ਤੇਰੀ ਫ਼ਸਲ ਵਿਕੇ ਕਿਸ ਭਾਅ ਵੇ... - ਦਵਿੰਦਰ ਸ਼ਰਮਾ

ਕਿਆਸ ਲਾਉਣਾ ਮੁਸ਼ਕਿਲ ਹੈ। ਅਜਿਹੇ ਸਮੇਂ ਜਦੋਂ ਇਹ ਆਮ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਖੁੱਲ੍ਹੇ ਬਾਜ਼ਾਰਾਂ ਨਾਲ ਕਿਸਾਨਾਂ ਨੂੰ ਫ਼ਸਲਾਂ ਦੇ ਜ਼ਿਆਦਾ ਲਾਹੇਵੰਦ ਭਾਅ ਮਿਲਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਦੀ ਆਮਦਨੀ ਵਧਦੀ ਹੈ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ 2017 ਵਿਚ ਕੈਨੇਡਾ ਵਿਚ ਕਣਕ ਉਸ ਭਾਅ ’ਤੇ ਵਿਕੀ ਜੋ 150 ਸਾਲ ਪਹਿਲਾਂ ਭਾਵ 1867 ਵਿਚ ਹੋਇਆ ਕਰਦਾ ਸੀ। ਇਹ ਇਕੱਲਾ ਕੈਨੇਡਾ ਦਾ ਹਾਲ ਨਹੀਂ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਅਮਰੀਕਾ ਦੇ ਕਿਸਾਨ ਕਹਿੰਦੇ ਹਨ ਕਿ ਉਨ੍ਹਾਂ ਨੂੰ ਕਣਕ ਦਾ ਜੋ ਭਾਅ ਦਿੱਤਾ ਜਾ ਰਿਹਾ ਹੈ, ਉਹ ਚਾਰ ਸਾਲ ਚੱਲੀ ਤੇ 1865 ਵਿਚ ਮੁੱਕੀ ਅਮਰੀਕੀ ਖ਼ਾਨਾਜੰਗੀ ਵੇਲੇ ਮਿਲਦੇ ਭਾਅ ਨਾਲੋਂ ਵੀ ਘੱਟ ਹੈ।
         ਫਿਰ ਬਾਜ਼ਾਰਾਂ ਨੂੰ ਕੀ ਸੱਪ ਸੁੰਘ ਗਿਆ ? ਆਖਰਕਾਰ ਕਣਕ ਇਕ ਅਜਿਹੀ ਜਿਣਸ ਹੈ ਜਿਸ ਦੀ ਵਰਤੋਂ ਖੁਰਾਕੀ ਵਸਤਾਂ ਵਿਚ ਵੱਡੇ ਪੱਧਰ ’ਤੇ ਹੁੰਦੀ ਹੈ ਅਤੇ ਪਿਛਲੇ ਡੇਢ ਸੌ ਸਾਲਾਂ ਦੌਰਾਨ ਆਬਾਦੀ ’ਚ ਜ਼ਬਰਦਸਤ ਵਾਧਾ ਹੋਣ ਕਰਕੇ ਕਣਕ ਦੀ ਮੰਗ ਵਿਚ ਬਹੁਤ ਜ਼ਿਆਦਾ ਵਾਧਾ ਦਰਜ ਹੋਇਆ ਹੈ। ਸੰਯੁਕਤ ਰਾਸ਼ਟਰ ਦੇ ਖੁਰਾਕ ਅਤੇ ਖੇਤੀਬਾੜੀ ਅਦਾਰੇ (ਐਫਏਓ) ਮੁਤਾਬਿਕ 2020-21 ਦੌਰਾਨ 780 ਮਿਲੀਅਨ ਟਨ ਕਣਕ ਦੀ ਪੈਦਾਵਾਰ ਹੋਣ ਦਾ ਅਨੁਮਾਨ ਲਾਇਆ ਗਿਆ ਹੈ ਜੋ ਇਸ ਤੋਂ ਪਿਛਲੇ ਸਾਲ ਨਾਲੋਂ 7.5 ਮਿਲੀਅਨ ਟਨ ਜ਼ਿਆਦਾ ਹੈ। ਦੁਨੀਆ ਭਰ ’ਚ ਖਾਧ ਅਸੁਰੱਖਿਆ ਦੇ ਮੱਦੇਨਜ਼ਰ ਐਫਏਓ ਦਾ ਖਿਆਲ ਹੈ ਕਿ ਅਨਾਜ ਪੈਦਾਵਾਰ (ਕਣਕ ਦੀ ਪੈਦਾਵਾਰ ਸਣੇ) ਦੇ ਅਨੁਮਾਨ ਹਾਂਪੱਖੀ ਰਹਿਣੇ ਚਾਹੀਦੇ ਹਨ।
     ਇਸ ਤੋਂ ਪਹਿਲਾਂ ਕਿ ਤੁਸੀਂ ਹੈਰਾਨੀ ਜ਼ਾਹਰ ਕਰੋ ਕਿ ਇਹ ਕਿਵੇਂ ਸੰਭਵ ਹੈ ਕਿਉਂਕਿ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਅਰਥਸ਼ਾਸਤਰ ਦੇ ਪਾਠਕ੍ਰਮ ਵਿਚ ਤਾਂ ਇਹੀ ਪੜ੍ਹਾਇਆ ਜਾਂਦਾ ਹੈ ਕਿ ਬਾਜ਼ਾਰ ਲਾਹੇਵੰਦ ਭਾਅ ਦਿਵਾਉਂਦੇ ਹਨ ਤਾਂ ਫਿਰ ਤੁਸੀਂ ਅਮਰੀਕੀ ਕੌਮੀ ਕਿਸਾਨ ਯੂਨੀਅਨ (ਐਨਐਫਯੂ) ਵੱਲੋਂ ਕਰਵਾਏ ਗਏ ਇਕ ਵਿਸ਼ਲੇਸ਼ਣ ’ਤੇ ਝਾਤ ਪਾਓ। ਇਸ ਵਿਸ਼ਲੇਸ਼ਣ ਵਿਚ ਚੰਗੀ ਤਰ੍ਹਾਂ ਦਰਸਾਇਆ ਗਿਆ ਹੈ ਕਿ 1965 ਤੋਂ ਲੈ ਕੇ ਹੁਣ ਤੱਕ ਮੂੰਗਫਲੀ ਦੇ ਭਾਅ ਲਗਾਤਾਰ ਕਿਉਂ ਡਿੱਗਦੇ ਆ ਰਹੇ ਹਨ ਜਿਸ ਕਰਕੇ ਅਮਰੀਕਾ ਵਿਚ ਹਰ ਚਾਰ ਮੂੰਗਫਲੀ ਕਾਸ਼ਤਕਾਰਾਂ ’ਚੋਂ ਤਿੰਨ ਕਾਸ਼ਤਕਾਰ ਬਰਬਾਦ ਹੋ ਚੁੱਕੇ ਹਨ ਤੇ ਉਹ ਵੀ ਅਜਿਹੇ ਸਮਿਆਂ ’ਚ ਜਦੋਂ ਮੂੰਗਫਲੀ ਦੀ ਖਪਤ ਵਧਦੀ ਰਹੀ ਹੈ। ਸਪਲਾਈ-ਮੰਗ ਦੇ ਤਰਕ ਤੋਂ ਉਲਟ ਮੂੰਗਫਲੀ ਦੀ ਕੀਮਤ 1965 ਵਿਚ ਫੀ ਪਾਊਂਡ ਇਕ ਡਾਲਰ ਸੀ ਜੋ 2020 ਵਿਚ ਘਟ ਕੇ ਫੀ ਪਾਊਂਡ 0.25 ਡਾਲਰ ਰਹਿ ਗਈ ਹੈ। ਇਹ ਸਿੱਧੀ 75 ਫ਼ੀਸਦ ਤੋਂ ਵੀ ਜ਼ਿਆਦਾ ਗਿਰਾਵਟ ਹੈ। ਤੁਸੀਂ ਸੋਚਦੇ ਹੋਵੋਗੇ ਕਿ ਸ਼ਾਇਦ ਇਹ ਵਾਧੂ ਪੈਦਾਵਾਰ ਕਰਕੇ ਹੋਇਆ ਹੋਵੇਗਾ ਪਰ ਨਹੀਂ, ‘ਵਾਸ਼ਿੰਗਟਨ ਪੋਸਟ’ ਅਖ਼ਬਾਰ ਦੀ ਇਕ ਰਿਪੋਰਟ ਸਾਨੂੰ ਦੱਸਦੀ ਹੈ ਕਿ ਕਿਵੇਂ ਮੂੰਗਫਲੀ ਦੇ ਸਮੁੱਚੇ ਬਾਜ਼ਾਰ ’ਤੇ ਕੰਟਰੋਲ ਕਰਨ ਵਾਲੀਆਂ ਮਹਿਜ਼ ਤਿੰਨ ਕੰਪਨੀਆਂ ਨੇ ਭਾਅ ਬੰਨ੍ਹ ਕੇ ਰੱਖੇ ਹੋਏ ਸਨ। 12 ਹਜ਼ਾਰ ਮੂੰਗਫਲੀ ਕਾਸ਼ਤਕਾਰਾਂ ਵੱਲੋਂ ਦਾਵਾ ਦਾਇਰ ਕਰਨ ਤੋਂ ਬਾਅਦ ਇਹ ਕੰਪਨੀਆਂ ਗਿਣ ਮਿੱਥ ਕੇ ਭਾਅ ਦੱਬ ਕੇ ਰੱਖਣ ਬਦਲੇ ਕਿਸਾਨਾਂ ਨੂੰ 10.30 ਕਰੋੜ ਡਾਲਰ ਦਾ ਮੁਆਵਜ਼ਾ ਦੇਣ ਲਈ ਰਾਜ਼ੀ ਹੋ ਗਈਆਂ।
       ਗੱਲ ਇਕੱਲੀ ਮੂੰਗਫਲੀ ਦੀ ਨਹੀਂ ਹੈ। ਇਸ ਕਿਸਮ ਦੀ ਮੈਚ ਫਿਕਸਿੰਗ ਕਈ ਦਹਾਕਿਆਂ ਤੋਂ ਚੱਲ ਰਹੀ ਹੈ। ਅਮਰੀਕਾ ਹੋਵੇ ਜਾਂ ਯੌਰਪ ਜਾਂ ਫਿਰ ਭਾਰਤ, ਕਿਸਾਨਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਬਾਜ਼ਾਰ ਦਾ ਮੈਚ ਪੂਰੀ ਤਰ੍ਹਾਂ ਫਿਕਸ ਹੋ ਚੁੱਕਿਆ ਹੈ। ਇਹ ਅਕਾਰਨ ਹੀ ਨਹੀਂ ਹੈ ਕਿ ਮਹਿੰਗਾਈ ਦਰ ਨਾਲ ਅਡਜਸਟ ਕਰਨ ’ਤੇ ਮੰਡੀ ਦੀਆਂ ਕੀਮਤਾਂ ਜਿਉਂ ਦੀ ਤਿਉਂ ਰਹਿੰਦੀਆਂ ਹਨ ਜਾਂ ਫਿਰ ਸਾਲਾਂਬੱਧੀ ਡਿੱਗਦੀਆਂ ਚਲੀਆਂ ਜਾਂਦੀਆਂ ਹਨ।
      ਚਲੋ, ਮੁੜ ਕਣਕ ਦੀਆਂ ਕੀਮਤਾਂ ਦੀ ਗੱਲ ਕਰਦੇ ਹਾਂ। ਇਕ ਕੈਨੇਡੀਅਨ ਲੇਖਕ ਤੇ ਆਲੋਚਕ ਡੈਰਿਨ ਕੁਆਲਮੈਨ ਨੇ ਆਪਣੇ ਬਲੌਗ ਪੋਸਟਾਂ ਦੀ ਇਕ ਕਪਾਟ ਖੋਲ੍ਹਣ ਵਾਲੀ ਲੜੀ ਵਿਚ ਖੁਲਾਸਾ ਕੀਤਾ ਹੈ ਕਿ ਕਿਵੇਂ 1867 ਤੋਂ ਲੈ ਕੇ ਹੁਣ ਤੱਕ ਕਣਕ ਦੀਆਂ ਕੀਮਤਾਂ ਵਿਚ ਤਿੱਖੀ ਗਿਰਾਵਟ ਆਉਂਦੀ ਰਹੀ ਹੈ। ਮਹਿੰਗਾਈ ਦਰ ਨਾਲ ਮਿਲਾਣ ਕਰਨ ’ਤੇ 1867 ਵਿਚ ਕਣਕ ਦੇ ਇਕ ਬੁਸ਼ਲ ਜਾਂ ਬੱਠਲ (27 ਕਿਲੋਗ੍ਰਾਮ) ਦੀ ਕੀਮਤ ਕਰੀਬ 30 ਡਾਲਰ ਸੀ। ਉਦੋਂ ਲੈ ਕੇ ਹੁਣ ਤੱਕ ਇਹ ਕੀਮਤ ਲਗਾਤਾਰ ਡਿਗਦੀ ਚਲੀ ਆ ਰਹੀ ਹੈ। 1980ਵਿਆਂ ਦੇ ਮੱਧ ਤੋਂ ਦੁਨੀਆਂ ਭਰ ’ਚ ਖੇਤੀ ਜਿਣਸਾਂ ਦੀ ਬਰਾਮਦ ’ਤੇ ਜ਼ੋਰ ਦਿੱਤੇ ਜਾਣ ਕਰਕੇ ਕੀਮਤਾਂ ਵਿਚ ਗਿਰਾਵਟ ਹੋਰ ਤੇਜ਼ ਹੋ ਗਈ। 2017 ਦੇ ਆਉਂਦੇ ਆਉਂਦੇ ਕਣਕ ਦੀ ਕੀਮਤ ਫੀ ਬੁਸ਼ਲ ਕਰੀਬ 5 ਡਾਲਰ ਰਹਿ ਗਈ ਸੀ। 2017 ਵਿਚ ਕਣਕ ਦੀ ਇਹ ਉਹ ਕੀਮਤ ਸੀ ਜੋ ਇਕ ਕੈਨੇਡੀਅਨ ਕਿਸਾਨ ਨੂੰ ਦਿੱਤੀ ਗਈ ਸੀ ਜੋ 150 ਸਾਲ ਪਹਿਲਾਂ ਉਸ ਦੇ ਪੜਦਾਦੇ ਜਾਂ ਨੱਕੜਦਾਦੇ ਵੱਲੋਂ ਹਾਸਲ ਕੀਤੀ ਗਈ ਕੀਮਤ ਨਾਲੋਂ ਫੀ ਬੁਸ਼ਲ 25 ਡਾਲਰ ਘੱਟ ਸੀ।
           ਹੈਰਾਨੀ ਦੀ ਕੋਈ ਗੱਲ ਨਹੀਂ, ਵੱਡੀ ਤਾਦਾਦ ਵਿਚ ਛੋਟੇ ਕਿਸਾਨ ਖੇਤੀਬਾੜੀ ਛੱਡ ਚੁੱਕੇ ਹਨ ਅਤੇ ਆਮ ਕੈਨੇਡੀਅਨ ਜੋਤਾਂ ਦਾ ਆਕਾਰ ਵਧ ਕੇ 3000 ਏਕੜ ਤੱਕ ਪਹੁੰਚ ਚੁੱਕਾ ਹੈ ਤੇ ਕਿਸਾਨ ਵੱਡੇ ਵੱਡੇ ਫਾਰਮਾਂ ਦੇ ਮਾਲਕ ਹਨ। ਕਿਸਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਘਟ ਗਈ ਹੈ ਪਰ ਮੰਡੀ ਸੁਧਾਰਾਂ ਦੇ ਹੱਕ ਵਿਚ ਦਿੱਤੀ ਜਾਂਦੀ ਇਸ ਆਰਥਿਕ ਦਲੀਲ ਦਾ ਇਹ ਦਾਅਵਾ ਵੀ ਝੂਠਾ ਸਾਬਿਤ ਹੋਇਆ ਹੈ ਕਿ ਕਿਸਾਨਾਂ ਦੀ ਚੋਖੀ ਗਿਣਤੀ ਘਟਣ ਨਾਲ ਉਨ੍ਹਾਂ ਦੀ ਆਮਦਨੀ ਵਿਚ ਵਾਧਾ ਹੁੰਦਾ ਹੈ। ਅਮਰੀਕਾ ਵਿਚ ਪਿਛਲੇ ਸੌ ਸਾਲਾਂ ਦੌਰਾਨ 50 ਲੱਖ ਤੋਂ ਵੱਧ ਖੇਤੀ ਜੋਤਾਂ ਖ਼ਤਮ ਹੋ ਗਈਆਂ ਹਨ ਜਦੋਂਕਿ ਆਸਟਰੇਲੀਆ ਵਿਚ 1980 ਤੋਂ ਲੈ ਕੇ 2002 ਤੱਕ 25 ਫ਼ੀਸਦ ਖੇਤੀ ਜੋਤਾਂ ਖ਼ਤਮ ਹੋ ਗਈਆਂ। ਅਰਥਸ਼ਾਸਤਰੀ ਕਹਿਣਗੇ ਕਿ ਇਹ ਤਾਂ ਬਹੁਤ ਚੰਗੀ ਗੱਲ ਹੈ ਤੇ ਇਸ ਨਾਲ ਖੇਤੀਬਾੜੀ ਲਾਹੇਵੰਦ ਬਣ ਜਾਵੇਗੀ ਪਰ ਪਸ਼ੇਮਾਨੀ ਦੀ ਗੱਲ ਇਹ ਹੈ ਕਿ ਜਿਸ ਰਫ਼ਤਾਰ ਨਾਲ ਦੁਨੀਆ ਭਰ ਵਿਚ ਕਿਸਾਨ ਖੇਤੀਬਾੜੀ ’ਚੋਂ ਬਾਹਰ ਹੋਏ ਹਨ, ਉਸ ਦਰ ਨਾਲ ਉਨ੍ਹਾਂ ਦੀ ਖੇਤੀ ਆਮਦਨ ਵਧਣ ਦੀ ਬਜਾਏ ਘਟ ਗਈ ਹੈ ਜਿਸ ਕਰਕੇ ਖੇਤੀ ਸੰਕਟ ਬਹੁਤ ਬੁਰੀ ਹਾਲਤ ਵਿਚ ਪਹੁੰਚ ਗਿਆ ਹੈ।
        ਇਹ ਉਹੀ ਕੁਪੱਤੀ ਦਲੀਲ ਹੈ ਜਿਸ ਨੂੰ ‘ਨੀਤੀ ਆਯੋਗ’ ਵੱਲੋਂ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਅਤੇ ਇਸ ਦਾ ਕਹਿਣਾ ਹੈ ਕਿ ਜਦੋਂ ਖੇਤੀਬਾੜੀ ਵਿਚਲੇ ਲੋਕਾਂ ਦੀ ਤਾਦਾਦ ਘਟੇਗੀ ਤਾਂ ਉਨ੍ਹਾਂ ਦੀ ਆਮਦਨ ਦੁੱਗਣੀ ਹੋ ਜਾਵੇਗੀ। ਜੇ ਇਹ ਗੱਲ ਸੱਚ ਹੁੰਦੀ ਤਾਂ ਸਮਝ ਨਹੀਂ ਆਉਂਦੀ ਕਿ ਮਿਸਾਲ ਵਜੋਂ ਕੈਨੇਡਾ ਵਿਚ ਖੇਤੀ ਕਰਜ਼ਾ 102 ਅਰਬ ਡਾਲਰ ਤੋਂ ਪਾਰ ਕਿਵੇਂ ਚਲਿਆ ਗਿਆ ਹੈ ਜੋ ਸੰਨ 2000 ਵਾਲੇ ਕਰਜ਼ੇ ਨਾਲੋਂ ਦੁੱਗਣਾ ਹੋ ਗਿਆ ਹੈ। ਅਮਰੀਕਾ ਜਿੱਥੇ ਖੇਤੀਬਾੜੀ ’ਚ ਮਸਾਂ ਡੇਢ ਫ਼ੀਸਦ ਕਿਸਾਨ ਬਚੇ ਹਨ, ਵਿਚ ਸਾਲ 2020 ਵਿਚ ਖੇਤੀਬਾੜੀ ਕਰਜ਼ਾ 425 ਅਰਬ ਡਾਲਰ ਸੀ। ਫਰਾਂਸ ਵਿਚ ਖੇਤੀਬਾੜੀ ’ਤੇ ਮਹਿਜ਼ ਸੱਤ ਫ਼ੀਸਦ ਲੋਕ ਨਿਰਭਰ ਹਨ ਅਤੇ ਉੱਥੇ 44 ਫ਼ੀਸਦ ਕਿਸਾਨਾਂ ਸਿਰ ਚਾਰ ਲੱਖ ਯੂਰੋ ਤੋਂ ਵੱਧ ਦਾ ਕਰਜ਼ਾ ਹੈ ਅਤੇ 25 ਫ਼ੀਸਦ ਕਿਸਾਨਾਂ ਦੀ ਆਮਦਨ ਮਾਹਵਾਰ 350 ਯੂਰੋ ਤੋਂ ਘੱਟ ਹੈ ਭਾਵ ਉਹ ਗ਼ਰੀਬੀ ਰੇਖਾ ਤੋਂ ਵੀ ਹੇਠਾਂ ਜ਼ਿੰਦਗੀ ਬਸ਼ਰ ਰਹੇ ਹਨ।
        ਸਿਰਫ਼ ਇਹੀ ਨਹੀਂ ਕਿ ਕਿਸਾਨਾਂ ਨੂੰ ਬਣਦੇ ਭਾਅ ਨਹੀਂ ਦਿੱਤੇ ਗਏ ਸਗੋਂ ਖਪਤਕਾਰ ਕੀਮਤਾਂ ਵੀ ਲਗਾਤਾਰ ਵਧਦੀਆਂ ਗਈਆਂ ਹਨ। ਕੁਆਲਮੈਨ ਨੇ ਆਪਣੇ ਇਕ ਹੋਰ ਬਲੌਗ ਪੋਸਟ ਵਿਚ ਖੋਲ੍ਹ ਕੇ ਦੱਸਿਆ ਹੈ ਕਿ ਕੈਨੇਡਾ ਅਤੇ ਅਮਰੀਕਾ ਵਿਚ ਕਣਕ ਦੇ ਇਕ ਬੁਸ਼ਲ ਦੀ ਕੀਮਤ 1975 ਤੋਂ ਲੈ ਕੇ ਜਿਉਂ ਦੀ ਤਿਉਂ ਬਣੀ ਹੋਈ ਹੈ ਜਦੋਂਕਿ ਅਮਰੀਕਾ ਵਿਚ ਕਣਕ ਦੇ ਇਕ ਬੁਸ਼ਲ ਤੋਂ 60 ਰੋਟੀਆਂ ਵਾਲੇ ਬਰੈੱਡ ਦੀ ਕੀਮਤ ਵਿਚ ਔਸਤਨ 50 ਡਾਲਰ ਦੀ ਬੜੌਤਰੀ ਹੋ ਗਈ ਹੈ ਭਾਵ 1975 ਵਿਚ ਜਿਸ ਬਰੈੱਡ ਦੀ ਕੀਮਤ 25 ਡਾਲਰ ਸੀ ਉਹ 2015 ਵਿਚ ਵਧ ਕੇ 75 ਡਾਲਰ ਹੋ ਗਈ ਸੀ। ਦੂਜੀਆਂ ਖੁਰਾਕੀ ਵਸਤਾਂ ਦੀਆਂ ਕੀਮਤਾਂ ਦਾ ਵੀ ਇਹੋ ਹਾਲ ਹੈ। ਕੁਸ਼ਲਤਾ ਦੀ ਪੈਮਾਇਸ਼ ਕੇਵਲ ਖੇਤ ਬੰਨੇ ’ਤੇ ਫ਼ਸਲ ਦੀ ਕੀਮਤ ਘਟਾ ਕੇ ਹੀ ਕਿਉਂ ਅੰਗੀ ਜਾਵੇ ਜਦੋਂਕਿ ਵੱਡੀਆਂ ਪ੍ਰਾਸੈਸਿੰਗ ਅਤੇ ਪ੍ਰਚੂਨ ਕੰਪਨੀਆਂ ਕੀਮਤਾਂ ਵਧਾਉਂਦੀਆਂ ਹੀ ਜਾ ਰਹੀਆਂ ਹਨ ਅਤੇ ਖਪਤਕਾਰ ਕੀਮਤਾਂ ਦਾ ਵੱਡਾ ਹਿੱਸਾ ਆਪ ਹੜੱਪ ਰਹੀਆਂ ਹਨ। ਜੇ ਬਾਜ਼ਾਰ ਇੰਨੇ ਹੀ ਕੁਸ਼ਲ ਹਨ ਤਾਂ ਫੂਡ ਪ੍ਰਾਸੈਸਿੰਗ ਅਤੇ ਪ੍ਰਚੂਨ ਕੰਪਨੀਆਂ ਇਸ ਅਕੁਸ਼ਲਤਾ ਦਾ ਲਾਹਾ ਕਿਵੇਂ ਲੁੱਟ ਰਹੀਆਂ ਹਨ?
       ਬਾਜ਼ਾਰ ’ਚ ਕੋਈ ਪਾਕ-ਪਵਿੱਤਰ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਅੱਖਾਂ ਬੰਦ ਕਰ ਕੇ ਇਹ ਮੰਨ ਲੈਣਾ ਕਿ ਬਾਜ਼ਾਰ ਕਿਸਾਨਾਂ ਨੂੰ ਚੰਗੇ ਭਾਅ ਦਿਵਾਉਣਗੇ, ਇਕ ਘਸੀ ਪੁਰਾਣੀ ਆਰਥਿਕ ਸੋਚ (ਜਾਂ ਕਹੋ ਪੜ੍ਹਾਈ) ਦਾ ਹੀ ਰੱਟਾ ਹੈ। ਇਤਿਹਾਸਕ ਤਜਰਬਾ ਦੱਸਦਾ ਹੈ ਕਿ ਬਾਜ਼ਾਰ ਦੁਨੀਆ ਵਿਚ ਕਿਤੇ ਵੀ ਖੇਤੀ ਆਮਦਨ ਵਧਾਉਣ ਦਾ ਜ਼ਰੀਆ ਨਹੀਂ ਬਣ ਸਕਿਆ ਤੇ ਇਹ ਇਕ ਅਜਿਹਾ ਤੱਥ ਹੈ ਜਿਸ ਨੂੰ ਆਰਥਿਕ ਮਾਹਿਰ ਵਾਰ ਵਾਰ ਮੰਨਣ ਤੋਂ ਇਨਕਾਰੀ ਹਨ। ਅੰਦੋਲਨ ਦੇ ਰਾਹ ਪਏ ਕਿਸਾਨ ਜਦੋਂ ਇਹ ਮੰਗ ਕਰਦੇ ਹਨ ਕਿ ਕੋਈ ਵੀ ਫ਼ਸਲ ਘੱਟੋ ਘੱਟ ਸਮਰਥਨ ਮੁੱਲ ਤੋਂ ਘੱਟ ਕੀਮਤ ’ਤੇ ਖਰੀਦਣ ਦੀ ਆਗਿਆ ਨਾ ਹੋਵੇ ਤਾਂ ਅਸਲ ’ਚ ਉਨ੍ਹਾਂ ਦੀ ਇੱਛਾ ਆਰਥਿਕ ਨੀਤੀ ਅਤੇ ਸੋਚ ਵਿਚ ਇਤਿਹਾਸਕ ਦਰੁਸਤੀ ਕਰਨ ਦੀ ਹੁੰਦੀ ਹੈ। ਇਹੀ ਉਹ ਆਧਾਰ ਹੈ ਜਿੱਥੋਂ ਭਵਿੱਖ ਵਿਚ ਖੇਤੀਬਾੜੀ ਅਤੇ ‘ਸਭ ਦਾ ਸਾਥ, ਸਭ ਦਾ ਵਿਕਾਸ’ ਵਾਲੀ ਨਵੀਂ ਆਰਥਿਕ ਵਿਉਂਤਬੰਦੀ ਦਾ ਨਾਅਰਾ ਗੁੰਜਾਇਮਾਨ ਹੋ ਸਕਦਾ ਹੈ।