ਸਮਾਜ ਵਿਚੋਂ ਰਹਿਮਦਿਲੀ ਖੰਭ ਲਾ ਕੇ ਉਡ ਗਈ - ਅਵਿਜੀਤ ਪਾਠਕ

ਅਸੀਂ ਹਿੰਸਾ ਦੀ ਹਵਾੜ ਵਿਚ ਰਹਿੰਦੇ ਅਤੇ ਹਿੰਸਾ ਵਿਚ ਹੀ ਸਾਹ ਲੈਂਦੇ ਹਾਂ, ਅੱਜ ਜਦੋਂ ਸਾਡੀ ਰੋਜ਼ਾਨਾ ਜ਼ਿੰਦਗੀ ਵਿਚ ਹਿੰਸਾ ਆਮ ਵਰਤਾਰਾ ਬਣ ਗਈ ਹੈ ਤਾਂ ਵੀ ਸਾਨੂੰ ਕੋਈ ਫ਼ਰਕ ਨਹੀਂ ਪੈਂਦਾ। ਤੁਹਾਨੂੰ ਇਹ ਦੇਖਣ ਤੇ ਸਮਝਣ ਲਈ ਮਾਰਕਸਵਾਦੀ ਹੋਣ ਦੀ ਲੋੜ ਨਹੀਂ ਕਿ ਦੇਸ਼ ਦੀ ਹਾਕਮ ਜਮਾਤ ਜਿਉਂ ਹੀ ਕਿਸੇ ਵੀ ਤਰ੍ਹਾਂ ਦੇ ਸੱਤਾ ਵਿਰੋਧ ਦੀ ਕਰੂੰਬਲ ਫੁੱਟਦੀ ਦੇਖਦੀ ਹੈ ਤਾਂ ਉਹ ਫ਼ੌਰੀ ਇਸ ਨੂੰ ਦਬਾਉਣ ਵਾਸਤੇ ਸਟੇਟ/ਰਿਆਸਤ ਦੇ ਦਮਨਕਾਰੀ ਹੀਲੇ-ਵਸੀਲੇ ਵਰਤਣ ਲਈ ਕਾਹਲ਼ੀ ਪੈ ਜਾਂਦੀ ਹੈ। ਇਸ ਮਾਮਲੇ ਵਿਚ ਕਿਸੇ ਨੂੰ ਵੀ ਬਖ਼ਸਿ਼ਆ ਨਹੀਂ ਜਾਂਦਾ। ਇਸ ਦਾ ਸ਼ਿਕਾਰ ਬੰਗਲੌਰ ਨਾਲ ਸਬੰਧਤ ਵਾਤਾਵਰਨ ਕਾਰਕੁਨ ਹੋਈ ਹੈ, ਜਾਂ ਗੋਰਖਪੁਰ ਨਾਲ ਸਬੰਧਤ ਜਾਗਦੀ ਜ਼ਮੀਰ ਵਾਲਾ ਕੋਈ ਡਾਕਟਰ, ਜਾਂ ਦਿੱਲੀ ਦਾ ਕੋਈ ਯੂਨੀਵਰਸਿਟੀ ਵਿਦਿਆਰਥੀ। ਭਲਕ ਨੂੰ ਅਜਿਹਾ ਸ਼ਿਕਾਰ ਤੁਸੀਂ ਵੀ ਹੋ ਸਕਦੇ ਹੋ ਪਰ ਜਿਸ ਰਾਹ ਅਸੀਂ ਚੱਲ ਰਹੇ ਹਾਂ, ਸਾਡੇ ਸਮਾਜਿਕ ਅਮਲ ਤੇ ਸਾਡੀ ਸਾਂਝੀ ਮਾਨਸਿਕਤਾ ਵਿਚ ਰਿਆਸਤ ਜਾਂ ਹਾਕਮ ਜਮਾਤ ਦੇ ਕੰਮ-ਕਾਜ ਨੂੰ ਵੱਖ ਵੱਖ ਕਰਨਾ ਮੁਸ਼ਕਿਲ ਹੋਵੇਗਾ। ਆਮ ਸ਼ਹਿਰੀ ਹੋਣ ਦੇ ਨਾਤੇ ਸਾਨੂੰ ਆਪਣੇ ਅੰਦਰ ਝਾਤ ਮਾਰਨ ਅਤੇ ਇਹ ਘੋਖਣ ਦੀ ਲੋੜ ਹੈ ਕਿ ਕਿਤੇ ਅਸੀਂ ਖ਼ੁਦ ਵੀ ਇਸ ਹਿੰਸਾ ਨੂੰ ਹੁਲਾਰਾ ਤਾਂ ਨਹੀਂ ਦੇ ਰਹੇ।
       ਸਾਨੂੰ ਇਹ ਤਸਲੀਮ ਕਰ ਲੈਣਾ ਚਾਹੀਦਾ ਹੈ ਕਿ ਸਾਡਾ ਸਮਾਜ ਹਿੰਸਾ ਭਰਿਆ ਹੈ। ਦਰਅਸਲ, ਸਾਡਾ ਉਹ ਸੱਭਿਆਚਾਰ ਜਿਸ ਨੇ ਕਦੇ ‘ਮਨੂੰ ਸਮ੍ਰਿਤੀ’ ਵਰਗਾ ਗ੍ਰੰਥ ਸਿਰਜਿਆ ਸੀ, ਅਜੇ ਵੀ ਬ੍ਰਾਹਮਣਵਾਦੀ ਪਿਤਾ-ਪੁਰਖੀ ਸੱਤਾਵਾਦੀ ਵਿਖਿਆਨ ਵਿਚੋਂ ਉਪਜੀ ਹਿੰਸਾ ਤੋਂ ਬਾਹਰ ਨਹੀਂ ਆ ਸਕਿਆ। ਕੀ ਸਾਡੇ ਵਿਚੋਂ ਅਜੇ ਵੀ ਬਹੁਤ ਸਾਰੇ ਉਹੋ ਸੋਚ ਆਪਣੇ ਦਿਲੋ-ਦਿਮਾਗ਼ ਵਿਚ ਚੁੱਕੀ ਨਹੀਂ ਫਿਰਦੇ, ਜਿਹੜੀ ‘ਦੂਜਿਆਂ’ ਪ੍ਰਤੀ ਊਚ-ਨੀਚ ਨੂੰ ਮੰਨਦੀ ਹੈ, ਉਨ੍ਹਾਂ ਨੂੰ ਸਮਾਜ ਤੋਂ ਨਿਖੇੜਦੀ ਹੈ ਤੇ ਡਰਾਉਂਦੀ ਹੈ, ਜਾਂ ਕਹਿ ਲਓ, ਕੀ ਇਹ ਇੰਜ ਨਹੀਂ ਹੈ ਕਿ ਅਸੀਂ ਦੇਸ਼ ਵੰਡ ਦੇ ਦੁਖੜੇ ਸਹਿਣ ਅਤੇ ਭਾਰੀ ਫਿ਼ਰਕੂ ਨਫ਼ਰਤ ਝੱਲਣ ਦੇ ਬਾਵਜੂਦ ਉਸ ਮਾੜੀ ਸੋਚ ਤੋਂ ਬਾਹਰ ਨਹੀਂ ਆ ਸਕੇ ਜੋ ਧਰਮ ਤੋਂ ਇਸ ਦੀ ਮੋਹ-ਮੁਹੱਬਤ ਖੋਹ ਲੈਂਦੀ ਹੈ, ਜੋ ਜ਼ਹਿਰ ਉਗਲਦੀ ਹੈ, ਜੋ ਮਿਲਜੁਲ ਕੇ ਜਿਊਣ ਤੇ ਸਬੰਧਤ ਹੋਣ ਦੀ ਭਾਵਨਾ ਨੂੰ ਨਕਾਰਦੀ ਹੈ ਅਤੇ ਵੰਡ ਦੀਆਂ ਕੰਧਾਂ ਖੜ੍ਹੀਆਂ ਕਰ ਦਿੰਦੀ ਹੈ? ਤੇ ਕੀ ਇਹ ਸੱਚ ਹੈ ਕਿ ਸਾਡੀ ਆਧੁਨਿਕਤਾ ਨੇ ਸਾਨੂੰ ‘ਅਤੀਤ ਦਾ ਭਾਰ ਢੋਣ’ ਤੋਂ ਨਿਜਾਤ ਦਿਵਾਉਣ ਦੀ ਥਾਂ ਮਹਿਜ਼ ਖ਼ਪਤਵਾਦ ਨੂੰ ਹੀ ਹੱਲਾਸ਼ੇਰੀ ਦਿੱਤੀ ਹੈ ਜਾਂ ਇਸ ਨੇ ਅਜਿਹਾ ਮੱਧ ਵਰਗ ਪੈਦਾ ਕਰ ਦਿੱਤਾ ਹੈ ਜੋ ਖ਼ਤਰਨਾਕ ਢੰਗ ਨਾਲ ਸਵੈ-ਕੇਂਦ੍ਰਿਤ ਹੈ, ਡਰਪੋਕ ਹੈ ਅਤੇ ਸਮਾਜ ਦੇ ਹੇਠਲੇ ਤਬਕੇ ਦੀ ਦੁਰਦਸ਼ਾ ਪ੍ਰਤੀ ਪੂਰੀ ਤਰ੍ਹਾਂ ਉਦਾਸੀਨ ਤੇ ਬੇਲਾਗ਼ ਹੈ ? ਕੀ ਇਹੋ ਕਾਰਨ ਹੈ ਕਿ ਅੰਨ੍ਹੇ ਰਾਸ਼ਟਰਵਾਦ ਦੀ ਵਿਚਾਰਧਾਰਾ ਆਪਣੇ ਸੱਭਿਆਚਾਰਕ ਤੌਰ ਤੇ ਪਿਛਾਂਹਖਿੱਚੂ ਵਿਖਿਆਨ ਰਾਹੀਂ ਸਾਡੇ ਅੰਦਰ ਸਾਡੀ ਉਸ ਫੁੱਟਪਾਊੁ, ਹਿੰਸਕ, ਜਾਤੀਵਾਦੀ, ਫਿ਼ਰਕੂ ਸੋਚ ਰਾਹੀਂ ਬਣੀ ਰਹਿੰਦੀ ਹੈ, ਜਿਹੜੀ ਸੋਚ ਸਾਨੂੰ ਲਗਾਤਾਰ ਵਿਰਸੇ ਵਿਚ ਮਿਲ ਰਹੀ ਹੈ ?
         ਇਸ ਨੂੰ ਅਕਸਰ ਹਾਕਮ ਜਮਾਤ ਦੇ ਆਪਣੇ ‘ਦੁਸ਼ਮਣ’ ਸਿਰਜਣ, ਉਨ੍ਹਾਂ ਦੀ ਨਿਸ਼ਾਨਦੇਹੀ ਕਰਨ ਅਤੇ ਉਨ੍ਹਾਂ ਨੂੰ ਡਰਾਉਣ ਲਈ ਵਰਤਿਆ ਜਾਂਦਾ ਹੈ ਜਿਨ੍ਹਾਂ ’ਚ ‘ਮਾਓਵਾਦੀ’, ‘ਸ਼ਹਿਰੀ ਨਕਸਲ’, ‘ਟੁਕੜੇ ਟੁਕੜੇ ਗੈਂਗ’, ਸ਼ਹਿਰੀ ਹੱਕਾਂ ਦੇ ਕਾਰਕੁਨ ਅਤੇ ਕਿਸਾਨ ਤੱਕ ਤੇ ‘ਅੰਦੋਲਨਜੀਵੀ’ ਵੀ ਸ਼ਾਮਲ ਹੈ। ਅਜਿਹੇ ਦੌਰ ਜਿਸ ’ਚ ਸਾਨੂੰ ਤਾਕਤਵਰ ਸਿਆਸੀ ਜਮਾਤ ਤੇ ਕਾਰਪੋਰੇਟ ਸਲਤਨਤਾਂ ਅਤੇ ਨਾਲ ਹੀ ਬਾਲੀਵੁੱਡ ਜਾਂ ਕ੍ਰਿਕਟ ਦੀਆਂ ਮਸ਼ਹੂਰ ਹਸਤੀਆਂ ਦਰਮਿਆਨ ਨੇੜਤਾ ਦਿਖਾਈ ਦਿੰਦੀ ਹੈ, ਦੌਰਾਨ ਇਹ ਸੁਭਾਵਿਕ ਹੈ ਕਿ ਬਰਾਬਰੀ, ਸੱਭਿਆਚਾਰਕ ਬਹੁਲਤਾਵਾਦ, ਬੌਧਿਕ ਜੋਸ਼ ਅਤੇ ਰੂਹਾਨੀ ਇਕਾਤਮਕਤਾ ਦੀ ਭਾਵਨਾ ਦਾ ਮਜ਼ਾਕ ਉਡਾਇਆ ਜਾਵੇ। ਇਸ ਹਾਲਤ ’ਚ ਸਿਰਫ਼ ਨਫ਼ਰਤੀ ਮਨੋਬਿਰਤੀ ਦਾ ਬੋਲਬਾਲਾ ਰਹਿ ਜਾਂਦਾ ਹੈ। ਪਾਕਿਸਤਾਨ ਨੂੰ ਨਫ਼ਰਤ। ਕਸ਼ਮੀਰੀ ਮੁਸਲਮਾਨਾਂ ਨਾਲ ਨਫ਼ਰਤ। ਕਮਿਊਨਿਸਟਾਂ ਨਾਲ ਨਫ਼ਰਤ। ਗਾਂਧੀਵਾਦੀ ਅਹਿੰਸਾ ਤੋਂ ਨਫ਼ਰਤ। ਉਸਾਰੂ ਸੋਚ ਤੋਂ ਨਫ਼ਰਤ। ਚੰਗੇਰਾ ਸੰਸਾਰ ਚਿਤਵਣ ਤੇ ਇਸ ਨੂੰ ਸਿਰਜਣ ਦਾ ਸੁਪਨਾ ਦੇਖਣ ਵਾਲੇ ਨੌਜਵਾਨ ਵਿਦਿਆਰਥੀਆਂ ਨਾਲ ਨਫ਼ਰਤ। ਹਰ ਪਾਸੇ ਸਾਜਿ਼ਸ਼ ਹੀ ਸਾਜਿ਼ਸ਼ ਦੇਖੋ : ਭਾਵੇਂ ਇਹ ਕੋਈ ਟਵੀਟ ਹੋਵੇ, ਸੈਮੀਨਾਰ ਹੋਵੇ, ਰੋਸ ਮੁਜ਼ਾਹਰਾ ਜਾਂ ਮਹਿਜ਼ ਕੋਈ ਵਿਅੰਗ ਜਾਂ ਲਤੀਫ਼ਾ ਹੀ ਹੋਵੇ। ਯੂਨੀਵਰਸਿਟੀ ਲਾਇਬਰੇਰੀ ਵਿਚ ਪੁਲੀਸ ਵਾੜ ਦਿਉ। ਐੱਫ਼ਆਈਆਰ ਅਤੇ ਦੇਸ਼-ਧ੍ਰੋਹ ਦੇ ਮੁਕੱਦਮਿਆਂ ਰਾਹੀਂ ਆਪਣਾ ਸੁਨੇਹਾ ਪੁੱਜਦਾ ਕਰੋ। ਗ਼ਾਜ਼ੀਪੁਰ, ਸਿੰਘੂ ਤੇ ਟਿਕਰੀ ਬਾਰਡਰਾਂ ਤੇ ਜਾਣ ਵਾਲਿਆਂ ਨੂੰ ‘ਖ਼ਾਲਿਸਤਾਨੀ’ ਸਮਝੋ । ਹਾਥਰਸ ਤੇ ਉਨਾਓ ਵਰਗੀਆਂ ਮੰਦਭਾਗੀਆਂ ਘਟਨਾਵਾਂ ਵਾਰ ਵਾਰ ਹੋਣ ਦਿਉ, ਤੇ ਮੱਧ ਵਰਗ ਨੂੰ ਬੰਦ-ਦਰਵਾਜ਼ਾ ਭਾਈਚਾਰਿਆਂ ਵਿਚ ਮਹਿਜ਼ ਸ਼ੋਰ ਮਚਾਉਣ ਵਾਲੇ ਟੈਲੀਵਿਜ਼ਨ ਐਂਕਰਾਂ ਦੇ ਪ੍ਰਭਾਵ ਹੇਠ ਪੂਰੀ ਤਰ੍ਹਾਂ ਉਦਾਸੀਨਤਾ ਤੇ ਬੇਲਾਗ਼ ਢੰਗ ਨਾਲ ਵੱਸਦਾ ਰਹਿਣ ਦਿਉ।
       ਅਫ਼ਸੋਸ, ਅਸੀਂ ਹੰਕਾਰਵਾਦ ਨੂੰ ਹੱਲਾਸ਼ੇਰੀ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਸੂਰਤੇਹਾਲ ਵਿਚ ਗੱਲਬਾਤ ਜਾਂ ਵਿਚਾਰ-ਵਟਾਂਦਰੇ ਦੀ ਭਾਵਨਾ ਜਾਂ ਸੰਵੇਦਨਸ਼ੀਲਤਾ ਤੇ ਨਰਮਾਈ ਨੂੰ ‘ਕਮਜ਼ੋਰ’ ਸ਼ਖ਼ਸੀਅਤ ਦੀ ਨਿਸ਼ਾਨੀ ਵਜੋਂ ਦੇਖਿਆ ਜਾਂਦਾ ਹੈ। ਦੂਜੇ ਪਾਸੇ ‘ਮਜ਼ਬੂਤ’ ਆਗੂ ਉਸ ਨੂੰ ਮੰਨਿਆ ਜਾਂਦਾ ਹੈ ਜੋ ਆਪਣੇ ਆਪ ਨੂੰ ਇਸ ਹੱਦ ਤੱਕ ਪਿਆਰ ਕਰਦਾ ਹੈ ਕਿ ਉਸ ਨੂੰ ਆਪਣਾ ਹਰ ਵਚਨ ਇਲਾਹੀ ਸੱਚ ਜਾਪਦਾ ਹੈ, ਤੇ ਉਸ ਦੇ ‘ਪੈਰੋਕਾਰ’ ਹੋਣ ਦੇ ਨਾਤੇ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਉਸ ਦੇ ਮੂੰਹੋਂ ਨਿਕਲੇ ਹਰ ਲਫ਼ਜ਼ ਦਾ ਪਾਲਣ ਕਰੀਏ ਜਾਂ ਨਾਟਕੀ ਢੰਗ ਨਾਲ ਉਸ ਦੀ ਮੌਜੂਦਗੀ ਨਾਲ ਹੀ ਕੀਲੇ ਜਾਈਏ। ਇਹੀ ਨਹੀਂ, ਮਜ਼ਬੂਤ ਆਗੂ ਸਭ ਤਰ੍ਹਾਂ ਦੀਆਂ ਜ਼ਨਾਨਾ ਸੰਵੇਦਨਸ਼ੀਲਤਾਵਾਂ ਨੂੰ ਨਫ਼ਰਤ ਕਰਦਾ ਹੈ ਅਤੇ ਹੰਕਾਰ ਤੇ ਅੰਨ੍ਹੇ ਮਰਦਾਨਾ ਹਮਲਾਵਰ ਅੰਦਾਜ਼ ਉਸ ਦੀ ਖ਼ੂਬੀ ਹੋਣੀ ਚਾਹੀਦੀ ਹੈ। ਆਗੂ ਦੀ ਅੰਤਾਂ ਦੀ ਆਕੜ, ਸੱਤਾ ਦਾ ਗ਼ਰੂਰ ਅਤੇ ਦੂਜੇ ਪਾਸੇ ਅਸੀਂ ਕੋਈ ਵੀ ਇਤਰਾਜ਼ ਨਾ ਕਰਨ ਵਾਲੇ ਖ਼ਾਮੋਸ਼ ਦਰਸ਼ਕ ਜਾਂ ਉਸ ਦੇ ਤਲਿੱਸਮ ਦੇ ਕੀਲੇ ਹੋਏ : ਫਿਰ ਇਸ ਹਾਲਤ ਵਿਚ ਜਮਹੂਰੀਅਤ ਦਾ ਮਰਸੀਆ ਪੜ੍ਹੇ ਜਾਣ ਵਿਚ ਕੀ ਕਸਰ ਬਾਕੀ ਰਹਿ ਗਈ ਹੈ ਜਾਂ ਇਕ ਨਵੀਂ ਤਰ੍ਹਾਂ ਦੀ ਤਾਨਾਸ਼ਾਹੀ ਦੀ ਆਮਦ ਵਿਚ ਹੋਰ ਕੀ ਦੇਰ ਹੈ? ਹਿੰਸਾ ਇਸ ਦਾ ਅਟੱਲ ਸਿੱਟਾ ਹੈ। ਸਾਡੀ ਭਾਸ਼ਾ ਜ਼ਹਿਰ ਭਰੀ ਹੈ, ਸਾਡੇ ਅਲਫ਼ਾਜ਼ ਤਬਾਹੀ ਦੇ ਹਥਿਆਰ ਹਨ: ‘ਗੋਲੀ ਮਾਰੋ... ਕੋ’ ਵਰਗਾ ਨਾਅਰਾ ਵੀ ਹੁਣ ਆਮ ਗੱਲ ਹੋ ਚੁੱਕਾ ਹੈ, ਨਾਲ ਹੀ ਟਰੋਲ ਆਰਮੀ ਵੀ ਅਜੋਕੇ ਸਿਆਸੀ-ਤਹਿਜ਼ੀਬੀ ਵਰਤਾਰੇ ਦਾ ਜ਼ਰੂਰੀ ਹਿੱਸਾ ਬਣ ਚੁੱਕੀ ਹੈ। ਅਸੀਂ ਖ਼ਤਰਨਾਕ ਹੱਦ ਤੱਕ ਹਿੰਸਕ ਹੋ ਚੁੱਕੇ ਹਾਂ।
         ਅੱਜ ਹਾਲਾਤ ਇਹ ਹਨ ਕਿ ਹਾਕਮ ਜਮਾਤ ਚਾਹੁੰਦੀ ਹੈ ਕਿ ਅਸੀਂ ਇਹ ਗੱਲ ਮੰਨ ਲਈਏ ਕਿ ਦਿਸ਼ਾ ਰਵੀ ਵਰਗੀ ਮੁਟਿਆਰ ‘ਭਾਰਤ ਦੀ ਬਦਨਾਮੀ ਕਰਨ ਵਾਲੀ ਕੌਮਾਂਤਰੀ ਸਾਜਿ਼ਸ਼’ ਵਿਚ ਸ਼ਾਮਲ ਹੈ। ਇਸ ਮੌਕੇ ਆਪਣੇ ਆਪ ਨੂੰ ਇਹ ਤਲਖ਼ ਹਕੀਕਤ ਚੇਤੇ ਕਰਾਉਣੀ ਜ਼ਰੂਰੀ ਹੈ : ਸਾਨੂੰ ਵਤਨ ਦੀ ਬਦਨਾਮੀ ਕਰਨ ਵਾਸਤੇ ਸਾਜਿ਼ਸ਼ੀਆਂ ਦੀ ਲੋੜ ਹੀ ਨਹੀਂ ਹੈ, ਅਸੀਂ ਤਾਂ ਆਪਣੀਆਂ ਕਰਤੂਤਾਂ ਰਾਹੀਂ ਆਪਣੇ ਵਤਨ ਦਾ ਅਪਮਾਨ ਕਰ ਰਹੇ ਹਾਂ। ਗਊ ਰੱਖਿਆ ਚੌਕਸੀ ਅਤੇ ਹਜੂਮੀ ਕਤਲਾਂ ਵਰਗੀ ਹਰ ਘਟਨਾ ਨਾਲ ਭਾਰਤ ਦੀ ਬਦਨਾਮੀ ਹੁੰਦੀ ਹੈ। ‘ਲਵ ਜਹਾਦ’ ਦੇ ਹਰ ਵਿਚਾਰ ਨਾਲ ਭਾਰਤ ਬਦਨਾਮ ਹੁੰਦਾ ਹੈ। ਔਰਤਾਂ ਨਾਲ ਹੋਣ ਵਾਲੀ ਜਿਨਸੀ ਹਿੰਸਾ ਨਾਲ ਵੀ ਭਾਰਤ ਦੀ ਵਡਿਆਈ ਨਹੀਂ ਹੁੰਦੀ। ਕਰੋਨਾ ਲੌਕਡਾਊਨ ਦੌਰਾਨ ਆਪਣੇ ਹੀ ਵਤਨ ‘ਚ ਬੇਵਤਨੇ ਹੋਏ ਪਰਵਾਸੀ ਮਜ਼ਦੂਰਾਂ ਦੀ ਮੰਦਹਾਲੀ ਸਾਰੀ ਦੁਨੀਆ ਨੇ ਦੇਖੀ ਜਿਸ ਨਾਲ ਭਾਰਤ ਦੀ ਘੱਟ ਹੇਠੀ ਨਹੀਂ ਹੋਈ। ਜਿਹੋ ਜਿਹਾ ਸਲੂਕ ਸਟੇਟ ਵੱਲੋਂ ਆਪਣੇ ਹੀ ਲੋਕਾਂ, ਖ਼ਾਸਕਰ ਕਿਸਾਨਾਂ, ਦਲਿਤ ਕਾਰਕੁਨਾਂ, ਵਿਦਿਆਰਥੀਆਂ ਜਾਂ ਆਮ ਕਸ਼ਮੀਰੀ ਮਰਦਾਂ ਤੇ ਔਰਤਾਂ ਨਾਲ ਕੀਤਾ ਜਾ ਰਿਹਾ ਹੈ, ਉਸ ਤੋਂ ਸਾਫ਼ ਜ਼ਾਹਿਰ ਹੋ ਜਾਂਦਾ ਹੈ ਕਿ ਕਿਵੇਂ ਉੱਭਰ ਰਹੀ ਤਾਨਾਸ਼ਾਹੀ ਚੁਣ ਚੁਣ ਕੇ ਜਮਹੂਰੀ ਸੋਚ ਨੂੰ ਖ਼ਤਮ ਕਰ ਰਹੀ ਹੈ। ਭਾਰਤ ਕੋਈ ਖ਼ੂਬਸੂਰਤ ਤਸਵੀਰ ਨਹੀਂ, ਭਾਰਤ ਰਿਸ਼ੀਆਂ ਤੇ ਯੋਗੀਆਂ ਦੀ ਕੋਈ ਮਿਥਿਹਾਸਕ ਕਹਾਣੀ ਨਹੀਂ, ਭਾਰਤ ਤਾਂ ਮਹਾਤਮਾ ਬੁੱਧ ਜਾਂ ਗਾਂਧੀ ਦੀ ਕੋਈ ਮੂਰਤੀ ਵੀ ਨਹੀਂ। ਭਾਰਤ ਉਹ ਵੀ ਨਹੀਂ ਜੋ ਇਸ ਦੇ ਸੰਵਿਧਾਨ ਵਿਚ ਲਿਖਿਆ ਹੈ। ਹੁਣ ਭਾਰਤ ਬੁਰੀ ਤਰ੍ਹਾਂ ਜ਼ਖ਼ਮੀ ਹੈ।
     ਸਾਡੀ ਸਮੂਹਿਕ ਮੁਕਤੀ ਦੀ ਸੰਭਾਵਨਾ ਆਪਣੀ ਇਸ ਬਿਮਾਰੀ ਨੂੰ ਮੰਨ ਲੈਣ ਵਿਚ ਹੀ ਹੈ। ਫਿਰ ਆਪਣੇ ਅੰਦਰ ਝਾਕੀਏ ਤਾਂ ਕਿ ਅਸੀਂ ਦੂਜਿਆਂ ਨੂੰ ਦੁਖ ਦੇ ਕੇ ਖ਼ੁਸ਼ ਹੋਣ ਦੇ ਖ਼ਬਤ ਤੋਂ ਛੁਟਕਾਰਾ ਪਾ ਸਕੀਏ, ਘਮੰਡੀ ਤੇ ਦੰਭੀ ਹੋਣ ਦੇ ਖੋਖਲੇਪਣ ਨੂੰ ਪਛਾਣ ਸਕੀਏ, ਪਿਆਰ-ਮੁਹੱਬਤ ਤੇ ਰਹਿਮਦਿਲੀ ਦੀ ਭਾਵਨਾ ਦਾ ਅਹਿਸਾਸ ਕਰ ਸਕੀਏ।
* ਲੇਖਕ ਸਮਾਜ ਸ਼ਾਸਤਰੀ ਹੈ।