ਕਿਸਾਨੀ ਸੰਘਰਸ਼ ਤੇ ਪੰਜਾਬ ਦੀ ਨੌਜਵਾਨੀ ਦਾ ਸਵਾਲ  - ਜਗਵਿੰਦਰ ਜੋਧਾ

ਸਤੰਬਰ ਤੋਂ ਪਹਿਲਾਂ ਤਕ ਸਾਡੇ ਬੌਧਿਕ ਹਲਕੇ ਸਮਕਾਲ ਦੀ ਵਿਆਖਿਆ ਕੁਝ ਘੜੇ-ਘੜਾਏ ਸਿਧਾਂਤਾਂ ਨਾਲ ਕਰਨ ਦੇ ਮਰਜ਼ ਤੋਂ ਪੀੜਤ ਸੀ। ਸਮਕਾਲ ਨੂੰ ਲਹਿਰਾਂ ਹੀਣ ਸਮਾਂ ਕਹਿ ਕੇ ਸਮਾਜਿਕ ਸਿਥਲਤਾ ਦੇ ਕਾਰਨ ਤਲਾਸ਼ੇ ਜਾ ਰਹੇ ਸਨ। ਸਮਾਜਿਕ ਬਦਲਾਓ ਲਈ ਜਨਤਕ ਲਹਿਰਾਂ ਉੱਪਰ ਟੇਕ ਰੱਖਣ ਵਾਲੇ ਲੋਕ ਪੰਜਾਬੀਆਂ ਨੂੰ ਲਹਿਰਾਂ ਰਾਹੀਂ ਘੜਿਆ ਜਾਣ ਵਾਲਾ ਮਨੁੱਖ ਕਹਿ ਕੇ ਪੂੰਜੀ ਦੇ ਸਮਕਾਲੀ ਸੰਸਾਰ ਵਰਤਾਰਿਆਂ ਨੂੰ ਚੇਤਨਾ ਸੁੰਨ ਕਰਨ ਵਾਲੇ ਪ੍ਰਭਾਵ ਆਖ ਰਹੇ ਸਨ। ਕਿਸਾਨ ਅੰਦੋਲਨ ਨੇ ਇਨ੍ਹਾਂ ਧਾਰਨਾਵਾਂ ਨੂੰ ਦੁਬਾਰਾ ਵਿਚਾਰਨਣ ਲਈ ਮਾਹੌਲ ਪੈਦਾ ਕੀਤਾ ਹੈ।
      ਪੰਜਾਬ ਸੰਕਟ ਤੋਂ ਬਾਅਦ ਸੰਸਾਰੀਕਰਨ ਦੇ ਨਕਸ਼ ਗੂੜ੍ਹੇ ਹੋਣ ਲੱਗੇ ਸਨ। ਸੰਸਾਰ ਮੰਡੀ ਦੀ ਲੋੜ ਅਨੁਸਾਰ ਵਿਕਾਸਸ਼ੀਲ ਮੁਲਕਾਂ ਦੀਆਂ ਸਰਕਾਰਾਂ ਨੇ ਲੋਕ ਭਲਾਈ ਖੇਤਰਾਂ ਵਿਚ ਪ੍ਰਾਈਵੇਟ ਨਿਵੇਸ਼ ਲਈ ਰਸਤੇ ਖੋਲ੍ਹੇ। ਇਸ ਨਾਲ ਸਿਹਤ ਤੇ ਸਿੱਖਿਆ ਵਰਗੇ ਖੇਤਰਾਂ ਵਿਚ ਨਿੱਜੀਕਰਨ ਸ਼ੁਰੂ ਹੋਇਆ ਹੀ, ਪਬਲਿਕ ਸੇਵਾ ਖੇਤਰ ਦੇ ਮੌਕੇ ਵੀ ਸੁੰਗੜਨ ਲੱਗੇ। ਪਿਛਲੇ ਤੀਹ ਸਾਲਾਂ ਵਿਚ ਸਿਹਤ, ਸਿੱਖਿਆ ਦੀਆਂ ਸੇਵਾਵਾਂ ਤੇ ਰੁਜ਼ਗਾਰ ਦੇ ਮੌਕੇ ਸਾਧਾਰਨ ਜਨਤਾ ਤੋਂ ਦੂਰ ਹੋਏ। ਇਸ ਕਾਰਨ ਸਮਾਜ ਵਿਚ ਦਿਸਦੇ-ਅਣਦਿਸਦੇ ਕਈ ਵਿਗਾੜ ਸਾਹਮਣੇ ਆਏ ਜਿਨ੍ਹਾਂ ਨਾਲ ਪੰਜਾਬ ਦੀਆਂ ਅਗਲੀਆਂ ਪੀੜ੍ਹੀਆਂ ਲਈ ਇਸ ਧਰਤੀ ਉੱਪਰ ਰਹਿਣ ਦਾ ਮੋਹ ਘਟਿਆ। ਇਕ ਪਾਸੇ ਨਸ਼ੇ ਦੇ ਵਪਾਰੀਆਂ ਲਈ ਇਹ ਧਰਤੀ ਬੜੀ ਜ਼ਰਖੇਜ਼ ਸਿੱਧ ਹੋਣ ਲੱਗੀ, ਦੂਜੇ ਪਾਸੇ ਦਿਸ਼ਾਹੀਣ ਨੌਜਵਾਨੀ ਕੋਲ ਜੁਰਮ ਰਾਹੀਂ ਆਪਣੇ ਆਪ ਨੂੰ ਪ੍ਰਗਟਾਉਣ ਦਾ ਸੌਖਾ ਰਾਹ ਬਚਿਆ ਸੀ। ਪੁੱਜਤ ਵਾਲੇ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਇਸ ਧਰਤੀ ਤੋਂ ਦੂਰ ਕਰਨ ਦਾ ਵਸੀਲਾ ਪਰਵਾਸ ਨੂੰ ਬਣਾਇਆ।
       ਇਕ ਦਹਾਕੇ ਤੋਂ ਨੌਜਵਾਨਾਂ ਦੇ ਪਰਵਾਸ ਦੀ ਪ੍ਰਕਿਰਿਆ ਤੇਜ਼ ਹੋਈ ਹੈ। ਕਿਸੇ ਜ਼ਮਾਨੇ ’ਚ ਦੁਆਬੇ ਦੀ ਪਛਾਣ ਰਿਹਾ ਪਰਵਾਸ ਹੁਣ ਮਾਲਵੇ ਦੇ ਸਿਰੇ ਤਕ ਫੈਲਿਆ ਵਰਤਾਰਾ ਹੈ। ਇਕ ਸਰਵੇਖਣ ਅਨੁਸਾਰ ਜਲੰਧਰ ਵਿਚ ਆਇਲੈੱਟਸ ਕਰਾਉਣ ਵਾਲੇ ਛੋਟੇ ਵੱਡੇ ਬਾਰ੍ਹਾਂ ਸੌ ਕੇਂਦਰ ਹਨ ਤਾਂ ਬਠਿੰਡਾ ਇਲਾਕੇ ਵਿਚ ਇਨ੍ਹਾਂ ਦੀ ਗਿਣਤੀ ਸਾਢੇ ਚੌਦਾਂ ਸੌ ਦੇ ਕਰੀਬ ਹੈ। ਕਰੋਨਾ ਕਾਲ ਤੋਂ ਪਹਿਲਾਂ ਪੰਜਾਬੀ ਹਰ ਸਾਲ ਸਤਾਈ ਹਜ਼ਾਰ ਕਰੋੜ ਰੁਪਏ ਵਿਦੇਸ਼ ਵਿਚ ਪੜ੍ਹਾਈ ਦੇ ਨਾਮ ਹੇਠ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਖਰਚਦੇ ਰਹੇ ਹਨ। ਇਸ ਪੈਸੇ ਦੇ ਨਿਕਾਸ ਦਾ ਪ੍ਰਭਾਵ ਪੰਜਾਬ ਦੀ ਆਰਥਿਕਤਾ ਉੱਪਰ ਸਪਸ਼ਟ ਦਿਸਦਾ ਹੈ। ਇਸ ਵਿਚੋਂ ਵੱਡੀ ਰਾਸ਼ੀ ਕਰਜ਼ੇ ਚੁੱਕ ਕੇ, ਜ਼ਮੀਨਾਂ ਗਹਿਣੇ ਕਰ ਕੇ ਜਾਂ ਵੇਚ ਕੇ ਇੱਕਤਰ ਕੀਤੀ ਹੁੰਦੀ ਹੈ। ਵਿਦੇਸ਼ ਦੀ ਪੜ੍ਹਾਈ ਦੇ ਪਹਿਲੇ ਸਾਲ ਹੀ ਅਠਾਰਾਂ ਤੋਂ ਬਾਈ ਲੱਖ ਦਾ ਖਰਚਾ ਵੀ ਪੰਜਾਬੀਆਂ ਨੂੰ ਇਸ ਲਈ ਜ਼ਿਆਦਾ ਨਹੀਂ ਲਗਦਾ ਕਿ ਆਉਂਦੇ ਸਾਲਾਂ ਵਿਚ ‘ਪੱਕੇ’ ਹੋਣ ਦੀ ਸੰਭਾਵਨਾ ਜੁੜੀ ਹੈ। ਇਸ ਤਰੀਕੇ ਨੇ ਜਿੱਥੇ ਪੰਜਾਬ ਦੀ ਆਰਥਿਕਤਾ ਨੂੰ ਢਾਹ ਲਾਈ, ਪੰਜਾਬ ਦੀਆਂ ਸਿੱਖਿਆ ਸੰਸਥਾਵਾਂ ਨੂੰ ਹਾਜ਼ਰੀ ਦੀ ਕਮੀ ਨਾਲ ਜੂਝਣ ਲਈ ਮਜਬੂਰ ਕਰ ਦਿੱਤਾ। ਸਭ ਤੋਂ ਵੱਡਾ ਨੁਕਸਾਨ ਇਹ ਕਿ ਇਕ ਪੂਰੀ ਪੀੜ੍ਹੀ ਦੀ ਸਮਾਜਿਕ ਢਾਂਚੇ ਵਿਚੋਂ ਗੈਰਹਾਜ਼ਰੀ ਦੇ ਆਸਾਰ ਪੈਦਾ ਹੋ ਗਏ। ਪੰਜਾਬ ਦੀ ਨੌਜਵਾਨੀ ਲਈ ਵਿਦੇਸ਼ ਜਾ ਕੇ ਵਸਣਾ ਸੁਪਨਾ ਹੀ ਨਹੀਂ, ਆਦਰਸ਼ ਬਣ ਗਿਆ।
       ਪੰਜਾਬੀਆਂ ਦੇ ਪਰਵਾਸ ਦਾ ਇਤਿਹਾਸ ਇਕ ਸਦੀ ਤੋਂ ਪੁਰਾਣਾ ਹੈ। ਬਸਤੀਵਾਦੀ ਦੌਰ ਵਿਚ ਪੰਜਾਬੀਆਂ ਨੇ ਪਹਿਲਾਂ ਉੱਤਰੀ ਅਮਰੀਕਾ ਨੂੰ ਪਰਵਾਸ ਦਾ ਕੇਂਦਰ ਚੁਣਿਆ। ਉਸ ਦੌਰ ਵਿਚ ਪਰਵਾਸੀ ਹੋਣ ਵਾਲੀ ਜਮਾਤ ਮੁੱਖ ਤੌਰ ਤੇ ਕਿਸਾਨੀ ਹੀ ਸੀ। ਉਹ ਪਰਵਾਸ ਅਸਲ ਵਿਚ ਇਤਿਹਾਸ ਦੇ ਬੜੇ ਨਾਜ਼ੁਕ ਸਮੇਂ ਵਿਚ ਪੰਜਾਬੀ ਕਿਸਾਨੀ ਦਾ ਸੱਤਾ ਵਿਰੋਧੀ ਪੈਂਤੜਾ ਸੀ। ਅੰਗਰੇਜ਼ੀ ਸ਼ਾਸਨ ਨੇ ਖੇਤੀ ਲਗਾਨ ਨੂੰ ਉਤਪਾਦਨ ਅਨੁਸਾਰ ਵਧਣ-ਘਟਣ ਦੇ ਰਵਾਇਤੀ ਪ੍ਰਬੰਧ ਤੋਂ ਹਟਾ ਕੇ ਫਸਲ ਮੁਤਾਬਕ ਪ੍ਰਤੀ ਵਿੱਘਾ ਇਕਮੁਸ਼ਤ ਨਗਦ ਰਕਮ ਵਿਚ ਬਦਲ ਦਿੱਤਾ। ਇਹ ਰਕਮ ਵੀ ਇੰਨੀ ਜ਼ਿਆਦਾ ਸੀ ਕਿ ਕਾਸ਼ਤਕਾਰ ਕੋਲ ਮਾਮਲਾ ਤਾਰਨ ਤੋਂ ਬਾਅਦ ਘਰ ਖਾਣ ਜੋਗਾ ਅਨਾਜ ਵੀ ਮੁਸ਼ਕਿਲ ਨਾਲ ਬਚਦਾ ਸੀ। ਜੇ ਕਿਸੇ ਸਾਲ ਕੁਦਰਤ ਦੀ ਮਾਰ ਪੈ ਜਾਂਦੀ ਤਾਂ ਮਾਮਲਾ ਤਾਰਨ ਦੇ ਸੰਧੇ ਪੈ ਜਾਂਦੇ ਸਨ। ਲਿਹਾਜ਼ਾ ਕਿਸਾਨੀ ਬਹੁਤ ਬੁਰੀ ਦਸ਼ਾ ਤਕ ਪਹੁੰਚ ਗਈ। ਇਸ ਦੇ ਸਮਾਂਤਰ ਅੰਗਰੇਜ਼ੀ ਰਾਜ ਨੇ ਪੰਜਾਬ ਦੀ ਤਤਕਾਲੀ ਨੌਜਵਾਨੀ ਨੂੰ ਆਪਣੇ ਰਾਜ-ਵਿਸਥਾਰ ਲਈ ਵਰਤਣ ਹਿਤ ਫੌਜ ਵਿਚ ਭਰਤੀ ਦਾ ਬਦਲ ਦਿੱਤਾ। ਪੰਜਾਬ ਦੇ ਉਸ ਸਮੇਂ ਦੇ ਨੌਜਵਾਨ ਕਿਸਾਨ ਕੋਲ ਇਹੀ ਬਦਲ ਸਨ, ਜਾਂ ਤਾਂ ਆਪਣੀ ਮੁਸ਼ੱਕਤ ਨੂੰ ਮਾਮਲੇ ਦੇ ਰੂਪ ਵਿਚ ਅੰਗਰੇਜ਼ੀ ਰਾਜ ਦੇ ਖਜ਼ਾਨੇ ਵਿਚ ਜਮ੍ਹਾਂ ਕਰਾਉਂਦਾ ਰਹੇ ਜਾਂ ਫਿਰ ਫੌਜੀ ਬਣ ਕੇ ਦੇਸ-ਦੇਸਾਂਤਰਾਂ ਵਿਚ ਬ੍ਰਿਟਿਸ਼ ਰਾਜ ਨੂੰ ਫੈਲਾਵੇ। ਪੰਜਾਬੀਆਂ ਨੇ ਵਿਚਕਾਰਲਾ ਰਾਹ ਲੱਭਿਆ। ਸਿੰਗਾਪੁਰ, ਮਲਾਇਆ ਤੋਂ ਹੁੰਦਾ ਪੰਜਾਬੀ ਬੰਦਾ ਪਰਵਾਸੀ ਬਣ ਕੇ ਅਮਰੀਕਾ ਤੇ ਕੈਨੇਡਾ ਪੁੱਜਿਆ। ਵਿਦੇਸ਼ੀ ਧਰਤੀ ਤੋਂ ਮੁਲਕ ਦੀ ਆਜ਼ਾਦੀ ਲਈ ਸ਼ੁਰੂ ਹੋਈ ਗ਼ਦਰ ਲਹਿਰ ਤੋਂ ਲੈ ਕੇ ਕਾਮਾਗਾਟਾਮਾਰੂ ਦੇ ਕਾਂਡ ਹੁਣ ਇਤਿਹਾਸ ਵਿਚ ਦਰਜ ਹਨ। ਪਰਵਾਸ ਨੇ ਪੰਜਾਬੀ ਬੰਦੇ ਨੂੰ ਆਪਣੀ ਧਰਤੀ ਦੀਆਂ ਸਮੱਸਿਆਵਾਂ ਦੂਰ ਕਰ ਕੇ ਆਜ਼ਾਦੀ ਨਾਲ ਵਸਣ ਲਈ ਪ੍ਰੇਰਿਆ।
       ਪੰਜਾਬੀਆਂ ਦੇ ਪਰਵਾਸ ਦਾ ਅਗਲਾ ਦੌਰ ਵੰਡ ਤੋਂ ਬਾਅਦ ਆਰੰਭ ਹੁੰਦਾ ਹੈ। ਇਸ ਪੜਾਅ ਤੇ ਮੁੱਖ ਕੇਂਦਰ ਬਰਤਾਨੀਆ ਬਣਿਆ। ਦੂਜੀ ਸੰਸਾਰ ਜੰਗ ਮਗਰੋਂ ਮਜ਼ਦੂਰਾਂ ਦੀ ਕਮੀ ਨਾਲ ਜੂਝ ਰਹੀਆਂ ਬਰਤਾਨਵੀ ਮਿੱਲਾਂ ਵਿਚ ਪੰਜਾਬੀਆਂ ਨੇ ਆਪਣਾ ਖ਼ੂਨ-ਪਸੀਨਾ ਇਕ ਕੀਤਾ। ਸੱਠਵਿਆਂ ਤਕ ਆਉਂਦੇ ਆਉਂਦੇ ਵਾਊਚਰ ਵੀਜ਼ਾ ਪ੍ਰਬੰਧ ਨਾਲ ਬਰਤਾਨਵੀ ਮੁਲਕਾਂ ਵਿਚ ਟੱਬਰਾਂ ਸਣੇ ਵਸਣ ਦਾ ਜੋ ਬਦਲ ਸਾਹਮਣੇ ਆਇਆ, ਉਸ ਨੇ ਪਰਵਾਸ ਨੂੰ ‘ਸਮਾਜਿਕ ਉੱਚਤਾ’ ਵਿਚ ਬਦਲ ਦਿੱਤਾ। ਵਿਦੇਸ਼ ਤੋਂ ਆਏ ਪੈਸੇ ਨਾਲ ਪੰਜਾਬ ਦੀ ਨੁਹਾਰ ਵਿਚ ਵੀ ਤਬਦੀਲੀ ਆਈ। ਹੁਣ ਵਾਲਾ ਪਰਵਾਸ ਇਸ ਲੜੀ ਦਾ ਹਿੱਸਾ ਹੁੰਦਾ ਹੋਇਆ ਵੀ ਇਸ ਨਾਲੋਂ ਵੱਖਰਾ ਹੈ। ਪਹਿਲਾਂ ਪਰਵਾਸੀ ਹੋਣ ਵਾਲੇ ਪੰਜਾਬੀਆਂ ਨੇ ਵਿਦੇਸ਼ੀ ਧਰਤੀ ਉੱਪਰ ਜਾ ਕੇ ਨਸਲਵਾਦ ਅਤੇ ਵਿਤਕਰੇ ਖਿਲਾਫ ਲੰਮੀ ਲੜਾਈ ਲੜੀ। ਵਾਊਚਰ ਵੀਜ਼ਾ ਸਿਸਟਮ ਰਾਹੀਂ ਜਾਣ ਵਾਲੇ ਪੰਜਾਬੀ ਤਾਂ ਇਥੇ ਸਰਕਾਰੀ ਨੌਕਰੀਆਂ ਵੀ ਕਰਦੇ ਸਨ। ਹੁਣ ਪਰਵਾਸੀ ਹੋ ਰਹੇ ਨੌਜਵਾਨ ਇਥੋਂ ਦੇ ਸਮਾਜ-ਆਰਥਿਕ ਪ੍ਰਬੰਧ ਤੋਂ ਆਕੀ ਹੋਏ ਬਾਹਰ ਜਾਣ ਦੀ ਇੱਛਾ ਰੱਖਦੇ ਹਨ। ਇਸ ਪੀੜ੍ਹੀ ਨੇ ਸਿਹਤ, ਸਿੱਖਿਆ ਤੇ ਰੁਜ਼ਗਾਰ ਲਈ ਜੋ ਸੰਘਰਸ਼ ਇਥੇ ਕਰਨਾ ਸੀ, ਤੇ ਵੇਲੇ ਦੀਆਂ ਸਰਕਾਰਾਂ ਨੂੰ ਆਪਣੇ ਹੱਕ ਦੇਣ ਲਈ ਮਜਬੂਰ ਕਰਨਾ ਸੀ, ਉਸ ਦੀ ਥਾਂ ਪਰਵਾਸੀ ਹੋਣਾ ਮੁਕਾਬਲਤਨ ਸੌਖਾ ਬਦਲ ਹੈ। ਵਿਦੇਸ਼ ਦੇ ਭਲਾਈ ਰਾਜ ਦਾ ਹਿੱਸਾ ਬਣ ਕੇ ਉਥੋਂ ਦੀ ਮਜ਼ਦੂਰ ਜਮਾਤ ਦੀਆਂ ਜਿੱਤੀਆਂ ਬਰਕਤਾਂ ਭੋਗਣ ਨਾਲ ਪੰਜਾਬ ਉਸ ਜੱਦੋ-ਜਹਿਦ ਤੋਂ ਵਿਰਵਾ ਸੀ ਜਿਸ ਨੇ ਇਥੇ ਦੇ ਸ਼ਾਸਕਾਂ ਨੂੰ ਲੋਕ ਹਿੱਤਾਂ ਵਾਲੇ ਕਾਰਜਾਂ ਲਈ ਮਜਬੂਰ ਕਰਨਾ ਸੀ। ਹੁਣ ਚੱਲ ਰਹੇ ਕਿਸਾਨੀ ਸੰਘਰਸ਼ ਨੇ ਨੌਜਵਾਨ ਨਸਲ ਨੂੰ ਇਸ ਮੁੱਦੇ ਬਾਰੇ ਦੁਬਾਰਾ ਸੋਚਣ ਲਈ ਮਜਬੂਰ ਕੀਤਾ ਹੈ। ਇਹ ਕਹਿਣਾ ਤਾਂ ਗਲਤ ਹੋਵੇਗਾ ਕਿ ਹੁਣ ਪੰਜਾਬ ਦੀ ਜਵਾਨੀ ਪਰਵਾਸੀ ਨਹੀਂ ਬਣੇਗੀ ਪਰ ਉਨ੍ਹਾਂ ਨੂੰ ਆਪਣੀਆਂ ਸਰਕਾਰਾਂ ਦੇ ਖ਼ਾਸੇ ਬਾਰੇ ਚਾਨਣ ਜ਼ਰੂਰ ਹੋਇਆ ਹੈ। ਵਿਦੇਸ਼ ਤੋਂ ਪਰਤ ਕੇ ਇਸ ਸੰਘਰਸ਼ ਵਿਚ ਸ਼ਾਮਿਲ ਹੋਣ ਵਾਲੇ ਨੌਜਵਾਨਾਂ ਦੀਆਂ ਅਨੇਕ ਮਿਸਾਲਾਂ ਸਾਹਮਣੇ ਆਈਆਂ ਤਾਂ ਕੁਝ ਨੌਜਵਾਨਾਂ ਨੇ ਆਪਣੀ ਜ਼ਮੀਨ ਦੇ ਅਹਿਸਾਸ ਕਾਰਨ ਬਾਹਰ ਜਾਣ ਦਾ ਖਿਆਲ ਛੱਡਿਆ ਵੀ ਹੈ। ਮਿਸਾਲਾਂ ਭਾਵੇਂ ਘੱਟ ਹੀ ਹੋਣ ਪਰ ਇਸ ਖਿਆਲ ਨੂੰ ਨਵੀਂ ਪੀੜ੍ਹੀ ਲਈ ਪੈਦਾ ਕਰਨਾ ਕਿਸਾਨੀ ਸੰਘਰਸ਼ ਦੀ ਪ੍ਰਾਪਤੀ ਹੈ।
       ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੀ ਉੱਚ ਸਿੱਖਿਆ ਆਪਣੇ ਤਰਸ ਵਾਲੇ ਹਸ਼ਰ ਵਲ ਵਧ ਰਹੀ ਲਗਦੀ ਹੈ। ਇਸ ਦੇ ਬਹੁਤ ਸਾਰੇ ਕਾਰਨਾਂ ਵਿਚੋਂ ਇਕ ਸਿੱਖਿਆ ਖੇਤਰ ਦੇ ਪ੍ਰਾਈਵੇਟ ਨਿਵੇਸ਼ਕਾਂ ਨੂੰ ਲਾਭ ਦੇਣਾ ਹੈ ਜਿਨ੍ਹਾਂ ਵਿਚ ਪੰਜਾਬ ਦੀਆਂ ਲਗਭਗ ਸਭ ਪਾਰਟੀਆਂ ਦੇ ਸਿਆਸਤਦਾਨ ਅਤੇ ਅਫ਼ਸਰਸ਼ਾਹ ਹਨ। ਇਸ ਲਈ ਸਰਕਾਰੀ ਸਹਾਇਤਾ ਨੂੰ ਸਰਕਾਰੀ ਸੰਸਥਾਵਾਂ ਤੋਂ ਪਰ੍ਹੇ ਲਿਜਾਇਆ ਗਿਆ ਪਰ ਸਰਕਾਰੀ ਦਖ਼ਲ ਵਧਾ ਦਿੱਤਾ ਗਿਆ। ਨਤੀਜੇ ਵਜੋਂ, ਸਿੱਖਿਆ ਦਾ ਪੱਧਰ ਰਸਾਤਲ ਵਲ ਗਿਆ ਹੈ। ਪੰਜਾਬ ਦੀ ਨੌਜਵਾਨੀ ਦੀ ਜਥੇਬੰਦ ਸਿਆਸਤ ਪ੍ਰਤੀ ਉਦਾਸੀਨਤਾ ਦੀ ਹਾਲਤ ਵਿਚ ਇਹ ਕੰਮ ਸੌਖਾ ਨੇਪਰੇ ਚੜ੍ਹਿਆ। ਨੱਬੇਵਿਆਂ ਤੋਂ ਬਾਅਦ ਪੈਦਾ ਹੋਏ ਲੋਕਾਂ ਨੇ ਹਰ ਲਿਹਾਜ਼ ਨਾਲ ਪੰਜਾਬ ਦੀ ਢਹਿੰਦੀ ਕਲਾ ਹੀ ਦੇਖੀ ਸੀ। ਇਕ ਪਾਸੇ ਧਨੀ ਕਿਸਾਨੀ ਦੇ ਭਾਰੂ ਰੂਪ ਵਾਲੀਆਂ ਦੋ ਪਾਰਟੀਆਂ ਜਿਨ੍ਹਾਂ ਦੀਆਂ ਆਰਥਿਕ ਨੀਤੀਆਂ ਇੱਕੋ ਜਿਹੀਆਂ ਹਨ, ਦੂਜੇ ਪਾਸੇ ਸਥਾਪਤੀ ਦੇ ਉਲਟ ਖੜ੍ਹਦੀ ਖੱਬੀ ਧਿਰ ਦਾ ਜਰਜਰਾ ਰੂਪ ਪਿਛਲੇ ਦਹਾਕਿਆਂ ਵਿਚ ਪੰਜਾਬ ਦੀ ਸਿਆਸਤ ਦੀ ਕਹਾਣੀ ਲਿਖਦਾ ਰਿਹਾ ਹੈ। ਇਸ ਬਿਰਤਾਂਤ ਵਿਚ ਸਹਿਮਤੀ ਦਾ ਪ੍ਰਵਚਨ ਹੀ ਭਾਰੂ ਸੀ। ਨਵੀਂ ਪੀੜ੍ਹੀ ਨੇ ਅਸਹਿਮਤ ਲੋਕਾਂ ਨਾਲ ਖੜ੍ਹੇ ਹੋਣ ਅਤੇ ਸਥਾਪਤੀ ਨੂੰ ਵੰਗਾਰਨ ਦਾ ਉਹ ਅਨੁਭਵ ਹਾਸਿਲ ਕੀਤਾ ਜੋ ਪੰਜਾਬ ਨੂੰ ਵੀ ਬੜੀ ਦੇਰ ਦਾ ਵਿਸਰਿਆ ਹੋਇਆ ਸੀ। ਯਕੀਨਨ ਇਸ ਅਸਹਿਮਤੀ ਵਿਚੋਂ ਕੁਝ ਮੁੱਦੇ ਨਵੇਂ ਲੋਕਾਂ ਦੀ ਸੰਵੇਦਨਾ ਨਾਲ ਖਹਿਣਗੇ। ਇਸ ਕਸ਼ਮਕਸ਼ ਤੋਂ ਬਾਅਦ ਨੌਜਵਾਨੀ ਦਾ ਪਹਿਲਾਂ ਵਰਗੇ ਰਹਿਣਾ ਮੁਸ਼ਕਿਲ ਲਗਦਾ ਹੈ। ਪੰਜਾਬ ਦੀ ਸਿਆਸਤ ਵਿਚ ਭਾਵੇਂ ਵੱਢ ਮਾਰਵਾਂ ਮਾਹੌਲ ਨਾ ਵੀ ਦਿਸੇ ਪਰ ਨਵੇਂ ਦਿਮਾਗਾਂ ਕੋਲ ਕੁਝ ਸਵਾਲ ਆਪਣੇ ਸਿਆਸੀ ਪ੍ਰਤੀਨਿਧਾਂ ਨੂੰ ਪੁੱਛਣ ਲਈ ਜ਼ਰੂਰ ਹੋਣਗੇ।
      ਇਸ ਸੰਘਰਸ਼ ਦਾ ਨਤੀਜਾ ਪਤਾ ਨਹੀਂ ਕੀ ਹੋਵੇ ਪਰ ਇਸ ਵਿਚੋਂ ਪੈਦਾ ਹੋਈ ਊਰਜਾ ਦਾ ਪ੍ਰਵਾਹ ਬਦਲਾਓ ਲਈ ਵੀ ਹੋ ਸਕਦਾ ਹੈ। ਕੁਝ ਲੋਕਾਂ ਨੇ ਇਸ ਸੰਘਰਸ਼ ਦੀ ਰਾਜਸੀ ਦੇਣ ਬਾਰੇ ਸਵਾਲ ਖੜ੍ਹੇ ਕੀਤੇ ਹਨ। ਰਾਜਸੀ ਪ੍ਰਾਪਤੀ ਨੂੰ ਵੋਟਾਂ ਰਾਹੀਂ ਜਿੱਤ ਤਕ ਲੈ ਜਾਣਾ ਇਕ ਪਸਾਰ ਹੈ ਪਰ ਕਿਸੇ ਨੂੰ ਰਾਜਨੀਤਕ ਬਣਾ ਦੇਣਾ ਹੋਰ ਵੀ ਅਹਿਮ ਗੱਲ। ਇਹ ਸੰਘਰਸ਼ ਪੰਜਾਬੀ ਨੌਜਵਾਨ ਨੂੰ ਰਾਜਸੀ ਤਾਣੇ-ਬਾਣੇ ਬਾਰੇ ਸੋਚਣ ਲਈ ਮਜਬੂਰ ਕਰਨ ਵਿਚ ਸਫਲ ਰਿਹਾ ਹੈ। ਉਸ ਰਾਜਨੀਤਕ ਵਿਚਾਰਸ਼ੀਲਤਾ ਦੇ ਕਈ ਪਸਾਰ ਸੋਸ਼ਲ ਮੀਡੀਆ ਉੱਪਰ ਖੱਬੇ ਪੱਖੀ ਬਨਾਮ ਖਾੜਕੂਵਾਦੀ ਵਿਚਾਰਾਂ ਦੇ ਟਕਰਾਓ ਵਜੋਂ ਦੇਖਣ ਨੂੰ ਮਿਲ ਰਹੇ ਹਨ ਪਰ ਇਕ ਗੱਲ ਪੱਕੀ ਹੈ ਕਿ ਪੰਜਾਬ ਦੀ ਸਮਾਜਿਕ ਸੰਰਚਨਾ ਧਰਮ-ਨਿਰਪੱਖਤਾ ਦੇ ਆਦਰਸ਼ ਉੱਪਰ ਖੜ੍ਹੀ ਹੈ। ਇਸ ਲਈ ਬਦਲਾਓ ਦਾ ਕੋਈ ਵੀ ਵਿਚਾਰ ਸਾਂਝੀਵਾਲਤਾ ਤੋਂ ਪਾਸੇ ਰਹਿ ਕੇ ਪ੍ਰਵਾਨ ਚੜ੍ਹੇ, ਇਸ ਦੇ ਘੱਟ ਹੀ ਆਸਾਰ ਹਨ। ਬਹਿਸ ਵਾਲੇ ਇਸ ਟਕਰਾਅ ਦਾ ਹਿੱਸਾ ਬਣ ਰਹੇ ਅਤੇ ਬਹਿਸ ਤੋਂ ਪਾਸੇ ਖੜ੍ਹੇ ਮਨ ਇਤਿਹਾਸ ਦਾ ਵਿਸ਼ਲੇਸ਼ਣ ਕਰ ਰਹੇ ਹਨ। ਇਹ ਵਿਸ਼ਲੇਸ਼ਣ ਕੁਝ ਸਾਰਥਕ ਨਤੀਜਿਆਂ ਤਕ ਪਹੁੰਚਣ ਲਈ ਨੌਜਵਾਨਾਂ ਦਾ ਰਾਹ ਦਿਸੇਰਾ ਵੀ ਜ਼ਰੂਰ ਬਣੇਗਾ। ਪੰਜਾਬ ਬਾਰੇ ਬਣੇ-ਬਣਾਏ ਕੌਮੀ ਵਿਚਾਰਾਂ ਤੋਂ ਉਲਟ ਕਿਸਾਨੀ ਅੰਦੋਲਨ ਨੇ ਪੰਜਾਬੀ ਬੰਦੇ ਦੇ ਜੁਝਾਰੂਪਨ ਨੂੰ ਇਕ ਵਾਰ ਫਿਰ ਖੜ੍ਹਾ ਕੀਤਾ ਹੈ। ‘ਉੜਤਾ ਪੰਜਾਬ’ ਤੋਂ ‘ਲੜਦਾ ਪੰਜਾਬ’ ਤਕ ਦਾ ਸਫ਼ਰ ਪੰਜਾਬ ਦੇ ਕਿਸਾਨੀ ਅੰਦੋਲਨ ਦੀ ਵੱਡੀ ਪ੍ਰਾਪਤੀ ਕਹੀ ਜਾਵੇਗੀ। ਜੇ ਨੌਜਵਾਨਾਂ ਦੀ ਸੋਚ ਨੂੰ ਘੜਨ ਵਾਲੇ ਸਾਰੇ ਪੱਖ ਫ਼ਿਲਮਾਂ, ਗਾਇਕੀ, ਸ਼ਾਇਰੀ, ਨਾਅਰੇ ਸਭ ਬਦਲੇ ਹੋਰ ਦਿਸਦੇ ਹਨ ਤਾਂ ਜ਼ਾਹਿਰ ਹੈ, ਜਵਾਨ ਮਨਾਂ ਵਿਚ ਵੀ ਬਦਲਾਓ ਰਿੜਕਿਆ ਜਾ ਰਿਹਾ ਹੈ। ਇਸ ਦੇ ਨਤੀਜੇ ਭਾਵੇਂ ਦੇਰ ਬਾਅਦ ਸਾਹਮਣੇ ਆਉਣ ਪਰ ਇਹ ਸੰਘਰਸ਼ ਬੇਸਿੱਟਾ ਨਹੀਂ ਹੋਵੇਗਾ। ਨੌਜਵਾਨੀ ਲਈ ਤਾਂ ਹਰਗਿਜ਼ ਨਹੀਂ।

ਸੰਪਰਕ : 94654-64502