ਫਰੀਦਾ ਜੋ ਤੇ ਮਾਰਨਿ ਮੁਕੀਆਂ - ਸੁਖਪਾਲ ਸਿੰਘ ਗਿੱਲ

ਪਿਛਲੇ ਪੌਣੇ ਇੱਕ ਸਾਲ ਤੋਂ ਤਿੰਨ ਖੇਤੀ ਕਾਨੂੰਨਾਂ ਕਰਕੇ ਕਿਸਾਨ ਘਰੋਂ ਬੇਘਰ ਹੈ। ਬੀਂਡੀ ਜੁੜੇ ਪੰਜਾਬ ਦੇ ਚੁਲ੍ਹਿਆਂ ਤੋਂ ਦਿੱਲੀ ਦੇ ਬਾਰਡਰ ਤੱਕ ਵਹੀਰਾ ਘੱਤੀ ਲੋਕ ਪੀੜਾ ਹੰਢਾ ਰਹੇ ਹਨ। ਇੱਕ ਪਾਸੇ ਕਰੋਨਾ ਦਾ ਡਰ ਦੂਜੇ ਪਾਸੇ ਕਿਸਾਨ ਨੂੰ ਅੰਦੋਲਨ ਕਰਕੇ  ਦੋਹਰੀ ਲੜਾਈ ਲੜਨੀ ਪੈ ਰਹੀ ਹੈ। ਕਹਾਵਤ ਵੀ ਹੈ “ਰੋਏ ਤੋਂ ਬਿਨਾਂ ਮਾਂ ਵੀ ਦੁੱਧ ਨਹੀਂ ਦਿੰਦੀ”। ਜਿਸ ਤਰ੍ਹਾਂ ਕਿਸਾਨਾਂ ਦੇ ਪੈਂਦੇ ਘਸੁੰਨ ਨਾਲ ਵੀ ਸਬਰ ਪੱਲੇ ਬੰਨੀ ਬੈਠੇ ਹਨ। ਉੱਥੇ ਬਾਬਾ ਫਰੀਦ ਜੀ ਦੀ ਬਾਣੀ ਵੀ ਚੇਤੇ ਆਉਂਦੀ ਹੈ:-
“ਫਰੀਦਾ ਜੋ ਤੈ ਮਾਰਨਿ ਮੁਕੀਆਂ, ਤਿਨਾ ਨਾ ਮਾਰੇ ਘੁੰਮਿ”
ਸਰਕਾਰ ਕਿਸਾਨਾਂ ਲਈ ਇਹ ਕਾਨੂੰਨ ਰਾਮਬਾਣ ਦੱਸ ਰਹੀ ਹੈ। ਪਰ ਕਿਸਾਨ ਨਹੀਂ ਮੰਨਦੇ। ਇਹ ਕੈਸੀ ਸਥਿਤੀ ਹਾਸੋਹੀਣੀ ਬਣੀ ਹੋਈ ਹੈ। ਸਮਝੋ ਬਾਹਰ ਹੈ ਜਿਸਨੂੰ ਫਾਇਦਾ ਦੇਣਾ ਹੈ ਉਹ ਕਹਿੰਦੇ ਸਾਨੂੰ ਇਸ ਦੇ ਕਫਾਇਦੇ ਹਨ। ਪਰ ਹਾਕਮ ਧਿਰ ਧੱਕੇ ਨਾਲ ਥੋਪ ਰਹੀ ਹੈ। ਇੱਥੇ ਕਿਸਾਨ ਨੇਤਾ ਚੌਧਰੀ ਛੋਟੂ ਰਾਮ ਦੇ ਵਾਰਿਸ ਆਪਣੇ ਪੁਰਖਿਆਂ ਨੂੰ ਇਉਂ ਯਾਦ ਕਰਦੇ ਹਨ।
      “ਸੁਣ ਕਿਸਾਨਾਂ ! ਚੌਕਸ ਰਹਿ, ਚੌਕੰਨਾ ਹੋ। ਹੁਸ਼ਿਆਰੀ ਤੋਂ ਲੈ ਕੰਮ। ਇਹ ਦੁਨੀਆਂ ਠੱਗਾਂ ਦੀ ਬਸਤੀ, ਠੱਗਾਂ ਦੇ ਜਾਲ ਵਿੱਚ ਅਸਾਨੀ ਨਾਲ ਫਸਦਾ ਤੂੰ। ਜਿਨ੍ਹਾਂ ਨੂੰ ਪਾਲੇ ਤੂੰ, ਪੱਖ ਉਹੀ ਪੂਰਣ ਖਿਲਾਫ ਤੇਰੇ। ਪਰ ਤੈਨੂੰ ਕੋਈ ਖਬਰ ਈ ਨਹੀਂ। ਕੋਈ ਤੈਨੂੰ ਪੀਰ ਬਣ ਲੁੱਟਦਾ,ਕੋਈ ਪੁਰੋਹਿਤ ਬਣ ਲੁੱਟਦਾ।ਕੋਈ ਤੈਨੂੰ ਵਿਆਜ ਨਾਲ ਲੁੱਟਦਾ।ਕੋਈ ਰਿਸ਼ਵਤ ਨਾਲ ਲੁੱਟਦਾ।ਕੋਈ ਤੈਨੂੰ ਸ਼ਾਹ ਬਣ ਲੁੱਟਦਾ। ਕੋਈ ਖੁਦ ਗਾਹਕ ਬਣ ਤੈਨੂੰ ਲੁੱਟਦਾ। ਕੋਈ ਗਾਹਕ ਬਣ ਉੱਨ-ਜਿਹੀ ਤੇਰੀ ਉਤਾਰਦਾ। ਕੋਈ ਆੜ੍ਹਤ ਨਾਲ ਤੈਨੂੰ ਠੱਗਦਾ, ਕੋਈ ਕਮਿਸ਼ਨ ਨਾਲ ਤੇਰੀ ਦੌਲਤ ਚੱਟਦਾ। ਕੋਈ ਪਿਣਾਈ ਚ ਤੇਰੀ ਹੱਥ ਫੇਰੀ ਕਰਦਾ, ਕੋਈ ਤੁਲਾਈ ਵਿੱਚ ਤੇਰੀ ਅੱਖੀਂ ਘੱਟਾ ਪਾਉਂਦਾ। ਕਦੇ ਧੋਖਾ ਕੀਤਾ ਜਾਂਦਾ ਤੇਰੇ ਨਾਲ ਭਾਅ ਚ, ਕਦੇ  ਹਿਸਾਬ ਵਿੱਚ ਤੈਨੂੰ ਦਲ ਲਿਆ ਜਾਂਦਾ। ਜੇ ਤੂੰ ਹੈ ਕੁੱਝ ਖੁਸ਼ਹਾਲ, ਕਾਂਰੂੰ ਤੇ ਹਾਤਿਮਤਾਈ ਬਣਾ, ਤੈਨੂੰ ਲੁੱਟਣ ਵਾਲੇ ਭੱਟ ਨੇ ਮੌਜੂਦ। ਜੇਕਰ ਤੂੰ ਹੈ ਕੰਗਾਲ, ਸਾਹੂਕਾਰ ਜੋਂਕ ਵਾਂਗ ਤੈਨੂੰ ਚਿੰਬੜ ਜਾਂਦਾ।
     ਜ਼ਰਾ ਸੋਚ। ਇੰਨੇ ਭੂਤਾਂ ਤੋਂ ਕਿਵੇਂ ਬਚੇਗਾ ! ਖਮੋਸ਼ੀ ਤੇ ਬੇਜੁਬਾਨੀ ਨਾਲ ? ਨਹੀਂ, ਬਲਿਕ ਮੁਹਿੰਮ ਤੇ ਆਵਾਜ ਚੁੱਕਣ ਨਾਲ। ਸੁਕੂਨ ਨਾਲ ਨਹੀਂ, ਤਾਕਤ ਨਾਲ। ਬੇਵੱਸੀ ਨਾਲ ਨਹੀਂ, ਅੰਦੋਲਨ ਨਾਲ। ਸੰਘਰਸ਼ ਕਰ। ਗਫਲਤ ਸੁਪਨਿਆਂ ਤੋਂ ਜਾਗ। ਪਾਸਾ ਵੱਟ। ਉੱਠ, ਮੂੰਹ ਧੋ, ਸਰਗਰਮ ਹੋ। ਕਰਮਯੁੱਧ ਵਿੱਚ ਕੁੱਦ, ਆਪਣੇ ਦੁਸ਼ਮਣਾਂ ਦੇ ਛੱਕੇ ਛੁਡਾ ਦੇ”।
            ਸਰਕਾਰ ਅਪਣੀਆਂ ਬਣਾਈਆਂ ਮੰਡੀਆਂ ਬਾਰੇ ਵੀ ਦੱਸਦੀ ਹੈ ਕਿ ਇਹ ਠੱਗਦੀਆਂ ਹਨ। ਪਰ ਬੰਦ ਵੀ ਨਹੀਂ ਕਰਾਂਗੇ,ਘੱਟੋ ਘੱਟ ਸਮਰਥਨ ਮੁੱਲ ਬਾਰੇ ਵੀ ਕਿਸਾਨ ਬਾਰੇ ਚੁੱਪੀ ਧਾਰੀ ਹੈ। ਇਹ ਕਿਸਾਨਾਂ ਦੀ ਚਿਰ ਸਥਾਈ ਮੰਗ ਹੈ ਇਸ ਬਾਰੇ  ਕੋਈ ਸਮਝੌਤਾ ਨਹੀਂ ਹੋ ਸਕਦਾ। ਅਰਥਸ਼ਾਸ਼ਤਰੀ ਕਿਸਾਨੀ ਮਾਹਿਰ ਵੀ ਆਪਣੇ ਕਾਨੂੰਨਾਂ ਬਾਰੇ ਨਾਂਹ ਪੱਖੀ ਪ੍ਰਭਾਵ ਛੱਡ ਚੁੱਕੇ ਹਨ। ਖੇਤਾਂ ਦੇ ਰਾਜਿਆਂ ਨੂੰ ਮਜ਼ਦੂਰਾਂ ਵਾਂਗ ਕੰਮ ਕਰਨ ਦਾ ਹਊਆ ਵੀ ਖੜ੍ਹਾ ਕੀਤਾ ਗਿਆ ਹੈ। ਕੰਪਨੀਆਂ ਕੋਲ ਵੱਡੇ ਗੁਦਾਮ ਤੇ ਜਮ੍ਹਾਖੋਰੀ ਦਾ ਡਰ ਸਤਾ ਰਿਹਾ ਹੈ। ਕਿਸਾਨ ਨੇ ਖੇਤ ਤੋਂ ਘਰ ਤੱਕ ਦਾ ਮਾਮਲਾ ਸਿਲਸਿਲੇ ਵਾਈਜ਼ ਸ਼ੱਕ ਦੇ ਘੇਰੇ ਚ ਖੜ੍ਹਾ ਹੈ। ਸੰਵਿਧਾਨਿਕ ਹੱਕ ਵੀ ਖੇਤੀ ਰਾਜਾਂ ਦਾ ਹਿੱਸਾ ਹੈ। ਇਸ ਦੀ ਉਲੰਘਣਾ ਵੀ ਜਾਪਦੀ ਹੈ। ਇਸ ਬਾਰੇ ਖੇਤੀ ਮੰਤਰੀ ਵੀ ਜਵਾਬ ਦੇ ਚੁੱਕੇ ਹਨ। ਕਿ ਖੇਤੀ ਰਾਜ ਦਾ ਵਿਸ਼ਾ ਹੇ ਉਹ ਕੀ ਜਵਾਬ ਦੇਣ ? ਜੀ.ਐਸ.ਟੀ ਦੇ ਕਾਨੂੰਨ ਰਾਹੀਂ ਰਾਜ ਦੀ ਆਮਦਨ ਹੜੱਪਣ ਦਾ ਮਾਮਲਾ ਵੀ ਭੱਖਦਾ ਹੈ। ਨਿੱਜੀ ਕੰਪਨੀਆਂ ਨੂੰ ਕਰ ਮੁਕਤੀ ਦੇ ਡਰ ਕਾਰਨ ਰਾਜਾਂ ਦੀ ਬਚੀ ਖੁਚੀ ਆਮਦਨ ਵੀ ਖਤਮ ਕਰਨ ਦਾ ਮਸਲਾ ਸਤਾ ਰਿਹਾ ਹੈ।
     ਸਰਕਾਰ ਸਿਰਫ 22 ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਤੈਅ ਕਰਦੀ ਹੈ ਪਰ ਕਿਸਾਨ ਦੀ ਬਾਗਬਾਨੀ ਪਹਿਲਾਂ ਹੀ ਬਾਹਰ ਕੀਤੀ ਹੋਈ ਹੈ। ਬਾਗਬਾਨੀ ਦੀ ਕੁਲ ਉੱਪਜ 40 ਫੀਸਦੀ ਭੰਡਾਰਨ ਦੀ ਕਮੀ ਕਰਕੇ ਖਰਾਬ ਹੋ ਜਾਂਦਾ ਹੈ। ਮੰਡੀਆਂ ਨੂੰ ਜਿਥੇ ਖਤਮ ਕੀਤਾ ਉੱਥੇ ਇਹ ਮੰਤਰ ਫੇਲ੍ਹ ਹੀ ਰਿਹਾ ਹੈ। ਦੇਸ਼ ਦੇ ਢਾਈ ਸੌ ਦੇ ਲਗਭਗ ਅਤੇ ਪੰਜਾਬ ਦੇ 31-32 ਸੰਗਠਨ ਪੂਰੀ ਤਰ੍ਹਾਂ ਇਨ੍ਹਾਂ ਬਿਲਾਂ ਦੇ ਖਿਲਾਫ ਹਨ। ਮੁਲਾਜ਼ਮ ਅਤੇ ਮਜ਼ਦੂਰ ਵਰਗ ਵੀ ਮੈਦਾਨ ਵਿੱਚ ਉੱਤਰ ਗਿਆ ਹੈ। 200 ਸ਼ਹੀਦੀਆਂ ਦੇ ਬਾਵਜੂਦ ਵੀ ਸਰਕਾਰ ਚੁੱਪੀ ਵੱਟੀ ਬੈਠੀ ਹੈ। ਕਿਸਾਨ ਅੰਦੋਲਨਾਂ ਨੇ ਕਾਰਪੋਰੇਟ ਨੂੰ ਪੂਰੀ ਤਰ੍ਹਾਂ ਚੁਣੌਤੀ ਦਿੱਤੀ ਹੈ। ਅਪਣੀ ਨੈਤਿਕ ਜਿੱਤ ਕਰਕੇ ਕਿਸਾਨ ਦਰਵੇਸ਼ਾਂ ਵਾਲਾ ਰੁੱਖ ਧਾਰੀ ਬੈਠੇ ਹਨ। ਇਸ ਕਰਕੇ ਕਿਸਾਨਾਂ ਦੀ ਜਿੱਤ ਯਕੀਨੀ ਹੈ। ਇੰਬਰਾਈਮ ਲਿੰਕਨ ਦੀ ਤਰ੍ਹਾ ਤਰਜ ਧਾਰੀ ਬੈਠੇ ਹਨ “ਮੈਂ ਹੋਲੀ ਤੁਰਦਾ ਹਾਂ ਪਰ ਮੈਂ ਕਦੇ ਵੀ ਵਾਪਿਸ ਨਹੀਂ ਪਰਤਿਆ”। ਤੈਅ ਕੀਤੇ ਮੁਕਾਮ ਤੇ ਪੁੱਜੇ ਤੋਂ ਬਿਨਾਂ ਸਾਡੇ ਮਾਣਮੱਤੇ ਗਾਇਕ ਲੇਖਕ ਪਹਿਲੇ ਹੀ ਦਸ ਚੁੱਕੇ ਹਨ। ਇਸ ਲਈ ਕਰਮਯੁੱਧ ਵਿੱਚ ਕੁੱਦੇ ਕਿਸਾਨ ਨੂੰ ਤੁਰੰਤ ਹੱਕ ਦਿੰਦੇ ਜਾਣ ਤਾਂ ਜੋ ਲੋਕਤੰਤਰ ਦੀ ਜਿੱਤ ਹੋ ਸਕੇ। ਸਰਕਾਰ ਦਾ ਪੱਖ “ਤਬਾਹੀ ਦੀ ਬਣ ਕੇ, ਤਬਾਹੀ ਮੈਂ ਆਵਾਂ, ਜੋ ਖਲਕਤ ਮੁਕਾਵੇ, ਮੈਂ ਉਸਨੂੰ ਮੁਕਾਵਾਂ” ਦੂਜੇ ਪਾਸੇ ਕਿਸਾਨ  ਰੁੱਖਾਂ ਦੀ ਜੀਰਾਂਦਿ ਬਣ ਕੇ ਸਾਂਤੀ ਦੇ ਪੁੰਜ ਬਣੀ ਬੈਠੇ ਹਨ।ਇੱਥੇ ਇਹ ਵੀ ਵਰਣਨ ਯੋਗ ਹੈ ਇਹ ਫਕੀਰਾਂ ਵਾਂਗ ਇਤਹਾਸ ਰਚ ਰਹੀ ਕੋਮ ਗਲਤ ਤੋਹਮਤਾਂ ਨੂੰ ਵੀ ਪਿੰਡੇ ਹੰਢਾ ਰਹੇ ਹਨ। ਮੁੱਕਦੀ ਗੱਲ ਇਹ ਹੈ ਕਿ ਸਰਕਾਰ ਨੂੰ ਲੋਕਤੰਤਰ ਦੀ ਸਹੀ ਪਰਿਭਾਸ਼ਾਂ ਸਮਝ ਕੇ ਕਿਸਾਨਾਂ ਦਾ ਮਸਲਾ ਤੁਰੰਤ ਹੱਲ ਕਰਨਾ ਚਾਹੀਦਾ ਹੈ।    

ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ

 9878111445