ਸਾਕਾ ਨਨਕਾਣਾ ਸਾਹਿਬ - ਸਵਰਾਜਬੀਰ

ਕੁਝ ਦਿਨ ਤੇ ਤਿੱਥਾਂ ’ਤੇ ਕਿਸੇ ਭੂਗੋਲਿਕ ਖ਼ਿੱਤੇ ਦੇ ਜੀਵਨ ਵਿਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜਿਹੜੀਆਂ ਇਤਿਹਾਸ ’ਤੇ ਅਮਿੱਟ ਪ੍ਰਭਾਵ ਛੱਡਦੀਆਂ ਹਨ ਅਤੇ ਲੋਕਾਂ ਨੂੰ ਉਨ੍ਹਾਂ ਤੋਂ ਹਮੇਸ਼ਾਂ ਪ੍ਰੇਰਨਾ ਅਤੇ ਸ਼ਕਤੀ ਮਿਲਦੀ ਰਹਿੰਦੀ ਹੈ। ਇਹ ਦਿਨ ਅਜ਼ੀਮ ਕੁਰਬਾਨੀਆਂ ਨਾਲ ਜੁੜੇ ਹੁੰਦੇ ਹਨ। 10 ਫੱਗਣ ਅਜਿਹਾ ਹੀ ਦਿਨ ਹੈ ਜਦ ਸੌ ਸਾਲ ਪਹਿਲਾਂ ਭਾਈ ਲਛਮਣ ਸਿੰਘ ਧਾਰੋਵਾਲੀ ਦੀ ਅਗਵਾਈ ਵਿਚ ਇਕ ਸ਼ਾਂਤਮਈ ਜਥਾ ਗੁਰਦੁਆਰਾ ਨਨਕਾਣਾ ਸਾਹਿਬ ਨੂੰ ਮਹੰਤ ਨਰਾਇਣ ਦਾਸ ਦੇ ਕਬਜ਼ੇ ’ਚੋਂ ਛੁਡਾਉਣ ਪਹੁੰਚਿਆ। ਮਹੰਤ ਅਤੇ ਉਸ ਦੇ ਗੁੰਡਿਆਂ ਨੇ ਇਸ ਜਥੇ ’ਤੇ ਗੋਲੀਆਂ ਚਲਾਈਆਂ, ਛਵੀਆਂ ਅਤੇ ਕਿਰਪਾਨਾਂ ਨਾਲ ਹਮਲਾ ਕੀਤਾ, ਜੰਡ ਨਾਲ ਬੰਨ੍ਹ ਕੇ ਸਾੜਿਆ ਪਰ ਇਸ ਜਥੇ ਦੇ ਸਿੰਘਾਂ ਨੇ ਅਕਹਿ ਧੀਰਜ ਅਤੇ ਸਬਰ ਨਾਲ ਜ਼ੁਲਮ ਦਾ ਸਾਹਮਣਾ ਕੀਤਾ। ਸ਼ਹੀਦਾਂ ਵੱਲੋਂ ਦਿਖਾਏ ਗਏ ਅਨੂਠੇ ਸਬਰ ਅਤੇ ਮਹਾਨ ਕੁਰਬਾਨੀਆਂ ਦੇ ਸੰਗਮ ਸਦਕਾ ਇਹ ਦਿਨ ਪੰਜਾਬ ਅਤੇ ਸਿੱਖਾਂ ਦੇ ਇਤਿਹਾਸ ਵਿਚ ਹੀ ਨਹੀਂ ਸਗੋਂ ਸਾਰੀ ਮਾਨਵਤਾ ਅਤੇ ਦੇਸ਼ ਦੇ ਇਤਿਹਾਸ ਵਿਚ ਅਜਿਹਾ ਦਿਹਾੜਾ ਬਣ ਗਿਆ ਹੈ ਜਿਸ ਦੀ ਮਿਸਾਲ ਮਿਲਣੀ ਮੁਸ਼ਕਲ ਹੈ।
        ਪੰਜ ਦਰਿਆਵਾਂ ਦੀ ਸਾਡੀ ਧਰਤੀ ਨੇ ਸਦੀਆਂ ਤੋਂ ਪੱਛਮ ਤੋਂ ਆਉਂਦੇ ਹਮਲਾਵਰਾਂ ਅਤੇ ਧਾੜਵੀਆਂ ਦਾ ਟਾਕਰਾ ਕੀਤਾ ਹੈ। ਕਿਸੇ ਨੂੰ ਹਰਾਇਆ ਅਤੇ ਕਿਸੇ ਤੋਂ ਹਾਰੇ, ਜ਼ੁਲਮ ਆਪਣੀ ਛਾਤੀ ’ਤੇ ਸਹੇ ਪਰ ਜਬਰ ਅੱਗੇ ਸਿਰ ਨਹੀਂ ਨਿਵਾਇਆ। ਹਰ ਧਰਤ ਨੂੰ ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਆਪਣੀ ਵਿਸ਼ੇਸ਼ ਭੂਗੋਲਿਕ ਸਥਿਤੀ ਕਾਰਨ ਪੰਜਾਬ ਨੇ ਅਜਿਹੇ ਦੁੱਖ-ਦੁਸ਼ਵਾਰੀਆਂ ਅਤੇ ਕਹਿਰ ਜ਼ਿਆਦਾ ਸਹੇ ਹਨ। ਪਿਛਲੇ ਹਜ਼ਾਰ ਸਾਲ ਦਾ ਇਤਿਹਾਸ ਵੇਖੀਏ ਤਾਂ ਨਾਥ-ਜੋਗੀਆਂ ਅਤੇ ਸ਼ੇਖ ਫ਼ਰੀਦ ਦੀ ਬਾਣੀ ਰਾਹੀਂ ਪੰਜਾਬ ਦੀ ਧਰਤੀ ’ਤੇ ਇਨਸਾਨੀ ਬਰਾਬਰੀ, ਸਮਾਜਿਕ ਏਕਤਾ ਤੇ ਸਮਤਾ ਦਾ ਨਾਦ ਬੁਲੰਦ ਹੋਇਆ ਜਿਹੜਾ ਸਿੱਖ ਗੁਰੂਆਂ ਅਤੇ ਭਗਤੀ ਲਹਿਰ ਦੇ ਸੰਤਾਂ ਦੀ ਬਾਣੀ ਵਿਚ ਸਿਖ਼ਰ ’ਤੇ ਪਹੁੰਚਿਆ। ਜਬਰ ਦਾ ਟਾਕਰਾ ਕਰਨ ਲਈ ਖ਼ਾਲਸਾ ਪੰਥ ਦੀ ਸਥਾਪਨਾ ਹੋਈ ਅਤੇ ਲਿਤਾੜੇ ਹੋਏ ਵਰਗਾਂ ਨੇ ਜ਼ੁਲਮ ਵਿਰੁੱਧ ਸੰਘਰਸ਼ ਕਰਦਿਆਂ ਆਪਣੀ ਸਮਾਜਿਕ ਸਥਿਤੀ ਨੂੰ ਸੁਧਾਰਿਆ ਅਤੇ ਰਾਜਸੱਤਾ ਪ੍ਰਾਪਤ ਕੀਤੀ। ਸਿੱਖ ਗੁਰੂਆਂ, ਸੂਫ਼ੀਆਂ ਅਤੇ ਭਗਤੀ ਲਹਿਰ ਦੇ ਸੰਤਾਂ ਨੇ ਪੰਜਾਬੀ ਸਮਾਜ ਵਿਚ ਜਮਹੂਰੀਅਤ ਅਤੇ ਸਾਂਝੀਵਾਲਤਾ ਦੀ ਰੂਹ ਫੂਕੀ ਜਿਸ ਨੇ ਇਸ ਭੂਗੋਲਿਕ ਖ਼ਿੱਤੇ ਨੂੰ ਨਵੀਂ ਨੁਹਾਰ ਅਤੇ ਪਛਾਣ ਦਿੱਤੀ।
       ਬਸਤੀਵਾਦੀ ਦੌਰ ਵਿਚ ਪੰਜਾਬ ਵਿਚ 1857 ਦੇ ਗ਼ਦਰ (ਪੰਜਾਬ ਵਿਚ ਨੀਲੀ ਬਾਰ ਦੀ ਬਗ਼ਾਵਤ, ਰੋਪੜ ਵਿਚ ਸਰਦਾਰ ਮੇਹਰ ਸਿੰਘ ਦੀ ਬਗ਼ਾਵਤ ਆਦਿ) ਤੋਂ ਬਾਅਦ ਕੂਕਾ ਲਹਿਰ, ਪਗੜੀ ਸੰਭਾਲ ਜੱਟਾ ਲਹਿਰ, ਗ਼ਦਰ ਲਹਿਰ, ਰੌਲਟ ਐਕਟ ਵਿਰੁੱਧ ਅੰਦੋਲਨ ਅਤੇ ਹੋਰ ਸੰਘਰਸ਼ਾਂ ਨਾਲ ਪੰਜਾਬ ਆਜ਼ਾਦੀ ਦੇ ਸੰਘਰਸ਼ ਦਾ ਮੋਹਰੀ ਬਣਿਆ।
       ਵੀਹਵੀਂ ਸਦੀ ਦੇ ਸ਼ੁਰੂ ਵਿਚ ਗੁਰਦੁਆਰਿਆਂ ’ਤੇ ਮਹੰਤਾਂ ਦਾ ਪੂਰਾ ਕਬਜ਼ਾ ਹੋ ਚੁੱਕਾ ਸੀ। ਉਨ੍ਹਾਂ ਨੇ ਅੰਗਰੇਜ਼ ਸਰਕਾਰ ਦੇ ਅਫ਼ਸਰਾਂ ਨਾਲ ਮਿਲ ਕੇ ਗੁਰਦੁਆਰਿਆਂ ਦੀਆਂ ਜਾਇਦਾਦਾਂ ਆਪਣੇ ਨਾਵਾਂ ’ਤੇ ਕਰਾ ਲਈਆਂ ਸਨ। ਲੁਧਿਆਣਾ ਗਜ਼ਟੀਅਰ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਜੇ ਕੋਈ ਮਹੰਤ ਬੁਰੇ ਕੰਮ ਕਰਦਾ ਸੀ ਤਾਂ ਸਿੱਖ ਸੰਗਤ ਉਸ ਨੂੰ ਝੱਟ-ਪੱਟ ਬਾਹਰ ਕੱਢ ਦਿੰਦੀ ਸੀ। ਸੋਹਨ ਸਿੰਘ ਜੋਸ਼ ਅਨੁਸਾਰ ‘‘ਅੰਗਰੇਜ਼ ਰਾਜ ਦੇ ਆਉਣ ਨਾਲ ਮਹੰਤ ਹੌਲੀ-ਹੌਲੀ ਸਿੱਖਾਂ ਦੇ ਕੰਟਰੋਲ ਤੋਂ ਆਜ਼ਾਦ ਹੋ ਗਏ।’’ ਉਹ ਗੁਰਦੁਆਰਿਆਂ ਵਿਚ ਮਨਮਾਨੀਆਂ ਕਰਦੇ ਅਤੇ ਚੜ੍ਹਾਇਆ ਜਾਂਦਾ ਧਨ ਲੁੱਟਦੇ ਸਨ।
       1910ਵਿਆਂ ਦੇ ਦਹਾਕੇ ਵਿਚ ਪੰਜਾਬ ਵਿਚ ਕਈ ਵੱਡੀਆਂ ਘਟਨਾਵਾਂ ਹੋਈਆਂ। ਇਨ੍ਹਾਂ ਵਿਚੋਂ ਸਭ ਤੋਂ ਅਹਿਮ 1914-15 ਦੀ ਗ਼ਦਰ ਲਹਿਰ, ਜਿਸ ਵਿਚ ਕਰਤਾਰ ਸਿੰਘ ਸਰਾਭਾ ਦੇ ਸਾਥੀਆਂ ਨੂੰ ਫਾਂਸੀ ਅਤੇ ਬਾਬਾ ਸੋਹਨ ਸਿੰਘ ਭਕਨਾ ਦੇ ਸਾਥੀਆਂ ਨੂੰ ਕਾਲੇ ਪਾਣੀ ਦੀ ਸਜ਼ਾ ਹੋਈ ਅਤੇ 1919 ਵਿਚ ਚੱਲੀ ਰੌਲਟ ਐਕਟ ਵਿਰੋਧੀ ਲਹਿਰ ਸੀ ਜਿਸ ਵਿਚ ਜੱਲ੍ਹਿਆਂਵਾਲੇ ਬਾਗ਼ ਦਾ ਸਾਕਾ ਵਾਪਰਿਆ। ਸਿੱਖ ਗੁਰਦੁਆਰਾ ਰਕਾਬ ਗੰਜ ਦੀ ਕੰਧ ਢਾਹੁਣ, ਦਰਬਾਰ ਸਾਹਿਬ ਦਾ ਪਾਣੀ ਬੰਦ ਕਰਨ, ਮਹੰਤਾਂ ਦੀ ਗੁਰਦੁਆਰਿਆਂ ਦੀ ਦੁਰਵਰਤੋਂ ਅਤੇ ਸਰਕਾਰ ਵੱਲੋਂ ਉਨ੍ਹਾਂ (ਮਹੰਤਾਂ) ਦੀ ਹਮਾਇਤ ਤੋਂ ਬਹੁਤ ਦੁਖੀ ਸਨ। ਗੁਰਦੁਆਰਾ ਸੁਧਾਰ ਲਹਿਰ ਨੇ ਇਨ੍ਹਾਂ ਹਾਲਾਤ ਵਿਚ ਜਨਮ ਲਿਆ। ਸ. ਹਰਚੰਦ ਸਿੰਘ, ਮੰਗਲ ਸਿੰਘ, ਸਰਦੂਲ ਸਿੰਘ ਕਵੀਸ਼ਰ, ਝਬਾਲੀਏ ਭਰਾ ਅਮਰ ਸਿੰਘ ਅਤੇ ਜਸਵੰਤ ਸਿੰਘ, ਤੇਜਾ ਸਿੰਘ ਸਮੁੰਦਰੀ, ਬਾਬਾ ਖੜਕ ਸਿੰਘ, ਕਰਤਾਰ ਸਿੰਘ ਝੱਬਰ, ਤੇਜਾ ਸਿੰਘ ਭੁੱਚਰ, ਬਾਵਾ ਹਰਕਿਸ਼ਨ ਸਿੰਘ, ਮਾਸਟਰ ਤਾਰਾ ਸਿੰਘ, ਸੁੰਦਰ ਸਿੰਘ ਲਾਇਲਪੁਰੀ, ਦਲੀਪ ਸਿੰਘ ਸਾਂਗਲਾ, ਲਛਮਣ ਸਿੰਘ ਧਾਰੋਵਾਲੀ ਅਤੇ ਕਈ ਹੋਰ ਆਗੂ ਸਿੱਖਾਂ ਦੀ ਅਗਵਾਈ ਲਈ ਨਿੱਤਰੇ। 12 ਅਕਤੂਬਰ 1920 ਨੂੰ ਖ਼ਾਲਸਾ ਬਿਰਾਦਰੀ ਅਤੇ ਭਾਈ ਮਤਾਬ ਸਿੰਘ ਤੇ ਹੋਰ ਸਿੱਖ ਆਗੂਆਂ ਦੇ ਉੱਦਮ ਸਦਕਾ ਦਲਿਤ ਸਿੱਖਾਂ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਪੂਰੇ ਹੱਕ ਮਿਲੇ ਅਤੇ ਇਹ ਘਟਨਾ ਹੀ ਗੁਰਦੁਆਰਾ ਸਿੰਘਾਂ ਨੂੰ ਮਿਲਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਦਾ ਆਧਾਰ ਬਣੀ। ਇਸ ਤੋਂ ਬਾਅਦ ਦਰਬਾਰ ਸਾਹਿਬ ਤਰਨ ਤਾਰਨ ਨੂੰ ਆਜ਼ਾਦ ਕਰਾਇਆ ਗਿਆ ਜਿਸ ਵਿਚ ਗੁਰਦੁਆਰਾ ਸੁਧਾਰ ਲਹਿਰ ਦੀਆਂ ਪਹਿਲੀਆਂ ਸ਼ਹੀਦੀਆਂ ਹੋਈਆਂ।
      ਸਿੱਖ ਗੁਰਦੁਆਰਾ ਨਨਕਾਣਾ ਸਾਹਿਬ ਨੂੰ ਜਲਦੀ ਤੋਂ ਜਲਦੀ ਆਜ਼ਾਦ ਕਰਾਉਣਾ ਚਾਹੁੰਦੇ ਸਨ ਕਿਉਂਕਿ ਇੱਥੋਂ ਦਾ ਮਹੰਤ ਨਰਾਇਣ ਦਾਸ ਮਹਾਂ-ਦੁਰਾਚਾਰੀ ਅਤੇ ਭ੍ਰਿਸ਼ਟ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਾਰਚ 1921 ਦੇ ਪਹਿਲੇ ਹਫ਼ਤੇ ਮਹੰਤ ਨਾਲ ਮੀਟਿੰਗ ਤੈਅ ਕੀਤੀ ਪਰ ਭਾਈ ਕਰਤਾਰ ਸਿੰਘ ਝੱਬਰ ਦੀ ਅਗਵਾਈ ਵਿਚ ਸਿੱਖ ਜਥਿਆਂ ਨੇ ਵੱਖ-ਵੱਖ ਥਾਵਾਂ ਤੋਂ ਕੂਚ ਕਰਕੇ 19, 20 ਫਰਵਰੀ 1921 ਨੂੰ ਨਨਕਾਣਾ ਸਾਹਿਬ ਪਹੁੰਚਣ ਦਾ ਫ਼ੈਸਲਾ ਕੀਤਾ। ਸ਼੍ਰੋਮਣੀ ਕਮੇਟੀ ਦੇ ਆਗੂਆਂ ਨੂੰ ਪਤਾ ਲੱਗ ਗਿਆ ਕਿ ਮਹੰਤ ਨੇ ਬਦਮਾਸ਼ਾਂ ਅਤੇ ਸਰਕਾਰ ਦੀ ਸਹਾਇਤਾ ਨਾਲ ਸਿੰਘਾਂ ਦਾ ਕਤਲੇਆਮ ਕਰਨ ਦੀ ਯੋਜਨਾ ਬਣਾਈ ਹੈ ਅਤੇ ਵੱਖ-ਵੱਖ ਜਥਿਆਂ ਨੂੰ ਚਿੱਠੀਆਂ ਪਹੁੰਚਾ ਕੇ ਰੋਕਿਆ ਗਿਆ ਪਰ ਭਾਈ ਲਛਮਣ ਸਿੰਘ ਧਾਰੋਵਾਲੀ ਦਾ ਜਥਾ ਨਨਕਾਣਾ ਸਾਹਿਬ ਪਹੁੰਚ ਗਿਆ। ਮਹੰਤ ਦੇ ਗੁੰਡਿਆਂ ਨੇ ਸ਼ਾਂਤਮਈ ਜਥੇ ’ਤੇ ਅੰਤਾਂ ਦਾ ਜ਼ੁਲਮ ਕੀਤਾ ਪਰ ਸਾਰੇ ਸਿੱਖ ਸ਼ਾਂਤਮਈ ਰਹੇ। ਸੈਂਕੜੇ ਸਿੱਖ ਮਾਰੇ ਗਏ ਅਤੇ ਗੁਰਦੁਆਰੇ ਦਾ ਕਬਜ਼ਾ ਸਿੰਘਾਂ ਕੋਲ ਆ ਗਿਆ।
       ਗੁਰਬਖਸ਼ ਸਿੰਘ ‘ਸ਼ਮਸ਼ੇਰ’ ਝੁਬਾਲੀਆ, ਲੇਖਕ ‘ਸ਼ਹੀਦੀ ਜੀਵਨ’ ਭਾਈ ਲਛਮਣ ਸਿੰਘ ਬਾਰੇ ਲਿਖਦੇ ਹਨ, ‘‘ਜਲ੍ਹਿਆਂ ਵਾਲੇ ਬਾਗ ਵਿਚ ਗੋਲੀ ਚੱਲਣ ਅਤੇ ਮਾਰਸ਼ਲ ਲਾਅ ਦੀ ਸਖ਼ਤੀਆਂ ਨੇ ਆਪ ਦੇ ਮਨ ’ਤੇ ਬਹੁਤਾ ਗਹਿਰਾ ਅਸਰ ਕੀਤਾ। ਤਦ ਆਪ ਨੇ ਮੁਲਕੀ ਆਜ਼ਾਦੀ ਅਤੇ ਗੁਰਦੁਆਰਾ ਸੁਧਾਰ ਲਹਿਰ ਦੇ ਸਵਾਲ ਨੂੰ ਸਾਹਮਣੇ ਰਖਦਿਆਂ ਹੋਇਆਂ 1, 2, 3 ਅਕਤੂਬਰ 1920 ਨੂੰ ਆਪਣੇ ਨਗਰ ਧਾਰੋਵਾਲੀ ਵਿਚ ਬੜਾ ਭਾਰੀ ਰਾਜਸੀ ਜਲਸਾ ਰੱਖ ਦਿੱਤਾ... ਇਸ ਜਲਸੇ ਦੇ ਪ੍ਰਧਾਨ ਸ. ਹਰਚੰਦ ਸਿੰਘ ਰਈਸ ਲਾਇਲਪੁਰੀ ਸਨ। ਬਾਹਰੋਂ ਉੱਘੇ ਦੇਸ਼ ਭਗਤ ਤੇ ਕੌਮੀ ਸੇਵਕ ਪ੍ਰਚਾਰ ਲਈ ਸੱਦੇ ਹੋਏ ਸਨ। ਆਗਾ ਮੁਹੰਮਦ ਸਫਦਰ, ਡਾਕਟਰ ਕਿਚਲੂ, ਮਹਾਤਮਾ ਅਨੰਦ ਗੋਪਾਲ ਦੇ ਜ਼ੋਰ ਦੇਣ ’ਤੇ ਸਰਕਾਰ ਦਾ ਨਾ-ਮਿਲਵਰਤਣ ਦਾ ਮਤਾ ਪਾਸ ਹੋ ਗਿਆ।’’ ਇਹ ਬਿਰਤਾਂਤ ਦਰਸਾਉਂਦਾ ਹੈ ਕਿ ਕਿਵੇਂ ਜ਼ਮੀਨੀ ਪੱਧਰ ’ਤੇ ਗੁਰਦੁਆਰਾ ਸੁਧਾਰ ਲਹਿਰ ਅਤੇ ਬਸਤੀਵਾਦ ਵਿਰੋਧੀ ਨਾ-ਮਿਲਵਰਤਣ ਲਹਿਰ ਦਾ ਸੰਗਮ ਹੋ ਰਿਹਾ ਸੀ। ਇਹ ਘਟਨਾ ਉਸ ਵੇਲੇ ਦੇ ਸਿਆਸੀ ਮਾਹੌਲ ਦੀ ਤਸਵੀਰ ਪੇਸ਼ ਕਰਦੀ ਹੈ। ਮਈ 1921 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਂਗਰਸ ਦੀ ਨਾ-ਮਿਲਵਰਤਣ ਲਹਿਰ ਨੂੰ ਹਮਾਇਤ ਦੇਣ ਦਾ ਮਤਾ ਪਾਸ ਕਰ ਦਿੱਤਾ।
         ਗੁਰਦੁਆਰਾ ਸੁਧਾਰ ਲਹਿਰ ਦੌਰਾਨ ਲੱਗੇ ਮੋਰਚੇ ਇਹ ਵੀ ਦਰਸਾਉਂਦੇ ਹਨ ਕਿ ਸਿੱਖ ਆਗੂਆਂ ਨੇ ਮਹੰਤਾਂ ’ਤੇ ਨਿੱਜੀ ਹਮਲਾ ਕਰਕੇ ਮਾਰ-ਮੁਕਾਉਣ ਨਾਲੋਂ ਸ਼ਾਂਤਮਈ ਢੰਗ ਨਾਲ ਮਹੰਤ-ਪਰੰਪਰਾ ਦਾ ਵਿਰੋਧ ਕਰਨ ਅਤੇ ਗੁਰਦੁਆਰਿਆਂ ਨੂੰ ਨੈਤਿਕ ਬਲ ਨਾਲ ਸਿੱਖ ਸੰਗਤ ਦੇ ਪ੍ਰਬੰਧ ਹੇਠ ਲਿਆਉਣ ਲਈ ਤਰਜੀਹ ਦਿੱਤੀ। ਗੁਰਬਖਸ਼ ਸਿੰਘ ਝੁਬਾਲੀਆ ਅਨੁਸਾਰ ਧਾਰੋਵਾਲੀ ਦੇ ਜਲਸੇ ਵਿਚ ਭਾਈ ਟਹਿਲ ਸਿੰਘ ਨੇ ਕਿਹਾ ਕਿ ਸੰਗਤ ਹੁਕਮ ਦੇਵੇ ਤਾਂ ‘‘ਮੈਂ ਦਿਨ ਚੜ੍ਹਦੇ ਨੂੰ ਮਹੰਤ ਨਰੈਣ ਦਾਸ ਦਾ ਸਿਰ ਵੱਢ ਲਿਆਉਂਦਾ ਹਾਂ ਪਰ ਉਨ੍ਹਾਂ ਨੂੰ ਹੌਸਲਾ ਤੇ ਧੀਰਜ ਦੇ ਕੇ ਇਸ ਗੱਲੋਂ ਰੋਕ ਦਿੱਤਾ ਗਿਆ।’’ ਇਹ ਘਟਨਾ ਗੁਰਦੁਆਰਾ ਸੁਧਾਰ ਲਹਿਰ ਦੇ ਵਿਚਾਰਧਾਰਕ ਆਧਾਰ ਦੇ ਪਰਪੱਕ ਹੋਣ ਦੀ ਗਵਾਹੀ ਦਿੰਦੀ ਹੈ। ਇਹੀ ਕਾਰਨ ਹੈ ਕਿ ਇਸ ਲਹਿਰ ਦੀਆਂ ਪ੍ਰਾਪਤੀਆਂ ਵੱਡੀਆਂ ਅਤੇ ਇਤਿਹਾਸ ’ਤੇ ਦੂਰਗਾਮੀ ਅਸਰ ਪਾਉਣ ਵਾਲੀਆਂ ਸਨ। ਸੋਹਨ ਸਿੰਘ ਜੋਸ਼ ਅਨੁਸਾਰ, ‘‘ਸ਼ਰੋਮਣੀ ਕਮੇਟੀ ਨੇ ਇਕਸਾਰ ਅਹਿੰਸਾ-ਮਈ ਸਤਿਆਗ੍ਰਹਿ ਦਾ ਹਥਿਆਰ ਵਰਤਿਆ ਅਤੇ ਅੰਗਰੇਜ਼ ਹਾਕਮਾਂ ਦੀ ਇਹ ਖਾਹਸ਼ ਪੂਰੀ ਨਾ ਹੋਣ ਦਿੱਤੀ ਕਿ ਸਿੱਖ ਅੱਜ ਨਹੀਂ ਭਲਕੇ ਨਹੀਂ ਤਾਂ ਪਰਸੋਂ ਅਹਿੰਸਾ ਛੱਡ ਦੇਣਗੇ ਅਤੇ ਹਿੰਸਾ ਦਾ ਰਾਹ ਅਪਨਾਣ ਲੱਗ ਪੈਣਗੇ।’’
        ਨਨਕਾਣਾ ਸਾਹਿਬ ਦੇ ਸਾਕੇ ’ਚੋਂ ਗੁਰਦੁਆਰਾ ਸੁਧਾਰ ਲਹਿਰ ਦੇ ਮਹਾਨ ਇਖ਼ਲਾਕੀ ਪੱਧਰ ਦੀਆਂ ਅਨੇਕ ਮਿਸਾਲਾਂ ਮਿਲਦੀਆਂ ਹਨ। ਸ਼ਹੀਦਾਂ ਦੇ ਸਸਕਾਰ ਤੋਂ ਬਾਅਦ ਸੰਤ ਰਾਮ ਸਾਧ (ਮਹੰਤ ਨਰਾਇਣ ਦਾਸ ਦੇ ਸਾਥੀ) ਦੀ ਲਾਸ਼ ਮਿਲੀ। ਗੁਰਬਖਸ਼ ਸਿੰਘ ਝੁਬਾਲੀਏ ਅਨੁਸਾਰ, ‘‘ਸੰਤ ਰਾਮ ਸਾਧ ਦੀ ਲਾਸ਼ ਜਿਹੜਾ ਭੀ ਵੇਖੇ, ਜੋਸ਼ ਵਿਚ ਇਹੋ ਆਖੇ ਕਿ ਇਸ ਨੂੰ ਕੁੱਤਿਆਂ ਅੱਗੇ ਪਾਓ ਅਤੇ ਕੋਈ ਆਖੇ ਕਿ ਇਉਂ ਨਹੀਂ, ਇਸ ਨੂੰ ਸੰਢਿਆਂ ਮਗਰ ਬੰਨ ਕੇ ਸਾਰੇ ਸ਼ਹਿਰ ਵਿਚ ਫਿਰਾਓ ਪਰ ਭਾਈ ਭਾਗ ਸਿੰਘ ਨੇ ਸਭ ਸਿੰਘਾਂ ਦਾ ਧਿਆਨ ਆਪਣੇ ਵੱਲ ਖਿੱਚ ਕੇ ਕਿਹਾ ਕਿ ਭਾਈ ਸਾਹਿਬ ਜੀ! ਜੇ ਕਿਸੇ ਨੇ ਇਸ ਤਰ੍ਹਾਂ ਦਾ ਕੁਕਰਮ ਕੀਤਾ ਜਿਸ ਨਾਲ ਇਸ ਸਾਧ ਦਾ ਮੁਰਦਾ ਖਰਾਬ ਹੋਵੇ ਤਾਂ ਸਾਡੇ ਇਤਿਹਾਸ ਨੂੰ ਦਾਗ ਲੱਗੇਗਾ।’’
       ਪੰਜਾਬ ਦੇ ਕਿਸਾਨ ਕਈ ਮਹੀਨਿਆਂ ਤੋਂ ਕੇਂਦਰ ਸਰਕਾਰ ਦੁਆਰਾ ਬਣਾਏ ਗਏ ਖੇਤੀ ਕਾਨੂੰਨਾਂ ਵਿਰੁੱਧ ਸ਼ਾਂਤਮਈ ਅੰਦੋਲਨ ਕਰ ਰਹੇ ਹਨ। ਉਨ੍ਹਾਂ ਦੇ ਅੰਦੋਲਨ ਵਿਚ ਗੁਰਦੁਆਰਾ ਸੁਧਾਰ ਲਹਿਰ ਦੇ ਅਮੀਰ ਵਿਰਸੇ ਦੀ ਝਲਕ ਸਪੱਸ਼ਟ ਦਿਖਾਈ ਦਿੰਦੀ ਹੈ। ਸ਼ਾਂਤਮਈ ਰਹਿ ਕੇ ਵਿਰੋਧ ਕਰਨਾ, ਦੁੱਖ ਝੱਲਣੇ ਅਤੇ ਉੱਚੇ ਇਖ਼ਲਾਕੀ ਪੱਧਰ ਕਾੲਮ ਕਰਨੇ ਗੁਰਦੁਆਰਾ ਸੁਧਾਰ ਲਹਿਰ ਦੀਆਂ ਉਹ ਮਹਾਨ ਪ੍ਰਾਪਤੀਆਂ ਸਨ ਜਿਸ ਤੋਂ ਪੰਜਾਬ, ਦੇਸ਼ ਅਤੇ ਸਮੁੱਚੀ ਮਾਨਵਤਾ ਨੂੰ ਹਮੇਸ਼ਾਂ ਪ੍ਰੇਰਨਾ ਮਿਲਦੀ ਰਹੇਗੀ। ਇਹ ਸਮਾਂ ਉਨ੍ਹਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ, ਸਿਦਕ ਅਤੇ ਸਬਰ ਨੂੰ ਯਾਦ ਕਰਨ ਅਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕਰਦੇ ਹੋਏ ਉਨ੍ਹਾਂ ਦੇ ਦਿਖਾਏ ਰਾਹਾਂ ’ਤੇ