ਪੰਜਾਬ ਪ੍ਰਦੇਸ਼ ਕਾਂਗਰਸ ਸਿਆਸੀ ਤਾਕਤ ਦਾ ਆਨੰਦ ਮਾਣਦੀ ਹੋਈ -  ਉਜਾਗਰ ਸਿੰਘ

ਪੰਜਾਬ ਵਿਚ 10 ਸਾਲ ਦੇ ਸਿਆਸੀ ਬਨਵਾਸ ਤੋਂ ਬਾਅਦ ਮਾਰਚ 2017 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਸਿਆਸੀ ਤਾਕਤ ਦੇ ਨਸ਼ੇ ਵਿਚ ਮਦਹੋਸ਼ ਹੋ ਕੇ ਕੁੰਭਕਰਨੀ ਨੀਂਦ ਵਿਚ ਸੁਤੀ ਪਈ ਹੈ। ਅਕਾਲੀ ਦਲ ਨੇ ਕਾਂਗਰਸ ਪਾਰਟੀ ਦੀ ਸਰਕਾਰ ਦੀਆਂ ਅਸਫਲਤਾਵਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਪੋਲ ਖੋਲ੍ਹ ਰੈਲੀਆਂ ਕੀਤੀਆਂ ਅਤੇ ਹੁਣ ਹਰ ਰੋਜ਼ ਕਿਸੇ ਨਾ ਕਿਸੇ ਮੁੱਦੇ ਜਿਵੇਂ ਰੇਤ ਮਾਫੀਆ ਅਤੇ ਪਾਠ ਪੁਸਤਕਾਂ ਦੇ ਪਾਠਕਰਮ ਵਿਚ ਤਬਦੀਲੀ ਨੂੰ ਚੁੱਕ ਕੇ ਅਖ਼ਬਾਰਾਂ ਵਿਚ ਛਾਇਆ ਰਿਹਾ ਹੈ। ਭਾਵੇਂ ਪੰਜਾਬ ਦੀ ਜਨਤਾ ਅਕਾਲੀ ਦਲ ਤੋਂ ਮੁਨਕਰ ਹੋਈ ਬੈਠੀ ਹੈ। ਕਾਂਗਰਸ ਪਾਰਟੀ ਚੁੱਪੀ ਧਾਰੀ ਸ਼ਾਂਤ ਚਿਤ ਸਮਾਧੀ ਲਾਈ ਸਿਆਸੀ ਤਾਕਤ ਦਾ ਆਨੰਦ ਮਾਣ ਰਹੀ  ਹੈ। ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਕਾਂਗਰਸ ਹਾਈ ਕਮਾਂਡ ਨੇ ਇਕ ਵਿਅਕਤੀ ਅਤੇ ਇਕ ਅਹੁਦੇ ਦੀ ਨੀਤੀ ਅਧੀਨ ਸੁਨੀਲ ਕੁਮਾਰ ਜਾਖੜ ਨੂੰ ਵਿਧਾਨ ਸਭਾ ਦੀ ਚੋਣ ਹਾਰਨ ਤੋਂ ਬਾਅਦ ਵੀ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਮੁੱਖ ਮੰਤਰੀ ਦੀ ਸਿਫਾਰਸ਼ ਤੇ ਹੀ ਪੰਜਾਬ ਪ੍ਰਦੇਸ ਕਾਂਗਰਸ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਸੀ। ਸੁਨੀਲ ਕੁਮਾਰ ਜਾਖੜ ਦੀ ਸਿਆਸੀ ਵਿਰਾਸਤ ਵੀ ਅਮੀਰ ਅਤੇ ਮਜ਼ਬੂਤ ਹੈ। ਉਹ ਆਪ ਵੀ ਨੌਜਵਾਨ ਅਤੇ ਪੜ੍ਹਿਆ ਲਿਖਿਆ ਹੈ। ਪ੍ਰੰਤੂ ਫਿਰ ਵੀ ਉਹ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਦਸ ਮਹੀਨੇ ਬਾਅਦ ਤੱਕ ਵੀ ਪਾਰਟੀ ਨੂੰ ਸਰਗਰਮ ਕਰਨ ਵਿਚ ਕੋਈ ਭੂਮਿਕਾ ਨਹੀਂ ਨਿਭਾਅ ਸਕਿਆ। ਸ਼ਾਇਦ ਮੁੱਖ ਮੰਤਰੀ ਦੇ ਕਾਂਗਰਸ ਪਾਰਟੀ ਵਿਚਲੇ ਉਚੇ ਰੁਤਬੇ ਦਾ ਅਸਰ ਹੋਵੇ ਕਿਉਂਕਿ ਵੱਡੇ ਦਰਖਤ ਦੀ ਸੰਘਣੀ ਛਾਂ ਹੇਠ ਪੌਦਾ ਪ੍ਰਫੁਲਤ ਨਹੀਂ ਹੁੰਦਾ। ਇਥੋਂ ਤੱਕ ਕਿ ਉਹ ਆਪਣੀ ਮਰਜੀ ਦੇ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਅਹੁਦੇਦਾਰ ਵੀ ਨਿਯੁਕਤ ਨਹੀਂ ਕਰਵਾ ਸਕਿਆ। ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੀ ਪਤਾ ਨਹੀਂ ਕਿਉਂ ਪੰਜਾਬ ਵਿਚ ਦਿਲਚਸਪੀ ਹੀ ਨਹੀਂ ਲੈ ਰਹੀ। ਸਰਬ ਭਾਰਤੀ ਕਾਂਗਰਸ ਨੂੰ ਪੰਜਾਬ ਪ੍ਰਦੇਸ਼ ਦੀ ਕਾਰਜਕਾਰਨੀ ਬਣਾਕੇ ਨਵੇਂ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਕਾਂਗਰਸ ਵਰਕਰਾਂ ਨੂੰ ਸਰਗਰਮ ਕਰਨ ਦੇਣਾ ਚਾਹੀਦਾ ਸੀ। ਆਹ ਹੁਣ ਤਿੰਨ ਕਮੇਟੀਆਂ ਬਣਾਕੇ ਪੱਲਾ ਝਾੜ ਲਿਆ ਹੈ। ਇਨ੍ਹਾਂ ਕਮੇਟੀਆਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਤੋਂ ਹਾਈ ਕਮਾਂਡ ਦੀ ਸਰਦਾਰੀ ਹੀ ਝਲਕਦੀ ਹੈ। ਕਾਂਗਰਸ ਹਾਈ ਕਮਾਂਡ ਸਰਕਾਰੀ ਦਫਤਰਾਂ ਦੀ ਤਰ੍ਹਾਂ ਫਾਈਲਾਂ ਬਣਾਕੇ ਕੰਮ ਕਰਦੀ ਹੈ। ਚੁਸਤੀ ਫੁਰਤੀ ਉਨ੍ਹਾਂ ਵਿਚੋਂ ਗਾਇਬ ਹੋ ਗਈ ਹੈ। ਪਾਰਟੀ ਵਿਚ ਧੜੇਬੰਦੀ ਕਾਇਮ ਕਰਨ ਵਿਚ ਕੇਂਦਰੀ ਕਾਂਗਰਸ ਦੇ ਨੇਤਾ ਜ਼ਿੰਮੇਵਾਰ ਹਨ। ਉਹ ਰਾਜਾਂ ਦੇ ਨੇਤਾਵਾਂ ਦੇ ਵਿਰੁਧ ਆਪਣੇ ਸਮਰਥਕਾਂ ਨੂੰ ਹੱਲਾ ਸ਼ੇਰੀ ਦੇਈ ਰੱਖਦੇ ਹਨ। ਹੁਣ ਕੇਂਦਰੀ ਕਾਂਗਰਸ ਵੀ ਸੁਤੀ ਪਈ ਲੱਗਦੀ ਹੈ। ਕਾਂਗਰਸ ਹਾਈ ਕਮਾਂਡ ਵੀ ਨੌਜਵਾਨ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿਚ ਸਰਗਰਮ ਹੋਣ ਦੀ ਵਿਜਾਏ ਸੁਸਤ ਰਫਤਾਰ ਨਾਲ ਚਲ ਰਹੀ ਹੈ। ਰਾਹੁਲ ਗਾਂਧੀ ਇਕੱਲਾ ਹੀ ਆਪਣਾ ਅਕਸ ਬਣਾਉਣ ਦੇ ਚਕਰ ਵਿਚ ਲੱਗਿਆ ਹੋਇਆ ਹੈ, ਇਹ ਤਾਂ ਚੰਗੀ ਗਲ ਹੈ ਪ੍ਰੰਤੂ ਬਾਕੀ ਕਾਂਗਰਸੀ ਨੇਤਾਵਾਂ ਨੂੰ ਵੀ ਸਰਗਰਮ ਹੋਣਾ ਚਾਹੀਦਾ ਹੈ। ਵੈਸੇ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਧਾਨ ਬਣੇ ਰਹਿਣ ਦੇਣਾ ਚਾਹੀਦਾ ਸੀ ਕਿਉਂਕਿ ਮੁੱਖ ਮੰਤਰੀ ਦੀ ਪਕੜ ਪਾਰਟੀ ਤੇ ਰਹੇ ਤਾਂ ਪਾਰਟੀ ਨੇਤਾ ਸਰਕਾਰੀ ਅਹੁਦਿਆਂ ਦੀ ਪ੍ਰਾਪਤੀ ਲਈ ਪਾਰਟੀ ਵਾਸਤੇ ਕੰਮ ਕਰਦੇ ਹਨ। ਮੁੱਖ ਮੰਤਰੀ ਤੋਂ ਇਲਾਵਾ ਕੋਈ ਹੋਰ ਨੇਤਾ ਪ੍ਰਧਾਨ ਬਣਾਉਣ ਦਾ ਫਾਰਮੂਲਾ ਪਹਿਲਾਂ ਵੀ ਪੰਜਾਬ ਵਿਚ ਸਫਲ ਨਹੀਂ ਰਿਹਾ। ਕੈਪਟਨ ਅਮਰਿੰਦਰ ਸਿੰਘ ਦੇ 2002-2007 ਦੇ ਸਮੇਂ ਵਿਚ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਬਣਾਇਆ ਸੀ, ਜਿਸਦੇ ਨਤੀਜੇ ਸਾਰਥਿਕ ਨਹੀਂ ਰਹੇ। ਦੋਹਾਂ ਵਿਚ ਟਕਰਾਓ ਹੁੰਦਾ ਰਿਹਾ। ਸੁਨੀਲ ਕੁਮਾਰ ਜਾਖੜ ਅਤੇ ਕੈਪਟਨ ਅਮਰਿੰਦਰ ਸਿੰਘ ਤਾਂ ਹਮਖਿਆਲੀਏ ਹਨ ਪ੍ਰੰਤੂ ਫਿਰ ਵੀ ਕਈ ਮਸਲਿਆਂ ਉਪਰ ਵਖਰੇਵਾਂ ਹੋ ਸਕਦਾ ਹੈ। ਸ਼ਾਇਦ ਇਸੇ ਕਰਕੇ ਅਜੇ ਤੱਕ ਅਹੁਦੇਦਾਰਾਂ ਦੀ ਸੂਚੀ ਜਾਰੀ ਨਹੀਂ ਹੋਈ। ਸ੍ਰ.ਬੇਅੰਤ ਸਿੰਘ ਕੋਲ ਵੀ ਦੋਵੇਂ ਅਹੁਦੇ ਮੁੱਖ ਮੰਤਰੀ ਕਾਂਗਰਸ ਪ੍ਰਧਾਨ ਸਨ। ਇਸ ਤੋਂ ਇਲਾਵਾ ਉਹ ਕਾਂਗਰਸ ਵਰਕਿੰਗ ਅਤੇ ਅਨੁਸ਼ਾਸਨੀ ਕਮੇਟੀ ਦੇ ਵੀ ਮੈਂਬਰ ਸਨ। ਇਸ ਕਰਕੇ ਉਹ ਆਪਣੇ ਕਾਰਜਕਾਲ ਵਿਚ ਬਹੁਤ ਸਫਲ ਰਹੇ। ਕਾਰਜਕਾਰੀ ਪ੍ਰਧਾਨ ਬਣਾਕੇ ਕੰਮ ਚਲਾਉਂਦੇ ਰਹੇ। ਹੁਣ ਵੀ ਉਹੀ ਫਾਰਮੂਲਾ ਠੀਕ ਰਹਿਣਾ ਸੀ। ਕਾਂਗਰਸ ਪਾਰਟੀ ਨਵੇਂ-ਨਵੇਂ ਤਜਰਬੇ ਕਰਕੇ ਸਮਾਂ ਅਤੇ ਐਨਰਜੀ ਖ਼ਤਮ ਕਰਦੀ ਰਹਿੰਦੀ ਹੈ। ਜੇਕਰ ਰਾਜ ਦੀ ਸਿਆਸੀ ਸ਼ਕਤੀ ਇਕ ਵਿਅਕਤੀ ਕੋਲ ਹੋਵੇਗੀ ਤਾਂ ਪਾਰਟੀ ਉਪਰ ਪਕੜ ਮਜ਼ਬੂਤ ਰਹੇਗੀ। ਸੁਨੀਲ ਕੁਮਾਰ ਜਾਖੜ ਨੂੰ ਚਾਹੀਦਾ ਤਾਂ ਇਹ ਸੀ ਕਿ ਪ੍ਰਧਾਨ ਬਣਦਿਆਂ ਹੀ ਸਮੁਚੇ ਪੰਜਾਬ ਵਿਚ ਵਰਕਰਾਂ ਨੂੰ ਲਾਮਬੰਦ ਕਰਨ ਲਈ ਯੋਜਨਾਬੱਧ ਢੰਗ ਨਾਲ ਮੀਟਿੰਗਾਂ ਜਾਂ ਕਾਨਫਰੰਸਾਂ ਸਰਕਾਰ ਦੇ ਸਹਿਯੋਗ ਨਾਲ ਆਯੋਜਤ ਕਰਦਾ ਪ੍ਰੰਤੂ ਉਸਦਾ ਅਜਿਹਾ ਵਤੀਰਾ ਪਾਰਟੀ ਦੇ ਕਾਰਕੁਨਾ ਵਿਚ ਖਟਕ ਰਿਹਾ ਹੈ। ਕਾਂਗਰਸ ਪਾਰਟੀ ਵਿਚ ਹੁਣ ਥੋੜ੍ਹੀ ਹਲਚਲ ਹੋਣੀ ਸ਼ੁਰੂ ਹੋਈ ਹੈ। ਕਾਂਗਰਸ ਪਾਰਟੀ ਦੀ ਸਰਕਾਰ ਹੁੰਦਿਆਂ ਸੁੰਦਿਆਂ ਪਾਰਟੀ ਦੇ ਵਰਕਰ ਨਿਰਾਸ਼ ਘਰਾਂ ਵਿਚ ਬੈਠੇ ਹਨ। ਅਕਾਲੀ ਸਰਕਾਰ ਸਮੇਂ ਵਰਕਰਾਂ ਉਪਰ ਤਸ਼ੱਦਦ ਹੋਏ, ਝੂਠੇ ਕੇਸ ਦਰਜ ਹੋਏ, ਜੇਲ੍ਹਾਂ ਵਿਚ ਗਏ, ਕੁੱਟਾਂ ਖਾਧੀਆਂ, ਉਦੋਂ ਅਤੇ ਹੁਣ ਵੀ ਉਹ ਨਿਰਾਸਤਾ ਦੇ ਆਲਮ ਵਿਚ ਹਨ। ਸੁਨੀਲ ਕੁਮਾਰ ਜਾਖੜ ਦੇ ਕੈਪਟਨ ਅਮਰਿੰਦਰ ਸਿੰਘ ਨਾਲ ਵੀ  ਸੰਬਧ ਚੰਗੇ ਹਨ। ਇਨ੍ਹਾਂ ਸਾਜਗਾਰ ਸੰਬੰਧਾਂ ਦਾ ਲਾਭ ਉਠਾਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਸ੍ਰ.ਬੇਅੰਤ ਸਿੰਘ ਦੀ ਤਰ੍ਹਾਂ ਮਾਸ ਕੰਟੈਕਟ ਕੰਪੇਨ ਵਰਗੇ ਪ੍ਰੋਗਰਾਮ ਸ਼ੁਰੂ ਕੀਤੇ ਜਾਣ। ਪੰਜਾਬ ਪ੍ਰਦੇਸ਼ ਕਾਂਗਰਸ ਦਾ ਚੁਪ ਰਹਿਣਾ ਪਾਰਟੀ ਲਈ ਘਾਤਕ ਸਿੱਧ ਹੋ ਸਕਦਾ ਹੈ ਕਿਉਂਕਿ ਲੋਕ ਸਭਾ ਦੀ ਚੋਣ ਮਈ 2019 ਵਿਚ ਹੋਣੀ ਨਿਸਚਤ ਹੈ। ਹੈਰਾਨੀ ਦੀ ਗੱਲ ਹੈ ਕਿ ਜਦੋਂ 2002 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਸੀ ਤਾਂ ਅਕਾਲੀ ਦਲ ਇਕ ਸਾਲ ਸਦਮੇ ਵਿਚੋਂ ਬਾਹਰ ਨਿਕਲਕੇ ਕੋਈ ਕਾਨਫਰੰਸਾਂ, ਮੁਜਾਹਰੇ ਅਤੇ ਧਰਨੇ ਦੇਣ ਦੇ ਸਮਰੱਥ ਹੀ ਨਹੀਂ ਹੋਇਆ ਸੀ। ਪ੍ਰੰਤੂ ਹੁਣ ਤਾਂ ਅਕਾਲੀ ਦਲ 6 ਮਹੀਨੇ ਬਾਅਦ ਹੀ ਜਿਲ੍ਹਾ ਪੱਧਰ ਤੇ ਕਾਨਫਰੰਸਾਂ ਕਰਕੇ ਕਾਂਗਰਸ ਪਾਰਟੀ ਦੇ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਯਾਦ ਕਰਾ ਰਿਹਾ ਹੈ। ਅਕਾਲੀ ਦਲ ਹਮਲਾਵਰ ਹੋ ਕੇ ਸਰਕਾਰ ਵਿਰੁਧ ਪ੍ਰਚਾਰ ਕਰ ਰਿਹਾ ਹੈ ਪ੍ਰੰਤੂ ਕਾਂਗਰਸ ਪਾਰਟੀ ਬਚਾਓ ਕਰਨ ਵਿਚ ਰੁੱਝੀ ਹੋਈ ਹੈ। ਹੋਣਾ ਇਸਦੇ ਉਲਟ ਚਾਹੀਦਾ ਸੀ, ਕਾਂਗਰਸ ਹਮਲਾਵਰ ਅਤੇ ਅਕਾਲੀ ਦਲ ਬਚਾਓ ਵਿਚ ਲੱਗਿਆ ਰਹਿੰਦਾ। ਨਸ਼ਾ ਭਾਵੇਂ ਕੋਈ ਵੀ ਹੋਵੇ ਮਾੜਾ ਹੀ ਹੁੰਦਾ ਹੈ। ਤਾਕਤ ਦਾ ਨਸ਼ਾ ਤਾਂ ਪਾਰਟੀ ਦਾ ਭਵਿਖ ਧੁੰਧਲਾ ਕਰ ਦੇਵੇਗਾ। ਕਾਂਗਰਸ ਪਾਰਟੀ ਨੂੰ ਸਰਕਾਰ ਦੇ ਸਹਿਯੋਗ ਨਾਲ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਲੋਕਾਂ ਨੂੰ ਜਾਣੂੰ ਕਰਵਾਉਣ ਲਈ ਪਿੰਡ, ਬਲਾਕ ਅਤੇ ਜਿਲ੍ਹਾ ਪੱਧਰ ਤੇ ਜਲਸੇ ਕਰਨੇ ਚਾਹੀਦੇ ਸਨ। ਕਾਂਗਰਸ ਪਾਰਟੀ ਦੇ ਪਰਤਾਪ ਸਿੰਘ ਬਾਜਵਾ ਦੇ ਮੌਕੇ 257 ਅਹੁਦੇਦਾਰ ਸਨ। ਕੈਪਟਨ ਅਮਰਿੰਦਰ ਸਿੰਘ ਦੇ ਮੌਕੇ ਉਨ੍ਹਾਂ ਦੀ ਗਿਣਤੀ ਵੱਧਕੇ 300 ਦੇ ਲਗਪਗ ਹੋ ਗਈ ਸੀ ਕਿਉਂਕਿ ਕੈਪਟਨ ਨੇ ਬਾਜਵਾ ਵਾਲੇ ਅਹੁਦੇਦਾਰ ਬਦਲੇ ਨਹੀਂ ਸਨ। ਆਪਣੇ ਚਹੇਤੇ ਸ਼ਾਮਲ ਕਰ ਲਏ ਸਨ। ਉਹੀ 300 ਅਹੁਦੇਦਾਰ ਚੁੱਪ-ਚਾਪ ਬੈਠੇ ਹਨ। ਜੇਕਰ ਸੁਨੀਲ ਕੁਮਾਰ ਜਾਖੜ ਨਵੇਂ ਅਹੁਦੇਦਾਰ ਨਹੀਂ ਬਣਾ ਸਕਦਾ ਤਾਂ ਘੱਟੋ ਘੱਟ ਪੁਰਾਣਿਆਂ ਨੂੰ ਹੀ ਸਰਗਰਮ ਕਰ ਦੇਵੇ। ਇਸ ਸਮੇਂ ਪੰਜਾਬ ਪ੍ਰਦੇਸ਼ ਕਾਂਗਰਸ ਦਾ ਇਕ ਸੀਨੀਅਰ ਵਾਈਸ ਪ੍ਰੈਜੀਡੈਂਟ 26 ਉਪ ਪ੍ਰਧਾਨ, 96 ਜਨਰਲ ਸਕੱਤਰ, 68 ਕਾਰਜਕਾਰਨੀ ਮੈਂਬਰ, 35 ਆਮੰਤ੍ਰਿਤ ਅਤੇ ਵਿਸ਼ੇਸ਼ ਆਮੰਤ੍ਰਿਤ ਮੈਂਬਰ ਅਤੇ ਸਪੋਕਸਪਰਸਨ ਹਨ। ਇਸ ਤੋਂ ਇਲਾਵਾ ਐਨ.ਐਸ.ਯੂ.ਇੰਟਕ, ਲੇਬਰ, ਸਪੋਰਟਸ, ਕੋਆਪ੍ਰੇਟਿਵ, ਹਿਊਮਨ ਰਾਈਟਸ, ਆਰ.ਟੀ.ਆਈ ਅਤੇ ਕਿਸਾਨ ਵਿੰਗ ਦੇ 50-50 ਮੈਂਬਰ ਹਨ ਜੋ ਲਗਪਗ 400 ਬਣ ਜਾਂਦੇ ਹਨ। ਯੂਥ ਕਾਂਗਰਸ ਦੀ ਚੁਣੀ ਹੋਈ ਫ਼ੌਜ ਦਮਗਜੇ ਮਾਰਦੀ ਫਿਰਦੀ ਹੈ। ਹੈਰਾਨੀ ਦੀ ਗੱਲ ਹੈ ਕਿ ਕੁਲ ਮਿਲਾਕੇ 1000 ਅਹੁਦੇਦਾਰ ਬਣ ਗਏ ਹਨ। ਅਹੁਦੇਦਾਰਾਂ ਦੀ ਇਤਨੀ ਵੱਡੀ ਫ਼ੌਜ ਪਾਰਟੀ ਲਈ ਕੋਈ ਕੰਮ ਕਿਉਂ ਨਹੀਂ ਕਰ ਰਹੀ। ਪਹਿਲਾਂ ਪ੍ਰਦੇਸ਼ ਕਾਂਗਰਸ ਦੇ ਅਹੁਦੇਦਾਰਾਂ ਦੀ ਫੌਜ ਨਹੀਂ ਹੁੰਦੀ ਸੀ, ਸਿਰਫ 21 ਮੈਂਬਰ ਹੁੰਦੇ ਸਨ। ਕਾਂਗਰਸ ਦੇ ਸੰਵਿਧਾਨ ਵਿਚ ਵੀ ਇਕ ਪ੍ਰਧਾਨ, ਇਕ ਸੀਨੀਅਰ ਉਪ ਪ੍ਰਧਾਨ, ਇਕ ਜਨਰਲ ਸਕੱਤਰ ਅਤੇ ਇਕ ਖ਼ਜਾਨਚੀ ਦਾ ਅਹੁਦਾ ਅਤੇ ਬਾਕੀ ਕਾਰਜਕਾਰਨੀ ਦੇ ਮੈਂਬਰ ਹੁੰਦੇ ਹਨ। ਹੁਣ ਤਾਂ ਸਕੱਤਰ, ਸੰਯੁਕਤ ਸਕੱਤਰ, ਪ੍ਰਬੰਧਕੀ ਸਕੱਤਰ, ਸਪੈਸ਼ਲ ਇਨਵਾਇਟੀ ਅਤੇ ਪਰਮਾਨੈਂਟ ਇਨਵਾਇਟੀ ਵੀ ਬਣਾਏ ਜਾਂਦੇ ਹਨ ਪ੍ਰੰਤੂ ਫਿਰ ਵੀ ਪਾਰਟੀ ਦਾ ਗਰਾਫ ਨੀਚੇ ਨੂੰ ਹੀ ਜਾ ਰਿਹਾ ਹੈ। ਸ੍ਰੀਮਤੀ ਸੋਨੀਆਂ ਗਾਂਧੀ ਨੇ ਅਹੁਦੇਦਾਰੀਆਂ ਦੇਣ ਵਿਚ ਖੁਲ੍ਹਦਿਲੀ ਵਿਖਾਉਂਦਿਆਂ ਕੋਈ ਗਿਣਤੀ ਨਿਸਚਤ ਨਹੀਂ ਕੀਤੀ। ਨੇਤਵਾਂ ਅਤੇ ਵਰਕਰਾਂ ਦੇ ਕਿਰਦਾਰ ਵਿਚ ਉਹ ਪੁਰਾਣਾ ਜੋਸ਼ ਨਹੀਂ ਰਿਹਾ। ਇੱਕ ਸਮੇਂ 1109 ਪ੍ਰਦੇਸ਼ ਕਾਂਗਰਸ ਦੇ ਸਕੱਤਰ ਸਨ। ਇਸ ਸਮੇਂ ਵੀ ਸਕੱਤਰਾਂ ਦੀ ਗਿਣਤੀ 300 ਦੇ ਕਰੀਬ ਹੈ। ਅਹੁਦੇਦਾਰ ਆਪਣੇ ਅਹੁਦਿਆਂ ਦੇ ਪਛਾਣ ਪੱਤਰ ਬਣਾਕੇ ਅਧਿਕਾਰੀਆਂ ਉਪਰ ਰੋਹਬ ਪਾਉਂਦੇ ਰਹਿੰਦੇ ਹਨ। ਪਾਰਟੀ ਲਈ ਕੰਮ ਕਰਨ ਦੀ ਥਾਂ ਚਮਚਾਗਿਰੀ ਹੋ ਰਹੀ ਹੈ। ਅਹੁਦੇ ਦੇਣ ਸਮੇਂ ਵਿਅਕਤੀ ਦੀ ਸਮਰੱਥਾ ਨਹੀਂ ਵੇਖੀ ਜਾਂਦੀ, ਨੇਤਾਵਾਂ ਨਾਲ ਨੇੜਤਾ ਵੇਖੀ ਜਾਂਦੀ ਹੈ। ਪਰਿਵਾਰਵਾਦ ਵੀ ਭਾਰੂ ਹੋ ਰਿਹਾ ਹੈ। ਕਾਂਗਰਸੀ ਨੇਤਾ ਆਪਣੇ ਪਰਿਵਾਰਾਂ ਦੇ ਮੈਂਬਰਾਂ ਨੂੰ ਹੀ ਅੱਗੇ ਰੱਖਦੇ ਹਨ, ਜਿਸ ਕਰਕੇ ਵਰਕਰਾਂ ਵਿਚ ਨਿਰਾਸ਼ਾ ਪੈਦਾ ਹੋ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਬਣਿਆਂ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ, ਉਹੀ ਪੁਰਾਣੇ ਅਕਾਲੀ ਦਲ ਦੇ ਨੇਤਾ ਸਰਕਾਰੀ ਅਹੁਦਿਆਂ ਉਪਰ ਕਬਜਾ ਕਰੀ ਬੈਠੇ ਹਨ। ਸਿਰਫ ਪੰਜਾਬ ਸੁਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਵਿਚੋਂ ਪੁਰਾਣੇ ਅਹੁਦੇਦਾਰ ਹਟਾਏ ਹਨ। ਬਾਕੀ ਵਿਭਾਗਾਂ ਵਿਚ ਅਜੇ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਰਾਜ ਭਾਗ ਦਾ ਅਨੰਦ ਮਾਣ ਰਹੇ ਹਨ। ਇਸ ਕਰਕੇ ਕਾਂਗਰਸੀ ਨੇਤਾ ਅਤੇ ਵਰਕਰ ਨਿਰਾਸਤਾ ਦੇ ਆਲਮ ਵਿਚ ਹਨ। ਕਾਂਗਰਸ ਪਾਰਟੀ ਦੀ ਬਦਕਿਸਮਤੀ ਇਹ ਹੈ ਕਿ ਇਸ ਵਿਚ ਕੋਈ ਵਿਅਕਤੀ ਵਰਕਰ ਬਣਕੇ ਕੰਮ ਕਰਨ ਲਈ ਤਿਆਰ ਨਹੀਂ। ਸਾਰੇ ਨੇਤਾ ਹੀ ਬਣਨਾ ਪਸੰਦ ਕਰਦੇ ਹਨ। ਰੰਗ ਬਿਰੰਗੀਆਂ ਪਗੜੀਆਂ, ਜੈਕਟਾਂ, ਕਾਲੀਆਂ ਗੌਗਲਜ਼-ਸੁਰੱਖਿਆ ਕਰਮਚਾਰੀਆਂ ਸਮੇਤ ਅਤੇ ਏਅਰਕੰਡੀਸ਼ਨਡ ਵੱਡੀਆਂ ਕਾਰਾਂ ਨਾਲ ਹੀ ਰੋਹਬ ਬਣਾਈ ਫਿਰਦੇ ਹਨ। ਸ਼ਾਰਟ ਕੱਟ ਮਾਰਨ ਨੂੰ ਪਹਿਲ ਦਿੰਦੇ ਹਨ। ਸਮਾਗਮਾਂ ਲਈ ਦਰੀਆਂ ਵਿਛਾਉਣ ਅਤੇ ਫੀਲਡ ਵਿਚ ਗਰਦ ਫੱਕਣ ਨੂੰ ਕੋਈ ਤਿਆਰ ਹੀ ਨਹੀਂ। ਕਾਂਗਰਸ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਦੀਆਂ ਅਜਿਹੀਆਂ ਹਰਕਤਾਂ ਪਾਰਟੀ ਲਈ ਘਾਤਕ ਸਾਬਤ ਹੋ ਸਕਦੀਆਂ ਹਨ। ਤੇਲ ਵੇਖੋ ਅਤੇ ਤੇਲ ਦੀ ਧਾਰ ਵੇਖੋ, ਕੀ ਨਤੀਜੇ ਨਿਕਲਦੇ ਹਨ। ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਜੇਕਰ ਕਾਰਜਸੈਲੀ ਵਿਚ ਤਬਦੀਲੀ ਕੀਤੀ ਜਾਵੇ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਵਿਚ ਇਕ ਸਾਲ ਤੋਂ ਵੀ ਘੱਟ ਦਾ ਸਮਾਂ ਬਾਕੀ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

6 June  2018