ਆਮੀ ਏਕਟਾ ਕੋਬਰਾ … - ਸਵਰਾਜਬੀਰ

ਪੱਛਮੀ ਬੰਗਾਲ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਸਬੰਧੀ ਭਾਰਤੀ ਜਨਤਾ ਪਾਰਟੀ ਦੀ ਪਿਛਲੇ ਐਤਵਾਰ ਹੋਈ ਇਕ ਰੈਲੀ ਵਿਚ ਹਿੰਦੀ ਅਤੇ ਬੰਗਾਲੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਮਿਥੁਨ ਚੱਕਰਵਰਤੀ ਨੂੰ ਭਾਜਪਾ ਵਿਚ ਸ਼ਾਮਲ ਕਰ ਲਿਆ ਗਿਆ। ਭਾਜਪਾ ਦੀ ਪੱਛਮੀ ਬੰਗਾਲ ਦੀ ਇਕਾਈ ਦੇ ਪ੍ਰਧਾਨ ਦਲੀਪ ਘੋਸ਼ ਅਤੇ ਰਾਸ਼ਟਰੀ ਸਕੱਤਰ ਕੈਲਾਸ਼ ਵਿਜੈਵਰਗੀਆ ਨੇ ਮਿਥੁਨ ਨੂੰ ਭਾਜਪਾ ਦਾ ਝੰਡਾ ਸੌਂਪਿਆ। ਇਸ ਰੈਲੀ ਨੂੰ ਬਾਅਦ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਦੇ ਆਉਣ ਤੋਂ ਪਹਿਲਾਂ ਮਿਥੁਨ ਚੱਕਰਵਰਤੀ ਮੰਚ ਤੋਂ ਦਹਾੜਿਆ, ‘‘ਆਮੀ ਜੋਲਧੋਰਾਓ ਨੋਈ, ਬੀਲੇ ਬੋੜਾਓ ਨੋਈ... ਆਮੀ ਏਕਟਾ ਕੋਬਰਾ, ਇਕ ਚੋਬੋਲ-ਈ ਛੋਬੀ (ਮੈਂ ਪਾਣੀ ਜਾਂ ਘਾਹ ਵਿਚ ਰਹਿਣ ਵਾਲਾ ਅਸਰਹੀਣ ਸੱਪ ਨਹੀਂ ਹਾਂ, ਮੈਂ ਕੋਬਰਾ (ਫਨੀਅਰ ਸੱਪ) ਹਾਂ, ਇਕ ਵਾਰ ਡੰਗ ਮਾਰਾਂਗਾ ਅਤੇ ਤੁਸੀਂ ਫੋਟੋਗ੍ਰਾਫ਼ (ਭਾਵ ਬੇਜਾਨ ਤਸਵੀਰ) ਬਣ ਜਾਓਗੇ)।’’ ਇਸ ਤੋਂ ਪਹਿਲਾਂ ਇਸ ਅਦਾਕਾਰ ਨੇ ਖੂੰਖਾਰ ਅੰਦਾਜ਼ ਵਿਚ ਕਿਹਾ, ‘‘ਮਾਰਬੋ ਏਖਾਨੇ... ਲਾਸ਼ ਪੋਰਬਾਇ ਸ਼ੋਸ਼ਾਨੇ (ਮਾਰਾਂਗਾ ਏਥੇ... ਲਾਸ਼ ਸ਼ਮਸ਼ਾਨ ਘਾਟ ਵਿਚ ਡਿੱਗੇਗੀ)।’’
       ਆਮ ਆਦਮੀ ਹੈਰਾਨ ਹੁੰਦਾ ਹੈ ਕਿ ਅਜਿਹੀ ਭਾਸ਼ਾ ਕਿਉਂ ਅਤੇ ਕਿਸ ਦੇ ਲਈ ਵਰਤੀ ਜਾ ਰਹੀ ਹੈ। ਕੀ ਇਹ ਭਾਸ਼ਾ ਤ੍ਰਿਣਮੂਲ ਕਾਂਗਰਸ, ਕਾਂਗਰਸ ਅਤੇ ਖੱਬੇ-ਪੱਖੀਆਂ ਦੇ ਹਮਾਇਤੀਆਂ ਨੂੰ ਡਰਾਉਣ ਲਈ ਵਰਤੀ ਜਾ ਰਹੀ ਹੈ ਜਾਂ ਇਹ ਬੋਲ ਉਨ੍ਹਾਂ ਦੇ ਹਰਮਨਪਿਆਰੇ ਅਦਾਕਾਰ ਦੇ ਹੋਂਠਾਂ ’ਤੇ ਮਾਸੂਮਤਾ ਅਤੇ ਨਿਰਛਲਤਾ ਕਾਰਨ ਜਾ ਬੈਠੇ ਹਨ ਜਾਂ ਇਹ ਉਸ ਦੀ ਅਦਾ ਹੈ ਜਾਂ ਉਸ ਦਾ ਗੱਲਬਾਤ ਕਰਨ ਦਾ ਸਹਿਜ ਤਰੀਕਾ ਜਾਂ ਉਹ ਬਹੁਤ ਚਤੁਰਤਾ ਨਾਲ ਆਪਣੇ ਅਤੇ ਆਪਣੀ ਨਵੀਂ ਪਾਰਟੀ ਭਾਜਪਾ ਲਈ ਪ੍ਰਤੀਕਾਂ ਦਾ ਇਕ ਬੁਰਜ ਬਣਾ ਰਿਹਾ ਹੈ, ਅਜਿਹਾ ਬੁਰਜ ਜੋ ਤਾਕਤ ਅਤੇ ਭੈਅ ਦਾ ਮੁਜੱਸਮਾ ਹੈ ਜਿਸ ਤੋਂ ਸਭ ਲੋਕਾਂ ਨੂੰ ਜਾਂ ਕੁਝ ਖ਼ਾਸ ਤਰ੍ਹਾਂ ਦੇ ਲੋਕਾਂ (ਜਿਵੇਂ ਘੱਟਗਿਣਤੀ ਫ਼ਿਰਕੇ ਦੇ ਲੋਕ, ਭਾਜਪਾ ਨਾਲ ਅਸਹਿਮਤੀ ਰੱਖਣ ਵਾਲੇ ਜਾਂ ਭਾਜਪਾ ਦੇ ਸਿਆਸੀ ਵਿਰੋਧੀ ਆਦਿ) ਨੂੰ ਡਰਨਾ ਚਾਹੀਦਾ ਹੈ। ਅਜਿਹੀ ਭਾਸ਼ਾ ਜਿੱਥੇ ਅਭਿਮਾਨ ਅਤੇ ਹੰਕਾਰ ਵਿਚੋਂ ਉਪਜਦੀ ਹੈ, ਉੱਥੇ ਹੀਣ-ਭਾਵਨਾ ਅਤੇ ਅੰਦਰੂਨੀ ਹਾਰਾਂ ਤੋਂ ਵੀ ਜਨਮ ਲੈਂਦੀ ਹੈ। ਇਹ ਮਨੁੱਖਾਂ ਦੀਆਂ ਹਾਰਾਂ ਅਤੇ ਕਮਜ਼ੋਰੀਆਂ ਨੂੰ ਛਿਪਾ ਕੇ ਉਸ ਨੂੰ ਸ਼ਾਬਦਿਕ ਸ਼ੇਰ ਸਿੱਧ ਕਰਨਾ ਲੋਚਦੀ ਹੈ।
        ਸਪੱਸ਼ਟ ਹੈ ਇਹ ਬੋਲ ਮਾਸੂਮੀਅਤ ਕਾਰਨ ਨਹੀਂ ਬੋਲੇ ਗਏ। ਇਹ ਬੋਲ ਬੋਲਣ ਵਾਲਾ 70 ਵਰ੍ਹਿਆਂ ਦਾ ਹੈ। ਉਹ ਸਿਰਫ਼ ਅਦਾਕਾਰ ਹੀ ਨਹੀਂ ਸਗੋਂ ਸਭ ਸਿਆਸੀ ਪਾਰਟੀਆਂ ਦੀ ਪਰਿਕਰਮਾ ਕਰ ਚੁੱਕਾ ‘ਕਰਮਯੋਗੀ’ ਹੈ। ਕਿਸੇ ਜ਼ਮਾਨੇ ਵਿਚ ਉਹ ਨਕਸਲਵਾਦੀ ਸੀ, ਫਿਰ ਸੀਪੀਐੱਮ ਦਾ ਹਮਾਇਤੀ ਬਣਿਆ, ਫਿਰ ਤ੍ਰਿਣਮੂਲ ਕਾਂਗਰਸ ਦਾ ਰਾਜ ਸਭਾ ਦਾ ਮੈਂਬਰ ਅਤੇ ਹੁਣ ਉਹ ਭਾਜਪਾ, ਜੋ ਕੱਟੜਪੰਥੀ ਵਿਚਾਰਧਾਰਾ ਦੀ ਪ੍ਰਤੀਨਿਧ ਹੈ, ਦਾ ਭਵਿੱਖ-ਮੁਖੀ ਚਿਹਰਾ ਹੈ। ਹੋਰ ਸੂਬਿਆਂ ਵਿਚ ਵੀ ਅਜਿਹੀ ਪਰਿਕਰਮਾ ਕਰਨ ਵਾਲੇ ਕਈ ਸਿਆਸੀ ਆਗੂ ਅਤੇ ਚਿੰਤਕ ਮੌਜੂਦ ਹਨ ਪਰ ਮਿਥੁਨ ਚੱਕਰਵਰਤੀ ਜਿਹਾ ਜਟਿਲ ਕਿਰਦਾਰ ਲੱਭਣਾ ਮੁਸ਼ਕਲ ਹੈ।
       ਨਕਸਲਬਾੜੀ ਅੰਦੋਲਨ ਨੂੰ ਅਲਵਿਦਾ ਕਹਿਣ ਬਾਅਦ ਉਸ ਨੇ ਬੰਗਾਲੀ ਫ਼ਿਲਮ ‘ਮ੍ਰਿਗਯਾ’ ਵਿਚ ਮੁੱਖ ਭੂਮਿਕਾ ਨਿਭਾਉਣ ਨਾਲ ਫ਼ਿਲਮੀ ਦੁਨੀਆਂ ’ਚ ਪ੍ਰਵੇਸ਼ ਕੀਤਾ। ਇਹ ਫ਼ਿਲਮ ਬੰਗਾਲ ਦੇ 1850ਵਿਆਂ ਦੇ ਕਬਾਇਲੀ ਵਿਦਰੋਹ ਸੰਥਾਲ ਵਿਦਰੋਹ ਦੀ ਪਿੱਠ-ਭੂਮੀ ਵਿਚ ਬਣਾਈ ਗਈ ਸੀ। ਇਸ ਦਾ ਨਿਰਦੇਸ਼ਨ ਮਸ਼ਹੂਰ ਨਿਰਦੇਸ਼ਕ ਮ੍ਰਿਣਾਲ ਸੇਨ ਨੇ ਕੀਤਾ ਅਤੇ ਸੰਗੀਤ ਸਲਿਲ ਚੌਧਰੀ ਨੇ ਦਿੱਤਾ। ਇਨਕਲਾਬੀ ਸੂਤਰਾਂ ਵਿਚ ਬੱਝੀ ਹੋਈ ਇਹ ਫ਼ਿਲਮ ਖੱਬੇ-ਪੱਖੀ ਵਿਚਾਰਧਾਰਾ ਦੀਆਂ ਬਿਹਤਰੀਨ ਫ਼ਿਲਮਾਂ ਵਿਚੋਂ ਮੰਨੀ ਜਾਂਦੀ ਹੈ। ਇਸ ਫ਼ਿਲਮ ਨੂੰ ਬਿਹਤਰੀਨ ਅਦਾਕਾਰ ਲਈ ਕੌਮੀ ਫ਼ਿਲਮ ਇਨਾਮ ਮਿਲਿਆ। 1980ਵਿਆਂ ਵਿਚ ਉਹ ਹਿੰਦੀ ਫ਼ਿਲਮ ਜਗਤ ਵਿਚ ਸਟਾਰ ਬਣ ਗਿਆ ਅਤੇ ਉਸ ਦਹਾਕੇ ਵਿਚ ਉਸ ਨੇ 100 ਤੋਂ ਵੱਧ ਫ਼ਿਲਮਾਂ ਵਿਚ ਕੰਮ ਕੀਤਾ। ਫ਼ਿਲਮ ‘ਡਿਸਕੋ ਡਾਂਸਰ’ ਨੇ ਉਸ ਨੂੰ ਨਵੀਂ ਪਛਾਣ ਦਿੱਤੀ। 1991 ਵਿਚ ਉਸ ਨੂੰ ‘ਅਗਨੀਪੱਥ’ ਫ਼ਿਲਮ ਵਿਚ ਭੂਮਿਕਾ ਵਾਸਤੇ ਬਿਹਤਰੀਨ ਸਹਿਯੋਗੀ ਅਦਾਕਾਰ ਵਜੋਂ ਫ਼ਿਲਮ ਫੇਅਰ ਪੁਰਸਕਾਰ ਮਿਲਿਆ।
      ਦੇਸ਼ ਦੀ ਵੰਡ ’ਤੇ ਬਣੀ ਬੰਗਾਲੀ ਫ਼ਿਲਮ ‘ਤਾਹੇਦਰ ਕਥਾ (ਉਨ੍ਹਾਂ ਦੀ ਕਹਾਣੀ)’ ਵਿਚ ਉਸ ਨੇ ਫਿਰ ਯਾਦਗਾਰੀ ਭੂਮਿਕਾ ਨਿਭਾਈ ਅਤੇ ਅਦਾਕਾਰੀ ਲਈ ਕੌਮੀ ਇਨਾਮ ਪ੍ਰਾਪਤ ਕੀਤਾ। 1992 ਵਿਚ ਉਸ ਨੇ ਦਲੀਪ ਕੁਮਾਰ ਅਤੇ ਸੁਨੀਲ ਦੱਤ ਨਾਲ ਮਿਲ ਕੇ ਫ਼ਿਲਮੀ ਅਤੇ ਟੈਲੀਵਿਜ਼ਨ ਦੇ ਅਦਾਕਾਰਾਂ ਦੀ ਸਹਾਇਤਾ ਕਰਨ ਲਈ ਇਕ ਟਰੱਸਟ ਬਣਾਇਆ। ਉਹ ਫ਼ਿਲਮਾਂ ਵਿਚ ਕੰਮ ਕਰਨ ਵਾਲੇ ਕਾਮਿਆਂ ਦੀ ਯੂਨੀਅਨ (ਫ਼ਿਲਮ ਸਟੂਡੀਓ ਸੈਟਿੰਗ ਅਤੇ ਅਲਾਈਡ ਮਜ਼ਦੂਰ ਯੂਨੀਅਨ), ਜਿਸ ਦੇ 40,000 ਤੋਂ ਜ਼ਿਆਦਾ ਮੈਂਬਰ ਹਨ, ਦਾ ਪ੍ਰਧਾਨ ਵੀ ਰਿਹਾ।
       2014 ਵਿਚ ਉਹ ਤ੍ਰਿਣਮੂਲ ਕਾਂਗਰਸ ਵੱਲੋਂ ਰਾਜ ਸਭਾ ਦਾ ਮੈਂਬਰ ਬਣਿਆ। ਉਸ ਦਾ ਨਾਂ ਸ਼ਾਰਦਾ ਘੁਟਾਲੇ ਵਿਚ ਉੱਭਰਿਆ ਅਤੇ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਉਸ ਤੋਂ ਪੁੱਛਗਿੱਛ ਕੀਤੀ। ਉਸ ਨੇ ਸਵੀਕਾਰ ਕੀਤਾ ਕਿ ਉਸ ਨੇ ਸ਼ਾਰਦਾ ਗਰੁੱਪ ਦੀ ਇਸ਼ਤਿਹਾਰਬਾਜ਼ੀ ਕਰਨ ਵਾਲੀਆਂ ਵੀਡੀਓਜ਼ ਵਿਚ ਕੰਮ ਕੀਤਾ ਸੀ। ਉਸ ਨੇ ਸ਼ਾਰਦਾ ਗਰੁੱਪ ਤੋਂ ਮਿਲੇ 1.19 ਕਰੋੜ ਰੁਪਏ ਐਨਫੋਰਸਮੈਂਟ ਡਾਇਰੈਕਟੋਰੇਟ ਕੋਲ ਜਮ੍ਹਾਂ ਕਰਾ ਦਿੱਤੇ ਅਤੇ 2016 ਵਿਚ ਰਾਜ ਸਭਾ ਤੋਂ ਅਸਤੀਫ਼ਾ ਦੇ ਦਿੱਤਾ।
       ਉੱਪਰ ਦਿੱਤੇ ਵੇਰਵੇ ਵੀ ਉਸ ਦੀ ਜਟਿਲ ਜ਼ਿੰਦਗੀ ਦੇ ਗੋਹੜੇ ਵਿਚੋਂ ਇਕ ਪੂਣੀ ਨਹੀਂ ਛੋਹ ਸਕਦੇ। ਹਾਲ ਦੀ ਘੜੀ ਤਾਂ ਉਸ ਦੀ ‘‘ਮੈਂ ਫਨੀਅਰ ਸੱਪ ਹਾਂ’’ ਵਾਲੀ ਦਹਾੜ ਉੱਤੇ ਹੈਰਾਨ ਹੀ ਹੋਇਆ ਜਾ ਸਕਦਾ ਹੈ। ਇਸ ਤੋਂ ਜ਼ਿਆਦਾ ਹੈਰਾਨ ਕਰ ਦੇਣ ਵਾਲਾ ਉਸ ਦੇ ਸਿਆਸੀ ਵਿਚਾਰਾਂ ਦਾ ਸਫ਼ਰ ਹੈ ਜਿਹੜਾ ਜੁਝਾਰੂ ਖੱਬੇ-ਪੱਖੀ ਵਿਚਾਰਧਾਰਾ ਤੋਂ ਸ਼ੁਰੂ ਹੋ ਕੇ ਹੁਣ ਕੱਟੜਪੰਥੀ ਸੱਜੇ-ਪੱਖੀ ਵਿਚਾਰਧਾਰਾ ਤਕ ਪਹੁੰਚ ਗਿਆ ਹੈ। ਕੁਝ ਸਿਆਸੀ ਮਾਹਿਰ ਇਹ ਦਲੀਲ ਦਿੰਦੇ ਹਨ ਕਿ ਅਦਾਕਾਰਾਂ ਅਤੇ ਕਾਰੋਬਾਰੀਆਂ ਨੂੰ ਆਪਣੇ ਵਪਾਰਕ ਧੰਦਿਆਂ ਅਤੇ ਕਾਰੋਬਾਰ ਵਿਚ ਕਈ ਸਮਝੌਤੇ ਕਰਨੇ ਪੈਂਦੇ ਹਨ ਅਤੇ ਸਿਆਸੀ ਪਾਰਟੀਆਂ, ਅਤੇ ਖ਼ਾਸ ਕਰਕੇ ਸੱਤਾਧਾਰੀ ਪਾਰਟੀਆਂ ਅਜਿਹੇ ਸਮਝੌਤਿਆਂ ਦਾ ਫ਼ਾਇਦਾ ਉਠਾਉਂਦੀਆਂ ਹਨ, ਉਨ੍ਹਾਂ ਨੂੰ ਤਫ਼ਤੀਸ਼ ਏਜੰਸੀਆਂ ਦੁਆਰਾ ਡਰਾ ਕੇ ਆਪਣੀ ਪਾਰਟੀ ਵਿਚ ਸ਼ਾਮਲ ਹੋਣ ਲਈ ਕਿਹਾ ਜਾਂਦਾ ਹੈ ਅਤੇ ਬਹੁਤ ਵਾਰ ਲੋਕ ਅਜਿਹੀਆਂ ਮਜਬੂਰੀਆਂ ਕਾਰਨ ਸੱਤਾਧਾਰੀ ਪਾਰਟੀਆਂ ਸਾਹਮਣੇ ਸਿਰ ਝੁਕਾ ਦਿੰਦੇ ਹਨ।
      ਮਜਬੂਰੀਆਂ ਕਾਰਨ ਕਿਸੇ ਸੱਤਾਧਾਰੀ ਪਾਰਟੀ ਵਿਚ ਸ਼ਾਮਲ ਹੋਣਾ ਇਕ ਵੱਖਰਾ ਮਸਲਾ ਹੈ ਪਰ ਨਾਲ ਇਹ ਦਹਾੜ ਮਾਰਨੀ ਕਿ ਮੈਂ ਫਨੀਅਰ ਸੱਪ ਹਾਂ ਇਕ ਵੱਖਰਾ ਮਸਲਾ। ਦੱਸਿਆ ਜਾ ਰਿਹਾ ਹੈ ਕਿ ਰਾਸ਼ਟਰੀ ਸਵੈਮਸੇਵਕ ਸੰਘ ਦੇ ਪ੍ਰਮੁੱਖ ਸੰਚਾਲਕ ਮੋਹਨ ਭਾਗਵਤ ਨੇ 16 ਫਰਵਰੀ 2021 ਨੂੰ ਮਿਥੁਨ ਚੱਕਰਵਰਤੀ ਨਾਲ ਮੁਲਾਕਾਤ ਕੀਤੀ ਅਤੇ ਇਹ ਸਿਲਸਿਲਾ ਉੱਥੋਂ ਸ਼ੁਰੂ ਹੋਇਆ। ਇਸ ਲਈ ਮਿਥੁਨ ਚੱਕਰਵਰਤੀ ਦੀ ਇਹ ਦਹਾੜ ਬੇਮਾਅਨਾ ਜਾਂ ਅਰਥਹੀਣ ਨਹੀਂ ਹੈ।
       ਫਰਾਂਸੀਸੀ ਚਿੰਤਕ ਰੋਲਾਂ ਬਾਰਥ ਨੇ ਆਪਣੀ ਕਿਤਾਬ ‘ਮਾਇਥਾਲੋਜੀਜ਼’ ਵਿਚ ਵੇਰਵੇ ਸਹਿਤ ਵਰਣਨ ਕੀਤਾ ਸੀ ਕਿ ਆਧੁਨਿਕ ਸਮਿਆਂ ਵਿਚ ਬਹੁਤ ਸਾਰੇ ਸਮਾਜਿਕ ਵਰਤਾਰਿਆਂ ਬਾਰੇ ਮਿੱਥਾਂ ਕਿਵੇਂ ਬਣਾਈਆਂ ਜਾਂਦੀਆਂ ਅਤੇ ਉਨ੍ਹਾਂ ਨੂੰ ਸਮਾਜਿਕ ਸੱਚਾਈਆਂ ਵਜੋਂ ਕਿਵੇਂ ਪੇਸ਼ ਕੀਤਾ ਜਾਂਦਾ ਹੈ। ਸਿਆਸੀ ਪਾਰਟੀਆਂ ਆਪਣੇ ਤੇ ਆਪਣੇ ਆਗੂਆਂ ਬਾਰੇ ਲਗਾਤਾਰ ਮਿੱਥਾਂ ਬਣਾਉਂਦੀਆਂ ਹਨ। ਉਦਾਹਰਨ ਦੇ ਤੌਰ ’ਤੇ ਭਾਜਪਾ ਨੇ ਲਾਲ ਕ੍ਰਿਸ਼ਨ ਅਡਵਾਨੀ ਬਾਰੇ ਲੋਹ-ਪੁਰਸ਼ ਅਤੇ ਨਰਿੰਦਰ ਮੋਦੀ ਬਾਰੇ ਵਿਕਾਸ-ਪੁਰਸ਼ ਦੀ ਮਿੱਥ ਬਣਾਈ ਤੇ ਵੱਖ-ਵੱਖ ਚੋਣਾਂ ਵਿਚ ਵਰਤੀ। ਅਜਿਹੀਆਂ ਮਿੱਥਾਂ ਬਣਾਉਣ ਲਈ ਸਿਆਸੀ ਪਾਰਟੀਆਂ ਬਹੁਤ ਮਿਹਨਤ ਕਰਦੀਆਂ ਹਨ ਕਿਉਂਕਿ ਜਦ ਇਕ ਵਾਰ ਅਜਿਹੀ ਮਿੱਥ ਬਣ ਜਾਏ ਤਾਂ ਉਸ ਨੂੰ ਤੋੜਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਭਾਰਤ ਦੀ ਬਹੁਗਿਣਤੀ ਅਤੇ ਮੱਧ ਵਰਗੀ ਜਮਾਤ ਅਜੇ ਵੀ ਨਰਿੰਦਰ ਮੋਦੀ ਨੂੰ ਵਿਕਾਸ-ਪੁਰਸ਼ ਵਜੋਂ ਦੇਖ ਰਹੀ ਅਤੇ ਇਸ ਮਿੱਥ ’ਤੇ ਵਿਸ਼ਵਾਸ ਕਰ ਰਹੀ ਹੈ।
        ਜਿਹੜੇ ਸਿਆਸੀ ਆਗੂਆਂ ਜਾਂ ਪਾਰਟੀਆਂ ਕੋਲ ਆਪਣੇ ਬਾਰੇ ਵੱਡੀਆਂ ਵਿਆਪਕ ਮਿੱਥਾਂ ਬਣਾਉਣ ਦਾ ਸਮਾਂ ਅਤੇ ਵਸੀਲੇ ਨਹੀਂ ਹੁੰਦੇ, ਉਹ ਸ਼ਾਰਟਕੱਟ ਅਪਣਾਉਂਦੇ ਹਨ ਜਿਵੇਂ ਮਿਥੁਨ ਚੱਕਰਵਰਤੀ ਅਪਣਾ ਰਿਹਾ ਹੈ ਕਿਉਂਕਿ ਜੇਕਰ ਕਿਸੇ ਵਿਅਕਤੀ ਨੂੰ ਆਪਣੇ ਬਾਰੇ ਛੋਟੀ-ਮੋਟੀ ਮਿੱਥ ਬਣਾਉਣ ਵਿਚ ਸਫ਼ਲਤਾ ਮਿਲ ਜਾਏ ਤਾਂ ਲੋਕਾਂ ਦੇ ਅਵਚੇਤਨ ਅਤੇ ਸਚੇਤ ਸੂਝ-ਸਮਝ ਵਿਚ ਉਸ ਦਾ ਅਕਸ ਆਪਣੇ ਆਪ ਗੂੜ੍ਹਾ ਹੋ ਜਾਂਦਾ ਹੈ। ਭਾਜਪਾ ਵਿਚ ਅਜਿਹੇ ਆਗੂਆਂ ਦੀ ਘਾਟ ਨਹੀਂ ਹੈ। ਕੋਈ ਆਗੂ ਘੱਟਗਿਣਤੀ ਫ਼ਿਰਕੇ ਨਾਲ ਸਬੰਧਿਤ ਲੋਕਾਂ ਨੂੰ ਗੱਦਾਰ ਦੱਸ ਕੇ ਖ਼ੁਦ ਲਈ ਦੇਸ਼ ਭਗਤ ਦਾ ਬਿੰਬ ਬਣਾਉਣਾ ਚਾਹੁੰਦਾ ਹੈ ਅਤੇ ਕੋਈ ਸੱਤਾਧਾਰੀ ਪਾਰਟੀ ਨਾਲ ਅਸਹਿਮਤੀ ਰੱਖਣ ਵਾਲਿਆਂ ਨੂੰ ‘ਟੁਕੜੇ ਟੁਕੜੇ ਗੈਂਗ’ ਦੱਸ ਕੇ ਆਪਣੇ ਆਪ ਨੂੰ ਦੇਸ਼ ਦੀ ਏਕਤਾ ਦਾ ਰਖਵਾਲਾ ਦੱਸਣਾ ਚਾਹੁੰਦਾ ਹੈ। ਅਜਿਹੇ ‘ਦੇਸ਼ ਭਗਤਾਂ’ ਅਤੇ ‘ਰਖਵਾਲਿਆਂ’ ਵਿਚ ‘ਫਨੀਅਰ ਸੱਪ’ ਹੋਣਾ ਨਵੀਂ ਤਰ੍ਹਾਂ ਦੀ ਦੇਸ਼ ਭਗਤੀ ਦਾ ਨਵਾਂ ਮਿਆਰ ਹੈ।
        ਭਾਜਪਾ ਦੇ ਹਿੰਦੂਤਵ ਦੇ ਬਿਰਤਾਂਤ ਅਨੁਸਾਰ ਦੇਸ਼ ਲਗਭਗ ਹਜ਼ਾਰ ਸਾਲ ਸੁਲਤਾਨਾਂ ਅਤੇ ਮੁਗ਼ਲ ਬਾਦਸ਼ਾਹਾਂ ਦਾ ਗ਼ੁਲਾਮ ਰਿਹਾ ਹੈ। ਉਹ ਇਸ ਗ਼ੁਲਾਮੀ ਦਾ ਕਾਰਨ ਉਸ ਵੇਲੇ ਦੇ ਹਿੰਦੂਆਂ ਦੀ ਕਾਇਰਤਾ ਅਤੇ ਕਮਜ਼ੋਰੀ ਨੂੰ ਗਿਣਦੇ ਹਨ। ਇਸ ਬਿਰਤਾਂਤ ਅਨੁਸਾਰ ਹਿੰਦੂਆਂ ਨੂੰ ਆਪਣਾ ਗੌਰਵ ਮੁੜ ਹਾਸਲ ਕਰਨ ਲਈ ਸ਼ਕਤੀਸ਼ਾਲੀ ਹੋਣਾ ਚਾਹੀਦਾ ਹੈ। ਸ਼ਕਤੀਸ਼ਾਲੀ ਹੋਣ ਲਈ ਆਪਣੇ ਆਪ ਨੂੰ ਸ਼ਕਤੀਸ਼ਾਲੀ ਸਾਬਤ ਕਰਨਾ ਜ਼ਰੂਰੀ ਹੁੰਦਾ ਹੈ। ਇਸ ਦੀ ਸਭ ਤੋਂ ਵੱਡੀ ਉਦਾਹਰਨ ਮਹਾਤਮਾ ਗਾਂਧੀ ਦੇ ਕਤਲ ਦੇ ਮੁਕੱਦਮੇ ਦੌਰਾਨ ਨੱਥੂ ਰਾਮ ਗੋਡਸੇ ਦੇ ਇਕਬਾਲੀਆ ਬਿਆਨ ਵਿਚੋਂ ਦੇਖੀ ਜਾ ਸਕਦੀ ਹੈ ਜਿਸ ਵਿਚ ਉਸ ਨੇ ਕਿਹਾ ਸੀ ਕਿ ਗਾਂਧੀ ਨੂੰ ਮਾਰਨਾ ਬਹੁਤ ਜ਼ਰੂਰੀ ਸੀ ਕਿਉਂਕਿ ਉਸ (ਗਾਂਧੀ) ਕਾਰਨ ਦੇਸ਼ ਦਾ ਅਜਿਹਾ ਮਾਡਲ ਉਸਰਨਾ ਸੀ ਜਿਸ ਵਿਚ ਅਸੀਂ (ਭਾਵ ਭਾਰਤੀਆਂ ਨੇ) ਕਮਜ਼ੋਰ ਗਰਦਾਨੇ ਜਾਣਾ ਸੀ। ਇਸ ਤਰ੍ਹਾਂ ਆਪਣੇ ਆਪ ਨੂੰ ਤਾਕਤਵਰ ਸਿੱਧ ਕਰਨਾ ਹਿੰਦੂਤਵੀ ਬਿਰਤਾਂਤ ਦਾ ਇਕ ਜ਼ਰੂਰੀ ਹਿੱਸਾ ਹੈ। ਹਜੂਮੀ ਹਿੰਸਾ ਰਾਹੀਂ ਇਸ ਮਨੋਰਥ ਦੀ ਪੂਰਤੀ ਅਮਲੀ ਢੰਗ ਨਾਲ ਕੀਤੀ ਗਈ। 2002 ਵਿਚ ਇਹ ਮਾਡਲ ਗੁਜਰਾਤ ਅਤੇ 2013 ਵਿਚ ਪੱਛਮੀ ਉੱਤਰ ਪ੍ਰਦੇਸ਼ ਅਤੇ 2020 ਵਿਚ ਦਿੱਲੀ ਵਿਚ ਵੱਡੇ ਪੱਧਰ ’ਤੇ ਅਜ਼ਮਾਇਆ ਗਿਆ।
         ਇਸ ਮਾਡਲ ਨੂੰ ਅਮਲੀ ਰੂਪ ਦੇਣ ਦੇ ਨਾਲ-ਨਾਲ ਇਸ ਨੂੰ ਭਾਸ਼ਾ ਦੇ ਸੰਸਾਰ ਵਿਚ ਕਾਇਮ ਰੱਖਣਾ ਵੀ ਜ਼ਰੂਰੀ ਹੈ। ਇਹੀ ਕਾਰਨ ਹੈ ਕਿ ਮਿਥੁਨ ਚੱਕਰਵਰਤੀ ਦੇ ਮੂੰਹੋਂ ਅਜਿਹੇ ਸ਼ਬਦ ਨਿਕਲੇ ਹਨ ਜਿਹੜੇ ਨਫ਼ਰਤ ਅਤੇ ਹਿੰਸਾ ਵਿਚ ਭਿੱਜੇ ਹੋਏ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਸ਼ਬਦ ਅਜਿਹੇ ਅਦਾਕਾਰ ਨੇ ਵਰਤੇ ਹਨ ਜਿਸ ਨੇ ਮ੍ਰਿਣਾਲ ਸੇਨ, ਮਨੀ ਰਤਨਮ, ਕਲਪਨਾ ਲਾਜਮੀ, ਗੌਤਮ ਘੋਸ਼, ਬੁੱਧਾਦੇਬ ਦਾਸਗੁਪਤਾ, ਰਿਤੂਪਰਨੋ ਘੋਸ਼, ਦੇਬਾਤਾਂ ਬੰਧੋਪਾਧਿਆ ਅਤੇ ਹੋਰ ਪ੍ਰਗਤੀਸ਼ੀਲ ਨਿਰਦੇਸ਼ਕਾਂ ਨਾਲ ਕੰਮ ਕੀਤਾ ਹੈ। ਕਈ ਚਿੰਤਕਾਂ ਦੀ ਰਾਇ ਹੈ ਕਿ ਮਨੁੱਖ ਜਦ ਆਪਣੇ ਟੀਚੇ ਤੋਂ ਖੁੰਝ ਜਾਏ ਤਾਂ ਉਹ ਬਹੁਤ ਢੀਠ ਅਤੇ ਬੇਸ਼ਰਮ ਹੋ ਜਾਂਦਾ ਹੈ। ਕਈ ਚਿੰਤਕਾਂ ਅਨੁਸਾਰ ਜਦ ਜ਼ਿੰਦਗੀ ਦੇ ਹਾਲਾਤ ਜਟਿਲ ਹੋ ਜਾਣ ਤੇ ਮਨੁੱਖ ਜੀਵਨ ਵਿਚ ਕੋਈ ਸਾਕਾਰਾਤਮਕ ਭੂਮਿਕਾ ਨਾ ਨਿਭਾ ਸਕਦਾ ਹੋਵੇ ਤਾਂ ਉਸ ਦਾ ਚੁੱਪ ਹੋ ਜਾਣਾ ਹੀ ਉਸ ਦੀ ਸਭ ਤੋਂ ਚੰਗੀ ਚੋਣ ਹੋ ਸਕਦਾ ਹੈ ਪਰ ਤਾਕਤ ਅਤੇ ਸੱਤਾ ਦਾ ਲਾਲਚ ਕਈ ਵਾਰ ਏਨਾ ਭਿਆਨਕ ਹੁੰਦਾ ਹੈ ਕਿ ਮਨੁੱਖ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਨੂੰ ਖੂਹ ’ਚ ਸੁੱਟਣ ਅਤੇ ਸੱਤਾ ਨੂੰ ਗਲੇ ਲਗਾਉਣ ਲਈ ‘ਫਨੀਅਰ ਸੱਪ’ ਬਣਨ ਲਈ ਤਿਆਰ ਹੋ ਜਾਂਦਾ ਹੈ। ਇਹ ਮਨੁੱਖ ਦਾ ਦੁਖਾਂਤ ਹੈ।
ਇਸ ਤਰ੍ਹਾਂ ਮਨੁੱਖੀ ਬਰਾਬਰੀ ਅਤੇ ਏਕਤਾ ਅਤੇ ਲਿਤਾੜਿਆਂ ਦੇ ਹੱਕਾਂ ਦੀ ਰਾਖੀ ਕਰਨ ਦੇ ਜਜ਼ਬਿਆਂ ’ਚੋਂ ਆਪਣੀ ਯਾਤਰਾ ਸ਼ੁਰੂ ਕਰਨ ਵਾਲਾ ਮਨੁੱਖ ਲੋਕਾਂ ਵਿਚ ਵੰਡੀਆਂ ਪਾਉਣ ਵਾਲੀ ਵਿਚਾਰਧਾਰਾ ਦਾ ਅਨੁਯਾਈ ਹੋ ਗਿਆ ਹੈ।