ਸਦਾ ਦੀ ਨੀਂਦ ਸੁੱਤੀ ਮਾਂ ਦੇ ਨਾਂ - ਮਨਿੰਦਰ ਕੌਰ

ਸੋਹਣੀਆਂ, ਕਮਲ਼ੀਆਂ, ਝੱਲੀਆਂ ਮਾਂਵਾਂ
ਮਿੱਠੀਆਂ ਪੌਣਾਂ, ਠੰਢੀਆਂ ਛਾਂਵਾਂ
ਜੇਹਨਾਂ ਦੇ ਗਲ਼ ਲੱਗ ਹੱਸਣਾ, ਰੋਣਾ
ਅੱਖੋਂ ਪਰੋਖੇ ਕਦੇ ਨਾ ਹੋਣਾ
ਸਾਹਾਂ ਦੇ ਵਿਚ ਸਾਹ ਦਾ ਹੋਣਾ
ਸਭ ਕੁਝ ਛੱਡ ਕੇ ਫਿਰ ਕਿਉਂ ਲੁਕੀਆਂ?
ਸੋਹਣੀਆਂ, ਕਮਲ਼ੀਆ, ਝੱਲੀਆਂ ਮਾਂਵਾਂ............
ਰੋਈਏ ਅੱਖੀਂ ਦੇ ਦੇ ਮੁੱਕੀਆਂ
ਸਮਝ ਨਾ ਆਵੇ, ਦਿਲ ਘਬਰਾਵੇ
ਖ਼ਬਰੇ ਕਿੱਧਰ ਚੱਲੀਆਂ ਮਾਂਵਾਂ
ਘਰ ਦੇ ਫ਼ਰਜ਼ਾਂ ਨੇ ਬੰਨ੍ਹ ਰੱਖੀਆਂ
ਦੱਬ ਲੈਣ ਰੀਝਾਂ, ਛੱਡ ਦੇਣ ਸਖੀਆਂ
ਸਭ ਦੇ ਨਾਲ਼ ਵੀ ਹੁੰਦਿਆਂ ਸੁੰਦਿਆਂ
ਅੰਦਰੋਂ ਹੁੰਦੀਆਂ ‘ਕੱਲੀਆਂ ਮਾਂਵਾਂ
ਸੋਹਣੀਆ, ਕਮਲੀਆਂ, ਝੱਲੀਆ ਮਾਂਵਾਂ
ਆਪਣੇ ਦਿਲ ਦੇ ਟੁਕੜੇ ਛੱਡ ਕੇ
ਮੋਹ ਦੇ ਸਾਰੇ ਬੰਧਨ ਕੱਟ ਕੇ
ਕਿੱਧਰ ਨੂੰ ਤੁਰ ਚੱਲੀਆਂ ਮਾਂਵਾਂ
ਘਰ ਨੂੰ ਸੁਰਗ ਦਾ ਦਰਜਾ ਦੇ ਕੇ
ਕਿਹੜੀਆ ਥਾਵਾਂ ਮੱਲੀਆਂ ਮਾਂਵਾਂ?
ਸੋਹਣੀਆਂ, ਕਮਲ਼ੀਆਂ, ਝੱਲੀਆਂ ਮਾਂਵਾਂ