ਲਕੀਰ ਖਿੱਚੀ ਜਾ ਚੁੱਕੀ ਹੈ - ਚੰਦ ਫਤਿਹਪੁਰੀ

ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਮਤੇ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਜ ਸਭਾ ਵਿੱਚ ਸੋਮਵਾਰ ਨੂੰ ਜਵਾਬ ਦਿੱਤਾ ਗਿਆ| ਧੰਨਵਾਦ ਮਤੇ 'ਤੇ ਬਹਿਸ ਦੌਰਾਨ ਵਿਰੋਧੀ ਪਾਰਟੀਆਂ ਦੇ ਆਗੂਆਂ ਹੀ ਨਹੀਂ, ਕੌਮੀ ਜਮਹੂਰੀ ਗਠਜੋੜ ਦੀ ਭਾਈਵਾਲ ਪਾਰਟੀ ਜਨਤਾ ਦਲ (ਯੂਨਾਇਟਿਡ) ਦੇ ਆਗੂ ਵੱਲੋਂ ਵੀ ਸਰਕਾਰ ਦਾ ਧਿਆਨ ਪਿਛਲੇ ਢਾਈ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਡੇਰਾ ਲਾਈ ਬੈਠੇ ਕਿਸਾਨ ਅੰਦੋਲਨਕਾਰੀਆਂ ਦੀਆਂ ਮੰਗਾਂ ਵੱਲ ਦਿਵਾਇਆ ਗਿਆ | ਸਾਰੇ ਦੇਸ਼ ਦੇ ਲੋਕ ਆਸਵੰਦ ਸਨ ਕਿ ਪ੍ਰਧਾਨ ਮੰਤਰੀ ਆਪਣੇ ਭਾਸ਼ਣ ਦੌਰਾਨ ਕਿਸਾਨ ਅੰਦੋਲਨ ਪ੍ਰਤੀ ਸਾਰਥਕ ਪਹੁੰਚ ਅਪਣਾ ਕੇ ਕੋਈ ਚੰਗੀ ਪਹਿਲ ਕਰੇਗਾ, ਜਿਸ ਨਾਲ ਅੰਦੋਲਨਕਾਰੀਆਂ ਤੇ ਸਰਕਾਰ ਵਿਚਕਾਰ ਪੈਦਾ ਅੜਿੱਕਾ ਖ਼ਤਮ ਹੋ ਸਕੇਗਾ |
       ਬਹਿਸ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜਾ ਜਵਾਬ ਦਿੱਤਾ, ਉਸ ਵਿੱਚ ਨਾ ਲੋਕਤੰਤਰੀ ਪ੍ਰੰਪਰਾਵਾਂ ਦਾ ਕੋਈ ਆਦਰ ਰੱਖਿਆ ਗਿਆ ਤੇ ਨਾ ਹੀ ਸੰਸਦੀ ਕਦਰਾਂ-ਕੀਮਤਾਂ ਦਾ | ਸੰਸਦੀ ਮਰਿਆਦਾ ਅਨੁਸਾਰ ਪ੍ਰਧਾਨ ਮੰਤਰੀ ਆਪਣੇ ਸਮਾਪਤੀ ਭਾਸ਼ਣ ਵਿੱਚ ਰਾਸ਼ਟਰਪਤੀ ਵੱਲੋਂ ਪੇਸ਼ ਕੀਤੇ ਭਾਸ਼ਣ ਵਿੱਚ ਚੁੱਕੇ ਗਏ ਮੁੱਦਿਆਂ ਦੇ ਸੰਦਰਭ 'ਚ ਵਿਰੋਧੀ ਮੈਂਬਰਾਂ ਵੱਲੋਂ ਚੁੱਕੇ ਗਏ ਸਵਾਲਾਂ ਦਾ ਜਵਾਬ ਦਿੰਦਾ ਹੈ, ਪਰ ਮੋਦੀ ਨੇ ਆਪਣੇ ਭਾਸ਼ਣ ਵਿੱਚ ਅਜਿਹਾ ਨਹੀਂ ਕੀਤਾ | ਉਸ ਨੇ ਇਸ ਮੌਕੇ ਨੂੰ ਵੀ ਇਕ ਚੋਣ ਰੈਲੀ ਵਾਂਗ ਹੀ ਇਸਤੇਮਾਲ ਕੀਤਾ | ਉਹੀ ਭਾਸ਼ਾ, ਹੰਕਾਰੀ ਤੇਵਰ, ਵਿਰੋਧੀਆਂ 'ਤੇ ਘਟੀਆ ਤਨਜ਼, ਨੀਵੇਂ ਪੱਧਰ ਦੇ ਮੁਹਾਵਰੇ, ਗਲਤਬਿਆਨੀ, ਆਤਮ ਪ੍ਰਸੰਸਾ ਤੇ ਨਫ਼ਰਤੀ ਜੁਮਲੇ, ਯਾਨੀ ਉਸ ਨੇ ਆਪਣੇ ਭਾਸ਼ਣ ਨੂੰ ਮੱਕਾਰੀ ਦਾ ਤੜਕਾ ਲਾਉਣ ਵਿੱਚ ਕੋਈ ਕਸਰ ਨਾ ਰਹਿਣ ਦਿੱਤੀ|
         ਆਪਣੇ ਭਾਸ਼ਣ ਰਾਹੀਂ ਨਰਿੰਦਰ ਮੋਦੀ ਨੇ ਸਮੁੱਚੇ ਦੇਸ਼ ਵਾਸੀਆਂ ਨੂੰ ਇਹ ਦੱਸ ਦਿੱਤਾ ਕਿ ਉਹ ਲੋਕਤੰਤਰ ਨੂੰ ਟਿੱਚ ਸਮਝਦਾ ਹੈ ਤੇ ਹਿਟਲਰ ਵੱਲੋਂ ਦਰਸਾਏ ਫਾਸ਼ੀ ਰਾਹ 'ਤੇ ਤੁਰਨਾ ਜਾਰੀ ਰੱਖੇਗਾ | ਕਿਸਾਨ ਅੰਦੋਲਨ ਪ੍ਰਤੀ ਆਪਣੀ ਹਿਕਾਰਤ ਪ੍ਰਗਟ ਕਰਦਿਆਂ ਉਸ ਨੇ ਕਿਹਾ, ''ਸ਼੍ਰਮਜੀਵੀ ਤੇ ਬੁੱਧੀਜੀਵੀ ਸ਼ਬਦ ਤਾਂ ਅਸੀਂ ਆਮ ਸੁਣਦੇ ਰਹੇ ਹਾਂ, ਪ੍ਰੰਤੂ ਪਿਛਲੇ ਕੁਝ ਸਮੇਂ ਤੋਂ ਇੱਕ ਨਵੀਂ ਜਮਾਤ ਪੈਦਾ ਹੋ ਗਈ ਹੈ ਅੰਦੋਲਨਜੀਵੀ | ਇਹ ਜਮਾਤ ਵਕੀਲਾਂ, ਵਿਦਿਆਰਥੀਆਂ, ਮਜ਼ਦੂਰਾਂ ਦੇ ਅੰਦੋਲਨਾਂ ਯਾਨੀ ਹਰ ਥਾਂ ਨਜ਼ਰ ਆਉਂਦੀ ਹੈ | ਇਹ ਅੰਦੋਲਨਜੀਵੀ, ਪਰਜੀਵੀ ਹੁੰਦੇ ਹਨ | '' ਪਰਜੀਵੀ ਸ਼ਬਦ ਉਨ੍ਹਾਂ ਜੀਵਾਂ ਲਈ ਵਰਤਿਆ ਜਾਂਦਾ ਹੈ, ਜੋ ਦੂਜਿਆਂ ਦੇ ਖ਼ੂਨ 'ਤੇ ਪਲਦੇ ਹਨ, ਜਿਵੇਂ ਜੂੰਆਂ, ਪਿੱਸੂ ਤੇ ਜੋਕਾਂ ਆਦਿ| ਇਹ ਸ਼ਬਦ ਸੌ ਸਾਲ ਪਹਿਲਾਂ 13 ਅਗਸਤ 1920 ਨੂੰ ਜਰਮਨੀ ਵਿੱਚ ਯਹੂਦੀਆਂ ਲਈ ਵਰਤਿਆ ਗਿਆ ਸੀ| ਨਾਜ਼ੀ ਪਾਰਟੀ ਦੇ ਪ੍ਰੋਗਰਾਮ ਵਿੱਚ ਕਿਹਾ ਗਿਆ ਸੀ ਕਿ ਯਹੂਦੀ ਅਜਿਹਾ ਪਰਜੀਵੀ ਹੈ, ਜੋ ਵਿਅਕਤੀ ਅਤੇ ਸਮਾਜ ਨੂੰ ਖ਼ਤਮ ਕਰ ਦੇਵੇਗਾ| ਇਸ ਵਿੱਚ ਪਰਜੀਵੀ ਯਹੂਦੀਆਂ ਨੂੰ ਖ਼ਤਮ ਕਰਨ ਦੇ ਤਰੀਕੇ ਦੱਸੇ ਗਏ ਸਨ| ਹਿਟਲਰ ਦੇ ਪਬਲਿਕ ਰਿਲੇਸ਼ਨ ਮੰਤਰੀ ਗੋਬਲਜ਼ ਨੇ 6 ਅਪ੍ਰੈਲ 1933 ਵਿੱਚ ਦਿੱਤੇ ਆਪਣੇ ਭਾਸ਼ਣ ਵਿੱਚ ਕਿਹਾ, ''ਯਹੂਦੀਆਂ ਦਾ ਚਰਿੱਤਰ ਪੂਰੀ ਤਰ੍ਹਾਂ ਪਰਜੀਵੀਆਂ ਵਾਂਗ ਹੁੰਦਾ ਹੈ |'' ਇਸ ਤਰ੍ਹਾਂ ਹਿਟਲਰ ਦੇ ਰਾਜ ਦੌਰਾਨ ਆਮ ਲੋਕਾਂ ਵਿੱਚ ਯਹੂਦੀਆਂ ਵਿਰੁੱਧ ਨਫ਼ਰਤ ਭਰੀ ਗਈ | ਇਸ ਦੇ ਨਤੀਜੇ ਵਜੋਂ ਦੂਜੀ ਸੰਸਾਰ ਜੰਗ ਦੌਰਾਨ ਜਿਸ ਤਰ੍ਹਾਂ ਯਹੂਦੀਆਂ ਦਾ ਕਤਲੇਆਮ ਕੀਤਾ ਗਿਆ, ਉਹ ਰਹਿੰਦੀ ਦੁਨੀਆ ਤੱਕ ਮਨੁੱਖੀ ਸਮਾਜ ਦੇ ਚਿਹਰੇ ਉੱਤੇ ਇੱਕ ਕਾਲਾ ਧੱਬਾ ਬਣਿਆ ਰਹੇਗਾ | ਦੇਸ਼ ਦੀ ਸੰਸਦ ਵਿੱਚ ਸਾਡੇ ਸਮਾਜ ਦੇ ਇੱਕ ਹਿੱਸੇ ਲਈ ਵਰਤੇ ਗਏ ਇਸ ਸ਼ਬਦ ਨੂੰ ਸਾਨੂੰ ਇੱਕ ਚਿਤਾਵਨੀ ਵਜੋਂ ਲੈਣਾ ਚਾਹੀਦਾ ਹੈ |
      ਪ੍ਰਧਾਨ ਮੰਤਰੀ ਜਦੋਂ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਅੰਦੋਲਨਜੀਵੀ ਕਹਿੰਦਾ ਹੈ ਤਾਂ ਉਹ ਇੱਕ ਹੰਕਾਰੀ ਤਾਨਾਸ਼ਾਹ ਦੇ ਰੂਪ ਵਿੱਚ ਪ੍ਰਗਟ ਹੋ ਜਾਂਦਾ ਹੈ, ਜਿਹੜਾ ਹਰ ਵਿਰੋਧ ਦੀ ਅਵਾਜ਼ ਨੂੰ ਕੁਚਲ ਦੇਣ ਦੇ ਸਮਰੱਥ ਹੈ | ਅਸਲ ਵਿੱਚ ਅੰਦੋਲਨਕਾਰੀਆਂ ਪ੍ਰਤੀ ਮੋਦੀ ਦੀ ਘਿਰਣਾ ਉਸ ਦੇ ਪਿਛੋਕੜ ਵਿੱਚ ਛੁਪੀ ਹੋਈ ਹੈ | ਉਸ ਨੇ ਸਾਰੀ ਸਿੱਖਿਆ ਉਸ ਆਰ ਐੱਸ ਐੱਸ ਤੋਂ ਹਾਸਲ ਕੀਤੀ ਹੈ, ਜਿਸ ਨੇ ਅਜ਼ਾਦੀ ਦੇ ਅੰਦੋਲਨ ਦਾ ਵੀ ਵਿਰੋਧ ਕੀਤਾ ਸੀ | ਇੰਦਰਾ ਗਾਂਧੀ ਵੱਲੋਂ ਲਾਈ ਐਮਰਜੈਂਸੀ ਦੌਰਾਨ ਵੀ ਸੰਘ ਤੇ ਜਨਸੰਘ ਦੇ ਜਿੰਨੇ ਆਗੂ ਗਿ੍ਫ਼ਤਾਰ ਕੀਤੇ ਗਏ ਸਨ, ਉਹ ਮਾਫ਼ੀਨਾਮਾ ਦੇ ਕੇ ਛੁੱਟ ਗਏ ਸਨ | ਖੁਦ ਵੇਲੇ ਦੇ ਆਰ ਐੱਸ ਐੱਸ ਮੁਖੀ ਬਾਲਾ ਸਾਹਿਬ ਦੇਵਰਸ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਤਿੰਨ ਚਿੱਠੀਆਂ ਲਿਖ ਕੇ ਸੰਘ ਉੱਤੇ ਲਾਏ ਗਏ ਬੈਨ ਨੂੰ ਹਟਾਉਣ ਦੀ ਬੇਨਤੀ ਕੀਤੀ ਸੀ|
      ਜਨਸੰਘ ਦੇ ਭਾਜਪਾ ਵਿੱਚ ਤਬਦੀਲ ਹੋਣ ਤੋਂ ਬਾਅਦ ਭਾਵੇਂ ਇੱਕ ਰਾਜਨੀਤਕ ਪਾਰਟੀ ਦੇ ਤੌਰ ਉੱਤੇ ਉਸ ਨੇ ਕੁਝ ਅੰਦੋਲਨ ਕੀਤੇ, ਪਰ ਨਰਿੰਦਰ ਮੋਦੀ ਕਦੇ ਵੀ ਜੇਲ੍ਹ ਨਹੀਂ ਗਿਆ| ਭਾਵੇਂ ਮੋਦੀ ਇਹ ਦਾਅਵਾ ਕਰਦਾ ਹੈ ਕਿ ਐਮਰਜੈਂਸੀ ਦੌਰਾਨ ਉਹ ਗੁਪਤਵਾਸ ਰਿਹਾ, ਪਰ ਤੱਥ ਇਸ ਦੀ ਗਵਾਹੀ ਨਹੀਂ ਭਰਦੇ| ਗੁਜਰਾਤ ਪੁਲਸ ਦੀਆਂ ਫਾਈਲਾਂ ਵਿੱਚ ਗੁਪਤਵਾਸ ਰਹੇ ਜਾਰਜ ਫਰਨਾਂਡੇਜ਼ ਤੇ ਕਰਪੂਰੀ ਠਾਕੁਰ ਦਾ ਨਾਂਅ ਤਾਂ ਦਰਜ ਹੈ, ਪਰ ਨਰਿੰਦਰ ਮੋਦੀ ਦਾ ਕਿਤੇ ਵੀ ਜ਼ਿਕਰ ਨਹੀਂ ਹੈ | ਇਸੇ ਤਰ੍ਹਾਂ ਜੈ ਪ੍ਰਕਾਸ਼ ਦੇ ਅੰਦੋਲਨ ਦੌਰਾਨ ਵੀ ਉਸ ਦੀ ਕੋਈ ਭੂਮਿਕਾ ਨਹੀਂ ਰਹੀ | ਨਰਿੰਦਰ ਮੋਦੀ ਜਦੋਂ ਅੰਦੋਲਨਜੀਵੀ ਜਮਾਤ ਦੀ ਗੱਲ ਕਰਦਾ ਹੈ ਤਾਂ ਅਸਲ ਵਿੱਚ ਉਹ ਕਹਿ ਰਿਹਾ ਹੁੰਦਾ ਹੈ ਕਿ ਅਜ਼ਾਦੀ ਦੀ ਲੜਾਈ ਦੌਰਾਨ ਅੰਦੋਲਨ ਕਰਨ ਵਾਲੇ ਮਹਾਤਮਾ ਗਾਂਧੀ ਤੇ ਆਪਣੀਆਂ ਜਾਨਾਂ ਵਾਰ ਦੇਣ ਵਾਲੇ ਸੁਤੰਤਰਤਾ ਸੈਨਾਨੀਆਂ ਪ੍ਰਤੀ ਉਸ ਦੇ ਮਨ 'ਚ ਕੋਈ ਆਦਰ ਨਹੀਂ ਹੈ | ਨਰਿੰਦਰ ਮੋਦੀ ਤਾਂ ਇਹ ਵੀ ਨਹੀਂ ਮੰਨਦਾ ਕਿ ਸਾਡੇ ਦੇਸ਼ ਵਿੱਚ ਲੋਕਤੰਤਰ ਦੀ ਸਥਾਪਨਾ 1947 ਵਿੱਚ ਹੋਈ ਸੀ ਤੇ ਉਸ ਨੂੰ ਹਾਸਲ ਕਰਨ ਲਈ ਲੱਖਾਂ ਦੇਸ਼ ਵਾਸੀਆਂ ਨੇ ਕੁਰਬਾਨੀਆਂ ਦਿੱਤੀਆਂ ਸਨ |
     ਉਸ ਨੇ ਆਪਣੇ ਭਾਸ਼ਣ ਵਿੱਚ ਕਿਹਾ, ''ਜਦੋਂ ਕੋਈ ਇਹ ਕਹਿੰਦਾ ਹੈ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਤਾਂ ਇਹ ਸੁਣ ਕੇ ਅਸੀਂ ਮਾਣ ਕਰਨ ਲਗਦੇ ਹਾਂ, ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਭਾਰਤ ਦੁਨੀਆ ਦਾ ਸਭ ਤੋਂ ਪੁਰਾਣਾ ਲੋਕਤੰਤਰ ਹੈ | ਸਾਡੇ ਦੇਸ਼ ਦਾ ਇਤਿਹਾਸ ਸਦੀਆਂ ਪੁਰਾਣਾ ਹੈ ਤੇ ਸਾਡੇ ਇੱਥੇ ਢਾਈ ਹਜ਼ਾਰ ਸਾਲ ਪਹਿਲਾਂ ਬੁੱਧ ਤੋਂ ਹੀ ਲੋਕਤੰਤਰ ਚਲਿਆ ਆ ਰਿਹਾ ਹੈ | ਲੋਕਤੰਤਰ ਸਾਡੇ ਦੇਸ਼ ਦੀ ਸੰਸਕ੍ਰਿਤੀ, ਪ੍ਰੰਪਰਾ ਤੇ ਸਾਡੀਆਂ ਰਗਾਂ ਵਿੱਚ ਹੈ |'' ਮੋਦੀ ਦੇ ਭਾਸ਼ਣ ਦਾ ਮਤਲਬ ਤਾਂ ਇਹ ਹੈ ਕਿ ਅੰਗਰੇਜ਼ੀ ਰਾਜ ਦੌਰਾਨ ਵੀ ਅਸੀਂ ਗੁਲਾਮ ਨਹੀਂ ਸੀ, ਸਗੋਂ ਸਾਡੇ ਦੇਸ਼ ਵਿੱਚ ਲੋਕਤੰਤਰ ਸੀ | ਇਸੇ ਤਰ੍ਹਾਂ ਹੀ ਅਸ਼ੋਕ, ਗੌਰੀ, ਗੁਪਤ, ਬਾਬਰ, ਔਰੰਗਜ਼ੇਬ ਆਦਿ ਬਾਦਸ਼ਾਹਾਂ ਸਮੇਂ ਵੀ ਸਾਡੇ ਦੇਸ਼ ਵਿੱਚ ਲੋਕਤੰਤਰ ਸੀ |
      ਸਪੱਸ਼ਟ ਤੌਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲੋਕਤੰਤਰ ਵਿੱਚ ਕੋਈ ਵਿਸ਼ਵਾਸ ਨਹੀਂ ਹੈ | ਉਹ ਤਾਂ ਦੇਸ਼ ਵਿੱਚ ਇੱਕ-ਪੁਰਖੀ ਤਾਨਾਸ਼ਾਹ ਹਕੂਮਤ ਕਾਇਮ ਕਰਨਾ ਚਾਹੁੰਦਾ ਹੈ | ਇਸ ਲਈ ਉਹ ਹਿਟਲਰ ਦੇ ਦਿਖਾਏ ਰਾਹ 'ਤੇ ਚੱਲ ਰਿਹਾ ਹੈ | ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਵਿੱਚ ਆਪਣਾ ਏਜੰਡਾ ਸਪੱਸ਼ਟ ਕਰ ਦਿੱਤਾ ਹੈ | ਉਸ ਨੇ ਕਿਸਾਨ ਅੰਦੋਲਨ ਹੀ ਨਹੀਂ ਹਰ ਵਰਗ ਦੇ ਅੰਦੋਨਕਾਰੀਆਂ ਤੇ ਉਨ੍ਹਾਂ ਦੇ ਹਮਾਇਤੀਆਂ ਨਾਲ ਨਜਿੱਠਣ ਦਾ ਸੰਕੇਤ ਵੀ ਦੇ ਦਿੱਤਾ ਹੈ | ਉਸ ਨੇ ਕਿਹਾ, ''ਇਹ ਲੋਕ ਅੰਦੋਲਨ ਬਿਨਾਂ ਜਿਉ ਨਹੀਂ ਸਕਦੇ | ਸਾਨੂੰ ਅਜਿਹੇ ਲੋਕਾਂ ਦੀ ਪਛਾਣ ਕਰਨੀ ਹੋਵੇਗੀ ਤੇ ਦੇਸ਼ ਨੂੰ ਉਨ੍ਹਾਂ ਤੋਂ ਬਚਾਉਣਾ ਹੋਵੇਗਾ |'' ਪ੍ਰਧਾਨ ਮੰਤਰੀ ਦੇ ਇਹ ਸ਼ਬਦ ਐਨ ਉਸੇ ਤਰ੍ਹਾਂ ਦੇ ਹਨ, ਜਿਹੜੇ ਉਸ ਨੇ ਨਾਗਰਿਕ ਸੋਧ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਮੁਸਲਿਮਾਂ ਵਿਰੁੱਧ ਵਰਤੇ ਸਨ ਕਿ ਇਹ ਤਾਂ ਕੱਪੜਿਆਂ ਤੋਂ ਪਛਾਣੇ ਜਾਂਦੇ ਹਨ | ਇਸ ਸਮੇਂ ਲਕੀਰ ਖਿੱਚੀ ਜਾ ਚੁੱਕੀ ਹੈ | ਇੱਕ ਪਾਸੇ ਆਰ ਐੱਸ ਐੱਸ ਤੇ ਭਾਜਪਾਈ ਹਾਕਮ ਹਨ ਤੇ ਦੂਜੇ ਪਾਸੇ ਅੰਦੋਲਨਕਾਰੀ ਕਿਸਾਨ ਤੇ ਮਜ਼ਦੂਰ | ਹੁਣ ਸਮਾਂ ਆ ਗਿਆ ਹੈ ਕਿ ਹਰ ਦੇਸ਼ ਵਾਸੀ ਤੇ ਪਾਰਟੀਆਂ ਵਾਲੇ ਫ਼ੈਸਲਾ ਕਰਨ ਕਿ ਉਨ੍ਹਾਂ ਕਿਸ ਪਾਸੇ ਖੜ੍ਹਨਾ ਹੈ |