ਅੱਖੀਂ ਵੇਖਿਆ ਨਨਕਾਣਾ ਸਾਕਾ - ਡਾ. ਹਰਸ਼ਿੰਦਰ ਕੌਰ, ਐਮ. ਡੀ.,

 ਸਿੱਖੀ ਇੱਕ ਵਿਚਾਰਧਾਰਾ ਹੈ ਜੋ ਕਿਸੇ ਵੀ ਸਦੀ ਦਾ ਹਾਕਮ ਸਮਝ ਹੀ ਨਹੀਂ ਸਕਿਆ। ਇੱਕ ਪਾਸੇ ਸਿਰੇ ਦੀ ਬਹਾਦਰੀ ਤੇ ਦੂਜੇ ਪਾਸੇ ਸਹਿਨਸ਼ਕਤੀ ਦਾ ਸਿਖ਼ਰ।
        ਪਹਿਲਾ ਮਰਣੁ ਕਬੂਲਿ
        ਜੀਵਣ ਕੀ ਛਡਿ ਆਸ॥
        ਹੋਹੁ ਸਭਨਾ ਕੀ ਰੇਣੁਕਾ
        ਤਉ ਆਉ ਹਮਾਰੈ ਪਾਸਿ॥
    ਇਹ ਨਾਸਮਝੀ ਹੀ ਹਰ ਹਾਕਮ ਨੂੰ ਸਿੱਖ ਵਿਰੋਧੀ ਬਣਾ ਦਿੰਦੀ ਹੈ ਤੇ ਹਰ ਵਾਰ ਦੀ ਤਰ੍ਹਾਂ ਜ਼ਾਲਮ ਰਾਜਾ ਸਿੱਖਾਂ ਨੂੰ ਮੁਕਾਉਂਦਾ ਆਪ ਮੁੱਕ ਜਾਂਦਾ ਰਿਹਾ ਹੈ।
    ਸਾਕਾ ਨਨਕਾਣਾ ਸਾਹਿਬ ਵਿਚ ਵਾਪਰੇ ਸਿਖਰ ਦੇ ਕਹਿਰ ਵਿੱਚੋਂ ਕੁੱਝ ਗੱਲਾਂ ਉਭਰ ਕੇ ਸਾਹਮਣੇ ਆਉਂਦੀਆਂ ਹਨ ਕਿ ਉਸ ਸਮੇਂ ਦੀ ਸਰਕਾਰ ਮਹੰਤਾਂ ਨਾਲ ਰਲਗੱਡ ਸੀ। ਸਰਕਾਰ ਨੇ ਸਿੱਖਾਂ ਦੀ ਸਿਰਮੌਰ ਜੱਥੇਬੰਦੀ ਨਾਲ ਉੱਪਰੋਂ ਉੱਪਰੋਂ ਬਣਾ ਕੇ ਰੱਖਣ ਲਈ ਇਹ ਕਹਿ ਦਿੱਤਾ ਸੀ ਕਿ ਅਸੀਂ ਸਿੱਖਾਂ ਦੇ ਧਾਰਮਿਕ ਸਥਾਨਾਂ ਵਿਚ ਦਖਲ ਅੰਦਾਜ਼ੀ ਨਹੀਂ ਕਰਨੀ। ਦੂਜੇ ਪਾਸੇ ਮਹੰਤਾਂ ਨੂੰ ਇਹ ਕਹਿ ਦਿੱਤਾ ਕਿ ਆਪਣੀ ਰੱਖਿਆ ਆਪ ਕਰਨ ਦਾ ਬੰਦੋਬਸਤ ਕਰ ਲਵੋ ਕਿਉਂਕਿ ਉਹ ਮਹੰਤਾਂ ਕੋਲੋਂ ਮਾਇਆ ਹਾਸਲ ਕਰ ਰਹੇ ਸਨ। ਇੰਜ ਸਿੱਖਾਂ ਦੀ ਵਧਦੀ ਤਾਕਤ ਨੂੰ ਰੋਕਣ ਦਾ ਢੰਗ ਵੀ ਉਨ੍ਹਾਂ ਲੱਭ ਲਿਆ ਸੀ।
    ਉਸ ਸਮੇਂ ਦੀਆਂ ਛਪੀਆਂ ਖ਼ਬਰਾਂ, ਭੁਗਤੇ ਗਵਾਹ, ਲਿਖੀਆਂ ਗਈਆਂ ਚਿੱਠੀਆਂ ਤੇ ਅੱਖੀਂ ਵੇਖੇ ਗਵਾਹਾਂ ਵੱਲੋਂ ਲਿਖੇ ਦਸਤਾਵੇਜ਼ਾਂ ਅਨੁਸਾਰ ਜੋ ਤੱਥ ਸਾਹਮਣੇ ਆ ਚੁੱਕੇ ਹੋਏ ਹਨ, ਉਨ੍ਹਾਂ ਅਨੁਸਾਰ :-
1.   ਬਹੁਤ ਅਖ਼ਬਾਰਾਂ ਅੰਗ੍ਰੇਜ਼ਾਂ ਦੇ ਹੱਕ ਵਿਚ ਭੁਗਤ ਰਹੀਆਂ ਸਨ ਤੇ ਇੱਕ ਪਾਸੜ ਖ਼ਬਰਾਂ ਛਾਪ ਕੇ ਸਿੱਖਾਂ ਨੂੰ 'ਅੱਤਵਾਦੀ' ਤਕ ਐਲਾਨ ਕਰ ਰਹੀਆਂ ਸਨ। ਇੰਜ ਮਹੰਤਾਂ ਦੇ ਹੱਕ ਵਿਚ ਆਮ ਲੋਕਾਂ ਨੂੰ ਭੁਗਤਾ ਕੇ ਸਿੱਖਾਂ ਦੀ ਤਾਕਤ ਨੂੰ ਢਾਅ ਲਾਈ ਜਾ ਰਹੀ ਸੀ। ਆਮ ਜਨਤਾ ਨੂੰ ਰੋਜ਼ ਦੀਆਂ ਵਿਰੋਧੀ ਤੇ ਬੇਬੁਨਿਆਦ ਖ਼ਬਰਾਂ ਪੜ੍ਹਾ ਕੇ, ਹੱਕ ਮੰਗਦੇ ਤੇ ਸ਼ਾਂਤਮਈ ਸੰਘਰਸ਼ ਕਰਦੇ ਸਿੱਖਾਂ ਤੋਂ ਪਰ੍ਹਾਂ ਕਰਨ ਦੀ ਅਣਥੱਕ ਕੋਸ਼ਿਸ਼ ਕੀਤੀ ਜਾ ਰਹੀ ਸੀ। ਧਾਰਮਿਕ ਪਾੜ੍ਹ ਪਾਉਣ ਲਈ ਪੂਰਾ ਜ਼ੋਰ ਲਾਇਆ ਹੋਇਆ ਸੀ।
    ਇਸ ਸਭ ਦੇ ਬਾਵਜੂਦ ਸਿੱਖਾਂ ਵੱਲੋਂ ਗੁਰਦੁਆਰਿਆਂ ਦੀ ਦੁਰਵਰਤੋਂ ਦੇ ਵਿਰੋਧ ਨੂੰ ਵੀ ਬਿਆਨ ਕਰਨ ਵਾਲੀਆਂ ਕੁੱਝ ਦਮਦਾਰ ਅਖ਼ਬਾਰਾਂ ਸਨ ਜਿਨ੍ਹਾਂ ਨੇ ਸੱਚ ਲਿਖਣ ਦੀ ਹਿੰਮਤ ਵਿਖਾਈ ਤੇ ਪੁਲਸੀਆ ਤਸ਼ੱਦਦ ਵੀ ਝੱਲਿਆ।
2.    ਸਿੱਖੀ ਸੋਚ ਨਾਲ ਜੁੜੇ ਲੋਕ ਗੁਰਦੁਆਰਿਆਂ ਨੂੰ ਆਪਣੇ ਗੁਰੂ ਦਾ ਘਰ ਮੰਨਦਿਆਂ ਉਸ ਥਾਂ ਦੇ ਅਪਵਿੱਤਰ ਹੋਣ ਨਾਲੋਂ ਆਪਣੇ ਆਪ ਨੂੰ ਖ਼ਤਮ ਕਰ ਦੇਣਾ ਬਿਹਤਰ ਮੰਨਦੇ ਹਨ। ਪੰਥ ਵਸੇ ਮੈਂ ਉਜੜਾਂ! ਉਸ ਸਮੇਂ ਮਹੰਤ ਨਾਰਾਇਣ ਦਾਸ, ਜੋ ਵਿਲਾਸੀ ਅਤੇ ਅਧਰਮੀ ਸੀ, ਗੁਰਦੁਆਰੇ ਅੰਦਰ ਔਰਤਾਂ ਨਚਾਉਂਦਾ ਸੀ, ਲੱਚਰ ਗੀਤ ਗਵਾਉਂਦਾ ਸੀ ਤੇ ਲੋਕਾਂ ਵੱਲੋਂ ਗੁਰਦੁਆਰੇ ਲਈ ਦਿੱਤੇ ਦਾਨ ਦੀ ਦੁਰਵਰਤੋਂ ਕਰਦਾ ਸੀ। ਇਸ ਬਾਰੇ ਸਾਰੀ ਜਾਣਕਾਰੀ ਸਰਕਾਰ ਨੂੰ ਸੀ। ਸਿੱਖਾਂ ਵੱਲੋਂ ਇਸ ਬਾਰੇ ਬੇਅੰਤ ਵਾਰ ਸਰਕਾਰ ਨੂੰ ਲਿਖਤ ਜਾਣਕਾਰੀ ਤੇ ਸਬੂਤ ਦੇਣ ਬਾਅਦ ਵੀ ਸਰਕਾਰ ਟਸ ਤੋਂ ਮਸ ਨਾ ਹੋਈ ਅਤੇ ਪੁਲਸ ਮਹੰਤ ਦਾ ਸਾਥ ਹੀ ਦਿੰਦੀ ਰਹੀ।
3.    ਜਦੋਂ ਸਰਕਾਰ ਨੇ ਕੰਨਾਂ ਉੱਤੇ ਜੂੰ ਨਾ ਰੇਂਗੀ ਤਾਂ ਮਜਬੂਰਨ ਸ਼ਾਂਤ ਤਰੀਕੇ ਮੁਜ਼ਾਹਰਾ ਕਰਨ ਬਾਰੇ ਸੋਚਿਆ ਗਿਆ। ਸ਼ਾਂਤਮਈ ਢੰਗ ਨਾਲ ਜੱਥੇ ਦੀ ਸ਼ਕਲ ਵਿਚ ਸਿੰਘਾਂ ਨੂੰ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਵੱਲ ਜਾ ਕੇ ਮਹੰਤਾਂ ਤੋਂ ਆਜ਼ਾਦ ਕਰਵਾਉਣ ਬਾਰੇ ਵਿਚਾਰ ਕੀਤਾ ਗਿਆ। ਉਸ ਥਾਂ ਦੀ ਪਵਿੱਤਰਤਾ ਵਾਪਸ ਬਹਾਲ ਕਰਨ ਲਈ ਚਾਬੀਆਂ ਅਤੇ ਕਬਜ਼ਾ ਦਵਾਉਣ ਲਈ ਸਰਕਾਰ ਨੂੰ ਬੇਨਤੀ ਕੀਤੀ ਗਈ।
    ਇਸ ਉੱਤੇ ਸਰਕਾਰ ਵੱਲੋਂ ਦੱਬ ਕੇ ਕੂੜ ਪ੍ਰਚਾਰ ਕੀਤਾ ਗਿਆ ਕਿ ਸਿੱਖ ਜੱਥੇਬੰਦੀਆਂ ਹੱਲਾ ਬੋਲਣ ਚੱਲੀਆਂ ਹਨ। ਵਧਾ ਚੜ੍ਹਾ ਕੇ ਸਾਰੀਆਂ ਸਰਕਾਰੀ ਅਖ਼ਬਾਰਾਂ ਵਿਚ ਅਤੇ ਰੇਡੀਓ ਪ੍ਰਸਾਰਣ ਰਾਹੀਂ ਲੋਕਾਂ ਨੂੰ ਦੱਸਿਆ ਗਿਆ ਤਾਂ ਜੋ ਆਮ ਲੋਕ ਇਸ ਸ਼ਾਂਤਮਈ ਸੰਘਰਸ਼ ਦਾ ਸਾਥ ਨਾ ਦੇਣ।
4.    ਮਹੰਤ ਨਾਰਾਇਣ ਦਾਸ ਬਰਤਾਨਵੀ ਅਧਿਕਾਰੀਆਂ  ਨੂੰ ਗੁਰਦੁਆਰਾ ਫੰਡ ਵਿੱਚੋਂ ਕੀਮਤੀ ਸੁਗਾਤਾਂ ਭੇਂਟ ਕਰਦਾ ਸੀ, ਜਿਸ ਕਾਰਨ ਉਹ ਪਲ-ਪਲ ਦੀ ਸਾਰੀ ਜਾਣਕਾਰੀ ਮਹੰਤ ਨੂੰ ਦਿੰਦੇ ਰਹੇ ਅਤੇ ਉਸ ਨੂੰ ਅਸਲਾ ਇਕੱਠਾ ਕਰਨ ਦੀ ਇਜਾਜ਼ਤ ਵੀ ਦੇ ਦਿੱਤੀ।
    ਸਿੱਖ ਸਭਾਵਾਂ ਨੂੰ ਜਦੋਂ ਪਤਾ ਲੱਗਿਆ ਤਾਂ ਮਤੇ ਪਾਸ ਕਰ ਕੇ ਸਰਕਾਰ ਨੂੰ ਭੇਜੇ ਪਰ ਸਰਕਾਰ ਨੇ ਕੁੱਝ ਨਾ ਕੀਤਾ।
5.    ਅਕਤੂਬਰ 1920 ਵਿਚ ਧਾਰੋਵਾਲ ਵਿਖੇ ਦੀਵਾਨ ਵਿਚ ਲਏ ਫੈਸਲੇ ਅਨੁਸਾਰ ਸਿੱਖ ਜਥੇਬੰਦੀਆਂ ਨੇ ਮਹੰਤ ਨਰਾਇਣ ਦਾਸ ਨੂੰ ਤੌਰ ਤਰੀਕੇ ਠੀਕ ਕਰਨ ਨੂੰ ਕਿਹਾ ਪਰ ਕੁੱਝ ਨਾ ਹੋਇਆ। ਨਾ ਸਰਕਾਰ ਨੇ ਸੁਣੀ ਨਾ ਮਹੰਤ ਨੇ। ਅਖ਼ੀਰ ਇਹ ਮਤਾ ਪਾਸ ਕੀਤਾ ਗਿਆ ਕਿ ਹਰਿਮੰਦਰ ਸਾਹਿਬ, ਅਕਾਲ ਤਖ਼ਤ ਤੇ ਅੰਮ੍ਰਿਤਸਰ ਦੇ ਹੋਰ ਗੁਰਦੁਆਰੇ ਅਕਾਲੀ ਸੁਧਾਰਕਾਂ ਹੇਠ ਲਿਆਏ ਜਾਣ ਤਾਂ ਜੋ ਉਨ੍ਹਾਂ ਦੀ ਬੇਅਦਬੀ ਨਾ ਹੋਵੇ।
6.    ਇਸ ਗੱਲ ਨੂੰ ਸਰਕਾਰੀ ਅਖ਼ਬਾਰੀ ਨੁਮਾਇੰਦਿਆਂ ਨੇ ਲੂਣ ਮਿਰਚ ਲਾ ਕੇ ਛਾਪਿਆ ਤੇ ਮਹੰਤ ਨੂੰ ਅਧਿਕਾਰੀਆਂ ਵੱਲੋਂ ਸਮਾਂ ਦਿੱਤਾ ਗਿਆ ਕਿ ਉਹ 60 ਹੋਰ ਮਹੰਤ ਬੁਲਾ ਕੇ ਮੀਟਿੰਗ ਕਰ ਸਕੇ। ਅਕਾਲੀ ਲਹਿਰ ਖ਼ਿਲਾਫ਼ ਕੂੜ ਪ੍ਰਚਾਰ ਹੋਰ ਤੇਜ਼ ਕਰ ਦਿੱਤਾ ਗਿਆ। ਲਾਹੌਰ ਤੋਂ ਛਪਦੇ ਸੰਤ ਸੇਵਕ ਅਖ਼ਬਾਰ ਵਿਚ ਰੱਜ ਕੇ ਸਿੱਖ ਜੱਥੇਬੰਦੀਆਂ ਨੂੰ ਭੰਡਿਆ ਗਿਆ।
7.    ਮਹੰਤਾਂ ਨੇ ਅਸਲਾ ਇਕੱਠਾ ਕਰਨ ਦੇ ਨਾਲ ਤਲਵਾਰਾਂ, ਲਾਠੀਆਂ, ਛਵ੍ਹੀਆਂ, ਟਕਵੇ, ਗੋਲਾ ਬਾਰੂਦ, ਪਿਸਤੌਲਾਂ, ਪਿਸਤੌਲਾਂ ਦੀਆਂ ਗੋਲੀਆਂ, 400 ਭਾੜੇ ਦੇ ਗੁੰਡੇ, ਵੱਡੇ ਲੋਹੇ ਦਾ ਫਾਟਕ ਤੇ 100 ਪਠਾਣਾਂ ਦਾ ਵੱਖ ਗਿਰੋਹ ਹੱਲਾ ਕਰਨ ਲਈ ਤਿਆਰ ਕਰ ਲਿਆ। ਬਰਤਾਨਵੀ ਅਧਿਕਾਰੀ ਅੱਖਾਂ ਬੰਦ ਕਰ ਕੇ ਸਭ ਵੇਖਦੇ ਰਹੇ ਤੇ ਅੰਦਰੋ ਅੰਦਰੀ ਖ਼ੁਸ਼ ਹੁੰਦੇ ਰਹੇ ਕਿ ਚਲੋ ਸਿੱਖ ਜਥੇਬੰਦੀਆਂ ਨੂੰ ਤਗੜਾ ਮੁਕਾਬਲਾ ਸਹਿਣਾ ਪਵੇਗਾ!
8.    ਇਹ ਤੱਥ ਵੀ ਛਪ ਚੁੱਕੇ ਹੋਏ ਹਨ ਕਿ ਮਹੰਤ ਮਾਝੇ ਦੇ ਗੁੰਡਿਆਂ ਨੂੰ ਉਸ ਸਮੇਂ ਡੇਢ ਲੱਖ ਰੁਪੈ ਦੇ ਕੇ 12 ਕਾਤਲ ਵੀ ਨਨਕਾਣਾ ਸਾਹਿਬ ਅੰਦਰ ਲੈ ਗਿਆ ਸੀ। ਬਰਤਾਨਵੀ ਪੁਲਿਸ ਨੂੰ ਸਭ ਪਤਾ ਸੀ ਪਰ ਉਹ ਉੱਕਾ ਹੀ ਚੁੱਪ ਧਾਰਨ ਕਰ ਕੇ ਤਮਾਸ਼ਾ ਵੇਖਦੀ ਰਹੀ।
9.    ਅਖ਼ੀਰ ਉਹ ਦਿਨ ਵੀ ਆਇਆ ਜਦ ਪਹਿਲਾ ਜੱਥਾ ਲਛਮਨ ਸਿੰਘ ਦੀ ਕਮਾਨ ਹੇਠ 19 ਫਰਵਰੀ 1921 ਨੂੰ ਨਨਕਾਣਾ ਸਾਹਿਬ ਲਈ ਸ਼ਾਂਤਮਈ ਢੰਗ ਨਾਲ ਰਵਾਨਾ ਹੋਇਆ। ਰਾਹ ਵਿਚ ਹੋਰ ਸਿੱਖ ਵੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਸ਼ਾਮਲ ਹੋ ਗਏ। ਸਭ ਨਿਹੱਥੇ ਸਨ। ਵੀਹ ਫਰਵਰੀ ਨੂੰ ਜਦੋਂ ਜੱਥਾ ਸਿਰਫ਼ ਨਨਕਾਣਾ ਸਾਹਿਬ ਤੋਂ ਅੱਧਾ ਮੀਲ ਦੂਰ  ਰਹਿ ਗਿਆ ਤਾਂ ਅਕਾਲੀ ਲਹਿਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਥਾਪੇ ਮੈਂਬਰਾਂ ਨੇ ਦਲੀਪ ਸਿੰਘ ਹਰਕਾਰੇ ਰਾਹੀਂ ਸੁਣੇਹਾ ਭੇਜਿਆ ਕਿ ਅੰਦਰ ਗੋਲਾ ਬਾਰੂਦ ਜਮਾਂ ਕੀਤਾ ਗਿਆ ਹੈ, ਸੋ ਅੱਗੇ ਨਾ ਜਾਇਆ ਜਾਵੇ। ਇੰਜ ਜਾਨੀ ਨੁਕਸਾਨ ਦਾ ਖ਼ਤਰਾ ਸੀ ਕਿਉਂਕਿ ਪੁਲਿਸ ਹੱਥ ਬੰਨ੍ਹ ਕੇ ਬੈਠੀ ਹੋਈ ਸੀ।
    ਲਛਮਣ ਸਿੰਘ ਤਾਂ ਮੰਨਿਆ ਪਰ ਬਾਕੀ ਜੱਥਾ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਹਰ ਹਾਲ ਅੰਦਰ ਜਾਣਾ ਚਾਹੁੰਦਾ ਸੀ। ਸਭ ਨੇ ਰਲ ਕੇ ਕਿਹਾ ਕਿ ਜਦ ਅਸੀਂ ਅਮਨ ਅਮਾਨ ਨਾਲ ਜਾਣਾ ਹੈ ਤਾਂ ਫਿਰ ਰਬ ਦੇ ਘਰ ਕਾਹਦਾ ਡਰ! ਤੜਕੇ 6 ਵਜੇ ਸਾਰਾ ਜੱਥਾ ਅੰਦਰ ਦਾਖਲ ਹੋ ਕੇ ਅਰਦਾਸ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਸਾਹਮਣੇ ਨਤਮਸਤਕ ਹੋਣ ਲਈ ਅਗਾਂਹ ਹੋਇਆ ਤਾਂ ਅੰਨ੍ਹੇਵਾਹ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ।
10.    ਬਿਲਕੁਲ ਨਾਲ ਪੁਲਿਸ ਥਾਣਾ ਹੁੰਦਿਆਂ ਹੋਇਆਂ ਵੀ ਕੋਈ ਨਾ ਬਹੁੜਿਆ। ਉੱਚੀ-ਉੱਚੀ ਮਹੰਤ ਚੀਕ ਰਿਹਾ ਸੁਣਿਆ ਗਿਆ, ''ਵੇਖਿਓ ਕੋਈ ਕੇਸਾਂ ਵਾਲਾ ਸਿੱਖ ਜਿਊਂਦਾ ਨਾ ਬਚੇ!'' ਬਾਹਰਲਾ ਗੇਟ ਬੰਦ ਕਰ ਕੇ ਇੱਟਾਂ, ਪੱਥਰ ਸੁੱਟ ਕੇ, ਕਿਰਪਾਨਾਂ ਕੁਹਾੜੀਆਂ ਨਾਲ ਵੱਢ ਕੇ, ਗੋਲੀਆਂ ਨਾਲ ਵਿੰਨ੍ਹ ਕੇ ਸਾਰੇ ਨਿਹੱਥੇ ਸਿੱਖਾਂ ਨੂੰ ਮਾਰ ਮੁਕਾਉਣ ਦੀ ਕੋਸ਼ਿਸ਼ ਕੀਤੀ ਗਈ। ਪੱਚੀ ਸਿੰਘ ਗੁਰਦੁਆਰੇ ਅੰਦਰ ਅਰਦਾਸ ਕਰਦੇ ਹੋਏ ਮਾਰ ਮੁਕਾਏ। ਸੱਠ ਚੌਖੰਡੀ ਅੰਦਰ ਲੁਕੇ ਦਰਵਾਜ਼ੇ ਤੋੜ ਕੇ ਵੱਢ ਸੁੱਟੇ। ਪੱਚੀ ਪਾਸੇ ਦੇ ਕਮਰਿਆਂ ਅੰਦਰੋਂ ਕੱਢ ਜ਼ਖ਼ਮੀ ਕਰ ਦਿੱਤੇ ਤੇ ਸਭ ਜ਼ਖ਼ਮੀ, ਅਧਮਰਿਆਂ ਤੇ ਲਾਸ਼ਾਂ ਨੂੰ ਘੜੀਸ ਕੇ ਇਕੱਠੇ ਕਰ ਇੱਕੋ ਥਾਂ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ ਗਿਆ।
11.    ਲਗਭਗ 10 ਕੁ ਵਜੇ 20 ਫਰਵਰੀ 1921 ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਨਕਾਣਾ ਸਾਹਿਬ ਤੋਂ ਸ੍ਰ. ਉੱਤਮ ਸਿੰਘ ਜੀ ਮਿਲ-ਮਾਲਕ ਵੱਲੋਂ ਇਸ ਘਟਨਾ ਬਾਰੇ ਤਾਰ ਭੇਜੀ ਗਈ ਕਿ ਨਨਕਾਣਾ ਸਾਹਿਬ ਦਾ ਮਹੰਤ ਬੜੀ ਬੇਰਹਿਮੀ ਨਾਲ ਸਿੱਖਾਂ ਦੇ ਜੱਥੇ ਨੂੰ ਜਾਨੋਂ ਮਾਰ ਰਿਹਾ ਹੈ। ਦੋ ਘੰਟਿਆਂ ਬਾਅਦ ਫਿਰ ਤਾਰ ਪਹੁੰਚੀ ਕਿ ਗੁਰਦੁਆਰੇ ਅੰਦਰ ਚੁਫ਼ੇਰੇ ਅਧਸੜੇ ਹੱਥ, ਪੈਰ, ਲੱਤਾਂ, ਖੋਪੜੀਆਂ, ਸਰੀਰਾਂ ਦੇ ਅੰਗ, ਮਾਸ ਦੀਆਂ ਬੋਟੀਆਂ ਤੇ ਅਨੇਕ ਲੋਥੜੇ ਖਿਲਰੇ ਪਏ ਹਨ। ਸਾਰਾ ਅਹਾਤਾ ਲਹੂ ਲੁਹਾਨ ਹੋਇਆ ਪਿਆ ਹੈ। ਸਾਰੇ ਸ਼ਹਿਰ ਗੁੱਜਰਾਂਵਾਲਾ ਦੇ ਘਰ-ਘਰ ਵਿਚ ਇਹ ਖ਼ਬਰ ਫ਼ੈਲ ਗਈ। ਸ੍ਰ. ਜੋਧ ਸਿੰਘ ਜੀ ਸ਼੍ਰੋਮਣੀ ਕਮੇਟੀ ਵੱਲੋਂ ਸਟੇਸ਼ਨ ਤੋਂ ਸਿੱਧੇ ਗੁਰਦੁਆਰੇ ਪਹੁੰਚੇ। ਉੱਥੇ ਦੇ ਲੂੰ-ਕੰਡੇ ਖੜ੍ਹੇ ਕਰਨ ਵਾਲੀ ਜ਼ੁਲਮ ਕਹਾਣੀ ਅੱਖੀਂ ਵੇਖੀ ਤੇ ਸਾਰੇ ਸਿੰਘਾਂ ਨੂੰ ਬੇਨਤੀ ਕੀਤੀ ਕਿ ਵੱਡੀ ਗਿਣਤੀ ਵਿਚ ਨਨਕਾਣਾ ਸਾਹਿਬ ਪਹੁੰਚਣ।
12.    ਜ਼ਿਲ੍ਹਾ ਗੁਜਰਾਂਵਾਲਾ ਅਤੇ ਸਿਆਲਕੋਟ ਦੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਹੋਣ ਸਦਕਾ ਪ੍ਰੋ. ਸਾਹਿਬ ਸਿੰਘ (ਮੇਰੇ ਨਾਨਾ ਜੀ) ਜੀ ਨੂੰ ਵੀ ਸਾਰੇ ਸਿੰਘਾਂ ਨੂੰ ਲੈ ਕੇ ਲਾਰੀਆਂ ਦੇ ਅੱਡੇ ਪਹੁੰਚਣ ਨੂੰ ਕਿਹਾ ਗਿਆ। ਸਰਕਾਰ ਨੂੰ ਅੰਦਰੋਂ ਅੰਦਰੀ ਸਭ ਖ਼ਬਰ ਪਹੁੰਚ ਚੁੱਕੀ ਸੀ। ਹਿੰਦੁਸਤਾਨ ਦੇ ਵਾਈਸਰਾਏ ਲਾਰਡ ਰੀਡਿੰਗ ਦੀ ਰਿਪੋਰਟ ਵਿਚ ਇਹ ਲਿਖਿਆ ਮਿਲਦਾ ਹੈ। ਸਟੇਸ਼ਨ ਮਾਸਟਰ ਸ੍ਰ. ਕਰਮ ਸਿੰਘ ਨੇ ਅੱਖੀਂ ਵੇਖਿਆ ਹਾਲ ਬਿਆਨ ਕੀਤਾ। ਪੁਲਿਸ ਕਰਮੀ ਸਭ ਕੁੱਝ ਜਾਣਦੇ ਬੁੱਝਦੇ ਉਸ ਦਿਨ ਉੱਥੋਂ ਨੇੜਲੇ ਥਾਣੇ 'ਚੋਂ ਛੁੱਟੀ ਲੈ ਕੇ ਗ਼ਾਇਬ ਹੋ ਗਏ। ਕੋਈ ਡਿਊਟੀ ਉੱਤੇ ਹਾਜ਼ਰ ਨਾ ਹੋਇਆ। ਪੁਲਿਸ ਪ੍ਰਸ਼ਾਸਨ ਦੀ ਮਿਲੀਭੁਗਤ ਜਗ ਜ਼ਾਹਿਰ ਹੋ ਗਈ ਸੀ। ਅਗਲੇ ਦਿਨ ਦੀਆਂ ਛਪੀਆਂ ਖ਼ਬਰਾਂ ਵਿਚ ਸਪਸ਼ਟ ਕੀਤਾ ਗਿਆ ਕਿ ਡੀ.ਸੀ. ਅਤੇ ਉਸ ਨਾਲ ਇੱਕ ਸਬ ਇੰਸਪੈਕਟਰ ਦੇ ਘਟਨਾ ਵਾਲੀ ਥਾਂ ਪਹੁੰਚਣ ਬਾਅਦ ਵੀ ਡੇਢ ਘੰਟਾ ਹੋਰ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਫੱਟੜ ਤੇ ਮੁਰਦੇ ਸੜ੍ਹਦੇ ਰਹੇ ਪਰ ਇੱਕ ਵੀ ਫੱਟੜ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਤੇ ਨਾ ਹੀ ਅੱਗ ਬੁਝਾਈ ਗਈ।
    ਸ੍ਰ. ਕਰਮ ਸਿੰਘ ਤੇ ਮਿਲ ਮਾਲਕ ਸ੍ਰ. ਉੱਤਮ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸੁਪਰਡੰਟ ਪੁਲਿਸ, ਡੀ.ਸੀ. ਤੇ ਮਹਾਤਮਾ ਗਾਂਧੀ ਨੂੰ ਵੀ ਇਸ ਘਟਨਾ ਬਾਰੇ ਤੁਰੰਤ ਜਾਣਕਾਰੀ ਦਿੱਤੀ।
    ਦੇਰ ਰਾਤ ਲਾਹੌਰ ਡਵਿਜ਼ਨ ਦਾ ਕਮਿਸ਼ਨਰ ਸੀ.ਐਮ. ਕੰਗ ਤੇ ਡਿਪਟੀ ਇੰਸਪੈਕਟਰ ਜਨਰਲ ਉੱਥੇ 100 ਬਰਤਾਨਵੀ ਅਤੇ 100 ਹਿੰਦੁਸਤਾਨੀ ਫੌਜੀ ਲੈ ਕੇ ਪਹੁੰਚੇ। ਪੂਰਾ ਜ਼ੋਰ ਖ਼ਬਰ ਦਬਾਉਣ ਅਤੇ ਹੋਰ ਸਿੱਖਾਂ ਨੂੰ ਉੱਥੇ ਪਹੁੰਚਣ ਤੋਂ ਰੋਕਣ ਲਈ ਲਾਇਆ ਗਿਆ।
13.    ਮਹੰਤ ਨਰਾਇਣ ਦਾਸ ਤੇ ਉਸ ਦੇ ਦੋ ਚੇਲਿਆਂ ਨਾਲ 26 ਪਠਾਣ ਫੜ ਲਏ ਗਏ। ਬਾਕੀਆਂ ਨੂੰ ਫਰਾਰ ਹੋਣ ਦਾ ਸਮਾਂ ਦੇ ਦਿੱਤਾ ਗਿਆ। ਨਨਕਾਣਾ ਸਾਹਿਬ ਵਿਚ ਫੌਜ ਦਾ ਪਹਿਰਾ ਲਾ ਦਿੱਤਾ ਗਿਆ।
14.    ਪ੍ਰੋ. ਸਾਹਿਬ ਸਿੰਘ ਅਨੁਸਾਰ ਉਨ੍ਹਾਂ ਨਾਲ ਹੋਰ ਅਨੇਕ ਸਿੰਘ ਨਨਕਾਣਾ ਸਾਹਿਬ ਪਹੁੰਚਣ ਲਈ ਲਾਰੀਆਂ ਦੇ ਚੱਕਰ ਕੱਢਦੇ ਰਹੇ ਪਰ ਕਈ ਘੰਟੇ ਸਰਕਾਰੀ ਹੁਕਮਾਂ ਅਨੁਸਾਰ ਉਨ੍ਹਾਂ ਨੂੰ ਖੱਜਲ ਖ਼ੁਆਰ ਕੀਤਾ ਗਿਆ। ਅਖ਼ੀਰ ਕਈ ਘੰਟਿਆਂ ਬਾਅਦ ਇੱਕ ਵਜ਼ੀਰਾਬਾਦ ਵੱਲੋਂ ਲਾਹੌਰ ਜਾਣ ਵਾਲੀ ਗੱਡੀ ਪਹੁੰਚੀ। ਜਦੋਂ ਇਹ ਸਾਰੇ ਸਿੱਖ ਲਾਹੌਰ ਸਟੇਸ਼ਨ ਉੱਤੇ ਅਪੜੇ, ਉਦੋਂ ਹੀ ਦੂਜੀ ਗੱਡੀ ਵਿਚ ਮਹੰਤ ਤੇ ਉਸ ਦੇ ਬਾਕੀ ਸਾਧੂਆਂ ਨੂੰ ਗ੍ਰਿਫ਼ਤਾਰ ਕਰ ਕੇ ਲਿਜਾਇਆ ਜਾ ਰਿਹਾ ਸੀ।
    ਨਨਕਾਣਾ ਸਾਹਿਬ ਨੂੰ ਗੱਡੀ ਹਾਲੇ ਜਾਣੀ ਸੀ। ਅੰਮ੍ਰਿਤਸਰ ਵੱਲੋਂ ਵੀ ਢੇਰ ਸਾਰੇ ਸਿੱਖ ਪਹੁੰਚ ਗਏ ਸਨ। ਸਰਕਾਰੀ ਹੁਕਮਾਂ ਅਨੁਸਾਰ ਗੱਡੀ ਨੂੰ 'ਚੀਚੋ ਕੀ ਮੱਲੀਆਂ' ਸਟੇਸ਼ਨ ਤੋਂ ਤੇਜ਼ ਭਜਾ ਕੇ ਨਨਕਾਣਾ ਸਾਹਿਬ ਲੰਘਾ ਕੇ ਅੱਗੇ ਚੌਥੇ ਸਟੇਸ਼ਨ 'ਜੜ੍ਹਾਂ ਵਾਲੇ' ਜਾ ਖੜ੍ਹੀ ਕੀਤੀ ਗਈ। ਉੱਥੇ ਵੀ ਸਿਰਫ਼ ਤਿੰਨ ਲਾਰੀਆਂ ਹੀ ਖੜ੍ਹੀਆਂ ਮਿਲੀਆਂ। ਸਿੰਘਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਬਰਤਾਨਵੀ ਸਰਕਾਰ ਨੇ ਪੂਰਾ ਜ਼ੋਰ ਲਾਇਆ ਸੀ ਕਿ ਨਨਕਾਣਾ ਸਾਹਿਬ ਬਹੁਤੇ ਲੋਕ ਨਾ ਪਹੁੰਚ ਸਕਣ। ਤਿੰਨ ਮੀਲ ਦਾ ਪੈਂਡਾ ਉੱਥੋਂ ਬਹੁਤਿਆਂ ਨੇ ਪੈਦਲ ਤੈਅ ਕੀਤਾ। ਕੁੱਝ ਲਾਰੀਆਂ ਵਿਚ ਗਏ।
15.    ਏਨੀ ਦੇਰ ਨੂੰ ਜੱਥੇਦਾਰ ਝੱਬਰ ਜੀ 2200 ਅਕਾਲੀਆਂ ਨੂੰ ਲੈ ਕੇ ਗੁਰਦੁਆਰੇ ਬਾਹਰ ਪਹੁੰਚ ਗਏ। ਉੱਥੇ ਪੁਲਿਸ ਉਨ੍ਹਾਂ ਨੂੰ ਭਜਾਉਣ ਦੀ ਫ਼ਿਰਾਕ ਵਿਚ ਖੜ੍ਹੀ ਸੀ। ਏਨੀ ਭਾਰੀ ਗਿਣਤੀ ਸਿੰਘਾਂ ਅਤੇ ਹੋਰ ਜੱਥੇਬੰਦੀਆਂ ਦੇ ਪਹੁੰਚਣ ਦੀ ਖ਼ਬਰ ਸੁਣ ਪੁਲਿਸ ਨੇ ਡਰਦੇ ਮਾਰੇ ਗੁਰਦੁਆਰੇ ਦੀਆਂ ਚਾਬੀਆਂ ਝੱਬਰ ਜੀ ਦੇ ਹਵਾਲੇ ਕਰਨ ਨੂੰ ਹੀ ਬਿਹਤਰ ਸਮਝਿਆ।
    ਉਸ ਸਮੇਂ ਰੇਲਵੇ ਲਾਈਨ ਤੋਂ ਪਰਲੇ ਪਾਸੇ ਹਜ਼ਾਰਾਂ ਦੀ ਗਿਣਤੀ ਵਿਚ ਸਿੰਘ ਇਕੱਠੇ ਹੋ ਚੁੱਕੇ ਸਨ। ਏਥੇ ਹੀ ਪ੍ਰੋ. ਸਾਹਿਬ ਸਿੰਘ ਤੇ ਹੋਰ ਲਾਰੀਆਂ ਵਿਚਲੇ ਸਿੰਘ ਵੀ ਇਕੱਠੇ ਹੋ ਗਏ।
    ਸਭ ਨੂੰ ਐਲਾਨ ਕਰ ਦਿੱਤਾ ਗਿਆ ਕਿ ਗੁਰਦੁਆਰਾ ਸਾਹਿਬ ਦੇ ਦਰਸ਼ਨ ਅਗਲੇ ਦਿਨ ਸਵੇਰੇ ਕਰਵਾਏ ਜਾਣਗੇ। ਉਸ ਦਿਨ ਗੁਰੂ ਹਰਿ ਰਾਇ ਜੀ ਦਾ ਜਨਮਦਿਨ ਸੀ।
16.    ਅਗਲੇ ਦਿਨ 21 ਜਨਵਰੀ ਨੂੰ ਜਦੋਂ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਖੋਲੇ ਗਏ ਤਾਂ ਦੱਖਣੀ ਗੇਟ ਰਾਹੀਂ ਪੰਜ-ਪੰਜ ਆਦਮੀ ਅੰਦਰ ਵਾੜੇ ਗਏ ਜੋ ਬਿਨਾਂ ਰੁਕੇ ਚੜ੍ਹਦੇ ਦੇ ਫਾਟਕ ਰਾਹੀਂ ਬਾਹਰ ਕੱਢ ਦਿੱਤੇ ਗਏ।
17.    ਮੇਰੇ ਨਾਨਾ ਜੀ, ਪ੍ਰੋ. ਸਾਹਿਬ ਸਿੰਘ ਜੀ, ਜਦੋਂ ਇਸ ਅੱਖੀਂ ਵੇਖੀ ਗੁਰਦੁਆਰੇ ਅੰਦਰਲੀ ਘਟਨਾ ਬਾਰੇ ਗੱਲ ਕਰਦੇ ਸਨ ਤਾਂ ਉਨ੍ਹਾਂ ਦਾ ਮੂੰਹ ਲਾਲ ਹੋ ਜਾਂਦਾ ਸੀ ਤੇ ਆਵਾਜ਼ ਕੰਬਣ ਲੱਗਦੀ ਸੀ, ''ਚੁਫ਼ੇਰੇ ਬੋ ਹੀ ਬੋ ਸੀ। ਗੁਰਦੁਆਰੇ ਦੇ ਪਹਾੜ ਵਾਲੇ ਪਾਸੇ ਅੱਧ ਸੜ੍ਹੀਆਂ ਲਾਸ਼ਾਂ ਦੇ ਢੇਰ ਲੱਗੇ ਪਏ ਸਨ। ਮਣਾਂ ਮੂੰਹੀਂ ਬਲਦੀਆਂ ਲੱਕੜਾਂ ਦੇ ਕੋਲ ਮਿੱਟੀ ਦੇ ਤੇਲ ਦੇ ਅਣਗਿਣਤ ਪੀਪੇ ਪਏ ਸਨ। ਦੂਰ-ਦੂਰ ਤੱਕ ਅੱਧ-ਸੜੀਆਂ ਲੱਤਾਂ ਤੇ ਬਾਹਵਾਂ ਖਿਲਰੀਆਂ ਪਈਆਂ ਸਨ। ਜੇ ਕੁੱਝ ਸਮਾਂ ਮਹੰਤ ਤੇ ਉਸ ਦੇ ਸਾਥੀਆਂ ਨੂੰ ਹੋਰ ਮਿਲ ਜਾਂਦਾ ਤਾਂ ਸਿਰਫ਼ ਉਹ ਤਿੰਨ ਸਾਬਤ ਬਚੀਆਂ ਲਾਸ਼ਾਂ ਹੀ ਵਿਖਾਈਆਂ ਜਾਂਦੀਆਂ ਜੋ ਪਰ੍ਹਾਂ ਰੱਖੀਆਂ ਹੋਈਆਂ ਸਨ। ਬਾਕੀ ਸਭ ਫ਼ਨਾਹ ਕਰ ਦਿੱਤਾ ਜਾਂਦਾ। ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਵਾਸਤੇ ਇੱਕ ਸਾਧ ਤੇ ਦੋ ਅਕਾਲੀਆਂ ਦੀ ਝੜਪ ਵਿਖਾ ਕੇ ਤਿੰਨ ਲਾਸ਼ਾਂ ਪਰ੍ਹਾਂ ਰੱਖ ਕੇ ਬਾਕੀ ਸਾਰੇ ਅਮਨ ਅਮਾਨ ਨਾਲ ਵੱਸਦੇ ਸਿੱਖਾਂ ਉੱਤੇ ਕਹਿਰ ਢਾਹੁਣ ਤੇ ਕੁਫ਼ਰ ਤੋਲਣ ਲਈ ਪੂਰਾ ਪ੍ਰਾਪੇਗੰਡਾ ਰਚਿਆ ਪਿਆ ਸੀ। ਉਨ੍ਹਾਂ ਸਿੱਖਾਂ ਦੀਆਂ ਲਾਸ਼ਾਂ ਕੋਲ ਮਹੰਤ ਨੇ ਆਪਣੇ ਦੋ ਹਥਿਆਰ ਰੱਖ ਦਿੱਤੇ ਸਨ, ਜੋ ਕੋਈ ਵੀ ਸਿੱਖ ਬਾਹਰੋਂ ਲੈ ਕੇ ਹੀ ਨਹੀਂ ਸੀ ਗਿਆ। ਇਸ ਝੂਠ ਦੇ ਪ੍ਰਚਾਰ ਨੇ ਹੋਰ ਪ੍ਰਚੰਡ ਰੂਪ ਧਾਰਨ ਕਰਨਾ ਸੀ ਤੇ ਧਾਰਮਿਕ ਪਾੜ ਪਾਉਣ ਦਾ ਜ਼ਰੀਆ ਬਣ ਜਾਣਾ ਸੀ। ਸ਼ੁਕਰ ਹੈ ਇਸ ਤੋਂ ਬਚਾਓ ਹੋ ਗਿਆ।
    ''ਏਨੀਆਂ ਜਵਾਨ ਮੌਤਾਂ ਵੇਖ ਮੈਂ ਭੁੱਬਾਂ ਮਾਰ ਕੇ ਰੋਇਆ। ਏਨੇ ਘਰ ਉਜੜੇ ਤੇ ਉਹ ਵੀ ਏਨੀ ਬੇਰਹਿਮੀ ਨਾਲ ਤੇ ਉੱਤੋਂ ਗੁਰੂ ਦੇ ਘਰ ਅੰਦਰ! ਤੌਬਾ, ਕਹਿਰ ਹੀ ਕਹਿਰ ਸੀ। ਰੋਣ ਠੱਲਿਆ ਹੀ ਨਹੀਂ ਸੀ ਜਾਂਦਾ। ਤੁਰਨ ਜੋਗਾ ਵੀ ਸਾਹ ਸੱਤ ਨਾ ਰਿਹਾ। ਜਦੋਂ ਮੈਂ ਗੁਰਦੁਆਰੇ ਦੇ ਅੰਦਰ ਗਿਆ ਤਾਂ ਭਾਈ ਹੀਰਾ ਸਿੰਘ ਜੀ ਰਾਗੀ ਉਸ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਸਨ ਜਿਸ ਵਿਚ ਸਾਧਾਂ ਦੀਆਂ ਬੰਦੂਕਾਂ ਦੀਆਂ ਸੱਤ ਗੋਲੀਆਂ ਵੱਜੀਆਂ ਪਈਆਂ ਸਨ। ਭਾਈ ਹੀਰਾ ਸਿੰਘ ਜੀ ਨੇ ਮੈਨੂੰ ਵੇਖ ਕੇ ਉੱਚੀ-ਉੱਚੀ ਰੋ ਕੇ ਕਿਹਾ-ਭਾਈ ਸਾਹਿਬ ਸਿੰਘ ਜੀ, ਇਹ ਵੇਖੋ ਸਤਿਗੁਰੂ ਜੀ ਦੀ ਛਾਤੀ ਵੀ ਗੋਲੀਆਂ ਨਾਲ ਵਿੰਨ੍ਹੀ ਪਈ ਹੈ। ਅਸੀਂ ਦੋਵੇਂ ਜ਼ਾਰ ਜ਼ਾਰ ਰੋਏ।
    ''ਚੜ੍ਹਦੇ ਪਾਸੇ ਦੇ ਫਾਟਕ ਰਾਹੀਂ ਵਾਪਸ ਜਾਣ ਦੇ ਰਾਹ ਵਿਚ ਕਈ ਸਿੰਘਾਂ ਦੇ ਸਰੀਰ ਕੀਮਾ ਕਰ ਕੇ ਨਿੱਕੇ ਟੋਟੇ ਬਣਾਏ ਪਏ ਸਨ। ਭਲਾ ਕੋਈ ਦੱਸੇ ਕਿਸ ਕਸੂਰ ਦੀ ਸਜ਼ਾ ਦਿੱਤੀ ਗਈ ਸੀ? ਸਿਰਫ਼ ਨਨਕਾਣਾ ਸਾਹਿਬ ਦੀ ਹੱਦ ਦੀ ਪਵਿੱਤਰਤਾ ਬਹਾਲ ਕਰਨ ਦੀ ਸ਼ਾਂਤਮਈ ਅਰਦਾਸ ਲਈ?
    ''ਪੂਰੀ ਪਰਕਰਮਾ ਵਿਚ ਲਹੂ ਭਿੱਜੇ ਕੇਸ ਧਰਤੀ ਉੱਤੇ ਚੰਬੜੇ ਪਏ ਸਨ। ਤੁਰਨ ਜੋਗਾ ਰਾਹ ਵੀ ਨਹੀਂ ਸੀ ਛੱਡਿਆ। ਦਿਸ ਰਿਹਾ ਸੀ ਕਿ ਕਿਵੇਂ ਜੀਊਂਦੇ ਜ਼ਖ਼ਮੀ ਸਿੰਘਾਂ ਨੂੰ ਬੇਰਹਿਮੀ ਨਾਲ ਘੜੀਸ ਕੇ ਧੂਹ ਧੂਹ ਬਲਦੇ ਲੱਕੜਾਂ ਦੇ ਭਾਂਬੜ ਵਿਚ ਸੁੱਟਿਆ ਹੋਵੇਗਾ! ਪਾਸੇ ਦੀਆਂ ਨਿੱਕੀਆਂ ਕੋਠੜੀਆਂ ਵਿਚ ਤੇਲ ਦੇ ਬੇਸ਼ੁਮਾਰ ਪੀਪੇ ਹਾਲੇ ਵੀ ਭਰੇ ਪਏ ਸਨ। ਕੀ ਏਨਾ ਅਸਲਾ ਤੇ ਤੇਲ ਦੇ ਭਰੇ ਪੀਪਿਆਂ ਬਾਰੇ ਨਾਲ ਲੱਗਦੇ ਥਾਣੇ ਵਾਲਿਆਂ ਨੂੰ ਪਤਾ ਨਹੀਂ ਸੀ? ਆਖ਼ਰ ਕਿੰਨ੍ਹਾਂ ਲਈ ਇਹ ਸਭ ਜਮਾਂ ਹੋਣ ਦਿੱਤਾ ਗਿਆ? ਕਿਉਂ ਇੱਕ ਵੀ ਜ਼ਖ਼ਮੀ ਸਿੰਘ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ? ਕਿਉਂ ਪੁਲਿਸ ਮੁਲਾਜ਼ਮ ਸਾਰੇ ਹੀ ਉਸ ਦਿਨ ਛੁੱਟੀ ਲੈ ਗਏ? ਕਿਉਂ ਆਪਣੀ ਰੱਖਿਆ ਆਪ ਕਰਨ ਦੇ ਸਰਕਾਰੀ ਹੁਕਮ ਮਹੰਤ ਨੂੰ ਦੇ ਦਿੱਤੇ ਗਏ? ਗੁਰਦੁਆਰੇ ਦੇ ਬਾਹਰਵਾਰ ਚੜ੍ਹਦੇ ਦੱਖਣ ਦੀ ਗੁੱਠੇ ਘੁਮਿਆਰਾਂ ਦੀ ਆਵੀ ਵਿਚ ਇੱਕ ਅਧਸੜੀ ਲਾਸ਼ ਉਸ ਸਮੇਂ ਤੱਕ ਵੀ ਧੁੱਖ ਰਹੀ ਦਿਸੀ। ਚੁਫ਼ੇਰੇ ਮੌਤ ਦਾ ਤਾਂਡਵ ਸੀ। ਹਨ੍ਹੇਰਗਰਦੀ ਦੀ ਸਿਖ਼ਰ! ਉਦਾਸੀ ਤੇ ਗਮ ਨੇ ਮਨ ਭਰ ਦਿੱਤਾ। ਉੱਥੇ ਕਿਸੇ ਨੂੰ ਟਿਕਣ ਨਹੀਂ ਸਨ ਦੇ ਰਹੇ। ਸਭ ਭਾਰੇ ਮਨ ਨਾਲ ਵਾਪਸ ਮੁੜੇ। ਕੋਈ ਬੋਲ ਸਕਣ ਵਾਲੀ ਹਾਲਤ ਵਿਚ ਨਹੀਂ ਸੀ ਰਿਹਾ।''
18.    ਅਗਲੇ ਦਿਨ ਪਹਿਲੀ ਵਾਰ ਸਰਕਾਰੀ ਏਜੰਸੀਆਂ ਦੇ ਅਖ਼ਬਾਰਾਂ ਨੇ ਵੀ ਇਸ ਬੇਰਹਿਮੀ ਨਾਲ ਕੀਤੇ ਨਰਸੰਹਾਰ ਦੀ ਨਿਖੇਧੀ ਕੀਤੀ। ਜਿਹੜੇ ਅਖ਼ਬਾਰ ਹਾਲੇ ਤਕ ਅਕਾਲੀਆਂ ਵਿਰੁੱਧ ਜ਼ਹਿਰ ਉਗਲ ਰਹੇ ਸਨ, ਉਨ੍ਹਾਂ ਵੀ ਖ਼ਬਰ ਛਾਪੀ ਕਿ ਸ਼ਾਂਤਮਈ ਸੰਘਰਸ਼ ਉੱਤੇ ਆਖ਼ਰ ਹੱਲਾ ਕਿਉਂ?    ਕੁੱਝ ਦਮ ਰੱਖਣ ਵਾਲੀਆਂ ਅਖ਼ਬਾਰਾਂ ਨੇ ਸਪਸ਼ਟ ਛਾਪਿਆ ਕਿ ਮਹੰਤ ਦੇ ਗੁੰਡੇ ਤੇ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਇਹ ਕਤਲੇਆਮ ਹੋਇਆ।
19.    ਚੁਫ਼ੇਰੇ ਹਾਹਾਕਾਰ ਮਚੀ ਵੇਖ ਮਹਾਤਮਾ ਗਾਂਧੀ, ਮੌਲਾਨਾ ਸ਼ੌਕਤ ਅਲੀ, ਡਾ. ਕਿਚਲੂ, ਲਾਲਾ ਦੁਨੀ ਚੰਦ, ਲਾਲਾ ਲਾਜਪਤ ਰਾਏ, ਉੱਘੇ ਸਿੱਖ ਆਗੂ, ਪੰਜਾਬ ਵਿਧਾਨ ਪ੍ਰੀਸ਼ਦ ਦੇ ਮੈਂਬਰ, ਸਿੱਖ ਲੀਗ, ਚੀਫ਼ ਖ਼ਾਲਸਾ ਦੀਵਾਨ ਦੇ ਆਗੂ ਤੇ ਦੂਜੀਆਂ ਸਿੱਖ ਜਥੇਬੰਦੀਆਂ ਵੀ ਉੱਥੇ ਪਹੁੰਚੀਆਂ ਤੇ ਸਭ ਨੇ ਇਸ ਘਟਨਾ ਦੀ ਨਿਖੇਧੀ ਕੀਤੀ।
20.    ਤਿੰਨ ਮਾਰਚ 1921 ਨੂੰ ਨਨਕਾਣਾ ਸਾਹਿਬ ਬਹੁਤ ਵਿਸ਼ਾਲ ਸ਼ਹੀਦੀ ਦੀਵਾਨ ਸਜਿਆ। ਉੱਥੇ ਜੱਥੇਦਾਰ ਕਰਤਾਰ ਸਿੰਘ ਝੱਬਰ, ਜਿਨ੍ਹਾਂ ਨੇ ਚਾਬੀਆਂ ਪ੍ਰਾਪਤ ਕੀਤੀਆਂ ਸੀ, ਨੇ ਕਿਹਾ, ''ਇਸ ਘਟਨਾ ਨੇ ਸਿੱਖਾਂ ਨੂੰ ਨੀਂਦਰ ਵਿੱਚੋਂ ਜਗਾ ਦਿੱਤਾ ਹੈ। ਹੁਣ ਸਵਰਾਜ ਵੱਲ ਤੁਰਨ ਲਈ ਸਿੱਖਾਂ ਨੂੰ ਤਿਆਰ ਹੋ ਜਾਣਾ ਚਾਹੀਦਾ ਹੈ। ਇਤਿਹਾਸ ਦੁਹਰਾਉਂਦਾ ਜ਼ਰੂਰ ਹੈ। ਪਹਿਲਾਂ ਵੀ ਸਿੰਘਾਂ ਦਾ ਕਤਲੇਆਮ ਹੋਇਆ ਸੀ। ਜੇ ਅੱਗੋਂ ਹੋਰ ਹੋਣ ਤੋਂ ਰੋਕਣਾ ਹੈ ਤਾਂ ਤਿਆਰ-ਬਰ-ਤਿਆਰ ਰਹਿਣਾ ਪੈਣਾ ਹੈ। ਹਰ ਸਦੀ ਬਲੀ ਨਹੀਂ ਦੇਣੀ। ਇਸੇ ਲਈ ਢਿੱਲੇ ਨਹੀਂ ਪੈਣਾ। ਜੇ ਢਿੱਲੇ ਪੈਂਦੇ ਰਹੇ ਤਾਂ ਹੱਕ ਹਮੇਸ਼ਾ ਖੋਹੇ ਜਾਂਦੇ ਰਹਿਣਗੇ ਤੇ ਕੌਮ ਗ਼ੁਲਾਮ ਬਣਾ ਲਈ ਜਾਏਗੀ।''
21.    ਮੌਲਾਨਾ ਸ਼ੌਕਤ ਅਲੀ ਨੇ ਵੀ ਦੀਵਾਨ ਵਿਚ ਕਿਹਾ, ''ਇਸ ਸਰਕਾਰ ਤੋਂ ਇਨਸਾਫ਼ ਦੀ ਆਸ ਰੱਖਣੀ ਫਿਜ਼ੂਲ ਹੈ। ਲੱਖ ਲਾਅਣਤ ਉਨ੍ਹਾਂ ਪਠਾਣਾਂ ਦੇ, ਜਿਨ੍ਹਾਂ ਨੇ ਮਹੰਤ ਦਾ ਸਾਥ ਦਿੱਤਾ।''
22.    ਮਹਾਤਮਾ ਗਾਂਧੀ ਵੀ ਇਸ ਦੀਵਾਨ ਵਿਚ ਬੋਲੇ, ''ਨਨਕਾਣੇ ਦੀ ਖ਼ਬਰ ਨੇ ਚਕਰਾ ਦਿੱਤਾ ਹੈ। ਜੇ ਆਪ ਨਾ ਆਉਂਦਾ ਤਾਂ ਕਦੇ ਵੀ ਵਿਸ਼ਵਾਸ ਨਾ ਕਰਦਾ ਕਿ ਏਨਾ ਜ਼ੁਲਮ ਵੀ ਹੋ ਸਕਦਾ ਹੈ। ਸਿੱਖਾਂ ਦਾ ਸ਼ਾਂਤਮਈ ਢੰਗ ਨਾਲ ਸਭ ਕੁੱਝ ਜਰਨਾ 'ਰਾਸ਼ਟਰੀ ਬਹਾਦਰੀ ਦਾ ਅਮਲ' ਮੰਨਿਆ ਜਾਣਾ ਚਾਹੀਦਾ ਹੈ। ਸਰਕਾਰੀ ਅਧਿਕਾਰੀਆਂ ਦੀ ਸ਼ੈਅ ਉੱਤੇ ਹੋਏ ਇਨ੍ਹਾਂ ਕਤਲਾਂ ਲਈ ਮੈਂ ਇਸ ਰਾਜ ਨੂੰ ਸ਼ੈਤਾਨ ਦੀ ਸਲਤਨਤ ਮੰਨਦਾ ਹਾਂ। ਇਹ ਡਾਇਰਵਾਦ ਦਾ ਦੂਜਾ ਰੂਪ ਹੈ ਪਰ ਜੱਲਿਆਂਵਾਲਾ ਬਾਗ਼ ਦੇ ਕਤਲਾਂ ਨਾਲੋਂ ਕਿਤੇ ਵੱਧ ਕਰੂਰ ਤੇ ਜਾਬਰਾਨਾ!''
23.    ਮਿਸਟਰ ਕਿੰਗ ਦੀ ਰਿਪੋਰਟ ਨੇ ਸਪਸ਼ਟ ਕੀਤਾ ਕਿ ਮਹੰਤ ਬਾਰੇ ਸਭ ਕੁੱਝ ਪਹਿਲਾਂ ਤੋਂ ਹੀ ਸਰਕਾਰ ਨੂੰ ਪਤਾ ਸੀ। ਇਹ ਸਰਕਾਰੀ ਪੱਧਰ ਉੱਤੇ ਗ਼ਲਤ ਖ਼ਬਰ ਫੈਲਾਈ ਗਈ ਸੀ ਕਿ ਅਕਾਲੀ ਨਨਕਾਣਾ ਸਾਹਿਬ ਉੱਤੇ ਹਮਲਾ ਕਰਨ ਆ ਰਹੇ ਸਨ।
24.    ਇਕ ਸਰਕਾਰੀ ਅਖ਼ਬਾਰ ਨੇ ਨਵੰਬਰ 1920 ਵਿਚ ਲੇਖ ਲਿਖਿਆ, ਜਿਸ ਵਿਚ ਰਿਪੋਰਟ ਛਾਪੀ-ਸਲਾਨਾ ਮੇਲੇ ਦੇ ਮੌਕੇ ਨਨਕਾਣੇ ਦੇ ਗੁਰਦੁਆਰੇ ਉੱਤੇ 'ਅਤਿਵਾਦੀਆਂ' ਵੱਲੋਂ ਵੱਡੇ ਧਾਵੇ ਵਾਸਤੇ ਜੋ ਰਾਹ ਅਪਣਾਇਆ ਗਿਆ ਸੀ, ਉਸ ਤੋਂ ਬਚਾਓ ਵਾਸਤੇ ਥੋੜੀ ਬਹੁਤ ਮਹੰਤਾਂ ਨੇ ਤਿਆਰੀ ਕੀਤੀ ਸੀ ਜਿਸ ਸਦਕਾ ਵੱਡਾ ਹਾਦਸਾ ਹੋਣ ਤੋਂ ਬਚਾਓ ਹੋ ਗਿਆ ਤੇ ਸਭ ਅਮਨ ਅਮਾਨ ਨਾਲ ਲੰਘ ਗਿਆ।
25.    ਬਾਅਦ ਵਿਚ ਲੱਭੇ ਪੁਲਿਸ ਮਹਿਕਮੇ ਦੇ ਕਾਗਜ਼ਾਂ ਵਿਚ ਦਰਜ ਕੀਤਾ ਮਿਲਿਆ ਕਿ ਮਹੰਤ ਮੰਨਿਆ ਸੀ, ਉਸ ਨੇ ਸਭ ਸਰਕਾਰੀ ਸ਼ੈਅ ਉੱਤੇ ਕੀਤਾ ਸੀ।
26.    ਗਵਾਹਾਂ ਦੇ ਦਰਜ ਬਿਆਨਾਂ ਅਨੁਸਾਰ ਸਰਕਾਰ ਨੇ ਇਸ ਮਾਮਲੇ ਵਿਚ ਦੋਗਲੀ ਨੀਤੀ ਖੇਡੀ ਸੀ ਕਿਉਂਕਿ ਅਧਿਕਾਰੀ ਸਿੱਖਾਂ ਦੀ ਪ੍ਰਫੁੱਲਿਤ ਹੋ ਰਹੀ ਅਕਾਲੀ ਲਹਿਰ ਨੂੰ ਮਹੰਤਾਂ ਰਾਹੀਂ ਕੁਚਲਣਾ ਚਾਹੁੰਦੇ ਸਨ ਤੇ ਦੂਜੇ ਪਾਸੇ ਸਿੱਖਾਂ ਦੀਆਂ ਨਜ਼ਰਾਂ ਵਿਚ ਵੀ ਉੱਚੇ ਸੁੱਚੇ ਬਣੇ ਰਹਿਣਾ ਚਾਹੁੰਦੇ ਸਨ।
27.    ਬਾਬਾ ਕਰਤਾਰ ਸਿੰਘ ਬੇਦੀ ਸਪੁੱਤਰ ਬਾਬਾ ਸਰ ਖੇਮ ਸਿੰਘ ਬੇਦੀ ਮਿੰਟਗੁਮਰੀ ਦਾ ਵੱਡਾ ਜਾਗੀਰਦਾਰ ਮੰਨਿਆ ਜਾਂਦਾ ਸੀ ਤੇ ਦਰਜ ਇਤਿਹਾਸ ਅਨੁਸਾਰ ਮਹੰਤ ਨਰਾਇਣ ਦਾ ਗੂੜ੍ਹਾ ਮਿੱਤਰ ਤਾਂ ਹੈ ਹੀ ਸੀ, ਅੰਗਰੇਜ਼ ਅਫ਼ਸਰਾਂ ਵਿਚ ਵੀ ਬੜਾ ਰਸੂਖ਼ ਵਾਲਾ ਸੀ। ਉਹ ਮਹੰਤਾਂ ਦੀ ਹਰ ਮੀਟਿੰਗ ਵਿਚ ਸ਼ਾਮਲ ਹੁੰਦਾ ਰਿਹਾ ਸੀ। ਅਕਾਲੀਆਂ ਵੱਲੋਂ ਉਸਨੂੰ ਤਨਖ਼ਾਹੀਆ ਘੋਸ਼ਤ ਕੀਤਾ ਗਿਆ ਸੀ। ਬਦਲਦੇ ਆਸਾਰ ਵੇਖ ਸੰਨ 1923 ਦੇ ਅਖ਼ੀਰ ਵਿਚ ਬੇਦੀ ਤਨਖ਼ਾਹ ਬਖ਼ਸ਼ਵਾ ਕੇ ਅਕਾਲੀਆਂ ਤੇ ਸਿੱਖਾਂ ਦਾ ਉੱਘਾ ਧਾਰਮਿਕ ਆਗੂ ਹੋ ਨਿਬੜਿਆ। ਇਸ ਸੱਜਣ ਦੀ ਭੂਮਿਕਾ ਉੱਤੇ ਇਤਿਹਾਸਕਾਰਾਂ ਨੇ ਕਿੰਤੂ ਪਰੰਤੂ ਕੀਤਾ!
    ਇਨ੍ਹਾਂ ਇਤਿਹਾਸਕ ਤੱਥਾਂ ਨੂੰ ਜਾਨਣ ਬਾਅਦ ਸਿਰਫ਼ ਅਗਲੇ ਸਵਾਲਾਂ ਵੱਲ ਗ਼ੌਰ ਕਰਨ ਦੀ ਲੋੜ ਹੈ :-
1.    ਕੀ ਉਸ ਸਮੇਂ ਗੁਰਦੁਆਰਿਆਂ ਅੰਦਰ ਹੁੰਦੀਆਂ ਬੇਅਦਬੀਆਂ, ਬੇਈਮਾਨੀਆਂ ਅਤੇ ਲੋਕਾਂ ਵੱਲੋਂ ਸ਼ਰਧਾ ਨਾਲ ਟੇਕੇ ਪੈਸੇ ਦੀ ਦੁਰਵਰਤੋਂ ਰੋਕਣ ਲਈ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਸਹੀ ਰਾਹ ਤੁਰ ਰਹੀ ਹੈ? ਕੀ ਹੁਣ ਕੋਈ ਸਰਕਾਰੀ ਅਦਾਰਾ ਉਸ ਉੱਤੇ ਆਪਣੀ ਚੌਧਰ ਤਾਂ ਨਹੀਂ ਜਮਾ ਰਿਹਾ?
2.    ਕੋਈ ਬੁੱਧੀਜੀਵੀ ਸਿੱਖ ਆਗੂ, ਕਮੇਟੀ ਜਾਂ ਜੱਥੇਬੰਦੀ ਅੱਜ ਪੰਥ ਲਈ ਫ਼ੈਸਲੇ ਲੈਣ ਯੋਗ ਹੈ ਜੋ ਅਗਵਾਈ ਕਰ ਕੇ ਨੌਜਵਾਨਾਂ ਨੂੰ ਸਹੀ ਰਾਹ ਵਿਖਾ ਸਕੇ?
3.    ਕੀ ਅੱਜ ਸਿੱਖ ਨੌਜਵਾਨਾਂ ਨੂੰ ਰੋਲ ਮਾਡਲ ਲਈ ਗੈਂਗਸਟਰ ਤਾਂ ਨਹੀਂ ਦਿਸਣ ਲੱਗ ਪਏ?
4.    ਕੀ ਹੁਣ ਸਿੱਖ ਨੌਜਵਾਨਾਂ ਦੀ ਜ਼ਿੰਦਗੀ ਵਿਚ ਭੜਕਾਹਟ ਤਾਂ ਨਹੀਂ ਆ ਗਈ? ਕੀ ਅਮੀਰੀ ਗ਼ਰੀਬੀ ਵਿਚ ਪਾੜ ਵੱਧ ਤਾਂ ਨਹੀਂ ਹੋ ਗਿਆ? ਕੀ ਇਖ਼ਲਾਕੀ ਗਿਰਾਵਟ ਤਾਂ ਨਹੀਂ ਦਿਸ ਰਹੀ?
5.    ਕੀ ਬਹਾਦਰ ਕੌਮ ਦਾ ਮਾਣਮੱਤਾ ਇਤਿਹਾਸ ਹੌਲੀ-ਹੌਲੀ ਗ਼ਾਇਬ ਤਾਂ ਨਹੀਂ ਹੋਣਾ ਸ਼ੁਰੂ ਹੋ ਗਿਆ?
6.    ਕੀ ਨਨਕਾਣਾ ਸਾਹਿਬ ਵਿਚ ਬਰਪਾਏ ਕਹਿਰ ਵਾਂਗ ਫਿਰ ਬੇਕਸੂਰ ਸਿੱਖਾਂ ਉੱਤੇ ਹੱਲੇ ਹੋਣੇ ਜਾਰੀ ਹਨ? ਕੀ ਗੱਡਿਆਂ ਵਿਚ ਸਿਰ ਭਰ ਦੇ ਲਿਜਾਉਣ ਤੋਂ ਗਲੇ ਦੁਆਲੇ ਬਲਦੇ ਟਾਇਰ ਪਾ ਕੇ ਸਾੜ੍ਹਨ ਤੱਕ ਦੇ ਸਫ਼ਰ ਵਿਚ ਕੁੱਝ ਫਰਕ ਪਿਆ ਦਿਸਦਾ ਹੈ?
7.    ਕੀ ਅੱਜ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤਾਂ ਨਹੀਂ ਕੀਤੀ ਜਾ ਰਹੀ?
8.    ਕੀ ਅੱਜ ਸਰਹੱਦ ਉੱਤੇ ਸ਼ਹੀਦ ਹੋਣ ਵੇਲੇ ਉਚਾਰੇ ਬੋਲੇ ਸੋ ਨਿਹਾਲ ਤੇ ਗੁਰਦੁਆਰੇ ਵਿਚ ਉਹੀ ਉਚਾਰਨ ਵਿਚ ਫਰਕ ਮੰਨਦਿਆਂ ਕਿਸੇ ਸਿੱਖ ਨੂੰ ਅਤਿਵਾਦੀ ਤਾਂ ਨਹੀਂ ਕਿਹਾ ਜਾ ਰਿਹਾ?
9.    ਕੀ ਹੁਣ ਸਰਕਾਰੀ ਏਜੰਸੀਆਂ ਫਿਰਕੂਪੁਣੇ ਦਾ ਰਾਗ ਤਾਂ ਨਹੀਂ ਅਲਾਪ ਰਹੀਆਂ?
10.    ਕੀ ਹੁਣ ਸਰਕਾਰੀ ਅਖ਼ਬਾਰਾਂ ਰਾਹੀਂ ਕੂੜ ਪ੍ਰਚਾਰ ਵਿਚ ਕਮੀ ਆਈ ਹੈ?
11.    ਕੀ ਹੁਣ 'ਕਿਰਤ' ਤੋਂ ਪਰ੍ਹਾਂ ਕਰ ਕੇ ਹੌਲੀ-ਹੌਲੀ ਗੁਰੂਆਂ ਦੀ ਧਰਤੀ ਤੋਂ ਸਿੱਖ ਨੌਜਵਾਨਾਂ ਨੂੰ ਪਰ੍ਹਾਂ ਧੱਕ ਕੇ ਇਸ ਧਰਤੀ ਨੂੰ ਖੋਹਣ ਜਾਂ ਹੋਰ ਸੁੰਗੇੜਨ ਦਾ ਜਤਨ ਤਾਂ ਨਹੀਂ ਕੀਤਾ ਜਾ ਰਿਹਾ?
12.    ਕੀ ਗੁਰੂ ਗ੍ਰੰਥ ਸਾਹਿਬ ਵਿਚਲੀ ਸੋਚ ਪਿਛਾਂਹ ਧੱਕ ਕੇ ਕਰਾਮਾਤਾਂ ਦੇ ਚੱਕਰਵਿਊ ਵਿਚ ਫਸਾ ਕੇ ਕਮਜ਼ੋਰ ਮਨ ਵਾਲੀ ਪੁਸ਼ਤ ਤਾਂ ਨਹੀਂ ਤਿਆਰ ਕੀਤੀ ਜਾ ਰਹੀ?
13.    ਕੀ ਇਹ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਅੱਗੋਂ ਸਿੱਖਾਂ ਦਾ ਘਾਣ ਨਹੀਂ ਹੋਵੇਗਾ? ਕੀ ਹਰ ਵਾਰ ਡੂੰਘੀ ਨੀਂਦਰ ਤੋਂ ਜਾਗਣ ਲਈ ਬਲੀਦਾਨ ਹੀ ਦੇਣਾ ਪਵੇਗਾ?
14.    ਕੀ ਸਿੱਖਾਂ ਦੀ ਅਣਖ਼ ਮਾਰਨ ਦੇ ਜਤਨ ਤਾਂ ਨਹੀਂ ਕੀਤੇ ਜਾ ਰਹੇ?
15.    ਇਤਿਹਾਸ ਵਿਚ ਦਰਜ ਹੈ ਕਿ ਸਿੱਖਾਂ ਉੱਤੇ ਹੋਏ ਹਰ ਅਣਮਨੁੱਖੀ ਤਸ਼ੱਦਦ ਬਾਅਦ ਇੱਕੋ ਗੱਲ ਉਭਰੀ-ਯੋਗ ਸਿੱਖ ਆਗੂ ਦੀ ਲੋੜ ਹੈ ਜੋ ਸਭ ਨੂੰ ਇਕੱਠਾ ਕਰ ਕੇ ਰਾਜਸੀ ਤਾਕਤ ਬਣਨ ਵੱਲ ਤੋਰੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਤਿਹਾਸਕ ਤੱਥਾਂ ਤੋਂ ਸੇਧ ਲੈ ਕੇ ਅੱਗੋਂ ਧੋਖਾ ਖਾਣ ਤੋਂ ਬਚਾਇਆ ਜਾ ਸਕੇ ਤੇ ਸਿੱਖ ਨਸਲਕੁਸ਼ੀ ਹੋਣੀ ਬੰਦ ਹੋਵੇ! ਕੀ ਇਸ ਪਾਸੇ ਕਦੇ ਧਿਆਨ ਦਿੱਤਾ ਗਿਆ?
    ਆਖ਼ਰੀ ਸਵਾਲ ਇਹ ਹੈ ਕਿ ਆਖ਼ਰ ਕਿੰਨੀਆਂ ਹੋਰ ਬੇਦੋਸੀਆਂ ਪੁਸ਼ਤਾਂ ਕਹਿਰ ਦੇ ਵਾ-ਵਰੋਲੇ ਝੱਲਣਗੀਆਂ ਪਰ ਫਿਰ ਵੀ ਅਤਿਵਾਦੀ ਹੀ ਅਖਵਾਉਂਦੀਆਂ ਰਹਿਣਗੀਆਂ?
    ਸਬਰ ਤੇ ਸੰਤੋਖ ਨਾਲ ਲਬਰੇਜ਼ ਸਿੱਖ ਅੱਜ ਵੀ ਦੁਨੀਆ ਦੇ ਹਰ ਭੁੱਖੇ ਤੇ ਲੋੜਵੰਦ ਨੂੰ ਰਜਾਉਣ ਵਿਚ ਰੁੱਝੇ ਹਨ ਤੇ ਹੁਣ ਵੀ ਹਕੂਮਤ ਵੱਲੋਂ ਰਾਹਾਂ ਵਿਚ ਕਿੱਲਾਂ ਦੇ ਸਾਹਮਣੇ ਫੁੱਲ ਉਗਾ ਕੇ ਆਪਣੇ ਲਹੂ ਨਾਲ ਸਿੰਜ ਕੇ ਪਿਆਰ ਜਤਾ ਰਹੇ ਹਨ ਪਰ ਸਰਕਾਰੀ ਏਜੰਸੀਆਂ ਤੇ ਅਖ਼ਬਾਰਾਂ ਵੱਲੋਂ ਬਾਗ਼ੀ ਹੀ ਐਲਾਨੇ ਜਾ ਰਹੇ ਹਨ!
    
ਆਖ਼ਰ ਕਿੰਨੀ ਦੇਰ ਹੋਰ ਡਾਇਰ, ਨਰਾਇਣੇ ਤੇ ਬਲਦੇ ਟਾਇਰ ਸਿੱਖਾਂ ਦੀ ਸਰਦਾਰੀ ਨੂੰ ਲਲਕਾਰਦੇ ਰਹਿਣਗੇ?
    ਹਾਲੇ ਵੀ ਸਮਾਂ ਹੈ! ਯੋਗ ਅਗਵਾਈ ਵਾਲੀ ਸਿਆਸੀ ਤਾਕਤ ਬਣਨ ਵੱਲ ਧਿਆਨ ਕਰੀਏ, ਨਹੀਂ ਤਾਂ ਕੋਈ ਹੋਰ ਕਹਿਰੀ ਸਾਕਾ ਫਿਰ ਢਾਹ ਲਾਵੇਗਾ!
    ਕਿਉਂ ਤੇਗ਼ ਨੂੰ ਤੇਗ਼ ਵਿਖਾਉਂਦਾ ਏ?
    ਇਹ ਤੇਗ਼ ਨਹੀਂ ਤੇਗ਼ ਤੋਂ ਡਰਨ ਵਾਲਾ।
    ਵਿੱਚੋਂ ਤੇਗ਼ ਦੇ ਖ਼ਾਲਸਾ ਹੋਊ ਪੈਦਾ
    ਨਿਸ਼ਾਨ ਜ਼ੁਲਮ ਦਾ ਖ਼ਤਮ ਜੋ ਕਰਨ ਵਾਲਾ।
ਤੇਗ਼, ਤੇਗ਼ ਦੇ ਧਨੀ ਦਾ ਹੈ ਪੁੱਤਰ,
    ਮੀਰੀ ਪੀਰੀ ਦੀ ਤੇਗ਼ ਜੋ ਫੜਨ ਵਾਲਾ।
    ਪੰਜਵੇਂ ਪਾਤਸ਼ਾਹ ਖ਼ੂਨ ਨਾਲ ਸਿੰਜਿਆ ਜੋ,
    ਸਿੱਖੀ ਬੂਟਾ ਨਹੀਂ ਤੇਗ਼ ਨਾਲ ਝੜਨ ਵਾਲਾ।
    

ਡਾ. ਹਰਸ਼ਿੰਦਰ ਕੌਰ, ਐਮ. ਡੀ.,
                        ਬੱਚਿਆਂ ਦੀ ਮਾਹਰ,
                        28, ਪ੍ਰੀਤ ਨਗਰ, ਲੋਅਰ ਮਾਲ
                        ਪਟਿਆਲਾ। ਫੋਨ ਨੰ: 0175-2216783