ਉਹ ਘਟਨਾ ਜਿਸ ਨੇ ਮੇਰੀ ਜ਼ਿੰਦਗੀ ਨੂੰ ਕੂਹਣੀ ਮੋੜ ਦਿੱਤਾ - ਮਨਦੀਪ ਰਿੰਪੀ

ਕਈ ਵਾਰ ਜ਼ਿੰਦਗੀ ਵੀ ਕਿੰਨਾ ਅਜੀਬ ਖੇਡ ਖੇਡਦੀ ਹੈ । ਜਦੋਂ ਲੱਗਦੈ ਕਿ ਜ਼ਿੰਦਗੀ ਖੁਸ਼ੀਆਂ ਨਾਲ ਮਹਿਕਣ ਵਾਲੀ ਹੈ, ਛੇਤੀ ਹਾਸਿਆਂ ਦੀ ਛਣਕਾਰ ਨਾਲ ਭਰ ਜਾਵੇਗੀ, ਮੁਸਕਰਾਹਟਾਂ ਦੇ ਬੱਦਲਾਂ ਨਾਲ ਘਿਰ ਜਾਵੇਗੀ , ਉਦੋਂ ਹੀ ਅਚਾਨਕ ਤੇਜ਼ ਤੂਫਾਨਾਂ ਦੀ ਤਰ੍ਹਾਂ ਔਕੜਾਂ ਤੇ ਮੁਸੀਬਤਾਂ ਦੀਆਂ  ਘਾਟੀਆਂ ਵੱਲ ਧੱਕਦੀ ਹੈ । ਇਨਸਾਨ ਧੁਰ ਅੰਦਰੋਂ ਕੰਬ ਉੱਠਦਾ ਹੈ। ਉਹ ਸਮਝ ਨਹੀਂ ਪਾਉਂਦਾ ਜ਼ਿੰਦਗੀ ਦੇ ਇਸ ਦੋਹਰੇ ਮੁਖੌਟੇ ਲੱਗੇ ਚਿਹਰੇ ਦੀ ਅਸਲੀਅਤ । ਉਹ ਸਮਝ ਨਹੀਂ ਪਾਉਂਦਾ ਆਪਣੇ ਹਿੱਸੇ ਆਈਆਂ ਖੁਸ਼ੀਆਂ ਤੇ ਰੌਣਕਾਂ ਦਾ ਅਚਨਚੇਤ ਹੋਂਕਿਆਂ ਤੇ ਹਾਵਿਆਂ ਵਿੱਚ ਤਬਦੀਲ ਹੋਣ ਦਾ ਫ਼ਲਸਫਾ ।
        ਮੇਰੀ ਜ਼ਿੰਦਗੀ ਵਿਚ ਵੀ ਕੁਝ ਅਜਿਹਾ ਹੀ ਵਾਪਰਿਆ ਜਿਸ ਨੇ ਮੇਰੀ ਜ਼ਿੰਦਗੀ ਨੂੰ, ਮੇਰੀ ਪਹਿਚਾਣ ਨੂੰ ,ਮੇਰੀ ਮਨੋਸਥਿਤੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ । ਆਮ ਤੌਰ ਤੇ ਕੋਈ ਵੀ ਘਟਨਾ ਅਚਨਚੇਤ ਪਲਾਂ ਵਿੱਚ ਹੀ ਘਟ ਜਾਂਦੀ ਹੈ ਤੇ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤੀ ਹੈ ਅਤੇ ਕਈ ਵਾਰ ਕਿਸੇ ਘਟਨਾ ਦਾ ਪਲਾਟ ਸਮੇਂ ਦੀਆਂ ਪਰਤਾਂ ਹੇਠ ਹੀ ਹੌਲੀ ਹੌਲੀ ਤਿਆਰ ਹੁੰਦਾ ਰਹਿੰਦੈ ਤੇ ਅਚਾਨਕ ਹੀ ਉਹ ਇੱਕ ਵਿਸਫੋਟਕ ਦਾ ਰੂਪ ਅਖਤਿਆਰ  ਕਰ ਸਾਹਮਣੇ ਆ ਜਾਂਦੀ । ਮੇਰੇ ਨਾਲ ਵੀ ਕੁਝ ਅਜਿਹਾ ਹੀ ਵਾਪਰਿਆ। ਸਾਲ 2019 ਫਰਵਰੀ ਤੋਂ ਮਈ ,ਜੂਨ ਮਹੀਨੇ ਮੇਰੀ ਜ਼ਿੰਦਗੀ ਦੇ ਬਹੁਤ ਹੀ ਔਖੇ ਮਹੀਨੇ ਸਨ । ਮੈਂ ਆਪਣੀ ਜ਼ਿੰਦਗੀ ਚੋਂ ਇੱਕ ਨਵੀਂ  ਜ਼ਿੰਦਗੀ  ਦੀ ਆਸ ਲਾਈ ਬੈਠੀ ਸਾਂ।ਮੈਂ ਖੁਸ਼ ਸਾਂ ਕਿ ਮੇਰੀ ਧੀ ਨਾਲ ਇਸ ਦਾ ਇੱਕ ਸਾਥੀ ਭੈਣ ਜਾਂ ਭਰਾ ਦੇ ਰੂਪ ਵਿੱਚ ਇਸ ਨਾਲ ਖੇਡਿਆ ਕਰੇਗਾ। ਇਸਦੇ ਰਿਸ਼ਤਿਆਂ ਦੀ ਸਾਂਝ ਵਧੇਗੀ ।ਪਰਿਵਾਰਕ ਜੀਆਂ ਵਿੱਚ ਵਾਧਾ ਹੋਵੇਗਾ ਪਰ ਸ਼ਾਇਦ ਸਮੇਂ ਨੇ ਮੇਰੇ ਲਈ , ਮੇਰੇ ਸੁਪਨਿਆਂ ਲਈ , ਮੇਰੀਆਂ ਤਾਂਘਾਂ ਲਈ, ਮੇਰੀਆਂ ਉਮੀਦਾਂ ਲਈ, ਕੁਝ ਹੋਰ ਹੀ ਮਿੱਥਿਆ ਹੋਇਆ ਸੀ । ਮੇਰਾ ਅਚਾਨਕ ਕੇਸ ਖਰਾਬ ਹੋਣ ਕਾਰਨ ਮੇਰੇ ਸੁਪਨਿਆਂ ਦਾ ਮੇਰੀਆਂ ਅੱਖਾਂ ਵਿੱਚ ਹੀ ਕਤਲ ਹੋ ਜਾਣਾ , ਮੈਂਥੋ ਸਹਾਰਿਆ  ਨਹੀਂ ਸੀ ਜਾ ਰਿਹਾ। ਮੈਂ ਆਪਣੇ ਆਪ ਵਿੱਚ ਗੁੰਮ ਹੁੰਦੀ  ਜਾ ਰਹੀ  ਸੀ। ਮੈਨੂੰ ਆਪਣੇ ਸਾਰੇ ਰਿਸ਼ਤੇ ਹੀ ਓਪਰੇ- ਓਪਰੇ ਲੱਗਣ ਲੱਗੇ। ਮੈਂ ਆਪਣੀ ਧੀ ਨਾਲ ਵੀ ਇਨਸਾਫ਼ ਨਹੀਂ ਸੀ ਕਰ ਪਾ ਰਹੀ। ਉਸ ਦੇ ਹਿੱਸੇ ਦਾ ਲਾਡ ਵੀ ਕਿਧਰੇ ਗੁਆਚਦਾ ਜਾ ਰਿਹਾ ਸੀ ।ਅਬਾਰਸ਼ਨ ਦੀ ਘਟਨਾ ਨੇ ਮੈਨੂੰ ਅੰਦਰੋਂ ਖੋਖਲਾ ਕਰ ਕੇ ਰੱਖ  ਦਿੱਤਾ । ਪਤਾ ਨਹੀਂ ?ਮੈਂ ਆਪਣੇ ਆਪ ਤੋਂ ਗੁੱਸੇ ਸੀ, ਜਾ ਸ਼ਾਇਦ ਆਪਣੀ ਕਿਸਮਤ ਤੋਂ ਨਾਰਾਜ਼ । ਹੁਣ ਮੈਂ ਚੁੱਪ ਰਹਿੰਦੀ ਸੀ ਜ਼ੁਬਾਨ ਤੋਂ । ਪਰ ਮੇਰੇ ਅੰਦਰ ਹਮੇਸ਼ਾ ਇੱਕ ਯੁੱਧ ਛਿੜਿਆ ਰਹਿੰਦਾ। ਮੇਰੇ ਆਪਣੇ ਹੀ ਜਜ਼ਬਾਤ ਕਦੇ ਸਵਾਲ ਤੇ ਕਦੇ ਜਵਾਬ ਬਣ ਮੇਰੇ ਸਾਹਮਣੇ ਆਕੜ ਕੇ ਖੜ੍ਹੇ ਰਹਿੰਦੇ।
         ਫਿਰ ਅਚਾਨਕ ਇੱਕ ਦਿਨ ਜੂਨ ਮਹੀਨੇ ਦੀਆਂ ਛੁੱਟੀਆਂ ਵਿੱਚ ਮੇਰੀ ਬਹੁਤ ਹੀ ਪਿਆਰੀ ਸਹੇਲੀ ,ਜੋ ਅਮਰੀਕਾ 'ਚ ਵੱਸਦੀ ਹੈ, ਦਾ ਫੋਨ ਆਇਆ।ਅਸੀਂ ਦੋਵਾਂ ਨੇ ਗੱਲਾਂ - ਗੱਲਾਂ ਵਿੱਚ ਆਪਣੇ ਬਚਪਨ ਵਿੱਚ ਝਾਤੀਆਂ ਮਾਰੀਆਂ । ਪਰ ਅਚਾਨਕ ਉਸ ਦੀ ਕਵਿਤਾ ਦੀ ਮੰਗ ਨੇ ਮੈਨੂੰ ਹਲੂਣ ਕੇ ਰੱਖ ਦਿੱਤਾ ।ਅਚਨਚੇਤ ਮੇਰੇ ਮੂੰਹੋਂ ਨਿਕਲਿਆ, "ਹਾਂ ਸੱਚ! ਮੈਂ ਤਾਂ ਕਦੇ ਲਿਖਦੀ ਸੀ।"
....." ਲਿਖਦੀ ਸੀ ? ਕੀ ਮਤਲਬ ਹੁਣ ਨਹੀਂ ਲਿਖਦੀ ?".....
"ਨਹੀਂ  ਹੁਣ ਤਾਂ ਪਤਾ ਨਹੀਂ ਕਿੰਨਾ ਚਿਰ ਹੋ ਗਿਆ ਕਲਮ ਚੁੱਕਿਆ ,ਆਪਣੇ ਜਜ਼ਬਾਤ ਕਾਗਜ਼ ਤੇ ਉੱਕਰਿਆ।"
ਇਹ ਸੁਣ ਉਸਨੇ ਆਖਿਆ," ਉਦੋਂ ਫ਼ੋਨ ਕਰੀਂ ਜਦੋਂ ਕੋਈ ਨਵੀਂ ਕਵਿਤਾ ਲਿਖੀ।" ਅਤੇ ਉਸਨੇ ਫੋਨ ਕੱਟ ਦਿੱਤਾ । ਮੈਂ ਸਾਰੀ ਰਾਤ ਆਪਣੇ ਆਪ ਨੂੰ ਕਵਿਤਾ ਦੀਆਂ ਤੰਦਾਂ ਵਿੱਚ ਉਲਝੀ ਹੋਈ ਮਹਿਸੂਸ ਕਰਦੀ ਰਹੀ ਤੇ ਆਖਰਕਾਰ ਇੱਕ ਕਵਿਤਾ ਲਿਖ ਹੀ ਲਈ।
"ਮਨ ਦੇ ਜਜ਼ਬੇ ਮਨ ਦੇ ਅੰਦਰ ,
ਗੁੱਥਮ ਗੁੱਥੀ ਕਰਿਆ ਨਾ ਕਰ।
ਲੋਕੀ ਪਿੱਠ ਦੇ ਪਿੱਛੇ ਹੱਸਦੇ ,
ਤੂੰ ਹਾਸੇ ਤੋਂ ਡਰਿਆ ਨਾ ਕਰ।"
ਇਹ ਮੇਰੀ ਪਹਿਲੀ ਰਚਨਾ ਸੀ ਇੱਕ ਲੰਮੇ ਸਫ਼ਰ ਤੋਂ ਬਾਅਦ ਜਾਂ ਇੰਝ ਕਹਿ ਲਓ ਮੇਰੀ ਨਵੀ ਸਿਰਜਣਾ ਦੀ ਨਵੀਂ ਉਡਾਰੀ। ਹੁਣ ਮੈਂ ਲਿਖਦੀ ਹਾਂ, ਕਦੇ ਕਵਿਤਾਵਾਂ ਤੇ ਕਦੇ ਕਹਾਣੀਆਂ। ਮੇਰੀ ਇੱਕ ਕਵਿਤਾਵਾਂ ਦੀ ਕਿਤਾਬ,"ਜਦੋਂ ਤੂੰ ਚੁੱਪ ਸੀ" ਨਵੰਬਰ 2020  ਵਿੱਚ ਲੋਕ ਅਰਪਣ ਹੋਈ ਅਤੇ ਲੋਕਾਂ ਦਾ ਅਥਾਹ ਪਿਆਰ ਮੇਰੀ ਝੋਲੀ ਪਿਆ। ਹੁਣ ਮੈਂ ਖੁਸ਼ ਰਹਿੰਦੀ ਹਾਂ,  ਆਪਣੀਆਂ ਰਚਨਾਵਾਂ ਨਾਲ ।
          ਮੈੰ ਕਦੇ ਬਾਲ ਸਾਹਿਤ ਦੀ ਸਿਰਜਣਾ ਨਹੀਂ ਸੀ ਕੀਤੀ ਜਾਂ ਇੰਝ ਕਹਿ ਲਓ ਕਿ ਕਾਗਜ਼ਾਂ ਤੇ ਕਦੇ ਨਹੀਂ ਸੀ ਉੱਕਰਿਆ। ਉਂਝ ਭਾਵੇਂ ਪ੍ਰਾਇਮਰੀ ਅਧਿਆਪਿਕਾ ਹੋਣ ਦੇ ਮਾਣ ਸਦਕੇ ਆਪਣੀ ਰੂਹ ਦੀ  ਬੁੱਕਲ ਵਿਚ ਬਾਲ ਕਹਾਣੀਆਂ ਸਿਰਜਦੀ-ਸਿਰਜਦੀ ਬਾਲ ਹੀ ਬਣ ਜਾਂਦੀ ਅਤੇ ਬਾਲਾਂ ਦੇ ਹਾਣ ਦੀ ਬਣ  ਉਨ੍ਹਾਂ ਨੂੰ ਸੁਣਾਉਂਦੀ ਰਹਿੰਦੀ।  ਇਸ ਤਰ੍ਹਾਂ ਬੱਚਿਆਂ ਨਾਲ ਲਾਡ- ਲਾਡ ਵਿੱਚ ਬਾਲ ਸਾਹਿਤ ਦੀ ਸਿਰਜਣਾ ਕਰਦੀ - ਕਰਦੀ , ਉਨ੍ਹਾਂ ਦੀ ਰੂਹ ਅੰਦਰ ਕਦੋੰ ਰਚ- ਮਿਚ ਗਈ ਮੈਨੂੰ ਖ਼ੁਦ ਵੀ ਪਤਾ ਨਾ ਲੱਗਿਆ। ਹੁਣ ਹਮੇਸ਼ਾ ਇੱਝ ਲੱਗਦਾ ਜਿਵੇੰ ਮੇਰੇ ਨਾਲ- ਨਾਲ  ਬੱਚਿਆਂ ਦੀਆਂ ਅਸੀਸਾਂ ਸਦਾ ਤੁਰਦੀਆਂ ਰਹਿੰਦੀਆਂ ਨੇ । ਮੈਂ ਇਸ ਲਾਕਡਾਊਣ ਦੇ  ਦੌਰਾਨ ਬੱਚਿਆਂ ਲਈ ਪੰਜ ਸੌ ਤੋਂ ਵੱਧ ਵੀਡੀਓਜ਼ ਕਹਾਣੀਆਂ ਅਤੇ ਬਾਲ ਗੀਤਾਂ ਦੀਆਂ ਬਣਾ ਕੇ ਸ਼ੇਅਰ ਕੀਤੀਆਂ । ਮੇਰੀ ਅੱਜ ਰੂਹ ਦੀ ਝੋਲੀ  ਉਨ੍ਹਾਂ ਬੱਚਿਆਂ ਦੇ ਪਿਆਰ ਨਾਲ਼ ਭਰੀ ਹੋਈ ਹੈ, ਜਿਨ੍ਹਾਂ ਨੂੰ ਮੈਂ ਕਦੀ ਵੇਖਿਆ ਨਹੀਂ , ਜਿਨ੍ਹਾਂ ਦੇ ਮੈਂ ਨਾਂ ਤਕ ਨਹੀਂ ਜਾਣਦੀ ਤੇ ਉਹ ਮੈਨੂੰ ਬੜੇ ਪਿਆਰ ਨਾਲ ਰਿੰਪੀ ਮੈਡਮ - ਰਿੰਪੀ ਮੈਡਮ , ਆਖ  ਹੱਕ ਅਤੇ ਆਪਣੇਪਣ ਨਾਲ਼  ਫੋਨ ਕਰ ਮੇਰੇ ਨਾਲ ਆਪਣੇ ਦਿਲ ਦੀਆਂ ਸਾਂਝਾਂ ਪਾਉਂਦੇ ਹਨ ।
                ਮੈਂ ਜਦੋਂ ਅੱਖਰਾਂ ਨਾਲ਼ ਗੱਲਾਂ ਕਰਦੀ ਤਾਂ ਮੈਨੂੰ ਅੱਖਰ ਮੇਰੇ ਨਾਲ ਗੱਲਾਂ ਕਰਦੇ ਜਾਪਦੇ , ਹੁੰਗਾਰੇ  ਭਰਦੇ ਨਜ਼ਰ ਆਉਂਦੇ , ਮੇਰੀ ਕਲਮ ਤੇ ਕਾਗਜ਼ ਨਾਲ ਡੂੰਘੀ ਸਾਂਝ  ਪਾਉਂਦੇ ਲੱਗਦੇ । ਹੁਣ ਮੈੰ ਆਪਣੀ ਧੀ ਨੂੰ ਉਸ ਦੇ ਹਿੱਸੇ ਦਾ ਪੂਰਾ ਮੋਹ ਦਿੰਦੀ ਹਾਂ । ਉਸ ਆਬਰਸ਼ਨ ਦੀ ਘਟਨਾ  ਨੇ ਮੇਰੀ ਜਿੰਦਗੀ ਨੂੰ ਇਕ ਨਵਾਂ ਤੇ ਨਰੋਆ ਮੋਡ਼ ਦਿੱਤਾ । ਹੁਣ ਮੈਂ ਮਹਿਸੂਸ ਕਰਦੀ ਹਾਂ,ਆਪਣੇ ਜਜ਼ਬਾਤ ਨੂੰ,ਹੁਣ ਮੈੰ ਹੱਸਦੀ ਵੀ ਹਾਂ ਤੇ  ਰੋਂਦੀ ਵੀ ਹਾਂ। ਅੱਜ ਮੈਂ  ਮਹਿਸੂਸ ਕਰਦੀ ਹਾਂ ਕਿ ਹਰ ਘਟਨਾ ਆਪਣੇ ਨਾਲ ਕੁਝ ਖਾਸ ਤੇ ਕੁਝ ਨਵਾਂ  ਜ਼ਰੂਰ ਲੈ ਕੇ ਆਉਂਦੀ । ਪਰ ਅਸੀਂ ਉਸ ਨਵੀਂ ਮਿਲੀ ਸੌਗਾਤ  ਨੂੰ ਭੁੱਲ ਕੇ , ਜੋ ਸਾਨੂੰ ਨਹੀਂ ਮਿਲਿਆ ਉਸ ਦੇ ਪਿੱਛੇ ਹੀ ਭੱਜੇ ਫਿਰਦੇ ਹਾਂ ਤੇ ਆਪਣੇ ਹਿੱਸੇ ਦੀਆਂ ਖੁਸ਼ੀਆਂ ਨੂੰ ਆਪੇ ਗ਼ਮਾਂ ਵਿੱਚ ਬਦਲ ਕੇ ਰੱਖ ਦਿੰਦੇ ਹਾਂ...ਇਹ ਜ਼ਿੰਦਗੀ ਦੀ ਕੌੜੀ ਸੱਚਾਈ ਹੈ ਤੇ ਬਹੁਤ ਘੱਟ ਲੋਕ ਇਸ ਸਚਾਈ ਦਾ ਸਾਹਮਣਾ ਕਰਨ ਲਈ ਡਟ ਕੇ ਖੜ੍ਹਦੇ ਨੇ ਤੇ ਜੋ ਖੜ੍ਹਦੇ ਨੇ,ਹਾਲਾਤਾਂ ਨਾਲ ਲੜਦੇ ਨੇ ,ਜਿੱਤ ਉਨ੍ਹਾਂ ਦੀ ਯਕੀਨੀ  ਹੁੰਦੀ ਹੈ।  
        ਜ਼ਿੰਦਗੀ ਦੀ ਉਂਗਲ ਫੜ ਬੰਦਾ ਕਿੱਧਰ ਤੋਂ ਕਿੱਧਰ ਮੁੜਦਾ ਉਸਨੂੰ ਖ਼ੁਦ ਪਤਾ ਨਹੀਂ ਲੱਗਦਾ ਤੇ ਜ਼ਿੰਦਗੀ ਜਿੱਧਰ ਧੱਕਦੀ ਹੈ , ਉੱਧਰ ਹੀ ਤੁਰ ਪੈਂਦਾ ਹੈ, ਪਰ ਇਹ ਬੰਦੇ ਦਾ ਆਪਣਾ ਹੁਨਰ ਹੈ ਕਿ  ਉਸਨੇ ਜ਼ਿੰਦਗੀ ਦੀ ਸੜਕ ਤੇ ਵਿਚਰਨਾ ਕਿਵੇਂ ਹੈ  ?  ਅੱਗੇ ਵਧਣਾ ਹੈ ਜਾਂ ਰੁਕਣਾ ਹੈ ?  ਜੋ ਜ਼ਿੰਦਗੀ ਦੀ ਕੰਡਿਆਲੀ ਸੜਕ ਤੇ ਵੀ ਹੱਸਦਾ- ਹੱਸਦਾ ਅੱਗੇ ਤੁਰ ਪਿਆ , ਉਹ ਕਦੇ ਹਾਰ ਨਹੀਂ ਮੰਨ ਸਕਦਾ , ਨਾ ਆਪਣੇ  ਹਾਲਾਤ ਤੋਂ  ਤੇ ਨਾ ਸਮੇਂ ਤੋਂ । ਉਹ ਤਾਂ  ਜ਼ਿੰਦਗੀ ਨੂੰ ਆਪਣੇ ਮੁਤਾਬਿਕ ਢਾਲ ਕੇ ਹੀ ਸਾਹ ਲੈਂਦਾ ਹੈ ।

ਮਨਦੀਪ ਰਿੰਪੀ
9814385918
ਰੂਪਨਗਰ