'ਅੰਨਦਾਤੇ ਦੇ ਦਰਦ' ਦੀਆਂ ਗਵਾਹ ਬਣੀਆਂ ਬਰਫ਼ ਵਰਗੀਆਂ ਕਾਲੀਆਂ ਰਾਤਾਂ  - ਮਨਜਿੰਦਰ ਸਿੰਘ ਸਰੌਦ

ਹਰ ਵਰ੍ਹੇ ਅਰਬਾਂ ਰੁਪਏ ਦੀ ਫਸਲ ਚੜ੍ਹ ਜਾਂਦੀ ਹੈ ਅਵਾਰਾ ਪਸ਼ੂਆਂ ਦੀ ਭੇਟ  
- ਇਕ ਪਾਸੇ ਜਿੱਥੇ ਪੰਜਾਬ ਦਾ ਕਿਸਾਨ ਦਿੱਲੀ ਦੀਅਾਂ ਸਰਹੱਦਾਂ ਤੇ ਆਪਣੇ ਪਰਿਵਾਰਾਂ ਸਮੇਤ ਕਿਸਾਨੀ ਦੀ ਖ਼ਤਮ ਹੋ ਰਹੀ ਹੋਂਦ ਨੂੰ ਬਚਾਉਣ ਦੇ ਲਈ ਨੰਗੇ ਧੜ ਸੰਘਰਸ਼ ਕਰ ਰਿਹੈ 'ਤੇ ਇਕ-ਇਕ ਕਰ ਕੇ ਅੰਨਦਾਤੇ ਦੀਆਂ ਲਾਸ਼ਾਂ ਆਪਣੀ ਸਰਜ਼ਮੀਨ ਤੇ ਪਹੁੰਚ ਰਹੀਆਂ ਹਨ ਉਥੇ ਹੀ ਕਿਸਾਨਾਂ ਦੇ ਖੇਤਾਂ ਅੰਦਰ ਵਰ੍ਹਿਆਂ ਤੋਂ ਚੱਲੇ ਆ ਰਹੇ ਅਵਾਰਾ ਪਸ਼ੂਆਂ ਤੇ ਚੋਰਾਂ ਦੇ ਸੰਤਾਪ ਦੀ ਦਰਦ ਕਹਾਣੀ ਵੀ ਮੁੱਕਣ ਦਾ ਨਾਮ ਨਹੀਂ ਲੈ ਰਹੀ । ਪੰਜਾਬ ਦਾ ਸ਼ਾਇਦ ਕੋਈ ਵੀ ਪਿੰਡ ਕਿਸਾਨਾਂ ਦੇ ਇਸ ਅਵੱਲੇ ਦਰਦ ਤੋਂ ਵਾਂਝਾ ਹੋਵੇਗਾ ਜਿੱਥੇ ਇਹ ਮਸਲੇ ਦੈਂਤ ਰੂਪੀ ਮੂੰਹ ਨਾ ਅੱਡੀਂ ਖੜ੍ਹੇ ਹੋਣ । ਸਰਕਾਰਾਂ ਹਰ ਪੰਜ ਸਾਲਾਂ ਮਗਰੋਂ ਬਦਲ ਜਾਂਦੀਆਂ ਨੇ ਪਰ ਕਿਸਾਨਾਂ ਦੀ ਕਿਸਮਤ ਨਹੀਂ ਬਦਲ ਰਹੀ । 2 ਲੱਖ ਤੋਂ ਜ਼ਿਆਦਾ ਆਵਾਰਾ ਪਸ਼ੂ ਇਸ ਸਮੇਂ ਪੰਜਾਬ ਦੀਆਂ ਸੜਕਾਂ ਤੇ ਖੁੱਲ੍ਹੇਆਮ ਦਨਦਨਾਉਂਦੇ ਫਿਰ ਰਹੇ ਹਨ ਤੇ ਕਿੰਨੇ ਹੀ ਘਰਾਂ ਦੇ ਇਕਲੌਤੇ ਚਿਰਾਗ ਇਨ੍ਹਾਂ ਆਵਾਰਾ ਪਸ਼ੂਆਂ ਕਾਰਨ ਬੁਝ ਚੁੱਕੇ ਨੇ , ਤੇ ਕਰੋੜਾਂ ਰੁਪਏ ਦੀ ਫਸਲ ਹਰ ਵਰ੍ਹੇ ਇਨ੍ਹਾਂ ਆਵਾਰਾ ਪਸ਼ੂਆਂ ਦੀ ਭੇਟ ਚੜ੍ਹ ਜਾਂਦੀ ਹੈ ।
                ਅੱਜ ਜਿਸ ਸਮੇਂ ਕਣਕ ਦੀ ਫ਼ਸਲ ਆਪਣੇ ਭਰ ਜੋਬਨ ਵੱਲ ਨੂੰ ਵਧ ਰਹੀ ਹੈ ਉਸ ਨੂੰ ਅਵਾਰਾ ਪਸ਼ੂਆਂ ਦੇ ਉਜਾੜੇ ਤੋਂ ਬਚਾਉਣ ਦੇ ਲਈ ਕਿਸਾਨਾਂ ਵੱਲੋਂ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਖੇਤਾਂ ਦੀਆਂ ਪਹੀਆਂ ਅਤੇ ਸੜਕ ਕਿਨਾਰਿਆਂ ਨੂੰ ਆਪਣਾ ਰੈਣ ਬਸੇਰਾ ਬਣਾਉਂਦਿਆਂ ਵੱਡੀਆਂ ਮਿਹਨਤਾਂ ਮੁਸ਼ੱਕਤਾਂ ਨੂੰ ਘਾਲਿਆ ਜਾ ਰਿਹਾ ਹੈ । ਸੁੰਨੀਆਂ ਤੇ ਬਰਫ਼ ਵਰਗੀਆਂ ਸਰਦ ਰਾਤਾਂ ਵਿੱਚ ਜਦੋਂ ਸਮੁੱਚੀ ਲੋਕਾਈ ਆਪਣੀਆਂ ਰਜਾਈਆਂ ਦਾ ਨਿੱਘ ਮਾਣ ਰਹੀ ਹੁੰਦੀ ਹੈ ਤਾਂ ਕਿਸਾਨ ਅੱਧੀ ਰਾਤ ਨੂੰ ਆਵਾਰਾ ਪਸ਼ੂਆਂ ਨੂੰ ਭਜਾਉਣ ਦੇ ਲਈ ਖੇਤਾਂ ਅੰਦਰ ਧੂਣੀਆਂ ਤਾਪ ਕੇ ਹੋਕਰੇ ਮਾਰ ਰਿਹਾ ਹੁੰਦਾ ਹੈ । ਬਹੁਤ ਵਾਰ ਪਿੰਡਾਂ ਅੰਦਰ ਅਵਾਰਾ ਪਸ਼ੂਆਂ ਨੂੰ ਲੈ ਕੇ ਕਿਸਾਨਾਂ ਦੇ ਵਿਚਕਾਰ ਹੋਏ ਟਕਰਾਅ ਮੌਕੇ ਸਥਿਤੀ ਮਾਰ-ਕੁਟਾਈ ਤਕ ਪਹੁੰਚ ਚੁੱਕੀ ਹੋਣ ਦੇ ਬਾਵਜੂਦ ਅੱਜ ਤੱਕ ਕਿਸੇ ਵੀ ਸਰਕਾਰ ਨੇ ਇਸ ਨੂੰ ਸਹੀ ਅੱਖ ਨਾਲ ਵੇਖਣ ਦੀ ਕੋਸ਼ਿਸ਼ ਨਹੀਂ ਕੀਤੀ ।  
                       ਅਵਾਰਾ ਪਸ਼ੂਆਂ ਤੋਂ ਬਾਅਦ ਕਿਸਾਨਾਂ ਨੂੰ ਟਰਾਂਸਫਾਰਮਰ ਤੇ ਮੋਟਰਾਂ ਦੀਆਂ ਕੇਬਲਾਂ ਦੀਆਂ ਹੋ ਰਹੀਆਂ ਚੋਰੀਆਂ ਨੇ ਖੰਗਲ ਕਰ ਦਿੱਤਾ ਹੈ । ਆਏ ਦਿਨ ਚੋਰਾਂ ਵੱਲੋਂ ਕਿਸੇ ਨਾ ਕਿਸੇ ਪਿੰਡ ਅੰਦਰ ਕਈ-ਕਈ ਕਿਸਾਨਾਂ ਦੀਆਂ ਮੋਟਰਾਂ ਨੂੰ ਨਿਸ਼ਾਨਾ ਬਣਾਕੇ ਉਨ੍ਹਾਂ ਤੇ ਹੱਥ ਸਾਫ ਕੀਤਾ ਜਾਂਦਾ ਹੈ । ਕਿਸਾਨਾਂ ਵੱਲੋਂ ਜਦੋਂ ਇਸ ਸੰਬੰਧੀ ਸੂਚਨਾ ਬਿਜਲੀ ਵਿਭਾਗ ਨੂੰ ਦਿੱਤੀ ਜਾਂਦੀ ਹੈ ਤਾਂ ਉਨ੍ਹਾਂ ਵੱਲੋਂ ਪਹਿਲਾਂ ਇਸ ਦੀ ਥਾਣੇ ਅੰਦਰ ਜਾ ਕੇ ਰਿਪੋਰਟ ਲਿਖਵਾਉਣ ਲਈ ਆਖਿਆ ਜਾਂਦਾ ਹੈ ਉੱਥੇ ਵੀ ਕਿਸਾਨ ਦੀ ਰੱਜ ਕੇ ਖੱਜਲ-ਖੁਆਰੀ ਹੁੰਦੀ ਹੈ , ਕਾਰਵਾਈ ਦੇ ਨਾਂ ਤੇ ਕਿਸਾਨ ਨੂੰ ਲੀਪਾ- ਪੋਚੀ ਕਰਨ ਤੋਂ ਬਾਅਦ ਘਰ ਭੇਜ ਦਿੱਤਾ ਜਾਂਦਾ ਹੈ , ਉਸ ਤੋਂ ਬਾਅਦ ਕਿਸਾਨ ਦੀ ਦਰਜ ਕਰਾਈ  ਰਿਪੋਰਟ ਦਾ ਕੀ ਬਣਿਆ ਕਿਸੇ ਨੂੰ ਕੁਝ ਪਤਾ ਨਹੀਂ । ਉਲਟਾ ਕਿਸਾਨਾਂ ਨੂੰ ਕਈ ਵਾਰ ਆਪਣੇ ਪੱਲਿਓਂ ਪੈਸੇ ਦੇ ਕੇ ਸਬੰਧਤ ਮੁਲਾਜ਼ਮਾਂ ਦਾ ਖ਼ਰਚਾ ਪਾਣੀ ਵੀ ਚੁੱਕਿਆ ਜਾਣਾ ਆਮ-ਏ-ਹਾਲਾਤ ਬਣ ਚੁੱਕਿਆ ਹੈ , ਇਸ ਨੂੰ ਸਾਡੇ ਦੇਸ਼ ਦੀ ਤਰਾਸਦੀ ਨਹੀਂ ਆਖਾਂਗੇ ਤਾਂ ਕੀ ਆਖੇਂਗੇ ।
            ਬਸ਼ਰਤੇ ਚੋਰਾਂ ਵੱਲੋਂ ਕਿਸਾਨਾਂ ਦੇ ਖੇਤਾਂ ਵਿਚੋਂ ਚੋਰੀ ਕੀਤੇ ਸਾਮਾਨ ਦੀ ਕੀਮਤ ਭਾਵੇਂ ਘੱਟ ਹੁੰਦੀ ਹੈ ਪਰ ਜਦੋਂ ਕਿਸਾਨਾਂ ਨੂੰ ਕੇਬਲਾਂ ਅਤੇ ਟਰਾਂਸਫਾਰਮਰ ਨਵੇਂ ਲਿਆ ਕੇ ਰੱਖਣੇ ਪੈਂਦੇ ਹਨ ਜੋ ਉਸ ਤੇ ਬੀਤਦੀ ਹੈ ਉਸ ਨੂੰ ਸਿਰਫ਼ ਕਿਸਾਨ ਹੀ ਜਾਣ ਸਕਦਾ ਹੈ । ਸਮੇਂ-ਸਮੇਂ ਤੇ ਇਨ੍ਹਾਂ ਵੱਡੇ ਮੁੱਦਿਆਂ ਤੇ ਭਾਵੇਂ ਆਮ ਜਨਤਾ ਵੱਲੋਂ ਮੀਡੀਏ ਰਾਹੀਂ ਆਵਾਜ਼ ਵੀ ਉਠਾਈ ਗਈ ਪਰ ਸਰਕਾਰਾਂ  ਜਾਣਬੁੱਝ ਕੇ ਘੇਸਲ ਵੱਟ ਕੇ ਆਪਣਾ ਸਮਾਂ ਲੰਘਾਉਣ ਵਿੱਚ ਹੀ ਭਲਾਈ ਸਮਝ ਰਹੀਆਂ ਹਨ   । ਕਿਸਾਨ ਇਸ ਬੇਹੱਦ ਗੰਭੀਰ ਮਸਲੇ ਤੇ ਭਾਵੁਕ ਹੋ ਕੇ ਆਖਦੇ ਨੇ ਕਿ ਇਹ ਵਰਤਾਰਾ ਪੰਜਾਬ ਅੰਦਰ ਵਰ੍ਹਿਆਂ ਤੋਂ ਜਾਰੀ ਹੈ 'ਤੇ ਕਿਸਾਨ ਇਸ ਦਾ ਸੰਤਾਪ ਭੋਗਦੇ-ਭੋਗਦੇ ਥੱਕ ਚੁੱਕੇ ਹਨ ਪਰ ਸਰਕਾਰ ਤੋਂ ਅੱਜ ਤਕ ਇਨ੍ਹਾਂ ਅਲਾਮਤਾਂ ਦਾ ਹੱਲ ਨਹੀਂ ਨਿਕਲ ਸਕਿਆ , ਜੇਕਰ ਸਰਕਾਰ ਚਾਹੇ ਤਾਂ ਇਸ ਵਰਤਾਰੇ ਨੂੰ ਉਚਿਤ ਕਦਮ ਚੁੱਕ ਕੇ ਠੱਲ੍ਹ ਪਾ ਸਕਦੀ ਹੈ ਪਰ ਸ਼ਾਇਦ ਅਜੇ ਸਰਕਾਰ ਲਈ ਉਹ ਸਮਾਂ ਨਹੀਂ ਆਇਆ ਜਿਸ ਨਾਲ ਪੰਜਾਬ ਦੇ ਕਿਸਾਨ ਨੂੰ ਰਾਹਤ ਮਿਲ ਸਕੇ । ਚੰਗਾ ਹੋਵੇ ਸਰਕਾਰਾਂ ਇਸ ਗੰਭੀਰ ਮੁੱਦਿਆਂ ਪ੍ਰਤੀ ਉੱਚੀ ਸੁੱਚੀ ਸੋਚ ਨਾਲ ਸੋਚਣ ਤਾਂ ਕਿ ਪੰਜਾਬ ਦੇ ਕਿਸਾਨ 'ਨੁਕਸਾਨ ਰੂਪੀ ਲੁੱਟ' ਰੁਕ ਸਕੇ ।
            ਮਨਜਿੰਦਰ ਸਿੰਘ ਸਰੌਦ
               9463463136