ਚਿੱਟੇ ਗੁਲਾਬ ਕਦੇ ਨਹੀਂ ਮਰਦੇ... - ਕੁਲਦੀਪ ਸਿੰਘ ਦੀਪ (ਡਾ.)

ਨਾਜ਼ੀ ਜਰਮਨੀ ਵਿਚ ਅਡੌਲਫ ਹਿਟਲਰ ਦੇ ਜ਼ੁਲਮਾਂ ਖ਼ਿਲਾਫ਼ ਹਾਂਸ ਅਤੇ ਸੋਫ਼ੀ ਸ਼ੋਲ ਨਾਂ ਦੇ ਭੈਣ-ਭਰਾ ਦੇ ‘ਚਿੱਟਾ ਗੁਲਾਬ ਇਨਕਲਾਬ’ ਸੰਗਠਨ ਨੇ ਲੋਕਾਂ ਨੂੰ ਜਾਗਰੂਕ ਕੀਤਾ। ਚਿੱਟਾ ਗੁਲਾਬ ਇਨਕਲਾਬ ਇਸ ਤੋਂ ਪਹਿਲਾਂ ਵੀ ਅਤੇ ਬਾਅਦ ਵੀ ਦੁਨੀਆਂ ਵਿਚ ਜਾਬਰ ਹਕੂਮਤਾਂ ਦੀ ਧੱਕੇਸ਼ਾਹੀ ਖ਼ਿਲਾਫ਼ ਉੱਠੇ ਇਨਕਲਾਬਾਂ ਦੀ ਲੰਮੀ ਲੜੀ ’ਚ ਸ਼ੁਮਾਰ ਹੈ।   
ਕੌਣ ਕਹਿੰਦਾ ਹੈ ਕਿ ਅਤੀਤ ਜਦ ਗੁਜ਼ਰ ਜਾਂਦਾ ਹੈ ਤਾਂ ਬਸ ਗੁਜ਼ਰ ਜਾਂਦਾ ਹੈ? ਬਿਲਕੁਲ ਨਹੀਂ। ਦਰਅਸਲ, ਹਰ ਗੁਜ਼ਰਿਆ ਪਲ ਤੁਹਾਡੇ ਅਵਚੇਤਨ ਦਾ ਹਿੱਸਾ ਬਣ ਕੇ ਸਦਾ ਲਈ ਤੁਹਾਡੀ ਜਮ੍ਹਾਂ ਪੂੰਜੀ ਬਣ ਜਾਂਦਾ ਹੈ ਤੇ ਪਰਛਾਵੇਂ ਵਾਂਗ ਤੁਹਾਡੇ ਸੁਚੇਤ ਮਨ ਦੀ ਕੰਧ ਦੇ ਪਿੱਛੇ ਲੁਕਿਆ ਰਹਿੰਦਾ ਹੈ। ਜਦ ਵੀ ਕੋਈ ਉਹੋ ਜਿਹੀ ਘਟਨਾ ਮੁੜ ਵਾਪਰਦੀ ਹੈ ਤਾਂ ਇਹ ਸੁਚੇਤ ਮਨ ਦੀ ਕੰਧ ਦੇ ਪਿੱਛੋਂ ਛਾਲ ਮਾਰ ਕੇ ਤੁਹਾਡੇ ਸਾਹਮਣੇ ਆ ਖਲੋਂਦਾ ਹੈ। ਇਸ ਪ੍ਰਸੰਗ ਵਿਚ ਅਜੋਕੇ ਸਮੇਂ ਵਿਚ ਵਾਪਰ ਰਹੀਆਂ ਘਟਨਾਵਾਂ ਨੂੰ ਵੀ ਦੇਖਿਆ ਜਾ ਸਕਦਾ ਹੈ।
         ਪਿਛਲੇ ਦਿਨਾਂ ਦੇ ਕਿਸਾਨ ਸੰਘਰਸ਼ ਦੇ ਪ੍ਰਸੰਗ ਵਿਚ ਸੁਰਖ਼ੀਆਂ ਵਿਚ ਰਹੇ ਚਰਚਿਤ ਚਿਹਰਿਆਂ ’ਤੇ ਨਜ਼ਰ ਮਾਰਿਆਂ ਰਿਆਨਾ, ਗਰੇਟਾ, ਮੀਨਾ ਅਤੇ ਖਲੀਫ਼ਾ ਤੋਂ ਬਾਅਦ ਨੌਦੀਪ ਦਾ ਚਿਹਰਾ ਸਾਡੇ ਸਾਹਮਣੇ ਆਉਂਦਾ ਹੈ ਜੋ ਆਪਣੀ ਅੰਤਰ-ਆਤਮਾ ਦੀ ਚੀਕ ਨਾਲ ਵਿਚਾਰਾਂ ਦੀ ਧੁੰਦ ਨੂੰ ਚੀਰਦੀ ਹੈ ਅਤੇ ਆਪਣੀ ਜੁਰੱਅਤ ਨਾਲ ਸੋਚਾਂ ਦੀ ਸੁੰਨ ਨੂੰ ਭੰਗ ਕਰਦੀ ਹੈ। ਅਜੇ ਨੌਦੀਪ ਦਾ ਲਟ-ਲਟ ਕਰ ਕੇ ਬਲਦਾ ਚਿਹਰਾ ਸਾਡੀਆਂ ਅੱਖਾਂ ਸਾਹਵੇਂ ਹੀ ਹੁੰਦਾ ਹੈ ਤੇ ਇਸ ਦੀ ਰੌਸ਼ਨੀ ਵਿੱਚੋਂ ਇਕ ਹੋਰ ਨਵਾਂ ਆਕਾਰ ਦਿਖਾਈ ਦੇਣ ਲੱਗਦਾ ਹੈ। ਇਹ ਆਕਾਰ ਬੰਗਲੁਰੂ ਦੀ 21 ਸਾਲਾ ਵਾਤਾਵਰਨ ਪ੍ਰੇਮੀ ਦਿਸ਼ਾ ਰਵੀ ਦਾ ਹੈ ਜਿਸ ਦੀ ‘ਵਾਇਆ ਗਰੇਟਾ’ ਧਰਤੀ ਪੁੱਤਰਾਂ ਨਾਲ ਰਿਸ਼ਤੇਦਾਰੀ ਪੈ ਗਈ ਅਤੇ ਉਸ ਨੇ ਕਿਸਾਨਾਂ ਦੇ ਹੱਕ ਵਿਚ ‘ਹਾਅ ਦਾ ਨਾਹਰਾ’ ਮਾਰ ਕੇ ਆਪਣੀ ਜਾਗਦੀ ਜ਼ਮੀਰ ਦਾ ਸਬੂਤ ਦਿੱਤਾ। ਜਾਗਦੀ ਜ਼ਮੀਰ ਵਾਲੇ ਲੋਕ ਹਰ ਦੌਰ ਵਿਚ ਸੱਤਾ ਦੀਆਂ ਅੱਖਾਂ ਵਿਚ ਰੋੜ ਵਾਂਗ ਰੜਕਦੇ ਹਨ। ਇਹ ਨਾ ਇੱਕਲੀ ਨੌਦੀਪ ਦਾ ਮਸਲਾ ਹੈ ਤੇ ਨਾ ਇੱਕਲੀ ਰਵੀ ਦਿਸ਼ਾ ਦਾ। ਇਹ ਤਾਂ ਯੁੱਗਾਂ-ਯੁੱਗਾਂ ਦੀ ਕਹਾਣੀ ਹੈ ਜਿਸ ਦੇ ਸਿਰੇ ਈਸਾ, ਸੁਕਰਾਤ ਤੇ ਮਨਸੂਰ ਤੱਕ ਪਹੁੰਚਦੇ ਹਨ। ਜੇ ਹੁਣ ਪਿਛਾਂਹ ਨੂੰ ਤੁਰ ਹੀ ਪਏ ਹਾਂ ਤਾਂ ਆਓ ਅਤੀਤ ਦੇ ਉਸ ਧੁੰਧਲਕੇ ਦੇ ਦੌਰ ’ਤੇ ਝਾਤ ਮਾਰੀਏ ਜਦ ਬੰਦੇ ਦਾ ‘ਬੰਦਾ’ ਹੋਣਾ ਹੀ ਗੁਨਾਹ ਬਣ ਗਿਆ ਸੀ, ਜਦ ਸੱਤਾ ਦਾ ਫੁਰਮਾਨ ਹੀ ਆਖ਼ਰੀ ਫੁਰਮਾਨ ਬਣ ਗਿਆ ਸੀ ਤੇ ਜਦ ਸ਼ਬਦਾਂ, ਚਿੱਤਰਾਂ, ਤੇ ਫੁੱਲਾਂ ਦੀ ਭਾਸ਼ਾ ਨੂੰ  ਕਤਲ ਕਰਕੇ ਸਿਰਫ਼ ਦਹਿਸ਼ਤ ਦੀ ਭਾਸ਼ਾ ਨਾਲ ਹੀ ਤਵਾਰੀਖ਼ ਦਾ ਹਰ ਸਫ਼ਾ ਲਿਖਿਆ ਗਿਆ ਸੀ। ਉਹ ਸੱਤਾ ਦੇ ਚਿੱਕੜ ਵਿਚ ਖਿੜੇ ‘ਚਿੱਟੇ ਗੁਲਾਬਾਂ’ ਦਾ ਦੌਰ ਸੀ।
          ਕਥਾ ਦਾ ਆਗਾਜ਼ ਵੀਹਵੀਂ ਸਦੀ ਦੇ ਤੀਜੇ ਦਹਾਕੇ ਭਾਵ 9 ਮਈ 1921 ਤੋਂ ਹੁੰਦਾ ਹੈ ਅਤੇ ਵੀਹਵੀ ਸਦੀ ਦੇ ਪੰਜਵੇਂ ਦਹਾਕੇ ਭਾਵ 22 ਫਰਵਰੀ 1943 ਤੱਕ ਇਹ ਕਥਾ ਸਿਖ਼ਰ ’ਤੇ ਪਹੁੰਚਦੀ ਹੈ। ਉਂਝ ਇਹ ਕਥਾ 1943 ’ਤੇ ਆ ਕੇ ਵੀ ਮੁੱਕਦੀ ਨਹੀਂ ਸਗੋਂ ਸਦੀ ਦੇ ਪੈਂਡੇ ਤੈਅ ਕਰਦਿਆਂ 2021 ਤੱਕ ਫੈਲਦੀ ਹੈ। ਇਸ ਕਥਾ ਦੇ ਮੁੱਖ ਕਿਰਦਾਰ ਦਾ ਨਾਮ ਹੈ ਸੋਫ਼ੀ... ਪੂਰਾ ਨਾਮ ਸੋਫ਼ੀ ਮਗਦਲੇਨਾ ਸ਼ੋਲ (Sophie Magdalena Scholl), ਜਰਮਨੀ ਦੀ ਸੁਹਲ ਤੇ ਮਲੂਕ ਜਿਹੀ ਕੁੜੀ।
       ਗੁਨਾਹ ਬਸ ਇਹ ਸੀ ਕਿ ਹਿਟਲਰ ਦੀ ਨਾਜ਼ੀਵਾਦੀ ਸੋਚ ਦਾ ਵਿਰੋਧ ਕਰਦੀ ਸੀ ਅਤੇ ਜਰਮਨੀ ਦੇ ‘ਚਿੱਟਾ ਗੁਲਾਬ’ (White Rose non-violent resistance group in Nazi Germany) ਨਾਮੀ ਅਹਿੰਸਕ ਸੰਘਰਸ਼ ਕਰਨ ਵਾਲੇ ਗਰੁੱਪ ਦੀ ਮੈਂਬਰ ਸੀ। ਆਪਣੇ ਭਰਾ ਹਾਂਸ ਸ਼ੋਲ ਨਾਲ ਮਿਲ ਕੇ ਯੁੱਧ ਦੇ ਵਿਰੋਧ ਵਿਚ    ਅਮਨਾਂ ਦਾ ਹੋਕਾ ਦੇਣ ਲਈ ਪਰਚੇ (ਲੀਫਲੈੱਟ) ਵੰਡਦੀ ਸੀ। ਸੱਤਾ ਦੀਆਂ ਅੱਖਾਂ ਵਿਚ ਰੜਕ ਗਈ,     ਗ੍ਰਿਫ਼ਤਾਰ ਕਰ ਲਿਆ, ਦੇਸ਼ ਧਰੋਹ ਦੇ ਮੁਕੱਦਮੇ ਦਾ ਡਰਾਮਾ ਕੀਤਾ। ਨਿੱਕੀ ਜਿਹੀ ‘ਚਿੱਟੇ ਗੁਲਾਬ’ ਵਰਗੀ ਕੋਮਲ ਕੁੜੀ ਸੋਫ਼ੀ ਤੋਂ ਸੱਤਾ ਏਨੀ ਡਰ ਗਈ ਕਿ ਸੱਤਾ ਨੇ ਉਸ ਨੂੰ ਅਤੇ ਉਸ ਦੇ ਭਰਾ ਨੂੰ 1943 ਵਿਚ ਫਾਹੇ ਟੰਗ ਕੇ ਹੀ ਸਾਹ ਲਿਆ।
        ਜਦ ਜੰਮੀ ਸੀ ਤਾਂ ਪਿਤਾ ਜੇਲ੍ਹ ਵਿਚ ਸੀ। ਉਂਝ ਤਾਂ ਉਸ ਦਾ ਪਿਤਾ ਰੌਬਰਟ ਸ਼ੋਲ ਉਸ ਵਕਤ ਬਾਡੇਨ ਵੁਰਟੇਮਬਰਗ ਦੇ ਉੱਤਰ-ਪੂਰਬ ਵਿਚ ਸਥਿਤ ਬਹੁਤ ਹੀ ਰਮਣੀਕ ਕਸਬੇ ਫੋਰਕੇਨਬਰਗ (Forchtenberg ) ਦਾ ਮੇਅਰ ਸੀ, ਪਰ ਉਦਾਰ ਸਿਆਸਤਦਾਨ ਅਤੇ ਜਾਗਦੀ ਜ਼ਮੀਰ ਵਾਲਾ ਇਨਸਾਨ ਹੋਣ ਕਰਕੇ ਹਿਟਲਰ ਦੀਆਂ ਮਾੜੀਆਂ ਨੀਤੀਆਂ ਦਾ ਆਲੋਚਕ ਸੀ। ਉਸ ਦੌਰ ਵਿਚ ਸੱਤਾ ਦਾ ਨਿੰਦਕ ਹੋਣ ਦਾ ਮਤਲਬ ਦੇਸ਼ ਦਾ ਗੱਦਾਰ ਹੋਣਾ ਮੰਨਿਆ ਜਾਂਦਾ ਸੀ, ਇਸ ਲਈ ਅਜਿਹੇ ਬੰਦੇ ਦਾ ਟਿਕਾਣਾ ਜੇਲ੍ਹ ਹੀ ਹੋ ਸਕਦਾ ਸੀ। ਸੋਫ਼ੀ ਆਪਣੇ ਪਿਤਾ ਦੀਆਂ ਛੇ ਸੰਤਾਨਾਂ ਵਿੱਚੋਂ ਚੌਥੇ ਸਥਾਨ ’ਤੇ ਸੀ। ਉਸ ਦਾ ਭਰਾ ਹਾਂਸ ਸ਼ੋਲ (1918-1943) ਉਸ ਤੋਂ ਤਿੰਨ ਕੁ ਸਾਲ ਵੱਡਾ ਸੀ। ਹਾਂਸ ਕੁਝ ਸਮੇਂ ਲਈ ‘ਹਿਟਲਰ ਯੂਥ’ ਨਾਂ ਦੀ ਸੰਸਥਾ ਵਿਚ ਪੂਰਨ ਉਤਸ਼ਾਹ ਨਾਲ ਕੰਮ ਕਰ ਚੁੱਕਿਆ ਸੀ, ਪਰ ਹੁਣ  ਉਸ ਦਾ ਵੀ ਹਿਟਲਰ ਦੀ ਨਾਜ਼ੀ ਪਾਰਟੀ ਤੋਂ ਪੂਰੀ ਤਰ੍ਹਾਂ ਮੋਹ ਭੰਗ ਹੋ ਗਿਆ ਸੀ ਅਤੇ ਉਸ ਨੇ ਕੁਝ ਨੌਜਵਾਨਾਂ ਨਾਲ ਮਿਲ ਕੇ ਗ਼ੈਰ ਨਾਜ਼ੀ ਸਮੂਹ ‘ਵ੍ਹਾਈਟ ਰੋਜ਼’ ਦਾ ਗਠਨ ਕੀਤਾ। ਇਹ ਗਰੁੱਪ ਨੌਜਵਾਨਾਂ ਨੂੰ ਕੁਦਰਤ ਪ੍ਰਤੀ ਪਿਆਰ, ਦਲੇਰਾਨਾ ਯਾਤਰਾਵਾਂ, ਸੰਗੀਤ, ਕਲਾ ਅਤੇ ਜਰਮਨ ਰੁਮਾਂਸਵਾਦੀ ਸਾਹਿਤ ਨਾਲ ਜੋੜਦਾ ਸੀ। ਨਾਜ਼ੀ ਸ਼ਾਸਨ ਨੇ ਹੌਲੀ ਹੌਲੀ ਅਜਿਹੇ ਵਿਕਲਪਿਕ ਸਮੂਹਾਂ ਨੂੰ ਭੰਗ ਕਰ ਦਿੱਤਾ ਅਤੇ 1936 ਤਕ ਇਨ੍ਹਾਂ ’ਤੇ ਪੂਰੀ ਤਰ੍ਹਾਂ ਬੰਦਿਸ਼ਾਂ ਲਗਾ ਦਿੱਤੀਆਂ।  1937 ਵਿਚ ਸੋਫ਼ੀ ਦੇ ਭਰਾ ਅਤੇ ਦੋਸਤਾਂ ਦੀ ਗ਼ੈਰ ਨਾਜ਼ੀ ਗਰੁੱਪ ‘ਜਰਮਨ ਯੂਥ ਅੰਦੋਲਨ’ ਵਿਚ ਭਾਗ ਲੈਣ ਕਰਕੇ ਹੋਈ ਗ੍ਰਿਫ਼ਤਾਰੀ  ਨੇ ਸੋਫ਼ੀ ਦੀ ਜ਼ਮੀਰ ’ਤੇ ਗਹਿਰੀ ਛਾਪ ਛੱਡੀ ਅਤੇ ਉਹ  ਨਾਜ਼ੀ ਵਿਵਸਥਾ ਦੀ ਸਮਰਥਕ ਹੋਣ ਤੋਂ ਪੂਰੀ ਤਰ੍ਹਾਂ ਬਦਲ ਗਈ ਤੇ ਇਸ ਸਰਗਰਮ ਪ੍ਰਤੀਰੋਧੀ ਗਰੁੱਪ ਦੀ ਮੈਂਬਰ ਬਣ ਗਈ।
        ਪਹਿਲੀ ਸਤੰਬਰ 1939 ਨੂੰ ਹਿਟਲਰ ਨੇ ਪੋਲੈਂਡ ’ਤੇ ਹਮਲਾ ਕੀਤਾ ਅਤੇ ਇਸ ਤੋਂ ਦੋ ਦਿਨ ਬਾਅਦ ਫਰਾਂਸ ਅਤੇ ਬ੍ਰਿਟੇਨ ਨੇ ਜਰਮਨੀ ਖ਼ਿਲਾਫ਼ ਜੰਗ ਦਾ ਐਲਾਨ ਕਰ ਦਿੱਤਾ। ਸੱਤਾ ਦੇ ਹੁਕਮਾਂ ਤਹਿਤ ਸ਼ੋਲ ਭਰਾਵਾਂ ਨੂੰ ਜਬਰੀ ਮੋਰਚੇ ’ਤੇ ਲੜਨ ਲਈ ਭੇਜ ਦਿੱਤਾ। ਹਾਂਸ ਅਤੇ ਉਸ ਦੇ ਦੋਸਤਾਂ ਨੇ ਨਾਜ਼ੀਆਂ ਲਈ ਪੂਰਬੀ ਮੋਰਚੇ ’ਤੇ ਲੜਦਿਆਂ ਪੋਲੈਂਡ ਅਤੇ ਰੂਸ ਵਿਚ ਢਾਹੇ ਜ਼ੁਲਮਾਂ ਨੂੰ ਤੱਕਿਆ ਅਤੇ ਉੱਥੋਂ ਦੇ ਲੋਕਾਂ ਦੀ ਦਰਦਨਾਕ ਹਾਲਤ ਦਾ ਮੰਜ਼ਰ ਦੇਖਿਆ। ਉਨ੍ਹਾਂ ਦੀ ਜ਼ਮੀਰ ਕਹਿ ਰਹੀ ਸੀ ਕਿ ਉਨ੍ਹਾਂ ਨੂੰ ਹੁਣ ਚੁੱਪ ਨਹੀਂ ਰਹਿਣਾ ਚਾਹੀਦਾ। ਜੂਨ 1942 ਵਿਚ ਉਨ੍ਹਾਂ ਨੇ ਮਿਊਨਿਖ ਅਤੇ ਉਸ ਦੇ ਆਸ-ਪਾਸ ਲੀਫਲੈਟ ਛਾਪ ਕੇ ਵੰਡਦਿਆਂ ਆਪਣੇ ਵਿਦਿਆਰਥੀ ਸਾਥੀਆਂ ਅਤੇ ਜਰਮਨ ਜਨਤਾ ਨੂੰ ਇਸ ਖ਼ੂਨ-ਖਰਾਬੇ ਖ਼ਿਲਾਫ਼ ਬਾਹਰ ਨਿਕਲਣ ਲਈ ਕਿਹਾ। ਉਨ੍ਹਾਂ ਦੇ ਜਾਣੂੰ ਅਨੇਕਾਂ ਮੈਂਬਰ ਉਨ੍ਹਾਂ ਨਾਲ ਆ ਸ਼ਾਮਿਲ ਹੋਏ। ਉਨ੍ਹਾਂ ਨੇ ਸਾਲ ਦੇ ਅੰਤ ਤੱਕ ਚਾਰ ਪੈਂਫਲਿਟ ਲਿਖੇ ਅਤੇ ਵੰਡੇ।
‘ਵ੍ਹਾਈਟ ਰੋਜ਼’ ਵੱਡੇ ਨਤੀਜਿਆਂ ਵਾਲਾ ਛੋਟਾ ਯਤਨ ਸੀ। ਇਸ ਦੇ ਮੁੱਢਲੇ ਮੈਂਬਰਾਂ ਵਿਚ ਹਾਂਸ, ਅਲੈਗਜ਼ੈਂਡਰ ਸ਼ਮੋਰੇਲ, ਵਿਲੀ ਗ੍ਰਾਫ, ਕ੍ਰਿਸਟੋਫ ਪ੍ਰੋਸਟ ਅਤੇ ਮਿਊਨਿਖ ਯੂਨੀਵਰਸਿਟੀ ਵਿਚ ਦਰਸ਼ਨ ਅਤੇ ਸੰਗੀਤ ਦੇ ਪ੍ਰੋਫ਼ੈਸਰ ਕਰਟ ਹਿਉਬਰ (Kurt Huber) ਸਨ। ਇਸ ਗਰੁੱਪ ਨੇ ਜਰਮਨਾਂ ਨੂੰ ਨਾਜ਼ੀਵਾਦ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ। ਸੋਫ਼ੀ ਨੇ ਇਨ੍ਹਾਂ ਪੈਂਫਲਿਟਾਂ ਦੀ ਸਾਂਭ-ਸੰਭਾਲ, ਵੰਡ ਅਤੇ ਪਹੁੰਚ ਵਿਚ ਮਦਦ ਕਰਨ ਦੇ ਨਾਲ ਗਰੁੱਪ ਦੇ ਵਿੱਤ ਪ੍ਰਬੰਧ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ। ‘ਵ੍ਹਾਈਟ ਰੋਜ਼’ ਨੇ ਕੁੱਲ ਛੇ ਪੈਂਫਲਿਟ ਤਿਆਰ ਕੀਤੇ। ਹਰ ਪੈਂਫਲਿਟ ਪਹਿਲਾਂ ਟਾਈਪਰਾਈਟਰ ’ਤੇ ਟਾਈਪ ਕੀਤਾ ਜਾਂਦਾ ਫੇਰ ਮਾਈਮੋਗ੍ਰਾਫ (mimeograph) ਰਾਹੀਂ ਵੱਡੀ ਗਿਣਤੀ ਵਿਚ ਪ੍ਰਕਾਸ਼ਿਤ ਕੀਤਾ ਜਾਂਦਾ। ਫਿਰ ਸਭ ਤੋਂ ਪਹਿਲਾਂ ਹੱਥ ਨਾਲ ਪਤਾ ਲਿਖ ਕੇ ਤੇ ਲਿਫ਼ਾਫ਼ਿਆਂ ਵਿਚ ਪਾ ਕੇ ਡਾਕ ਰਾਹੀਂ ਪ੍ਰੋਫ਼ੈਸਰਾਂ, ਪੁਸਤਕ ਵਿਕਰੇਤਾਵਾਂ, ਲੇਖਕਾਂ, ਦੋਸਤਾਂ ਅਤੇ ਹੋਰ ਲੋਕਾਂ ਨੂੰ ਭੇਜਿਆ ਜਾਂਦਾ। ਬਾਅਦ ਵਿਚ ਪੂਰੇ ਜਰਮਨੀ ਵਿਚ ਘਰ ਘਰ ਜਾ ਕੇ ਵੰਡਿਆ ਜਾਂਦਾ। ਸਖ਼ਤ ਚੈਕਿੰਗ ਦੇ ਦੌਰ ਵਿਚ ਬਿਨਾ ਸ਼ੱਕ ਪੈਣ ਤੋਂ ਏਨੀ ਵੱਡੀ ਮਾਤਰਾ ਵਿਚ ਕਾਗਜ਼, ਲਿਫ਼ਾਫ਼ੇ ਤੇ ਟਿਕਟਾਂ ਪ੍ਰਾਪਤ ਕਰਨਾ ਅਤੇ ਘਰ ਘਰ ਤੱਕ ਭੇਜਣਾ ਬਹੁਤ ਹੀ ਜੋਖ਼ਮ ਭਰਪੂਰ ਕਾਰਜ ਸੀ। ਲੇਕਿਨ ਇਨ੍ਹਾਂ ਨੌਜਵਾਨ ਵਿਦਿਆਰਥੀਆਂ ਨੇ ਇਕ ਵੱਡੇ ਨੈੱਟਵਰਕ ਰਾਹੀਂ ਇਸ ਨੂੰ  ਉੱਤਰ ਵਿਚ ਹੈਮਬਰਗ ਤੱਕ ਅਤੇ ਦੱਖਣ ਵਿਚ ਵਿਆਨਾ ਤੱਕ ਪਹੁੰਚਾਇਆ। ਇਕ ਪੈਂਫਲਿਟ ਦੀ ਇਬਾਰਤ ਦੇਖੋ ਜਿਸ ਵਿਚ ਇਕ ‘ਵ੍ਹਾਈਟ ਰੋਜ਼’ ਆਪਣੇ ਲੋਕਾਂ ਨੂੰ ਸੰਬੋਧਿਤ ਹੋ ਕੇ ਕਹਿ ਰਿਹਾ ਹੈ :
        “ਸਾਡਾ ਮੌਜੂਦਾ ‘ਸਟੇਟ’ ਬੁਰਾਈ ਦਾ ਤਾਨਾਸ਼ਾਹ ਹੈ। ਮੈਂ ਤੁਹਾਨੂੰ ਇਹ ਕਹਿੰਦਿਆਂ ਸੁਣਿਆ ਹੈ : “ਅਸੀਂ ਇਹਦੇ ਬਾਰੇ ਪਹਿਲਾਂ ਤੋਂ ਹੀ ਜਾਣਦੇ ਹਾਂ ਅਤੇ ਤੁਹਾਨੂੰ  ਇਹ ਦੁਬਾਰਾ ਯਾਦ ਕਰਾਉਣ ਦੀ ਜ਼ਰੂਰਤ ਨਹੀਂ ਹੈ।” ਇਸੇ ਲਈ ਮੈਂ ਤੁਹਾਨੂੰ ਪੁੱਛ ਰਿਹਾ ਹਾਂ ਕਿ ਅਗਰ ਤੁਸੀਂ ਇਸ ਬਾਰੇ ਪਹਿਲਾਂ ਹੀ ਜਾਗਰੂਕ ਹੋ ਤਾਂ ਤੁਹਾਡੇ ਅੰਦਰ ਇਸ ਪ੍ਰਤੀ ਖਲਬਲੀ ਕਿਉਂ ਨਹੀਂ ਪੈਦਾ ਹੁੰਦੀ। ਤੁਸੀਂ ਇਸ ਤਾਨਾਸ਼ਾਹ ਨੂੰ ਜਨਤਕ ਤੌਰ ’ਤੇ ...ਅਤੇ ਗੁਪਤ ਤੌਰ ’ਤੇ ... ਆਪਣੇ ਇਕ ਤੋਂ ਬਾਅਦ ਦੂਜੇ ਹਰ ਅਧਿਕਾਰ ਨੂੰ ਲੁੱਟਣ ਦੀ ਇਜਾਜ਼ਤ ਕਿਉਂ ਦੇ ਰਹੇ ਹੋ?  ਇਕ ਦਿਨ ਇੱਥੇ ਕੁਝ ਨਹੀਂ ਬਚੇਗਾ, ਕੁਝ ਵੀ ਨਹੀਂ, ਅਪਰਾਧੀਆਂ ਅਤੇ ਪਿਆਕੜਾਂ ਅਧੀਨ ਚੱਲ ਰਹੀ ਮਸ਼ੀਨੀ ਸਟੇਟ ਦੇ ਬਗੈਰ...”
      ਹਿਟਲਰ ਦੁਆਰਾ ਸ਼ੁਰੂ ਕੀਤੇ ਯੁੱਧ ਦੇ ਅਮਲ ਨੂੰ ਰੋਕਣ ਲਈ ਉਨ੍ਹਾਂ ਨੇ ਲੋਕਾਂ ਨੂੰ ਸਪਸ਼ਟ ਸਲਾਹ ਦਿੱਤੀ ਅਤੇ ਹਿਟਲਰ ਦੀ ਯੁੱਧ ਮਸ਼ੀਨਰੀ ਨੂੰ ਸਾਬੋਤਾਜ ਕਰਨ ਦੀ ਵਕਾਲਤ ਕੀਤੀ।  ਆਪਣੇ ਪੰਜਵੇਂ ਪੈਂਫਲਿਟ ਵਿਚ ਉਨ੍ਹਾਂ ਨੇ ਕਿਹਾ :
“ਹੁਣ ਕੌਮੀ ਸਮਾਜਵਾਦ ਦੇ ਵਿਰੋਧੀ ਹਰ ਪ੍ਰਤੀਰੋਧੀ ਨੂੰ ਆਪਣੇ ਆਪ ਨੂੰ ਇਹ ਸਵਾਲ ਕਰਨਾ ਚਾਹੀਦਾ ਹੈ ਕਿ ਉਹ ਸਭ ਤੋਂ ਪ੍ਰਭਾਵਸ਼ਾਲੀ ਤਰੀਕੇ ਨਾਲ ਮੌਜੂਦਾ ਸਟੇਟ ਨਾਲ ਕਿਵੇਂ ਲੜ ਸਕਦਾ ਹੈ ?” ਅਸੀਂ ਹਰ ਕਿਸੇ ਨੂੰ ਉਸ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਦਾ ਖਾਕਾ ਨਹੀਂ ਦੇ ਸਕਦੇ, ਅਸੀਂ ਸਿਰਫ਼ ਮੋਟੇ ਤੌਰ ’ਤੇ ਸੁਝਾਅ ਦੇ ਸਕਦੇ ਹਾਂ, ਤੁਸੀਂ ਇਕੱਲੇ  ਹੀ ਇਸ ਮੁਕਾਮ ਨੂੰ ਹਾਸਲ ਕਰਨ ਦਾ ਰਸਤਾ ਲੱਭ ਲਉਗੇ। ਜੰਗੀ ਪਲਾਂਟਾਂ ਅਤੇ ਯੁੱਧ ਉਦਯੋਗਾਂ ਨੂੰ ਨਾਕਾਮ ਕਰੋ, ਜਨਤਕ ਸਮਾਰੋਹਾਂ, ਰੈਲੀਆਂ ਅਤੇ ਨੈਸ਼ਲਿਸਟ ਸੋਸ਼ਲਿਸਟ ਪਾਰਟੀ ਦੇ ਸੰਗਠਨਾਂ ਨੂੰ ਨਾਕਾਮ ਕਰੋ ... ਜੰਗੀ ਮਸ਼ੀਨਰੀ ਦੇ ਸੁਚਾਰੂ ਕੰਮਕਾਜ ਨੂੰ ਨਾਕਾਮ ਕਰੋ ... ਆਪਣੇ ਸਾਰੇ ਨੇੜਲਿਆਂ ਨੂੰ  ਸਮਝਾਉਣ ਦੀ ਕੋਸ਼ਿਸ਼ ਕਰੋ: ਇਸ ਨਿਰੰਤਰਤਾ ਦੀ ਸੰਵੇਦਨਹੀਣਤਾ ਅਤੇ ਯੁੱਧ ਦੀ ਨਿਰਾਸ਼ਾਜਨਕਤਾ ਬਾਰੇ, ਇਨ੍ਹਾਂ ਕੌਮੀ ਸਮਾਜਵਾਦੀਆਂ ਹੱਥੋਂ ਹੋ ਰਹੀ ਸਾਡੀ ਆਤਮਿਕ ਅਤੇ ਆਰਥਿਕ ਦਾਸਤਾ ਬਾਰੇ, ਸਾਰੀਆਂ ਨੈਤਿਕ, ਧਾਰਮਿਕ ਕਦਰਾਂ ਕੀਮਤਾਂ ਦੇ ਵਿਨਾਸ਼ ਬਾਰੇ ਅਤੇ ਉਨ੍ਹਾਂ ਨੂੰ ਸੱਤਾ ਦੇ ਪ੍ਰਤੀਰੋਧ ਲਈ ਤਿਆਰ ਕਰੋ।’’
       ਜਨਵਰੀ 1943 ਵਿਚ ਇਸ ਗਰੁੱਪ ਨੇ ਆਪਣੇ ਆਪ ਨੂੰ ਸਮਰੱਥ ਅਤੇ ਆਸ ਨਾਲ ਭਰਿਆ ਮਹਿਸੂਸ ਕੀਤਾ। ਉਨ੍ਹਾਂ ਦੀ ਭਾਗੀਦਾਰੀ ਅਰਥ ਲੱਗਦੀ ਨਜ਼ਰ ਆ ਰਹੀ ਸੀ। ਅਧਿਕਾਰੀ ਹੜਬੜਾਹਟ ਵਿਚ ਸਨ ਅਤੇ ਆਪਣੇ ਸਾਥੀਆਂ ਨਾਲ ਚਰਚਾ ਕਰ ਰਹੇ ਸਨ। ਉਨ੍ਹਾਂ ਦਾ ਗਰੁੱਪ ਪੂਰੀ ਤਰ੍ਹਾਂ ਸੰਗਠਿਤ ਸੀ ਅਤੇ ਉਹ ਹੋਰ ਰੂਪੋਸ਼ ਪ੍ਰਤੀਰੋਧੀ ਗਰੁੱਪਾਂ ਨਾਲ ਵੱਧ ਸੰਪਰਕ ਸਥਾਪਤ ਕਰ ਰਹੇ ਸਨ। ਸੋਫ਼ੀ ਅਤੇ ਉਸ ਦੇ ਸਾਥੀਆਂ ਨੂੰ ਲੱਗਦਾ ਸੀ ਕਿ ਉਹ ਬਦਲਾਅ ਦੇ ਬਹੁਤ ਨੇੜੇ ਹਨ। ਪੂਰਬੀ ਮੋਰਚੇ ’ਤੇ ਸਟਾਲਿਨਗ੍ਰਾਦ ਵਿਚ ਜਰਮਨ ਫ਼ੌਜ ਦੀ ਜ਼ਬਰਦਸਤ ਹਾਰ ਇਸ ਵਿਚ ਫੈਸਲਾਕੁਨ ਮੋੜ ਸੀ। ਵਿਦਿਆਰਥੀਆਂ ਦੇ ਜਨਤਕ ਰੂਪ ਵਿਚ ਇਸ ਖ਼ਿਲਾਫ਼ ਦਿੱਤੇ ਜਾ ਰਹੇ ਭਾਸ਼ਣਾਂ ਕਾਰਨ ਮਿਊਨਿਖ ਯੂਨੀਵਰਸਿਟੀ ਵਿਚ ਪ੍ਰਤੀਰੋਧ ਦੇ ਸੁਰ ਹੋਰ ਤਿੱਖੇ ਹੋ ਗਏ ਸਨ। ਇਸ ਨੇ ਇਸ ਗਰੁੱਪ ਨੂੰ ਹੋਰ ਵੱਧ ਸਮਰੱਥਾ ਅਤੇ ਹੌਂਸਲੇ ਨਾਲ ਕੰਮ ਕਰਨ  ਲਈ ਪ੍ਰੇਰਿਆ। ਇਨ੍ਹਾਂ ਨੇ ਸਿੱਧੇ ਤੌਰ ’ਤੇ ਲੋਕਾਂ ਨੂੰ ਪੈਂਫਲਿਟ ਵੰਡੇ ਅਤੇ ਮਿਊਨਿਖ ਦੇ ਆਲੇ-ਦੁਆਲੇ ਦੀਆਂ ਕੰਧਾਂ ਇਨ੍ਹਾਂ ਨਾਅਰਿਆਂ ਨਾਲ ਭਰ ਦਿੱਤੀਆਂ: ‘ਡਾਉਨ ਵਿਦ ਹਿਟਲਰ’ ... ‘ਫਰੀਡਮ’... ਆਦਿ।
ਛੇਵੇਂ ਪੈਂਫਲਿਟ ਦੀ ਇਬਾਰਤ ਕੁਝ ਇਉਂ ਸੀ :
     “ਉਹ ਭਿਆਨਕ ਖ਼ੂਨ-ਖਰਾਬਾ ਦੇਖ ਕੇ ਸਭ ਤੋਂ ਸੁਸਤ ਜਰਮਨ ਦੀਆਂ ਵੀ ਅੱਖਾਂ ਖੁੱਲ੍ਹ ਗਈਆਂ ਹਨ, ਜਿਹੜਾ ਉਨ੍ਹਾਂ ਨੇ ਜਰਮਨ ਰਾਸ਼ਟਰ ਦੀ ਆਜ਼ਾਦੀ ਅਤੇ ਸਨਮਾਨ ਦੇ ਨਾਂ ’ਤੇ ਕੀਤਾ ਸੀ। ਜਰਮਨੀ ਦਾ ਨਾਂ ਮਿੱਟੀ ਵਿਚ ਮਿਲ ਜਾਏਗਾ ਜੇਕਰ ਜਰਮਨ ਨੌਜਵਾਨ ਖੜ੍ਹਾ ਨਹੀਂ ਹੋਏਗਾ। ਵਿਦਿਆਰਥੀ ਸਾਥੀਓ! ਜਰਮਨ ਲੋਕ ਸਾਡੇ ਵੱਲ ਦੇਖ ਰਹੇ ਹਨ ... ਜ਼ਿੰਮੇਵਾਰੀ ਸਾਡੀ ਹੈ ... ਜਿਸ ਤਰ੍ਹਾਂ ਆਪਣੀ ਆਤਮਿਕ ਸ਼ਕਤੀ ਨਾਲ 1813 ਵਿਚ ਨੈਪੋਲੀਅਨ ਦੇ ਆਤੰਕ ਦਾ ਮੂੰਹ ਭੰਨਿਆ ਸੀ, ਉਸੇ ਤਰ੍ਹਾਂ ਇਹ ਹੁਣ 1943 ਵਿਚ ਵੀ ਰਾਸ਼ਟਰੀ ਸਮਾਜਵਾਦੀਆਂ ਦੇ ਆਤੰਕ ਦਾ ਮੂੰਹ ਭੰਨਣਗੇ।“
     ‘ਸਿਰਫਿਰਿਆਂ’ ਦੀ ਹਰ ਕਥਾ ਦਾ ਆਗਾਜ਼ ਜਿੱਥੋਂ ਮਰਜ਼ੀ ਹੋਵੇ, ਪਰ ਅੰਜਾਮ ਗ੍ਰਿਫ਼ਤਾਰੀ, ਤਸੀਹਿਆਂ, ਮੁਕੱਦਮਿਆਂ ਅਤੇ ਸਜ਼ਾ ਦੇ ਰੂਪ ਵਿਚ ਹੀ ਹੁੰਦਾ ਹੈ। ਇਸ ਕਥਾ ਦਾ ਸਿਖ਼ਰ 18 ਫਰਵਰੀ 1943 ਨੂੰ ਉਸ ਵੇਲੇ ਆਉਂਦਾ ਹੈ ਜਦ ਮਿਊਨਿਖ ਯੂਨੀਵਰਸਿਟੀ ਵਿਚ ਛੇਵੇਂ ਪੈਂਫਲਿਟ ਨੂੰ ਵੰਡਦੇ ਸਮੇਂ ਸੋਫ਼ੀ ਅਤੇ ਹਾਂਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸੋਫ਼ੀ ਯੂਨੀਵਰਸਿਟੀ ਦੇ ਮੇਨ ਗੇਟ ਤੋਂ ਪੈਂਫਲਿਟਾਂ ਦਾ ਇਕ ਪੂਰਾ ਸੂਟਕੇਸ ਲੈ ਕੇ ਆਈ। ਉਸ ਨੇ ਜਲਦਬਾਜ਼ੀ ਵਿਚ ਖਾਲੀ ਗਲਿਆਰੇ ਵਿਚ ਪੈਂਫਲਿਟਾਂ ਦੀਆਂ ਕਾਫ਼ੀ ਸਾਰੀਆਂ ਕਾਪੀਆਂ ਖਿੰਡਾ ਦਿੱਤੀਆਂ ਤਾਂ ਕਿ ਜਦੋਂ ਵਿਦਿਆਰਥੀ ਲੈਕਚਰ ਹਾਲ ਵਿੱਚੋਂ ਬਾਹਰ ਆਉਣ ਤਾਂ ਉਨ੍ਹਾਂ ਨੂੰ ਇਹ ਮਿਲ ਸਕਣ। ਲੈਕਚਰ ਸਮਾਪਤ ਹੋਣ ਤੋਂ ਪਹਿਲਾਂ ਸੋਫ਼ੀ ਨੇ ਸੂਟਕੇਸ ਵਿਚ ਬਚੀਆਂ ਹੋਈਆਂ ਕੁ ਕਾਪੀਆਂ ਵੀ ਵਿਦਿਆਰਥੀਆਂ ਵਿਚ ਵੰਡ ਦਿੱਤੀਆਂ। ਹਾਂਸ ਅਤੇ ਸੋਫੀ ਨੇ ਰੇਲਿੰਗ ਉੱਪਰੋਂ ਬਹੁਤ ਸਾਰੇ ਪੈਂਫਲਿਟ ਨੀਚੇ ਕੇਂਦਰੀ ਹਾਲ ਵੱਲ ਸੁੱਟੇ। ਬਸ ਇਹੋ ਉਹ ਪਲ ਸੀ ਜਿਸ ਨੇ ਸਾਰਾ ਕੁਝ ਬਦਲ ਦਿੱਤਾ। ਚੌਕੀਦਾਰ ਨੇ ਇਹ ਸਾਰਾ ਕੁਝ ਦੇਖ ਲਿਆ ਅਤੇ ਗੈਸਟਾਪੋ (ਸੁਰੱਖਿਆ ਕਰਮੀ) ਦੀ ਮਦਦ ਨਾਲ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਸੱਤਵੇਂ ਪੈਂਫਲਿਟ ਦਾ ਖਰੜਾ ਹੁਣ ਵੀ ਹਾਂਸ ਦੇ ਬੈਗ ਵਿਚ ਸੀ ਜਿਸ ਦੇ ਆਧਾਰ ’ਤੇ ਉਸੇ ਦਿਨ ਕ੍ਰਿਸਟੋਫ ਪ੍ਰੋਬਸਟ ਦੀ ਗ੍ਰਿਫ਼ਤਾਰੀ ਹੋਈ। ਸੋਫ਼ੀ ਨੇ ਹਿਰਾਸਤ ਵਿਚ ਜਾਣ ਤੋਂ ਪਹਿਲਾਂ ਕੁਝ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਅਤੇ ਹਾਂਸ ਨੇ ਸੱਤਵੇਂ ਪੈਂਫਲਿਟ ਦੇ ਖਰੜੇ ਨੂੰ ਪਾੜਨ ਅਤੇ ਨਿਗਲਣ ਦੀ ਕੋਸ਼ਿਸ਼ ਕੀਤੀ ਤਾਂ ਜੋ ਸਬੂਤ ਨਸ਼ਟ ਕੀਤੇ ਜਾ ਸਕਣ। ਗੈਸਟਾਪੋ (ਸੁਰੱਖਿਆ ਅਧਿਕਾਰੀ) ਨੇ ਇਹ ਸਬੂਤ ਬਰਾਮਦ ਕਰ ਲਏ ਅਤੇ ਬਾਅਦ ਵਿਚ ਉਨ੍ਹਾਂ ਦਸਤਾਵੇਜ਼ਾਂ ਨਾਲ ਲਿਖਾਈ ਦਾ ਮਿਲਾਣ ਕਰ ਲਿਆ ਜੋ ਉਨ੍ਹਾਂ ਦੇ ਅਪਾਰਟਮੈਂਟ ਵਿਚੋਂ ਬਰਾਮਦ ਕੀਤੇ ਸਨ।
       ਇਨਕਲਾਬੀਆਂ ਦੀ ਜ਼ਿੰਦਗੀ ਦੇ ਸਭ ਤੋਂ ਖ਼ੂਬਸੂਰਤ ਪਲ ਸਜ਼ਾ ਤੋਂ ਕੁਝ ਦੇਰ ਪਹਿਲਾਂ ਦੇ ਹੁੰਦੇ ਹਨ। ਉਨ੍ਹਾਂ ਪਲਾਂ ਵਿਚ ਉਹ ਆਪਣੇ ਸਵੈਮਾਣ ਦੇ ਸਿਖ਼ਰ ’ਤੇ ਹੁੰਦੇ ਹਨ ਅਤੇ ਹਰ ਸਜ਼ਾ ਉਨ੍ਹਾਂ ਲਈ ਇਨਾਮ ਬਣ ਜਾਂਦੀ ਹੈ। ਉਨ੍ਹਾਂ ਵਿੱਚੋਂ ਸਵੈ ਖਾਰਿਜ ਹੋ ਜਾਂਦਾ ਹੈ ਤੇ ਉਸ ਪਲ ਆਪਣਾ ਮਿਸ਼ਨ ਤੇ ਇਸ਼ਕ ਹੀ ਉਨ੍ਹਾਂ ਦੀ ਰੂਹ ’ਤੇ ਭਾਰੂ ਹੁੰਦਾ ਹੈ। ਉਸ ਵਕਤ ਉਨ੍ਹਾਂ ਦੇ ਮੂੰਹਾਂ ’ਚੋਂ ਨਿਕਲੇ ਸ਼ਬਦ ਸੁਨਹਿਰੇ ਹਰਫ਼ ਹੋ ਨਿਬੜਦੇ ਹਨ। ਹਵਾ ਵਿਚ ਲਿਖੇ ਇਹ ਹਰਫ਼ ਤਵਾਰੀਖ਼ ਦੇ ਪੰਨਿਆਂ ’ਤੇ ਫੈਲ ਜਾਂਦੇ ਹਨ।  ਤਿੰਨਾਂ (ਸੋਫ਼ੀ, ਹਾਂਸ ਅਤੇ ਪ੍ਰੋਬਸਟ) ਨੂੰ ਲੰਬੀ ਪੁੱਛ-ਪੜਤਾਲ, ਤਸ਼ੱਦਦ ਅਤੇ ‘ਮੌਕ ਟਰਾਇਲ’ ਵਿੱਚੋਂ ਗੁਜ਼ਰਨਾ ਪਿਆ। ਉਨ੍ਹਾਂ ਨੇ ਆਪਣੇ ਸਾਥੀਆਂ ਨੂੰ ਬਚਾਉਣ ਲਈ ਵ੍ਹਾਈਟ ਰੋਜ਼ ਦੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ। ਪਰ ਉਨ੍ਹਾਂ ਦੀਆਂ ਆਪਣੇ ਸਾਥੀਆਂ ਨੂੰ ਗ੍ਰਿਫ਼ਤਾਰੀ ਅਤੇ ਤਸ਼ੱਦਦ ਤੋਂ ਬਚਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ। ਆਖ਼ਰ ਵਿਲੀ ਗ੍ਰਾਫ, ਅਲਗਜ਼ੈਂਡ ਸ਼ਮੋਰੇਲ ਅਤੇ ਕਰਟ ਹਿਊਬਰ ਨੂੰ ਵੀ  ਗ੍ਰਿਫ਼ਤਾਰ ਕਰ ਲਿਆ ਅਤੇ ਸਾਰਿਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ।
      ਮੌਤ ਦੀ ਸਜ਼ਾ ਸੁਣਨ ਤੋਂ ਬਾਅਦ ਵੀ ਸੋਫ਼ੀ ਟੁੱਟੀ ਨਹੀਂ। ਸਜ਼ਾ ਸੁਣਾਉਣ ਵਾਲੇ ਫਰਿਸ਼ਲਰ ਨੇ ਆਖ਼ਰੀ ਪਲਾਂ ਵਿਚ ਉਸ ਨੂੰ ਸਵਾਲ ਕੀਤਾ: “ਕੀ ਅਸਲ ਵਿਚ ਉਹ ਹੁਣ ਇਸ ਸਿੱਟੇ ’ਤੇ ਪਹੁੰਚੀ ਹੈ ਕਿ ਉਸ ਨੂੰ, ਉਸ ਦੇ ਭਰਾ ਤੇ ਦੂਜੇ ਲੋਕਾਂ ਦੇ ਵਿਹਾਰ ਤੇ ਕੰਮਾਂ ਨੂੰ ਯੁੱਧ ਦੇ ਇਸ ਮੁਕਾਮ ’ਤੇ ਸਮੁਦਾਇ ਖ਼ਿਲਾਫ਼ ਜੁਰਮ ਦੇ ਰੂਪ ਵਿਚ ਦੇਖਿਆ ਜਾਣਾ ਚਾਹੀਦਾ ਹੈ?”
    ਸੋਫ਼ੀ ਨੇ ਜੁਆਬ ਦਿੱਤਾ : “ਪਹਿਲਾਂ ਦੀ ਤਰ੍ਹਾਂ ਹੀ ਹੁਣ ਵੀ ਮੇਰਾ ਇਹ ਵਿਚਾਰ ਹੈ ਕਿ ਮੈਂ ਆਪਣੇ ਦੇਸ਼ ਲਈ ਜੋ ਸਭ ਤੋਂ ਵਧੀਆ ਕਰ ਸਕਦੀ ਸੀ, ਕੀਤਾ। ਇਸ ਲਈ ਮੈਨੂੰ ਆਪਣੇ ਵਿਹਾਰ ’ਤੇ ਪਛਤਾਵਾ ਨਹੀਂ ਅਤੇ ਮੇਰੇ ਇਸ ਵਿਹਾਰ ਕਾਰਨ ਪੈਦਾ ਹੋਣ ਵਾਲੇ ਅੰਜਾਮ ਨੂੰ ਮੈਂ ਭੁਗਤਣ ਲਈ ਤਿਆਰ ਹਾਂ।“
21 ਫਰਵਰੀ 1943 ਨੂੰ ਪੀਪਲਜ਼ ਕੋਰਟ ਵਿਚ ਜੱਜ ਦੇ ਸਾਹਮਣੇ ਸੋਫ਼ੀ ਨੂੰ ਇਹ ਸ਼ਬਦ ਬੋਲਦਿਆਂ ਰਿਕਾਰਡ ਕੀਤਾ ਗਿਆ :
“ਕਿਸੇ ਨੇ ਤਾਂ ਆਖ਼ਰ ਸ਼ੁਰੂਆਤ ਕਰਨੀ ਹੀ ਸੀ। ਜੋ ਅਸੀਂ ਲਿਖਿਆ ਹੈ ਅਤੇ ਕਿਹਾ ਹੈ, ਉਹ ਬਹੁਤ ਸਾਰੇ ਹੋਰ ਲੋਕਾਂ ਦਾ ਵੀ ਅਕੀਦਾ ਹੈ, ਪਰ ਉਹ ਖ਼ੁਦ ਦੇ ਵਿਚਾਰ ਪ੍ਰਗਟਾਉਣ ਦਾ ਜੇਰਾ ਨਾ ਕਰ ਸਕੇ, ਜਿਵੇਂ ਅਸੀਂ ਕੀਤਾ ਹੈ।”
22 ਫਰਵਰੀ 1943 ਨੂੰ ਸੋਫ਼ੀ, ਉਸ ਦੇ ਭਰਾ ਹਾਂਸ ਅਤੇ ਉਨ੍ਹਾਂ ਦੇ ਦੋਸਤ ਕ੍ਰਿਸਟੋਫ ਪਰੋਬਸਟ ਨੂੰ ਦੇਸ਼ ਧਰੋਹ ਦੇ ਦੋਸ਼ ਕਾਰਨ ਮਿਊਨਿਖ ਦੀ ਸਟੈਂਡਲਹੇਮ ਜੇਲ੍ਹ ਵਿਚ ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਕੁਝ ਹੀ ਘੰਟਿਆਂ ਬਾਅਦ ਜਲਾਦ ਨੇ ਸ਼ਾਮ 5 ਵਜੇ ਗਿਲੋਟਿਨ (ਚਰਖੜੀ) ਉੱਪਰ ਚਾੜ੍ਹ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜੇਲ੍ਹ ਅਧਿਕਾਰੀਆਂ ਨੇ ਬਾਅਦ ਵਿਚ ਉਸ ਦ੍ਰਿਸ਼ ਦਾ ਵਰਣਨ ਕਰਦਿਆਂ ਉਨ੍ਹਾਂ ਦੀ ਦਲੇਰੀ ਦੀ ਦਾਦ ਦਿੱਤੀ ਅਤੇ ਦੱਸਿਆ ਕਿ ਉਨ੍ਹਾਂ ਦੁਆਰਾ ਬੋਲੇ ਅੰਤਿਮ ਸ਼ਬਦ ਇਹ ਸਨ : “ਇਹੋ ਜਿਹੇ ਧੁੱਪ ਵਾਲੇ ਦਿਨ ਮੈਂ ਜਾ ਰਹੀ ਹਾਂ। ਸਾਡੀ ਮੌਤ ਕੀ ਮਾਅਨੇ ਰੱਖਦੀ ਹੈ, ਜੇਕਰ ਸਾਡੇ ਰਾਹੀਂ ਹਜ਼ਾਰਾਂ ਲੋਕ ਜਾਗ ਚੁੱਕੇ ਹੋਣ ਅਤੇ ਤਿੱਖੇ ਸੰਘਰਸ਼ਾਂ ਲਈ ਤਿਆਰ ਹੋਏ ਹੋਣ। ਸਾਡੀ ਮੌਤ ਨੌਜਵਾਨ ਸਰੀਰਾਂ ਵਿਚ ਨਵਾਂ ਵਿਦਰੋਹ ਪੈਦਾ ਕਰੇਗੀ।’’
      ਜਰਮਨੀ ਦੇ ਅਖ਼ਬਾਰਾਂ ਵਿਚ ਉਸ ਦੀ ਮੌਤ ਦਾ ਬਹੁਤ ਥੋੜ੍ਹਾ ਜ਼ਿਕਰ ਹੋਇਆ, ਪਰ ਵਿਦੇਸ਼ਾਂ ਵਿਚ ਇਸ ਨੂੰ ਬਹੁਤ ਤਵੱਜੋ ਮਿਲੀ। ‘ਨਿਊਯਾਰਕ ਟਾਈਮਜ਼’ ਨੇ ਅਪਰੈਲ ਵਿਚ ਇਨ੍ਹਾਂ ਵਿਦਿਆਰਥੀਆਂ ਦੇ ਸੰਘਰਸ਼ ਬਾਰੇ ਲਿਖਿਆ। ਜੂਨ 1943 ਵਿਚ ਥਾਮਸ ਮਾਨ ਨੇ ਬੀਬੀਸੀ ਰਾਹੀਂ ਵ੍ਹਾਈਟ ਰੋਜ਼ ਦੀਆਂ ਗਤੀਵਿਧੀਆਂ ਨੂੰ ਦੁਨੀਆਂ ਨਾਲ ਸਾਂਝਾ ਕੀਤਾ। ਛੇਵੇ ਪੈਂਫਲਿਟ ਨੂੰ ਸਕੈਂਡੇਨੇਵੀਆਈ ਮੁਲਕਾਂ ਦੀ ਮਦਦ ਨਾਲ ਤਸਕਰੀ ਰਾਹੀਂ ਇੰਗਲੈਂਡ ਕੋਲ ਪਹੁੰਚਾਇਆ ਗਿਆ। ਉੱਥੇ ਇਸ ਨੂੰ ਵੱਡੀ ਗਿਣਤੀ ਵਿਚ ਪੁਨਰ ਪ੍ਰਕਾਸ਼ਿਤ ਕੀਤਾ ਅਤੇ ਇਸ ਨੂੰ ‘ਮਿਊਨਿਖ ਦੇ ਵਿਦਿਆਰਥੀਆਂ ਦਾ ਮੈਨੀਫੈਸਟੋ’ (The Manifesto of the Students of Munich) ਦਾ ਨਵਾਂ ਨਾਂ ਦਿੱਤਾ ਗਿਆ। ਉਸੇ ਸਾਲ ਜੁਲਾਈ ਵਿਚ ਇਸ ਨੂੰ ਜਹਾਜ਼ਾਂ ਰਾਹੀਂ ਪੂਰੇ ਜਰਮਨੀ ਵਿਚ ਖਿੰਡਾ ਦਿੱਤਾ ਗਿਆ।
       ਜਰਮਨ ਵਿਚ ਨਾਜ਼ੀਆਂ ਦੇ ਯੁੱਗਗਰਦੀ ਦੇ ਦੌਰ ਵਿਚ ਇਹ ਚਿੱਟੇ ਗੁਲਾਬ ਕੁਝ ਸਮਾਂ ਵਕਤ ਦੀ ਧੂੜ ਵਿਚ ਗੁਆਚੇ ਰਹੇ, ਪਰ ਇਨ੍ਹਾਂ ਫੁੱਲਾਂ ਦੀ ਖੁਸ਼ਬੋ ਸਦਾ ਲਈ ਜਰਮਨਾਂ ਦੇ ਦਿਲਾਂ ਵਿਚ ਵੱਸ ਗਈ। ਵਕਤ ਦੇ ਬੱਦਲ ਛਟੇ, ਸੱਤਾ ਦੇ ਪਾਸੇ ਪਲਟੇ... ਜਿਹੜੀ ਸੋਚ ਲੈ ਕੇ ਸੋਫ਼ੀ ਤੇ ਉਸ ਦੇ ਦੋਸਤ ਤੁਰੇ ਸਨ, ਉਹ ਸੋਚ ਮੁੜ ਪੁੰਗਰੀ ਤੇ ਜਵਾਨ ਹੋਈ ਤੇ ਉਸ ਸਦੀਵੀ ਖੁਸ਼ਬੂ ਨੂੰ ਮੁੜ ਯਾਦ ਕੀਤਾ ਗਿਆ। ਸੋਫ਼ੀ ਦੁਨੀਆਂ ਲਈ ‘ਨਾਇਕ’ ਬਣ ਗਈ ਅਤੇ ਸੋਫ਼ੀ ਦੇ ਰੂਪ ਵਿਚ ਇਹ ‘ਚਿੱਟਾ ਗੁਲਾਬ’ ਸਮਾਰਕਾਂ, ਫਿਲਮਾਂ, ਗੀਤਾਂ, ਨਾਟਕਾਂ ਅਤੇ ਨਾਵਲਾਂ ਦੇ ਰੂਪ ਵਿਚ ਮੁੜ ਜਰਮਨ ਦੀ ਮਿੱਟੀ ਵਿਚ ਉੱਗ ਪਿਆ।
       ਮਿਉਨਿਖ ਦੀ ਲੁਡਵਿਗ ਮੈਕਸਮਿਲਨ ਯੂਨੀਵਰਸਿਟੀ ਦਾ ਨਾਮਕਰਨ ਸੋਫ਼ੀ ਅਤੇ ਉਸ ਦੇ ਭਰਾ ਹਾਂਸ ਦੇ ਨਾਂ ’ਤੇ ਕੀਤਾ ਗਿਆ।  ਉਸ ਤੋਂ ਬਾਅਦ ਜਰਮਨੀ ਵਿਚ ਕਿੰਨੇ ਹੀ ਸਕੂਲ ਅਤੇ ਗਲੀ-ਮੁਹੱਲੇ ਇਨ੍ਹਾਂ ਭੈਣ ਭਰਾਵਾਂ ਦੇ ਨਾਮ ਕਰ ਦਿੱਤੇ ਗਏ। ਕੁਝ ਸਾਲ ਪਹਿਲਾਂ ਔਰਤਾਂ ਲਈ ਜਰਮਨ ਰਸਾਲੇ ‘ਬ੍ਰਿਗਿਟ’ ਦੇ ਪਾਠਕਾਂ ਨੇ ਸੋਫ਼ੀ ਦੀ ‘ਵੀਹਵੀਂ ਸਦੀ ਦੀ ਸਭ ਤੋਂ ਮਹਾਨ ਔਰਤ’ ਦੇ ਰੂਪ ਵਿਚ ਚੋਣ ਕੀਤੀ ਸੀ। ਗੂਗਲ ਨੇ 9 ਮਈ 2014 ਨੂੰ ਸੋਫ਼ੀ ਨੂੰ ਯਾਦ ਕਰਦਿਆਂ ਉਸ ਦੇ 93ਵੇਂ ਜਨਮ ਦਿਨ ਮੌਕੇ ਵਿਸ਼ੇਸ਼ ‘ਗੂਗਲ ਡੂਡਲ’ ਤਿਆਰ ਕੀਤਾ ਸੀ।
       1970-80 ਦਰਮਿਆਨ ਸੋਫ਼ੀ ਅਤੇ ‘ਵ੍ਹਾਈਟ ਰੋਜ਼’ ਦੇ ਪ੍ਰਤੀਰੋਧ ਦੇ ਆਧਾਰ ’ਤੇ ਤਿੰਨ ਫਿਲਮਾਂ ਬਣੀਆਂ। ਕਿੰਨੀਆਂ ਹੀ ਪੁਸਤਕਾਂ ਹੋਂਦ ਵਿਚ ਆਈਆਂ। ਨਾਟਕ ਖੇਡੇ ਗਏ। ਕਲਾ ਦੇ ਇਨ੍ਹਾਂ ਸਾਰੇ ਰੂਪਾਂ ਵਿਚ ਪੇਸ਼ ਸੋਫੀ ਦਾ ਕਿਰਦਾਰ ਇਸ ਗੱਲ ਦੀ ਸ਼ਾਹਦੀ ਭਰਦਾ ਹੈ ਕਿ “ਚੁੱਪ ਨਾ ਰਹੋ... ਆਪਣੀ ਚੇਤਨਾ ਅਨੁਸਾਰ ਅਤੇ ਆਪਣੇ ਵਿਸ਼ਵਾਸ ਮੁਤਾਬਿਕ ਕਰਮ ਕਰੋ... ਚਾਹੇ ਤੁਹਾਨੂੰ ਇਸ ਲਈ ਕੋਈ ਵੀ ਕੁਰਬਾਨੀ ਕਰਨੀ ਪਵੇ।” ਇਸ ਸਾਰੇ ਸੰਦਰਭ ਤੋਂ ਇਸ ਤੱਥ ਦੀ ਪੁਸ਼ਟੀ ਹੁੰਦੀ ਹੈ ਕਿ ‘ਭੂਤ’ ਬੀਤੇ ਹੋਏ ‘ਕੱਲ੍ਹ’ ਦਾ ਵਰਤਮਾਨ ਹੀ ਹੁੰਦਾ ਹੈ ਤੇ ਵਰਤਮਾਨ ‘ਆਉਣ ਵਾਲੇ ਕੱਲ੍ਹ ਦਾ ‘ਭੂਤ’ ਹੁੰਦਾ ਹੈ।
       ਇਹ ਚਿੱਟਾ ਗੁਲਾਬ ਰਿਆਨਾ, ਗਰੇਟਾ, ਮੀਨਾ, ਨੌਦੀਪ, ਦਿਸ਼ਾ ਅਤੇ ਨਿਕਿਤਾ ਦੇ ਰੂਪ ਵਿਚ ਮੁੜ ਉੱਗ ਪਿਆ ਜਾਪਦਾ ਹੈ। ਨਾਵਾਂ-ਥਾਵਾਂ ਬਦਲ ਗਈਆਂ ਹਨ, ਪਰ ਪਰਵਾਜ਼ ਉਹੀ ਹੈ, ਮਿੱਟੀ ਉਹੀ ਹੈ, ਖੁਸ਼ਬੂ ਉਹੀ ਹੈ, ਜਜ਼ਬਾ ਉਹੀ ਹੈ, ਚਾਅ ਉਹੀ ਹੈ। ਮਿੱਟੀਆਂ ਕਦੇ ਬਾਂਝ ਨਹੀਂ ਹੁੰਦੀਆਂ, ਹਰ ਵਾਰ ਚਿੱਟੇ ਗੁਲਾਬ ਨਵੇਂ ਨਾਵਾਂ ਹੇਠ ਕਾਲੀਆਂ ਤਾਕਤਾਂ ਦਾ ਮੂੰਹ ਚਿੜਾਉਂਦੇ ਹਨ ਤੇ ਚਿੜਾਉਂਦੇ ਰਹਿਣਗੇ।

ਸੰਪਰਕ : 98768-20600