ਗੋਰੀ ਦੇ ਹੱਥ ਵਿਚ ਫੜਿਆ ਸੂਹਾ ਗੁਲਾਬ : ਗੁਰਦੇਵ ਸਿੰਘ ਰੁਪਾਣਾ - ਗੁਰਬਚਨ ਸਿੰਘ ਭੁੱਲਰ

ਗੁਰਦੇਵ ਸਿੰਘ ਰੁਪਾਣਾ ਪੰਜਾਬੀ ਗਲਪ ਦਾ ਆਦਰ ਨਾਲ ਲਿਆ ਜਾਂਦਾ ਨਾਂ ਹੈ। ਉਹਨੇ ਜੋ ਕੁਝ ਵੀ ਲਿਖਿਆ, ਕਲਮੀ ਜ਼ਿੰਮੇਦਾਰੀ ਸਮਝਦਿਆਂ ਲਿਖਿਆ ਤੇ ਪਾਠਕਾਂ ਨੇ ਦਿਲੋਂ ਪਰਵਾਨਿਆ। ਸਾਹਿਤ ਅਕਾਦਮੀ ਪੁਰਸਕਾਰ ਉਹਦਾ ਚਿਰ-ਪੁਰਾਣਾ ਹੱਕ ਸੀ ਜੋ ਆਖ਼ਰ ਮਿਲ ਗਿਆ। ‘ਦਰੁਸਤ’ ਕੁਝ ਜ਼ਿਆਦਾ ਹੀ ਦੇਰ ਕਰ ਕੇ ‘ਆਇਦ’ ਹੋਇਆ, ਪਰ ਆਪਾਂ ਗੱਲ ਪੰਜਾਬੀ ਅਖਾਣ ਦੀ ਹੀ ਕਰੀਏ- ਅੰਤ ਭਲਾ ਸੋ ਭਲਾ!
        ਗੁਰਦੇਵ ਨੇ ਕਹਾਣੀ ਅਗੇਤੀ ਹੀ ਲਿਖਣੀ ਸ਼ੁਰੂ ਕਰ ਦਿੱਤੀ ਸੀ। ਦਸਵੀਂ ਦਾ ਇਮਤਿਹਾਨ ਦੇ ਕੇ ਵਿਹਲਾ ਇਹ ਇਕ ਦਿਨ ਸਾਈਕਲ ’ਤੇ ਮੁਕਤਸਰ ਨੂੰ ਜਾ ਰਿਹਾ ਸੀ। ਅੱਗੇ-ਅੱਗੇ ਇਕ ਸਾਈਕਲ-ਸਵਾਰ ਦੂਜੇ ਨੂੰ ਕੋਈ ਸੱਚੀ ਘਟਨਾ ਸੁਣਾ ਰਿਹਾ ਸੀ। ਹਟ-ਹਟ ਕੇ, ਕਾਫ਼ੀ ਜ਼ੋਰ ਲਾ ਕੇ, ਇਹਨੇ ਉਸ ਘਟਨਾ ਨੂੰ ਕਹਾਣੀ ‘ਦਰੋਪਦੀ’ ਦਾ ਰੂਪ ਦਿੱਤਾ ਅਤੇ ‘ਗੁਰਦੇਵ ਸਿੰਘ’ ਦੇ ਨਾਂ ਹੇਠ ‘ਪੰਜ ਦਰਿਆ’ ਨੂੰ ਭੇਜ ਦਿੱਤੀ। ਜਦੋਂ ਕਹਾਣੀ ਛਪੀ, ਇਹ ਕਾਲਜ ਦੇ ਪਹਿਲੇ ਸਾਲ ਵਿਚ ਜਾ ਚੁੱਕਿਆ ਸੀ। ਇਸ ਕਹਾਣੀ ਨੇ ਕਾਲਜ ਵਿਚ ਇਹਦੀ ਧਾਂਕ ਜਮਾ ਦਿੱਤੀ। ਪੰਜਾਬੀ ਦੇ ਪ੍ਰੋਫ਼ੈਸਰ ਨੇ ਇਹਨੂੰ ਝੱਟ ਕਾਲਜ ਮੈਗ਼ਜ਼ੀਨ ਦਾ ਸੰਪਾਦਕ ਬਣਾ ਦਿੱਤਾ। ਵੱਡੀਆਂ ਜਮਾਤਾਂ ਦੇ ਵਿਦਿਆਰਥੀ ਝਗੜਾ ਪ੍ਰਿੰਸੀਪਲ ਕੋਲ ਲੈ ਗਏ। ਪ੍ਰੋਫ਼ੈਸਰ ਨੇ ‘ਪੰਜ ਦਰਿਆ’ ਦਾ ਅੰਕ ਮੇਜ਼ ਉੱਤੇ ਰਖਦਿਆਂ ਕਿਹਾ, ‘‘ਸਰ, ਮੈਨੂੰ ‘ਪੰਜ ਦਰਿਆ’ ਨੂੰ ਲਿਖਤਾਂ ਭੇਜਦੇ ਨੂੰ ਕਈ ਸਾਲ ਹੋ ਗਏ, ਅਜੇ ਤੱਕ ਮੈਂ ਛਪ ਨਹੀਂ ਸਕਿਆ। ਇਸ ਮੁੰਡੇ ਦੀ ਕਹਾਣੀ ਛਪੀ ਦੇਖੋ।’’ ਪ੍ਰਿੰਸੀਪਲ ਨੇ ਫ਼ੈਸਲਾ ਇਹਦੇ ਹੱਕ ਵਿਚ ਦੇ ਦਿੱਤਾ।
         ਸਾਹਿਤਕ ਨਾਂ ਵਜੋਂ ‘ਗੁਰਦੇਵ ਸਿੰਘ’ ਇਹਨੂੰ ਅਧੂਰਾ ਜਿਹਾ ਲਗਿਆ। ਕਿਹੜਾ ਗੁਰਦੇਵ ਸਿੰਘ? ਇਹਦੀ ਜਮਾਤ ਵਿਚ ਹੀ ਸੱਤ ਗੁਰਦੇਵ ਸਿੰਘ ਸੀ। ਇਹਨੇ ਸੋਚਿਆ, ਨਾਂ ਨਾਲ ਅਜਿਹਾ ਕੁਝ ਜੋੜੇ ਕਿ ਹੋਰ ਕਿਸੇ ਲੇਖਕ ਦਾ ਨਾਂ ਇਹਦੇ ਨਾਂ ਨਾਲ ਮੇਲ ਨਾ ਖਾਵੇ। ਇਉਂ ਪਿੰਡ ਦਾ ਨਾਂ ਰੁਪਾਣਾ ਇਹਦੇ ਨਾਂ ਦਾ ਹਿੱਸਾ ਬਣ ਗਿਆ। ਇਹ ਨਾਂ ਪਹਿਲੀ ਵਾਰ ਕਹਾਣੀ ‘ਇਕ ਟੋਟਾ ਔਰਤ’ ਨਾਲ ‘ਨਾਗਮਣੀ’ ਵਿਚ ਛਪਿਆ।
         ਇਹਨੇ ਪਹਿਲਾ ਨਾਵਲ ‘ਆਸੋ ਦਾ ਟੱਬਰ’ ਵੀ, ਜੋ ਛਪਿਆ ਬਹੁਤ ਮਗਰੋਂ, ਬੀ.ਏ. ਵਿਚ ਪੜ੍ਹਦਿਆਂ ਹੀ ਲਿਖ ਲਿਆ ਸੀ। ਸਟੂਡੈਂਟਸ ਫ਼ੈਡਰੇਸ਼ਨ ਕਰਕੇ ਨਵਤੇਜ ਇਹਨੂੰ ਜਾਣਦਾ ਸੀ। ਇਹ ਇਕ ਦੋਸਤ ਨੂੰ ਨਾਲ ਲੈ ਕੇ ਪ੍ਰੀਤਨਗਰ ਪਹੁੰਚ ਗਿਆ। ਨਵਤੇਜ ਘਰ ਨਹੀਂ ਸੀ, ਇਹ ਨਾਨਕ ਸਿੰਘ ਨੂੰ ਮਿਲਣ ਚਲੇ ਗਏ। ਜਦੋਂ ਇਹਨੇ ਦੱਸਿਆ ਕਿ ਮੈਂ ਨਵਤੇਜ ਨੂੰ ਨਾਵਲ ਦਾ ਖਰੜਾ ਪੜ੍ਹਨ ਲਈ ਦੇਣ ਆਇਆ ਸੀ, ਉਹਨਾਂ ਨੂੰ ਤਾਂ ਬੱਸ ਚਾਅ ਹੀ ਚੜ੍ਹ ਗਿਆ। ਕਹਿੰਦੇ, ‘‘ਤੂੰ ਨਾਵਲ ਲਿਖਿਐ ? ਪਹਿਲਾਂ ਮੈਂ ਪੜ੍ਹਾਂਗਾ। ਪੜ੍ਹ ਕੇ ਨਵਤੇਜ ਨੂੰ ਦੇ ਦੇਵਾਂਗਾ।’’ ਕੁਝ ਸਮੇਂ ਮਗਰੋਂ ਉਹਨਾਂ ਦੀ ਚਿੱਠੀ ਆਈ। ਨਾਵਲ ਦੀ ਪ੍ਰਸੰਸਾ ਕਰ ਕੇ ਕੁਝ ਸੁਝਾਅ ਵੀ ਦਿੱਤੇ ਹੋਏ ਸਨ ਅਤੇ ਨਾਵਲ ਨਵਤੇਜ ਨੂੰ ਦੇਣ ਦੀ ਸੂਚਨਾ ਵੀ।
       ਪਿੰਡ ਤੋਂ ਇਹਦਾ ਦਿੱਲੀ ਪਹੁੰਚਣਾ ਇਕ ਅਣਵਿਉਂਤਿਆ ਸਬੱਬ ਸੀ। 1936 ਦੇ ਵਿਸਾਖੀ ਵਾਲੇ ਦਿਨ ਮੁਕਤਸਰ ਨੇੜਲੇ ਪਿੰਡ ਰੁਪਾਣਾ ਵਿਚ ਜਨਮੇ ਗੁਰਦੇਵ ਨੇ ਪ੍ਰਾਇਮਰੀ ਪਿੰਡ ਦੇ ਸਕੂਲ ਤੋਂ, ਮੈਟਰਿਕ ਖਾਲਸਾ ਹਾਈ ਸਕੂਲ ਮੁਕਸਤਰ ਤੋਂ ਅਤੇ ਬੀ.ਏ. ਗੌਰਮਿੰਟ ਕਾਲਜ ਮੁਕਤਸਰ ਤੋਂ ਪਾਸ ਕੀਤੀ। ਇਕ ਵਾਰ ਇਹ ਪਿੰਡ ਦੇ ਕਾਮਰੇਡਾਂ ਨਾਲ ਇਕ ਰੈਲੀ ਵਿਚ ਦਿੱਲੀ ਆਇਆ ਤੇ ਉਹਨਾਂ ਨਾਲੋਂ ਨਿੱਖੜ ਕੇ ਆਪਣੇ ਇਕ ਮਿੱਤਰ ਨੂੰ ਮਿਲਣ ਚਲਿਆ ਗਿਆ ਜੋ ਦਿੱਲੀ ਆ ਕੇ ਪੰਜਾਬੀ ਅਧਿਆਪਕ ਲਗਿਆ ਹੋਇਆ ਸੀ। ਉਹ ਬੋਲਿਆ, ਤੂੰ ਇਥੇ ਕਿਉਂ ਨਹੀਂ ਆ ਜਾਂਦਾ। ਦੋਵੇਂ ਵਿਦਿਆ ਵਿਭਾਗ ਦੇ ਇਕ ਅਧਿਕਾਰੀ ਕੋਲ ਚਲੇ ਗਏ। ਨੌਕਰੀ ਲਈ ਅਜੇ ਭਲੇ ਵੇਲੇ ਸਨ। ਉਹ ਕਹਿੰਦਾ, ਸਾਨੂੰ ਤਾਂ ਪੰਜਾਬੀ ਅਧਿਆਪਕਾਂ ਦੀ ਬਹੁਤ ਲੋੜ ਹੈ, ਸਰਟੀਫ਼ੀਕੇਟ ਦਿਓ ਤੇ ਨਿਯੁਕਤੀ-ਪੱਤਰ ਲਓ। ਇਹ ਪਿੰਡੋਂ ਕਾਗ਼ਜ਼-ਪੱਤਰ ਚੁੱਕ ਲਿਆਇਆ। ਇਹਨੇ ਐਮ.ਏ. ਤੇ ਪੀ-ਐਚ.ਡੀ. ਦਿੱਲੀ ਯੂਨੀਵਰਸਿਟੀ ਤੋਂ ਕੀਤੀਆਂ ਅਤੇ ਦਿੱਲੀ ਨੌਕਰੀ ਕਰਦਿਆਂ ਹੀ ਕਹਾਣੀਕਾਰ ਵਜੋਂ ਨਾਂ ਕਮਾਇਆ। ਇਹਨੇ ਗਲਪ ਤੋਂ ਬਿਨਾਂ ਕਦੀ ਕੁਝ ਨਹੀਂ ਲਿਖਿਆ।
ਗੁਰਦੇਵ ਦਾ ਸਕੂਲ ਦੁਪਹਿਰੇ ਲਗਦਾ ਸੀ। ਜਾਗਣ ਦੀ ਖੁੱਲ੍ਹ ਹੋਣ ਕਰਕੇ ਇਹਨੂੰ ਕੁੱਕੜ ਦੀ ਬਾਂਗ ਤੱਕ ਪੜ੍ਹਦਾ-ਲਿਖਦਾ ਰਹਿਣ ਦੀ ਆਦਤ ਪੈ ਗਈ। ਇਹਦਾ ਕਹਿਣਾ ਸੀ ਕਿ ਟਿਕੀ ਰਾਤ ਵਿਚ, ਜਦੋਂ ਸਾਰੀ ਕਾਇਨਾਤ ਸੁੱਤੀ ਪਈ ਹੁੰਦੀ ਹੈ, ਪੜ੍ਹਨ-ਲਿਖਣ ਵਿਚ ਬਹੁਤ ਇਕਾਗਰਤਾ ਬਣਦੀ ਹੈ। ਜੇ ਇਹ ਕਹਾਣੀ ਰਾਤ ਨੂੰ ਸ਼ੁਰੂ ਕਰਦਾ, ਇਕੋ ਬੈਠਕ ਵਿਚ ਮੁਕਾ ਲੈਂਦਾ, ਪਰ ਦਿਨ ਨੂੰ ਸ਼ੁਰੂ ਕੀਤੀ ਕਹਾਣੀ ਵਿਚੇ ਛੱਡ ਕੇ ਫੇਰ ਲਿਖਣ ਨਾਲ ਇਹਨੂੰ ਕੋਈ ਫ਼ਰਕ ਨਹੀਂ ਸੀ ਪੈਂਦਾ। ਇਹ ਕਹਿੰਦਾ ਸੀ, ‘‘ਜਦੋਂ ਮੈਂ ਲਿਖਣ ਲਗਦਾ ਹਾਂ, ਕਹਾਣੀ ਪੂਰੀ ਮੇਰੇ ਸਾਹਮਣੇ ਹੁੰਦੀ ਹੈ। ਖ਼ਾਸ ਕਰ ਕੇ ਅੰਤ ਬਾਰੇ ਮੈਂ ਬਿਲਕੁਲ ਸਪੱਸ਼ਟ ਹੁੰਦਾ ਹਾਂ ਕਿਉਂਕਿ, ਮੈਂ ਸਮਝਦਾ ਹਾਂ, ਕਹਾਣੀ ਦਾ ਅੰਤ ਹੀ ਸਾਰੀ ਗੱਲ ਮਿਥਦਾ ਹੈ।’’
       ਉਹਨਾਂ ਰਾਤਾਂ ਵਿਚ ਇਹਨੇ ਆਪ ਲਿਖਣ ਤੇ ਰਚਨਾਤਮਿਕ ਸਾਹਿਤ ਪੜ੍ਹਨ ਤੋਂ ਇਲਾਵਾ ਹੋਰ ਬਹੁਤ ਕੁਝ ਪੜ੍ਹਿਆ, ਸਾਹਿਤ-ਸਿਧਾਂਤ, ਦਰਸ਼ਨ-ਸ਼ਾਸਤਰ, ਮਨੋਵਿਗਿਆਨ, ਸਮਾਜ-ਵਿਗਿਆਨ, ਧਰਮ ਤੇ ਹੋਰ। ਇਹਦੇ ਨਾਲ ਗੱਲਾਂ ਕਰਦਿਆਂ ਬੜਾ ਆਨੰਦ ਆਉਂਦਾ। ਲਗਦਾ, ਤੁਸੀਂ ਠੀਕ ਹੀ ਕਿਸੇ ਸਿਆਣੇ ਬੰਦੇ ਨਾਲ ਗੱਲਾਂ ਕਰ ਰਹੇ ਹੋ ਤੇ ਤੁਹਾਡੀ ਝੋਲੀ ਵਿਚ ਕੁਝ ਪੈ ਰਿਹਾ ਹੈ। ਮੈਂ ਇਹਨੂੰ ਸਾਹਿਤ-ਸਭਿਆਚਾਰ ਬਾਰੇ ਲੇਖ ਲਿਖਣ ਲਈ ਆਖਦਾ ਜੋ ਲੇਖਕਾਂ, ਪਾਠਕਾਂ ਤੇ ਵੱਡੀਆਂ ਜਮਾਤਾਂ ਦੇ ਵਿਦਿਆਰਥੀਆਂ ਲਈ ਬਹੁਤ ਲਾਹੇਵੰਦੇ ਰਹਿਣੇ ਸਨ। ਇਹ ਸਹਿਮਤ ਨਾ ਹੁੰਦਾ, ‘‘ਮੈਂ ਆਪਣੀ ਸੋਚ ਦੀ ਨੋਕ ਗਲਪ ਤੋਂ ਹਟਾਉਣਾ ਨਹੀਂ ਚਾਹੁੰਦਾ। ਫੇਰ ਮਨ ਲਾਂਭੇ ਪੈ ਜਾਂਦਾ ਹੈ।’’
        ਪਚਵੰਜਾ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਮੈਂ ਦਿੱਲੀ ਪਹੁੰਚਿਆ। ਗੁਰਦੇਵ ਓਦੋਂ ਤੱਕ ਉਥੇ ਟਿਕ ਚੁਕਿਆ ਸੀ। ਪੰਜ-ਚਾਰ ਦਿਨ ਮਗਰੋਂ ਮੈਂ ਦਫ਼ਤਰੀ ਕੰਮ ਦੇ ਸੰਬੰਧ ਵਿਚ ਨਵਯੁਗ ਗਿਆ ਤਾਂ ਭਾਪਾ ਪ੍ਰੀਤਮ ਸਿੰਘ ਬੋਲੇ, ‘‘ਆਓ, ਭੁੱਲਰ ਜੀ, ਤੁਹਾਨੂੰ ਤੁਹਾਡਾ ਭਵਿੱਖੀ ਯਾਰ ਮਿਲਾਵਾਂ। ਇਕੋ ਇਲਾਕਾ, ਦੋਵੇਂ ਕਹਾਣੀਕਾਰ ।’’ ਉਹਨਾਂ ਦੀ ਭਵਿੱਖਬਾਣੀ ਸੱਚੀ ਸਿੱਧ ਹੋਈ। ਸਾਡਾ ਰਿਸ਼ਤਾ ਯਾਰੀ ਤੋਂ ਵੀ ਅੱਗੇ ਲੰਘ ਗਿਆ। ਦਿੱਲੀ ਦੇ ਲੇਖਕ ਸਾਨੂੰ ਜੌੜੇ ਭਾਈ ਆਖਦੇ। ਜੇ ਸਾਡੇ ਵਿਚੋਂ ਕਿਸੇ ਇਕ ਨੂੰ ਕੋਈ ਲੇਖਕ ਮਿੱਤਰ ਮਿਲ ਪੈਂਦਾ, ਉਹ ਉਹਦਾ ਹਾਲ-ਚਾਲ ਪੁੱਛਣ ਦੇ ਨਾਲ-ਨਾਲ ਦੂਜੇ ਦਾ ਹਾਲ-ਚਾਲ ਵੀ ਜ਼ਰੂਰ ਪੁੱਛਦਾ।
       ਦਿੱਲੀ ਵਿਚ ਉਹਨੀਂ ਦਿਨੀਂ ਦੋ ਸਾਹਤਿਕ ਬੈਠਕਾਂ ਪ੍ਰਸਿੱਧ ਸਨ। ਦੋਵਾਂ ਦਾ ਹੀ ਸਮਾਂ ਅਤੇ ਸਥਾਨ ਨਿਸਚਿਤ ਸੀ। ਨਾ ਕਾਰਡ ਛਾਪਣ ਦੀ ਲੋੜ, ਨਾ ਫ਼ੋਨ ਕਰ ਕੇ ਜਾਂ ਸੁਨੇਹੇ ਭੇਜ ਕੇ ਬੁਲਾਉਣ ਦੀ ਮਜਬੂਰੀ। ਅੰਮ੍ਰਿਤਾ ਪ੍ਰੀਤਮ ਦੇ ਘਰ ਹਰ ਮਹੀਨੇ ਦੇ ਅੰਤਲੇ ਐਤਵਾਰ ‘ਨਾਗਮਣੀ ਸ਼ਾਮ’ ਜੁੜਦੀ। ਕਨਾਟ ਪਲੇਸ ਦੇ ਨੇੜੇ ਹਰ ਐਤਵਾਰ ਪੰਜਾਬ ਸਾਹਿਤ ਸਭਾ ਦੀ ਇਕੱਤਰਤਾ ਹੁੰਦੀ। ਗਿਆਨੀ ਹਰੀ ਸਿੰਘ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਆਪਣੀ ਕੋਠੀ ਦੇ ਇਕ ਕਮਰੇ ਵਿਚੋਂ ਮੰਜੇ-ਪੀੜ੍ਹੀਆਂ ਇਧਰ-ਉਧਰ ਕਰ ਕੇ ਦਰੀ ਵਿਛਾ ਦਿੰਦੇ ਅਤੇ ਦਰਵਾਜ਼ਾ ਖੋਲ੍ਹ ਦਿੰਦੇ। ਜੋ ਆਵੇ ਸੋ ਰਾਜੀ ਜਾਵੇ। ਸਾਹਿਤਕਾਰ ਅਤੇ ਸਾਹਿਤ-ਪ੍ਰੇਮੀ ਤੰਬੂ ਵਾਲੇ ਕਾਫ਼ੀ ਹਾਉਸ ਵਿਚੋਂ ਉਠਦੇ ਅਤੇ ਉਥੇ ਜਾ ਮਹਿਫ਼ਲ ਜਮਾਉਂਦੇ। ਗੁਰਦੇਵ ਤੇ ਮੈਂ ਕਾਫ਼ੀ ਹਾਉਸ ਵੀ ਇਕੱਠੇ ਜਾਂਦੇ ਤੇ ਦੋਵਾਂ ਸਾਹਿਤਕ ਬੈਠਕਾਂ ਵਿਚ ਵੀ।
      ਸਾਡੇ ਪਹਿਲੇ ਕਹਾਣੀ-ਸੰਗ੍ਰਹਿ, ਮੇਰਾ ‘ਓਪਰਾ ਮਰਦ’ ਅਤੇ ਗੁਰਦੇਵ ਦਾ ‘ਇਕ ਟੋਟਾ ਔਰਤ’ ਨਵਯੁਗ ਤੋਂ ਨਾਲੋ-ਨਾਲ ਛਪੇ। ਦੋਵਾਂ ਪੁਸਤਕਾਂ ਦੀ ਖ਼ੂਬ ਸਲਾਹੁਤਾ ਹੋਈ। ਕਾਫ਼ੀ ਹਾਊਸ ਵਿਚ ਤਾਰਾ ਸਿੰਘ, ਜੋ ਅੱਗੇ ਚੱਲ ਕੇ ਸਾਡਾ ਗੂੜ੍ਹਾ ਮਿੱਤਰ ਬਣਿਆ, ਸਾਨੂੰ ਕਹਿਣ ਲੱਗਿਆ, ਤੁਹਾਡੀਆਂ ਦੋਵਾਂ ਦੀਆਂ ਕਿਤਾਬਾਂ ਛਪੀਆਂ ਬਹੁਤ ਖ਼ੂਬਸੂਰਤ ਨੇ। ਅਸੀਂ ਉਹਦੀ ਚਤੁਰਾਈ ਸਮਝ ਗਏ ਅਤੇ ਬੋਲੇ, ਛਪੀਆਂ ਹੀ ਖ਼ੂਬਸੂਰਤ ਨਹੀਂ, ਪੜ੍ਹ ਕੇ ਦੇਖੀਂ, ਕਹਾਣੀਆਂ ਵੀ ਬਹੁਤ ਖ਼ੂਬਸੂਰਤ ਨੇ। ਉਹ ਖਚਰੀ ਹਾਸੀ ਹੱਸਿਆ, ‘‘ਯਾਰ, ਅਸੀਂ ਤਾਂ ਕਦੀ ਦਿੱਲੀ ਵਿਚ ਨਵੇਂ ਬੰਦੇ ਦੇ ਛੇਤੀ-ਛੇਤੀ ਪੈਰ ਹੀ ਨਹੀਂ ਲੱਗਣ ਦਿੱਤੇ। ਅਗਲੇ ਤੋਂ ਟੋਲ-ਟੈਕਸ ਵਸੂਲਦੇ ਹਾਂ, ਕਾਫ਼ੀਆਂ, ਤੇ ਜੇ ਬਹੁਤਾ ਹੀ ਲੋਲ੍ਹਾ ਹੋਵੇ ਦਾਰੂਆਂ ਛਕਦੇ ਰਹਿੰਦੇ ਹਾਂ। ਪਰ ਤੁਸੀਂ ਦੋਵੇਂ ਜੱਟ ਇਥੇ ਪਹਿਲੇ ਦਿਨੋਂ ਇਉਂ ਫਿਰਦੇ ਹੋ ਜਿਵੇਂ ਦਿੱਲੀ ਤੁਹਾਡੇ ਨਾਨਕੇ ਹੋਣ!’’
       ਕਿਸੇ ਸਾਹਿਤਕ ਸੂਝ-ਸਮਝ ਤੋਂ ਬਿਨਾਂ ਐਵੇਂ ਵਰਕੇ ਕਾਲੇ ਕਰਦੇ ਰਹਿਣ ਵਾਲੇ ਲੇਖਕਾਂ ਨਾਲ ਗੁਰਦੇਵ ਨੂੰ ਖਾਸ ਚਿੜ ਸੀ। ਇਹ ਟਿੱਚਰ ਵੀ ਬਹੁਤ ਕਾਟਵੀਂ ਕਰਦਾ। ਇਕ ਵਾਰ ਇਕ ਇਕੱਤਰਤਾ ਵਿਚ ਹਿੱਸਾ ਲੈਣ ਲਈ ਅਸੀਂ ਦੋਵੇਂ, ਰੁਪਾਣੇ ਦੇ ਪੈਰ ਨੂੰ ਮੋਚ ਆਈ ਹੋਣ ਕਾਰਨ, ਹੌਲੀ-ਹੌਲੀ ਤੁਰੇ ਜਾ ਰਹੇ ਸੀ। ਪਿਛੋਂ ਆ ਕੇ ਕਹਾਣੀਆਂ ਦੀਆਂ ਦਰਜਨ ਕੁ ਪੁਸਤਕਾਂ ਦਾ ਇਕ ਲੇਖਕ, ਜਿਸ ਨੂੰ ਕੋਈ ਕਿਸੇ ਗਿਣਤੀ ਵਿਚ ਨਹੀਂ ਸੀ ਲੈਂਦਾ, ਬੋਲਿਆ, ‘‘ਕੇਹ ਗੱਲ ਰੁਪਾਨਾ ਜੀ, ਇੰਜ ਡ੍ਹਿਲੇ-ਡ੍ਹਿਲੇ ਤੁਰਦੇ ਹੋ ?’’ ਇਹਨੇ ਪੀੜ ਦੀ ਕਸੀਸ ਵੱਟ ਕੇ ਕਿਹਾ, ‘‘ਕੀ ਕਰੀਏ ਜੀ, ਸਾਨੂੰ ਤਾਂ ਪੰਜਾਬੀ ਕਹਾਣੀ ਦੇ ਮਿਆਰ ਦੀ ਚਿੰਤਾ ਨੇ ਹੀ ਮਾਰ ਲਿਆ!’’ ਉਸ ਪਿਛੋਂ ਉਹ ਲੇਖਕ ਇਹਦੇ ਨਾਲ ਕਦੀ ਚੰਗੀ ਤਰ੍ਹਾਂ ਨਜ਼ਰ ਮਿਲਾ ਕੇ ਨਹੀਂ ਸੀ ਬੋਲਿਆ।
       ਇਕ ਕਹਾਣੀਕਾਰ ਸਾਹਿਤ ਸਭਾ ਵਿਚ ਉਚੇਚੀ ਤਿਆਰੀ ਕਰ ਕੇ ਕਹਾਣੀ ਸੁਣਾਉਣ ਆਇਆ। ਉਹ ਬਾਹਰ ਖੜ੍ਹਾ ਇਕ ਹੋਰ ਲੇਖਕ ਨਾਲ ਗੱਲਾਂ ਕਰ ਰਿਹਾ ਸੀ। ਥ੍ਰੀ-ਪੀਸ ਸੂਟ, ਟਾਈ, ਚਿਲਕਵੀਂ ਚੁੰਝੂ ਪੱਗ, ਗੂੰਦ ਲਾ ਕੇ ਚਿਪਕਾਈ ਹੋਈ ਦਾੜ੍ਹੀ। ਇਹ ਮੇਰੇ ਕੂਹਣੀ ਮਾਰ ਕੇ ਕਹਿੰਦਾ, ‘‘ਤਿਆਰੀ ਤਾਂ ਦੇਖ ਕੀਤੀ ਜਿਵੇਂ ਪਿਉ ਦਾ ਵਿਆਹ ਹੋਵੇ। ਆ ਮੇਰੇ ਨਾਲ!’’ ਇਹ ਹੱਥ ਮਿਲਾ ਕੇ ਬੋਲਿਆ, ‘‘ਪਿਛੇ ਜਿਹੇ ਤੁਹਾਡੀ ਤਸਵੀਰ ਕਿਥੇ ਦੇਖੀ ਸੀ।’’ ਉਹ ਖ਼ੁਸ਼ ਹੋ ਗਿਆ, ‘‘ਟੀ.ਵੀ. ਉਤੇ ਦੇਖ ਹੋਸੀ।’’ ਇਹਨੇ ਕਿਹਾ, ‘‘ਟੀ.ਵੀ. ਤਾਂ ਮੈਂ ਦੇਖਦਾ ਨਹੀਂ।’’ ਰਸਾਲਾ ਕਹਿਣ ਉੱਤੇ ਇਹਨੇ ਦੱਸਿਆ, ‘‘ਰਸਾਲੇ ਮੈਂ ਪੜ੍ਹਦਾ ਨਹੀਂ।’’ ਅਖ਼ਬਾਰ ਦੇ ਉੱਤਰ ਵਿਚ ਇਹਨੇ ਆਖਿਆ, ‘‘ਅਖ਼ਬਾਰ ਮੈਂ ਮੰਗਵਾਉਂਦਾ ਨਹੀਂ।’’ ਸੋਚੀਂ ਪਏ ਕਹਾਣੀਕਾਰ ਦੇ ਮੋਢੇ ਉਤੇ ਹੱਥ ਮਾਰ ਕੇ ਇਹ ਇਕਦਮ ਬੋਲਿਆ, ‘‘ਹਾਂ, ਆਇਆ ਯਾਦ! ਤੁਹਾਡੀ ਤਸਵੀਰ ਮੈਂ ਇਕ ਮਿੱਤਰ ਦੇ ਘਰ ਹੇਅਰ ਫਿਕਸਰ ਦੀ ਸ਼ੀਸ਼ੀ ਉਤੇ ਦੇਖੀ ਸੀ।’’ ਉਹ ਬਿਚਾਰਾ ਅਜਿਹਾ ਥਿੜਕਿਆ ਕਿ ਕਹਾਣੀ ਵੀ ਚੱਜ ਨਾਲ ਪੜ੍ਹ ਨਾ ਸਕਿਆ।
       ਸਾਡਾ ਦੋਵਾਂ ਦਾ ਸਮਕਾਲੀ ਸਾਹਿਤਕ ਉਭਾਰ, ਕਹਾਣੀਆਂ ਦਾ ਲਗਭਗ ਇਕੋ ਧਰਾਤਲ ਅਤੇ ਹਰ ਸਾਹਿਤਕ ਸਮਾਗਮ ਵਿਚ ਇਕੱਠਿਆ ਜਾਣਾ ਬਹੁਤ ਲੋਕਾਂ ਲਈ ਸਾਡੀ ਪਛਾਣ ਤੱਕ ਰਲਗੱਡ ਕਰ ਦਿੰਦਾ। ਦਿੱਲੀ ਰੇਡੀਓ ਦੇ ਪੰਜਾਬੀ ਸੈਕਸ਼ਨ ਵਿਚ ਉਹਨੀਂ ਦਿਨੀਂ ਸੱਤਿਆ ਸੇਠ ਨਾਂ ਦੀ ਇਕ ਬੀਬੀ ਕੰਮ ਕਰਦੀ ਸੀ। ਇਕ ਦਿਨ ਮੇਰੀ ਕਹਾਣੀ ਦੀ ਰਿਕਾਰਡਿੰਗ ਤੋਂ ਮਗਰੋਂ ਬੋਲੀ, ‘‘ਤੁਹਾਡੀ ਉਹ ਕਹਾਣੀ ਵੀ ਮੈਨੂੰ ਭੁਲਦੀ ਨਹੀਂ ਜਿਸ ਵਿਚ ਇਕ ਪਿਆਸਾ ਆਦਮੀ ਰੇਤ ਦੇ ਬੁੱਕ ਭਰ-ਭਰ ਪੀਂਦਾ ਹੈ।’’ ਉਹ ਗੁਰਦੇਵ ਦੀ ਕਹਾਣੀ ‘ਪਿਆਸ’ ਦੀ ਗੱਲ ਕਰ ਰਹੀ ਸੀ। ਫੇਰ ਇਕ ਦਿਨ ਗੁਰਦੇਵ ਨੇ ਦੱਸਿਆ, ਉਹ ਉਹਦੇ ਨਾਲ ਵੀ ਮੇਰੀ ਕਹਾਣੀ ‘ਥਕੇਵਾਂ’ ਦਾ ਜ਼ਿਕਰ ਏਵੇਂ ਹੀ, ਉਹਦੀ ਰਚਨਾ ਸਮਝ ਕੇ, ਕਰਦੀ ਰਹੀ ਸੀ। ਉਹਨੀਂ ਦਿਨੀਂ ਜੰਮੂ ਤੋਂ ਦਿੱਲੀ ਆ ਕੇ ਵਸੀ ਇਕ ਲੇਖਿਕਾ ਨੇ ਕਹਾਣੀਆਂ ਦੀ ਆਪਣੀ ਨਵੀਂ ਛਪੀ ਪੁਸਤਕ ਗੁਰਦੇਵ ਨੂੰ ਮੇਰਾ ਨਾਂ ਲਿਖ ਕੇ ਭੇਟ ਕਰ ਦਿੱਤੀ ਅਤੇ ਕੁਝ ਦਿਨਾਂ ਮਗਰੋਂ ਗੁਰਦੇਵ ਦਾ ਨਾਂ ਲਿਖ ਕੇ ਮੈਨੂੰ ਦੇ ਦਿੱਤੀ। ਅਸੀਂ ਉਹਨੂੰ ਕੁਝ ਕਹੇ ਬਿਨਾਂ ਪੁਸਤਕਾਂ ਆਪਸ ਵਿਚ ਵਟਾ ਲਈਆਂ।
        ਕੁਦਰਤੀ ਸੀ, ਗੁਰਦੇਵ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ ਤਾਂ ਇਉਂ ਮਹਿਸੂਸ ਹੋਇਆ ਜਿਵੇਂ ਉਹ ਮੈਨੂੰ ਦੁਬਾਰਾ ਮਿਲ ਗਿਆ ਹੋਵੇ। ਸਾਡੇ ਪੁਰਾਣੇ ਜਾਣਕਾਰਾਂ ਵਿਚੋਂ ਕਈਆਂ ਨੇ ਮੈਨੂੰ ਵੀ ਵਧਾਈ ਦਿੱਤੀ।
       ਇਕ ਵਾਰ ਮੈਂ ਗੁਰਦੇਵ ਬਾਰੇ ਸ਼ਬਦ-ਚਿੱਤਰ ਲਿਖ ਕੇ ਇਹਤੋਂ ਸਿਰਲੇਖ ਦਾ ਸੁਝਾਅ ਮੰਗਿਆ। ਨਾਲ ਹੀ ਇਹ ਵੀ ਦੱਸ ਦਿੱਤਾ ਕਿ ਮੈਂ ਧੀਰ ਵਾਲੇ ਦਾ ਸਿਰਲੇਖ ‘ਗੁਲਾਬੀ ਕਾਗ਼ਜ਼ ਉੱਤੇ ਲਿਖੀ ਕਵਿਤਾ’ ਤੇ ਸਤਿਆਰਥੀ ਵਾਲੇ ਦਾ ‘ਫੁੱਲਾਂ ਨਾਲ ਲੱਦਿਆ ਗੁਲਮੋਹਰ’ ਰੱਖਿਆ ਹੈ। ਇਹ ਹੱਸਿਆ, ‘‘ਮੇਰੇ ਬਾਰੇ ਸਿਰਲੇਖ ਤਾਂ ਕੋਈ ਕਿੱਕਰ ਜਾਂ ਜੰਡ ਤੋਂ ਬਣਾ, ਜਿਵੇਂ ‘ਰੋਜ਼-ਗਾਰਡਨ ਵਿਚ ਉੱਗਿਆ ਜੰਡ’। ਉਹਨੀਂ ਦਿਨੀਂ ਇਹਦਾ ਨਾਵਲ ਗੋਰੀ ਚਰਚਾ ਵਿਚ ਸੀ। ਮੈਂ ਇਹਦਾ ਹੱਥ ਘੁੱਟਿਆ, ‘‘ਤੂੰ ਰੋਜ਼-ਗਾਰਡਨ ਵਿਚ ਉੱਗਿਆ ਜੰਡ ਨਹੀਂ, ਤੂੰ ਤਾਂ ਗੋਰੀ ਦੇ ਹੱਥ ਵਿਚ ਫੜਿਆ ਸੂਹਾ ਗੁਲਾਬ ਹੈਂ!’’

ਸੰਪਰਕ : 011-42502364