ਇਕ ਹੋਰ ਅੰਤਰਰਾਸ਼ਟਰੀ ਔਰਤਾਂ ਦਾ ਦਿਨ ਵੀ ਲੰਘ ਗਿਆ! - ਡਾ. ਹਰਸ਼ਿੰਦਰ ਕੌਰ, ਐਮ. ਡੀ.,


     ਔਰਤ ਜੋ ਹਰ ਜੰਮ ਚੁੱਕੇ ਤੇ ਜੰਮਣ ਵਾਲੇ ਦੀ ਮਾਂ ਹੈ। ਜੋ ਇੱਕ ਨਿਆਸਰੇ ਮਾਸ ਦੇ ਲੋਥੜੇ ਨੂੰ ਨੌਂ ਮਹੀਨੇ ਆਪਣੇ ਲਹੂ ਨਾਲ ਸਿੰਜ ਕੇ ਆਪਣਾ ਅੰਮ੍ਰਿਤ-ਰੂਪੀ ਦੁੱਧ ਪਿਆ ਕੇ ਜਵਾਨ ਕਰਦੀ ਹੈ। ਉਸ ਦੀਆਂ ਲੋਰੀਆਂ ਵਿੱਚੋਂ ਨਵਜੰਮੇਂ ਦੇ ਸੁਫ਼ਨੇ ਸਿਰਜੇ ਜਾਂਦੇ ਹਨ। ਹਰ ਮੁਸ਼ਕਲ ਤੋਂ ਢਾਲ ਬਣ ਬਚਾਉਂਦੀ ਉਹੀ ਔਰਤ ਪੁੱਤਰ ਨੂੰ ਜਵਾਨ ਕਰ ਕੇ ਅਸੀਸਾਂ ਨਾਲ ਉਸ ਲਈ ਠੰਘੀ ਸੰਘਣੀ ਛਾਂ ਬਣ ਜਾਂਦੀ ਹੈ।
    ਫਿਰ ਪੁੱਤਰ ਆਪਣਾ ਕਰਜ਼ ਲਾਹੁਣ ਬਾਰੇ ਸੋਚਦਾ ਹੈ ਤੇ ਸਾਲ ਦੇ 365 ਦਿਨਾਂ ਵਿੱਚੋਂ ਇੱਕ ਦਿਨ ਉਸੇ ਮਾਂ ਦੀ ਜ਼ਾਤ ਨੂੰ ਸਮਰਪਿਤ ਕਰ ਦਿੰਦਾ ਹੈ। ਉਸੇ ਔਰਤ ਨੂੰ ਫੱਫੇਕੁੱਟਣੀ, ਗੁੱਤ ਪਿੱਛੇ ਮੱਤ, ਅਰਧਾਂਗਨੀ, ਨਾਗਣ, ਡਾਇਣ, ਟੂਣੇਹਾਰੀ, ਖੇਖਣਹਾਰੀ, ਛੁੱਟੜ, ਅਧੂਰੀ, ਵਿਧਵਾ, ਮੋਲਕੀ ਆਦਿ ਨਾਵਾਂ ਨਾਲ ਨਿਵਾਜਦਾ ਹੈ।
    ਉਸ ਤੋਂ ਬਾਅਦ ਅਖ਼ਬਾਰਾਂ ਉਸ ਇੱਕ ਸਮਰਪਿਤ ਕੀਤੇ ਦਿਨ ਦਾ ਲੇਖਾ ਜੋਖਾ ਕਰਦੀਆਂ ਹਨ। ਇਸ ਇੱਕ ਦਿਨ ਵਿਚ ਏਨੇ ਹਜ਼ਾਰ ਉਧਾਲੇ ਹੋਏ। ਇਸ ਇੱਕ ਦਿਨ ਵਿਚ ਏਨੀਆਂ ਬਾਲੜੀਆਂ ਨੂੰ ਸਮੂਹਕ ਜਬਰ ਜ਼ਨਾਹ ਕਰਕੇ ਸਾੜ੍ਹ ਦਿੱਤਾ ਗਿਆ। ਇਸ ਦਿਨ ਏਨੀਆਂ ਨੂੰਹਾਂ ਦਾਜ ਖ਼ਾਤਰ ਬਲੀ ਚੜ੍ਹ ਗਈਆਂ। ਇਸੇ ਇੱਕੋ ਦਿਨ ਸੈਂਕੜੇ ਜਵਾਨ ਧੀਆਂ ਤੇਜ਼ਾਬ ਨਾਲ ਪਿਘਲਾ ਦਿੱਤੀਆਂ ਗਈਆਂ। ਅਣਗਿਣਤ ਵਤਨੋਂ ਪਾਰ ਜਾਣ ਦਾ ਜ਼ਰੀਆ ਬਣ ਕੇ ਰਹਿ ਗਈਆਂ। ਹਜ਼ਾਰਾਂ ਜਿਸਮ ਫਰੋਸ਼ੀ ਦੇ ਧੰਧੇ ਵਿਚ ਧੱਕੀਆਂ ਗਈਆਂ। ਖ਼ੌਰੇ ਕਿੰਨੀਆਂ ਮਨੁੱਖੀ ਤਸਕਰੀ ਅਧੀਨ ਸਰਹੱਦੋਂ ਪਾਰ ਗ਼ਾਇਬ ਹੋ ਗਈਆਂ! ਅਣਗਿਣਤ ਘਰੇਲੂ ਹਿੰਸਾ ਦੀ ਭੇਂਟ ਚੜੀਆਂ ਤੇ ਲੱਖਾਂ ਭੱਦੀ ਛੇੜ ਛਾੜ ਦਾ ਸ਼ਿਕਾਰ ਹੋਈਆਂ!
    ਇਸ ਲੇਖੇ ਜੋਖੇ ਵਿਚ ਸ਼ਾਮਲ ਕੁੱਝ ਬੇਟੀਆਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ।
1.    ਜਗਰਾਉਂ ਵਿਚ ਇੱਕ ਮਾਂ-ਪਿਓ ਦੀ ਆਪਸੀ ਤਕਰਾਰ ਬਾਅਦ ਪਿਓ ਧੱਕੇ ਨਾਲ ਆਪਣੀ ਨਾਬਾਲਗ 15 ਸਾਲਾ ਧੀ ਨੂੰ ਨਾਲ ਲੈ ਗਿਆ। ਉਸ ਪਿਓ ਨੇ ਦੁਬਾਰਾ ਵਿਆਹ ਕਰਵਾ ਲਿਆ ਤੇ ਫਿਰ ਨਾਬਾਲਗ ਧੀ ਨਾਲ ਮੂੰਹ ਕਾਲਾ ਕੀਤਾ। ਉਸ ਤੋਂ ਬਾਅਦ ਮਤਰੇਆ ਵੱਡਾ ਭਰਾ ਵੀ ਭੈਣ ਦਾ ਜਿਸਮਾਨੀ ਸ਼ੋਸ਼ਣ ਕਰਨ ਲੱਗ ਪਿਆ। ਨੌਂ ਮਹੀਨੇ ਭਰਾ ਤੇ ਪਿਓ ਆਪਣੀ ਹਵਸ ਮਿਟਾਉਂਦੇ ਰਹੇ ਤੇ ਫਿਰ ਭਰਾ ਤੇ ਭਾਬੀ ਨੇ ਜਬਰੀ ਹੋਰ ਕਈ ਅਣਪਛਾਤੇ ਲੋਕਾਂ ਕੋਲੋਂ ਵੀ ਉਸ ਦਾ ਸ਼ੋਸ਼ਣ ਕਰਵਾਇਆ ਅਤੇ ਧੰਧਾ ਕਰਨ ਲਈ ਮਜਬੂਰ ਕੀਤਾ। ਅਖ਼ੀਰ ਸਕੀ ਮਾਂ ਨੂੰ ਜਦੋਂ ਧੀ ਨੇ ਆਪਣਾ ਦੁਖੜਾ ਸੁਣਾਇਆ ਤਾਂ ਮਾਂ ਨੇ ਥਾਣਾ ਸਿਟੀ ਰਿਪੋਰਟ ਦਰਜ ਕਰਵਾਈ। ਉਸ ਆਧਾਰ ਉੱਤੇ ਪਤੀ ਗੁਰਪ੍ਰੀਤ ਸਿੰਘ, ਉਸ ਦੀ ਦੂਜੀ ਪਤਨੀ ਪਿੰਕੀ, ਮਤਰੇਆ ਪੁੱਤਰ ਆਕਾਸ਼ ਤੇ ਉਸ ਦੀ ਪਤਨੀ ਪੂਜਾ ਨੂੰ ਥਾਣਾ ਸਿਟੀ ਦੇ ਮੁਖੀ ਗਗਨਦੀਪ ਸਿੰਘ ਨੇ ਗ੍ਰਿਫਤਾਰ ਕਰ ਲਿਆ।
2.    ਪਿੰਡ ਖਾਲੜਾ, ਤਰਨਤਾਰਨ ਦਾ ਸ਼ਾਦੀਸ਼ੁਦਾ ਗੁਰਪ੍ਰੀਤ ਸਿੰਘ ਗੋਪਾ ਆਪਣੀ ਪਤਨੀ ਨਾਲ ਭੂਆ ਦੇ ਸਹੁਰੇ ਘਰ ਭੈਣੀ ਗੁਰਮੁਖ ਸਿੰਘ ਪਿੰਡ ਗਿਆ। ਉੱਥੇ ਛੇਵੀਂ ਵਿਚ ਪੜ੍ਹਦੀ ਬੱਚੀ ਵੀ ਸੀ। ਜਿਉਂ ਹੀ ਗੁਰਪ੍ਰੀਤ ਸਿੰਘ ਦੀ ਪਤਨੀ, ਭੂਆ ਤੇ ਪੀੜਤ ਲੜਕੀ ਦੀ ਮਾਂ ਨਾਲ ਦੇ ਘਰ ਗਈਆਂ ਤਾਂ ਗੁਰਪ੍ਰੀਤ ਸਿੰਘ ਨੇ ਛੇਵੀਂ ਵਿਚ ਪੜ੍ਹਦੀ ਬੱਚੀ ਨੂੰ ਢਾਅ ਲਿਆ ਤੇ ਬਲਾਤਕਾਰ ਕਰ ਰਹੇ ਨੂੰ ਹੀ ਪਿੱਛੋਂ ਉਸ ਲੜਕੀ ਦੀ ਮਾਂ ਤੇ ਗੁਰਪ੍ਰੀਤ ਦੀ ਪਤਨੀ ਨੇ ਫੜ ਲਿਆ। ਹੁਣ ਗੁਰਪ੍ਰੀਤ ਸਿੰਘ ਹਾਲੇ ਤੱਕ ਫਰਾਰ ਹੈ।
3.    ਬਰਨਾਲਾ ਵਿਚ ਇੱਕ 22 ਸਾਲਾ ਕੁੜੀ ਨੂੰ ਬੰਦੀ ਬਣਾ ਲਿਆ ਗਿਆ। ਰਿਵਾਲਵਰ ਦੀ ਨੋਕ ਉੱਤੇ ਇੱਕੋ ਸਮੇਂ ਇਕ ਅਕਾਲੀ ਨੇਤਾ ਧਰਮਿੰਦਰ ਘੜਿਆਵਾਲਾ, ਸਬ-ਇੰਸਪੈਕਟਰ ਗੁਲਾਬ ਸਿੰਘ, ਏ.ਐਸ.ਆਈ. ਦਰਸ਼ਨ ਸਿੰਘ, ਏ.ਐਸ.ਆਈ. ਕਰਮਜੀਤ ਸਿੰਘ ਤੇ ਸੱਤ ਹੋਰ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਬਲਾਤਕਾਰ ਕਰਦੀਆਂ ਰਹੀਆਂ। ਇਹ ਸਮੂਹਕ ਬਲਾਤਕਾਰ ਨੌਂ ਮਹੀਨੇ ਤੱਕ ਚੱਲਦਾ ਰਿਹਾ।
    ਇਸ ਦੌਰਾਨ ਆਪਣੇ ਆਪ ਨੂੰ ਬਚਾਉਣ ਲਈ ਇਨ੍ਹਾਂ ਸਾਰਿਆਂ ਨੇ ਇਕ ਨਾਬਾਲਗ ਮੁੰਡੇ ਨਾਲ ਹਥਿਆਰਾਂ ਦੇ ਜ਼ੋਰ ਨਾਲ ਉਸ ਕੁੜੀ ਦਾ ਕੋਰਟ ਵਿਚ ਵਿਆਹ ਵੀ ਕਰਵਾ ਦਿੱਤਾ। ਦੂਜੇ ਪਾਸੇ ਉਸ ਲੜਕੀ ਦੇ ਪਰਿਵਾਰ ਨੂੰ ਕਹਿ ਦਿੱਤਾ ਕਿ ਉਨ੍ਹਾਂ ਦੀ ਕੁੜੀ ਦਾ ਅਗਵਾਕਾਰ ਡੇਢ ਲੱਖ ਰੁਪੈ ਮੰਗ ਰਿਹਾ ਹੈ। ਉਹ ਪੈਸੇ ਵੀ ਕੁੜੀ ਦੇ ਪਰਿਵਾਰ ਕੋਲੋਂ ਠੱਗ ਕੇ ਐਸ਼ ਕਰਦੇ ਰਹੇ। ਅਖ਼ੀਰ 18 ਫਰਵਰੀ 2021 ਨੂੰ ਕਿਸੇ ਤਰ੍ਹਾਂ ਲੜਕੀ ਉੱਥੋਂ ਭੱਜ ਕੇ ਨਿਕਲੀ ਤਾਂ ਮਾਪਿਆਂ ਨੂੰ ਦੱਸਿਆ ਕਿ ਜਬਰੀ ਨਸ਼ੇ ਦੀਆਂ ਗੋਲੀਆ ਖੁਆ ਕੇ ਹਰ ਰੋਜ਼ ਉਸ ਦਾ ਸਮੂਹਕ ਬਲਾਤਕਾਰ ਕੀਤਾ ਜਾਂਦਾ ਰਿਹਾ ਹੈ।
    ਜੱਜ ਬੱਬਲਜੀਤ ਕੌਰ ਦੇ ਆਦੇਸ਼ ਤਹਿਤ ਅਖ਼ੀਰ ਕੇਸ ਦਰਜ ਕਰ ਕੇ ਮੁਲਜ਼ਮਾਂ ਨੂੰ ਫੜਨ ਦਾ ਹੁਕਮ ਜਾਰੀ ਕੀਤਾ ਗਿਆ।
4.    ਮੋਗੇ ਵਿਖੇ 14 ਸਾਲਾ ਕੁੜੀ ਨੂੰ ਵਿਆਹ ਦਾ ਲਾਰਾ ਲਾ ਕੇ ਭਜਾ ਕੇ ਮੁੰਡੇ ਨੇ ਪਹਿਲਾਂ ਆਪ ਕਈ ਦਿਨ ਜਬਰ ਜ਼ਨਾਹ ਕੀਤਾ ਤੇ ਫੇਰ ਆਪਣੇ ਸਕੇ ਭਰਾ ਕੋਲੋਂ ਕਰਵਾਉਂਦਾ ਰਿਹਾ।
5.    ਭੋਪਾਲ ਵਿਚ ਉਮਾਰੀਆ ਜ਼ਿਲ੍ਹੇ ਵਿਚ 13 ਸਾਲਾ ਬੇਟੀ ਨਾਲ 9 ਜਣਿਆਂ ਨੇ ਪੰਜ ਦਿਨਾਂ ਵਿਚ ਦੋ-ਦੋ ਵਾਰ ਬਲਾਤਕਾਰ ਕੀਤਾ। ਇਸ ਤੋਂ ਬਾਅਦ ਅਗਲੇ 6 ਦਿਨਾਂ ਵਿਚ ਚਾਰ ਹੋਰ ਨਾਬਾਲਗ ਬੇਟੀਆਂ ਨਾਲ ਸਮੂਹਕ ਬਲਾਤਕਾਰਾਂ ਦੀ ਖ਼ਬਰ ਵੀ ਛਪੀ। ਹਫ਼ਤੇ ਬਾਅਦ ਹੀ ਇੱਕ ਹੋਰ 13 ਸਾਲਾ ਲੜਕੀ ਨੂੰ ਉਸ ਦੇ ਗਵਾਂਢੀ ਮੁੰਡੇ ਨੇ 4 ਜਨਵਰੀ 2021 ਨੂੰ ਵਰਗਲਾ ਕੇ ਨਾਲ ਦੀ ਦੁਕਾਨ ਵੱਲ ਲਿਜਾ ਕੇ ਬਿਠਾਇਆ। ਉੱਥੇ ਕੈਦ ਰੱਖ ਕੇ ਦੋ ਦਿਨ ਉਹ ਤੇ ਉਸ ਦੇ 6 ਹੋਰ ਦੋਸਤਾਂ ਨੇ ਦਿਨ-ਰਾਤ ਉਸ ਦਾ ਬਲਾਤਕਾਰ ਕੀਤਾ।
6.    ਮਧੂਬਨੀ (ਬਿਹਾਰ) ਵਿਚ ਮਾਂ ਦੇ ਕੁੱਖੋਂ ਜੰਮੇ ਹੈਵਾਨਾਂ ਨੇ ਨਵੇਂ ਦਿਸਹੱਦੇ ਤਹਿ ਕਰ ਛੱਡੇ ਹਨ। ਦਿਨ ਵੇਲੇ 14 ਸਾਲਾਂ ਦੀ ਨਾਬਾਲਗ ਗੂੰਗੀ ਬੋਲੀ ਬੇਟੀ ਆਪਣੇ ਹੀ ਘਰ ਦੇ ਬਾਹਰਵਾਰ ਦੋ ਹੋਰ ਕੁੜੀਆਂ ਨਾਲ ਬਕਰੀਆਂ ਚਰਾ ਰਹੀ ਸੀ। ਪਿੰਡ ਦੇ ਹੀ ਛੇ ਆਦਮੀਆਂ ਨੇ ਉਸ ਨੂੰ ਅਗਵਾ ਕਰ ਕੇ ਪਿੰਡ ਦੇ ਬਾਹਰਵਾਰ ਲਿਜਾ ਰੱਜ ਕੇ ਸਮੂਹਕ ਬਲਾਤਕਾਰ ਕਰਨ ਬਾਅਦ ਉਸ ਦੀਆਂ ਦੋਨੋਂ ਅੱਖਾਂ ਕੱਢ ਦਿੱਤੀਆਂ ਤਾਂ ਜੋ ਉਹ ਗੂੰਗੀ ਬੋਲੀ ਧੀ ਕਿਸੇ ਨੂੰ ਵੇਖ ਕੇ ਪਛਾਣ ਵੀ ਨਾ ਸਕੇ। ਬਹੁਤਾ ਲਹੂ ਵਹਿ ਜਾਣ ਕਾਰਨ ਉਹ ਬੇਟੀ ਹਾਲੇ ਵੀ ਜ਼ਿੰਦਗੀ ਮੌਤ ਦੀ ਕੜੀ ਵਿਚਕਾਰ ਆਖ਼ਰੀ ਸਾਹਾਂ ਦੀ ਤਾਰ ਨਾਲ ਲਟਕੀ ਪਈ ਹੈ।
7.    ਲੁਧਿਆਣੇ ਦੇ ਹੈਬੋਵਾਲ ਇਲਾਕੇ ਵਿਚ ਆਪਣੀ ਹੀ ਪੰਜ ਵਰ੍ਹਿਆਂ ਦੀ ਧੀ ਨਾਲ ਰਾਤ ਇੱਕ ਵਜੇ ਬਲਾਤਕਾਰ ਕਰਨ ਵਾਲੇ ਨੂੰ ਜਦੋਂ ਉਸ ਦੀ ਪਤਨੀ ਨੇ ਫੜਿਆ ਤਾਂ ਮੁਲਜ਼ਮ ਪਿਤਾ ਫਰਾਰ ਹੋ ਗਿਆ। ਮਾਂ ਵੱਲੋਂ ਥਾਣੇ ਵਿਚ ਰਿਪੋਰਟ ਲਿਖਵਾਉਣ ਬਾਅਦ ਵੀ ਹਾਲੇ ਤਕ ਪਿਓ ਫਰਾਰ ਹੈ।
8.    ਬਰਨਾਲੇ ਵਿਖੇ ਢਾਈ ਸਾਲ ਦੀ ਬੱਚੀ ਨਾਲ ਬਲਾਤਕਾਰ ਕਰਨ ਵਾਲੇ ਹੈਵਾਨ ਨੂੰ ਪੁਲਿਸ ਨੇ ਜਦੋਂ ਰਿਹਾਅ ਕਰ ਦਿੱਤਾ ਤਾਂ ਉਸ ਹਵਸ ਦੇ ਅੰਨ੍ਹੇ ਨੇ ਫਿਰ 4 ਸਾਲਾ ਮਾਸੂਮ ਬੱਚੀ ਦਾ ਬਲਾਤਕਾਰ ਕਰ ਕੇ ਉਸ ਨੂੰ ਨੋਚ ਸੁੱਟਿਆ। ਇੱਕ ਸਾਬਕਾ ਐਮ.ਐਲ.ਏ. ਨੇ ਦੋਸ਼ੀ ਨੂੰ ਫੜ ਕੇ ਸਖ਼ਤ ਸਜ਼ਾ ਦਵਾਉਣ ਦੀ ਹਮਾਇਤ ਕੀਤੀ ਹੈ।
9.    ਇੱਕ ਏ.ਐਸ.ਆਈ. ਦੀ ਪਤਨੀ ਨੂੰ ਬਠਿੰਡਾ ਵਿਚ ਡੀ.ਐਸ.ਪੀ. ਗੁਰਸ਼ਰਨ ਸਿੰਘ ਨੇ ਆਪਣੇ ਅਹੁਦੇ ਦਾ ਰੋਅਬ ਵਿਖਾਉਂਦਿਆਂ ਹਵਸ ਦਾ ਸ਼ਿਕਾਰ ਬਣਾਇਆ। ਗੋਨਿਆਣਾ ਰੋਡ 'ਤੇ ਹਨੂੰਮਾਨ ਚੌਂਕ ਵਿਚ ਹੋਟਲ ਆਸ਼ੀਆਨਾ ਵਿਖੇ ਅਖ਼ੀਰ ਡੀ.ਐਸ.ਪੀ. ਨੂੰ ਜਦੋਂ ਰੰਗੇ ਹੱਥੀਂ ਫੜਿਆ ਤਾਂ ਉਹ ਮੰਨਿਆ ਕਿ ਉਹ ਕਈ ਮਹੀਨਿਆਂ ਤੋਂ ਆਪਣੇ ਅਧੀਨ ਕੰਮ ਕਰਦੇ ਪੁਲਿਸ ਮੁਲਾਜ਼ਮਾਂ ਦੀਆਂ ਪਤਨੀਆਂ ਤੇ ਬੇਟੀਆਂ ਦਾ ਸ਼ੋਸ਼ਣ ਕਰਦਾ ਆ ਰਿਹਾ ਹੈ। ਉਹ ਚਿੱਟੇ ਦੇ ਝੂਠੇ ਕੇਸ ਪਾ ਕੇ, ਡਰਾ ਧਮਕਾ ਕੇ, ਅਜਿਹਾ ਕਾਰਾ ਕਰਦਾ ਰਿਹਾ ਸੀ।
10.    ਟਾਂਡਾ ਉੜਮੁੜ ਵਿਖੇ ਪਿੰਡ ਜਲਾਲਪੁਰ ਦੇ ਨੌਜਵਾਨ ਨੇ ਪਿੰਡ ਦੀ ਹੀ ਇੱਕ ਛੇ ਸਾਲਾ ਬੱਚੀ ਨੂੰ ਵਰਗਲਾ ਕੇ, ਆਪਣੀ ਹਵੇਲੀ ਵਿਚ ਲਿਜਾ ਕੇ ਹਵਸ ਦਾ ਸ਼ਿਕਾਰ ਬਣਾਇਆ ਤੇ ਫਿਰ ਸਬੂਤ ਮਿਟਾਉਣ ਲਈ ਹਵੇਲੀ ਦੇ ਹੀ ਪਿਛਲੇ ਪਾਸੇ ਬੱਚੀ ਨੂੰ ਜਿਊਂਦਿਆਂ ਸਾੜ ਦਿੱਤਾ!
    ਬੱਚੀ ਦੀ ਸੜੀ ਹੋਈ ਲਾਸ਼ ਤੋਂ ਮਿਲੇ ਕੁੱਝ ਸਬੂਤਾਂ ਤੋਂ ਪਤਾ ਲੱਗਿਆ ਕਿ ਹਵੇਲੀ ਦੇ ਮਾਲਕ ਸੁਰਜੀਤ ਸਿੰਘ ਤੇ ਉਸ ਦੇ ਪੋਤਰੇ ਨੇ ਵੀ ਉਸ ਨਾਲ ਮੂੰਹ ਕਾਲਾ ਕੀਤਾ ਸੀ।
11.    ਰਾਤ 12 ਵਜੇ ਇੱਕ ਔਰਤ ਨੂੰ ਲੁਧਿਆਣੇ, ਮੁੰਡੀਆਂ ਕਲਾਂ ਥਾਣੇ ਲਿਜਾਇਆ ਗਿਆ ਤੇ ਸਵੇਰੇ ਚਾਰ ਵਜੇ ਤੱਕ ਪੁਲਿਸ ਕਰਮੀ ਨੇ ਆਪਣੇ ਸਾਥੀਆਂ ਸਾਹਮਣੇ ਜਬਰੀ ਸ਼ਰਾਬ ਪਿਆਉਣ ਬਾਅਦ ਪਹਿਲਾਂ ਆਪ ਉਸ ਬੇਦੋਸੀ ਔਰਤ ਨਾਲ ਬਲਾਤਕਾਰ ਕੀਤਾ ਤੇ ਫਿਰ ਸਾਥੀਆਂ ਕੋਲੋਂ ਦੱਬ ਕੇ ਉਸ ਦੀ ਕੁੱਟਮਾਰ ਕਰਵਾਈ।
12.    ਫਿਰੋਜ਼ਪੁਰ ਦੀ ਧਵਨ ਕਾਲੋਨੀ ਨੇੜੇ ਹਰਪ੍ਰੀਤ ਨਗਰ ਵਿਖੇ ਜਦੋਂ ਇੱਕ ਸਹੁਰੇ ਨੇ ਆਪਣੀ ਛੋਟੀ ਨੂੰਹ ਉੱਤੇ ਮਾੜੀ ਅੱਖ ਰੱਖਣ ਵਾਲੇ ਗੁਰਮੁਖ ਚੌਧਰੀ ਨੂੰ ਤਾੜਿਆ ਤਾਂ ਉਸ ਨੇ ਹਥਿਆਰਬੰਦ ਸਾਥੀਆਂ ਨਾਲ ਰਾਤ ਨੂੰ ਹੱਲਾ ਬੋਲ ਕੇ ਸਹੁਰਾ ਤੇ ਸੱਸ ਨੂੰ ਗੋਲੀਆਂ ਮਾਰ ਦਿੱਤੀਆਂ।
13.    ਸਾਹਨੇਵਾਲ (ਲੁਧਿਆਣਾ) ਦੀ ਪ੍ਰੀਤਮ ਕਾਲੋਨੀ ਵਿਚ ਪਤਨੀ ਦੇ ਅਪਰੇਸ਼ਨ ਲਈ ਪਤੀ ਨੂੰ ਸਵੇਰੇ ਕੰਮ ਉੱਤੇ ਤੇ ਸ਼ਾਮ ਹਸਪਤਾਲ ਰਹਿਣਾ ਪੈਂਦਾ ਸੀ। ਇੱਕ ਹਫ਼ਤੇ ਲਈ ਆਪਣੇ ਦੋਸਤ ਸੁਰੇਸ਼ ਨੂੰ ਮਦਦ ਲਈ ਯੂ.ਪੀ. ਤੋਂ ਬੁਲਾਇਆ ਤਾਂ ਜੋ ਪਿੱਛੇ ਬੱਚਿਆਂ ਦੀ ਦੇਖ ਭਾਲ ਹੋ ਸਕੇ। ਦੋਸਤ ਨੇ ਘਰ ਵਿਚ 14 ਵਰ੍ਹਿਆਂ ਦੀ ਬਾਲੜੀ ਨੂੰ ਡਰਾ ਧਮਕਾ ਕੇ ਅਤੇ ਉਸ ਦੇ ਛੋਟੇ ਭਰਾ ਨੂੰ ਕਮਰੇ ਵਿਚ ਬੰਦ ਕਰ ਕੇ ਪੂਰਾ ਹਫ਼ਤਾ ਜਬਰ ਜ਼ਨਾਹ ਕੀਤਾ। ਹਸਪਤਾਲ ਤੋਂ ਛੁੱਟੀ ਹੋਣ ਬਾਅਦ ਮਾਂ ਘਰ ਆਈ ਤਾਂ ਵੀ ਦਿਨੇ ਕੁੱਝ ਚਿਰ ਡਰਾ ਧਮਕਾ ਕੇ ਅਸ਼ਲੀਲ ਫੋਟੋਆਂ ਜਨਤਕ ਕਰਨ ਦਾ ਡਰਾਵਾ ਦੇ ਕੇ ਰੋਜ਼ ਨਾਬਾਲਗ ਬੱਚੀ ਦਾ ਬਲਾਤਕਾਰ ਕਰਦਾ ਰਿਹਾ। ਜਦੋਂ ਬੱਚੀ ਦਾ ਢਿੱਡ ਫੁੱਲਣ ਲੱਗਿਆ ਤਾਂ ਮਾਂ ਨੇ ਹਸਪਤਾਲ ਟੈਸਟ ਕਰਵਾਇਆ। ਪਤਾ ਲੱਗਿਆ ਕਿ ਬੱਚੀ 6 ਮਹੀਨਿਆਂ ਦੀ ਗਰਭਵਤੀ ਹੈ। ਸੁਰੇਸ਼ ਹਾਲੇ ਤੱਕ ਫਰਾਰ ਹੈ ਤੇ ਫੜਿਆ ਨਹੀਂ ਗਿਆ।
14.    ਰਾਜਸਥਾਨ ਵਿਚ 14 ਦਿਨਾਂ ਤੱਕ ਜੰਗਲ ਵਿਚ ਨਿਰਵਸਤਰ ਬੰਨ੍ਹ ਕੇ ਰੱਖੀ 20 ਵਰ੍ਹਿਆਂ ਦੀ ਔਰਤ ਨਾਲ ਕਾਪਰੇਨ ਦੇ ਰਹਿਣ ਵਾਲੇ 40 ਸਾਲਾ ਹੈਵਾਨ ਨੇ ਹਰ ਰੋਜ਼ ਬਲਾਤਕਾਰ ਕੀਤਾ, ਪਰ ਹਾਲੇ ਤੱਕ ਫੜਿਆ ਨਹੀਂ ਗਿਆ। ਔਰਤ ਦਾ ਕਸੂਰ ਇਹ ਸੀ ਕਿ ਘਰ ਵਿਚ ਗੁਸਲਖ਼ਾਨਾ ਨਾ ਹੋਣ ਕਾਰਨ ਉਸ ਨੂੰ ਸ਼ਾਮ ਨੂੰ ਬਾਹਰ ਜਾਣਾ ਪਿਆ।
15.    ਪਟਿਆਲੇ ਦੇ ਅਰਬਨ ਅਸਟੇਟ ਵਿਖੇ ਸ਼ਿਵ ਸੇਨਾ ਆਗੂ ਨੇ ਇੱਕ ਔਰਤ ਦਾ ਬਲਾਤਕਾਰ ਕਰਨ ਬਾਅਦ ਉਸ ਦੇ ਦੋਵਾਂ ਬੱਚਿਆਂ ਨੂੰ ਵੀ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ। ਸ਼ਿਵ ਸੇਨਾ ਵਿਦਿਆਰਥੀ ਵਿੰਗ ਦੇ ਪ੍ਰਧਾਨ ਰਾਜੇਸ਼ ਕੋਸ਼ਿਕ ਵਿਰੁੱਧ 13 ਸਾਲਾ ਬੱਚੇ ਤੇ 5 ਸਾਲਾ ਬੱਚੀ ਨਾਲ ਕੁਕਰਮ ਕਰਨ ਦੇ ਨਾਲ-ਨਾਲ ਮਾਂ ਦੇ ਸਰੀਰਕ ਸ਼ੋਸ਼ਣ ਦਾ ਮਾਮਲਾ ਦਰਜ ਕੀਤਾ ਗਿਆ ਹੈ।
    ਇੱਕ ਆਖ਼ਰੀ ਘਟਨਾ ਲਿਖਦਿਆਂ ਮੇਰੀ ਕਲਮ ਵੀ ਕੰਬਦੀ ਹੈ ਤੇ ਕਲੇਜਾ ਮੂੰਹ ਨੂੰ ਆ ਜਾਂਦਾ ਹੈ, ਬਾਰੇ ਲਿਖਣਾ ਜ਼ਰੂਰੀ ਹੈ। ਇਹ ਘਟਨਾ ਪੂਰੇ ਦੇਸ ਅੰਦਰਲੀ ਮਾਨਸਿਕਤਾ ਤੇ ਔਰਤ ਪ੍ਰਤੀ ਦੋਗਲੇਪਨ ਨੂੰ ਜਗ ਜ਼ਾਹਿਰ ਕਰ ਦਿੰਦੀ ਹੈ। ਭਾਰਤ ਦੀਆਂ ਕਈ ਟੀ.ਵੀ. ਚੈਨਲਾਂ ਉੱਤੇ ਇਹ ਖ਼ਬਰ ਪ੍ਰਸਾਰਿਤ ਕੀਤੀ ਗਈ ਤੇ ਉਸ ਪਿਤਾ ਦੀ ਇੰਟਰਵਿਊ ਵੀ ਵਿਖਾਈ ਗਈ ਸੀ।
    ਸੰਨ 2002 ਗੁਜਰਾਤ ਗੋਧਰਾ ਕਾਂਡ ਵਿਚ ਜੋ ਇੱਕ ਬਜ਼ੁਰਗ ਮਜੀਦ ਭਾਈ ਮੁਸਲਮਾਨ ਪਿਤਾ ਨਾਲ ਵਾਪਰਿਆ, ਉਸ ਨੇ ਆਪਣਾ ਦੁਖੜਾ ਟੀ.ਵੀ. ਉੱਤੇ ਤਿੰਨ ਮਿੰਟ ਵਿਚ ਜਿਸ ਤਰ੍ਹਾਂ ਸੁਣਾਇਆ, ਇੰਨ-ਬਿੰਨ ਉਹੀ ਦੁਹਰਾਉਣ ਲੱਗੀ ਹਾਂ, ''ਯੇ ਭਾਰਤ ਮਾਤਾ ਹੈ! ਹਮਾਰੀ ਮਾਂ ਕੇ ਸਮਾਨ! ਇਸਮੇਂ ਰਾਖ਼ਸ਼ ਰਹਿਤੇ ਹੈਂ! ਇਨਸਾਨ ਥੋੜਾ ਐਸੇ ਕਰ ਸਕਤੇ ਹੈਂ! ਮੇਰੀ ਆਂਖੋਂ ਕੇ ਸਾਮਨੇ ਮੇਰੀ ਬੇਟੀ ਕੇ ਪੇਟ ਕੋ ਤਲਵਾਰ ਸੇ ਚੀਰ ਕਰ ਉਸ ਮੇਂ ਸੇ ਬੱਚਾ ਨਿਕਾਲ ਕਰ ਤਲਵਾਰ ਸੇ ਦੋ ਟੁਕੜੇ ਕਰ ਦੀਏ। ਪਾਂਚ-ਪਾਂਚ ਸਾਲ ਕੀ, 12 ਸਾਲ, 14 ਸਾਲ ਕੀ ਬੱਚੀਓਂ ਕੋ ਨੰਗਾ ਕਰ ਕੇ ਸੜਕੋਂ ਪੇ 18 ਸਾਲ, 20 ਸਾਲ ਕੇ ਲੜਕੇ ਰੇਪ ਕਰ ਰਹੇ ਥੇ! ਬੱਚੀਆਂ ਚਿੱਲਾ ਰਹੀਂ ਥੀਂ-ਅੱਬਾ ਅੰਮਾ ਬਚਾ ਲੋ! ਮਜੀਦ ਭਾਈ, ਚਾਚਾ, ਮੇਰੇ ਕੋ ਬਚਾ ਲੋ। ਕੌਣ ਬਚਾਤਾ? ਸਭ ਕੋ ਮਾਰ ਕਾਟ ਰਹੇ ਥੇ! ਮੇਰੀ ਬੀਵੀ, ਤੀਨ ਲੜਕੇ, ਤੀਨ ਲੜਕੀਓਂ ਕੋ ਕਾਟ ਕਰ ਜਲਾ ਦੀਆ। ਲੜਕਾ ਯਾਸੀਨ ਤੋ ਮੇਰੇ ਸੇ ਜਲਤਾ ਦੇਖਾ ਨਹੀਂ ਗਿਆ। ਉਸ ਦਿਨ ਸੇ ਨਾ ਰੋਟੀ ਖਾਈ ਜਾਤੀ ਹੈ ਨਾ ਸੋਇਆ ਜਾਤਾ ਹੈ। ਆਂਖ ਬੰਦ ਕਰਤਾ ਹੂੰ ਤੋਂ ਵਹੀ ਨਜ਼ਾਰਾ ਦਿਖਤਾ ਹੈ। ਸ਼ਿਕਾਇਤ ਕਰਨੇ ਗਯਾ ਤੋਂ ਦੋ ਬਾਰ ਮੇਰੇ ਪੇ ਜਾਨਲੇਵਾ ਹਮਲਾ ਹੂਆ। ਏਕ ਬਾਰ ਘਰ ਪੇ ਆ ਕੇ ਪੀਟਾ। ਮੇਰੇ ਕੋ ਕਹਾ ਅਗਰ ਮੈਨੇ ਕਿਸੀ ਦੰਗਾ ਕਰਨੇ ਵਾਲੇ ਕੀ ਪਹਿਚਾਨ ਬਤਾ ਦੀ ਤੋ ਮੇਰੇ ਕੋ ਭੀ ਜਲਾ ਦੇਂਗੇ। ਮੈਨੇ ਫਿਰ ਭੀ ਕੋਰਟ ਮੇਂ ਨਾਮ ਬਤਾ ਦੀਆ। ਅਬ ਇਸ ਜਾਨ ਕਾ ਕਿਆ ਕਰਨਾ ਹੈ। ਜਜ ਭੀ ਪਤਾ ਨਹੀਂ ਕਿਊਂ ਕਿਸੀ ਕੇ ਡਰ ਕੇ ਕਾਰਨ ਕੁਛ ਨਹੀਂ ਕਰ ਰਹੇ। ਹਮਾਰੇ ਆਸ-ਪਾਸ ਰਹਿਨੇ ਵਾਲੇ ਹਿੰਦੂ ਭੀ ਪਤਾ ਨਹੀਂ ਕਿਉਂ ਦੰਗਾ ਕਰਨੇ ਵਾਲੋਂ ਸੇ ਮਿਲ ਗਏ? ਵੋ ਭੀ ਮੇਰੇ ਬੱਚੋਂ ਕੋ ਜ਼ਿੰਦਾ ਜਲਾਨੇ ਮੇਂ ਸਾਥ ਜੁਟ ਗਏ ਥੇ। ਹਮਨੇ ਕਹਾ ਭੀ-ਗੁੱਡੂ ਬੇਟਾ ਤੂ ਤੋ ਮੇਰੇ ਬੇਟੇ ਜੈਸਾ ਹੀ ਹੈ, ਐਸਾ ਕਿਊਂ ਕਰ ਰਹਾ ਹੈ? ਅਬ ਤੋ ਕਭੀ ਕਭੀ ਸੋਚਤੇ ਹੈਂ ਕਿ ਮਰ ਹੀ ਜਾਤੇ। ਅਬ ਭੀ ਤੋਂ ਰੋਜ਼ ਰੋਜ਼ ਮਰਤੇ ਹੈਂ। ਇਸ ਸੇ ਤੋ ਏਕ ਬਾਰ ਮਰਨਾ ਹੀ ਬਿਹਤਰ ਥਾ!''
    ਇਹ ਇੰਟਰਵਿਊ ਸੁਣਦਿਆਂ ਬਦੋਬਦੀ ਅੱਖਾਂ ਵਿੱਚੋਂ ਹੰਝੂ ਟਿਪ ਟਿਪ ਕਰ ਕੇ ਡਿੱਗਣੇ ਸ਼ੁਰੂ ਹੋ ਜਾਂਦੇ ਹਨ, ਵਿਚਾਰਗੀ ਦਬੋਚ ਲੈਂਦੀ ਹੈ ਤੇ ਕੁੱਝ ਨਾ ਕਰ ਸਕਣ ਦਾ ਇਹਸਾਸ ਮਨ ਨੂੰ ਕਚੋਟਦਾ ਹੈ।
ਹਰਿਆਣੇ ਦੇ ਸਹਾਰਾ ਘਰਾਂ ਵਿਚ ਨਾਬਾਲਗ ਬੱਚੀਆਂ ਦੇ ਜਿਸਮਾਂ ਨੂੰ ਮਾਣਨ ਪਹੁੰਚੇ ਮਾਣਯੋਗ ਜੱਜ ਸਾਹਿਬਾਨ, ਵੱਡੇ ਘਰਾਣਿਆਂ ਦੇ ਕਾਕੇ, ਪੁਲਿਸ ਦੇ ਵੱਡੇ ਅਫ਼ਸਰ ਤੇ ਵੱਡੇ ਸਿਆਸਤਦਾਨਾਂ ਦੇ ਚਸਕਿਆਂ ਦੇ ਕਿੱਸੇ ਅਖ਼ਬਾਰਾਂ ਦੇ ਮੁੱਖ ਪੰਨਿਆਂ ਦੀ ਸ਼ੋਭਾ ਵਧਾ ਚੁੱਕੇ ਹੋਏ ਹਨ।
ਜੇ ਇਸ ਸਾਰੇ ਵਰਤਾਰੇ ਵੱਲ ਝਾਤ ਮਾਰੀਏ ਤਾਂ ਕਿਸ ਪਾਸਿਓਂ ਕੋਈ ਦਿਨ ਮਨਾਉਣ ਦਾ ਜੀਅ ਕਰਦਾ ਹੈ? ਕੀ 365 ਦਿਨਾਂ ਵਿੱਚੋਂ ਇੱਕ ਦਿਨ ਔਰਤ ਦੇ ਲੇਖੇ ਲਾਉਣ ਦਾ ਇਹ ਮਤਲਬ ਹੈ ਕਿ ਸਾਲ ਦੇ ਬਾਕੀ ਦੇ 364 ਦਿਨਾਂ ਵਿਚ ਔਰਤਾਂ ਤੇ ਬਾਲੜੀਆਂ ਦੇ ਕੀਤੇ ਸ਼ਿਕਾਰ ਦਾ ਜਸ਼ਨ ਮਨਾਇਆ ਜਾਏ? ਛਾਤੀ ਉੱਤੇ ਹੱਥ ਮਾਰ ਮਾਰ ਟੀ.ਵੀ. ਸਾਹਮਣੇ ਮਾਈਕ ਫੜ ਕੇ ਇਹੀ ਹੈਵਾਨ ਉੱਚੀ-ਉੱਚੀ ਚੀਕਦੇ ਵੇਖੇ ਜਾ ਸਕਦੇ ਹਨ-''ਔਰਤ ਹੀ ਔਰਤ ਦੀ ਦੁਸ਼ਮਨ ਹੈ। ਔਰਤ ਉੱਤੇ ਹੁੰਦੇ ਤਸ਼ੱਦਦ ਲਈ 100 ਫੀਸਦੀ ਔਰਤ ਹੀ ਜ਼ਿੰਮੇਵਾਰ ਹੈ! ਮਰਦ ਤਾਂ ਔਰਤ ਦੇ ਜ਼ੁਲਮ ਦਾ ਸ਼ਿਕਾਰ ਹੋਇਆ ਪਿਆ ਹੈ!''
ਸ਼ਾਬਾਸ਼! ਬੱਲੇ ਓਏ ਰਾਖ਼ਸ਼ੋ! ਹੈਵਾਨੀਅਤ ਦੀਆਂ ਹੱਦਾਂ ਪਾਰ ਕਰਦਿਆਂ ਔਰਤ ਜ਼ਾਤ ਨੂੰ ਹਵਸ ਦਾ ਸ਼ਿਕਾਰ ਬਣਾ ਕੇ ਉਸੇ ਨੂੰ ਹੋਰ ਪੀਸੇ ਜਾਣ ਲਈ ਮਜਬੂਰ ਕਰ ਦੇਣਾ ਹੀ ਕੀ ਮਰਦਾਨਗੀ ਕਹਾਈ ਜਾਂਦੀ ਹੈ?
ਇਸ ਜਿਸਮਾਂ ਦੀ ਮੰਡੀ ਵਿਚ ਸਿਰਫ਼ ਇਹੋ ਕਹਿਣਾ ਬਾਕੀ ਹੈ ਕਿ 8 ਮਾਰਚ ਨੂੰ ਅੰਤਰਰਾਸ਼ਟਰੀ ਔਰਤਾਂ ਦਾ ਦਿਨ ਮਨਾਉਂਦਿਆਂ ਇਹ ਤਾਂ ਪੱਕਾ ਕਰ ਸਕੀਏ ਕਿ ਸਿਰਫ਼ ਇਸ ਇੱਕ ਦਿਨ ਕਿਸੇ ਬਾਲੜੀ ਦਾ ਚੀਰ ਹਰਣ ਨਹੀਂ ਹੋਵੇਗਾ, ਕਿਸੇ ਨਾਲ ਭੱਦੀ ਛੇੜ ਨਹੀਂ ਕੀਤੀ ਜਾਵੇਗੀ, ਦਾਜ ਦੇ ਲੋਭੀਆਂ ਨੂੰ ਨੂੰਹ ਸਾੜ੍ਹਨ ਕਰਕੇ ਅੱਜ ਦੇ ਦਿਨ ਫਾਸਟ ਟਰੈਕ ਕੋਰਟ ਰਾਹੀਂ ਜੇਲ੍ਹ ਵਿਚ ਡਕ ਦਿੱਤਾ ਜਾਵੇਗਾ, ਤੇਜ਼ਾਬ ਸੁੱਟਣ ਵਾਲਿਆਂ ਉੱਤੇ ਸਜ਼ਾਏ ਮੌਤ ਦਾ ਮੁਕੱਦਮਾ ਚਲਾਇਆ ਜਾਵੇਗਾ, ਇਸ ਇੱਕ ਦਿਨ ਕਿਸੇ ਬਾਲੜੀ ਨੂੰ ਮਨੁੱਖੀ ਤਸਕਰੀ ਵਿਚ ਫਸ ਜਾਣ ਤੋਂ ਬਚਾ ਲਿਆ ਜਾਵੇਗਾ ਤੇ ਘੱਟੋ ਘੱਟ ਇੱਕ ਦਿਨ ਘਰੇਲੂ ਹਿੰਸਾ ਤੋਂ ਬਚਾਓ ਰਹੇਗਾ; ਫਿਰ ਤਾਂ ਇਹ ਦਿਨ ਮਨਾਉਣ ਦਾ ਫ਼ਾਇਦਾ ਹੈ, ਵਰਨਾ ਇਹ ਦਿਨ ਵੀ 364 ਹੋਰ ਦਿਨਾਂ ਤੋਂ ਵੱਖ ਕੀ ਹੈ? ਅਸੀਂ ਤਾਂ ਏਨਾ ਵੀ ਨਹੀਂ ਕਰ ਸਕਦੇ ਕਿ ਸਿਰਫ਼ ਇੱਕ ਦਿਨ ਕੋਈ ਬੇਟੀ ਕੁੱਖ ਵਿਚ ਮਾਰੇ ਜਾਣ ਤੋਂ ਬਚਾਅ ਲਈਏ!
ਅਖ਼ੀਰ ਵਿਚ ਏਨਾ ਹੀ ਕਹਿਣਾ ਹੈ ਕਿ ਜੇ ਹੋਰ ਕੁੱਝ ਵੀ ਨਹੀਂ ਕੀਤਾ ਜਾ ਸਕਦਾ ਤਾਂ ਘੱਟੋ-ਘੱਟ ਕੁੱਝ ਅਣਖੀਲੇ ਪੁੱਤਰ, ਪਿਓ, ਭਰਾ, ਪਤੀ ਹੀ ਆਪਣੀ ਜ਼ਮੀਰ ਨੂੰ ਝੰਜੋੜ ਕੇ ਚੁੱਪੀ ਤੋੜ ਦੇਣ ਤੇ ਕੁਕਰਮ ਕਰਨ ਵਾਲਿਆਂ ਵਿਰੁੱਧ ਜ਼ੋਰਦਾਰ ਆਵਾਜ਼ ਚੁੱਕਣ, ਤਾਂ ਵੀ ਇਸ ਦਿਨ ਦੀ ਮਹੱਤਾ ਵੱਧ ਜਾਏਗੀ! ਇਹੋ ਢੰਗ ਹੈ ਮਾਂ ਦੇ ਦੁੱਧ ਦਾ ਕਰਜ਼ਾ ਲਾਹੁਣ ਦਾ! ਫਿਰ ਉਡੀਕਦੇ ਕੀ ਹਾਂ? ਬਾਲੜੀਆਂ ਦੇ ਬਲਾਤਕਾਰੀਆਂ ਲਈ ਤਾਂ ਫਾਂਸੀ ਦੀ ਸਜ਼ਾ ਜਾਂ ਅੰਗ ਵੱਢ ਕੇ ਉਮਰ ਭਰ ਲਈ ਸਜ਼ਾ ਭੁਗਤਣ ਲਈ ਕੈਦ ਕਰ ਦਿੱਤਾ ਜਾਵੇ, ਏਨੇ ਵਾਸਤੇ ਹੀ ਰਲ ਮਿਲ ਜਿਹਾਦ ਸ਼ੁਰੂ ਕਰ ਲਈਏ!
ਪੰਛੀਆਂ ਦੇ ਗੀਤ ਸੁਣਨ ਲਈ ਵੀ ਪਿੰਜਰਿਆਂ ਦੀ ਨਹੀਂ ਰੁੱਖ ਲਾਉਣ ਦੀ ਲੋੜ ਹੁੰਦੀ ਹੈ। ਇੰਜ ਹੀ ਚੁਫ਼ੇਰਾ ਮਹਿਕਾਉਣਾ ਹੈ ਤੇ ਇਸ ਧਰਤੀ ਉੱਤੇ ਪਤਨੀ ਜਾਂ ਪ੍ਰੇਮਿਕਾ ਦੇ ਗੁਟਕਦੇ ਬੋਲਾਂ, ਟੁਣਕਦੇ ਹਾਸਿਆਂ ਤੇ ਵੀਣੀਆਂ ਉੱਤੇ ਰੰਗਲੀਆਂ ਚੂੜੀਆਂ ਨੂੰ ਖਣਕਦੇ ਸੁਣਨਾ ਹੈ ਅਤੇ ਪਿਆਰ ਦੀਆਂ ਪੀਂਘਾਂ ਚੜ੍ਹਾਉਣੀਆਂ ਹਨ ਤਾਂ ਹਵਸ ਦੇ ਪੁਜਾਰੀਆਂ ਨੂੰ ਕੈਦ ਕਰਨਾ ਹੀ ਪੈਣਾ ਹੈ।

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ
ਪਟਿਆਲਾ। ਫੋਨ ਨੰ: 0175-2216783