ਆਪਣੀਆਂ ਸ਼ਰਤਾਂ ਤੇ ਨੌਕਰੀ ਕਰਨ ਵਾਲਾ ਅਧਿਕਾਰੀ ਵਰਿਆਮ ਸਿੰਘ ਢੋਟੀਆਂ - ਉਜਾਗਰ ਸਿੰਘ

ਜੇਕਰ ਕਿਸੇ ਇਨਸਾਨ ਦਾ ਇਰਾਦਾ ਦਿ੍ਰੜ੍ਹ, ਲਗਨ, ਮਿਹਨਤੀ ਰੁਚੀ, ਆਪਣਾ ਕੈਰੀਅਰ ਬਣਾਉਣ ਦੀ ਸਾਰਥਿਕ ਭਾਵਨਾ, ਹਾਲਾਤ ਭਾਵੇਂ ਕਿਹੋ ਜਹੇ ਵੀ ਹੋਣ ਪ੍ਰੰਤੂ ਆਪਣੇ ਉਪਰ ਵਿਸ਼ਵਾਸ ਹੋਵੇ ਤਾਂ ਸਫਲਤਾ ਉਸਦੇ ਪੈਰ ਚੁੰਮਦੀ ਹੈ। ਅਜਿਹੇ ਹੀ ਇਕ ਵਿਅਕਤੀ ਹਨ, ਲੋਕ ਸੰਪਰਕ ਵਿਭਾਗ ਦੇ ਸੇਵਾ ਮੁਕਤ ਸੰਯੁਕਤ ਸੰਚਾਲਕ ਵਰਿਆਮ ਸਿੰਘ ਢੋਟੀਆਂ। ਉਨ੍ਹਾਂ ਨੇ 34 ਸਾਲ ਵਿਭਾਗ ਵਿਚ ਨੌਕਰੀ ਧੜੱਲੇ ਨਾਲ ਕੀਤੀ। ਇਮਾਨਦਾਰੀ ਦਾ ਪੱਲਾ ਨਹੀਂ ਛੱਡਿਆ ਭਾਵੇਂ ਕਿਤਨੇ ਹੀ ਦਬਾਅ ਪੈਂਦੇ ਰਹੇ ਅਤੇ ਕਦੀਂ ਵੀ ਕਿਸੇ ਸੀਨੀਅਰ ਅਧਿਕਾਰੀ ਦੀ ਈਨ ਨਹੀਂ ਮੰਨੀ। ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਨੌਕਰੀ ਵਿਚ ਨਖ਼ਰਾ ਨਹੀਂ ਚਲਦਾ ਪ੍ਰੰਤੂ ਵਰਿਆਮ ਸਿੰਘ ਢੋਟੀਆਂ ਨੇ ਸਾਰੀ ਨੌਕਰੀ ਨਖ਼ਰੇ ਨਾਲ ਆਪਣੀਆਂ ਸ਼ਰਤਾਂ ਤੇ ਕੀਤੀ। ਭਾਵੇਂ ਉਨ੍ਹਾਂ ਦੀ ਤਰੱਕੀ ਵਿਚ ਕਈ ਵਾਰ ਅੜਚਣਾ ਪਾਈਆਂ ਗਈਆਂ ਪ੍ਰੰਤੂ ਉਹ ਸਰਕਾਰੀ ਵਿਭਾਗਾਂ ਵਾਲੀ ਚਾਪਲੂਸੀ ਤੋਂ ਕੋਹਾਂ ਦੂਰ ਰਹੇ। ਉਨ੍ਹਾਂ ਦਾ ਜਨਮ ਅੰਮਿ੍ਰਤਸਰ ਜਿਲ੍ਹੇ ਦੇ ਪਿੰਡ ਢੋਟੀਆਂ ਵਿਖੇ ਪਿਤਾ ਕਿਸ਼ਨ ਸਿੰਘ ਅਤੇ ਮਾਤਾ ਭਾਨੀ ਦੇ ਘਰ 1 ਫਰਵਰੀ 1932 ਨੂੰ ਹੋਇਆ। ਕਿਸ਼ਨ ਸਿੰਘ ਦਾ ਪਰਿਵਾਰ ਮੱਧ ਵਰਗ ਦਾ ਕਾਸ਼ਤਕਾਰ ਕਰਨ ਵਾਲਾ ਪਰਿਵਾਰ ਸੀ। ਅੱਜ ਕਲ੍ਹ ਇਹ ਪਿੰਡ ਤਰਨਤਾਰਨ ਜਿਲ੍ਹੇ ਵਿਚ ਹੈ। ਇਹ ਪਿੰਡ ਤਰਨਤਾਰਨ ਤੋਂ 8 ਕਿਲੋਮੀਟਰ ਦੂਰ ਸਥਿਤ ਹੈ। ਪਰਿਵਾਰ ਵਿਚ ਭਾਵੇਂ ਕੋਈ ਬਹੁਤਾ ਪੜਿ੍ਹਆ ਲਿਖਿਆ ਨਹੀਂ ਸੀ ਪ੍ਰੰਤੂ ਵਰਿਆਮ ਸਿੰਘ ਦੇ ਮਾਤਾ ਪਿਤਾ ਨੇ ਪੜ੍ਹਾਈ ਦੀ ਅਹਿਮੀਅਤ ਨੂੰ ਸਮਝਦਿਆਂ ਆਪਣੇ 3 ਸਪੁੱਤਰਾਂ ਨੂੰ ਜ਼ਿੰਦਗੀ ਵਿਚ ਸਫਲਤਾ ਪ੍ਰਾਪਤ ਕਰਨ ਲਈ ਪੜ੍ਹਾਈ ਕਰਵਾਉਣ ਨੂੰ ਜ਼ਰੂਰੀ ਮਹਿਸੂਸ ਕਰਦਿਆਂ ਪੜ੍ਹਾਇਆ। ਵੱਡਾ ਸਪੁੱਤਰ ਦਿੱਲੀ ਵਿਖੇ ਆਪਣਾ ਕਾਰੋਬਾਰ ਕਰਦਾ ਅਤੇ ਦੂਜਾ ਲੜਕਾ ਸਰੂਪ ਸਿੰਘ ਪੋਸਟ ਅਤੇ ਟੈਲੀਗ੍ਰਾਫ ਵਿਭਾਗ ਵਿਚ ਦਿੱਲੀ ਵਿਖੇ ਸੀਨੀਅਰ ਅਕਾਊਂਟਸ ਕਲਰਕ ਸੀ। ਉਨ੍ਹਾਂ ਨੂੰ ਵਿਭਾਗ ਨੇ ਡੈਪੂਟੇਸਨ ਤੇ ਜਾਂਬੀਆ ਭੇਜਿਆ। ਜਿਥੋਂ ਉਹ ਸੇਵਾ ਮੁਕਤੀ ਤੋਂ ਬਾਅਦ ਬੋਟਸਟੋਵਾ ਚਲੇ ਗਏ ਅਤੇ ਉਥੇ ਉਨ੍ਹਾਂ ਨੇ ਮੋਟਰ ਮੁਰੰਮਤ ਕਰਨ ਦੀ ਵਰਕਸ਼ਾਪ ਅਤੇ ਪੈਟਰੌਲ ਪੰਪ ਦਾ ਵਿਓਪਾਰ ਕਰ ਲਿਆ। ਜਦੋਂ ਵਰਿਆਮ ਸਿੰਘ ਪੜ੍ਹਦੇ ਸਨ, ਉਦੋਂ ਪਿੰਡ ਨੂੰ ਤਰਨਤਾਰਨ ਤੋਂ ਜਾਂਦੀ ਸੜਕ ਸੇਰੋਂ ਤੋਂ 3 ਕਿਲੋਮੀਟਰ ਕੱਚੀ ਸੀ। ਤਰਨਤਾਰਨ ਆਉਣ ਜਾਣ ਲਈ ਤਾਂਗੇ ਦੀ ਸਵਾਰੀ ਕੀਤੀ ਜਾਂਦੀ ਸੀ। ਆਵਾਜਾਈ ਦਾ ਹੋਰ ਕੋਈ ਸਾਧਨ ਨਹੀਂ ਸੀ। ਲੋਕ ਆਪਣੀਆਂ ਫਸਲਾਂ ਤਰਨਤਾਰਨ ਵੇਚਣ ਜਾਂਦੇ ਸਨ। ਪਿੰਡ ਵਿਚ ਇਕ ਰਾਜਾ ਰਾਮ ਗੁਰਦੁਆਰਾ, ਮੰਦਰ ਅਤੇ ਮਸੀਤ ਵੀ ਹੈ। ਪਿੰਡ ਵਿਚ ਇਕ ਵੱਡਾ ਬੋਹੜ ਦਾ ਦਰਖਤ ਹੁੰਦਾ ਸੀ, ਜਿਥੇ ਪਿੰਡ ਦੇ ਲੋਕ ਬੈਠਕੇ ਗਪਛਪ ਕਰਦੇ ਅਤੇ ਬੱਚੇ ਖੇਡਦੇ ਸਨ। ਏਥੇ ਹੀ ਇਕ ਮੇਲਾ ਲਗਦਾ ਸੀ। ਬੋਹੜ ਕਾਰ ਸੇਵਾ ਦੀ ਭੇਂਟ ਚੜ੍ਹ ਗਿਆ ਹੈ। ਪਿੰਡ ਵਿਚ ਸ਼ਾਹੂਕਾਰਾਂ ਦੇ ਵੱਡੇ ਅਤੇ ਸੁੰਦਰ ਘਰ ਸਨ। ਲੋਕਾਂ ਦੇ ਦੁੱਖ ਸੁੱਖ ਵਿਚ ਉਹ ਹੀ ਕੰਮ ਆਉਂਦੇ ਸਨ।
      ਵਰਿਆਮ ਸਿੰਘ ਨੇ ਪ੍ਰਾਇਮਰੀ ਤੱਕ ਦੀ ਪੜ੍ਹਾਈ ਢੋਟੀਆਂ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਦਸਵੀਂ ਤੱਕ ਦੀ ਪੜ੍ਹਾਈ ਉਨ੍ਹਾਂ ਨੇ ਡੇਰਾ ਬਾਬਾ ਨਾਨਕ ਹਾਈ ਸਕੂਲ ਵਿਚੋਂ ਕੀਤੀ ਸੀ। 6ਵੀਂ ਅਤੇ 7ਵੀਂ ਉਹ ਪੈਦਲ ਸਕੂਲ ਜਾਂਦੇ ਰਹੇ। 8ਵੀਂ ਅਤੇ 9ਵੀਂ ਹੋਸਟਲ ਵਿਚ ਰਹਿਕੇ ਪਾਸ ਕੀਤੀਆਂ। 10ਵੀਂ ਕਲਾਸ ਵਿਚ ਪੜ੍ਹਨ ਲਈ ਪਿੰਡ ਤੋਂ ਸਾਈਕਲ ‘ਤੇ ਜਾਂਦੇ ਰਹੇ। ਉਸ ਤੋਂ ਬਾਅਦ ਉਹ ਆਪਣੇ ਭਰਾਵਾਂ ਕੋਲ ਦਿੱਲੀ ਚਲੇ ਗਏ, ਉਥੇ ਉਨ੍ਹਾਂ 1952 ਵਿਚ ਰਾਮਜਸ ਕਾਲਜ ਤੋਂ ਬੀ ਏ ਦੀ ਡਿਗਰੀ ਪਾਸ ਕੀਤੀ। ਬੀ ਏ ਕਰਨ ਵਾਲੇ ਢੋਟੀਆਂ ਪਿੰਡ ਦੇ ਉਹ ਪਹਿਲੇ ਵਿਅਕਤੀ ਸਨ। ਸਾਲ 1955 ਵਿਚ ਉਹ ਲੋਕ ਸੰਪਰਕ ਵਿਭਾਗ ਵਿਚ ਚੰਡੀਗੜ੍ਹ ਵਿਖੇ ਸੁਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਰਾਹੀਂ ਅਨੁਵਾਦਕ ਭਰਤੀ ਹੋ ਗਏ। ਉਨ੍ਹਾਂ ਦੇ ਮਨ ਵਿਚ ਬਚਪਨ ਵਿਚ ਹੀ ਵਿਚ ਕੁਝ ਬਣਨ ਦੀ ਪ੍ਰਵਿਰਤੀ ਪੈਦਾ ਹੋ ਗਈ ਸੀ, ਜਿਸ ਕਰਕੇ ਉਨ੍ਹਾਂ ਨੇ ਸਖ਼ਤ ਮਿਹਨਤ ਕੀਤੀ। ਸਰਕਾਰੀ ਨੌਕਰੀ ਦੌਰਾਨ ਹੀ ਉਨ੍ਹਾਂ ਨੇ ਪ੍ਰਾਈਵੇਟਲੀ ਪਹਿਲਾਂ ਗਿਆਨੀ, ਪ੍ਰਭਾਕਰ ਅਤੇ ਫਿਰ ਐਮ ਏ ਪੰਜਾਬੀ ਪਾਸ ਕਰ ਲਈਆਂ। ਜਦੋਂ ਉਨ੍ਹਾਂ ਦੀ 6 ਸਾਲ ਨੌਕਰੀ ਕਰਨ ਤੋਂ ਬਾਅਦ ਕੋਈ ਤਰੱਕੀ ਨਾ ਹੋਈ ਤਾਂ ਲੋਕ ਸੰਪਰਕ ਵਿਭਾਗ ਦੀ ਨੌਕਰੀ ਤੋਂ ਵੀ ਉਹ ਉਕਤਾ ਗਏ ਅਤੇ 1961 ਵਿਚ ਭਾਸ਼ਾ ਵਿਭਾਗ ਪੰਜਾਬ ਵਿਚ ਪਟਿਆਲਾ ਵਿਖੇ ਸੀਨੀਅਰ ਅਨੁਵਾਦਕ ਦੀ ਨੌਕਰੀ ਤੇ ਲੱਗ ਗਏ। ਇਸ ਵਿਭਾਗ ਵਿਚ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਇਸ ਵਿਭਾਗ ਦਾ ਕੰਮ ਉਨ੍ਹਾਂ ਦੀ ਸਾਹਿਤਕ ਰੁਚੀ ਵਾਲਾ ਹੈ, ਇਸ ਲਈ ਉਨ੍ਹਾਂ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਜਿਲ੍ਹਾ ਭਾਸ਼ਾ ਅਧਿਕਾਰੀਆਂ ਦੀਆਂ ਅਸਾਮੀਆਂ ਲਈ ਭਰਤੀ ਵਾਸਤੇ ਇਸ਼ਤਿਹਾਰ ਅਖ਼ਬਾਰਾਂ ਵਿਚ ਪ੍ਰਕਾਸ਼ਤ ਹੋਇਆ ਪੜਿ੍ਹਆ ਤਾਂ ਉਨ੍ਹਾਂ ਲਈ ਅਰਜ਼ੀ ਦੇ ਦਿੱਤੀ। ਉਹ ਇਸ ਅਸਾਮੀ ਲਈ ਚੁਣੇ ਗਏ ਅਤੇ 1 ਅਪ੍ਰੈਲ 1964 ਨੂੰ ਜਿਲ੍ਹਾ ਭਾਸ਼ਾ ਅਧਿਕਾਰੀ ਲੱਗ ਗਏ। ਭਾਵੇਂ ਇਸ ਵਿਭਾਗ ਵਿਚ ਉਨ੍ਹਾਂ ਦੀ ਦਿਲਚਸਪੀ ਵਾਲਾ ਕੰਮ ਸੀ ਪ੍ਰੰਤੂ ਦਿਮਾਗ ਵਿਚ ਹੋਰ ਉਚਾ ਅਹੁਦਾ ਪ੍ਰਾਪਤ ਕਰਨ ਲਈ ਉਤਸੁਕਤਾ ਪੈਦਾ ਹੋ ਗਈ ਕਿਉਂਕਿ ਉਨ੍ਹਾਂ ਨੂੰ ਆਪਣੀ ਕਾਬਲੀਅਤ ਤੇ ਮਾਣ ਸੀ ਕਿ ਉਹ ਹੋਰ ਤਰੱਕੀ ਕਰ ਸਕਦੇ ਹਨ। ਲੋਕ ਸੰਪਰਕ ਵਿਭਾਗ ਵਿਚ ਇਕ ਲੋਕ ਸੰਪਰਕ ਅਧਿਕਾਰੀ ਪ੍ਰੈਸ ਦੀ ਅਸਾਮੀ ਦਾ ਅਖ਼ਬਾਰਾਂ ਵਿਚ ਇਸ਼ਤਿਹਾਰ ਨਿਕਲਿਆ। ਫਿਰ ਉਨ੍ਹਾਂ ਉਸ ਅਸਾਮੀ ਲਈ ਵੀ ਅਪਲਾਈ ਕਰ ਦਿੱਤਾ। ਛੇ ਮਹੀਨੇ ਜਿਲ੍ਹਾ ਭਾਸ਼ਾ ਅਧਿਕਾਰੀ ਦੀ ਨੌਕਰੀ ਕਰਨ ਤੋਂ ਬਾਅਦ ਉਨ੍ਹਾਂ ਦੀ ਚੋਣ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਦੀ ਹੋ ਗਈ ਅਤੇ ਉਨ੍ਹਾਂ ਨੇ 7 ਅਕਤੂਬਰ 1964 ਨੂੰ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਗੁਰਦਾਸਪੁਰ ਦਾ ਅਹੁਦਾ ਸੰਭਾਲ ਲਿਆ। ਫੀਰੋਜ਼ਪੁਰ ਅਤੇ ਗੁਰਦਾਸਪੁਰ ਦੇ ਸਰਹੱਦੀ ਜਿਲ੍ਹੇ ਹੋਣ ਕਰਕੇ ਉਥੋਂ ਦਾ ਉਨ੍ਹਾਂ ਦਾ ਤਜ਼ਰਬਾ ਕਈ ਖੱਟੇ ਮਿਠੇ ਅਨੁਭਵਾਂ ਵਾਲਾ ਰਿਹਾ ਜੋ ਸਾਰੀ ਨੌਕਰੀ ਦੌਰਾਨ ਸਹਾਈ ਅਤੇ ਤਰੱਕੀ ਦੇ ਰਾਹ ਵਿਚ ਰੋੜਾ ਬਣਿਆਂ। ਗੁਰਦਾਸਪੁਰ ਨੌਕਰੀ ਸਮੇਂ 1965 ਵਿਚ ਅਤੇ ਫੀਰੋਜ਼ਪੁਰ ਪੋਸਟਿੰਗ ਦੌਰਾਨ 1971 ਵਿਚ ਭਾਰਤ ਪਾਕਿਸਤਾਨ ਦੀ ਲੜਾਈ ਲੱਗ ਗਈ। ਇਨ੍ਹਾਂ ਲੜਾਈਆਂ ਦੌਰਾਨ ਫੌਜੀ ਅਧਿਕਾਰੀਆਂ ਅਤੇ ਜਵਾਨਾ ਨਾਲ ਵਾਹ ਪੈਂਦਾ ਰਿਹਾ। ਇਥੇ ਸਰਹੱਦੀ ਇਲਾਕਾ ਹੋਣ ਕਰਕੇ ਹਮੇਸ਼ਾ ਅਨਿਸਚਤਤਾ ਦਾ ਮਾਹੌਲ ਬਣਿਆਂ ਰਹਿੰਦਾ ਸੀ। ਮੁੱਖ ਦਫ਼ਤਰ ਵੱਲੋਂ ਕਦੀਂ ਵੀ ਕਿਸੇ ਨੇ ਸਾਰ ਨਾ ਲਈ। ਜਦੋਂ ਉਹ ਫੀਰੋਜਜ਼ਪੁਰ ਸਨ ਤਾਂ ਚੰਡੀਗੜ੍ਹ ਤੋਂ ਵਿਭਾਗ ਦਾ ਇਕ ਸੀਨੀਅਰ ਆਈ ਏ ਐਸ ਅਧਿਕਾਰੀ ਪ੍ਰੈਸ ਪਾਰਟੀ ਲੈ ਕੇ ਬਾਰਡਰ ਸਕਿਉਰਿਟੀ ਫੋਰਸ ਦੇ ਹੈਡਕੁਆਰਟਰ ਮਮਦੋਟ ਵਿਖੇ ਆ ਗਏ, ਪ੍ਰੈਸ ਪਾਰਟੀ ਦੇ ਪ੍ਰੋਗਰਾਮ ਦਾ ਜਿਲ੍ਹਾ ਲੋਕ ਸੰਪਰਕ ਦਫ਼ਤਰ ਨੂੰ ਦੱਸਿਆ ਨਾ ਗਿਆ। ਪਤਾ ਉਦੋਂ ਲੱਗਾ ਜਦੋਂ ਇਕ ਡਰਾਇਵਰ ਆਪਣੀ ਗੱਡੀ ਦੀ ਮੁਰੰਮਤ ਕਰਵਾਉਣ ਲਈ ਸਵੇਰੇ ਹੀ ਆ ਗਿਆ। ਉਨ੍ਹਾਂ ਗੱਡੀ ਦੀ ਮੁਰੰਮਤ ਕਰਵਾਉਣ ਤੋਂ ਜਵਾਬ ਦੇ ਦਿੱਤਾ। ਜਿਸਦਾ ਸਿੱਟਾ ਇਹ ਨਿਕਲਿਆ ਕਿ ਉਨ੍ਹਾਂ ਦੀਆਂ ਬਦਲੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਪਹਿਲਾਂ ਬਠਿੰਡਾ ਫਿਰ ਫੀਰੋਜ਼ਪੁਰ, ਲੁਧਿਆਣਾ ਅਤੇ ਹੋਰ ਕਈ ਥਾਵਾਂ ‘ਤੇ ਇਸੇ ਤਰ੍ਹਾਂ ਚਲਦਾ ਰਿਹਾ। ਉਨ੍ਹਾਂ ਦੀ 1976 ਵਿਚ ਜਦੋਂ ਡਿਪਟੀ ਡਾਇਰੈਕਟਰ ਬਣਨ ਦੀ ਵਾਰੀ ਆਈ ਤਾਂ ਉਹ ਅਧਿਕਾਰੀ ਤਰੱਕੀ ਰੋਕ ਨਾ ਸਕਿਆ ਕਿਉਂਕਿ ਉਨ੍ਹਾਂ ਦਾ ਸਰਵਿਸ ਰਿਕਾਰਡ ਬਹੁਤ ਵਧੀਆ ਸੀ। 1978 ਵਿਚ ਉਨ੍ਹਾਂ ਨੂੰ ਸਨਅਤ ਵਿਭਾਗ ਵਿਚ ਐਕਸਪੋਰਟ ਪ੍ਰਮੋਸ਼ਨ ਅਧਿਕਾਰੀ ਡੈਪੂਟੇਸ਼ਨ ਤੇ ਭੇਜ ਦਿੱਤਾ ਗਿਆ। ਫਿਰ ਉਨ੍ਹਾਂ ਦੀ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਵਿਚ ਡੈਪੂਟੇਸ਼ਨ ‘ਤੇ ਡਾਇਰੈਕਟਰ ਹਾਸਪੀਟਿਲਟੀ ਟੂਰਿਜ਼ਮ ਅਤੇ ਡਾਇਰੈਕਟਰ ਲੋਕ ਸੰਪਰਕ ਵਜੋਂ ਚੋਣ ਹੋ ਗਈ। ਉਥੇ ਉਨ੍ਹਾਂ ਨੂੰ ਆਜ਼ਾਦ ਤੌਰ ਤੇ ਕੰਮ ਕਰਨ ਦਾ ਮੌਕਾ ਮਿਲਿਆ, ਜਿਸ ਕਰਕੇ ਉਨ੍ਹਾਂ ਉਥੇ ਕਈ ਮਾਅਰਕੇ ਦੇ ਕੰਮ ਕੀਤੇ। ਉਸ ਸਮੇਂ ਯੂ ਟੀ ਗੈਸਟ ਹਾਊਸ ਵਿਚ ਸਿਰਫ 9 ਕਮਰੇ ਹੁੰਦੇ ਸਨ। ਇਨ੍ਹਾਂ ਵਿਚੋਂ ਸਿਰਫ ਦੋ ਕਮਰਿਆਂ ਵਿਚ ਵਿੰਡੋ ਏਅਰ ਕੰਡੀਸ਼ਨਰ ਹੁੰਦੇ ਸਨ। ਉਨ੍ਹਾਂ ਯੂ ਟੀ ਗੈਸਟ ਹਾਊਸ ਵਿਚ 18 ਨਵੇਂ ਕਮਰੇ ਬਣਵਾਏ ਅਤੇ ਕਾਨਫਰੰਸ ਹਾਲ ਦਾ ਵਿਸਤਾਰ ਕਰਵਾਕੇ ਸੈਂਟਰਲੀ ਏਅਰਕੰਡੀਸ਼ਨਡ ਕਰਵਾਇਆ। ਸਾਰੇ ਗੈਸਟ ਹਾਊਸ ਦੀ ਮੁਰੰਮਤ ਕਰਵਾਕੇ ਨਵੀਂ ਦਿਖ ਬਣਵਾਈ। ਸੁਖਨਾ ਝੀਲ ‘ਤੇ ਕੈਫੇਟੇਰੀਆ ਅਤੇ ਟੂਰਿਸਟ ਕੈਂਪਸ ਸਾਈਟ ਬਣਵਾਈ। ਰਾਕ ਗਾਰਡਨ ਵਿਚ ਸਨੈਕ ਬਾਰ ਖੁਲਵਾਈ। ਸੈਰ ਸਪਾਟਾ ਕਰਨ ਵਾਲਿਆਂ Ñਲਈ ਇਕ ਟੂਰਿਸਟ ਕੋਚ ਬਣਵਾਈ ਅਤੇ ਇਕ ਟਿਓਟਾ ਕਾਰ ਵਿਦੇਸ਼ ਤੋਂ ਮੰਗਵਾਈ। ਇਸੇ ਤਰ੍ਹਾਂ ਕੇਂਦਰ ਸਰਕਾਰ ਤੋਂ ਹੋਟਲ ਸ਼ਿਵਾਲਿਕ ਪਾਸ ਕਰਵਾਇਆ। ਹੋਟਲ ਅੰਬੈਸਡਰ ਓਬਰਾਏ ਗਰੁਪ ਤੋਂ ਖਾਲੀ ਕਰਵਾਇਆ। ਪੰਚਾਇਤ ਭਵਨ ਵਿਚ ਆਧੁਨਿਕ ਸਹੂਲਤਾਂ ਦਾ ਪ੍ਰਬੰਧ ਕੀਤਾ। 28 ਅਪ੍ਰੈਲ 1983 ਨੂੰ ਉਨ੍ਹਾਂ ਨੇ ਸੰਯੁਕਤ ਸੰਚਾਲਕ ਲੋਕ ਸੰਪਰਕ ਵਿਭਾਗ ਦਾ ਚਾਰਜ ਸੰਭਾਲ ਲਿਆ। ਉਹ ਵਿਭਾਗ ਦੀ ਸਭ ਤੋਂ ਮਹੱਤਵਪੂਰਨ ਪ੍ਰੈਸ ਸ਼ਾਖਾ ਦਾ ਕੰਮ ਵੇਖਦੇ ਰਹੇ। ਭਾਰਤ ਸਰਕਾਰ ਨੇ ਇਕ ਵਧੀਕ ਡਾਇਰੈਕਟਰ ਦੀ ਅਸਾਮੀ ਪ੍ਰਵਾਨ ਕਰਕੇ ਭੇਜੀ,  ਜਿਸ ਉਪਰ ਉਨ੍ਹਾਂ ਨੂੰ ਸੀਨੀਅਰਟੀ ਅਨੁਸਾਰ ਨਿਯੁਕਤ ਕਰਨਾ ਸੀ ਪ੍ਰੰਤੂ ਉਸੇ ਆਈ ਐਸ ਅਧਿਕਾਰੀ ਨੇ ਰੋੜਾ ਅਟਕਾ ਦਿੱਤਾ। ਜਦੋਂ ਵਿਭਾਗ ਨੇ ਉਨ੍ਹਾਂ ਤੋਂ ਪ੍ਰੈਸ ਸ਼ਾਖਾ ਦਾ ਕੰਮ ਲੈ ਕੇ ਕਿਸੇ ਹੋਰ ਅਧਿਕਾਰੀ ਨੂੰ ਦੇ ਕੇ ਉਨ੍ਹਾਂ ਨੂੰ ਗੁੱਠੇ ਲਾਈਨ ਲਗਾ ਦਿੱਤਾ ਤਾਂ ਉਨ੍ਹਾਂ ਦੇ ਕੰਮ ਦੀ ਕਦਰ ਕਰਨ ਵਾਲੇ ਰਾਜਪਾਲ ਪੰਜਾਬ ਦੇ ਸਲਾਹਕਾਰ ਜੇ ਐਫ ਰਿਬੇਰੋ ਨੇ ਲਿਖਕੇ ਭੇਜਿਆ ਕਿ ਉਨ੍ਹਾਂ ਨੂੰ ਇਸੇ ਕੰਮ ਤੇ ਰਹਿਣ ਦਿੱਤਾ ਜਾਵੇ। ਇਹ ਵੀ ਲਿਖਿਆ ਕਿ ਇਤਨੇ ਮਿਹਨਤੀ ਅਧਿਕਾਰੀ ਤੋਂ ਕੰਮ ਲੈਣਾ ਚਾਹੀਦਾ ਹੈ, ਜਿਸਦਾ ਸਰਕਾਰ ਨੂੰ ਲਾਭ ਹੋਵੇਗਾ। ਪ੍ਰੰਤੂ ਉਸ ਆਈ ਏ ਐਸ ਅਧਿਕਾਰੀ ਨੇ ਆਪਣੀ ਕਿੜ ਕੱਢਣ ਲਈ ਉਹ ਨੋਟ ਦੱਬਕੇ ਰੱਖ ਲਿਆ। ਉਹ 31ਜਨਵਰੀ 1990 ਨੂੰ ਸੇਵਾ ਮੁਕਤ ਹੋ ਗਏ। ਵਰਿਆਮ ਸਿੰਘ ਢੋਟੀਆਂ ਦਾ ਵਿਆਹ ਮਹਿੰਦਰ ਕੌਰ ਨਾਲ ਹੋਇਆ। ਉਨ੍ਹਾਂ ਦੀਆਂ ਦੋ ਸਪੁੱਤਰੀਆਂ ਅਤੇ ਇਕ ਸਪੁੱਤਰ ਹੈ। ਉਨ੍ਹਾਂ ਆਪਣੇ ਬੱਚਿਆਂ ਨੂੰ ਉਚ ਪੜ੍ਹਾਈ ਕਰਵਾਈ। ਤਿੰਨੋ ਬੱਚੇ ਆਪੋ ਆਪਣੇ ਸਫਲ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਦਾ ਸਪੁੱਤਰ ਹਰਮਨਜੀਤ ਸਿੰਘ ਮੋਹਾਲੀ ਵਿਖੇ ਸਨਅਤਕਾਰ ਹੈ। ਉਨ੍ਹਾਂ ਦੀ ਵੱਡੀ ਬੇਟੀ ਪਰਮਜੀਤ ਕੌਰ ਐਮ ਏ ਹਿਸਟਰੀ ਹੈ ਜੋ ਅਧਿਆਪਕਾ ਹੈ। ਉਨ੍ਹਾਂ ਦਾ ਪਤੀ ਫੌਜ ਵਿਚੋਂ ਕਰਨਲ ਸੇਵਾ ਮੁਕਤ ਹੋਇਆ ਹੈ । ਹੁਣ ਪ੍ਰੈਜੀਡੈਂਟ ਅਤੇ ਸੀ ਈ ਓ ਡਿਫੈਂਸ ਐਂਡ ਐਰੋਸਪੇਸ ਭਾਰਤ ਫੋਰਜ ਕੰਪਨੀ ਵਿਚ ਹੈ। ਦੂਜੀ ਲੜਕੀ ਡਾ ਹਰਪ੍ਰੀਤ ਕੌਰ ਪੰਜਾਬੀ ਯੂਨੀਵਰਸਿਟੀ ਵਿਚ ਜੂਆਲੋਜੀ ਵਿਭਾਗ ਵਿਚ ਪ੍ਰੋਫੈਸਰ ਅਤੇ ਚੇਅਰਪਰਸਨ ਹੈ। ਉਨ੍ਹਾਂ ਦਾ ਪਤੀ ਮਾਈਨਿੰਗ ਵਿਚ  ਐਡੀਸ਼ਨਲ ਡਾਇਰੈਕਟਰ ਦੇ ਰੈਂਕ ਵਿਚ ਵਿਭਾਗ ਦਾ ਮੁੱਖੀ ਹੈ।
 
     ਵਰਿਆਮ ਸਿੰਘ ਢੋਟੀਆਂ ਆਪਣੇ ਸਮੇਂ ਦੇ ਚੰਗੇ ਕਹਾਣੀਕਾਰ ਸਨ। ਉਨ੍ਹਾਂ ਦੀਆਂ ਕਹਾਣੀਆਂ ਦੀਆਂ ਦੋ ਪੁਸਤਕਾਂ ‘‘ਜਦੋਂ ਹੱਦ ਹੋ ਗਈ’’ ਅਤੇ ‘‘ਸੁਪਨੇ ਅਤੇ ਪਰਛਾਵੇਂ’’ ਵੀ ਪ੍ਰਕਾਸ਼ਤ ਹੋਈਆਂ ਹਨ। ਜਦੋਂ ਉਹ ਨੌਕਰੀ ਵਿਚ ਸਨ ਤਾਂ ਉਸ ਅਧਿਕਾਰੀ ਜੋ ਉਸ ਸਮੇਂ ਮੁੱਖ ਸਕੱਤਰ ਸਨ ਦੇ ਪੰਜਾਬੀ ਵਿਰੋਧੀ ਹੋਣ ਬਾਰੇ ਲੇਖ ਲਿਖਿਆ, ਜਿਹੜਾ ਪੰਜਾਬੀ ਟਿ੍ਰਬਿਊਨ ਵਿਚ ਪ੍ਰਕਾਸ਼ਤ ਹੋਇਆ ਸੀ। ਫਿਰ ਉਸ ਅਧਿਕਾਰੀ ਨੂੰ ਕੇਂਦਰ ਵਿਚ ਡੈਪੂਟੇਸਨ ਤੇ ਭੇਜ ਦਿੱਤਾ ਗਿਆ। ਸੇਵਾ ਮੁਕਤੀ ਤੋਂ ਬਾਅਦ ਉਨ੍ਹਾਂ ਪੰਜਾਬੀ ਦੇ ਅਖ਼ਬਾਰਾਂ ਲਈ  ਲੇਖ ਲਿਖਦੇ ਹਨ,  ਜਿਹੜੇ ਵੱਖ-ਵੱਖ ਅਖ਼ਬਾਰਾਂ ਵਿਚ ਪ੍ਰਕਾਸ਼ਤ ਹੁੰਦੇ ਰਹਿੰਦੇ ਹਨ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ  

ਮੋਬਾਈਲ-94178 13072
ujagarsingh48@yahoo.co