ਸਿੱਖ ਸਿਧਾਂਤਾਂ ਦੀ ਕਸੌਟੀ 'ਤੇ ਸਿੱਖ ਲੀਡਰਸ਼ਿਪ  - ਜਸਵੰਤ ਸਿੰਘ 'ਅਜੀਤ'

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਜੇ ਗਹਿਨ ਅਧਿਅਨ ਕੀਤਾ ਜਾਏ ਤਾਂ ਇਹ ਗਲ ਸਪਸ਼ਟ ਰੂਪ ਵਿਚ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਗੁਰੂ ਸਾਹਿਬ ਨੇ ਆਪਣੀ ਬਾਣੀ ਵਿਚ ਸਮੇਂ ਦੀ ਸਮਾਜਕ, ਧਾਰਮਕ ਅਤੇ ਰਾਜਨੀਤਕ ਸਥਿਤੀ ਵਿਚ ਆਏ ਨਿਘਾਰ ਦਾ ਵਿਸਥਾਰ ਨਾਲ ਵਰਨਣ ਕਰਦਿਆਂ, ਉਸਦੇ ਲਈ, ਇਨ੍ਹਾਂ ਖੇਤਰਾਂ ਵਿਚ ਘਰ ਕਰ ਚੁਕੀਆਂ ਹੋਈਆਂ ਬੁਰਿਆਈਆਂ ਨੂੰ ਜ਼ਿਮੇਂਦਾਰ ਠਹਿਰਾਇਆ ਹੈ। ਉਨ੍ਹਾਂ ਨੇ ਅਜਿਹਾ ਕਰਦਿਆਂ ਆਪਣੀ ਬਾਣੀ ਵਿਚ ਕਈ ਅਟਲ ਸਚਿਆਈਆਂ ਬਿਆਨ ਕੀਤੀਆਂ ਹਨ। ਜੇ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਬਿਆਨ ਕੀਤੀਆਂ ਗਈਆਂ ਹੋਰ ਸਚਿਆਈਆਂ ਨੂੰ ਕਿਸੇ ਹੋਰ ਸਮੇਂ ਲਈ ਵਿਚਾਰਨ ਵਾਸਤੇ ਛਡ, ਕੇਵਲ ਇਕ ਸਚਾਈ, 'ਖਤਰੀਆਂ ਤਾਂ ਧਰਮ ਛੋਡਿਆ...' ਦੀ ਕਸੌਟੀ ਪੁਰ, ਉਨ੍ਹਾਂ ਵਰਤਮਾਨ ਸਿੱਖ ਆਗੂਆਂ ਦੇ ਆਚਰਣ ਨੂੰ ਪਰਖਿਆ ਜਾਏ, ਜੋ ਆਪਣੇ ਆਪ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੱਚੇ ਪੈਰੋਕਾਰ ਹੋਣ ਦਾ ਦਾਅਵਾ ਕਰਦਿਆਂ ਨਹੀਂ ਥਕਦੇ, ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਹ ਬਚਨ ਅਜ ਦੇ ਇਨ੍ਹਾਂ ਸਿੱਖ ਆਗੂਆਂ ਪੁਰ ਇੰਨ-ਬਿੰਨ ਢੁਕਦੇ ਨਜ਼ਰ ਆਉਣਗੇ ਹਨ।
ਇਹ ਆਪੇ ਬਣੇ ਸਿੱਖ ਆਗੂ ਇਕ ਪਾਸੇ ਤਾਂ ਅਖੌਤੀ ਡੇਰੇਦਾਰਾਂ ਅਤੇ ਸਾਧਾਂ-ਸੰਤਾਂ ਪੁਰ ਇਹ ਦੋਸ਼ ਲਾਉਂਦੇ ਰਹਿੰਦੇ ਹਨ ਕਿ ਉਹ ਆਪਣੇ ਗੁਰੂ-ਡੰਮ ਨੂੰ ਕਾਇਮ ਰਖਣ ਅਤੇ ਆਪਣੇ ਸੁਆਰਥ ਦੀ ਪੂਰਤੀ ਲਈ ਗੁਰਬਾਣੀ ਦੇ ਅਰਥਾਂ ਦੇ ਅਨਰਥ ਕਰ, ਉਸਦੀ ਗ਼ਲਤ ਵਿਆਖਿਆ ਕਰਦੇ ਹਨ ਅਤੇ ਦੂਜੇ ਪਾਸੇ ਉਹ ਆਪ, ਉਨ੍ਹਾਂ ਨਾਲੋਂ ਕਿਤੇ ਵੱਧ ਅਰਥਾਂ ਦੇ ਅਨਰਥ ਕਰ ਆਪਣੇ ਸੁਆਰਥ ਦੀ ਪੂਰਤੀ ਕਰਨ ਵਿਚ ਕੋਈ ਕਸਰ ਨਹੀਂ ਛੱਡਦੇ।
ਗੁਰੂ ਸਾਹਿਬਾਂ ਦੇ ਜੀਵਨ-ਕਾਰਜਾਂ ਦੇ ਨਾਲ ਸਬੰਧਤ ਪੁਰਬ ਮੰਨਾਉਂਦਿਆਂ, ਉਹ ਜਿਨ੍ਹਾਂ ਧਾਰਮਕ ਸਮਾਗਮਾਂ ਦਾ ਆਯੋਜਨ ਕਰਦੇ ਹਨ, ਉਨ੍ਹਾਂ ਸਮਾਗਮਾਂ ਵਿਚ ਉਹ ਬਾਹਵਾਂ ਉਲਾਰ-ਉਲਾਰ ਹਵਾ ਵਿਚ ਮੁੱਕੇ ਲਹਿਰਾਉਂਦਿਆਂ ਕੀਤੇ ਜਾਂਦੇ ਅਪਣੇ ਭਾਸ਼ਣਾ ਵਿਚ ਇਹ ਦਾਅਵਾ ਕਰਨ ਤੋਂ ਕੋਈ ਸੰਕੋਚ ਨਹੀਂ ਕਰਦੇਂ ਕਿ ਸਿੱਖ ਧਰਮ ਹੀ ਸੰਸਾਰ ਦਾ ਇਕੋ-ਇਕ ਅਜਿਹਾ ਧਰਮ ਹੈ, ਜੋ ਸਦਭਾਵਨਾ, ਸਾਂਝੀਵਾਲਤਾ, ਬਰਾਬਰਤਾ ਅਤੇ ਸਰਬਤ ਦੇ ਭਲੇ ਵਿਚ ਵਿਸ਼ਵਾਸ ਰਖਦਾ ਹੈ ਅਤੇ ਉਸੇ ਪਾਸ ਹੀ ਇਕੋ-ਇੱਕ ਅਜਿਹਾ ਧਰਮ-ਗ੍ਰੰਥ (ਸ੍ਰੀ ਗੁਰੂ ਗ੍ਰੰਥ ਸਾਹਿਬ) ਹੈ, ਜੋ ਸੁਚਜਾ ਜੀਵਨ ਜੀਣ ਲਈ ਕਿਸੇ ਇਕ ਫਿਰਕੇ ਜਾਂ ਜਾਤੀ ਦਾ ਨਹੀਂ, ਸਗੋਂ ਸਮੁਚੀ ਮਾਨਵਤਾ ਦਾ ਮਾਰਗ-ਦਰਸ਼ਨ ਕਰਦਾ ਹੈ।
ਉਨ੍ਹਾਂ ਦੇ ਇਨ੍ਹਾਂ ਦਾਅਵਿਆਂ ਪੁਰ ਸੁਆਲ ਉਠਾਇਆ ਜਾਂਦਾ ਹੈ ਕਿ ਕੀ ਅਜਿਹੇ ਦਾਅਵੇ ਕਰਨ ਵਾਲੇ ਸਿੱਖ ਆਗੂ ਆਪ ਗੁਰੂ ਸਾਹਿਬਾਨ ਵਲੋਂ ਦਰਸਾਏ ਮਾਰਗ-ਦਰਸ਼ਨ ਨੂੰ ਅਪਨਾ ਕੇ ਚਲ ਰਹੇ ਹਨ? ਕੀ ਉਹ ਸਵੇਰ-ਸ਼ਾਮ ਕੀਤੀ ਜਾਂਦੀ ਅਰਦਾਸ ਵਿਚ 'ਸਰਬਤ ਦੇ ਭਲੇ' ਦੀ ਕੀਤੀ ਜਾਂਦੀ ਮੰਗ ਪੁਰ ਦ੍ਰਿੜ੍ਹਤਾ ਨਾਲ ਪਹਿਰਾ ਦੇਣ ਪ੍ਰਤੀ ਇਮਾਨਦਾਰ ਜਾਂ ਵਚਨਬੱਧ ਰਹਿੰਦੇ ਹਨ? ਜਾਂ ਫਿਰ ਉਨ੍ਹਾਂ ਨੇ ਇਸਨੂੰ ਕੇਵਲ ਗੁਰਦੁਆਰਿਆਂ ਦੀ ਚਾਰ-ਦੀਵਾਰੀ ਤਕ ਹੀ ਸੀਮਤ ਕਰਕੇ ਰਖ ਦਿਤਾ ਹੋਇਆ ਹੈ?
ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ, ਜੋ ਸਮੇਂ-ਸਮੇਂ ਭਾਰਤੀ ਨਿਆਇ-ਪ੍ਰਣਾਲੀ ਦੇ ਨਾਲ ਹੀ ਸਿੱਖ ਰਾਜਨੀਤੀ ਅਤੇ ਧਰਮ ਪ੍ਰਤੀ ਆਪਣੇ ਆਲੋਚਨਾਤਮਕ ਵਿਚਾਰ ਪ੍ਰਗਟ ਕਰਦੇ ਰਹਿੰਦੇ ਹਨ, ਦੇ ਨਾਲ ਇਸ ਸਬੰਧ ਵਿਚ ਗਲ ਹੋਈ ਤਾਂ ਉਨ੍ਹਾਂ ਕਿਹਾ ਕਿ ਸਿੱਖਾਂ ਦੀਆਂ ਧਾਰਮਕ ਸੰਸਥਾਵਾਂ ਦੇ ਮੁਖੀ 'ਸਰਬਤ ਦੇ ਭਲੇ' ਦੇ ਨਾਂ ਤੇ ਕੇਵਲ 'ਆਪਣਾ' ਹੀ ਭਲਾ ਮੰਗਦੇ ਅਤੇ ਚਾਹੁੰਦੇ ਹਨ। ਅਰਦਾਸ ਕਰਦਿਆਂ ਅਤੇ ਸੁਣਦਿਆਂ ਭਾਵੇਂ ਉਨ੍ਹਾਂ ਦੀ ਜ਼ਬਾਨ ਤੇ 'ਸਰਬਤ ਦਾ ਭਲਾ' ਸ਼ਬਦ ਹੁੰਦੇ ਹਨ, ਪ੍ਰੰਤੂ ਉਨ੍ਹਾਂ ਦੇ ਦਿਲ ਵਿਚ ਕੇਵਲ 'ਨਿਜ ਭਲੇ' ਦੀ ਮੰਗ ਦੀ ਹੀ ਭਾਵਨਾ ਕੰਮ ਕਰ ਰਹੀ ਹੁੰਦੀ ਹੈ। ਉਹ ਧਾਰਮਕ ਸਮਾਗਮਾਂ ਵਿਚ ਬਾਹਵਾਂ ਉਲਾਰ-ਉਲਾਰ ਕੇ ਵਿਰੋਧੀਆਂ ਨੂੰ ਭੰਡਦਿਆਂ ਅਤੇ ਦੂਜੇ ਧਰਮਾਂ ਦੇ ਬਖੀਏ ਉਧੇੜਦਿਆਂ ਆਪਣੇ-ਆਪ ਦੇ ਅਤੇ ਆਪਣੇ ਧਰਮ ਦੇ ਸਰਵ-ਸ੍ਰੇਸ਼ਟ ਹੋਣ ਦਾ ਦਾਅਵਾ ਕਰਦਿਆਂ ਕੋਈ ਸ਼ਰਮ ਮਹਿਸੂਸ ਨਹੀਂ ਕਰਦੇ।
ਜਸਟਿਸ ਸੋਢੀ ਦਾ ਇਹ ਵੀ ਕਹਿਣਾ ਹੈ ਕਿ ਗੁਰੂ ਸਾਹਿਬਾਂ ਨੇ ਕਿਸੇ ਵੀ ਧਰਮ ਦੀ ਨਾ ਤਾਂ ਅਲੋਚਨਾ ਕੀਤੀ ਹੈ ਅਤੇ ਨਾ ਹੀ ਕਿਸੇ ਦਾ ਵਿਰੋਧ, ਨਿਖੇਧੀ ਜਾਂ ਨਿੰਦਿਆ ਹੀ ਕੀਤੀ ਹੈ। ਉਨ੍ਹਾਂ ਨੇ ਕੇਵਲ ਉਨ੍ਹਾਂ ਕਰਮ-ਕਾਂਡਾਂ ਅਤੇ ਪਖੰਡਾਂ ਦਾ ਵਿਰੋਧ ਕੀਤਾ, ਜਿਨ੍ਹਾਂ ਨੂੰ ਨਿਜ ਸੁਆਰਥ ਅਧੀਨ ਕੁਝ ਲੋਕਾਂ ਵਲੋਂ ਧਰਮ ਦਾ ਅੰਗ ਬਣਾ ਕੇ, ਭੋਲੇ-ਭਾਲੇ ਲੋਕਾਂ ਦਾ ਮਾਨਸਿਕ, ਆਰਥਕ ਅਤੇ ਭਾਵਨਾਤਮਕ ਸ਼ੋਸ਼ਣ ਕੀਤਾ ਜਾ ਰਿਹਾ ਸੀ। ਉਨ੍ਹਾਂ ਨੇ ਵਖ-ਵਖ ਧਰਮਾਂ ਦੀਆਂ ਮੂਲ ਮਾਨਤਾਵਾਂ ਅਤੇ ਪਰੰਪਰਾਵਾਂ ਦੀ ਕਦੀ ਵੀ ਨਿਖੇਧੀ ਨਹੀਂ ਕੀਤੀ। ਉਨ੍ਹਾਂ ਦਸਿਆ ਕਿ ਇਸਦਾ ਪ੍ਰਤੱਖ ਪ੍ਰਮਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਬਾ ਫਰੀਦ ਜੀ ਦੀ ਬਾਣੀ ਹੈ, ਜਿਸ ਵਿਚ ਮੁਸਲਮਾਣਾਂ ਨੂੰ ਸੱਚਾ ਮੁਸਲਮਾਣ ਬਣਨ ਅਤੇ ਆਪਣੀਆਂ ਧਾਰਮਕ ਮਾਨਤਾਵਾਂ ਦਾ ਪਾਲਣ ਇਮਾਨਦਾਰੀ ਨਾਲ ਕਰਨ ਦੀ ਪ੍ਰੇਰਨਾ ਦਿੱਤੀ ਗਈ ਹੋਈ ਹੈ।
ਉਨ੍ਹਾਂ ਨੇ ਇਹ ਵੀ ਦਸਿਆ ਕਿ ਸਿੱਖ ਇਤਿਹਾਸ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਸ ਜੰਞੂ ਨੂੰ ਪਾਣ ਤੋਂ ਇਨਕਾਰ ਕੀਤਾ ਸੀ, ਉਸੇ ਜੰਞੂ ਦੇ ਪਹਿਨਣ ਵਾਲਿਆਂ ਦੇ ਵਿਸ਼ਵਾਸ ਦੀ ਰਖਿਆ ਕਰਨ ਲਈ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਦਿੱਲੀ ਦੇ ਚਾਂਦਨੀ ਚੌਕ ਵਿਚ ਆਪਣੀ ਸ਼ਹਾਦਤ ਦੇ ਦਿੱਤੀ ਸੀ। ਜੋ ਇਸ ਗਲ ਦਾ ਪ੍ਰਮਾਣ ਹੈ ਕਿ ਗੁਰੂ ਸਾਹਿਬ ਹਰ ਵਿਅਕਤੀ ਦੇ ਧਾਰਮਕ ਵਿਸ਼ਵਾਸ ਦੀ ਆਜ਼ਾਦੀ ਦੇ ਇਛੁਕ ਸਨ। ਉਨ੍ਹਾਂ ਦੀ ਇੱਛਾ ਕੇਵਲ ਇਹ ਸੀ ਕਿ ਹਰ ਵਿਅਕਤੀ ਆਪਣੇ ਧਰਮ ਦੀਆਂ ਬੁਨਿਆਦੀ ਮਾਨਤਾਵਾਂ ਅਤੇ ਪਰੰਪਰਾਵਾਂ ਦੇ ਪਾਲਣ ਪ੍ਰਤੀ ਇਮਾਨਦਾਰ ਹੋਵੇ।

ਸਿੱਖ ਦੀ ਪਛਾਣ ਅਤੇ ਸਿੱਖ ਬੁਧੀਜੀਵੀ?: ਬੀਤੇ ਦਿਨੀਂ ਇੱਕ ਸਿੱਖ ਬੁਧੀਜੀਵੀ ਵਲੋਂ ਲਿਖਿਆ ਮਜ਼ਮੂਨ ਨਜ਼ਰਾਂ ਵਿਚੋਂ ਗੁਜ਼ਰਿਆ, ਜਿਸ ਵਿੱਚ ਉਨ੍ਹਾਂ ਨੇ 'ਸਿੱਖ ਦੀ ਪਛਾਣ' ਦੇ ਮੁੱਦੇ ਨੂੰ ਲੈ ਕੇ ਬਹੁਤ ਹੀ ਵਿਸਥਾਰ ਨਾਲ ਚਰਚਾ ਕੀਤੀ ਹੋਈ ਸੀ। ਉਹ ਲਿਖਦੇ ਹਨ, ਕਿ 'ਹਰ ਧਰਮ ਜਦੋਂ ਆਪਣੀ ਮੂਲ ਧਰਤੀ ਤੋਂ ਨਿਕਲ ਕੇ ਸੰਸਾਰ ਦੇ ਦੂਸਰੇ ਹਿਸਿਆਂ ਵਿੱਚ ਆਪਣਾ ਪਸਾਰ ਕਰਦਾ ਹੈ, (ਤਾਂ ਉਹ) ਆਪਣੇ ਰੂਪ ਵਿੱਚ ਬਦਲਾਉ ਲੈ ਆਉਂਦਾ ਹੈ। .....ਕੁਝ ਹਦ ਤਕ ਸਿੱਖੀ ਬਾਰੇ ਵੀ ਇਹੀ ਗਲ ਕਹੀ ਜਾ ਸਕਦੀ ਹੈ। ਬਾਈਬਲ, ਕੁਰਾਨ, ਗੀਤਾ ਵਾਂਗ ਗੁਰੂ ਗ੍ਰੰਥ ਸਾਹਿਬ ਸਿੱਖ ਵਿਚਾਰਧਾਰਾ ਦਾ ਮੂਲ ਤੱਤ ਹੈ। ਪਰ ਉਸ (ਸਿੱਖ) ਦਾ ਇੱਕ ਬਾਹਰਲਾ ਰੂਪ ਵੀ ਹੈ। ਕੁਝ ਰਹਿਤ ਮਰਿਆਦਾਵਾਂ ਹਨ, ਕੁਝ ਰਵਾਇਤਾਂ ਹਨ...'
ਉਹ ਹੋਰ ਲਿਖਦੇ ਹਨ, 'ਕੈਨੇਡਾ 'ਚ ਅਜਿਹੇ ਗੁਰਧਾਮ ਬਣੇ ਹੋਏ ਹਨ ਜਿਥੇ ਪਹਿਲੀ ਮੰਜ਼ਿਲ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਤੇ ਸ਼ਬਦ-ਕੀਰਤਨ ਹੁੰਦਾ ਹੈ ਤੇ ਥਲਵੀਂ ਮੰਜ਼ਿਲ 'ਤੇ ਮੇਜ਼-ਕੁਰਸੀਆਂ ਤੇ ਬਹਿ ਕੇ ਲੰਗਰ ਛਕਿਆ ਜਾਂਦਾ ਸੀ। ਪੰਗਤ ਵਿੱਚ ਬੈਠੀ ਸੰਗਤ ਨੂੰ ਲੰਗਰ ਵਰਤਾਉਣ ਦੀ ਥਾਂ ਅਜਿਹੀ ਵਿਵਸਥਾ ਉਭਰ ਆਈ ਕਿ ਕਾਉਂਟਰ ਪਿੱਛੇ ਖੜੇ 'ਸੇਵਾਦਾਰ' ਸਾਹਮਣੇ ਕਤਾਰ ਵਿੱਚ ਥਾਲੀ ਫੜੀ ਲੰਘਦੀ 'ਸੰਗਤ' ਨੂੰ 'ਲੰਗਰ' ਵਰਤਾਇਆ ਜਾਣ ਲਗ ਪਿਆ'।
ਇਸੇ ਮਜ਼ਮੂਨ ਵਿੱਚ ਉਹ ਵਿਦੇਸ਼ਾਂ ਵਿੱਚ ਸਿੱਖੀ ਸਰੂਪ ਨੂੰ ਲਗ ਰਹੀ ਢਾਹ ਦਾ ਜ਼ਿਕਰ ਕਰਦਿਆਂ ਲਿਖਦੇ ਹਨ, '(ਵਿਦੇਸ਼ਾਂ ਵਿੱਚ) ਸਿੱਖੀ ਦਾ ਕੇਸ-ਦਾੜ੍ਹੀ ਵਾਲਾ ਖ਼ਾਲਸਈ ਸਰੂਪ ਤੇਜ਼ੀ ਨਾਲ ਮੁਕਦਾ ਜਾ ਰਿਹਾ ਹੈ'। ਇਸੇ ਗਲ ਨੂੰ ਅੱਗੇ ਵਧਾਉਂਦਿਆਂ ਉਨ੍ਹਾਂ ਲਿਖਿਆ ਕਿ '...ਮੈਂ ਪੁਛਿਆ ਕੀ ਕੋਈ ਅਜਿਹੀ ਲਹਿਰ ਚਲ ਸਕਦੀ ਹੈ, ਜਿਸਦੇ ਪ੍ਰਭਾਵ ਨਾਲ ਪਤਤ ਹੋਏ ਸਿੱਖ ਮੁੜ ਸਿੱਖੀ ਸਰੂਪ ਧਾਰ ਲੈਣ? ਬਹੁਤਿਆਂ ਦਾ ਉੱਤਰ ਨਾਂਹ ਵਿੱਚ ਸੀ। '...ਮੇਰਾ ਸੁਝਾਅ ਸੀ ਕਿ ਜੇ ਆਪਣੇ ਆਪਨੂੰ ਸਿੱਖ ਸਦਵਾਉਣ ਵਾਲੇ ਸਾਰੇ ਲੋਕੀ ਆਪਣੇ ਹੱਥਾਂ ਵਿੱਚ ਕੜੇ ਪਾਈ ਰਖਣ ਤਾਂ ਇਨ੍ਹਾਂ ਦੀ ਕੁਝ ਪਛਾਣ ਤਾਂ ਬਣੀ ਰਹੇਗੀ। ਮੇਰਾ ਇਹ ਸੁਝਾਅ ਸਾਰਿਆਂ ਨੂੰ ਬੜਾ ਪਸੰਦ ਆਇਆ'।
ਸੰਬੰਧਤ ਲੇਖ ਦੇ ਉਪ੍ਰੋਕਤ ਅੰਸ਼, ਜੋ ਲੇਖ ਦਾ ਮੂਲ ਭਾਵ ਹਨ, ਪੜ੍ਹ ਕੇ ਦਿੱਲ ਵਿਚੋਂ ਇੱਕ ਹੂਕ ਜਿਹੀ ਉਠੀ ਅਤੇ ਹੈਰਾਨੀ ਵੀ ਹੋਈ ਕਿ ਜਿਥੇ ਇੱਕ ਪਾਸੇ ਸਿੱਖ ਬੁਧੀਜੀਵੀਆਂ ਦਾ ਇੱਕ ਵਰਗ ਸਿੱਖੀ ਨੂੰ ਉਸਦੀਆਂ ਮਾਨਤਾਵਾਂ, ਮਰਿਆਦਾਵਾਂ ਅਤੇ ਪਰੰਪਰਾਵਾਂ ਦੇ ਆਧਾਰ ਤੇ ਇੱਕ ਵਿਲਖਣ ਧਰਮ ਅਤੇ ਸੁਤੰਤਰ ਧਰਮ ਸਵੀਕਾਰਦਾ, ਉਸਦੀ ਸੁਤੰਤਰ ਹੋਂਦ ਅਤੇ ਉਸਦੇ ਪੈਰੋਕਾਰ, ਸਿੱਖਾਂ ਦੀ ਅੱਡਰੀ ਪਛਾਣ ਨੂੰ ਕਾਇਮ ਰਖਣ ਲਈ ਕੌਮ ਨੂੰ ਸੰਘਰਸ਼ ਵਿਢਣ ਲਈ ਪ੍ਰੇਰਿਤ ਕਰ ਰਿਹਾ ਹੈ, ਉਥੇ ਹੀ ਦੂਜੇ ਪਾਸੇ ਸਿੱਖ ਬੁਧੀਜੀਵੀਆਂ ਦਾ ਹੀ ਇੱਕ ਅਜਿਹਾ ਵਰਗ ਹੈ, ਜੋ ਸਿੱਖ ਧਰਮ ਅਤੇ ਇਤਿਹਾਸ ਦਾ ਸਭ ਤੋਂ ਵੱਧ ਜਾਣੂ ਹੋਣ ਦਾ ਦਾਅਵਾ ਕਰਦਾ, ਸਿੱਖ ਧਰਮ ਨੂੰ ਦੂਜਿਆਂ ਧਰਮਾਂ ਦੀ ਹੀ ਸ਼੍ਰੇਣੀ ਵਿੱਚ ਰਖ, ਉਨ੍ਹਾਂ ਦੇ ਸੰਘਰਸ਼ ਦੀਆਂ ਜੜ੍ਹਾਂ ਵਢਣ ਵਿੱਚ ਕੋਈ ਵੀ ਕਸਰ ਛਡਣ ਲਈ ਤਿਆਰ ਨਹੀਂ ਜਾਪਦਾ।


...ਅਤੇ ਅੰਤ ਵਿੱਚ: ਜਦੋਂ ਇਸ ਸੰਬੰਧ ਵਿੱਚ ਕੁਝ ਸਿੱਖ ਧਾਰਮਕ ਸ਼ਖਸੀਅਤਾਂ ਨਾਲ ਗਲ ਕੀਤੀ ਗਈ ਤਾਂ ਉਨ੍ਹਾਂ ਬਹੁਤ ਹੀ ਸੋਚ-ਵਿਚਾਰ ਉਪਰੰਤ ਕਿਹਾ ਕਿ ਇਹ ਸੋਚ ਕਿ ਸਿੱਖੀ-ਸਰੂਪ ਵਾਪਸ ਨਹੀਂ ਆ ਸਕਦਾ ਜਾਂ ਸਿੱਖਾਂ ਦੀ ਅੱਡਰੀ ਪਛਾਣ ਸਥਾਪਤ ਨਹੀਂ ਹੋ ਸਕਦੀ, ਇੱਕ ਨਿਰਾਸ਼ਾ ਭਰੀ ਸੋਚ ਹੈ, ਜਿਸਦੀ ਸਿੱਖੀ ਵਿੱਚ ਕੋਈ ਥਾਂ ਨਹੀਂ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਅਜਿਹੀ ਸੋਚ ਕੇਵਲ ਉਨ੍ਹਾਂ ਬੁਧੀਜੀਵੀਆਂ ਦੀ ਹੀ ਹੋ ਸਕਦੀ ਹੈ, ਜੋ ਸਿੱਖੀ ਦੀ ਮੂਲ ਤੱਥਾਂ ਅਤੇ ਗੁਰਬਾਣੀ ਦੀ ਡੂੰਘੀ ਵਿਚਾਰਧਾਰਾ ਨੂੰ ਸਮਝਣ ਲਈ ਮਿਹਨਤ ਕਰਨ ਨੂੰ ਤਿਆਰ ਨਹੀਂ।000

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085