ਨੰਦੀਗ੍ਰਾਮ ਦੇ ਸਮਾਜ ਦਾ ਸਵਰਾਜ - ਵਿਜੈ ਬੰਬੇਲੀ

ਕਿਸਾਨ ਅੰਦੋਲਨ ਕਾਰਨ ਨੰਦੀਗ੍ਰਾਮ ਅੱਜਕੱਲ੍ਹ ਬੜੀ ਚਰਚਾ ਵਿਚ ਹੈ। 2007 ਵਿਚ ਵੀ ਇਹ ਚਰਚਾ ’ਚ ਸੀ। ਨੰਦੀਗ੍ਰਾਮ ਦੇ ਕਿਸਾਨਾਂ ਨੇ 1857 ਵਿਚ ਈਸਟ ਇੰਡੀਆ ਕੰਪਨੀ ਖਿਲਾਫ਼ ਕੁਝ ਇਸੇ ਤਰ੍ਹਾਂ ਦੀ ਲੜਾਈ ਲੜੀ ਸੀ। ਦੇਖਿਆ ਜਾਏ ਤਾਂ 2007 ਦੇ ਅੰਦੋਲਨ ਰਾਹੀਂ ਪਹਿਲੇ ਆਜ਼ਾਦੀ ਸੰਗਰਾਮ ਦੀ 150ਵੀਂ ਵਰ੍ਹੇਗੰਢ ਸਹੀ ਅਰਥਾਂ ਵਿਚ ਨੰਦੀਗ੍ਰਾਮ ਦੇ ਕਿਸਾਨਾਂ ਨੇ ਹੀ ਮਨਾਈ ਸੀ। ਬੰਗਾਲ ਵਿਚ ਪਏ ਇਤਿਹਾਸਕ ਕਾਲ ਤੋਂ ਬਾਅਦ ਉੱਥੇ ਜ਼ਮੀਨੀ ਹੱਕ ਲਈ ਸ਼ੁਰੂ ਹੋਏ ‘ਤੇਭਾਗਾ’ ਅੰਦੋਲਨ ਦਾ ਵੀ ਕੇਂਦਰ ਨੰਦੀਗ੍ਰਾਮ ਹੀ ਰਿਹਾ ਹੈ।
      ਪੱਛਮੀ ਬੰਗਾਲ ਦੇ ਇਕ ਖੂੰਜੇ ਵਿਚ ਗੰਗਾ ਦੇ ਮੁਹਾਣੇ ਉੱਤੇ ਵਸਿਆ ਨੰਦੀਗ੍ਰਾਮ ਛੋਟਾ ਜਿਹਾ ਪਿੰਡ ਪਿਛਲੇਰੇ ਵਰ੍ਹੇ ਦੇ ਸ਼ੁਰੂ ਵਿਚ ਦੇਸ਼ ਦੀ ਚਿੰਤਾ ਹੀ ਨਹੀਂ, ਦੇਸ਼ ਦੇ ਚਿੰਤਨ ਦਾ ਵੀ ਇਕ ਵੱਡਾ ਹਿੱਸਾ ਬਣ ਗਿਆ। ਹੋਇਆ ਇਹ ਕਿ ਨੰਦੀਗ੍ਰਾਮ ਦੀ ਆਲ੍ਹਾ ਉਪਜਾਊ ਜ਼ਮੀਨ ਦੀ ‘ਸੇਜ਼’ ਲਈ ਨਿਸ਼ਾਨਦੇਹੀ ਕੀਤੀ ਗਈ ਸੀ। ‘ਸੇਜ਼’ ਯਾਨੀ ਸਪੈਸ਼ਲ ਇਕਨਾਮਿਕ ਜ਼ੋਨ (ਐਸਈਜ਼ੈੱਡ) ਯਾਨੀ ਖਾਸ ਆਰਥਿਕ ਖੇਤਰ। ਇਸ ਖਾਸ ਆਰਥਿਕ ਖੇਤਰ ਦਾ ਜਨਮ 2006 ਵਿਚ ਸੇਜ਼ ਕਾਨੂੰਨ 2005 ਹੇਠ ਹੋਇਆ ਸੀ। ਇਹ ਕਾਨੂੰਨ ਸਰਕਾਰ ਨੂੰ ਇਸ ਗੱਲ ਦੀ ਛੋਟ ਦਿੰਦਾ ਹੈ ਕਿ ਉਹ ਕਿਸਾਨਾਂ ਦੀ ਜ਼ਮੀਨ ਹਾਸਲ ਕਰਕੇ ਸਨਅਤਾਂ ਨੂੰ ਦੇ ਸਕੇ। ਇਹ ਖੇਤਰ ਪੂਰੀ ਤਰ੍ਹਾਂ ਟੈਕਸ ਮੁਕਤ ਹੋਵੇਗਾ। ਇਹ ਮੁਕਤੀ ਕਿਸ ਤੋਂ? ਇਹੋ ਕਿ ਇੱਥੇ ਕੋਈ ਵੀ ਸਰਕਾਰੀ ਕਾਨੂੰਨ ਲਾਗੂ ਨਹੀਂ ਹੋਵੇਗਾ। ਨਾ ਭੂਮੀ ਕਾਨੂੰਨ, ਨਾ ਆਲਾ-ਦੁਆਲਾ ਕਾਨੂੰਨ, ਨਾ ਮਜ਼ਦੂਰੀ ਕਾਨੂੰਨ ਅਤੇ ਨਾ ਪੰਚਾਇਤੀ ਰਾਜ ਜਿਹਾ ਕਾਨੂੰਨ ਹੀ। ਯਾਨੀ ਇਹ ਖੇਤਰ ਸਾਡੇ ਦੇਸ਼ ਵਿਚ ਹੁੰਦਿਆਂ ਵੀ ਸਾਡੇ ਪ੍ਰਬੰਧ ਤੋਂ ਬਾਹਰ ਹੋਵੇਗਾ।
      ਨੰਦੀਗ੍ਰਾਮ ਵਿਚ ਕਿਸਾਨਾਂ ਦੀ ਉਪਜਾਊ ਜ਼ਮੀਨ ’ਤੇ ਧੜਵੈਲ ਕਾਰਖਾਨੇ ਖੜ੍ਹੇ ਕਰਨ ਦੀ ਕੋਸ਼ਿਸ਼ ਸ਼ੁਰੂ ਹੋਈ। ਪਰ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਜਥੇਬੰਦ ਸੰਘਰਸ਼ ਦੀ ਵਜ੍ਹਾ ਨਾਲ ਧਨ ਕੁਬੇਰਾਂ ਅਤੇ ਸਰਕਾਰ ਦੀਆਂ ਸਾਂਝੀਆਂ ਕੋਸ਼ਿਸ਼ਾਂ ਉੱਤੇ ਪਾਣੀ ਫਿਰ ਗਿਆ। ਕਿਸਾਨਾਂ ਨੇ ਕਮੇਟੀ ਬਣਾਈ ਅਤੇ ਭੂਮੀ ਹਥਿਆਉਣ ਖਿਲਾਫ਼ ਸੰਘਰਸ਼ ਸ਼ੁਰੂ ਕਰ ਦਿੱਤਾ। ਅੰਦੋਲਨ ਕੁਚਲਣ ਲਈ ਦਮਨ ਕੀਤਾ ਗਿਆ। ਸ਼ੰਘਰਸ਼ ਵਿਚ 17 ਕਿਸਾਨ ਮਾਰੇ ਗਏ ਅਤੇ ਫਿਰ 5 ਹੋਰ। ਬਾਅਦ ’ਚ ਤਾਂ ਹੋਰ ਵੀ ਬਥੇਰਾ ਕੁਝ ਮਾੜਾ ਹੋਇਆ, ਵਾਪਰਿਆ, ਪਰ ਕਿਸਾਨ ਡਟੇ ਰਹੇ, ਸਫਲ ਵੀ ਹੋਏ।
     ਅਜਿਹੇ ਸਮੇਂ ਵਿਚ ਜਦੋਂ ਦੁਨੀਆਂ ਵਿਚ ਵਿਸ਼ਵੀਕਰਨ ਦੀ ਹਨੇਰੀ ਝੁੱਲ ਰਹੀ ਹੋਵੇ, ਦੇਸੀ ਪੂੰਜੀ ਦੇ ਤੰਬੂ ਹੀ ਉੱਖੜ ਰਹੇ ਹੋਣ, ਉੱਥੇ ਨੰਦੀਗ੍ਰਾਮ ਦੇ ਮੁੱਠੀ ਭਰ ਕਿਸਾਨਾਂ ਦਾ ਇਹ ਕਰਤੱਬ ਹੈਰਾਨ ਕਰਨ ਵਾਲਾ ਹੈ। ਅਖੀਰ ਅਜਿਹੀ ਕਿਹੜੀ ਪ੍ਰੇਰਕ ਸ਼ਕਤੀ ਸੀ ਜਿਸ ਨੇ ਉਨ੍ਹਾਂ ਨੂੰ ਅਜਿਹਾ ਕਰ ਸਕਣ ਦੀ ਹਿੰਮਤ ਬਖ਼ਸ਼ੀ। ਗੱਲ ਇਹ ਹੈ ਕਿ ਨੰਦੀਗ੍ਰਾਮ ਪਾਣੀ, ਜ਼ਮੀਨ, ਜੈਵ ਵੰਨ-ਸੁਵੰਨਤਾ ਵੱਲੋਂ ਬੜਾ ਖੁਸ਼ਹਾਲ ਹੈ। ਇੱਥੋਂ ਦਾ ਸਮਾਜਿਕ ਤਾਣਾ-ਬਾਣਾ ਵੀ ਓਨਾ ਹੀ ਖੁਸ਼ਹਾਲ ਹੈ। ਜਿਸ ਨੂੰ ਸੱਚਮੁੱਚ ਸਮਾਜ ਕਿਹਾ ਜਾ ਸਕਦੈ, ਨੰਦੀਗ੍ਰਾਮ ਨੂੰ ਅਜਿਹੇ ਸਮਾਜਾਂ ਦੀ ਰਾਜਧਾਨੀ ਕਿਹਾ ਜਾਏ ਤਾਂ ਗ਼ਲਤ ਨਹੀਂ ਹੋਵੇਗਾ। ਹਰ ਪਿੰਡ ਦੇ ਨੇੜੇ ਪਾਣੀ ਲਈ ਇਕ ਤੋਂ ਵੱਧ ਤਲਾਅ ਹਨ। ਹਰ ਖੇਤ ਹੀ ਬਹੁਰੰਗੀ ਫ਼ਸਲਾਂ ਦੀ ਪੈਦਾਵਾਰ ਦੀ ਇਕਾਈ ਹੈ। ਇਨ੍ਹਾਂ ਖੇਤਾਂ ਵਿਚ ਪਾਨ, ਨਾਰੀਅਲ, ਝੋਨਾ, ਕੇਲਾ, ਪਪੀਤਾ, ਸਹਿਜਨੀਆਂ ਤੇ ਕਈ ਕਿਸਮ ਦੀਆਂ ਸਬਜ਼ੀਆਂ ਪੈਦਾ ਹੁੰਦੀਆਂ ਹਨ। ਇਹ ਸਾਰੀਆਂ ਵਸਤਾਂ ਇੱਥੇ ਦੀ ਹੀ ਕਿਸਾਨ ਮੰਡੀ ਵਿਚ ਵੇਚੀਆਂ ਜਾਂਦੀਆਂ ਹਨ। ਇੱਥੇ ਚਾਰ ਕਿਸਮ ਦੇ ਆਲੂ, ਅੱਠ ਤਰ੍ਹਾਂ ਦੇ ਕੇਲੇ ਤੋਂ ਇਲਾਵਾ ਖਜ਼ੂਰ ਤੇ ਤਾੜ ਦਾ ਬਣਿਆ ਗੁੜ ਵੀ ਵਿਕ ਰਿਹਾ ਸੀ। ਇਸ ਬਾਜ਼ਾਰ ਵਿਚ ਵਾਲਮਾਰਟ (ਵਿਦੇਸ਼ੀ ਕੰਪਨੀ), ਰਿਲਾਇੰਸ ਜਾਂ ਕਿਸੇ ਵਿਚੋਲੇ ਲਈ ਕੋਈ ਥਾਂ ਨਹੀਂ ਦਿਸੀ। ਇਹ ਬਾਜ਼ਾਰ ਤਾਂ ਪੈਟਰੋਲ-ਡੀਜ਼ਲ ਤੋਂ ਵੀ ਪੂਰੀ ਤਰ੍ਹਾਂ ਆਜ਼ਾਦ ਸੀ। ਇੱਥੇ ਤਾਂ ਪੈਦਾਵਾਰ ਕਰਨ ਵਾਲੇ ਕਿਸਾਨ ਹੀ ਵਪਾਰੀ ਹਨ, ਓਹੀ ਵੇਚਣ ਵਾਲੇ ਹਨ ਅਤੇ ਓਹੀ ਖ਼ਰੀਦਣ ਵਾਲੇ। ਇਹ ਬਾਜ਼ਾਰ ਵੀ ਇੱਥੋਂ ਦੇ ਸਮਾਜ ਵੱਲੋਂ ਆਪ ਹੀ ਲਾਇਆ ਜਾਂਦਾ ਹੈ। ਇਸ ਲਈ ਨਾ ਕਿਸੇ ਲਾਇਸੈਂਸ ਦੀ ਲੋੜ ਹੈ ਤੇ ਨਾ ਇਸ ਉੱਤੇ ਕਿਸੇ ਰਾਜ ਦਾ ਕੰਟਰੋਲ ਹੈ। ਅਸਲੀ ਅਰਥਾਂ ਵਿਚ ਤਾਂ ਇਹੋ ਹੈ ‘ਆਜ਼ਾਦ ਬਾਜ਼ਾਰ’। ਸੱਚਾ ਆਰਥਕ ਲੋਕਤੰਤਰ ਵੀ ਇਹੋ ਹੈ।
       ਗੰਗਾ ਦੀ ਗੋਦੀ ਵਿਚ ਫੈਲੇ ਇਸ ਖੇਤਰ ਦੇ ਉਪਜਾਊ ਹੋਣ ਦੀ ਵਜ੍ਹਾ ਹੈ ਇਥੋਂ ਦੇ ਜੀਵਾਂ-ਬਨਸਪਤੀਆਂ ਦੀ ਖੁਸ਼ਹਾਲ ਵੰਨ-ਸੁਵੰਨਤਾ। ਅੱਜ ਆਧੁਨਿਕ ਵਿਗਿਆਨਕ ਖੇਤੀ ਨੂੰ ਵੱਧ ਉਪਜਾਊ ਦੱਸਿਆ ਜਾਂਦਾ ਹੈ, ਪਰ ਉਸ ਤੋਂ ਹੋਣ ਵਾਲੇ ਨੁਕਾਸਨ ਦਾ ਹਿਸਾਬ ਕਿਤਾਬ ਨਹੀਂ ਲਾਇਆ ਜਾਂਦਾ। ਸਾਰੇ ਜਾਣਦੇ ਹਨ ਕਿ ਅਜਿਹੀ ਕੈਮੀਕਲ ਖਾਦ ਨਾਲ ਤੇ ਕੀਟਨਾਸ਼ਕਾਂ ਵਾਲੀ ਖੇਤੀ ਨਾਲ ਜੰਗਲ, ਜ਼ਮੀਨ, ਆਲਾ-ਦੁਆਲਾ ਤੇ ਉਸ ਸਾਰੇ ਖੇਤਰ ਦੀਆਂ ਜਿਊਂਦੀਆਂ ਚੀਜ਼ਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ। ਪਰ ਪੈਦਾਵਾਰ ਦੇ ਮਾਮਲੇ ਵਿਚ ਨੰਦੀਗ੍ਰਾਮ ਦੇ ਇਸ ਸੰਘਣੀ ਜੈਵ ਵੰਨ-ਸੁਵੰਨਤਾ ਵਾਲੇ ਛੋਟੇ-ਛੋਟੇ ਖੇਤ ਵੀ ਕੈਮੀਕਲ ਅਤੇ ਮਸ਼ੀਨੀ ਖੇਤੀ ਉੱਤੋਂ ਬਾਜ਼ੀ ਲੈ ਜਾਣਗੇ।
       ਇੱਥੋਂ ਦੇ ਖੇਤਾਂ ਵਿਚ ਪੈਦਾ ਹੋਣ ਵਾਲੀ ਸਾਗ-ਸਬਜ਼ੀ ਤੇ ਅਨਾਜ ਦਾ ਸੁਆਦ ਵੀ ਅਨੋਖਾ ਹੈ। ਕੋਲਕਾਤਾ ਤੋਂ ਲੈ ਕੇ ਨੰਦੀਗ੍ਰਮ ਦੇ ਰਸਤੇ ਵਿਚ ਚੰਗੇ ਢਾਬਿਆਂ, ਹੋਟਲਾਂ ਵਿਚ ਤਰ੍ਹਾਂ-ਤਰ੍ਹਾਂ ਦੇ ਪਕਵਾਨ ਹਨ। ਖਾਣਾ ਮਹਿੰਗਾ ਹੈ, ਪਰ ਸੁਆਦ ਵਿਚ ਉਹ ਸਾਡੇ ਨੰਦੀਗ੍ਰਾਮ ਦੇ ਅੱਗੇ ਕਿਤੇ ਟਿਕਦੇ ਨਹੀਂ ਸਨ। ਖਾਣ-ਪੀਣ ਦੇ ਮਾਮਲੇ ਵਿਚ ਜੋ ਖੁਸ਼ਹਾਲੀ ਨੰਦੀਗ੍ਰਾਮ ਵਿਚ ਹੈ, ਉਹ ਸਾਡੇ ਵੱਡੇ-ਵੱਡੇ ਸ਼ਹਿਰਾਂ ਵਿਚ ਵੀ ਨਹੀਂ ਹੈ। ਇਹੋ ਖੁਸ਼ਹਾਲੀ ਨੰਦੀਗ੍ਰਾਮ ਦਾ ਸਿਰ ਉੱਚਾ ਕਰਦੀ ਹੈ। ਇਸੇ ਨਾਲ ਇੱਥੋਂ ਦੇ ਲੋਕਾਂ ਦਾ ਆਪਣੇ ਵਿਚ ਵਿਸ਼ਵਾਸ ਵਧਿਆ ਹੈ।
      ਦੁਨੀਆਂ ਵਿਚ ਤੇਲ, ਪੈਟਰੋਲ ਲਈ ਭਾਵੇਂ ਯੁੱਧ ਲੜਿਆ ਜਾ ਰਿਹਾ ਹੋਵੇ, ਪਰ ਨੰਦੀਗ੍ਰਾਮ ਤਾਂ ਤੇਲ ਦੀ ਨੀਂਹ ਵਾਲੀ ਓਸ ਨਕਲੀ ਅਰਥ ਵਿਵਸਥਾ ਤੋਂ ਅੱਜ ਦੇ ਇਸ ਜ਼ਮਾਨੇ ਵਿਚ ਵੀ ਆਪਣੇ ਆਪ ਨੂੰ ਪੂਰੀ ਤਰ੍ਹਾਂ ਅੱਡ ਰੱਖੀ ਬੈਠਾ ਹੈ। ਇੱਥੇ ਉਹ ਤਰੱਕੀ ਅਜੇ ਪਹੁੰਚੀ ਹੀ ਨਹੀਂ। ਇੱਥੇ ਆਵਾਜਾਈ ਲਈ ਸਾਈਕਲ ਅਤੇ ਸਾਈਕਲ-ਰਿਕਸ਼ਾ ਮੁੱਖ ਸਾਧਨ ਹਨ। ਜਦੋਂ ਸਰਕਾਰ ਨੇ ਨੰਦੀਗ੍ਰਾਮ ਵਿਚ ਕਾਰਵਾਈ ਦੀ ਯੋਜਨਾ ਬਣਾਈ ਤਾਂ ਕਿਸਾਨਾਂ ਨੇ ਪਿੰਡ ਵੱਲ ਆਉਂਦੇ ਸਾਰੇ ਰਾਹ ਪੁੱਟ ਦਿੱਤੇ, ਸਿੱਟੇ ਵਜੋਂ ਪੁਲੀਸ ਤੇ ਸਰਕਾਰ ਦੀ ਕੋਈ ਗੱਡੀ ਵੀ ਉੱਥੇ ਨਾ ਵੜ ਸਕੀ। ਯਾਨੀ ਇਕ ਤਰ੍ਹਾਂ ਵੇਖਿਆ ਜਾਏ ਤਾਂ ਤੇਲ, ਪੈਟਰੋਲ ਤੋਂ ਉਨ੍ਹਾਂ ਦੀ ਆਜ਼ਾਦੀ ਨੇ ਉਨ੍ਹਾਂ ਦੀ ਜ਼ਮੀਨ ਨੂੰ ਵੀ ਆਜ਼ਾਦ ਰੱਖਣ ਵਿਚ ਸਹਿਯੋਗ ਦਿੱਤਾ ਹੈ। ਉਨ੍ਹਾਂ ਦੀ ਜਿਹੜੀ ਖੁਸ਼ਹਾਲ ਸਮਾਜ ਦੀ ਵਿਵਸਥਾ ਹੈ, ਉਸ ਨੇ ਉਨ੍ਹਾਂ ਦਰਮਿਆਨ ਲੋਕਤੰਤਰ ਨੂੰ ਵੀ ਬਣਾਈ ਰੱਖਿਆ ਹੈ। ਇਹੀ ਲੋਕਤੰਤਰ ਉਨ੍ਹਾਂ ਵਿਚ ਅਨਿਆਂ ਖਿਲਾਫ਼ ਖੜ੍ਹਨ ਦੀ ਚੇਤਨਾ ਵੀ ਪੈਦਾ ਕਰਦਾ ਹੈ। ਉਂਜ ਇੱਥੋਂ ਦੇ ਬਹੁਤੇ ਕਿਸਾਨ ਵੱਖੋ-ਵੱਖ ਕਮਿਊਨਿਸਟ ਦਲਾਂ ਦੇ ਸਮਰਥਕ ਹਨ। ਪਰ ਸੇਜ਼ ਖਿਲਾਫ਼ ਸੰਘਰਸ਼ ਦੇ ਮਾਮਲੇ ਵਿਚ ਇਨ੍ਹਾਂ ਸਾਰਿਆਂ ਨੇ ਆਪੋ ਆਪਣੀਆਂ ਪਾਰਟੀਆਂ ਦੇ ਸਿਧਾਂਤਾਂ ਨੂੰ ਇਕ ਬੰਨੇ ਹੀ ਰੱਖਿਆ। ਭਾਵੇਂ ਇਨਕਲਾਬੀ ਧਿਰਾਂ ਦਾ ਇਸ ਵਿਚ ਸਾਂਝਾ ਦਖ਼ਲ ਸੀ, ਪਰ ਇਹ ਅੰਦੋਲਨ ਕਰੀਬ-ਕਰੀਬ ਆਪ-ਮੁਹਾਰਾ ਸੀ, ਇਸ ਲਈ ਜਦੋਂ ਇਸ ਨੂੰ ਕਿਸੇ ਖਾਸ ਪਾਰਟੀ ਦਾ ਬਣਾਉਣ ਦੀ ਕੋਸ਼ਿਸ਼ ਹੋਈ ਤਾਂ ਸਫਲਤਾ ਨਾ ਮਿਲੀ। ਪੂਰਾ ਮਾਮਲਾ ਇੱਥੇ ਵਿਸ਼ਵੀ ਪੂੰਜੀ ਤੇ ਕਿਸਾਨਾਂ ਦਰਮਿਆਨ ਹੀ ਅੜਿਆ ਰਿਹਾ ਤੇ ਕਿਸਾਨ ਵੀ ਇਸੇ ਵਜ੍ਹਾ ਕਰਕੇ ਏਨੇ ਜਥੇਬੰਦ ਹੋ ਸਕੇ। ਉਂਜ ਇਸ ਤਰ੍ਹਾਂ ਦਾ ਭੂਮੀ ਅੰਦੋਲਨ ਉਨ੍ਹਾਂ ਲਈ ਕੋਈ ਨਵਾਂ ਨਹੀਂ। ਕਰੀਬ ਡੇਢ ਸਦੀ ਪਹਿਲਾਂ ਵੀ ਨੰਦੀਗ੍ਰਾਮ ਦੇ ਕਿਸਾਨਾਂ ਨੇ 1857 ਵਿਚ ਈਸਟ ਇੰਡੀਆ ਕੰਪਨੀ ਖਿਲਾਫ਼ ਕੁਝ ਇਸੇ ਤਰ੍ਹਾਂ ਦੀ ਲੜਾਈ ਲੜੀ ਸੀ। ਇਸ ਤਰ੍ਹਾਂ ਦੇਖਿਆ ਜਾਏ ਤਾਂ 2007 ਦੇ ਅੰਦੋਲਨ ਰਾਹੀਂ ਪਹਿਲੇ ਆਜ਼ਾਦੀ ਸੰਗਰਾਮ ਦੀ 150ਵੀਂ ਵਰ੍ਹੇਗੰਢ ਸਹੀ ਅਰਥਾਂ ਵਿਚ ਨੰਦੀਗ੍ਰਾਮ ਦੇ ਕਿਸਾਨਾਂ ਹੀ ਮਨਾਈ ਸੀ। ਬੰਗਾਲ ਵਿਚ ਪਏ ਇਤਿਹਾਸਿਕ ਕਾਲ ਤੋਂ ਬਾਅਦ ਉੱਥੇ ਜ਼ਮੀਨੀ ਹੱਕ ਲਈ ਸ਼ੁਰੂ ਹੋਏ ‘ਤੇਭਾਗਾ’ ਅੰਦੋਲਨ ਦਾ ਵੀ ਕੇਂਦਰ ਨੰਦੀਗ੍ਰਾਮ ਹੀ ਰਿਹਾ ਹੈ। ਇਉਂ ਭੂਮੀ ਸੰਘਰਸ਼ ਦਾ ਸੁਆਲ ਇਸ ਪਿੰਡ ਦੀ ਨੀਂਹ ਵਿਚ ਹੀ ਰਿਹਾ ਹੈ। ਮੌਜੂਦਾ ਕਿਸਾਨ ਅੰਦੋਲਨ ਅਤੇ ਚੋਣਾਂ ਕਾਰਨ ਇਹ ਫਿਰ ਕੇਂਦਰ ਵਿਚ ਹੈ, ਪਰ ਇਸ ਦੇ ਕੁਝ ਆਪਣੇ ਸਮਾਜਿਕ ਸਰੋਕਾਰ ਹਨ ਜਿਹੜੇ ਹਾਕਮ ਜਮਾਤਾਂ ਨੂੰ ਬੜਾ ਚੁੱਭਦੇ ਹਨ।
       ਨੰਦੀਗ੍ਰਾਮ ਦੇ ਸਮਾਜ ਨੇ ਕੁਝ ਅਜਿਹੇ ਨੇਮ ਬਣਾਏ ਹਨ ਕਿ ਕੋਈ ਵਿਅਕਤੀ ਸਿਰਫ਼ ਮਹਿਮਾਨ ਦੇ ਰੂਪ ਵਿਚ ਹੀ ਉੱਥੇ ਦਾਖਲ ਹੋ ਸਕਦਾ ਹੈ, ਉਹ ਵੀ ਉੱਥੋਂ ਦੇ ਸਮਾਜ ਦੀ ਇਜਾਜ਼ਤ ਤੋਂ ਬਾਅਦ ਹੀ। ਉਥੋਂ ਦੀਆਂ ਔਰਤਾਂ, ਬੱਚੇ, ਬੁੱਢੇ ਤੇ ਨੌਜਵਾਨਾਂ ਦੀ ਉੱਚੀ ਪੱਧਰ ਦੀ ਇਹ ਆਪਾ-ਜਥੇਬੰਦੀ ਬੇਲੋੜੇ ਬਾਹਰਲੇ ਲੋਕਾਂ ਉੱਤੇ ਸਖ਼ਤ ਨਜ਼ਰ ਰੱਖਦੀ ਹੈ। ਇਹੀ ਹੈ ਨੰਦੀਗ੍ਰਾਮ ਤੇ ਉੱਥੋਂ ਦੀ ਸਮਾਜਿਕ ਜਥੇਬੰਦੀ ਦੀ ਅਸਲੀ ਤਾਕਤ।
       ਨੰਦੀਗ੍ਰਾਮ ਦਾ ਖੁਸ਼ਹਾਲ ਸੱਭਿਆਚਾਰ, ਪੇਂਡੂ ਸੱਭਿਆਚਾਰ, ਜ਼ਮੀਨੀ ਸੱਭਿਆਚਾਰ ਉੱਥੋਂ ਦੇ ਸਮਾਜ ਨੂੰ ਮਜ਼ਬੂਤੀ ਦਿੰਦਾ ਹੈ। ਇਹ ਸੱਭਿਆਚਾਰ ਹਿੰਦੂ ਮੁਸਲਮਾਨ ਵਿਚ ਇਕੋ ਜਿਹਾ ਦਿਸਦਾ ਹੈ। ਫਿਰਕੂ ਤਾਕਤਾਂ ਇੱਥੋਂ ਦੇ ਸਮਾਜ ਨੂੰ ਵੰਡ ਨਹੀਂ ਸਕੀਆਂ। ਹਿੰਦੂ ਮੁਸਲਮਾਨ ਆਪੋ-ਆਪਣੀਆਂ ਅੱਡ-ਅੱਡ ਧਾਰਮਿਕ ਮਾਨਤਾਵਾਂ ਨੂੰ ਮੰਨਦੇ ਹਨ, ਪਰ ਸਾਰੇ ਇਕੋ ਹੀ ਸਮਾਜ ਦਾ ਹਿੱਸਾ ਹਨ। ਸੇਜ਼ ਖਿਲਾਫ਼ ਲੜਾਈ ਵਿਚ ਉਹ ਸਾਰੇ ਇਕ ਸਨ। ਉਨ੍ਹਾਂ ਦੀ ਪਛਾਣ ਜ਼ਮੀਨ ਨਾਲ ਜੁੜੀ ਹੋਈ ਹੈ। ਇਹੋ ਪਛਾਣ ਉਨ੍ਹਾਂ ਨੂੰ ਇਕ ਸੂਤਰ ਵਿਚ ਬੰਨ੍ਹਦੀ ਹੈ।

ਸੰਪਰਕ : 94634-39075