ਆਖ਼ਰ ਤੁਰ ਗਿਆ 'ਸੁਰਾਂ ਦਾ ਸਿਕੰਦਰ' .. - ਮਨਜਿੰਦਰ ਸਿੰਘ ਸਰੌਦ

ਸੰਗੀਤ ਦੀ ਫ਼ਿਜ਼ਾ ਅੰਦਰ 'ਸੰਦਲੀ ਪੌਣਾਂ' ਬਣ ਕੇ ਰੁਮਕਦੇ ਰਹਿਣਗੇ ਸਰਦੂਲ ਸਿਕੰਦਰ ਦੇ ਗਾਏ ਗੀਤ  

- ਲੰਘੇ ਦਿਨੀਂ ਮਲੇਰਕੋਟਲਾ ਨੇੜਲੇ ਇੱਕ ਛੋਟੇ ਜਿਹੇ ਪਿੰਡ ਅੰਦਰ ਸੂਫ਼ੀ ਕਲਾਕਾਰ ਸ਼ੌਕਤ ਅਲੀ ਮਤੋਈ ਦੇ ਵਿਛੋੜੇ ਤੇ ਅਫ਼ਸੋਸ ਕਰਨ ਦੇ ਲਈ ਉਨ੍ਹਾਂ ਦੇ ਪਿੰਡ ਪਹੁੰਚੇ ਪੰਜਾਬੀ ਮਾਂ ਬੋਲੀ ਦੇ ਪ੍ਰਸਿੱਧ ਕਲਾਕਾਰ ਤੇ ਸਹੀ ਮਾਅਨਿਆਂ ਵਿੱਚ ਪੰਜਾਬੀ ਗਾਇਕੀ ਨੂੰ ਪ੍ਰਣਾਏ ਤੇ ਹੰਢੇ ਹੋਏ ਗਵੱਈਏ ਸਰਦੂਲ ਸਿਕੰਦਰ ਨੂੰ ਵੇਖ ਲੱਗਦਾ ਨਹੀਂ ਸੀ ਕਿ ਉਹ ਇੰਨੀ ਛੇਤੀ ਇਸ ਦੁਨੀਆਂ ਨੂੰ ਅਲਵਿਦਾ ਆਖ ਉਸ ਦੁਨੀਆਂ ਦਾ ਹਿੱਸਾ ਜਾ ਬਣਨਗੇ ਜਿੱਥੋਂ ਕਦੇ ਕੋਈ ਵਾਪਸ ਨਹੀਂ ਮੁੜਿਆ । ਛੋਟੇ ਹੁੰਦਿਆਂ ਸਰਦੂਲ ਸਿਕੰਦਰ ਨੂੰ ਰੱਜ ਕੇ ਰੂਹ ਨਾਲ ਸੁਣਿਆ ਤੇ ਉਨ੍ਹਾਂ ਦੀ ਗਾਇਕੀ ਨੂੰ ਮਾਣਿਆ । 'ਤੜਕ ਭੜਕ ਤੇ ਚੱਕ ਲੋ ਧਰਲੋ' ਤੋਂ ਦੂਰ ਸਰਦੂਲ ਸਿਕੰਦਰ ਨੇ ਸਦਾ ਹੀ ਮਾਂ ਬੋਲੀ ਨੂੰ ਬਣਦਾ ਮਾਣ ਤੇ ਉੱਚਾ ਰੁਤਬਾ ਦੇਣ ਦੀ ਕੋਸ਼ਿਸ਼ ਕੀਤੀ ਸੀ ਆਪਣੇ ਗੀਤਾਂ ਜ਼ਰੀਏ ਤੇ 'ਸੰਗੀਤਕ ਸਮਝੌਤਿਆਂ' ਦੀ ਪਗਡੰਡੀ ਤੇ ਤੁਰਨਾ ਉਨ੍ਹਾਂ ਦੀ ਫ਼ਿਤਰਤ ਨਹੀਂ ਸੀ ।
               ਜਦ ਵੀ ਕਦੇ ਉਨ੍ਹਾਂ ਨਾਲ ਗੱਲ ਹੋਈ ਤਾਂ ਇਸ ਫ਼ਨਕਾਰ ਨੇ ਕਦੇ ਵੀ ਆਪਣੇ ਸ਼ਬਦਾਂ ਤੇ ਫੁਕਰਾਪੰਥੀ ਦਾ ਪਰਛਾਵਾਂ ਨਹੀਂ ਸੀ ਪੈਣ ਦਿੱਤਾ । ਨਹੀਂ ਤਾਂ ਇਸ ਰੁਤਬੇ ਤੇ ਪਹੁੰਚ ਕੇ ਬਹੁਤ ਸਾਰੇ ਕਲਾਕਾਰਾਂ ਦੇ ਪੈਰ ਧਰਤੀ ਨਾਲੋਂ ਗਿੱਠ ਉੱਚੇ ਹੋ ਜਾਂਦੇ ਨੇ । ਕਹਿੰਦੇ ਸਰਦੂਲ ਸਿਕੰਦਰ ਬੀਤੇ ਡੇਢ ਮਹੀਨੇ ਤੋਂ ਕੋਰੋਨਾ ਦੀ ਬਿਮਾਰੀ ਤੋਂ ਪੀੜਤ ਸੀ । ਉਨ੍ਹਾਂ ਨੇ ਲੰਬਾ ਸਮਾਂ ਹਸਪਤਾਲ ਅੰਦਰ ਜ਼ਿੰਦਗੀ ਤੇ ਮੌਤ ਦੇ ਦਰਮਿਆਨ ਜੰਗ ਲੜੀ ਤੇ ਆਖ਼ਰ ਹਜ਼ਾਰਾਂ ਚਹੇਤਿਆਂ ਦੇ ਦਿਲਾਂ ਨੂੰ ਜਿੱਤਣ ਵਾਲਾ ਇਹ ਸੱਭਿਆਚਾਰ ਦਾ ਅਸਲੀ ਵਾਰਸ ਜ਼ਿੰਦਗੀ ਦੀ ਜੰਗ ਹਾਰ ਗਿਆ । ਸਰਦੂਲ ਸਿਕੰਦਰ ਦੇ ਬਹੁਤ ਸਾਰੇ ਗਾਏ ਗੀਤ ਲੋਕ ਗੀਤਾਂ ਵਿੱਚ ਤਬਦੀਲ ਹੋ ਗਏ ਉਹ ਬਿਨਾਂ ਸ਼ੱਕ ਪੰਜਾਬੀ ਸੰਗੀਤ ਜਗਤ ਦਾ ਇੱਕ ਯੁੱਗ ਸਨ 'ਫੁੱਲਾਂ ਦੀਏ ਕੱਚੀਏ ਵਪਾਰਨੇ' , ਨਜ਼ਰਾਂ ਤੋਂ ਡਿੱਗਿਆਂ ਨੂੰ , ਤੇਰਾ ਲਿਖਦੂੰ ਸਫੈਦਿਆਂ ਤੇ ਨਾਂ ਸਮੇਤ ਬਹੁਤ ਸਾਰੇ ਗੀਤਾਂ ਨੂੰ ਵਿਸ਼ਵ ਪੱਧਰ ਤੇ ਵੱਡਾ ਮਾਣ ਮਿਲਿਆ l ਉਨ੍ਹਾਂ ਨੇ ਲੰਬਾ ਸਮਾਂ ਆਪਣੀ ਧਰਮ ਪਤਨੀ ਅਤੇ ਅਦਾਕਾਰਾ ਅਮਰ ਨੂਰੀ ਦੇ ਨਾਲ ਪੰਜਾਬੀ ਸੰਗੀਤ ਜਗਤ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ ।
          ਬਾਪੂ ਮਸਤਾਨਾ ਸਾਗਰ ਤੋਂ ਜ਼ਿੰਦਗੀ ਦੀਆਂ ਬਰੀਕੀਆਂ ਨੂੰ ਸਮਝ ਕੇ ਆਪਣੀ ਜ਼ਿੰਦਗੀ ਦੇ 6 ਦਹਾਕਿਆਂ ਨੂੰ ਪਾਰ ਕਰ ਚੁੱਕਿਆ ਇਹ ਅਲਬੇਲਾ ਗਵੱਈਆ ਜ਼ਿਲਾ ਫਤਿਹਗਡ਼੍ਹ ਸਾਹਿਬ ਦੇ ਪਿੰਡ ਖੇੜੀ ਨੌਧ ਸਿੰਘ ਦੇ ਨਾਲ ਸਬੰਧਤ ਸੀ ਅਤੇ ਰੈਣ ਬਸੇਰਾ ਅੱਜਕੱਲ੍ਹ ਖੰਨੇ ਸੀ । ਸਰਦੂਲ ਦੇ ਇਸ ਦੁਨੀਆਂ ਤੋਂ ਚਲੇ ਜਾਣ ਤੋਂ ਬਾਅਦ ਪੰਜਾਬੀ ਸੰਗੀਤ ਇੰਡਸਟਰੀ ਦੀ ਨਰਸਰੀ ਵਜੋਂ ਜਾਣੀ ਜਾਂਦੀ ਸ਼ਖ਼ਸੀਅਤ ਜਰਨੈਲ ਸਿੰਘ ਘੁਮਾਣ ਨੇ ਭਾਵੁਕ ਹੁੰਦਿਆਂ ਲੰਬਾ ਹਟਕੋਰਾ ਭਰ ਕੇ ਆਖਿਆ ਕਿ ਕਿੱਥੋਂ ਭਾਲਾਂਗੇ ਅਸੀਂ ਹੁਣ ਇਸ ਸੁਰਾਂ ਦੇ ਸਿਕੰਦਰ ਨੂੰ ਅਜਿਹੇ ਇਨਸਾਨ ਵਿਰਲੇ ਹੀ ਪੈਦਾ ਹੁੰਦੇ ਹਨ । ਬਿਨਾਂ ਸ਼ੱਕ ਉਹ ਛੋਟੇ ਅਤੇ ਵੱਡਿਆਂ ਦਾ ਸਾਂਝਾ ਕਲਾਕਾਰ ਸੀ ਜਿਸ ਨੇ ਸਿਵਾਏ ਸਮਾਜਿਕ ਰਿਸ਼ਤਿਆਂ ਤੇ ਸਰੋਕਾਰਾਂ ਨੂੰ ਪ੍ਰਣਾਈ ਗਾਇਕੀ ਤੋਂ ਇਲਾਵਾ ਕਦੇ ਵੀ 'ਸਮਝੌਤਿਆਂ' ਵੱਲ ਕਦਮ ਪੁੱਟ ਕੇ ਨਹੀਂ ਸੀ ਵੇਖਿਆ । ਸਰਦੂਲ ਨੇ ਲੰਮਾ ਸਮਾਂ ਆਪਣੀ ਜ਼ਿੰਦਗੀ ਅੰਦਰ ਸੰਘਰਸ਼ ਕੀਤਾ ਤੇ ਫਿਰ ਉਸ 'ਮਰਤਬੇ' ਨੂੰ ਪਾਇਆ ਜੋ ਵਿਰਲਿਆਂ ਨੂੰ ਹੀ ਹਾਸਲ ਹੁੰਦਾ ਹੈ । ਉਨ੍ਹਾਂ ਨੂੰ ਸਪੁਰਦ - ਏ -ਖ਼ਾਕ ਕੀਤੇ ਜਾਣ ਵੇਲੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਖੇੜੀ ਨੌਧ ਸਿੰਘ ਦੇ ਸਰਪੰਚ ਨੇ ਵੀ ਪਿਆਰ ਦੀ ਨਵੀਂ ਮਿਸਾਲ ਕਾਇਮ ਕਰਦਿਆਂ ਆਪਣੇ ਖੇਤ ਅੰਦਰ ਜਗ੍ਹਾ ਦੇ ਕੇ ਲੋਕਾਂ ਦਾ ਦਿਲ ਜਿੱਤ ਲਿਆ ਹੈ ।
        ਸਰਦੂਲ ਸਰਦੂਲ ਸਿਕੰਦਰ ਨੇ ਬਹੁਤ ਸਾਰੇ ਅਜਿਹੇ ਗੀਤਕਾਰਾਂ ਦੇ ਗੀਤਾਂ ਨੂੰ ਗਾ ਕੇ ਉਨ੍ਹਾਂ ਨੂੰ ਅਸਮਾਨ ਦੇ ਚਮਕਦੇ ਸਿਤਾਰੇ ਬਣਾਇਆ ਜੋ ਗਰਦਸ਼ ਦੀ ਹਨੇਰ ਭਰੀ ਜ਼ਿੰਦਗੀ ਜਿਉਂ ਰਹੇ ਸਨ ਮੈਂ ਆਪਣੇ ਵਰ੍ਹਿਆਂ ਦੇ ਲਿਖਣ ਦੇ ਸਫ਼ਰ ਦੌਰਾਨ ਬਹੁਤ ਅਜਿਹੇ ਘੱਟ ਫ਼ਨਕਾਰ ਦੇਖੇ ਨੇ ਜਿਨ੍ਹਾਂ ਦੇ ਵਿਛੋੜੇ ਤੇ ਲੋਕਾਂ ਨੇ ਧਾਹਾਂ ਮਾਰੀਆਂ ਹੋਣ , ਸਰਦੂਲ ਦੇ ਇਸ ਦੁਨੀਆਂ ਤੋਂ ਜਾਣ ਤੋਂ ਬਾਅਦ ਉਨ੍ਹਾਂ ਦੇ ਚਾਹੁਣ ਵਾਲਿਆਂ ਨੇ ਬੁੱਕਾਂ ਭਰ ਕੇ ਹੰਝੂ ਡੋਲ੍ਹੇ ਅਤੇ ਕਿੰਨਾ ਚਿਰ ਇਕਾਂਤ ਵਿਚ ਬੈਠ ਉਸ ਨੂੰ ਧੁਰ ਹਿਰਦੇ ਅੰਦਰੋਂ ਯਾਦ ਕੀਤਾ । ਭਾਵੇਂ ਹੁਣ ਉਹ ਸਰੀਰਕ ਤੌਰ ਤੇ ਇਸ ਦੁਨੀਆਂ ਵਿੱਚ ਨਹੀਂ ਰਹੇ ਪਰ ਉਨ੍ਹਾਂ ਦੇ ਗਾਏ ਹਜ਼ਾਰਾਂ ਗੀਤ ਇਸ ਸੰਗੀਤਕ ਧਰਤ ਦੀ ਸੰਦਲੀ ਫ਼ਿਜ਼ਾ ਅੰਦਰ 'ਪੌਣਾਂ ਬਣ ਕੇ ਰੁਮਕਦੇ' ਰਹਿਣਗੇ ਤੇ ਉਨ੍ਹਾਂ ਦੇ ਗਾਏ ਗੀਤਾਂ ਨੂੰ ਚਾਹੁਣ ਵਾਲੇ ਦਿਲ ਦੇ ਕੋਨੇ ਅੰਦਰ ਕਿਸੇ ਸੋਹਣੇ ਸੱਜਣ ਦੇ ਗਹਿਣੇ ਵਾਂਗਰਾਂ ਸਾਂਭ ਕੇ ਜ਼ਰੂਰ ਰੱਖਣਗੇ । ਅਲਵਿਦਾ ਸੁਰਾਂ ਦੇ ਸਿਕੰਦਰ ।
         ਮਨਜਿੰਦਰ ਸਿੰਘ ਸਰੌਦ
          9463463136