ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

15 ਮਾਰਚ 2021

ਜਦੋਂ ਤੱਕ ਦਮ ਹੈ, ਉਦੋਂ ਤੱਕ ਕਿਸਾਨਾਂ ਲਈ ਲੜਾਂਗੀ- ਪ੍ਰਿਅੰਕਾ ਗਾਂਧੀ
ਵਾਢੀ ਨਾਲ਼ ਕਰੂੰਗੀ ਤੇਰੇ, ਦਾਤੀ ਨੂੰ ਲੁਆ ਦੇ ਘੁੰਗਰੂ।

ਦਿੱਲੀਓਂ ਪਰਤੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ‘ਮੂਡ’ ਖ਼ਰਾਬ- ਇਕ ਖ਼ਬਰ
ਅੱਜ ਮੇਰਾ ਮੂਡ ਖ਼ਰਾਬ, ਨਾਲੇ ਕਹਿੰਦੀ ਸਿਰ ਦੁਖਦਾ।

ਭਾਜਪਾ ਨੂੰ ਹਰਾਉਣ ਲਈ ਕਿਤੇ ਵੀ ਜਾਵਾਂਗੇ- ਡੱਲੇਵਾਲ
ਤੇਰੀ ਤੋੜ ਕੇ ਛੱਡਾਂਗੇ ਗਾਨੀ, ਨੀ ਸੋਨੇ ਦੇ ਤਵੀਤ ਵਾਲ਼ੀਏ।

‘ਟਾਈਮ’ ਮੈਗਜ਼ੀਨ ‘ਚ ਮਾਣ ਮਿਲਣ ਮਗਰੋਂ ਤਲਵੰਡੀ ਅਕਲੀਆਂ ਦੀਆਂ ਬੀਬੀਆਂ ਦਾ ਉਤਸ਼ਾਹ ਦੂਣਾ- ਇਕ ਖ਼ਬਰ
ਸੁੱਚਿਆਂ ਰੁਮਾਲਾਂ ਨੂੰ, ਲਾ ਦੇ ਧੰਨ ਕੁਰੇ ਗੋਟਾ।

ਚਾਰ ਮਹੀਨਿਆਂ ਬਾਅਦ ਵੀ ਪੰਜਾਬ ਭਾਜਪਾ ਨੂੰ ਜਨਰਲ ਸਕੱਤਰ ਨਹੀਂ ਮਿਲਿਆ- ਇਕ ਖ਼ਬਰ
ਉਜੜੀਆਂ ਭਰਜਾਈਆ, ਵਲੀ ਜਿਹਨਾਂ ਦੇ ਜੇਠ।

ਜ਼ਿਮਨੀ ਚੋਣਾਂ ‘ਚ ਲੋਕ ਦੇਣਗੇ ਸਰਕਾਰ ਨੂੰ ਜਵਾਬ- ਅਭੈ ਚੌਟਾਲਾ
ਤੈਨੂੰ ਟੱਕਰਾਂਗੇ ਮੈਦਾਨ ਵਿਚ ਸੋਹਣਿਆਂ, ਮੇਲੇ ਮੱਸਿਆ ਦੇ।

ਸੱਤਾ ਦੀ ਸ਼ਹਿ ਤੋਂ ਬਿਗ਼ੈਰ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਗਉਣਾ ਅਸੰਭਵ- ਹਰਪਾਲ ਚੀਮਾ
ਗਿੱਧੇ ਵਿਚ ਨੱਚਦੀ ਦੀ, ਮੈਂ ਘੁੰਡ ‘ਚੋਂ ਅੱਖ ਪਛਾਣੀ।

ਬਿਹਾਰ ਦੇ ਮੰਤਰੀ ਸ਼ਰਾਬ ਦੇ ਕਾਰੋਬਾਰ ‘ਚ ਸ਼ਾਮਲ- ਤੇਜੱਸਵੀ
ਯਾਰ ਇਹ ਕੋਈ ਨਵੀਂ ਗੱਲ ਐ, ਕੋਈ ਹੋਰ ਘਪਲਾ ਲੱਭੋ ਪਿਆਰਿਓ।

ਜ਼ੈੱਡ ਪਲੱਸ ਸੁਰੱਖਿਆ ਨਾ ਦੇਣ ‘ਤੇ ਡੀ.ਜੀ.ਪੀ.ਨਾਲ ਨਾਰਾਜ਼ ਹਨ ਨਿਹੰਗ ਮੁਖੀ- ਇਕ ਖ਼ਬਰ
ਲੋਕਾਂ ਦੀ ਸੁਰੱਖਿਆ ਕਰਨ ਵਾਲ਼ੇ ਹੋਏ ਖੁਦ ਦੀ ਸੁਰੱਖਿਆ ਦੇ ਮੋਹਤਾਜ।

ਇੰਗਲੈਂਡ ਦੀ ਸੰਸਦ ਵਿਚ ਕਿਸਾਨੀ ਅੰਦੋਲਨ ਦੀ ਗੂੰਜ-ਇਕ ਖ਼ਬਰ
ਤਾਰਾਂ ਖੜਕ ਗਈਆਂ, ਜਦ ਗੂੰਜ ਪਈ ਦਰਵਾਜ਼ੇ।

ਖੇਤੀ ਕਾਨੂੰਨ ਰੱਦ ਕਰਵਾਉਣ ਲਈ ਬਰਾਬਰ ਡਟਣਗੀਆਂ ਕਿਸਾਨ ਬੀਬੀਆਂ-ਇਕ ਖ਼ਬਰ
ਜਿੱਥੇ ਚੱਲੇਂਗਾ ਚੱਲੂੰਗੀ ਨਾਲ਼ ਤੇਰੇ , ਵੇ ਟਿਕਟਾਂ ਦੋ ਲੈ ਲਈਂ।

ਮਮਤਾ ਬੈਨਰਜੀ ਨੇ ਵੋਟਰਾਂ ਦਾ ਭਰੋਸਾ ਤੋੜਿਆ-ਮੋਦੀ
ਤੁਸੀਂ ਜਨਾਬ ਸਾਰੇ ਦੇਸ਼ ਦਾ ਭਰੋਸਾ ਤੋੜਿਆ।

ਜੇ ਸਰਕਾਰ ਸੁਧਾਰਾਂ ਲਈ ਰਾਜ਼ੀ ਹੈ ਤਾਂ ਕੋਈ ਇਹ ਨਾ ਸਮਝੇ ਕਿ ਖੇਤੀ ਕਾਨੂੰਨਾਂ ‘ਚ ਕੋਈ ਕਮੀ ਹੈ- ਤੋਮਰ
ਲਉ ਜੀ, ਤੋਮਰ ਸਾਹਿਬ ਤਾਂ ਤੁਰ ਪਏ ਪਿਛਲ ਖੁਰੀਂ।

ਕਿਸਾਨਾਂ ਦੀ ਆੜ ਹੇਠ ਸਿਆਸੀ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ-ਦੁਸ਼ਿਅੰਤ ਚੌਟਾਲਾ
ਨੀ ਉਹ ਲੰਬੜਾਂ ਦਾ ਮੁੰਡਾ ਬੋਲੀ ਹੋਰ ਬੋਲਦਾ।

ਜੇ ਅਧਿਕਾਰੀ ਤੁਹਾਡਾ ਕੰਮ ਨਹੀਂ ਕਰਦੇ ਤਾਂ ਡਾਂਗਾਂ ਨਾਲ਼ ਕੁੱਟੋ- ਕੇਂਦਰੀ ਮੰਤਰੀ ਗਿਰੀ ਰਾਜ
ਇਹਦੇ ਨਾਲੋਂ ਵਧੀਆ ਰਾਮ ਰਾਜ ਕਿਹੜਾ ਹੋਊ ਬਈ!

ਹਿਮਾਚਲ ਪ੍ਰਦੇਸ਼ ਦੇ ਮੰਤਰੀ ਨੇ ਮੋਦੀ ਨੂੰ ਸ਼ਿਵ ਦਾ ਅਵਤਾਰ ਦੱਸਿਆ- ਇਕ ਖ਼ਬਰ
ਬੱਕਰੀ ਨੂੰ ਊਠ ਜੰਮਿਆਂ, ਸਹੁੰ ਰੱਬ ਦੀ ਝੂਠ ਨਾ ਬੋਲਾਂ।