ਲੋਕ-ਰਾਜ ਤਾਂ ਭਾਰਤ ਦੇ ਕਿਸੇ ਖੂੰਜੇ ਬੈਠਾ ਅੱਖਾਂ ਵਿੱਚ ਘਸੁੰਨ ਦੇ-ਦੇ ਕੇ ਰੋਂਦਾ ਹੋਣੈ - ਜਤਿੰਦਰ ਪਨੂੰ

ਸ਼ਿਵ ਬਟਾਲਵੀ ਨੇ ਪਤਾ ਨਹੀਂ ਕਿਸ ਰੰਗ ਵਿੱਚ ਲਿਖਿਆ ਹੋਵੇ; 'ਮੈਂ ਮਸੀਹਾ ਵੇਖਿਆ, ਬੀਮਾਰ ਤੇਰੇ ਸ਼ਹਿਰ ਦਾ। ਰੋਗ ਬਣ ਕੇ ਰਹਿ ਗਿਆ ਪਿਆਰ ਤੇਰੇ ਸ਼ਹਿਰ ਦਾ'। ਮੈਨੂੰ ਇਹ ਸਤਰਾਂ ਓਦੋਂ ਸੁੱਝੀਆਂ, ਜਦੋਂ ਇੱਕ ਸੱਜਣ ਨੇ ਇਹ ਗੱਲ ਪੁੱਛ ਲਈ ਕਿ ਅੱਜ ਦੇ ਭਾਰਤ ਦੇਸ਼ ਦਾ ਲੋਕਤੰਤਰ ਸਹੀ ਅਰਥਾਂ ਵਿੱਚ ਲੋਕਤੰਤਰ ਵਜੋਂ ਤੋਲਣਾ ਹੋਵੇ ਤਾਂ ਤੁਸੀਂ ਇਸ ਨੂੰ ਕਿਸ ਪੱਧਰ ਦਾ ਕਹਿ ਸਕਦੇ ਹੋ! ਇਹ ਸਵਾਲ ਡਾਢਾ ਔਖਾ ਸੀ। ਮੈਂ ਜਿਉਂ-ਜਿਉਂ ਭਾਰਤ ਦੀ ਪਾਰਲੀਮੈਂਟ ਅਤੇ ਰਾਜਾਂ ਦੇ ਵਿਧਾਨ ਮੰਡਲਾਂ ਵੱਲ ਨਜ਼ਰ ਮਾਰੀ ਜਾਵਾਂ, ਉਨ੍ਹਾਂ ਵਿੱਚ ਲੋਕਤੰਤਰੀ ਰਿਵਾਇਤਾਂ ਲੱਭਣੀਆਂ ਔਖੀਆਂ ਹੋਈ ਜਾਣ ਅਤੇ ਉਨ੍ਹਾਂ ਦੀ ਥਾਂ ਇਹ ਪ੍ਰਭਾਵ ਬਣਦਾ ਜਾਵੇ ਕਿ ਜਿਹੜੇ ਹਾਲਾਤ ਵਿੱਚ ਇਹ ਲੋਕਤੰਤਰ ਪਹੁੰਚ ਗਿਆ ਹੈ, ਇਹ ਭਾਰਤ ਵਿਚ ਕਿੰਨਾ ਕੁ ਚਿਰ ਟਿਕਿਆ ਰਹੇਗਾ ਅਤੇ ਅਰਾਜਕਤਾ ਇਸ ਨੂੰ ਖੂੰਜੇ ਲਾਉਣ ਵਿੱਚ ਕਿੰਨੇ ਕੁ ਸਾਲ ਹੋਰ ਲਾਵੇਗੀ! ਮਨ ਵਿੱਚ ਪਿਛਲੇ ਅੱਧੀ ਸਦੀ ਦੇ ਦ੍ਰਿਸ਼ਟਾਂਤ ਸੁਖਾਵੇਂ ਮੁੱਢ ਤੋਂ ਚੱਲੀ ਅਤੇ ਦੁਖਾਂਤਕ ਦੌਰ ਵਿੱਚ ਮੁੱਕਣ ਵਾਲੀ ਫਿਲਮ ਬਣਦੇ ਗਏ।
ਪੰਜਤਾਲੀ ਕੁ ਸਾਲ ਪਹਿਲਾਂ ਜਦੋਂ ਅਸੀਂ ਅਖਬਾਰਾਂ ਪੜ੍ਹਨ ਅਤੇ ਰਾਜਨੀਤੀ ਨੂੰ ਸਮਝਣ ਜੋਗੇ ਹੋਏ ਤਾਂ ਵਿਧਾਨ ਸਭਾ ਹੋਵੇ ਜਾਂ ਪਾਰਲੀਮੈਂਟ, ਲੋਕ ਉਨ੍ਹਾਂ ਦੇ ਅਜਲਾਸਾਂ ਵਿੱਚ ਹੁੰਦੀਆਂ ਬਹਿਸਾਂ ਪੜ੍ਹ ਕੇ ਵੱਖੋ-ਵੱਖ ਲੀਡਰਾਂ ਦੇ ਭਾਸ਼ਣਾਂ ਦੀ ਚਰਚਾ ਕਰਦੇ ਹੁੰਦੇ ਸਨ। ਓਦੋਂ ਪੰਜਾਬ ਦੀ ਸਰਕਾਰ ਦੇ ਮੁਖੀ ਗਿਆਨੀ ਜ਼ੈਲ ਸਿੰਘ ਹੁੰਦੇ ਸਨ ਅਤੇ ਵਿਰੋਧੀ ਧਿਰ ਦੇ ਆਗੂ ਉਨ੍ਹਾਂ ਦੇ ਆਪਣੇ ਪਿੰਡ ਦੇ ਅਕਾਲੀ ਵਿਧਾਇਕ ਜਸਵਿੰਦਰ ਸਿੰਘ ਬਰਾੜ ਸਨ। ਦੋਵੇਂ ਆਪਣੀ-ਆਪਣੀ ਰਾਜਨੀਤੀ ਦੇ ਪੱਕੇ ਸਨ, ਪਰ ਇੱਕ ਸਦਾਚਾਰ ਦਾ ਰਿਸ਼ਤਾ ਆਪਸ ਵਿੱਚ ਲਗਾਤਾਰ ਨਿਭਾਉਂਦੇ ਹੁੰਦੇ ਸਨ। ਫਿਰ ਅਸੀਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਅਤੇ ਬਲਰਾਮ ਜਾਖੜ ਹੁਰਾਂ ਦੇ ਆਪੋਜ਼ੀਸ਼ਨ ਲੀਡਰੀ ਦੇ ਦਿਨ ਵੇਖੇ, ਜਿਨ੍ਹਾਂ ਵਿੱਚ ਹਰ ਮੁੱਦੇ ਉੱਤੇ ਭਖਵੀਂ ਬਹਿਸ ਦੇ ਬਾਵਜੂਦ ਸ਼ਬਦਾਂ ਤੇ ਸੰਬੰਧਾਂ ਦੀ ਮਹਿਮਾ ਕਾਇਮ ਰੱਖੀ ਜਾਂਦੀ ਸੀ। ਅਸੈਂਬਲੀ ਵਿੱਚ ਕਾਮਰੇਡ ਸਤਪਾਲ ਡਾਂਗ, ਭਾਜਪਾ ਆਗੂ ਬਲਰਾਮਜੀ ਦਾਸ ਟੰਡਨ ਅਤੇ ਸਮਾਜਵਾਦੀ ਪਾਰਟੀ ਤੋਂ ਚੱਲ ਕੇ ਚੀਫ ਖਾਲਸਾ ਦੀਵਾਨ ਦੀ ਪ੍ਰਧਾਨਗੀ ਤੱਕ ਪਹੁੰਚਣ ਵਾਲੇ ਕ੍ਰਿਪਾਲ ਸਿੰਘ ਅਤੇ ਹੋਰਨਾਂ ਵਿਚਾਲੇ ਹਰ ਮੁੱਦੇ ਉਤੇ ਠੋਸ ਦਲੀਲਾਂ ਵਾਲੀ ਬਹਿਸ ਹੁੰਦੀ ਵੀ ਵੇਖੀ ਸੀ। ਜਦੋਂ ਦੇਸ਼ ਦੀ ਪਾਰਲੀਮੈਂਟ ਦੀ ਗੱਲ ਆਉਂਦੀ ਹੈ ਤਾਂ ਓਥੇ ਵੀ ਦਲੀਲਾਂ ਦੇ ਧਨੀ ਮੈਂਬਰ ਬਹਿਸਾਂ ਕਰਿਆ ਕਰਦੇ ਸਨ।
ਫਿਰ ਨਵਾਂ ਮਾਹੌਲ ਬਣਨ ਲੱਗ ਪਿਆ। ਇੱਕ ਮੌਕੇ ਤਾਮਿਲ ਨਾਡੂ ਦੀ ਵਿਧਾਨ ਸਭਾ ਵਿੱਚ ਬਹਿਸ ਤੋਂ ਗੱਲ ਝਗੜੇ ਤੱਕ ਜਾ ਪਹੁੰਚੀ ਤੇ ਹੱਥੋ-ਪਾਈ ਵਿੱਚ ਜੈਲਲਿਤਾ ਦੀ ਸਾੜ੍ਹੀ ਦਾ ਇੱਕ ਕੋਨਾ ਪਾਟ ਜਾਣ ਤੋਂ ਬਾਅਦ ਉਸ ਨੇ ਬਾਹਰ ਆ ਕੇ ਕਿਹਾ ਸੀ: 'ਹਾਊਸ ਵਿੱਚ ਮੇਰੀ ਇੱਜ਼ਤ ਨੂੰ ਹੱਥ ਪਾਉਣ ਦਾ ਯਤਨ ਕੀਤਾ ਗਿਆ ਹੈ।' ਮੱਧ ਪ੍ਰਦੇਸ਼ ਵਿੱਚ ਇੱਕ ਵਿਧਾਇਕ ਨੇ ਇੱਕ ਵਾਰੀ ਆਪਣੀ ਧੋਤੀ ਖੋਲ੍ਹਣ ਦੀ ਧਮਕੀ ਦਿੱਤੀ ਤਾਂ ਦੂਸਰੇ ਮੈਂਬਰਾਂ ਨੇ ਬੜੀ ਮੁਸ਼ਕਲ ਰੋਕਿਆ ਸੀ। ਇਸ ਧਮੱਚੜ ਨੂੰ ਸ਼ੁਰੂ ਵਿੱਚ ਰੋਕਿਆ ਜਾਂਦਾ ਤਾਂ ਮਿਆਰ ਕਾਇਮ ਰਹਿ ਜਾਂਦੇ, ਪਰ ਰੱਖੇ ਨਹੀਂ ਸਨ ਗਏ। ਅੱਜ ਪਾਰਲੀਮੈਂਟ ਤੋਂ ਵਿਧਾਨ ਸਭਾਵਾਂ ਤੱਕ ਹਰ ਥਾਂ ਹਰ ਗੱਲ ਉੱਤੇ ਏਨਾ ਧਮੱਚੜ ਪੈਂਦਾ ਹੈ ਕਿ ਕੰਮ ਦੀ ਗੱਲ ਦੀ ਆਸ ਹੀ ਨਹੀਂ ਰੱਖੀ ਜਾ ਸਕਦੀ ਤੇ ਇੱਕ ਦੂਸਰੇ ਦੀ ਇੱਜ਼ਤ ਉਛਾਲਣਾ ਆਮ ਗੱਲ ਬਣ ਗਈ ਹੈ। ਓਦੋਂ ਸਪੀਕਰ ਆਮ ਕਰ ਕੇ ਹੁੱਲੜਬਾਜ਼ੀ ਤੋਂ ਪ੍ਰਹੇਜ਼ ਕਰਨ ਲਈ ਕਹਿੰਦੇ ਅਤੇ ਖੁਦ ਵੀ ਬੰਧੇਜ ਵਿੱਚ ਰਹਿੰਦੇ ਹੁੰਦੇ ਸਨ, ਅੱਜਕੱਲ੍ਹ ਸਪੀਕਰਾਂ ਦਾ ਵੀ ਉਹ ਮਿਆਰ ਨਹੀਂ ਰਿਹਾ।
ਪੰਜਾਬ ਵਿਧਾਨ ਸਭਾ ਵਿੱਚ ਇਸ ਵਾਰੀ ਜੋ ਕੁਝ ਹੋਇਆ ਹੈ, ਉਹ ਬੇਅਸੂਲੀ ਹੁੱਲੜਬਾਜ਼ੀ ਦੀਆਂ ਹੱਦਾਂ ਟੱਪ ਜਾਣ ਵਾਲਾ ਹੈ। ਵਿਰੋਧੀ ਧਿਰ ਹੁੱਲੜਬਾਜ਼ੀ ਕਰੇ ਤਾਂ ਹਾਕਮ ਧਿਰ ਨੂੰ ਹਾਊਸ ਚੱਲਦਾ ਰੱਖਣ ਵਾਸਤੇ ਯਤਨ ਕਰਨੇ ਪਿਆ ਕਰਦੇ ਹਨ, ਪਰ ਇਸ ਵਾਰੀ ਓਥੇ ਹਾਕਮ ਧਿਰ ਦੇ ਵਿਧਾਇਕ ਵੀ ਹੱਦਾਂ ਟੱਪਦੇ ਵੇਖੇ ਗਏ। ਮੈਂ ਕਿਸੇ ਪਾਰਟੀ ਦੇ ਕਿਸੇ ਆਗੂ ਦਾ ਨਾਂਅ ਨਹੀਂ ਲੈ ਰਿਹਾ, ਕਿਉਂਕਿ ਜਿਵੇਂ ਸਿਫਤ ਕਰਦੇ ਸਮੇਂ ਕਿਸੇ ਦਾ ਨਾਂਅ ਰਹਿ ਜਾਾਣ ਨਾਲ ਉਸ ਦੇ ਰੁੱਸਣ ਦਾ ਡਰ ਹੁੰਦਾ ਹੈ, ਓਦਾਂ ਹੀ ਇਨ੍ਹਾਂ ਦੇ ਵਿਹਾਰ ਦੀ ਨਿੰਦਾ ਕਰਦਿਆਂ ਕਿਸੇ ਦਾ ਨਾਂਅ ਲੈਣ ਤੋਂ ਰਹਿ ਗਿਆ ਤਾਂ ਉਸ ਨਾਲ ਕਿਸੇ ਤਰ੍ਹਾਂ ਦਾ ਲਿਹਾਜ ਕੀਤਾ ਜਾਪਣ ਲੱਗੇਗਾ। ਇੱਕ ਮਸਲਾ ਇਹੋ ਜਿਹਾ ਹੈ, ਜਿਸ ਵਿੱਚ ਸਿਰਫ ਇੱਕ ਵਿਧਾਇਕ ਜਦੋਂ ਬੋਲਣ ਲੱਗਾ ਤਾਂ ਬਾਕੀ ਸਾਰੀਆਂ ਪਾਰਟੀਆਂ ਦੇ ਵਿਧਾਇਕਾਂ ਨੇ ਉਹ ਉੱਧੜਧੁੰਮੀ ਚੁੱਕੀ ਕਿ ਉਸ ਨੂੰ ਬੋਲਣ ਦੀ ਥਾਂ ਬਾਹਰ ਚਲੇ ਜਾਣਾ ਵੱਧ ਚੰਗਾ ਲੱਗਾ। ਬਾਕੀ ਧਿਰਾਂ ਵਾਲੇ ਇਸ ਤੋਂ ਖੁਸ਼ ਹੋਣਗੇ, ਪਰ ਅਸਲ ਵਿੱਚ ਇਹ ਬੇਵਕੂਫੀ ਦਾ ਕੰਮ ਸੀ, ਜਿਹੜਾ ਨਾ ਕੀਤਾ ਜਾਂਦਾ ਤਾਂ ਚੰਗਾ ਹੋਣਾ ਸੀ। ਉਹ ਵਿਧਾਇਕ ਭਾਜਪਾ ਸੀ। ਚਾਰ ਸਾਲ ਪਹਿਲਾਂ ਦੀ ਚੋਣ ਦੌਰਾਨ ਭਾਜਪਾ ਦੇ ਤਿੰਨ ਜਣੇ ਜਿੱਤੇ ਸਨ, ਫਿਰ ਉੱਪ ਚੋਣ ਵਿੱਚ ਇੱਕ ਸੀਟ ਭਾਜਪਾ ਦੀ ਘਟ ਗਈ ਤੇ ਬਾਕੀ ਦੋਂਹ ਵਿੱਚੋਂ ਇੱਕੋ ਜਣਾ ਹਾਊਸ ਵਿੱਚ ਉਸ ਦਿਨ ਗਿਆ ਸੀ। ਜੇ ਉਹ ਚਾਰ ਮਿੰਟ ਬੋਲ ਕੇ ਆਪਣੀ ਗੱਲ ਕਹਿ ਲੈਂਦਾ ਤਾਂ ਇੱਕ ਸੌ ਸਤਾਰਾਂ ਦੀ ਵਿਧਾਨ ਸਭਾ ਵਿੱਚੋਂ ਭਾਜਪਾ ਦੇ ਦੋ ਮੈਂਬਰਾਂ ਅਤੇ ਸਪੀਕਰ ਨੂੰ ਛੱਡ ਕੇ ਬਾਕੀ ਇੱਕ ਸੌ ਚੌਦਾਂ ਜਣੇ ਭਾਜਪਾ ਦੇ ਇੱਸ ਵਿਧਾਇਕ ਦੀ ਗੱਲ ਦੀ ਕਾਟ ਕਰ ਸਕਦੇ ਸਨ। ਉਸ ਵਿਰੁੱਧ ਇਤਰਾਜ਼ ਇਹ ਹੋਇਆ ਕਿ ਉਸ ਦੀ ਪਾਰਟੀ ਕਿਸਾਨ ਸੰਘਰਸ਼ ਦਾ ਵਿਰੋਧ ਕਰਨ ਵਾਲੀ ਧਿਰ ਹੈ। ਇਹ ਗੱਲ ਸੰਵਿਧਾਨ ਵਿੱਚ ਕਿਤੇ ਨਹੀਂ ਲਿਖੀ ਕਿ ਵਿਚਾਰ ਵੱਖ ਹੋਣ ਤਾਂ ਉਸ ਨੂੰ ਹਾਊਸ ਵਿੱਚ ਬੋਲਣ ਦਾ ਹੱਕ ਨਹੀਂ ਹੋਵੇਗਾ। ਅੱਜ ਏਥੇ ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਲੋਕ ਇਨਸਾਫ ਪਾਰਟੀ ਦੇ ਮੈਂਬਰਾਂ ਨੇ ਉਸ ਭਾਜਪਾ ਵਾਲੇ ਨੂੰ ਬੋਲਣ ਨਹੀਂ ਦਿੱਤਾ, ਜੇ ਕੱਲ੍ਹ ਨੂੰ ਲੋਕ ਸਭਾ ਦੇ ਪੰਜ ਸੌ ਤਿਰਤਾਲੀਆਂ ਵਿੱਚ ਪੰਜਾਬ ਦੇ ਤੇਰਾਂ ਵਿੱਚੋਂ ਭਾਜਪਾ ਦੇ ਦੋ ਕੱਢ ਕੇ ਬਾਕੀ ਗਿਆਰਾਂ ਨੂੰ ਬੋਲਣ ਤੋਂ ਉਨ੍ਹਾਂ ਨੇ ਏਸੇ ਤਰ੍ਹਾਂ ਰੋਕਣ ਲਈ ਹੱਲਾ-ਗੁੱਲਾ ਵਿੱਢ ਲਿਆ ਤਾਂ ਇਸ ਨਾਲ ਜਲੂਸ ਕਿਸ ਦਾ ਨਿਕਲੇਗਾ? ਭਾਜਪਾ ਵਾਲੇ ਤਾਂ ਏਦਾਂ ਦੇ ਹੰਗਾਮੇ ਕਰਨ ਵਿੱਚ ਬਾਕੀਆਂ ਨਾਲੋਂ ਉਂਝ ਵੀ ਵੱਧ ਮਾਹਰ ਸਮਝੇ ਜਾਂਦੇ ਹਨ। ਲੋਕ-ਰਾਜ ਵਿੱਚ ਹਰ ਚੁਣੇ ਹੋਏ ਪ੍ਰਤੀਨਿਧ ਨੂੰ ਆਪਣਾ ਪੱਖ ਪੇਸ਼ ਕਰਨ ਦਾ ਹੱਕ ਹੈ, ਜੇ ਕੋਈ ਸੁਣਨਾ ਨਹੀਂ ਚਾਹੁੰਦਾ ਤਾਂ ਉੱਠ ਕੇ ਬਾਹਰ ਚਲਾ ਜਾਵੇ, ਪਰ ਕਿਸੇ ਦਾ ਬੋਲਣ ਦਾ ਹੱਕ ਨਹੀਂ ਖੋਹਿਆ ਜਾ ਸਕਦਾ। ਇੰਜ ਕਰ ਕੇ ਨਾ ਭਾਜਪਾ ਦੀ ਨੀਤੀ ਬਦਲਣੀ ਹੈ, ਨਾ ਨੀਤ, ਪਰ ਪੰਜਾਬ ਦੇ ਵਿਧਾਇਕਾਂ ਦੀ ਅਕਲ ਸਾਹਮਣੇ ਆ ਗਈ ਹੈ।
ਲੋਕ-ਰਾਜ ਜਿਨ੍ਹਾਂ ਦੇਸ਼ਾਂ ਤੋਂ ਤੁਰਿਆ ਸੀ, ਓਥੇ ਵੀ ਬਿਨਾਂ ਸ਼ੱਕ ਓਦੋਂ ਜਿੰਨਾ ਸੁਥਰਾ ਨਹੀਂ ਰਿਹਾ, ਪਰ ਵਿਕਾਸ ਦੀ ਯਾਤਰਾ ਕਰਦਾ-ਕਰਦਾ ਭਾਰਤ ਵਰਗੇ ਦੇਸ਼ਾਂ ਵਿੱਚ ਪਹੁੰਚ ਕੇ ਤਾਂ ਆਪਣੇ ਆਪ ਵਿੱਚ ਹੀ ਸ਼ਰਮਿੰਦਾ ਮਹਿਸੂਸ ਕਰਨ ਲੱਗ ਪਿਆ ਹੋਵੇਗਾ। ਅਸੀਂ ਜਦੋਂ ਪੰਜਤਾਲੀ ਕੁ ਸਾਲ ਪਹਿਲਾਂ ਦੀਆਂ ਗੰਭੀਰ ਬਹਿਸਾਂ ਤੇ ਸਦਾਚਾਰੀ ਪੱਧਰ ਦਾ ਚੇਤਾ ਕਰਦੇ ਹਾਂ ਤਾਂ ਇਸ ਦਾ ਆਖਰੀ ਝਲਕਾਰਾ ਓਦੋਂ ਮਿਲਿਆ ਸੀ, ਜਦੋਂ ਚੌਦਾਂ ਕੁ ਸਾਲ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਚੌਥੀ ਵਾਰੀ ਇਸ ਰਾਜ ਦੇ ਮੁੱਖ ਮੰਤਰੀ ਬਣੇ ਸਨ ਅਤੇ ਨਵੀਂ ਪੀੜ੍ਹੀ ਕਾਂਗਰਸ ਤੇ ਅਕਾਲੀ ਦਲ ਦੋਵੇਂ ਪਾਸੇ ਅਜੇ ਬੇਲਗਾਮ ਨਹੀਂ ਸੀ ਹੋਈ। ਕੌੜੇ ਸ਼ਬਦ ਮੁੱਖ ਮੰਤਰੀ ਬਾਦਲ ਤੇ ਵਿਰੋਧੀ ਧਿਰ ਵੱਲੋਂ ਵੀ ਕੁਝ ਲੋਕ ਕਹਿ ਜਾਂਦੇ ਸਨ, ਪਰ ਇੱਕ ਹੱਦ ਫਿਰ ਵੀ ਕਾਇਮ ਰਹਿੰਦੀ ਸੀ। ਮੁੱਖ ਮੰਤਰੀ ਬੋਲਦਾ ਹੋਵੇ ਤਾਂ ਉਸ ਦੀ ਗੱਲ ਸੁਣਨ ਤੋਂ ਰੋਕਣ ਦਾ ਰਿਵਾਜ ਹਾਲੇ ਨਹੀਂ ਸੀ ਪਿਆ। ਪੰਜਾਬ ਕਾਂਗਰਸ ਦੇ ਅਜੋਕੇ ਪ੍ਰਧਾਨ ਸੁਨੀਲ ਜਾਖੜ ਦੇ ਆਪੋਜ਼ੀਸ਼ਨ ਲੀਡਰ ਹੁੰਦਿਆਂ ਸਦਾਚਾਰ ਇਸ ਹੱਦ ਤੱਕ ਹੁੰਦਾ ਸੀ ਕਿ ਉਹ ਉਮਰ ਦਾ ਲਿਹਾਜ਼ ਕਰ ਕੇ ਮੁੱਖ ਮੰਤਰੀ ਬਾਦਲ ਦੇ ਗੋਡੀਂ ਹੱਥ ਲਾ ਦੇਂਦੇ ਸਨ। ਅਗਲਾ ਪੜਾਅ ਓਦੋਂ ਆਇਆ ਸੀ, ਜਦੋਂ ਯੋਜਨਾ ਕਮਿਸ਼ਨ ਦੀ ਮੀਟਿੰਗ ਵਾਸਤੇ ਦਿੱਲੀ ਪਹੁੰਚੇ ਤਾਂ ਸੁਨੀਲ ਜਾਖੜ ਨੇ ਬਾਦਲ ਦੇ ਪੈਰੀਂ ਹੱਥ ਲਾਏ ਅਤੇ ਅਕਾਲੀ ਦਲ ਦੀ ਨਵੀਂ ਪੀੜ੍ਹੀ ਨੇ ਉਹ ਫੋਟੋ ਮੀਡੀਏ ਵਿੱਚ ਉਚੇਚੀ ਇਹ ਕਹਿ ਕੇ ਪੇਸ਼ ਕਰਵਾਈ ਕਿ ਕਾਂਗਰਸ ਵਾਲੇ ਤਾਂ ਮੁੱਖ ਮੰਤਰੀ ਬਦਲ ਦੇ ਗੋਡੀਂ ਝੁਕਦੇ ਫਿਰਦੇ ਹਨ। ਸੁਨੀਲ ਜਾਖੜ ਦਾ ਝੱਟ ਬਿਆਨ ਆ ਗਿਆ ਕਿ ਬਜ਼ੁਰਗ ਦਾ ਸਤਿਕਾਰ ਕਰਨ ਲਈ ਮੈਂ ਉਨ੍ਹਾਂ ਦੇ ਗੋਡੀਂ ਹੱਥ ਲਾਉਂਦਾ ਹੁੰਦਾ ਸੀ, ਅਕਾਲੀ ਦਲ ਦੀ ਲੀਡਰਸ਼ਿਪ ਇਸ ਤੋਂ ਵੀ ਲਾਹਾ ਲੈਣਾ ਚਾਹੁੰਦੀ ਹੈ ਤਾਂ ਅੱਜ ਤੋਂ ਬਾਅਦ ਨਹੀਂ ਲਾਏ ਜਾਣਗੇ। ਸਦਾਚਾਰ ਉੱਤੇ ਕਦਾਚਾਰ ਦੇ ਭਾਰੂ ਹੋਣ ਨਾਲ ਕਿਸੇ ਇੱਕ ਜਾਂ ਦੂਸਰੇ ਲੀਡਰ ਦਾ ਜਲੂਸ ਨਹੀਂ ਨਿਕਲਿਆ, ਪੰਜਾਬ ਵਿਚਲੇ ਲੋਕ-ਰਾਜ ਦੀ ਗਿਰਾਵਟ ਦਾ ਸਿਖਰ ਹੋਣ ਦੇ ਸੰਕੇਤ ਬਾਹਰ ਆ ਗਏ ਸਨ। ਇਸ ਵਾਰ ਪੰਜਾਬ ਦੀ ਵਿਧਾਨ ਸਭਾ ਵਿੱਚ ਜਿਸ ਤਰ੍ਹਾਂ ਧਮੱਚੜ ਪਾਇਆ ਗਿਆ, ਉਸ ਨੂੰ ਸੋਚਣ ਵੇਲੇ ਅਚਾਨਕ ਬਾਹਰ ਖੜੀ ਕਿਸੇ ਗੱਡੀ ਵਿੱਚ ਚੱਲਦੀ ਸੀ ਡੀ ਤੋਂ ਇਹ ਗਾਣਾ ਵੱਜ ਪਿਆ ਕਿ 'ਮੈਂ ਮਸੀਹਾ ਵੇਖਿਆ, ਬੀਮਾਰ ਤੇਰੇ ਸ਼ਹਿਰ ਦਾ। ਰੋਗ ਬਣ ਕੇ ਰਹਿ ਗਿਆ ਪਿਆਰ ਤੇਰੇ ਸ਼ਹਿਰ ਦਾ'। ਮੈਨੂੰ ਇੰਜ ਲੱਗਣ ਲੱਗ ਪਿਆ, ਜਿਵੇਂ ਗਾਣੇ ਦੇ ਅਜੋਕੇ ਬੋਲ 'ਰੋਗ ਬਣ ਕੇ ਰਹਿ ਗਿਆ ਪਿਆਰ ਤੇਰੇ ਸ਼ਹਿਰ ਦਾ' ਵਾਂਗ ਰਾਜਨੀਤੀ ਦੇ ਖੇਤਰ ਲਈ ਲਿਖਣੇ ਹੋਣ ਤਾਂ 'ਰੋਗ ਬਣ ਕੇ ਰਹਿ ਗਿਆ ਲੋਕ-ਰਾਜ ਤੇਰੇ ਦੇਸ਼ ਦਾ' ਲਿਖਣ ਦੀ ਗੁਸਤਾਖੀ ਕੀਤੀ ਜਾ ਸਕਦੀ ਹੈ। ਉਂਜ ਇਹ ਗੀਤ ਨਹੀਂ ਹੋਣਾ, ਸ਼ਿਵ ਬਟਾਲਵੀ ਦੇ ਗੀਤ ਦੀ ਪੈਰੋਡੀ ਹੋਵੇਗਾ, ਪਰ ਜੋ ਕੁਝ ਭਾਰਤ ਵਿੱਚ ਸਾਨੂੰ ਵੇਖਣਾ ਪੈ ਰਿਹਾ ਹੈ, ਉਹ ਵੀ ਕੋਈ ਲੋਕ-ਰਾਜ ਨਹੀਂ, ਲੋਕ-ਰਾਜ ਦੀ ਇੱਕ ਪੈਰੋਡੀ ਵਰਗਾ ਹੀ ਹੈ, ਅਸਲੀ ਲੋਕ-ਰਾਜ ਤਾਂ ਕਿਸੇ ਖੂੰਜੇ ਬੈਠਾ ਅੱਖਾਂ ਵਿੱਚ ਘਸੁੰਨ ਦੇ ਕੇ ਰੋਂਦਾ ਹੋਵੇਗਾ ਕਿ ਜੇ ਮੇਰੇ ਉੱਤੇ ਆਹ ਦਿਨ ਹੀ ਆਉਣੇ ਸਨ ਤਾਂ ਇਹੋ ਜਿਹੇ ਦੇਸ਼ ਵਿੱਚ ਆਉਣ ਦੀ ਲੋੜ ਕੀ ਸੀ!