ਮੇਰੇ ਘਰ ਸ਼ਬਦ ਰਤਨਾਂ ਦੀ ਹੀ ਦੌਲਤ ਹੈ - ਸੁਰਜੀਤ ਪਾਤਰ

ਸ਼ਬਦਾਂ ਦੀ ਸ਼ਕਤੀ ਬਾਰੇ ਬੇਸ਼ੁਮਾਰ ਖ਼ੂਬਸੂਰਤ ਕਹਾਵਤਾਂ ਹਨ :
ਜਿਸਦੀ ਜ਼ੁਬਾਨ ਚੱਲਦੀ, ਉਹਦੇ ਸੱਤ ਹਲ਼ ਚੱਲਦੇ। ਤਲਵਾਰ ਦਾ ਫੱਟ ਮਿਟ ਜਾਂਦਾ, ਜ਼ੁਬਾਨ ਦਾ ਫੱਟ ਕਦੀ ਨਹੀਂ ਮਿਟਦਾ। ਗੱਲ ਜ਼ੁਬਾਨੋਂ, ਤੀਰ ਕਮਾਨੋਂ। ਆਦਮੀ ਆਪਣੀ ਜੀਭ ਥੱਲੇ ਲੁਕ ਜਾਂਦਾ।
ਸ਼ਬਦਾਂ ਬਾਰੇ ਸਤ੍ਵਾਰਵੀਂ ਸਦੀ ਦੇ ਮਸ਼ਹੂਰ ਮਰਾਠੀ ਸੰਤ ਕਵੀ ਤੁਕਾਰਾਮ ਜੀ ਦੇ ਉਚਾਰੇ ਇਕ ਅਭੰਗ ਨੂੰ ਪੰਜਾਬੀ ਵਿਚ ਇਉਂ ਕਹਿ ਸਕਦੇ ਹਾਂ :
ਮੇਰੇ ਘਰ ਸ਼ਬਦ ਰਤਨਾਂ ਦੀ ਹੀ ਦੌਲਤ ਹੈ
ਸ਼ਬਦਾਂ ਦੇ ਹੀ ਹਥਿਆਰ ਹਨ ਮੇਰੇ ਕੋਲ
ਸ਼ਬਦ ਹੀ ਮੇਰੇ ਜੀਵਨ ਦੇ ਸ੍ਰੋਤ ਹਨ
ਸ਼ਬਦਾਂ ਦਾ ਧਨ ਹੀ ਮੈਂ ਲੋਕਾਂ ਨੂੰ ਵੰਡਦਾ ਹਾਂ
ਸ਼ਬਦ ਹੀ ਮੇਰਾ ਪ੍ਰਭੂ ਹੈ
ਸ਼ਬਦਾਂ ਨਾਲ ਹੀ ਮੈਂ ਉਸ ਦੀ ਪੂਜਾ ਕਰਦਾ ਹਾਂ
ਭਾਸ਼ਾ ਦੀ ਬੇਹੁਰਮਤੀ ਦਾ ਸਭ ਤੋਂ ਖ਼ਤਰਨਾਕ ਦੌਰ
       ਸ਼ਬਦਾਂ ਵਿਚ ਅਥਾਹ ਸ਼ਕਤੀ ਹੈ ਤੇ ਉਸ ਸ਼ਕਤੀ ਦੇ ਭਲੇ ਤੇ ਬੁਰੇ ਇਸਤੇਮਾਲ ਦੀ ਲੀਲ੍ਹਾ ਵੀ ਅਪਰੰਪਾਰ ਹੈ। ਉਹ ਸ਼ਬਦ ਹੀ ਸਨ ਜਿਨ੍ਹਾਂ ਨੇ ਦੋ ਪਲਾਂ ਵਿਚ ਸ੍ਰਿਸ਼ਟੀ ਨੂੰ ਪ੍ਰਭੂ ਦੇ ਮੰਦਰ ਵਿਚ ਬਦਲ ਦਿੱਤਾ। ਉਨ੍ਹਾਂ ਸ਼ਬਦਾਂ ਦੇ ਉਚਾਰਨ ਤੋਂ ਇਕ ਪਲ ਪਹਿਲਾਂ ਅਸਮਾਨ ਤਾਂ ਸੀ ਪਰ ਉਹ ਆਰਤੀ ਦਾ ਥਾਲ ਨਹੀਂ ਸੀ, ਪਵਣ ਤਾਂ ਸੀ ਪਰ ਉਹ ਚਵਰ ਨਹੀਂ ਸੀ ਝੁਲਾ ਰਹੀ। ਉਹ ਸ਼ਬਦ ਹੀ ਸਨ ਜਿਨ੍ਹਾਂ ਨੇ ਸੱਜਣ ਠੱਗ ਦੇ ਕਠੋਰ ਮਨ ਨੂੰ ਪਿਘਲਾ ਦਿੱਤਾ। ਪਰ ਉਹ ਵੀ ਸ਼ਬਦ ਹੀ ਸਨ ਜਿਨ੍ਹਾਂ ਨਾਲ ਸੱਜਣ ਠੱਗ ਰਾਹੀਆਂ ਮੁਸਾਫ਼ਿਰਾਂ ਨੂੰ ਭਰਮਾ ਕੇ ਆਖ਼ਰ ਲੁੱਟ ਲੈਂਦਾ ਸੀ।
ਤੇ ਉਹ ਵੀ ਸ਼ਬਦ ਹੀ ਸਨ ਜਿਨ੍ਹਾਂ ਹੱਥੋਂ ਸ਼ੇਕਸਪੀਅਰ ਦੇ ਨਾਟਕ ਦਾ ਭੋਲ਼ਾ ਬਾਦਸ਼ਾਹ ਕਿੰਗ ਲੀਅਰ ਏਨਾ ਖੁਆਰ ਹੋਇਆ ਕਿ ਅਖ਼ੀਰ ਪਾਗਲ ਹੋ ਗਿਆ। ਉਸ ਨੇ ਆਪਣੀਆਂ ਤਿੰਨ ਧੀਆਂ ਵਿਚਕਾਰ ਆਪਣਾ ਰਾਜ ਭਾਗ ਵੰਡਣਾ ਸੀ। ਉਸ ਨੇ ਸੋਚਿਆ ਮੇਰੀਆਂ ਤਿੰਨ ਧੀਆਂ ਗੌਨਰਿਲ, ਰੀਗਨ ਅਤੇ ਕੌਰਡਿਲੀਆ ਵਿਚੋਂ ਜਿਹੜੀ ਮੈਨੂੰ ਜਿੰਨਾ ਪਿਆਰ ਕਰਦੀ ਹੋਵੇਗੀ, ਉਹਦੇ ਹਿਸਾਬ ਨਾਲ ਹੀ ਉਸ ਨੂੰ ਹਿੱਸਾ ਦਿਆਂਗਾ।
       ਵੱਡੀ ਧੀ ਗੌਨਰਿਲ ਕਹਿਣ ਲੱਗੀ : ਮੈਂ ਤੁਹਾਨੂੰ ਉਸ ਤੋਂ ਵੀ ਜ਼ਿਆਦਾ ਪਿਆਰ ਕਰਦੀ ਹਾਂ ਜਿੰਨਾ ਮੇਰੇ ਲਫ਼ਜ਼ ਕਹਿ ਸਕਦੇ ਹਨ। ਤੁਸੀਂ ਮੈਨੂੰ ਆਪਣੀ ਅੱਖਾਂ ਦੀ ਜੋਤ ਤੋਂ ਵੱਧ ਪਿਆਰੇ ਓ, ਅੱਖਾਂ ਜੋ ਥਾਂਵਾਂ ਦੇਖਦੀਆਂ ਹਨ ਉਨ੍ਹਾਂ ਤੋਂ ਵੀ ਪਿਆਰੇ, ਆਪਣੀ ਆਜ਼ਾਦੀ ਤੋਂ ਵੀ ਵੱਧ ਪਿਆਰੇ। ਮਾਣ ਤਾਣ ਭਰੀ, ਖ਼ੂਬਸੂਰਤ ਤੇ ਸਿਹਤਮੰਦ ਜ਼ਿੰਦਗੀ ਤੋਂ ਵੀ ਵੱਧ ਪਿਆਰੇ...
ਰੀਗਨ ਕਹਿਣ ਲੱਗੀ : ਮੈਂ ਵੀ ਓਸੇ ਮਿੱਟੀ ਦੀ ਬਣੀ ਹੋਈ ਆਂ ਜਿਸ ਮਿੱਟੀ ਦੀ ਮੇਰੀ ਵੱਡੀ ਭੈਣ ਬਣੀ ਹੈ। ਉਹਨੇ ਬਹੁਤ ਸਹੀ ਤਰ੍ਹਾਂ ਵਰਣਨ ਕਰ ਦਿੱਤਾ ਉਸ ਪਿਆਰ ਦਾ ਜੋ ਮੇਰੇ ਦਿਲ ਵਿਚ ਤੁਹਾਡੇ ਲਈ ਹੈ। ਸਿਰਫ਼ ਉਹ ਸ਼ਬਦਾਂ ਵੱਲੋਂ ਥੁੜ ਗਈ। ਤੇ ਮੈਂ ਸਿਰਫ਼ ਏਹੀ ਕਹਿ ਸਕਦੀ ਹਾਂ ਕਿ ਸਿਰਫ਼ ਤੁਹਾਡਾ ਹੀ ਪਿਆਰ ਹੈ ਜੋ ਮੈਨੂੰ ਜਹਾਨ ਵਿਚ ਖ਼ੁਸ਼ੀ ਦੇ ਸਕਦਾ ਹੈ।
     ਕਿੰਗ ਲੀਅਰ ਦੋਹਾਂ ਧੀਆਂ ਦੇ ਬੋਲ ਸੁਣ ਕੇ ਨਿਹਾਲ ਹੋ ਜਾਂਦਾ ਹੈ। ਆਪਣੀ ਛੋਟੀ ਧੀ ਕੌਰਡਿਲੀਆ ਨੂੰ ਪੁੱਛਦਾ ਹੈ। ਵੱਡੀਆਂ ਭੈਣਾਂ ਦੇ ਮੂੰਹੋਂ ਖ਼ੁਸ਼ਾਮਦ ਭਰੇ ਝੂਠੇ ਬੋਲ ਸੁਣ ਕੇ ਕੌਰਡਿਲੀਆ ਜਿਵੇਂ ਸੁੰਨ ਹੋ ਜਾਂਦੀ ਹੈ। ਉਸ ਨੂੰ ਕੁਝ ਸੁੱਝਦਾ ਨਹੀਂ ਉਹ ਕੀ ਕਹੇ। ਆਖ਼ਰ ਪਿਤਾ ਦੇ ਜ਼ੋਰ ਦੇਣ ’ਤੇ ਉਹ ਕਹਿੰਦੀ ਹੈ : ਪਿਤਾ ਜੀ ਮੈਂ ਤੁਹਾਨੂੰ ਪਿਆਰ ਕਰਦੀ ਹਾਂ, ਸਤਿਕਾਰ ਕਰਦੀ ਹਾਂ ਤੁਹਾਡੀ ਆਗਿਆ ਦਾ ਪਾਲਣ ਕਰਦੀ ਹਾਂ। ਪਰ ਮੇਰਾ ਅੱਧਾ ਪਿਆਰ ਉਸ ਲਈ ਹੋਵੇਗਾ ਜਿਸ ਨਾਲ ਮੇਰਾ ਵਿਆਹ ਹੋਵੇਗਾ ਤੇ ਅੱਧਾ ਤੁਹਾਡੇ ਲਈ।
ਲੀਅਰ ਕਹਿੰਦਾ ਹੈ: ਬੱਸ ਏਨਾ ਹੀ ? ਜੋ ਤੇਰੇ ਦਿਲ ਵਿਚ ਸੀ ਤੂੰ ਕਹਿ ਦਿੱਤਾ ?
ਕੌਰਡਿਲੀਆ : ਹਾਂ ਪਿਤਾ ਜੀ।
ਲੀਅਰ ਗੁੱਸੇ ਵਿਚ ਆ ਕੇ ਕਹਿੰਦਾ ਹੈ : ਏਨੀ ਛੋਟੀ ਤੇ ਏਨੀ ਕਠੋਰ... ਲੀਅਰ ਕੌਰਡਿਲੀਆ ਨੂੰ ਬੇਦਖ਼ਲ ਕਰ ਦਿੰਦਾ ਹੈ ਤੇ ਆਪਣਾ ਸਾਰਾ ਰਾਜਭਾਗ ਵੱਡੀਆਂ ਧੀਆਂ ਨੂੰ ਦੇ ਦੇਂਦਾ ਹੈ। ਬਾਕੀ ਜ਼ਿੰਦਗੀ ਆਪਣੀਆਂ ਦੋ ਧੀਆਂ ਕੋਲ ਰਹਿਣ ਦਾ ਫ਼ੈਸਲਾ ਕਰਦਾ ਹੈ। ਪਰ ਦੋਹਾਂ ਧੀਆਂ ਨੂੰ ਆਪਣਾ ਪਿਤਾ ਬੋਝ ਲੱਗਣ ਲੱਗਦਾ ਹੈ। ਤੇ ਉਸ ਦਾ ਜੋ ਹਸ਼ਰ ਹੁੰਦਾ ਹੈ ਉਸ ਤੋਂ ਪਤਾ ਲੱਗਦਾ ਹੈ ਕਿ ਗੌਨਰਿਲ ਤੇ ਰੀਗਨ ਦੇ ਮਿੱਠੇ ਲਫ਼ਜ਼ਾਂ ਅਤੇ ਕੌੜੇ ਵਿਵਹਾਰ ਵਿਚਕਾਰ ਜੋ ਫ਼ਾਸਲਾ ਸੀ ਉਸ ਨੇ ਕਿੰਗ ਲੀਅਰ ਨੂੰ ਪਾਗਲ ਕਰ ਦਿੱਤਾ।
       ਭਾਸ਼ਾ ਦਾ ਜਨਮ ਆਤਮ-ਪ੍ਰਗਟਾਵੇ ਲਈ ਹੋਇਆ ਸੀ ਪਰ ਭਾਸ਼ਾ ਦਾ ਬਹੁਤ ਸਾਰਾ ਇਸਤੇਮਾਲ ਆਪਣੇ ਅਸਲੀ ਆਪੇ ਨੂੰ ਲੁਕੋਣ ਲਈ ਤੇ ਦੂਜਿਆਂ ਨੂੰ ਠੱਗਣ ਲਈ ਹੁੰਦਾ ਹੈ। ਹਾਕਮ ਅਤੇ ਉਨ੍ਹਾਂ ਦੇ ਜ਼ਰਖ਼ਰੀਦ ਚੈਨਲ ਤੇ ਅਖ਼ਬਾਰ ਭਾਸ਼ਾ ਦਾ ਇਸਤੇਮਾਲ ਝੂਠ ਨੂੰ ਸੱਚ  ਸਾਬਤ ਕਰਨ ਲਈ ਹੀ ਕਰਦੇ ਹਨ। ਇਹ ਭਾਸ਼ਾ ਦੀ ਬੇਹੁਰਮਤੀ ਦਾ ਸ਼ਾਇਦ ਸਭ ਤੋਂ ਖ਼ਤਰਨਾਕ ਦੌਰ ਹੈ। ਭਾਸ਼ਾ ਦੇ ਪ੍ਰਦੂਸ਼ਨ ਦਾ। ਪੌਣ ਪਾਣੀ ਵਾਂਗ ਭਾਸ਼ਾ ਨੂੰ ਵੀ ਪਲੀਤ ਕਰ ਰਹੇ ਨੇ ਇਹ। ਇਨ੍ਹਾਂ ਦੀ ਪਲੀਤ ਕੀਤੀ ਭਾਸ਼ਾ ਕਿਹੋ ਜਿਹੀ ਜ਼ਹਿਰ ਘੋਲ ਰਹੀ ਹੈ ਭੋਲ਼ੇ ਭਾਲ਼ੇ ਲੋਕਾਂ ਦੇ ਦਿਲਾਂ ਵਿਚ। ਪਿਆਰ, ਇਨਸਾਨੀਅਤ ਅਤੇ ਸੱਚ ਨੂੰ ਮਾਰਨ ਦੀ ਕੋਸ਼ਿਸ਼ ਕਰਨ ਵਾਲੇ ਇਨ੍ਹਾਂ ਹਤਿਆਰਿਆਂ ਦੀ ਪੇਸ਼ੀ ਕਿਸ ਅਦਾਲਤ ਵਿਚ ਹੋਵੇਗੀ? ਸ਼ਬਦ ਰਤਨਾਂ ਨੂੰ ਇਹ ਕਿਸ ਤਰ੍ਹਾਂ ਚਿੱਕੜ ਵਿਚ ਰੋਲ ਰਹੇ ਹਨ, ਇਨ੍ਹਾਂ ਨੂੰ ਕੋਈ ਸਾਰ ਨਹੀਂ।

ਅਹਿ ਲੈ ਸ਼ਬਦ-ਬਾਣ ਇਕ ਹੋਰ
     ਭਾਸ਼ਾ ਦੇ ਇਕ ਹੋਰ ਖ਼ਤਰਨਾਕ ਇਸਤੇਮਾਲ ਨੇ ਸਾਰੀ ਦੁਨੀਆ ਦਾ ਧਿਆਨ ਪਿਛਲੇ ਦਿਨੀਂ ਆਪਣੇ ਵੱਲ ਖਿੱਚਿਆ। ਇਸ ਇਸਤੇਮਾਲ ਦਾ ਸੰਬੰਧ ਨਾਮਕਰਣ ਨਾਲ਼ ਹੈ। ਨਾਮਕਰਣ ਇਕ ਬਹੁਤ ਪਵਿੱਤਰ ਰਸਮ ਹੈ। ਇਸ ਨੂੰ ਬਹੁਤ ਅਹਿਮੀਅਤ ਦਿੱਤੀ ਜਾਂਦੀ ਹੈ। ਹਰ ਧਰਮ ਵਿਚ ਇਸ ਨਾਲ ਪਾਵਨ ਰਸਮਾਂ ਜੁੜੀਆਂ ਹੋਈਆਂ ਹਨ ਤੇ ਨਾਮ ਬਹੁਤ ਸੋਚ ਸਮਝ ਕੇ ਰੱਖਿਆ ਜਾਂਦਾ ਹੈ। ਪਰ ਸ਼ੇਕਸਪੀਅਰ ਦੇ ਨਾਟਕ ਰੋਮੀਓ ਐਂਡ ਜੂਲੀਅਟ ਵਿਚ ਇਕ ਵਾਰਤਾਲਾਪ ਹੈ :
ਨਾਮ ਵਿਚ ਕੀ ਰੱਖਿਆ ?
ਜਿਸਨੂੰ ਅਸੀਂ ਗੁਲਾਬ ਆਖਦੇ ਹਾਂ
ਜੇ ਇਸ ਦਾ ਕੋਈ ਹੋਰ ਨਾਮ ਰੱਖ ਦੇਈਏ
ਤਾਂ ਵੀ ਇਸ ਦੀ ਮਹਿਕ ਏਨੀ ਹੀ ਸੁਹਣੀ ਹੋਵੇਗੀ।
    ਪਰ ਅੰਗਰੇਜ਼ੀ ਦਾ ਹੀ ਇਕ ਪੁਰਾਣਾ ਅਖਾਣ ਨਾਟਕ ਦੇ ਇਸ ਕਥਨ ਨਾਲ ਤਕਰਾਰ ਕਰਦਾ ਹੈ। ਉਹ ਅਖਾਣ ਹੈ ਕਿ ਜੇ ਕਿਸੇ ਦਾ ਬੁਰਾ ਨਾਮ ਧਰ ਦਿਓ ਤਾਂ ਉਹ ਅੱਧਾ ਕੁ ਤਾਂ ਸੂਲ਼ੀ ਟੰਗਿਆ ਹੀ ਜਾਂਦਾ ਹੈ। ਜਾਂ ਉਸ ਨੂੰ ਸੂਲੀ ਟੰਗਣਾ ਆਸਾਨ ਤੇ ਜਾਇਜ਼ ਹੋ ਜਾਂਦਾ ਹੈ। ਨਜ਼ਮ ਦੀਆਂ ਸਤਰਾਂ ਯਾਦ ਆਉਂਦੀਆਂ ਹਨ :
ਤੇਰਾ ਵੀ ਨਾਮ ਰੱਖਾਂਗੇ
ਤੇਰੀ ਛਾਤੀ ਤੇ ਵੀ ਖ਼ੰਜਰ ਜਾਂ ਤਗ਼ਮਾ ਧਰ ਦਿਆਂਗੇ
ਜੀਣ ਜੋਗਾ ਤਾਂ ਹੋ
ਤੇਰੀ ਵੀ ਹੱਤਿਆ ਕਰ ਦਿਆਂਗੇ
    ਅਸੀਂ ਪਿਛਲੇ ਦਿਨੀਂ ਕਿਸਾਨ ਅੰਦੋਲਨ ਦੌਰਾਨ ਖੋਟੇ ਸਿਆਸਤਦਾਨਾਂ ਅਤੇ ਗੋਦੀ ਮੀਡੀਆ ਵੱਲੋਂ ਇਹ ਕੋਸ਼ਿਸ਼ਾਂ ਹੁੰਦੀਆਂ ਦੇਖੀਆਂ। ਇਨ੍ਹਾਂ ਕੋਸ਼ਿਸ਼ਾਂ ਦੀ ਸਿਖਰ ਸੀ ਇਕ ਨਵਾਂ ਨਾਮ : ਪਰਜੀਵੀ ਅੰਦੋਲਨਜੀਵੀ। ਇਸ ਨਾਮ ਦੇ ਐਲਾਨ ਦੇ ਪਲਾਂ ਦਾ ਮਾਹੌਲ ਕੁਝ ਇਹੋ ਜਿਹਾ ਸੀ :
ਅਹਿ ਲਓ ਸ਼ਬਦ-ਬਾਣ ਇਕ ਹੋਰ
ਅਹਿ ਲਓ ਮੇਰੇ ਟ੍ਰੋਲ ਯੋਧਿਓ
ਅਹਿ ਲੈ ਮੇਰੇ ਮੀਡੀਆ ਲਸ਼ਕਰ
ਦੇਖੋ ਅੱਜ ਲਿਆਇਆ ਹਾਂ ਮੈਂ
ਸ਼ਬਦ-ਬਾਣ ਇਕ ਹੋਰ
ਬਿਲਕੁਲ ਨਵਾਂ ਨਕੋਰ
ਮੇਡ ਇਨ ਇੰਡੀਆ
ਨਾਮ ਹੈ ਇਸ ਦਾ :
ਪਰਜੀਵੀ ਅੰਦੋਲਨਜੀਵੀ
ਉਹ ਵੀ ਖ਼ੂਬ ਕਾਰਗਰ ਸਨ ਪਰ
ਜ਼ਰਾ ਪੁਰਾਣੇ ਹੋ ਗਏ ਸਨ ਉਹ : ਟੁਕੜੇ ਟੁਕੜੇ ਗੈਂਗ
ਦੇਸ਼-ਧ੍ਰੋਹੀ, ਖ਼ਾਲਿਸਤਾਨੀ, ਸ਼ਹਿਰੀ ਨਕਸਲ਼ ...
ਇਹ ਹੈ ਨਵਾਂ ਨਕੋਰ
ਸ਼ਬਦ-ਬਾਣ ਇਕ ਹੋਰ :
ਪਰਜੀਵੀ ਅੰਦੋਲਨਜੀਵੀ
ਹੋਠਾਂ ਤੇ ਇਕ ਕੁਟਿਲ ਜਿਹੀ ਮੁਸਕਾਨ ਲਿਆਵੋ
ਯਾਨੀ ਅਪਣੇ ਹੋਂਠ ਕਮਾਨ ਬਣਾਵੋ
ਉਸ ਦੀ ਤੰਦੀ ਉੱਤੇ ਚਾੜ੍ਹ ਕੇ ਤੀਰ ਚਲਾਵੋ:
ਪਰਜੀਵੀ ਅੰਦੋਲਨਜੀਵੀ
ਸ਼ਰਮ ਨਾਲ ਹੀ ਮਰ ਜਾਵੇਗੀ
ਪਰਉਪਕਾਰ ਦੀ ਪਿਰਤ
ਸ਼ਰਮ ਨਾਲ ਹੀ ਮਰ ਜਾਵਣਗੇ
ਪੀੜ ਪਰਾਈ ਜਾਨਣ ਵਾਲੇ
ਤੇ ਉਹ ਕਵਿਤਾ ਵੀ ਸ਼ਰਮਿੰਦੀ ਹੋ ਜਾਵੇਗੀ।
     ਜਿਹੜੀ ਜਰਮਨ ਪਾਦਰੀ ਮਾਰਤਿਨ ਨਾਇਮੋਲਰ ਦੀ ਵਾਰਤਕ ਦੇ ਆਧਾਰ ’ਤੇ ਲਿਖੀ ਗਈ। ਜੋ ਉਨ੍ਹਾਂ ਲੋਕਾਂ ਦੇ ਖ਼ਿਲਾਫ਼ ਹੈ ਜਿਹੜੇ ਕਿਸੇ ਹੋਰ ਦੇ ਦੁੱਖ ਵਿਚ ਦੁਖੀ ਨਹੀਂ ਹੁੰਦੇ, ਜਿਹੜੇ ਬੱਸ ਆਪਣੇ ਆਪ ਬਾਰੇ ਹੀ ਸੋਚਦੇ ਹਨ :
ਪਹਿਲਾਂ ਉਹ ਸਮਾਜਵਾਦੀਆਂ ਲਈ ਆਏ
ਮੈਂ ਨਾ ਬੋਲਿਆ
ਕਿਉਂਕਿ ਮੈਂ ਸਮਾਜਵਾਦੀ ਨਹੀਂ ਸਾਂ
ਫੇਰ ਉਹ ਟ੍ਰੇਡ ਯੂਨੀਅਨਿਸਟਾਂ ਲਈ ਆਏ
ਮੈਂ ਨਾ ਬੋਲਿਆ
ਕਿਉਂਕਿ ਮੈਂ ਟ੍ਰੇਡ ਯੂਨੀਅਨਿਸਟ ਨਹੀਂ ਸਾਂ
ਫਿਰ ਉਹ ਯਹੂਦੀਆਂ ਲਈ ਆਏ
ਮੈਂ ਨਾ ਬੋਲਿਆ
ਕਿਉਂਕਿ ਮੈਂ ਯਹੂਦੀ ਨਹੀਂ ਸਾਂ
ਫਿਰ ਉਹ ਮੇਰੇ ਲਈ ਆਏ
ਓਦੋਂ ਮੇਰੇ ਲਈ ਬੋਲਣ ਵਾਲਾ
ਕੋਈ ਬਚਿਆ ਹੀ ਨਹੀਂ ਸੀ
(ਮਾਰਤਿਨ ਨਾਇਮੋਲਰ ਪਹਿਲਾਂ ਹਿਟਲਰ ਦਾ ਸਮਰਥਕ ਸੀ)
   ਇਹ ਕਵਿਤਾ ਸਾਨੂੰ ਅੰਦੋਲਨ-ਜੀਵੀ ਹੋਣ ਦਾ ਸੁਨੇਹਾ ਦਿੰਦੀ ਹੈ। ਪਰਾਈ ਪੀੜ ਨੂੰ ਜਾਨਣ ਦਾ ਸੰਦੇਸ਼। ਉਰਦੂ ਸ਼ਾਇਰ ਅਮੀਰ ਮੀਨਾਈ ਹੋਰਾਂ ਦਾ ਸ਼ਿਅਰ ਹੈ :
ਖ਼ੰਜਰ ਚਲੇ ਕਿਸੀ ਪੇ, ਤੜਪਤੇ ਹੈਂ ਹਮ ਅਮੀਰ
ਸਾਰੇ ਜਹਾਂ ਕਾ ਦਰਦ ਹਮਾਰੇ ਜਿਗਰ ਮੇਂ ਹੈ
     ਇਸ ਸ਼ਿਅਰ ਵਿਚ ਅਮੀਰ ਮੀਨਾਈ ਸਾਹਿਬ ਖੁੱਲ੍ਹਮਖੁੱਲ੍ਹਾ ਆਪਣੇ ਆਪ ਨੂੰ ਅੰਦੋਲਨਜੀਵੀ ਪਰਜੀਵੀ ਕਹਿ ਰਹੇ ਹਨ। ਸ਼ੁਕਰ ਹੈ ਮੀਨਾਈ ਸਾਹਿਬ ਹੁਣ ਸਾਡੇ ਦਰਮਿਆਨ ਨਹੀਂ ਹਨ ਨਹੀਂ ਤਾਂ ਟ੍ਰੋਲ ਆਰਮੀ ਉਨ੍ਹਾਂ ’ਤੇ ਵੀ ਟੁੱਟ ਪੈਂਦੀ।
ਹੁਣ ਅੱਗੇ ਕੀ ਹੋਵੇਗਾ?
     ਇਸ ਸੰਘਰਸ਼ ਦੇ ਅਰਥ ਸਿਰਫ਼ ਆਰਥਿਕਤਾ ਤੱਕ ਸੀਮਿਤ ਨਹੀਂ। ਸਿਰਫ਼ ਜ਼ਮੀਨ ਤੱਕ ਵੀ ਸੀਮਿਤ ਨਹੀਂ। ਇਹ ਬੰਦੇ ਦੀ ਹੋਂਦ ਦੇ ਅਰਥਾਂ ਤੱਕ ਫੈਲ ਗਏ ਹਨ ਉਸ ਦੀ ਜ਼ਮੀਰ ਤੱਕ ਫੈਲ ਗਏ ਹਨ ਤੇ ਜਿਸ ਸੰਵੇਦਨਹੀਣਤਾ ਨਾਲ ਕੇਂਦਰੀ ਸਰਕਾਰ ਨੇ ਇਸ ਨਾਲ ਨਜਿੱਠਣ ਦੀ ਕੋਸ਼ਿਸ਼ ਕੀਤੀ ਉਸ ਕਾਰਨ ਇਹ ਲੋਕ-ਰਾਜ ਦੀ ਜ਼ਖ਼ਮੀ ਆਤਮਾ ਦੀ ਮਰਹਮ ਬਣਨ ਤੱਕ ਫੈਲ ਗਏ ਹਨ। ਸੰਵਿਧਾਨ ਦੇ ਵਰਕਿਆਂ ਨੂੰ ਝੱਖੜ ਵਿਚ ਉੱਡ ਜਾਣ ਤੋਂ ਬਚਾਉਣ ਤੱਕ ਫੈਲ ਗਏ ਹਨ। ਤੇ ਇਸ ਸੰਘਰਸ਼ ਨੂੰ ਸਿਰਫ਼ ਵਰਤਮਾਨ ਹੀ ਨਹੀਂ ਦੇਖ ਰਿਹਾ, ਇਤਿਹਾਸ ਵੀ ਦੇਖ ਰਿਹਾ ਹੈ। ਸਾਡੇ ਪੁਰਖੇ ਵੀ ਦੇਖ ਰਹੇ ਹਨ। ਜਿਨ੍ਹਾਂ ਨੇ ਪ੍ਰੇਮ, ਸੱਚ, ਬਰਾਬਰੀ ਅਤੇ ਜਹਾਨ ਦੀ ਵੰਨ-ਸੁਵੰਨਤਾ ਲਈ ਸ਼ਹਾਦਤਾਂ ਦਿੱਤੀਆਂ। ਉਹ ਮਾਂਵਾਂ ਦੇ ਲਾਲ ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਲਈ ਜਾਨਾਂ ਕੁਰਬਾਨ ਕੀਤੀਆਂ ਉਹ ਸਾਡੀਆਂ ਰੂਹਾਂ ਵਿਚ ਰਲ਼ ਕੇ ਸਭ ਕੁਝ ਦੇਖ ਰਹੇ ਹਨ। ਉਨ੍ਹਾਂ ਜਾਇਆਂ ਦੇ ਮਾਪਿਆਂ ਦੇ ਹੰਝੂ ਵੀ ਸਾਡੀਆਂ ਅੱਖਾਂ ਵਿਚੋਂ ਸਿੰਮ ਆਉਂਦੇ ਹਨ।
    ਇਹ ਸੰਘਰਸ਼ ਹਾਕਮ ਲਈ ਆਪਣੀ ਕੁਰਸੀ ਦਾ ਮਾਮਲਾ ਹੋ ਸਕਦਾ ਹੈ ਪਰ ਅੰਦੋਲਨਜੀਵੀਆਂ ਲਈ, ਹਾਂ ਅੰਦੋਲਨਜੀਵੀਆਂ ਲਈ, ਇਹ ਮਾਨਵਤਾ ਦੀ ਆਜ਼ਾਦੀ, ਬਰਾਬਰੀ, ਸਾਂਝੀਵਾਲਤਾ ਅਤੇ ਪ੍ਰੇਮ ਦਾ ਮਸਲਾ ਹੈ।
ਮਸਲਾ ਇਹ ਨਹੀਂ ਕਿ ਇਹ ਸ਼ਖ਼ਸ ਜਿੱਤਦਾ ਹੈ ਕਿ ਉਹ ਜਿੱਤਦਾ ਹੈ।
ਇਹ ਪਾਰਟੀ ਜਿੱਤਦੀ ਹੈ ਕਿ ਉਹ ਪਾਰਟੀ ਜਿੱਤਦੀ ਹੈ।
ਮਸਲਾ ਇਹ ਹੈ ਕਿ ਖੇਤਾਂ ਵੱਲ ਵਧੀਆਂ ਆਉਂਦੀਆਂ
ਦਿਉਕੱਦ ਮਸ਼ੀਨਾਂ ਜਿੱਤਦੀਆਂ ਹਨ
ਕਿ ਇਨਸਾਨ ਜਿੱਤਦਾ ਹੈ।
ਉਪਜ ਨੂੰ ਆਪਣੇ ਗੋਦਾਮਾਂ ਵਿਚ
ਮੁਨਾਫ਼ੇ ਲਈ ਕੈਦ ਕਰਨ ਵਾਲੇ ਆਰਥਕ ਰਾਕਸ਼ਸ਼ ਜਿੱਤਦੇ ਹਨ
ਕਿ ਫ਼ਸਲਾਂ ਦਾ ਬਾਬਲ ਕਿਸਾਨ ਜਿੱਤਦਾ ਹੈ
ਲਾਲਚ, ਜ਼ੁਲਮ, ਫ਼ਰੇਬ ਅਤੇ ਝੂਠ ਜਿੱਤਦਾ ਹੈ
ਕਿ ਈਮਾਨ ਜਿੱਤਦਾ ਹੈ?
ਜ਼ਹਿਰੀਲੀ ਫ਼ਿਰਕਾਪ੍ਰਸਤੀ ਜਿੱਤਦੀ ਹੈ
ਕਿ ਲੋਕਾਂ ਦਾ ਆਪਸੀ ਪਿਆਰ ਤੇ ਮੋਹ ਮਾਣ ਜਿੱਤਦਾ ਹੈ?
ਸਿਆਸੀ ਨੇਤਾਵਾਂ ਦੇ ਕੂੜੇ ਬਿਆਨ ਜਿੱਤਦੇ ਹਨ
ਕਿ ਸ਼ਾਇਰ ਦਾ ਦੀਵਾਨ ਜਿੱਤਦਾ ਹੈ
ਹਿੰਦੋਸਤਾਨ ਦਾ ਹਾਕਮ ਜਿੱਤਦਾ ਹੈ
ਕਿ ਹਿੰਦੋਸਤਾਨ ਜਿੱਤਦਾ ਹੈ ?
ਰੂਹ ’ਚੋਂ ਆਵਾਜ਼ ਆਉਂਦੀ ਹੈ :
ਇਹ ਨਫ਼ਰਤ ਹਾਰ ਜਾਵੇਗੀ ਅਤੇ ਮੋਹ ਮਾਣ ਜਿੱਤੇਗਾ
ਇਹ ਹਾਕਮ ਹਾਰ ਜਾਵੇਗਾ ਤੇ ਹਿੰਦੋਸਤਾਨ ਜਿੱਤੇਗਾ।
ਮੇਰਾ ਆਸ਼ਾਵਾਦ
ਘੱਟਗਿਣਤੀ ਨਹੀਂ
ਮੈਂ ਦੁਨੀਆ ਦੀ
ਸਭ ਤੋਂ ਵੱਡੀ ਬਹੁ-ਗਿਣਤੀ ਨਾਲ
ਸੰਬੰਧ ਰੱਖਦਾ ਹਾਂ
ਬਹੁ-ਗਿਣਤੀ ਜੋ ਉਦਾਸ ਹੈ
ਖ਼ਾਮੋਸ਼ ਹੈ
ਏਨੇ ਚਸ਼ਮਿਆਂ ਦੇ ਬਾਵਜੂਦ ਪਿਆਸੀ ਹੈ
ਏਨੇ ਚਾਨਣਾਂ ਦੇ ਬਾਵਜੂਦ ਹਨ੍ਹੇਰੇ ਵਿਚ ਹੈ।
      ਅਸਲ ਵਿਚ ਮਾਇਆਧਾਰੀ, ਈਮਾਨ-ਹੀਣੇ ਸਿਆਸਤਦਾਨ ਤੇ ਤਥਾ-ਕਥਿਤ ਉੱਚੀਆਂ ਜਾਤਾਂ ਵਾਲੇ ਅਭਿਮਾਨੀ ਘੱਟਗਿਣਤੀ ਵਿਚ ਹਨ। ਜ਼ਰੂਰਤ ਹੈ ਹਨ੍ਹੇਰਿਆਂ ਵਿਚ ਗੁਆਚੀ ਗਰੀਬਾਂ, ਮਸਕੀਨਾਂ, ਦੁਖਿਆਰਿਆਂ ਦੀ ਬਹੁ-ਗਿਣਤੀ ਨੂੰ ਨਾਲ਼ ਲੈ ਕੇ ਤੁਰਨ ਦੀ, ਉਨ੍ਹਾਂ ਵਿਚ ਸ਼ਬਦ ਰਤਨਾਂ ਦੀ ਦੌਲਤ ਵੰਡਣ ਦੀ, ਉਨ੍ਹਾਂ ਦੇ ਨੈਣਾਂ ਵਿਚ ਬੇਗਮਪੁਰੇ ਦੇ ਹਲੇਮੀ ਰਾਜ ਦਾ ਸੁਪਨਾ ਜਗਾਉਣ ਦੀ। ਗੁਰੂ-ਵਾਕਹੈ : ਜਿਨ੍ਹਾਂ ਧਰਤੀਆਂ ’ਤੇ ਗਰੀਬਾਂ ਮਸਕੀਨਾਂ ਦਾ ਉੱਥਾਨ ਕੀਤਾ ਜਾਂਦਾ ਹੈ, ਰੱਬ ਦੀ ਬਖ਼ਸ਼ਿਸ਼ ਉਨ੍ਹਾਂ ਹੀ ਧਰਤੀਆਂ ’ਤੇ ਹੁੰਦੀ ਹੈ :
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥