ਘਰ - ਘਰ ਰੁੱਖ ਦੇਵੇ ਹਰ ਸੁੱਖ - ਗੁਰਸੇਵਕ ਰੰਧਾਵਾ

ਮਨੁੱਖ ਅਤੇ ਰੁੱਖ ਦਾ ਰਿਸ਼ਤਾ ਬੜਾ ਗਹਿਰਾ ਅਤੇ ਸਦੀਵੀ ਹੈ। ਰੁੱਖ ਤੇ ਮਨੁੱਖ ਸਾਹਾਂ ਦੇ ਸਾਂਝੀ ਹਨ। ਇੱਕ ਤੋਂ ਬਿਨਾਂ ਦੂਸਰੇ ਦੀ ਹੋਂਦ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਜਨਮ ਤੋਂ ਲੈ ਕੇ ਮਰਨ ਤੱਕ ਰੁੱਖ ਮਨੁੱਖ ਦੇ ਅੰਗ-ਸੰਗ ਰਹਿਣ ਦਾ ਫਰਜ਼ ਨਿਭਾਉਂਦਾ ਆ ਰਿਹਾ ਹੈ। ਰੁੱਖ ਕੁਦਰਤ ਵਲੋਂ ਬਖਸ਼ੀ ਅਣਮੁੱਲੀ ਦਾਤ ਹੈ। ਰੁੱਖ ਤੇ ਮਨੁੱਖ ਇਕ ਦੂਜੇ ਤੇ ਨਿਰਭਰ ਹਨ ਭਾਵ ਕੇ ਰੁੱਖਾਂ ਤੋਂ ਸਾਨੂੰ ਆਕਸੀਜਨ ਮਿਲਦੀ ਹੈ ਅਤੇ ਬਦਲੇ ਵਿਚ ਅਸੀਂ ਉਹਨਾਂ ਨੂੰ ਕਾਰਬਨ ਡਾਈਆਕਸਾਈਡ ਦਿੰਦੇ ਹਾਂ ਅਸੀਂ ਇੱਥੋਂ ਤੱਕ ਕਹਿ ਸਕਦੇ ਹਾਂ ਕੇ ਪ੍ਰਿਥਵੀ ਦਾ ਜੀਵਨ ਰੁੱਖਾਂ ਦੀ ਹੋਂਦ ਨਾਲ ਹੀ ਚੱਲਦਾ ਰਹਿ ਸਕਦਾ ਹੈ। ਕਿਉਂਕਿ ਰੁੱਖ ਪ੍ਰਿਥਵੀ ਦੇ ਤਾਪਮਾਨ ਨੂੰ ਨਿਰੰਤਰਣ ਵਿਚ ਰੱਖਦੇ ਹਨ। ਇਸ ਲਈ ਜੇ ਧਰਤੀ ਉੱਤੇ ਰੁੱਖ ਨਹੀਂ ਹੋਣਗੇ ਤਾਂ ਧਰਤੀ ਦਾ ਤਾਪਮਾਨ ਲਗਾਤਾਰ ਵੱਧਦਾ ਹੀ ਚਲਾ ਜਾਵੇਗਾ ਤੇ ਉਹ ਇੰਨੀ ਗਰਮ ਹੋ ਜਾਵੇਗੀ ਕਿ ਉਸ ‘ਤੇ ਜੀਵਨ ਮੁਸ਼ਕਲ ਹੋ ਜਾਵੇਗਾ। ਪਰੰਤੂ ਅਜੋਕੇ ਸਮੇਂ ’ਚ ਇਹ ਸਮੱਸਿਆ ਬਹੁਤ ਹੀ ਵੱਧ ਚੁੱਕੀ ਹੈ। ਮਨੁੱਖ ਨੇ ਰੁੱਖਾਂ ਪ੍ਰਤੀ ਆਪਣੇ ਫਰਜ਼ਾਂ ਤੋਂ ਬੁਰੀ ਤਰ੍ਹਾਂ ਕਿਨਾਰਾ ਕਰ ਲਿਆ ਹੈ। ਜਿਸ ਕਰਕੇ ਮਨੁੱਖੀ ਹੋਂਦ ਅਤੇ ਜੰਗਲੀ ਜੀਵਨ ਸਮੱਸਿਆਂ ਦੇ ਘੇਰੇ ਵਿਚ ਆ ਗਏ ਹਨ। ਪ੍ਰਦੂਸ਼ਣ ਲਗਾਤਾਰ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ ਅਤੇ ਹਵਾ ਦੀ ਗੁਣਵੱਤਾ ’ਚ ਗਿਰਵਾਟ ਆ ਰਹੀ ਹੈ ਜਿਸ ਕਾਰਨ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਦਾ ਪਸਾਰ ਹੋ ਰਿਹਾ ਹੈ ਅਤੇ ਮਨੁੱਖ ਦੀ ਉਮਰ ਵੀ ਲਗਾਤਾਰ ਘੱਟਦੀ ਜਾ ਰਹੀ ਹੈ। ਮਨੁੱਖ ਦੇ ਲਾਲਚ ਸਦਕਾ ਜੰਗਲੀ ਜੀਵਨ ਹੇਠ ਆਉਂਦਾ ਰਕਬਾ ਲਗਾਤਾਰ ਖ਼ਤਮ ਹੁੰਦਾ ਜਾ ਰਿਹਾ ਹੈ ਜੋ ਕਿ ਇੱਕ ਵੱਡੀ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ। ਇਕ ਰਿਪੋਰਟ ਮੁਤਾਬਕ ਦੁਨੀਆਂ ਵਿਚ ਲਗਪਗ ਸੱਤ ਮਿਲੀਅਨ ਲੋਕਾਂ ਦੀ ਮੌਤ ਹਵਾ ਪ੍ਰਦੂਸ਼ਣ ਦੇ ਕਾਰਨ ਹੋ ਜਾਂਦੀ ਹੈ। ਰੁੱਖ ਮੁਫ਼ਤ ‘ਚ ਹਵਾ ਨੂੰ ਸਵੱਛ ਕਰਨ ਦਾ ਕੰਮ ਕਰਦੇ ਹਨ ਪਰ ਫਿਰ ਵੀ ਅਸੀਂ ਰੁੱਖਾਂ ਦੇ ਯੋਗਦਾਨ ਨੂੰ ਅਣਗੌਲਿਆ ਕਰ ਦਿੰਦੇ ਹਾਂ। ਰੁੱਖਾਂ ਦੀ ਘਾਟ ਕਾਰਨ ਰੁੱਤਾਂ ਉੱਤੇ ਵੀ ਇਸ ਦਾ ਪ੍ਰਭਾਵ ਦਿਨੋਂ-ਦਿਨ ਵੱਧ ਰਿਹਾ ਹੈ। ਰੁੱਖਾਂ ਦੀ ਕਮੀ ਕਾਰਨ ਵਰਖਾ ਦੀ ਮਾਤਰਾ ਵੀ ਸਥਿਰ ਨਹੀਂ ਰਹੀ। ਹੁਣ ਕਿਤੇ ਬਹੁਤ ਜ਼ਿਆਦਾ ਵਰਖਾ ਹੋ ਜਾਂਦੀ ਹੈ ਜਦੋਂਕਿ ਕਿਤੇ ਸੋਕੇ ਵਰਗੇ ਹਾਲਾਤ ਬਣ ਜਾਂਦੇ ਹਨ। ਸਾਡਾ ਦੇਸ਼ ਖੇਤੀ ਪ੍ਰਧਾਨ ਮੁਲਕ ਹੈ। ਇੱਥੇ ਵੱਖ-ਵੱਖ ਤਰ੍ਹਾਂ ਦੀਆਂ ਫ਼ਸਲਾਂ ਪੈਦਾ ਕੀਤੀਆਂ ਜਾਂਦੀਆਂ ਹਨ ਪਰ ਪਿਛਲੇ ਕੁਝ ਦਹਾਕਿਆਂ ਤੋਂ ਭੂਮੀ ਦੀ ਉਪਜਾਊ ਸ਼ਕਤੀ ਵਿਚ ਕਮੀ ਦਰਜ਼ ਕੀਤੀ ਗਈ ਹੈ। ਰਸਾਇਣਕ ਖਾਦਾਂ ਤੋਂ ਇਲਾਵਾ ਇਸ ਦਾ ਇਕ ਹੋਰ ਮੁੱਖ ਕਾਰਨ ਰੁੱਖਾਂ ਦੀ ਕਟਾਈ ਵੀ ਸ਼ਾਮਿਲ ਹੈ।
ਸੋ ਅੱਜ ਲੋੜ ਹੈ ਇਕ-ਇਕ ਰੁੱਖ ਬਚਾਉਣ ਦੀ ਅਤੇ ਹਰ ਇੱਕ ਮਨੁੱਖ ਨੂੰ ਹੰਭਲਾ ਮਾਰਨ ਦੀ ਕਿ ਉਹ ਆਪਣੇ ਘਰਾਂ ਵਿੱਚ ਇੱਕ ਰੁੱਖ ਜ਼ਰੂਰ ਲਾਉਣ ਅਤੇ ਉਸਦੀ ਪਰਿਵਾਰਿਕ ਮੈਂਬਰ ਵਾਂਗ ਸਾਂਭ-ਸੰਭਾਲ ਕਰਨ। ਇਹ ਜ਼ਰੂਰੀ ਹੈ ਕਿ ਹਰ ਵਿਅਕਤੀ ਰੁੱਖਾਂ ਦੀ ਮਹੱਤਤਾ ਨੂੰ ਸਮਝੇ ’ਤੇ ਕੁਦਰਤ ਨਾਲ ਪਿਆਰ ਕਰੇ। ਰੁੱਖ ਜੇ ਘਰਾਂ ਦੀ ਰੌਣਕ ਹਨ ਤਾਂ ਇਨ੍ਹਾਂ ਉਪਰ ਵੱਸਦੇ ਪੰਛੀ ਵਿਹੜੇ ਦਾ ਸ਼ਿੰਗਾਰ ਹਨ, ਜਿਵੇਂ ਕਹਿੰਦੇ ਹਨ, ਕਾਂ ਵੀ ਵੱਸਦੇ ਘਰ ਦੇ ਬਨੇਰੇ ‘ਤੇ ਹੀ ਬੈਠਦਾ ਹੈ, ਉਸੇ ਤਰ੍ਹਾਂ ਰੁੱਖ ਵੀ ਵੱਸਦੇ ਵਿਹੜੇ ਦੀ ਰੌਣਕ ਹੁੰਦੇ ਹਨ। ਉੱਜੜੇ ਵਿਹੜੇ ਵਿਚ ਰੁੱਖ ਨਹੀਂ, ਜੰਗਲ ਹੁੰਦਾ ਹੈ। ਰੁੱਖਾਂ ਹੇਠ ਹੀ ਕਦੇ ਸੱਥਾਂ ਜੁੜਦੀਆਂ ਸਨ, ਤੀਆਂ ਦੇ ਮੇਲੇ ਲੱਗਦੇ ਸਨ, ਮੁਟਿਆਰਾਂ ਪੀਂਘਾਂ ਝੂਟਦੀਆਂ ਸਨ, ਗਿੱਧੇ ਦਾ ਪਿੜ ਬੱਝਦਾ ਸੀ, ਗੀਤਾਂ ਦੀ ਛਹਿਬਰ ਲੱਗਦੀ ਸੀ ਅਤੇ ਅਤਿ ਦੀਆਂ ਗਰਮੀਆਂ ਵਿੱਚ ਲੋਕ ਇਨ੍ਹਾਂ ਰੁੱਖਾਂ ਦੀ ਠੰਢੀ ਮਿੱਠੀ ਛਾਂ ਦਾ ਆਨੰਦ ਮਾਣਿਆ ਕਰਦੇ ਸਨ। ਪਰੰਤੂ ਧਰਤੀ ਉਤੇ ਹੋ ਰਹੇ ਵਿਨਾਸ਼ ਨੂੰ ਸੱਦਾ ਵੀ ਮਨੁੱਖ ਨੇ ਹੀ ਦਿੱਤਾ ਹੈ, ਹੁਣ ਇਸ ਨੂੰ ਰੋਕਣ ਦਾ ਉਪਰਾਲਾ ਵੀ ਮਨੁੱਖ ਨੂੰ ਹੀ ਕਰਨਾ ਪਵੇਗਾ ਅਤੇ ਬਣਾਉਟੀ ਪੌਦਿਆਂ ਦੀ ਸਜ਼ਾਵਟ ਘਰਾਂ ’ਚ ਕਰਨ ਦੀ ਥਾਂ ਅਸਲ ਰੁੱਖ ਲਾਉਣ ਦਾ ਉੱਦਮ ਜ਼ਰੂਰ ਕਰਨਾ ਪਵੇਗਾ ਅਤੇ ਇਸਨੂੰ ਇੱਕ ਲਹਿਰ ਦਾ ਰੂਪ ਦੇਣਾ ਪਵੇਗਾ। ਜਿਸ ਨਾਲ ਆਮ ਲੋਕ ਜਾਗਰੂਕ ਹੋਣ ਅਤੇ ਘਰ-ਘਰ ਰੁੱਖ ਲਾਉਣ ਦਾ ਉਪਰਾਲਾ ਕੀਤਾ ਜਾਵੇ ਕਿਉਂਕਿ ਰੁੱਖਾਂ ਨਾਲ ਹੀ ਮਨੁੱਖ ਦੀ ਜ਼ਿੰਦਗੀ ਵਿੱਚ ਖੁਸ਼ਹਾਲੀ ਆਵੇਗੀ ਅਤੇ ਵਾਤਾਵਰਣ ਸਾਫ਼ ਹੋਣ ਨਾਲ ਬਹੁਤ ਸਾਰੀਆਂ ਘਾਤਕ ਬਿਮਾਰੀਆਂ ਤੋਂ ਨਿਜਾਤ ਮਿਲੇਗੀ। ਜੇਕਰ ਇਸ ਨੂੰ ਅੱਜ ਵੀ ਅਣਗੌਲਿਆਂ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ’ਚ ਮਨੁੱਖਤਾ ਨੂੰ ਬਹੁਤ ਪ੍ਰਭਾਵੀ ਸੰਕਟਾਂ ‘ਚੋਂ ਗੁਜ਼ਰਨਾ ਪਵੇਗਾ।

ਗੁਰਸੇਵਕ ਰੰਧਾਵਾ
ਮੋ: 94636-80877
ਪਟਿਆਲਾ।