂ ਪਿੱਛੇ ਐਵੇਂ ਬਲਦ ਜੋੜ ਕੇ ਵੇਲਣਾ ਕੀ ਚਲਾਉਣਾ, ਮੈਂ ਆਪ ਹੀ ਗਾਢੀ ਗੇੜ  ਕੇ ਵੇਲਣਾ ਚਲਾਉਂਦਾ ਹਾਂ ਤੂੰ ਪਾੜਛੇ ਕੋਲ ਗਿਲਾਸ ਲੈ ਕੇ ਬੈਠ ਜਾ।
        ਵੇਖਦੇ ਵੇਖਦੇ ਦੋ ਗੰਨਿਆਂ ਵਿਚੋਂ ਵੱਡਾ ਗਿਲਾਸ ਰੱਸ ਦਾ ਭਰ ਗਿਆ, ਜਦ ਉਨ੍ਹਾਂ ਇਹ  ਰੱਸ ਦਾ ਪੀ ਕੇ ਗਲਾਸ ਖਾਲੀ ਕੀਤਾ ਤਾਂ ਬਜ਼ੁਰਗ ਕਿਸਾਨ ਪੁੱਛਣ ਲੱਗਾ ਕਿ ਜਵਾਨਾ ਹੋਰ ਪੀਵੇਂਗਾ ਤਾਂ ਉਨ੍ਹਾਂ ਦੇ ਹਾਂ ਕਹਿਣ ਤੇ ਉਹ ਕਿਸਾਨ ਫਿਰ ਦਾਤੀ ਲੈ ਕੇ ਓਸੇ ਤਰ੍ਹਾਂ ਦੋ  ਹੋਰ ਗੰਨੇ ਲੈਣ ਖੇਤ ਵਿੱਚ ਚਲਾ ਗਿਆ, ਮਗਰੋਂ ਮਾਰਾਜਾ ਸਾਹਿਬ ਸੋਚਣ ਲੱਗ ਪਏ ਕਿ ਵੇਖੋ ਦੋ ਗੰਨਿਆਂ ਵਿੱਚੋਂ ਵੱਡਾ ਰੱਸ ਦਾ ਗਿਲਾਸ ਨਿਕਲ ਆਇਆ, ਇਸ ਦਾ ਮਤਲਬ ਸਾਫ ਹੈ ਕਿ ਕਿਸਾਨਾਂ ਦੀ ਖੇਤਾਂ ਦੀ ਪੈਦਾਵਾਰ ਚੰਗੀ ਹੈ ਇਸ ਲਈ ਜਾ ਕੇ ਦੀਵਾਨ ਨੂੰ ਕਹਿਣਾ ਹੈ ਕਿ ਉਹ ਕਿਸਾਨਾਂ ਦੀਆਂ ਜ਼ਮੀਨਾਂ ਦੇ ਮੁਆਮਲੇ ਵਿੱਚ ਵਾਧਾ ਕਰ ਦੇਵੇ।
    ਏਨੇ ਨੂੰ ਉਹ ਬੁਜ਼ੁਰਗ ਕਿਸਾਨ ਦੋ ਗੰਨੇ ਹੋਰ ਲੈ ਕੇ ਆ ਗਿਆ ਪਰ ਜਦੋਂ ਉਨ੍ਹਾਂ ਵਿੱਚੋਂ ਰੱਸ ਦਾ ਪੂਰਾ ਗਿਲਾਸ ਭਰਨ ਦੀ ਬਜਾਏ ਮਸਾਂ ਪੌਣਾ ਹੀ ਨਿਕਿਲਿਆ ਤਾਂ, ਮਹਰਾਜਾ ਸਾਹਿਬ ਉਸ ਕਹਿਣ ਲੱਗੇ ਕਿ ਬਜ਼ੁਰਗਾ ਵੇਖ ਤੇਰਾ ਖੇਤ ਵੀ ੳਹ ਹੀ, ਦਾਤੀ ਵੀ ਉਹ ਹੀ, ਵੱਢ ਕੇ ਲਿਆਂਦੇ ਤੂੰ ਆਪ ਹੀ,ਪਰ ਪਤਾ ਨਹੀਂ ਕਿਉਂ ਪਹਿਲਾਂ ਤਾਂ ਵਾਲੇ ਦੋ ਗੰਨਿਆਂ ਨਾਲ ਗਿਲਾਸ ਭਰ ਗਿਆ ਪਰ ਹੁਣ  ਗਿਲਾਸ ਊਣਾ ਕਿਉਂ ਰਹਿ ਗਿਆ।
     ਮਾਹਰਾਜ ਦੀ ਇਹ ਗੱਲ ਸੁਣ ਕੇ ਬਜ਼ੁਰਗ ਕਿਸਾਨ ਸਹਿਜ ਸੁਭਾਅ   ਬੋਲਿਆ ਕਿ ਰਾਜੇ ਦੇ ਮਨ ਵਿਚ ਕੋਈ ਬਦਨੀਯਤ  ਆ ਗਈ ਹੋਵੇਗੀ।ਬਜ਼ੁਰਗ ਕਿਸਾਨ ਦੀ ਇਹ ਗੱਲ ਸੁਣਕੇ ਉਹ ਕਿਸਾਨ ਨੂੰ ਪੁੱਛਣ ਲੱਗੇ ਕਿ ਬਾਬਾ ਤੇਰੀ ਗੱਲ ਦੀ ਮੈਨੂੰ ਸਮਝ  ਨਹੀਂ ਆਈ, ਮੈਨੂੰ ਇਹ ਗੱਲ ਜ਼ਰਾ ਖੋਲ਼੍ਹ  ਕੇ ਸਮਝਾ,ਕਿਸਾਨ ਨੂੰ ਕੀ ਪਤਾ ਸੀ ਕਿ ਇਹ ਨੌਜੁਵਾਨ ਆਪ ਹੀ ਪੰਜਾਬ ਦਾ ਰਾਜਾ ਹੈ , ਉਹ ਕਹਿਣ ਲੱਗਾ ਵੇਖ ਜਵਾਨਾਂ ਹੈਂ ਤਾਂ ਤੂੰ ਬੜਾ ਹੱਟਾ ਕੱਟਾ ਪਰ ਤੇਰੀ ਬੁੱਧ ਬੜੀ ਮੋਟੀ ਜਾਪਦੀ  ਹੈ ਜੋ ਤੈਨੂੰ ਮੇਰੀ ਇਸ  ਸਿੱਧੀ ਸਾਦੀ ਗੱਲ ਦੀ ਸਮਝ ਨਹੀਂ ਪਈ,  ਕਿਸਾਨ ਦੀ ਇਹ ਗੱਲ ਸੁਣ ਕੇ ਮਾਹਰਾਜਾ ਸਾਹਿਬ ਹੋਰ ਭੋਲ਼ੇ  ਜਿਹੇ ਹੋ ਕੇ ਕਹਿਣ ਲਗੇ, ਹਾਂ ਬਜ਼ੁਰਗਾਂ ਮੇਰੀ ਬੁੱਧ ਵਾਕਿਆ ਹੀ ਬਹੁਤ ਮੋਟੀ ਹੈ, ਤੂੰ ਮੈਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਾ।
      ਇਹ ਸੁਣ ਕੇ ਉਹ ਬਜ਼ੁਰਗ ਕਿਸਾਨ ਬੋਲਿਆ , ਸੁਣ ਜਵਾਨਾਂ ਸਾਡੇ ਬਜ਼ੁਰਗ ਕਿਹਾ ਕਰਦੇ ਸਨ ਕਿ ਜੇ ਰਾਜੇ ਦੀ ਪਰਜਾ ਪ੍ਰਤੀ ਨੀਯਤ ਸਾਫ ਨਾ ਹੋਵੇ  ਤਾਂ ਉਸ ਦੀ ਪਰਜਾ ਨੂੰ ਹਮੇਸ਼ਾਂ ਘਾਟਾ ਹੀ ਹੋਵੇਗਾ।ਇਸੇ ਤਰ੍ਹਾਂ ਜੇ ਪਰਜਾ ਦੀ ਨੀਯਤ ਆਪਣੇ ਰਾਜੇ ਪ੍ਰਤੀ ਸਾਫ ਨਾਂ ਹੋਵੇ ਤਾਂ ਉਸ ਨੂੰ ਹਮੇਸ਼ਾਂ ਨੁਕਸਾਨ ਤੇ ਹਾਨੀ ਹੀ ਹੋਵੇਗੀ। ਕਿਸਾਨ ਫਿਰ ਬੋਲਿਆ ਕਿਉਂ ਹੁਣ  ਸਮਝ ਆ ਗਈ।ਉਹ ਕਹਿਣ ਲੱਗੇ ਬਾਬਾ ਤੇਰੀ ਬਹੁਮੁੱਲੀ  ਗੱਲ ਦੀ ਸਮਝ ਮੈਨੂੰ ਚੰਗੀ ਤਰ੍ਹਾਂ ਆ ਗਈ ਅਤੇ ਉਹ ਉਸ ਕਿਸਾਨ ਦਾ ਨਾਮ ਅਤੇ ਪੂਰਾ ਪਤਾ ਆਦਿ ਪੁੱਛ ਕੇ ਚਲੇ ਗਏ।
       ਥੋੜ੍ਹੇ ਹੀ ਦਿਨਾਂ ਪਿੱਛੋਂ ਸ਼ਾਹੀ ਦਰਬਾਰ ਦਾ ਇੱਕ ਪਿਆਦਾ ਉਸ ਬਜ਼ੁਰਗ ਕਿਸਾਨ ਦੇ ਡੇਰੇ ਆਇਆ  ਅਤੇ ਉਸ ਬਜ਼ੁਰਗ ਕਿਸਾਨ ਦਾ ਨਾਂ ਪਤਾ ਪੁੱਛ ਪੁਛਾ ਕੇ ਆਕੇ  ਕਹਿਣ ਲੱਗ ਕਿ ਬਾਬਾ ਤੈਨੂੰ ਫਲਾਂਣੀ ਤਾਰੀਖ ਨੂੰ ਮਾਹਰਾਜਾ ਸਾਹਿਬ ਦੇ ਦਰਬਾਰ ਵਿੱਚ ਹਾਜ਼ਰ ਆਉਣ ਦਾ ਇਹ ਪਰਵਾਨਾ ਆਇਆ ਹੈ, ਇਹ ਵੇਖਦੇ ਸਾਰ ਹੀ ਉਸ ਬਜ਼ੁਰਗ ਕਿਸਾਨ ਦੀ ਤਾਂ ਜਿਵੇਂ ਖਾਨਿਉਂ ਹੀ ਗਈ ਤੇ ਉਹ ਸੋਚਣ ਲੱਗਾ ਮੈਨੂੰ ਤਾਂ ਕੀ ਸਾਡੇ ਪ੍ਰਿਵਾਰ ਨੇ ਥਾਣਾ ਤਾਂ ਕਿਤੇ ਰਿਹਾ, ਕਦੀ ਸਿਪਾਹੀ ਵੀ ਆਪਣੇ ਡੇਰੇ ਆਇਆ ਕਦੀ ਨਹੀਂ ਵੇਖਿਆ ਹੋਣਾ, ਹੋ ਸਕਦਾ ਹੈ ਕਿਸੇ ਨੇ ਸਾਡੀ ਕੋਈ ਝੂਠੀ ਸ਼ਿਕਾਇਤ ਹੀ ਨਾ ਕਿਤੇ ਜਾ ਕੀਤੀ ਹੋਵੇ।ਫਿਰ ਉਸ ਨੂੰ ਜਦੋਂ ਇਹ ਚੇਤਾ ਆਇਆ ਕਿ ਇਕ ਦਿਨ ਇਕ ਜਵਾਨ ਸਿੱਖ ਘੋੜੇ ਤੇ ਸਵਾਰ ਉਸ ਦੇ ਡੇਰੇ ਆਇਆ ਸੀ ਜਿਸ ਨੂੰ ਉਸ ਨੇ ਗੰਨੇ ਦਾ ਰੱਸ ਪਿਲਾਇਆ ਸੀ ਅਤੇ ਅਤੇ ਨਾਲ ਉਸ ਨਾਲ ਕੀਤੀ ਹੋਈ ਗੱਲ ਬਾਤ ਦਾ ਚੇਤਾ ਵੀ ਆਇਆ.ਤੇ ਉਸ ਨੇਂ ਸੋਚਿਆ ਕਿ ਉਸੇ ਨੌਜਵਾਨ ਨੇ  ਮਾਹਰਜੇ  ਪਾਸ ਮੇਰੇ ਖਿਲਾਫ ਕੁਝ ਵਧਾ ਚੜ੍ਹਾ ਕੋਈ ਸ਼ਕਾਇਤ  ਜਾ ਕੀਤੀ ਹੋਵੇ।
               ਜਦ ਮਿਥੀ ਤਾਰੀਖ ਤੇ ਜਦੋਂ ਉਹ ਬਜ਼ੁਰਗ ਕਿਸਾਨ ਸ਼ਾਹੀ ਦਰਬਾਰ ਹਾਜ਼ਿਰ ਹੋਇਆ ਤਾਂ ਇਹ ਵੇਖ ਕੇ ਉਸ ਦੇ ਸਾਹ ਜਿਵੇਂ ਉੱਤੇ ਦੇ ਉੱਤੇ  ਹੀ ਰਹਿ ਗਏ ਕਿ ਉਸ ਦਿਨ ਜਿਸ ਨੌਜਵਾਨ ਨੂੰ ਇਸ ਬਜ਼ੁਰਗ ਕਿਸਾਨ ਨੇ ਗੰਨੇ ਦਾ ਰੱਸ ਪਿਲਾਇਆ ਸੀ ਉਹ ਤਾਂ  ਸ਼ੇਰੇ ਪੰਜਾਬ ਮਾਹਾਰਾਜਾ ਰਣਜੀਤ ਸਿੰਘ ਆਪ ਹੀ ਸੀ। ਹੁਣ ਪਤਾ ਨਹੀਂ ਉਹ ਉਸ ਨੂੰ ਇਸ ਕੀਤੀ ਗਈ ਗੁਸਤਾਖੀ ਬਦਲੇ ਕੀ ਸਜ਼ਾ ਦੇਵੇ। ਉਸ ਨੂੰ ਵੇਖ ਕੇ ਮਾਹਰਾਜਾ ਸਾਹਿਬ ਬੋਲੇ ਬਜ਼ੁਰਗਾ ਤੈਨੂੰ ਪਤਾ ਹੈ ਕਿ ਮੈਂ ਤੇਰੇ ਪਾਸ ਇੱਕ ਦਿਨ ਤੇਰੇ ਖੂਹ ਤੇ ਆਇਆ ਸਾਂ ਤੇ ਤੂ ਮੈਨੂੰ ਆਪਣੇ ਹੱਥੀਂ ਵੇਲ਼ਣਾ ਗੇੜ ਕੇ ਆਪਣੇ ਖੇਤ ਦੇ ਗੰਨੇ ਦਾ ਰੱਸ ਪਿਲਾਇਆ ਸੀ।ਬਜ਼ੁਰਗ ਕਿਸਾਨ ਨੀਵੀਂ ਪਾਈ ਹੱਥ ਜੋੜੀ ਖੜਾ ਲਾਜੁਵਾਬ ਹੋਇਆ ਜਿਵੇਂ ਧਰਤੀ ਵਿੱਚ ਗੱਡਿਆ ਹੋਵੇ  ਚੁੱਪ ਚਾਪ ਖੜਾ ਸੀ। ਫਿਰ ਮਾਹਾਰਾਜਾ ਸਾਹਿਬ ਨੇ ਉਸ ਨੂੰ ਬੜੇ ਆਦਰ ਨਾਲ ਬਿਠਾ ਕੇ ਦਰਬਾਰ ਆਮ ਬੁਲਾਇਆ,ਅਤੇ ਉਸ ਬਜ਼ੁਰਗ ਨੂੰ ਕੋਲ ਬੁਲਾ ਕੇ ਕਹਿਣ ਲੱਗੇ ਕਿ ਉਸ ਦਿਨ ਦੀ ਦੀ ਹੋਈ ਸਾਰੀ ਗੱਲ ਬਿਨਾਂ ਕਿਸੇ ਡਰ ਦੇ ਆਮ ਲੋਕਾਂ ਸਾਮ੍ਹਣੇ ਸੁਣਾ,ਅਤੇ ਨਾਲ ਹੀ ਇਹ ਵੀ ਕਿਹਾ ਜੇ ਤੂੰ ਕੁਝ ਲਕੋਇਆ ਤਾਂ ਫਿਰ ਸਖਤੀ ਵੀ ਹੋਵੇਗੀ।
         ਉਸ ਬਜ਼ੁਰਗ ਕਿਸਾਨ ਨੇ  ਉਸ ਦਿਨ ਦੀ ਸਾਰੀ ਹੋਈ ਵਾਰਤਾ ਜਦ ਸੰਗਦੇ ਸੰਗਦੇ ਨੇ ਆਮ ਲੋਕਾਂ ਸਾਮ੍ਹਣੇ ਸੁਣਾਈ ਤਾਂ  ਇਹ ਸਭ ਕੁਝ ਸੁਣ ਕੇ ਮਾਹਰਾਜਾ ਸਾਹਿਬ ਆਮ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਬੋਲੇ, ਐ ਲੋਕੋ ਮੈਂ ਇਸ ਬਜ਼ੁਰਗ ਪਾਸੋਂ ਉਸ ਦਿਨ ਮੈਂ ਬਹੁਤ ਕੁਝ ਸਿਖਿਆ ਹੈ ਵੇਖੇ ਸੜਦੀ ਧੁੱਪ ਵਿੱਚ ਜਦੋਂ ਇਸ ਬਜ਼ੁਰਗ ਕਿਸਾਨ ਨੇ  ਆਪਣੇ ਖੇਤ ਦੇ ਮੁੜਕਾ ਪਸੀਨਾ ਵਹਾ ਕੇ ਤਿਆਰ ਕੀਤੇ ਗੰਨੇ ਦਾ ਰੱਸ ਮੈਨੂੰ ਪਿਲਾਇਆ ਤਾਂ ਇਸ ਦੇ ਬਦਲੇ ਮੈਂ ਕਿਸਾਨਾਂ ਦੀ ਚੰਗੀ ਪੈਦਾ ਵਾਰ ਬਦਲੇ ਤਾਂ ਉਸ  ਦੇ ਖੇਤਾਂ ਦਾ ਮੁਆਮਲਾ ਵਧਾਉਣ ਬਾਰੇ ਸੋਚ ਰਿਹਾ ਸਾਂ।ਮੈਨੂੰ ਇਸ ਦੀ ਕਹੀ ਸਾਦੀ ਮੁਰਾਦੀ ਗੱਲ ਨੇ ਝੰਜੋੜ ਕੇ ਰੱਖ ਦਿੱਤਾ ਅਤੇ ਮੈਂ ਸੋਚਿਆ ਕਿ ਰਾਜੇ ਅਤੇ ਪਰਜਾ ਦੀਆਂ ਇੱਕ ਦੂਸਰੇ ਪ੍ਰਤੀ ਨੀਯਤਾਂ ਠੀਕ ਹੋਣ ਤਾਂ ਰਾਜੇ ਅਤੇ ਪਰਜਾ ਦੋਵੇਂ ਸੁਖੀ ਰਹਿ ਸਕਦੇ ।ਆਓ ਦੋਵੇਂ ਧਿਰਾਂ ਇਸ ਬਜ਼ੁਰਗ ਕਿਸਾਨ ਤੋਂ ਸਬਕ ਸਿਖੀਏ, ਅਤੇ ਨਾਲ ਹੀ ਉਸ ਬਜ਼ੁਰਗ ਕਿਸਾਨ ਨੂੰ  ਕਹਿਣ ਲੱਗੇ , ਬਜ਼ੁਰਗਾ ਤੇਰੇ ਖੇਤ ਦਾ ਜੋ ਮੁਆਮਲਾ ਵਧਾਉਣ ਬਾਰੇ ਮੈਂ ਸੋਚਿਆ ਸੀ ਉਸ ਦੀ ਬਜਾਏ ਤੇਰੇ ਸਾਰੇ ਚੱਕ ਦਾ ਅੱਜ ਤੋਂ ਮੁਆਮਲਾ ਮੁਆਫ ਕੀਤਾ ਜਾਂਦਾ ਹੈ।ਇਹ “ਚਾਹ ਸਰਕਾਰ ਵਾਲਾ” ਜੋ ਮੁਆਫੀ ਦਾ ਚਾਹ ਅਰਥਾਤ ਮੁਆਫੀ ਵਾਲਾ ਖੂਹ ਪੱਛਮੀ ਪਾਕਿਸਤਾਨ ਵਿਚ ਕਿਤੇ ਲਾਹੌਰ ਦੇ ਨੇੜੇ ਦੱਸੀਦਾ ਹੈ।
    ਇਹ ਕਹਾਣੀ ਪਾਠਕਾਂ ਨਾਲ ਸਾਂਝੇ ਕਰਦੇ ਹੋਏ ਮੈਨੂੰ ਅਜੋਕੇ ਲੋਕ ਰਾਜ ਵਾਲੇ ਇਸ ਦੇਸ਼  ਦੀ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਪ੍ਰਤੀ ਬਣਾਏ ਗਏ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਸੜਕਾਂ ਕੰਢੇ  ਆਪਣੇ ਹੱਕ ਇਨਸਾਫ ਲਈ ਸ਼ਾਂਤ ਮਈ ਢੰਗ ਨਾਲ ਝੂਝਦੇ ਕਿਸਾਨਾਂ ਦਾ ਸ਼ਾਂਤ ਮਈ ਅੰਦੋਲਣ ਵੇਖ ਕੇ ਅਤੇ ਇਨ੍ਹਾਂ ਪ੍ਰਤੀ ਕੇਂਦਰ ਸਰਕਾਰ ਦਾ ਅੜੀਅਲ ਵਤੀਰਾ ਵੇਖ ਕੇ ਹੈਰਾਨੀ ਅਤੇ ਦੁੱਖ ਦਰਦ ਵੀ ਹੁੰਦਾ ਹੈ ।
ਜੋ ਸਰਕਾਰ ਕਿਸਾਨ ਦੀ ਹੋਏ ਵੈਰੀ, ਸਮਝੋ ਅੱਜ ਹੈ ਨਹੀਂ, ਜਾਂ ਫਿਰ ਕੱਲ ਹੈ ਨਹੀਂ।
ਲੋਟੂ ਢਾਣੀਆਂ  ਨਾਲ ਜੋ  ਸਾਂਝ ਰੱਖੇ , ਉਸ ਸਰਕਾਰ ਦਾ ਧਰਤ ਤੇ ਤੱਲ ਹੈ ਨਹੀਂ ।