ਰੁਖਾਂ ਦੀ ਜੀਰਾਂਦਿ - ਸਵਰਾਜਬੀਰ


ਕੇਂਦਰ ਸਰਕਾਰ ਦੁਆਰਾ ਬਣਾਏ ਗਏ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਰਾਜਸਥਾਨ ਦੇ ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ’ਤੇ ਬੈਠਿਆਂ ਨੂੰ ਤਿੰਨ ਮਹੀਨੇ ਹੋ ਗਏ ਹਨ। ਪੰਜਾਬ ਵਿਚ ਕਿਸਾਨਾਂ ਨੇ ਦਿੱਲੀ ਜਾਣ ਤੋਂ ਕਈ ਮਹੀਨੇ ਪਹਿਲਾਂ ਆਪਣਾ ਅੰਦੋਲਨ ਸ਼ੁਰੂ ਕਰ ਦਿੱਤਾ ਸੀ ਜਦੋਂ ਕੋਵਿਡ-19 ਮਹਾਮਾਰੀ ਦੇ ਫੈਲਣ ਦੀ ਦਹਿਸ਼ਤ ਨੇ ਲੋਕ-ਮਨ ’ਤੇ ਕਬਜ਼ਾ ਕੀਤਾ ਹੋਇਆ ਸੀ। ਇਹ ਲੰਮਾ ਸੰਘਰਸ਼ ਜਿੱਥੇ ਕਿਸਾਨਾਂ ਦੇ ਸਿਰੜ, ਸਿਦਕ, ਸਬਰ ਤੇ ਸੰਜਮ ਦੀ ਸ਼ਾਹਦੀ ਭਰਦਾ ਹੈ, ਉੱਥੇ ਕਈ ਮਹੱਤਵਪੂਰਨ ਪ੍ਰਸ਼ਨ ਵੀ ਖੜ੍ਹੇ ਕਰਦਾ ਹੈ।
        ਇਸ ਅੰਦੋਲਨ ਦਾ ਸਭ ਤੋਂ ਮਹੱਤਵਪੂਰਨ ਪੱਖ ਸਾਨੂੰ ਇਹ ਦੱਸਣਾ ਹੈ ਕਿ ਅੱਜ ਦੇ ਖ਼ਪਤਕਾਰੀ ਅਤੇ ਲਾਲਚ ਭਰੇ ਯੁੱਗ ਵਿਚ ਮਨੁੱਖ ਲੰਮੇ ਸਮੇਂ ਲਈ ਸੰਘਰਸ਼ ਕਰ ਸਕਦਾ ਹੈ। ਇਨ੍ਹਾਂ ਸਮਿਆਂ ਵਿਚ ਮਨੁੱਖ ਦੇ ਮਨੁੱਖਤਾ ਅਤੇ ਸੰਘਰਸ਼ ਪ੍ਰਤੀ ਵਿਸ਼ਵਾਸ ਬਹੁਤ ਬੁਰੀ ਤਰ੍ਹਾਂ ਤਿੜਕੇ ਹਨ। ਸਾਡੇ ਮਨਾਂ ਵਿਚ ਜ਼ਿੰਦਗੀ ਬਾਰੇ ਇਹ ਧਾਰਨਾ ਬਣ ਗਈ ਹੈ ਕਿ ਜ਼ਿੰਦਗੀ ਸਮਝੌਤਾਵਾਦੀ ਤਰੀਕੇ ਨਾਲ ਹੀ ਜੀਵੀ ਜਾ ਸਕਦੀ ਹੈ ਅਤੇ ਇਸ ਤੋਂ ਬਿਨਾਂ ਕੋਈ ਚਾਰਾ ਨਹੀਂ; ਬੰਦੇ ਦਾ ਭਲਾ ਇਸੇ ਵਿਚ ਹੈ ਕਿ ਸੱਤਾਧਾਰੀ ਤਾਕਤਾਂ ਸਾਹਮਣੇ ਨਿਵ ਕੇ ਰਹੇ। ਇਨ੍ਹਾਂ ਸਮਿਆਂ ਵਿਚ ਇਹ ਸੰਘਰਸ਼ ਆਸ ਦੀ ਨਵੀਂ ਕਿਰਨ ਵਾਂਗ ਹੈ। ਕਿਸਾਨਾਂ ਦੀ ਦਰਵੇਸ਼ਾਂ ਜਿਹੀ ਜੀਵਟਤਾ ਅਤੇ ਜੀਰਾਂਦ ਸ਼ੇਖ ਫ਼ਰੀਦ ਦੇ ਬੋਲ ਯਾਦ ਕਰਾਉਂਦੀ ਹੈ, ‘‘ਦਰਵੇਸਾਂ ਨੋ ਲੋੜੀਐ ਰੁਖਾਂ ਦੀ ਜੀਰਾਂਦਿ।।’’ ਭਾਵ ਦਰਵੇਸ਼ਾਂ ਵਿਚ ਰੁੱਖਾਂ ਜਿਹਾ ਧੀਰਜ ਅਤੇ ਸਹਿਣਸ਼ੀਲਤਾ ਹੋਣੀ ਚਾਹੀਦੀ ਹੈ। ਕਿਸਾਨਾਂ ਦੀ ਸਹਿਣਸ਼ੀਲਤਾ ਅਤੇ ਦੁੱਖ ਸਹਿਣ ਦੀ ਸ਼ਕਤੀ ਨੇ ਨਵਾਂ ਇਤਿਹਾਸ ਰਚਿਆ ਹੈ। 200 ਤੋਂ ਵੱਧ ਕਿਸਾਨ ਇਸ ਅੰਦੋਲਨ ਦੌਰਾਨ ਸ਼ਹੀਦ ਹੋਏ ਅਤੇ ਲੱਖਾਂ ਪਰਿਵਾਰਾਂ ਨੇ ਔਕੜਾਂ ਝੱਲੀਆਂ ਹਨ।
       ਸਵਾਲ ਇਹ ਹੈ ਕਿ ਮਨੁੱਖ ਲੰਮੇ ਸਮੇਂ ਲਈ ਸੰਘਰਸ਼ ਕਦੋਂ ਕਰਦਾ ਹੈ। ਇਸ ਸਵਾਲ ਦੇ ਕਈ ਜਵਾਬ ਹੋ ਸਕਦੇ ਹਨ ਪਰ ਬੁਨਿਆਦੀ ਤੌਰ ’ਤੇ ਮਨੁੱਖ ਉਦੋਂ ਹੀ ਲੰਮੇ ਸਮੇਂ ਲਈ ਸੰਘਰਸ਼ ਲਈ ਨਿੱਤਰਦਾ ਹੈ ਜਦੋਂ ਸੱਤਾ ਉਸ ਦੀ ਹੋਂਦ ਨੂੰ ਵੰਗਾਰਦੀ ਹੈ, ਉਸ ਨੂੰ ਹੀਣਾ ਅਤੇ ਨਿਤਾਣਾ ਬਣਾ ਦੇਣਾ ਚਾਹੁੰਦੀ ਹੈ। ਕਿਸਾਨਾਂ ਨੂੰ ਵੀ ਇਹ ਮਹਿਸੂਸ ਹੋਇਆ ਕਿ ਪ੍ਰਸ਼ਨ ਸਿਰਫ਼ ਖੇਤੀ ਕਾਨੂੰਨਾਂ ਜਾਂ ਬਿਜਲੀ ਬਿੱਲ ਦਾ ਨਹੀਂ, ਪ੍ਰਸ਼ਨ ਤਾਂ ਉਨ੍ਹਾਂ ਦੀ ਹੋਂਦ ਦਾ ਹੈ, ਉਨ੍ਹਾਂ ਦੀ ਜੀਵਨ-ਜਾਚ ਨੂੰ ਬਰਬਾਦ ਕਰਨ ਅਤੇ ਮਿਟਾਉਣ ਦਾ ਹੈ। ਕਿਸਾਨਾਂ ਨੇ ਇਕ ਜੀਵੰਤ ਭਾਈਚਾਰੇ ਵਜੋਂ ਇਹ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ ਵੰਗਾਰਿਆ ਗਿਆ ਹੈ।
      ਇਸ ਅੰਦੋਲਨ ਨੇ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਦੀ ਵਧਦੀ ਤਾਕਤ ਅਤੇ ਉਨ੍ਹਾਂ ਦੁਆਰਾ ਥੋਪੀ ਜਾ ਰਹੀ ਤਰਜ਼-ਏ-ਜ਼ਿੰਦਗੀ ਦੇ ਵਿਰੁੱਧ ਲੜਨ ਵਾਲੇ ਮੋਹਰੀ ਹੀ ਨਹੀਂ ਬਣਾਇਆ ਸਗੋਂ ਉਨ੍ਹਾਂ ਨੂੰ ਸਾਂਝੀਵਾਲਤਾ ਦੇ ਮਹਾਂ-ਸਰੋਵਰ ਵਿਚ ਇਸ਼ਨਾਨ ਵੀ ਕਰਾਇਆ ਹੈ। ਕਿਸਾਨਾਂ ਵਿਚ ਇਹ ਚੇਤਨਾ ਪ੍ਰਮੁੱਖ ਹੈ ਕਿ ਉਹ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ ਪਰ ਨਾਲ-ਨਾਲ ਉਨ੍ਹਾਂ ਵਿਚ ਇਹ ਧਾਰਨਾ ਵੀ ਵੱਡੀ ਪੱਧਰ ’ਤੇ ਪਣਪੀ ਹੈ ਕਿ ਉਨ੍ਹਾਂ ਨੂੰ ਹੋਰ ਵਰਗਾਂ ਦੇ ਲੋਕਾਂ ਨੂੰ ਆਪਣੇ ਨਾਲ ਲੈਣਾ ਅਤੇ ਉਨ੍ਹਾਂ ਦੇ ਹੱਕਾਂ ਲਈ ਵੀ ਬੋਲਣਾ ਪਵੇਗਾ। ਸੰਘਰਸ਼ ਦੇ ਤਜਰਬੇ ਰਾਹੀਂ ਪਣਪ ਰਹੀ ਸਾਂਝੀਵਾਲਤਾ ਦਾ ਇਹ ਜਲੌਅ ਕਿਸਾਨ ਅੰਦੋਲਨ ਦੀ ਮੁੱਖ ਪ੍ਰਾਪਤੀ ਹੈ। ਇਹ ਸੰਘਰਸ਼ ਕਿਸਾਨਾਂ ਦੇ ਸੋਚਣ ਦੇ ਤਰੀਕਿਆਂ ਨੂੰ ਵੀ ਬਦਲ ਰਿਹਾ ਹੈ। ਇਸ ਵਿਚ ਸਮਾਜ ਵਿਚ ਵੱਡੀਆਂ ਤਬਦੀਲੀਆਂ ਦਾ ਵਾਹਕ ਬਣਨ ਦੀਆਂ ਸੰਭਾਵਨਾਵਾਂ ਹਨ। ਔਰਤਾਂ ਦਾ ਇਸ ਸੰਘਰਸ਼ ਵਿਚ ਸ਼ਾਮਲ ਹੋਣਾ ਸਮਾਜ ਵਿਚ ਆ ਰਹੇ ਬਦਲਾਉ ਦੇ ਸੰਕੇਤ ਦਿੰਦਾ ਹੈ। ਨੌਜਵਾਨ ਇਸ ਸੰਘਰਸ਼ ਵਿਚ ਵਹੀਰਾਂ ਘੱਤ ਕੇ ਪਹੁੰਚ ਰਹੇ ਹਨ। ਉਨ੍ਹਾਂ ਨੇ ਇਸ ਅੰਦੋਲਨ ਨੂੰ ਵੇਗ ਅਤੇ ਜੋਸ਼ ਨਾਲ ਭਰਿਆ ਹੈ। ਸਨਅਤੀ ਅਤੇ ਖੇਤ-ਮਜ਼ਦੂਰ ਇਸ ਅੰਦੋਲਨ ਦੀ ਹਮਾਇਤ ਵਿਚ ਨਿੱਤਰੇ।
       ਇਸ ਅੰਦੋਲਨ ਨੇ ਲੇਖਕਾਂ, ਕਲਾਕਾਰਾਂ, ਚਿੰਤਕਾਂ ਅਤੇ ਵਿਦਵਾਨਾਂ ਨੂੰ ਝੰਜੋੜਿਆ ਹੈ, ਬਹੁਤ ਸਾਰੇ ਸੋਚਣਹਾਰਾਂ ਨੂੰ ਆਮ ਤੌਰ ’ਤੇ ਸਹੀ ਸਮਝੀ ਜਾ ਰਹੀ ਸਮਝੌਤਾਵਾਦੀ ਬਿਰਤੀ ਤੋਂ ਮੁਕਤ ਕਰਾਇਆ ਹੈ, ਮਾਹਿਰਾਂ ਅਤੇ ਵਿਦਵਾਨਾਂ ਨੂੰ ਇਹ ਅਹਿਸਾਸ ਕਰਾਇਆ ਹੈ ਕਿ ਸਰਕਾਰਾਂ ਅਤੇ ਕਾਰਪੋਰੇਟ ਘਰਾਣਿਆਂ ਦੇ ਸਿਰਜੇ ਜਾ ਰਹੇ ਵਿਕਾਸ ਦੇ ਬਿਰਤਾਂਤ ਦੇ ਖ਼ਿਲਾਫ਼ ਵਿਰੋਧੀ ਬਿਰਤਾਂਤ ਸਿਰਜੇ ਜਾ ਸਕਦੇ ਹਨ, ਕਲਾ ਸੁਹਜ ਦੇ ਨਾਲ-ਨਾਲ ਸੰਘਰਸ਼ਸ਼ੀਲ ਸਰੀਰਾਂ ਅਤੇ ਰੂਹਾਂ ਦੀ ਸਾਂਝੀਵਾਲ ਬਣ ਸਕਦੀ ਹੈ। ਇਸ ਤਰ੍ਹਾਂ ਇਸ ਅੰਦੋਲਨ ਨੇ ਚਿੰਤਨ ਅਤੇ ਸਿਰਜਣਾ ਨੂੰ ਨਵੇਂ ਦਿਸਹੱਦੇ ਦਿੱਤੇ ਹਨ।
       ਇਨ੍ਹਾਂ ਪ੍ਰਾਪਤੀਆਂ ਦੇ ਨਾਲ-ਨਾਲ ਕਿਸਾਨ ਅੰਦੋਲਨ ਕਈ ਪੜਾਅ ਤੈਅ ਕਰਦਾ ਹੋਇਆ ਆਪਣੀ ਨੈਤਿਕ ਜਿੱਤ ਦਰਜ ਕਰਾ ਚੁੱਕਾ ਹੈ। ਇਸ ਸੰਘਰਸ਼ ਨੇ ਸੱਤਾਧਾਰੀ ਪਾਰਟੀ ਦੀ ਉਸ ਵਿਚਾਰਧਾਰਾ, ਜਿਹੜੀ ਵੱਡੀ ਪੱਧਰ ’ਤੇ ਦੇਸ਼ ਦੀ ਲੋਕ-ਆਤਮਾ ਨੂੰ ਬੰਦੀ ਬਣਾਉਣ ਵਿਚ ਕਾਮਯਾਬ ਹੋਈ ਹੈ, ਨੂੰ ਵਿਆਪਕ ਚੁਣੌਤੀ ਦਿੱਤੀ। ਭਾਰਤੀ ਜਨਤਾ ਪਾਰਟੀ ਆਪਣੀ ਸੰਕੀਰਨ ਵਿਚਾਰਧਾਰਾ ਨੂੰ ਕੌਮੀ ਚੇਤਨਾ ਅਤੇ ਲੋਕ-ਧਰਮ ਵਿਚ ਬਦਲਦੇ ਵੇਖਣਾ ਚਾਹੁੰਦੀ ਹੈ। ਉਹ ਇਸ ਲਈ ਲਗਾਤਾਰ ਕੰਮ ਵੀ ਕਰਦੀ ਰਹੀ ਅਤੇ ਕਰ ਰਹੀ ਹੈ। ਕਿਸਾਨ ਸੰਘਰਸ਼ ਵਿਚਲੀ ਚਿੰਤਨ-ਧਾਰਾ ਲੋਕਾਂ ਵਿਚ ਏਕਤਾ ਕਾਇਮ ਕਰਨ ਅਤੇ ਵੰਡੀਆਂ ਮਿਟਾਉਣ ਵਾਲੀ ਹੈ। ਅਜਿਹੀ ਚੇਤਨਾ ਹੀ ਫ਼ਿਰਕੂ ਵਿਚਾਰਧਾਰਾ ਦੇ ਬਣਾਏ ਜਮੂਦ ਨੂੰ ਤੋੜਨ ਦੀ ਨੀਂਹ ਰੱਖ ਸਕਦੀ ਹੈ।
       ਇਸ ਸਭ ਕੁਝ ਦਾ ਮਤਲਬ ਇਹ ਨਹੀਂ ਨਿਕਲਦਾ ਕਿ ਕਿਸਾਨ ਸੰਘਰਸ਼ ਨੇ ਆਪਣੇ ਆਪ ਜੇਤੂ ਹੋ ਜਾਣਾ ਹੈ। ਇਹ ਜ਼ਿੰਮੇਵਾਰੀ ਕਿਸਾਨ ਜਥੇਬੰਦੀਆਂ ਅਤੇ ਆਗੂਆਂ ਦੀ ਹੈ ਜਿਨ੍ਹਾਂ ਇਸ ਅੰਦੋਲਨ ਦੇ ਵੱਖ-ਵੱਖ ਪੜਾਵਾਂ ’ਤੇ ਅਕਹਿ ਸੰਜਮ ਅਤੇ ਸਹੀ ਫ਼ੈਸਲੇ ਲੈਣ ਦੀ ਸਮਰੱਥਾ ਦਿਖਾਈ ਹੈ। ਆਪਣੀ ਏਕਤਾ ਬਣਾਈ ਰੱਖਣਾ, ਸੰਘਰਸ਼ ਵਿਚ ਸ਼ਾਮਲ ਸਭ ਧਿਰਾਂ ਦੀ ਆਵਾਜ਼ ਅਤੇ ਭਾਵਨਾਵਾਂ ਨੂੰ ਸਮਝਣਾ ਅਤੇ ਅੰਦੋਲਨ ਨੂੰ ਸ਼ਾਂਤਮਈ ਮਹਾਂ-ਮਾਰਗ ’ਤੇ ਚੱਲਦੇ ਰੱਖਣਾ ਵੱਡੀਆਂ ਚੁਣੌਤੀਆਂ ਹਨ। 26 ਜਨਵਰੀ ਨੂੰ ਕੁਝ ਹੁੱਲੜਬਾਜ਼ਾਂ ਦੀ ਕਾਰਵਾਈ ਨੇ ਅੰਦੋਲਨ ਵਿਚ ਕੁਝ ਵਿਘਨ ਜ਼ਰੂਰ ਪਾਇਆ ਸੀ ਪਰ ਕਿਸਾਨ ਆਗੂਆਂ ਦੀ ਸਮੂਹਿਕ ਅਗਵਾਈ ਕਾਰਨ ਅੰਦੋਲਨ ਨਾ ਤਾਂ ਥਿੜਕਿਆ ਅਤੇ ਨਾ ਹੀ ਕਿਸਾਨ-ਵਿਰੋਧੀ ਤਾਕਤਾਂ ਇਹ ਸਾਬਤ ਕਰਨ ਵਿਚ ਸਫ਼ਲ ਹੋ ਸਕੀਆਂ ਕਿ ਲਾਲ ਕਿਲੇ ਵਿਚ ਹੋਈਆਂ ਘਟਨਾਵਾਂ ਅੰਦੋਲਨ ਦਾ ਅਸਲੀ ਅਕਸ ਹਨ।
        ਦੂਸਰੇ ਪਾਸੇ ਰਿਆਸਤੀ ਹਿੰਸਾ ਅਮਲੀ ਤੇ ਸੂਖ਼ਮ ਰੂਪ ਵਿਚ ਵੱਡੇ ਪੱਧਰ ’ਤੇ ਜਾਰੀ ਹੈ। ਕਿਸਾਨ ਆਗੂਆਂ ਵਿਰੁੱਧ ਕੇਸ ਦਰਜ ਕੀਤੇ ਗਏ ਹਨ, ਕਈਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਕਈਆਂ ਨੂੰ ਨੋਟਿਸ ਭੇਜੇ ਗਏ ਹਨ। 26 ਜਨਵਰੀ ਅਤੇ ਉਸ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਬਹੁਤ ਸਾਰੇ ਲੋਕਾਂ ਦਾ ਵੀ ਲਾਲ ਕਿਲੇ ਦੀਆਂ ਘਟਨਾਵਾਂ ਨਾਲ ਨਾ ਤਾਂ ਕੋਈ ਸਬੰਧ ਸੀ ਅਤੇ ਨਾ ਹੀ ਅੰਦੋਲਨਕਾਰੀਆਂ ਨੇ ਕੋਈ ਹਿੰਸਾਤਮਕ ਕਾਰਵਾਈ ਕੀਤੀ। ਇਸ ਦੇ ਨਾਲ-ਨਾਲ ਅਖ਼ਬਾਰਾਂ ਅਤੇ ਟੈਲੀਵਿਜ਼ਨ ਚੈਨਲਾਂ ਦੇ ਵੱਡੇ ਹਿੱਸਿਆਂ ਵਿਚ ਖੇਤੀ ਕਾਨੂੰਨਾਂ ਦੇ ਹੱਕ ਵਿਚ ਬਿਰਤਾਂਤ ਜਾਰੀ ਹੈ। ਕਿਸਾਨ-ਵਿਰੋਧੀ ਤਾਕਤਾਂ ਨੇ ਇਸ ਅੰਦੋਲਨ ਨੂੰ ਕਈ ਵਾਰ ਅਤਿਵਾਦੀ ਅਤੇ ਕਈ ਵਾਰ ਨਕਸਲੀ, ਕਈ ਵਾਰ ਅਮੀਰ ਕਿਸਾਨਾਂ ਦਾ ਅੰਦੋਲਨ ਅਤੇ ਕਈ ਵਾਰ ਇਕੱਲੇ ਪੰਜਾਬ ਦਾ ਅੰਦੋਲਨ ਦਰਸਾਉਣ ਦੇ ਵੱਡੇ ਯਤਨ ਕੀਤੇ ਹਨ। ਅਜਿਹੇ ਯਤਨਾਂ ਵਿਚ ਕਿਸਾਨਾਂ ਦੇ ਸੰਘਰਸ਼ ਨੂੰ ਛੁਟਿਆਉਣ ਅਤੇ ਤੁੱਛ ਠਹਿਰਾਉਣ ਦੀ ਸੂਖ਼ਮ ਹਿੰਸਾ ਪ੍ਰਤੱਖ ਦਿਖਾਈ ਦਿੰਦੀ ਹੈ।
       ਕਿਸਾਨ ਅੰਦੋਲਨ ਨੇ ਕਾਰਪੋਰੇਟ ਆਧਾਰਿਤ ਵਿਕਾਸ ਮਾਡਲ ਨੂੰ ਵੱਡੀ ਚੁਣੌਤੀ ਦਿੱਤੀ ਹੈ। ਬਸਤੀਵਾਦ ਹੇਠ ਗ਼ੁਲਾਮੀ ਭੋਗ ਚੁੱਕੇ ਮੁਲਕਾਂ ਨੇ ਜ਼ਿਆਦਾ ਕਰਕੇ ਬਸਤੀਵਾਦ ਦੌਰਾਨ ਭੋਗੇ ਵਿਕਾਸ ਮਾਡਲਾਂ ਨੂੰ ਅਪਣਾਇਆ ਅਤੇ ਆਜ਼ਾਦੀ ਤੋਂ ਬਾਅਦ ਤਾਕਤ ਵਿਚ ਆਈਆਂ ਜਮਾਤਾਂ ਨੇ ਬਸਤੀਵਾਦੀਆਂ ਵੱਲੋਂ ਖਾਲੀ ਕੀਤੇ ਸਥਾਨ ਨੂੰ ਹਥਿਆ ਲਿਆ। ਦੁਨੀਆਂ ਵਿਚ ਵਪਾਰ ਅਤੇ ਵਿਕਾਸ ਦਾ ਅਜਿਹਾ ਮਾਡਲ ਬਣਾਇਆ ਗਿਆ ਜਿਸ ਵਿਚ ਅਮਰੀਕਾ ਅਤੇ ਯੂਰੋਪ ਵਿਕਾਸ ਅਤੇ ਖੁਸ਼ਹਾਲੀ ਦਾ ਕੇਂਦਰ ਸਨ ਅਤੇ ਤੀਸਰੀ ਦੁਨੀਆਂ ਦੇ ਲੋਕਾਂ ਨੂੰ ਉਨ੍ਹਾਂ ’ਤੇ ਨਿਰਭਰ ਰਹਿਣਾ ਪਿਆ। ਚੀਨ, ਜਪਾਨ, ਦੱਖਣੀ ਕੋਰੀਆ ਆਦਿ ਨੇ ਵਣਜ, ਵਪਾਰ ਅਤੇ ਸਨਅਤੀਕਰਨ ਦੇ ਸ਼ੋਹਬਿਆਂ ਵਿਚ ਅਮਰੀਕਾ ਤੇ ਯੂਰੋਪ ਕੇਂਦਰਿਤ ਮਾਡਲ ਨੂੰ ਸੱਟ ਜ਼ਰੂਰ ਮਾਰੀ ਹੈ ਪਰ ਕਾਰਪੋਰੇਟ ਅਦਾਰੇ ਆਪਣੀ ਪੂੰਜੀ ਨੂੰ ਵਧਾਉਣ ਅਤੇ ਆਪਣੇ ਹੱਕ ਵਿਚ ਜਾਣ ਵਾਲੀ ਸੋਚ ਨੂੰ ਫੈਲਾਉਣ ਵਿਚ ਸਫ਼ਲ ਹੋਏ ਹਨ। ਇਸ ਰੁਝਾਨ ਨੇ ਆਰਥਿਕ ਅਸਮਾਨਤਾ ਵਧਾਈ ਹੈ ਅਤੇ ਕਰੋੜਾਂ ਲੋਕਾਂ ਨੂੰ ਭੁੱਖਮਰੀ ਅਤੇ ਬੇਰੁਜ਼ਗਾਰੀ ਵੱਲ ਧੱਕਿਆ ਹੈ। ਕਿਸਾਨ ਅੰਦੋਲਨ ਨੇ ਦੱਸਿਆ ਹੈ ਕਿ ਇਸ ਵੇਲੇ ਮਨੁੱਖਤਾ ਦਾ ਪਹਿਲਾ ਕਾਰਜ ਇਸ ਵਿਕਾਸ ਮਾਡਲ ਬਾਰੇ ਸੋਚਣਾ ਹੈ। ਅਲਜੀਰੀਆ ਦੇ ਚਿੰਤਕ ਫਰਾਂਜ ਫੈਨੋ ਨੇ ਬਸਤੀਵਾਦ ਤੋਂ ਆਜ਼ਾਦ ਹੋਏ ਦੇਸ਼ਾਂ ਨੂੰ ਆਪਣੇ ਦਿਹਾਤੀ ਖੇਤਰਾਂ ਦੇ ਵਿਕਾਸ ਨੂੰ ਤਰਜੀਹ ਦੇਣ ਦੀ ਸਲਾਹ ਦਿੱਤੀ ਸੀ।
       ਆਪਣੀ ਨੈਤਿਕ ਜਿੱਤ ਦੇ ਬਾਵਜੂਦ ਕਿਸਾਨ ਅੰਦੋਲਨ ਨੇ ਵੱਡੇ ਮਰਹਲੇ ਅਜੇ ਤੈਅ ਕਰਨੇ ਹਨ। ਕਿਸਾਨ ਆਗੂਆਂ ਨੂੰ ਸਿਰ-ਜੋੜ ਕੇ ਇਸ ਅੰਦੋਲਨ ਦੇ ਅਗਲੇ ਪੜਾਵਾਂ ਅਤੇ ਸੰਘਰਸ਼ ਦੀ ਰੂਪ-ਰੇਖਾ ਬਾਰੇ ਮੰਥਨ ਕਰਨਾ ਚਾਹੀਦਾ ਹੈ। ਅੰਦੋਲਨ ਦਾ ਖ਼ਾਸਾ ਸਰਕਾਰ ਨਾਲ ਗੱਲਬਾਤ ਕਰਨ ਅਤੇ ਸਰਕਾਰੀ ਧਿਰ ਸਾਹਮਣੇ ਕਿਸਾਨਾਂ ਦੀਆਂ ਦਲੀਲਾਂ ਨੂੰ ਸਹੀ ਠਹਿਰਾਉਣ ਦੀ ਬੌਧਿਕ ਮੁਸ਼ੱਕਤ ਕਰਨ ਦੀ ਮੰਗ ਕਰਦਾ ਹੈ। ਇਸ ਅੰਦੋਲਨ ਦੀ ਟੇਕ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਦੀ ਹਿੰਮਤ, ਜੇਰੇ, ਉਤਸ਼ਾਹ, ਸਬਰ, ਸੰਜਮ ਤੇ ਜੀਰਾਂਦ ’ਤੇ ਹੈ। ਅੰਦੋਲਨਾਂ ਵਿਚ ਇਹ ਜਜ਼ਬੇ ਜਥੇਬੰਦੀਆਂ ਦੇ ਲੋਕਾਂ ਨੂੰ ਅੰਦੋਲਿਤ ਕਰਨ ਦੇ ਢੰਗ-ਤਰੀਕਿਆਂ ਦੇ ਨਾਲ-ਨਾਲ ਆਪਮੁਹਾਰੇ ਵੀ ਪ੍ਰਗਟ ਹੁੰਦੇ ਹਨ। ਇਨ੍ਹਾਂ ਜਜ਼ਬਿਆਂ ਨੇ ਹੀ ਕਿਸਾਨ ਅੰਦੋਲਨ ਦੀ ਅਗਵਾਈ ਕੀਤੀ ਹੈ ਅਤੇ ਇਨ੍ਹਾਂ ਨੇ ਹੀ ਇਸ ਦੀ ਸਫ਼ਲਤਾ ਦੇ ਮੰਤਕ ਬਣਨਾ ਹੈ।
        ਸਮੇਂ ਦੇ ਨਾਲ ਇਸ ਅੰਦੋਲਨ ਨੇ ਆਪਣੇ ਤੈਅ ਕੀਤੇ ਮੁਕਾਮ ’ਤੇ ਪਹੁੰਚਣਾ ਹੈ। ਗੁਰੂ ਨਾਨਕ ਦੇਵ ਜੀ ਦਾ ਕਥਨ ਹੈ, ‘‘ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰਤਿ ਹੋਇ।।’’ ਭਾਵ ਜੇਕਰ ਬੀਜ ਮੁਕੰਮਲ ਹੋਵੇ ਤਾਂ ਮੁਨਾਸਬ ਮੌਸਮ ਵਿਚ ਜੰਮ ਪੈਂਦਾ ਹੈ। ਇਸ ਅੰਦੋਲਨ ਦਾ ਬੀਜ ਸਾਂਝੀਵਾਲਤਾ ’ਚੋਂ ਉਗਮਿਆ ਹੈ ਅਤੇ ਇਸ ਨੇ ਮੁਨਾਸਬ ਸਮਿਆਂ ’ਚ ਜਨਮ ਲਿਆ ਹੈ, ਇਸ ਦੇ ਮਹਾਂਬਿਰਖ ਨੂੰ ਫਲ ਪੈਣੇ ਹਨ, ਲੋੜ ਧੀਰਜ ਅਤੇ ਅੰਦੋਲਨ ਨੂੰ ਸ਼ਾਂਤਮਈ ਢੰਗ ਨਾਲ ਚਲਾਈ ਰੱਖਣ ਦੀ ਹੈ।