ਬਸੰਤੀ ਰੰਗ ਕਿਸਾਨੀ ਦੇ ਸੰਗ - ਸੁਖਪਾਲ ਸਿੰਘ ਗਿੱਲ

ਬਸੰਤ ਨੂੰ ਰੁੱਤਾਂ ਦੀ ਰਾਣੀ ਕਿਹਾ ਜਾਂਦਾ ਹੈ। ਸੰਸਕ੍ਰਿਤ ਵਿੱਚ ਬਸੰਤ ਦਾ ਅਰਥ ਹੈ, ਬਹਾਰ। ਛੇ ਰੁੱਤਾਂ ਵਿੱਚ ਬਸੰਤ ਰੁੱਤ ਨਿਵੇਕਲਾ ਸੁਨੇਹਾ ਦਿੰਦੀ ਹੈ। ਵਿਰਸੇ ਦੀ ਬਾਤ ਸੁਣਾਉਂਦੀ ਬਸੰਤ ਰੁੱਤ ਦਾ ਸਾਡੇ ਕਿੱਤੇ ਖੇਤੀਬਾੜੀ ਨਾਲ ਵੀ ਗੂੜ੍ਹਾ ਸੰਬੰਧ ਹੈ ।ਕਿਸਾਨੀ ਖੇਤੀਬਾੜੀ ਸਾਨੂੰ ਜੰਮਣ ਸਾਰ ਹੀ ਗੁੜ੍ਹਤੀ ਵਿੱਚ ਮਿਲ ਜਾਂਦੀ ਹੈ। ਖੇਤੀ ਪਵਿੱਤਰ ਕਿੱਤਾ ਹੈ। ਇਸ ਲਈ ਬਸੰਤ ਰੁੱਤ ਦਾ ਪੰਜਾਬੀਅਤ ਨਾਲ ਨੇੜਿਓ ਮੇਲ ਹੈ। ਬਸੰਤ ਸਾਡੀ ਧਾਰਮਿਕ, ਸੱਭਿਆਚਾਰਕ, ਸੱਭਿਅਤਾ ਅਤੇ ਸਮਾਜਿਕ ਜਿੰਦਗੀ ਦਾ ਸ਼ਿੰਗਾਰ ਵੀ ਹੈ। ਰੁੱਤਾਂ ਦੇ ਨਾਲ-ਨਾਲ ਸਾਡੇ ਰੀਤੀ ਰਿਵਾਜਾਂ ਦੀ ਖੁਸ਼ਹਾਲੀ ਅਤੇ ਭਾਈਚਾਰਕ ਏਕਤਾ ਦੀ ਗਵਾਹੀ ਭਰਦੀ ਹੈ। ਬਸੰਤ ਦੇ ਸੰਗ ਖੇਤੀ ਅਤੇ ਅਧਿਆਤਮਵਾਦ ਦੇਖੀਏ ਤਾਂ ਸਾਡੀ ਖੁਸ਼ੀ ਵਿੱਚ ਹੋਰ ਵੀ ਵਾਧਾ ਕਰਦੀ ਹੈ। ਆਜਾਦੀ ਤੋਂ ਪਹਿਲਾਂ ਹਕੀਕਤ ਰਾਏ ਦੀ ਯਾਦ ਵਿੱਚ ਇਸ ਦਾ ਮੇਲਾ ਲਾਹੌਰ ਵਿੱਚ ਲੱਗਿਆ ਕਰਦਾ ਸੀ।   
           ਧਾਰਮਿਕ ਪੱਖ ਤੋਂ ਹਿੰਦੂ ਧਰਮ ਵਿੱਚ ਬਸੰਤ ਰੁੱਤ ਵਿੱਚ ਸਰਸਵਤੀ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ। ਛੋਟੇ ਬੱਚਿਆਂ ਨੂੰ ਇਸ ਦਿਨ ਅੱਖਰ ਗਿਆਨ ਵੀ ਕਰਾਇਆ ਜਾਂਦਾ ਹੈ। ਬਸੰਤ ਪੰਚਮੀ ਨੂੰ ਸ਼੍ਰੀ ਆਨੰਦਪੁਰ ਸਾਹਿਬ ਨੇੜੇ ਗੁਰਦੁਆਰਾ ਗੁਰੂ ਕੀ ਲਾਹੌਰ ਵਿਖੇ ਮੇਲਾ ਭਰਦਾ ਹੈ। ਇਸ ਦਿਨ ਪੰਚਮ ਪਾਤਸ਼ਾਹ ਦੇ ਘਰ ਮੀਰੀ-ਪੀਰੀ ਦੇ ਮਾਲਕ ਨੇ ਜਨਮ ਲਿਆ ਸੀ। ਗੁਰਬਾਣੀ ਵਿੱਚ ਬਸੰਤ ਰਾਗ ਵੀ ਅੰਕਿਤ ਕੀਤਾ ਗਿਆ ਹੈ:-
“ਹਰਿ ਕਾ ਨਾਮ ਧਿਆਇ ਕੈ ਹੋਹੁ ਹਰਿਆ ਭਾਈ ।।
ਕਰਮਿ ਲਿਖੰਤੈ ਪਾਈਐ ਇਹ ਰੁਤਿ ਸੁਹਾਈ।।
ਵਣੁ ਤ੍ਰਿਣ ਤ੍ਰਿਭਵਣੁ ਮਉਲਿਆ ਅੰਮ੍ਰਿਤ ਫਲੁ ਪਾਈ।।
ਮਿਲ ਸਾਧੂ ਸੁਖੁ ਊਪਜੈ ਲਥੀ ਸਭ ਛਾਈ ।।
ਨਾਨਕੁ ਸਿਮਰੈ ਏਕੁ ਨਾਮੁ ਫਿਰਿ ਬਹੁੜਿ ਨ ਧਾਈ” ।।
ਸਾਡੀਆਂ ਫਸਲਾਂ ਜਾ ਜੋਬਨ ਵੀ ਬਸੰਤ ਰੁੱਤੇ ਸਿਖਰ ਤੇ ਹੁੰਦਾ ਹੈ। ਇਸ ਰੁੱਤ ਨੂੰ ਕਿਸਾਨੀ ਪੱਖ ਫਸਲਾਂ ਵੱਲ ਤੱਕਦਾ ਹੋਇਆ ਗਿਣਤੀਆਂ ਮਿਣਤੀਆਂ ਸ਼ੁਰੂ ਕਰਦਾ ਹੈ। ਜੋ ਵਿਸਾਖੀ ਤੀਕਰ ਮਨ ਵਿੱਚ ਚੱਲਦੀਆਂ ਰਹਿੰਦੀਆਂ ਹਨ । ਮਾਘ ਸੁਦੀ ਪੰਚਮੀ ਨੂੰ ਮਨਾਇਆ ਜਾਂਦਾ ਇਹ ਮੌਸਮੀ ਤਿਉਹਾਰ ਹੈ। ਕਿਸਾਨ ਖੇਤਾਂ ਦੇ ਬੰਨੇ ਬੰਨੇ ਤੁਰਦਾ ਫਿਰਦਾ ਪੀਲੇ ਰੰਗ ਵਾਂਗ ਖਿੜ੍ਹ ਜਾਂਦਾ ਹੈ। ਬਸੰਤ ਪੰਚਮੀ ਨੂੰ ਗਿੱਧਾ ਵੀ ਪੈਂਦਾ ਹੈ। ਜਿਸ ਨੂੰ ਬਸੰਤੀ ਗਿੱਧਾ ਕਿਹਾ ਜਾਂਦਾ ਹੈ। ਲਾਲਾ ਧਨੀ ਰਾਮ ਚਾਤ੍ਰਿਕ ਜੀ ਦੀਆਂ ਇਨ੍ਹਾਂ ਸਤਰਾਂ ਨੂੰ ਬਸੰਤ ਦੇ ਸੰਗ ਇਉ ਪ੍ਰਸੰਗਿਤ ਕੀਤਾ ਜਾ ਸਕਦਾ ਹੈ “ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ” ਅਤੇ “ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ” ਇਸੇ ਤਰ੍ਹਾਂ ਇਸ ਰੁੱਤ ਤੋਂ ਪ੍ਰਕਿਰਤੀ ਦੀ ਬਹਾਰ  ਸ਼ੁਰੂ ਹੁੰਦੀ ਹੈ। ਇਸ ਸਮੇਂ ਗੀਤ, ਬੀਰਤਾ ਅਤੇ ਸ਼ਿੰਗਾਰ ਰਸ ਦਾ ਪ੍ਰਗਟਾਅ ਵੀ ਦੇਖਣ ਨੂੰ ਮਿਲਦਾ ਹੈ। ਬਹੁਤੇ ਕਵੀਆਂ ਗੀਤਾਕਾਰਾਂ ਨੇ ਬਸੰਤ ਰੁੱਤ ਨੂੰ ਨੇੜਿਓ ਟੁੰਬਿਆ। ਬਸੰਤ ਰੁੱਤ ਨੂੰ ਆਪ ਮੁਹਾਰੇ ਹੀ ਮਨ ਦੀ ਖੁਸ਼ੀ ਅਤੇ ਤਨ ਦੀ ਖੁਸ਼ੀ ਦਾ ਪ੍ਰਗਟਾਵਾ ਵੀ ਹੁੰਦਾ ਹੈ। ਬਸੰਤ ਰੁੱਤ ਨੂੰ ਕਿਸਾਨਾਂ ਦੇ ਸ਼ਗਨਾਂ ਦਾ ਸੁਨੇਹਾ ਵੀ ਸ਼ੁਰੂ ਹੁੰਦਾ ਹੈ।
           ਖੇਤਾਂ ਵਿੱਚ ਖਿੜ੍ਹੇ ਸਰ੍ਹੋਂ ਅਤੇ ਹੋਰ ਫਸਲਾਂ ਦੇ ਪੀਲੇਪਣ ਨਾਲ ਰੰਗੀ ਧਰਤੀ ਮਾਤਾ ਸਾਡੀ ਜਿੰਦਗੀ ਦੇ ਵੱਖ-ਵੱਖ ਰੰਗਾਂ ਦੀ ਅਤੇ ਪੱਖਾਂ ਦੀ ਬਾਤ ਪਾਉਂਦੀ ਹੈ। ਖੇਤਾਂ ਵਿੱਚ ਖੂਬ ਉਗੜ੍ਹਿਆ ਪੀਲਾ ਰੰਗ ਆਤਮਾ ਨੂੰ ਵੀ ਸਕੂਨ ਦਿੰਦਾ ਹੈ। ਬਸੰਤ ਰੁੱਤ ਨੂੰ ਲਿਖਣ ਲਈ ਬਹੁਤ ਸੂਝ ਸਮਝ ਤੋਂ ਕੰਮ ਲੈਣਾ ਪੈਂਦਾ ਹੈ। ਜਿੰਦਗੀ ਦੀ ਸਜਾਵਟ ਨੂੰ ਖੇਤਾਂ ਦੇ ਸੰਗ ਵੀ ਬਸੰਤ ਪ੍ਰਗਟ ਕਰਦੀ ਹੈ। ਬਸੰਤੀ ਰੰਗ ਪਹਿਨਣਾ ਇਸ ਰੁੱਤੇ ਮਾਨਵਤਾ ਦੇ ਮਨ ਨੂੰ ਚੰਗਾ ਅਤੇ ਸ਼ੁੱਭ ਭਾਉਂਦਾ ਹੈ। ਆਲਸੀ ਅਤੇ ਛੋਟੇ ਬੱਚੇ ਨੂੰ ਨਹਾਉਣ ਲਈ ਉਤਸ਼ਾਹਿਤ ਵੀ ਕੀਤਾ ਜਾਂਦਾ ਹੈ। “ਆਈ ਬਸੰਤ ਪਾਲਾ ਉਡੰਤ” ਇਹ ਵੀ ਤਕਾਜਾ ਲਗਾਇਆ ਜਾਂਦਾ ਹੈ ਕਿ ਪੁੰਗਰੀ ਹੋਈ ਪ੍ਰਕਿਰਤੀ ਹੁਣ ਵਿੱਚ ਵਿਚਾਲੇ ਨਹੀਂ ਅਟਕਦੀ। ਬਸੰਤ ਦੀ ਰੁੱਤੇ ਸਭ ਤਰ੍ਹਾਂ ਦਾ ਸਾਹਿਤ ਆਪਣੇ ਆਪ ਹੀ ਪੁੰਗਰਨ ਲੱਗਦਾ ਹੈ। ਇਹ ਰੁੱਤ ਖੁਸ਼ੀਆਂ ਖੇੜਿਆ ਨੂੰ ਜਿੰਦਗੀ ਦੇ ਸੰਗ ਹੋਸ਼-ਜੋਸ਼ ਅਤੇ ਖੇੜੇ ਪ੍ਰਧਾਨ ਕਰਦੀ ਹੈ।
                ਇਸ ਰੁੱਤੇ ਪੀਲੇ ਕੱਪੜਿਆਂ ਦਾ ਪਹਿਨਣਾ ਆਰਜੀ ਨਹੀਂ ਹੁੰਦਾ ਬਲਕਿ ਹਰ ਵਰ੍ਹੇ ਨਵਿਆਇਆ ਜਾਂਦਾ ਹੈ। ਕਿਸਾਨੀ ਅੰਦੋਲਨ ਦੌਰਾਨ ਬਸੰਤੀ ਰੁੱਤ ਹੋਰ ਵੀ ਗੂੜ੍ਹੀ ਹੋ ਗਈ। ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣਾ ਇਸ ਰੰਗ ਦਾ ਕੰਮ ਹੈ। ਬਸੰਤ ਪੰਚਮੀ ਨੂੰ ਗਰਮੀ ਦੀ ਰੁੱਤ ਦੀ ਦਸ਼ਤਕ ਵੀ ਸ਼ੁਰੂ ਹੁੰਦੀ ਹੈ। ਇਸ ਰੁੱਤ ਦੇ ਜਮਾਨੇ ਦਿਲਾਂ ਦੇ ਹੁਲਾ-ਹੁਲਾਸ ਦੇ ਨਾਲ ਪਤੰਗ ਵੀ ਉਡਾਉਂਦੇ ਹਨ । ਠੀਕ ਉਸੇ ਤਰ੍ਹਾਂ ਪੇਚੇ ਲੜਾਉਂਦੇ ਹਨ। ਜਿਸ ਤਰ੍ਹਾਂ ਕਿਸਾਨੀ ਅੰਦੋਲਨ ਵਿੱਚ ਕਿਸਾਨੀ ਦਾ ਕੇਂਦਰ ਨਾਲ ਪੇਚਾ ਪਿਆ । ਇਸ ਰੁੱਤ ਦੇ ਛੇੜ-ਛਾੜ ਨੂੰ ਬਸੰਤ ਤੋਂ ਬਸੰਤਰ ਉਹ ਲੋਕ ਬਣਾਉਂਦੇ ਹਨ ਜਿਨ੍ਹਾਂ ਵਿੱਚ ਗਿਆਨ ਦੀ ਕਮੀ ਹੁੰਦੀ ਹੈ। ਕਿਸਾਨੀ ਅੰਦੋਲਨ ਵਿੱਚ ਬਸੰਤੀ ਬਸਤਰ ਪਹਿਨੇ ਆਮ ਮਿਲਦੇ ਹਨ। ਜੋ ਜਜ਼ਬੇ, ਜੋਸ਼, ਹੌਸਲੇ ਅਤੇ ਭਾਈਚਾਰਕ ਏਕਤਾ ਦੀ ਗਵਾਹੀ ਭਰਦੇ ਹਨ। ਆਓ ਬਸੰਤ ਰੁੱਤ ਮਨਾਈਏ।


 ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।
9878111445