ਸਬਰ, ਸੰਤੋਖ, ਸੰਤੁਸ਼ਟੀ ਅਤੇ ਇਮਾਨਦਾਰੀ ਦਾ ਪ੍ਰਤੀਕ ਦਲਜੀਤ ਸਿੰਘ ਭੰਗੂ - ਉਜਾਗਰ ਸਿੰਘ

ਬੱਚੇ ਦੇ ਵਿਅਕਤਿਵ ਉਪਰ ਉਸਦੀ ਵਿਰਾਸਤ, ਮਾਤਾ ਪਿਤਾ ਅਤੇ ਆਲੇ ਦੁਆਲੇ ਦੇ ਵਾਤਾਵਰਨ ਦਾ ਗਹਿਰਾ ਪ੍ਰਭਾਵ ਪੈਂਦਾ ਹੈ। ਫਿਰ ਉਹ ਸਾਰੀ ਉਮਰ ਉਸੇ ਪ੍ਰਭਾਵ ਅਧੀਨ ਸਮਾਜ ਵਿਚ ਵਿਚਰਦਾ ਰਹਿੰਦਾ ਹੈ। ਜਿਉਂ ਜਿਉਂ ਉਹ ਜਵਾਨ ਹੁੰਦਾ ਹੈ, ਤਿਉਂ ਤਿਉਂ ਹੀ ਉਸਦੀ ਵਿਰਾਸਤ ਦਾ ਪ੍ਰਭਾਵ ਹੋਰ ਪਕੇਰਾ ਹੁੰਦਾ ਜਾਂਦਾ ਹੈ। ਜਿਸਦੇ ਸਿੱਟੇ ਵਜੋਂ ਸਮਾਜ ਵਿਚ ਉਸਦੀ ਪਛਾਣ ਨਿਵੇਕਲੀ ਹੋ ਜਾਂਦੀ ਹੈ। ਵਿਰਾਸਤ ਅਜਿਹਾ ਕੀਮਤੀ ਗਹਿਣਾ ਹੈ, ਜਿਹੜਾ ਪੁਸ਼ਤ ਦਰ ਪੁਸ਼ਤ ਰੌਸ਼ਨੀ ਦਿੰਦਾ ਰਹਿੰਦਾ ਹੈ। ਜਿਹੜਾ ਇਨਸਾਨ ਆਪਣੀ ਵਿਰਾਸਤ ਉਪਰ ਮਾਣ ਕਰਦਾ  ਹੋਇਆ ਅੱਗੇ ਵਧਦਾ ਹੈ, ਉਸਦਾ ਸਮਾਜ ਵਿਚ ਵੀ ਸਤਿਕਾਰ ਹੁੰਦਾ ਹੈ। ਜਿਸ ਵਿਅਕਤੀ ਦੀ ਵਿਰਾਸਤ ਅਮੀਰ ਹੋਵੇ ਅਤੇ ਪਿਤਾ ਅਧਿਆਪਕ ਹੋਵੇ, ਉਸ ਲਈ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ। ਜੇਕਰ ਉਹ ਵਿਅਕਤੀ ਇਮਾਨਦਾਰ ਹੋਵੇ ਤਾਂ ਮਾਣ ਨਾਲ ਸਿਰ ਉਚਾ ਕਰਕੇ ਜ਼ਿੰਦਗੀ ਬਤੀਤ ਕਰਦਾ ਸਕਦਾ ਹੈ। ਫਿਰ ਉਹ ਵਿਅਕਤੀ ਆਪਣੀ ਵਿਰਾਸਤ ਦੀ ਸੁਗੰਧ ਆਪਣੇ ਕੰਮਾ ਕਾਰਾਂ ਨਾਲ ਫੈਲਾਉਂਦਾ ਰਹਿੰਦਾ ਹੈ। ਅਜਿਹਾ ਹੀ ਇਕ ਸੇਵਾ ਮੁਕਤ ਪੰਜਾਬ ਸਿਵਲ ਸਰਵਿਸ ਦਾ ਅਧਿਕਾਰੀ ਦਲਜੀਤ ਸਿੰਘ ਭੰਗੂ ਹੈ, ਜਿਸਨੇ ਆਪਣੀ ਸਾਰੀ ਨੌਕਰੀ ਦੌਰਾਨ ਇਮਾਨਦਾਰੀ ਦਾ ਪੱਲਾ ਨਹੀਂ ਛੱਡਿਆ। ਇਸ ਕਰਕੇ ਉਹ ਆਪਣੀ ਅਮੀਰ ਸਿੱਖ ਵਿਰਾਸਤ ਦਾ ਪਹਿਰੇਦਾਰ ਕਹਾਉਣ ਦਾ ਹਕਦਾਰ ਬਣ ਗਿਆ ਹੈ। ਕੁਦਰਤੀ ਹੈ ਕਿ ਸਮਾਜ ਵਿਚ ਉਸਦਾ ਆਦਰ ਮਾਣ ਅਤੇ ਸਤਿਕਾਰ ਬਣਿਆਂ ਹੋਇਆ ਹੈ। ਇਮਾਨਦਾਰੀ ਦੇ ਪ੍ਰਤੀਕ ਦਲਜੀਤ ਸਿੰਘ ਭੰਗੂ ਪੀ ਸੀ ਐਸ ਵਿਚ ਆਉਣ ਤੋਂ ਪਹਿਲਾਂ ਅਧਿਆਪਕ ਸਨ। ਆਪਣੀ ਅਮੀਰ ਵਿਰਾਸਤ ਕਰਕੇ ਉਹ ਅਧਿਆਪਕ ਜਥੇਬੰਦੀ ਵਿਚ ਸਰਗਰਮੀ ਨਾਲ ਵਿਚਰਦੇ ਰਹੇ। ਜਥੇਬੰਦੀ ਦੀ ਲਹਿਰ ਵਿਚ ਲਗਾਤਰ ਸਰਕਾਰੀ ਦਮਨਕਾਰੀ ਨੀਤੀਆਂ ਦਾ ਵਿਰੋਧ, ਭਰਿਸ਼ਟਾਚਾਰ ਅਤੇ ਹੋਰ ਊਣਤਾਈਆਂ ਦੂਰ ਕਰਨ ਲਈ ਦਿ੍ਰੜ੍ਹਤਾ ਨਾਲ 22 ਸਾਲ ਜਦੋਜਹਿਦ ਕਰਦੇ ਹੋਏ, ਪੰਜਾਬ ਸਿਵਲ ਸਰਵਿਸ ਵਿਚ ਆ ਕੇ ਉਸੇ ਤਰ੍ਹਾਂ ਲੋਕ ਹਿਤਾਂ ਅਤੇ ਇਨਸਾਫ਼ ਦੇਣ ਲਈ ਪਹਿਰਾ ਦਿੰਦੇ ਹੋਏ, ਸਬਰ ਸੰਤੋਖ ਦਾ ਪੱਲਾ ਨਹੀਂ ਛੱਡਿਆ ਸਗੋਂ ਪਬਲਿਕ ਸੇਵਾ ਵਿਚ Çਂੲਮਾਨਦਾਰੀ ਦਾ ਪ੍ਰਤੀਕ ਬਣਕੇ ਨਾਮਣਾ ਖੱਟਣ ਦਾ ਮਾਣ ਦਲਜੀਤ ਸਿੰਘ ਭੰਗੂ ਨੂੰ ਜਾਂਦਾ ਹੈ, ਜਿਨ੍ਹਾਂ ਆਪਣੀ ਸਰਕਾਰੀ ਸੇਵਾ ਦੌਰਾਨ ਲੋਕ ਸੇਵਾ ਨੂੰ ਤਰਜ਼ੀਹ ਦਿੱਤੀ ਕਿਉਂਕਿ ਅਧਿਆਪਕ ਜਥੇਬੰਦੀ ਵਿਚ ਕੰਮ ਕਰਦਿਆਂ ਸਮਾਜ ਵਿਚਲੀਆਂ ਜ਼ਮੀਨੀ ਪੱਧਰ ਦੀਆਂ ਸਮੱਸਿਆਵਾਂ ਨੂੰ ਨੇੜੇ ਤੋਂ ਜਾਣਿਆਂ ਅਤੇ ਸਮਝਿਆ। ਮਨੁੱਖੀ ਹੱਕਾਂ ਦੇ ਰਖਵਾਲੇ ਬਣਕੇ ਜਥੇਬੰਦੀ Îਵਿਚ ਕੰਮ ਕਰਦੇ ਰਹੇ। ਉਸ ਸਮੇਂ ਉਨ੍ਹਾਂ ਨੂੰ ਜਥੇਬੰਦੀ ਵਿਚ ਕੰਮ ਕਰਦਿਆਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਅਤੇ ਬਹੁਤ ਸਾਰੇ ਅਨਿਆਏ ਉਨ੍ਹਾਂ ਨੂੰ ਬਰਦਾਸ਼ਤ ਕਰਨੇ ਪਏ। ਇਸ ਲਈ ਉਨ੍ਹਾਂ ਪੰਜਾਬ ਸਿਵਲ ਸਰਵਿਸ ਆ ਕੇ ਪ੍ਰਣ ਕਰ ਲਿਆ ਕਿ ਜਿਹੜੀਆਂ ਮੁਸ਼ਕਲਾਂ ਅਤੇ ਅਨਿਆਏ ਉਨ੍ਹਾਂ ਨਾਲ ਸਮਾਜ ਵਿਚ ਵਿਚਰਦਿਆਂ ਹੋਏ ਹਨ, ਉਹ ਲੋਕਾਂ ਨਾਲ ਕਿਸੇ ਕੀਮਤ ਤੇ ਵੀ ਨਹੀਂ ਹੋਣ ਦੇਣੇ। ਪੰਜਾਬ ਸਿਵਲ ਸਰਵਿਸ ਵਿਚ ਉਨ੍ਹਾਂ ਨੇ ਫੀਲਡ ਵਿਚ ਬਹੁਤ ਸਾਰੇ ਅਹੁਦਿਆਂ ਤੇ ਕੰਮ ਕੀਤੇ, ਜਿਨ੍ਹਾਂ ਵਿਚ  ਜਨਰਲ ਅਸਿਸਟੈਂਟ ਟੂ ਡਿਪਟੀ ਕਮਿਸ਼ਨਰ, ਸਬ ਡਵੀਜ਼ਨਲ ਅਧਿਕਾਰੀ ਅਤੇ ਸੰਯੁਕਤ ਸਕੱਤਰ ਮੰਡੀ ਬੋਰਡ ਆਦਿ ਮਹੱਤਵਪੂਰਨ ਹਨ। ਇਨ੍ਹਾਂ ਅਹੁਦਿਆਂ ਤੇ ਆਮ ਲੋਕਾਂ ਨਾਲ ਪੂਰਾ ਵਾਹ ਪੈਂਦਾ ਰਿਹਾ। ਉਨ੍ਹਾਂ ਹਮੇਸ਼ਾ ਹੱਕ ਅਤੇ ਸੱਚ ਤੇ ਪਹਿਰਾ ਦਿੰਦਿਆਂ, ਆਮ ਜਨਤਾ ਨਾਲ ਸਦਭਾਵਨਾ ਵਾਲਾ ਵਾਤਾਵਰਨ ਬਣਾਕੇ ਉਨ੍ਹਾਂ ਨੂੰ ਇਨਸਾਫ ਦਿੱਤਾ। ਉਨ੍ਹਾਂ ਦੇ ਕਿਸੇ ਵੀ  ਫੈਸਲੇ ਤੇ ਕਦੀਂ ਕਿੰਤੂ ਪ੍ਰੰਤੂ ਨਹੀਂ ਹੋਇਆ, ਸਗੋਂ ਪਿੰਡਾਂ ਦੇ ਲੋਕ ਅਜੇ ਤੱਕ ਉਨ੍ਹਾਂ ਨੂੰ ਯਾਦ ਕਰਦੇ ਹਨ। ਕੁਝ ਲੋਕ ਤਾਂ ਸੇਵਾ ਮੁਕਤੀ ਤੋਂ ਬਾਅਦ ਵੀ ਉਨ੍ਹਾਂ ਨਾਲ ਬਾਵਾਸਤਾ ਹਨ। ਉਨ੍ਹਾਂ ਦੀ ਹਰਮਨ ਪਿਆਰਤਾ ਦਾ ਸਿਹਰਾ ਇਸ ਗੱਲ ਤੋਂ ਵੀ ਪਤਾ ਲੱਗਦਾ ਹੈ ਕਿ ਉਨ੍ਹਾਂ ਦਾ ਇਕ ਪੰਜਾਬ ਦੇ ਪ੍ਰਮੁੱਖ ਸਿਆਸੀ ਪਰਿਵਾਰ ਦੇ ਨਜ਼ਦੀਕੀ ਸੰਬੰਧੀ ਹੋਣ ਦੇ ਬਾਵਜੂਦ ਵੀ ਵੱਖ-ਵੱਖ ਪਾਰਟੀਆਂ ਦੇ ਰਾਜ ਵਿਚ ਇਕੋ ਥਾਂ ਅਤੇ ਇਕੋ ਅਹੁਦੇ ਤੇ ਲਗਾਤਾਰ ਚਾਰ ਸਾਲ ਨਿਯੁਕਤ ਰਹੇ। ਉਨ੍ਹਾਂ ਦੇ ਫੈਸਲਿਆਂ ਦੀ ਵੀ ਲੋਕਾਂ ਵੱਲੋਂ ਕੋਈ ਸ਼ਿਕਾਇਤ ਨਹੀਂ ਹੋਈ। ਆਪਣੀ ਸਕੱਤਰੇਤ ਵਿਖੇ ਸੰਯੁਕਤ ਸਕੱਤਰ ਦੀ ਨਿਯੁਕਤੀ ਸਮੇਂ ਉਨ੍ਹਾਂ ਦੀ ਦਿਆਨਤਦਾਰੀ ਨੂੰ ਮੁੱਖ ਰਖਦਿਆਂ ਕਈ ਮਹੱਤਵਪੂਰਨ ਕੇਸਾਂ ਦੀ ਪੜਤਾਲ ਦੀ ਜ਼ਿੰਮੇਵਾਰੀ ਸਰਕਾਰ ਵੱਲੋਂ ਲਗਾਉਣ ਦੀ ਗੱਲ ਤੁਰਨੀ ਤਾਂ ਗੁਣਾ ਦਲਜੀਤ ਸਿੰਘ ਭੰਗੂ ਤੇ ਪੈਣਾ, ਇਸ ਤੋਂ ਵੱਡੀ ਮਾਣ ਵਾਲੀ ਗੱਲ ਕੀ ਹੋ ਸਕਦੀ ਹੈ। ਉਨ੍ਹਾਂ ਦੀ ਪੜਤਾਲ ਹਮੇਸ਼ਾ ਤੱਥਾਂ ਅਤੇ ਮੈਰਿਟ ਉਪਰ ਅਧਾਰਤ ਹੁੰਦੀ ਸੀ। ਉਨ੍ਹਾਂ ਦੀ ਪੜਤਾਲ ਦੇ ਨਤੀਜ਼ੇ ਵਜੋਂ ਕਈ ਕੇਸਾਂ ਵਿਚ ਵੱਡੇ ਤੋਂ ਵੱਡੇ ਅਧਿਕਾਰੀਆਂ ਨੂੰ ਜੇਲ੍ਹ ਜਾਣਾ ਪਿਆ। ਉਨ੍ਹਾਂ  ਦੀ ਨੈਤਿਕਤਾ ਅਤੇ ਇਮਾਨਦਾਰੀ ਕਰਕੇ ਕਿਸੇ ਕੇਸ ਵਿਚ ਕਦੀਂ ਵੀ ਕਿਸੇ ਸਿਆਸੀ ਜਾਂ ਹੋਰ ਕਿਸੇ ਮਹੱਤਵਪੂਰਨ ਵਿਅਕਤੀ ਨੇ ਉਨ੍ਹਾਂ ਤੱਕ ਪਹੁੰਚ ਕਰਨ ਦੀ ਕੋਸਿਸ਼ ਨਹੀਂ ਕੀਤੀ। ਸੀਨੀਅਰ ਅਧਿਕਾਰੀ ਵੀ ਉਨ੍ਹਾਂ ਦੀ ਦਿਆਨਤਦਾਰੀ ਤੇ ਮਾਣ ਕਰਦੇ ਸਨ। ਉਨ੍ਹਾਂ ਨੂੰ ਪਤਾ ਹੁੰਦਾ ਸੀ ਕਿ ਦਲਜੀਤ ਸਿੰਘ ਭੰਗੂ ਦੇ ਇਨਸਾਫ ਦੀ ਤਰਾਜੂ ਸਹੀ ਫੈਸਲਾ ਕਰੇਗੀ। ਉਨ੍ਹਾਂ ਦੇ ਫੈਸਲੇ ਹਮੇਸ਼ਾ ਹੱਕ ਤੇ ਸੱਚ ਦਾ ਪ੍ਰਤੀਕ ਬਣਦੇ ਰਹੇ ਹਨ, ਬਣਨ ਵੀ ਕਿਉਂ ਨਾ ਕਿਉਂਕਿ ਉਨ੍ਹਾਂ ਦੀ ਵਿਰਾਸਤ ਇਤਨੀ ਅਮੀਰ ਹੈ ਕਿ ਸਿੱਖ ਕੌਮ ਦਾ ਸਿਰ ਉਨ੍ਹਾਂ ਦੇ ਪੁਰਖਿਆਂ ਦੀ ਕੁਰਬਾਨੀ ਅੱਗੇ ਝੁਕਦਾ ਹੈ ਅਤੇ ਹਮੇਸ਼ਾ ਰਹਿੰਦੀ ਦੁਨੀਆਂ ਤੱਕ ਝੁਕਦਾ ਰਹੇਗਾ। ਸਿੱਖ ਕੌਮ ਹਮੇਸ਼ਾ ਉਨ੍ਹਾਂ ਦੇ ਪੁਰਖਿਆਂ ਦੀ ਰਿਣੀ ਰਹੇਗੀ, ਜਿਨ੍ਹਾਂ ਮੱਸੇ ਰੰਗੜ੍ਹ ਨੂੰ ਉਸਦੀਆਂ ਸਿੱਖ ਵਿਰੋਧੀ ਕਾਰਵਾਈਆਂ ਕਰਕੇ ਮੌਤ ਦੇ ਘਾਟ ਉਤਾਰਿਆ ਸੀ।  ਉਨ੍ਹਾਂ ਦਾ ਪਰਿਵਾਰ ਬਾਬਾ ਮਹਿਤਾਬ ਸਿੰਘ ਮੀਰਾਂਕੋਟ ਦੀ ਸਤਵੀਂ ਅਤੇ ਰਤਨ ਸਿੰਘ ਭੰਗੂ ਦੀ ਛੇਵੀਂ ਪੀੜ੍ਹੀ ਵਿਚੋਂ ਹੈ। ਪੈਪਸੂ ਦੇ ਮਰਹੂਮ ਮੁੱਖ ਮੰਤਰੀ ਗਿਆਨ Îਸਿੰਘ ਰਾੜੇਵਾਲਾ ਦੇ ਨਾਨਕੇ ਵੀ ਉਨ੍ਹਾਂ ਦੇ ਪਰਿਵਾਰ ਵਿਚ ਸਨ। ਪੰਜਾਬ ਸਰਕਾਰ ਨੇ ਸੇਵਾ ਮੁਕਤੀ ਤੋਂ ਬਾਅਦ ਵੀ ਉਨ੍ਹਾਂ ਨੂੰ ਆਫੀਸਰ ਆਨ ਸਪੈਸ਼ਲ ਡਿਊਟੀ ਦਾ ਅਹੁਦਾ ਦੇ ਕੇ ਮਹੱਤਵਪੂਰਨ ਜ਼ਿੰਮੇਵਾਰੀ ਦਿੱਤੀ ਹੋਈ ਹੈ।
     ਸਰਵਿਸ ਦੌਰਾਨ ਉਨ੍ਹਾਂ ਨੇ ਪੰਚਾਇਤਾਂ, ਨਗਰ ਪਾਲਿਕਾਵਾਂ, ਵਿਧਾਨ ਸਭਾਵਾਂ ਅਤੇ ਲੋਕ ਸਭਾ ਦੀਆਂ ਚੋਣਾਂ ਵਿਚ ਰਿਟਰਨਿੰਗ ਅਧਿਕਾਰੀ ਦੇ ਤੌਰ ਤੇ ਕੰਮ ਕੀਤਾ। ਆਮ ਤੌਰ ਅਜਿਹੀਆਂ ਚੋਣਾਂ ਵਿਚ ਹਾਰਨ ਵਾਲੇ ਉਮੀਦਵਾਰ ਅਧਿਕਾਰੀਆਂ ਤੇ ਕੋਈ ਨਾ ਕੋਈ ਬਹਾਨਾ ਬਣਾਕੇ ਇਲਜ਼ਾਮ ਲਗਾਉਣ ਦੇ ਆਦੀ ਹੁੰਦੇ ਹਨ ਪ੍ਰੰਤੂ ਦਲਜੀਤ ਸਿੰਘ ਭੰਗੂ ਨੂੰ ਮਾਣ ਜਾਂਦਾ ਹੈ ਕਿ ਉਨ੍ਹਾਂ ਦੀ ਇਨ੍ਹਾਂ ਸਾਰੀਆਂ ਚੋਣਾਂ ਵਿਚ ਕਦੀਂ ਕੋਈ ਸ਼ਿਕਾਇਤ ਨਹੀਂ ਆਈ ਸਗੋਂ ਪ੍ਰਸੰਸਾ ਹੁੰਦੀ ਰਹੀ।  ਉਨ੍ਹਾਂ ਦੀ ਕੁਸ਼ਲ ਕਾਰਜਸ਼ੈਲੀ, ਇਨਸਾਫਪਸੰਦੀ, ਪ੍ਰਸਾਸ਼ਨਿਕ ਪਕੜ, ਮਿਹਨਤੀ ਰੁਚੀ ਅਤੇ ਦਿਆਨਤਦਾਰੀ ਨਾਲ ਕੰਮ ਕਰਨ ਦੀ ਪ੍ਰਵਿਰਤੀ ਨੇ ਹਮੇਸ਼ਾ ਸਫਲਤਾ ਦਿਵਾਈ। ਇਕ ਵਾਰ ਸੰਗਰੂਰ ਜਿਲ੍ਹੇ ਦੇ ਦਿੜ੍ਹਬਾ ਕਸਬੇ ਦੇ ਸ਼ਰਧਾਲੂਆਂ ਦਾ ਟਰੱਕ ਕੀਰਤਪੁਰ ਸਾਹਿਬ ਕੋਲ ਸਤਲੁਜ ਦਰਿਆ ਵਿਚ ਡਿਗ ਪਿਆ ਸੀ। ਆਪ ਉਸ ਸਮੇਂ ਉਹ ਸਬ ਡਵੀਜ਼ਨ ਮੈਜਿਸਟਰੇਟ ਰੋਪੜ ਸਨ, ਰੋਪੜ ਹੈਡਵਰਕਸ ਤੇ ਲਾਸ਼ਾਂ ਨੂੰ ਬਾਹਰ ਨਿਕਾਲ ਰਹੀ ਇਕ ਕਿਸ਼ਤੀ ਪਾਣੀ ਦੇ ਤੇਜ ਵਹਾਓ ਵਿਚ ਫਸ ਗਈ ਤਾਂ ਉਨ੍ਹਾਂ ਨੇ ਆਪਣੀ ਦਸਤਾਰ ਉਤਾਰਕੇ ਸੁੱਟੀ ਤਾਂ ਕਿਸ਼ਤੀ ਵਿਚ ਸਵਾਰ ਵਿਅਕਤੀ ਉਨ੍ਹਾਂ ਦੀ ਦਸਤਾਰ ਪਕੜਕੇ ਬਾਹਰ ਆਏ ਸਨ।
  ਦਲਜੀਤ ਸਿੰਘ ਭੰਗੂ ਦਾ ਜਨਮ ਪਿਤਾ ਬਲਬੀਰ ਸਿੰਘ ਦੇ ਘਰ ਲੁਧਿਆਣਾ ਜਿਲ੍ਹੇ ਦੇ ਪਿੰਡ ਭੜੀ ਵਿਚ 1 ਜੁਲਾਈ 1956 ਨੂੰ ਹੋਇਆ।  ਅੱਜ ਕਲ੍ਹ ਇਹ ਪਿੰਡ ਫਤਿਹਗੜ੍ਹ ਜਿਲ੍ਹੇ ਵਿਚ ਪੈਂਦਾ ਹੈ। ਉਨ੍ਹਾਂ ਨੇ ਅੱਠਵੀਂ ਤੱਕ ਦੀ ਪੜ੍ਹਾਈ ਸੰਗਰੂਰ ਜਿਲ੍ਹੇ ਦੇ ਪਿੰਡ ਚੀਮਾ ਵਿਚ ਕੀਤੀ ਕਿਉਂਕਿ ਉਨ੍ਹਾਂ ਦੇ ਪਿਤਾ ਅਧਿਆਪਕ ਸਨ। ਉਨ੍ਹਾਂ ਨੇ ਨੌਵੀਂ ਤੇ ਦਸਵੀਂ ਗੁਰੂ ਨਾਨਕ ਦੇਵ ਖਾਲਸਾ ਹਾਈ ਸਕੂਲ ਗਿੱਲ ਤੋਂ ਪਾਸ ਕਰਕੇ ਪ੍ਰੈਪ ਪ੍ਰੀ ਮੈਡੀਕਲ ਸਰਕਾਰੀ ਕਾਲਜ ਰੋਪੜ ਤੋਂ ਪਾਸ ਕੀਤੀ। ਬੀ ਐਸ ਸੀ ਮੈਡੀਕਲ ਏ ਐਸ ਕਾਲਜ ਖੰਨਾ ਤੋਂ ਪਾਸ ਕਰਕੇ ਬੀ ਐਡ ਸਰਕਾਰੀ ਕਾਲਜ ਆਫ ਐਜੂਕੇਸ਼ਨ ਜਲੰਧਰ ਤੋਂ ਪਾਸ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਐਮ ਏ ਰਾਜਨੀਤੀ ਸ਼ਾਸ਼ਤਰ, ਐਮ ਏ ਪਬਲਿਕ ਐਡਮਨਿਸਟਰੇਸ਼ਨ, ਐਮ ਐਸ ਸੀ ਜੀਵ ਵਿਗਿਆਨ ਅਤੇ ਐਲ ਐਲ ਬੀ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ। 1979 ਵਿਚ ਸਰਕਾਰੀ ਅਧਿਆਪਕ ਦੀ ਨੌਕਰੀ ਕਰ ਲਈ ਅਤੇ ਫਰਵਰੀ 1995 ਤੱਕ ਅਧਿਆਪਕ ਦੀ ਨੌਕਰੀ ਕਰਦੇ ਰਹੇ। ਵਿਦਿਅਕ ਵਿਭਾਗ ਵਿਚ ਆਪਨੂੰ ਇਕ ਅਧਿਆਪਕ ਨੇਤਾ ਅਤੇ ਸਫਲ ਅਧਿਆਪਕ ਦੇ ਤੌਰ ਤੇ ਜਾਣਿਆਂ ਜਾਂਦਾ ਹੈ, ਕਿਉਂਕਿ ਉਨ੍ਹਾਂ ਅਧਿਆਪਕ ਜਥੇਬੰਦੀ ਵਿਚ ਕੰਮ ਕਰਦਿਆਂ ਬੱਚਿਆਂ ਦੀ ਪੜ੍ਹਾਈ ਤੋਂ ਕਦੀਂ ਵੀ ਪਾਸਾ ਨਹੀਂ ਵੱਟਿਆ। ਜਥੇਬੰਦੀ ਵਿਚ ਕੰਮ ਕਰਦਿਆਂ ਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪਿਆ। ਵਿਦਿਆਰਥੀਆਂ ਨੂੰ ਸਕੂਲ ਦੇ ਸਮੇਂ ਤੋਂ ਬਾਅਦ ਵਿਸ਼ੇਸ਼  ਕਲਾਸਾਂ ਲਗਾ ਕੇ ਪੜ੍ਹਾਉਂਦੇ ਰਹੇ। ਉਨ੍ਹਾਂ ਦੇ ਨਤੀਜੇ ਹਮੇਸ਼ਾ ਸੌ ਫੀ ਸਦੀ ਆਉਂਦੇ ਰਹੇ। ਮਾਰਚ 1995 ਵਿਚ ਪੀ ਸੀ ਐਸ ਐਗਜੈਕਟਿਵ ਵਿਚ ਆ ਗਏ, ਜਿਥੇ ਲਗਪਗ  22 ਸਾਲ ਵੱਖ-ਵੱਖ ਅਹੁਦਿਆਂ ਤੇ ਕੰਮ ਕਰਦਿਆਂ ਲੋਕਾਂ ਨੂੰ ਇਨਸਾਫ ਦਿੰਦੇ ਰਹੇ। ਆਪ ਕਾਲਜ ਵਿਚ ਵਿਦਿਆਰਥੀ ਯੂਨੀਅਨ ਅਤੇ ਨੌਕਰੀ ਕਰਦਿਆਂ ਅਧਿਆਪਕ ਯੂਨੀਅਨ ਦੇ ਪ੍ਰਧਾਨ ਰਹੇ। ਇਸ ਕਰਕੇ ਉਨ੍ਹਾਂ ਆਪਣੀ ਸਾਰੀ ਨੌਕਰੀ ਦੌਰਾਨ ਇਨਸਾਫ ਦੇਣ ਉਪਰ ਪਹਿਰਾ ਦਿੱਤਾ।
   ਉਨ੍ਹਾਂ ਦਾ ਵਿਆਹ 1980 ਵਿਚ ਔਜਲਾ ਪਰਿਵਾਰ ਦੀ ਸਪੁਤਰੀ ਹਰਜੀਤ ਕੌਰ ਨਾਲ ਹੋਇਆ। ਹਰਜੀਤ ਕੌਰ ਚੰਡੀਗੜ੍ਹ ਤੋਂ ਪੰਜਾਬੀ ਦੇ ਲੈਕਚਰਾਰ ਸੇਵਾ ਮੁਕਤ ਹੋਏ ਹਨ। ਸਾਰਾ ਪਰਿਵਾਰ ਪੜਿ੍ਹਆ ਲਿਖਿਆ ਹੈ। ਦਲਜੀਤ ਸਿੰਘ ਭੰਗੂ ਦਾ ਵੱਡਾ ਸਪੁਤਰ ਜਗਦੀਪ ਸਿੰਘ ਇਲੈਕਟਰੌਨਿਕ ਇੰਜਿਨੀਅਰ ਹੈ। ਉਨ੍ਹਾਂ ਨੇ ਅਮਰੀਕਾ ਵਿਚ ਕੈਲੀਫੋਰਨੀਆਂ ਯੂਨੀਵਰਸਿਟੀ ਤੋਂ ਐਮ ਬੀ ਏ ਫਾਈਨੈਂਸ ਪਾਸ ਕੀਤੀ ਹੈ। ਅਮਰੀਕਾ ਵਿਚ ਨੌਕਰੀ ਕਰਨ ਤੋਂ ਬਾਅਦ ਕੈਨੇਡਾ ਵਿਚ ਵਸ ਗਿਆ ਹੈ। ਜਗਦੀਪ ਸਿੰਘ ਦੀ ਪਤਨੀ ਮਨੋਵਿਗਿਆਨ ਦੀ ਮਾਸਟਰਜ਼ ਹੈ ਅਤੇ ਅਮਰੀਕਾ ਦੀ ਬੇਕਰਜ਼ਫੀਲਡ ਯੂਨੀਵਰਸਿਟੀ ਤੋਂ ਹੈਲਥ ਕੇਅਰ ਮੈਨੇਜਮੈਂਟ  ਵਿਚ ਐਮ ਬੀ ਏ ਪਾਸ ਕੀਤੀ ਹੈ। ਉਨ੍ਹਾਂ ਦਾ ਦੂਜਾ ਸਪੁੱਤਰ ਸਹਿਦੀਪ ਸਿੰਘ ਵੀ ਇੰਜਿਨੀਅਰ ਹੈ ਅਤੇ ੳਸਨੇ ਵੀ ਕੈਲੇਫੋਰਨੀਆ ਯੂਨੀਵਰਸਿਟੀ ਤੋਂ ਮਾਸਟਰਜ਼ ਪਾਸ ਕੀਤੀ ਹੈ। ਉਸਦੀ ਦੀ ਪਤਨੀ ਨੇ ਅਮਰੀਕਾ ਦੀ ਯੂ ਸੀ ਐਲ ਏ  ਯੂਨੀਵਰਸਿਟੀ ਤੋਂ ਕੈਮੀਕਲ ਇੰਜਿਨੀਅਰਿੰਗ ਦੀ ਪੜ੍ਹਾਈ ਕੀਤੀ ਹੈ। ਉਹ ਪਰਿਵਾਰ ਸਮੇਤ ਅਮਰੀਕਾ ਵਿਚ ਵਸੇ ਹੋਏ ਹਨ।  

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072

ujagarsingh48@yahoo.com