ਆਮ ਆਦਮੀ ਪਾਰਟੀ ਦਾ ਕਾਟੋ ਕਲੇਸ਼  - ਉਜਾਗਰ ਸਿੰਘ

ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਾਧ ਦੇ ਡੋਲੂ ਵਾਂਗ ਮਾਂਜ ਦਿੱਤੀ ਹੈ। ਉਸਨੇ ਪਹਿਲਾਂ ਡਾ. ਧਰਮਵੀਰ ਗਾਂਧੀ, ਹਰਿੰਦਰ ਸਿੰਘ ਖਾਲਸਾ, ਸੁੱਚਾ ਸਿੰਘ ਛੋਟੇਪੁਰ ਅਤੇ ਗੁਰਪ੍ਰੀਤ ਸਿੰਘ ਘੁੱਗੀ ਨੂੰ ਪਾਰਟੀ ਤੋਂ ਵੱਖ ਕਰ ਦਿੱਤਾ। ਹੁਣ ਸੁਖਪਾਲ ਸਿੰਘ ਖਹਿਰਾ ਉੱਪਰ ਤਲਵਾਰ ਚਲਾ ਕੇ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ ਹੈ। ਹੁਣ ਬਠਿੰਡਾ ਦੀ ਵਾਲੰਟੀਅਰ ਕਾਨਫਰੰਸ ਪਾਰਟੀ ਵਿਚ ਦੂਜੀ ਵਾਰ ਦੋਫਾੜ ਪਾ ਕੇ ਸੇਹ ਦਾ ਤਕਲਾ ਗੱਡੇਗੀ। ਸੁਖਪਾਲ ਸਿੰਘ ਖਹਿਰਾ ਨੂੰ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਵਿਚ ਵਿਰੋਧੀ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਪਾਰਟੀ ਲੀਡਰਸ਼ਿੱਪ ਵਿਚ ਤਰਥੱਲੀ ਮੱਚ ਗਈ ਹੈ। ਹੁਣ ਪਾਰਟੀ ਨੂੰ ਟੁੱਟਣ ਤੋਂ ਬਚਾਉਣਾ ਅਸੰਭਵ ਲੱਗਦਾ ਹੈ ਕਿਉਂਕਿ ਪਾਰਟੀ ਬਿਖਰਨ ਦੇ ਕਿਨਾਰੇ 'ਤੇ ਪਹੁੰਚ ਗਈ ਹੈ। ਹੁਣ ਭਾਵੇਂ ਇਹ ਪਾਰਟੀ ਦੋਫਾੜ ਵੀ ਨਾ ਹੋਵੇ ਪ੍ਰੰਤੂ ਇਸਦਾ ਭਵਿੱਖ ਖ਼ਤਰੇ ਵਿਚ ਪੈ ਗਿਆ ਹੈ। ਲੋਕ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦਾ ਚੰਗਾ ਬਦਲ ਚਾਹੁੰਦੇ ਸਨ, ਹੁਣ ਉਹ ਵੀ ਨਿਰਾਸ਼ਾ ਦੇ ਆਲਮ ਵਿਚ ਹਨ। ਅਰਵਿੰਦ ਕੇਜਰੀਵਾਲ ਲਈ ਪਾਰਟੀ ਨੂੰ ਇਕਮੁੱਠ ਰੱਖਣਾ ਹੀ ਵੱਡੀ ਚਣੌਤੀ ਬਣ ਗਿਆ ਹੈ। ਵਿਧਾਨਕਾਰਾਂ ਵਿਚ ਅਸੰਤੋਸ਼ ਪੈਦਾ ਹੋ ਗਿਆ ਹੈ। ਉਹ ਚੁੱਪ ਗੜੁੱਪ ਬੈਠੇ ਹਨ।
       ਕੰਵਰ ਸਿੰਘ ਸੰਧੂ ਵਿਧਾਨਕਾਰ ਨੇ ਤਾਂ ਵਿਧਾਨਕਾਰ ਪਾਰਟੀ ਦੇ ਸਪੋਕਸਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਹੋਰ ਵੀ ਧਮਾਕੇ ਹੋਣ ਦੀ ਸੰਭਾਵਨਾ ਹੈ ਕਿਉਂਕਿ 9 ਵਿਧਾਨਕਾਰਾਂ ਨੇ ਇਹ ਫੈਸਲਾ ਵਾਪਸ ਲੈਣ ਦੀ ਧਮਕੀ ਦਿੱਤੀ ਸੀ, ਜਿਸਨੂੰ ਸ਼ਿਸੋਧੀਆ ਨੇ ਅਸਵੀਕਾਰ ਕਰ ਦਿੱਤਾ ਹੈ। ਸੁਖਪਾਲ ਸਿੰਘ ਖਹਿਰਾ ਨੇ ਬਠਿੰਡੇ ਵਿਖੇ ਪਾਰਟੀ ਵਰਕਰਾਂ ਦੀ ਕਨਵੈਨਸਸ਼ਨ ਵੀ ਬੁਲਾ ਲਈ ਹੈ। ਇਹ ਠੀਕ ਹੈ ਕਿ ਵਿਧਾਨਕਾਰ ਪਾਰਟੀ ਵਿਚ ਪਹਿਲਾਂ ਹੀ ਦੋ ਧੜੇ ਕੰਮ ਕਰ ਰਹੇ ਹਨ। ਇੱਕ ਧੜਾ ਸੁਖਪਾਲ ਸਿੰਘ ਖਹਿਰੇ ਨੂੰ ਹਟਾਉਣ 'ਤੇ ਖ਼ੁਸ਼ ਹੈ, ਦੂਜਾ ਧੜਾ ਖਹਿਰੇ ਦੇ ਹੱਕ ਵਿਚ ਡਟ ਗਿਆ ਹੈ। ਪ੍ਰੰਤੂ ਪਾਰਟੀ ਦੇ ਵਾਲੰਟੀਅਰ ਅਤੇ ਆਮ ਆਦਮੀ ਪਾਰਟੀ ਵਰਕਰ ਇਸ ਫੈਸਲੇ ਤੋਂ ਔਖੇ ਹਨ। ਇਸ ਲਈ ਕਿਸੇ ਵੀ ਸਮੇਂ ਪਾਰਟੀ ਵਿਚ ਕੋਈ ਧਮਾਕਾ ਹੋ ਸਕਦਾ ਹੈ। ਵਿਧਾਨਕਾਰ ਪਾਰਟੀ ਦੋਫਾੜ ਹੋਣਾ ਤਾਂ ਤੈਅ ਹੈ। ਪੰਜਾਬ ਦੇ ਲਗਪਗ ਅੱਧੇ ਜ਼ਿਲ੍ਹਿਆਂ ਦੇ ਪ੍ਹਧਾਨ ਅਤੇ ਹੋਰ ਅਹੁਦੇਦਾਰਾਂ ਨੇ ਪਿਛਲੇ ਦਿਨਾਂ ਵਿਚ ਅਸਤੀਫੇ ਦੇ ਦਿੱਤੇ ਹਨ। ਸਿਆਸੀ ਇਲਾਜ ਦਾ ਦਾਅਵਾ ਕਰਨ ਵਾਲੀ ਪਾਰਟੀ ਆਪ ਹੀ ਅਧਰੰਗ ਦਾ ਸ਼ਿਕਾਰ ਹੋ ਚੁੱਕੀ ਹੈ।
      ਪੰਜਾਬ ਨੇ ਮਈ 2014 ਦੀਆਂ ਲੋਕ ਸਭਾ ਚੋਣਾਂ ਵਿਚ 4 ਲੋਕ ਸਭਾ ਦੀਆਂ ਸੀਟਾਂ ਆਮ ਆਦਮੀ ਦੀ ਝੋਲੀ ਵਿਚ ਪਾਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਇੱਜ਼ਤ ਹੀ ਨਹੀਂ ਰੱਖੀ ਸੀ, ਸਗੋਂ ਸਮੁੱਚੇ ਦੇਸ਼ ਨੂੰ ਸੁਨੇਹਾ ਵੀ ਦਿੱਤਾ ਸੀ ਕਿ ਆਮ ਆਦਮੀ ਪਾਰਟੀ ਨੂੰ ਅਣਡਿੱਠ ਕਰਕੇ ਦੇਸ ਨੇ ਇਕ ਮੌਕਾ ਖੁੰਝਾ ਦਿੱਤਾ ਹੈ ਕਿਉਂਕਿ ਸਮੁੱਚੇ ਦੇਸ਼ ਵਿੱਚੋਂ ਇਕ ਵੀ ਲੋਕ ਸਭਾ ਸੀਟ ਹੋਰ ਕਿਸੇ ਰਾਜ ਵਿੱਚੋਂ ਆਮ ਆਦਮੀ ਪਾਰਟੀ ਜਿੱਤ ਨਹੀਂ ਸਕੀ ਸੀ। ਅਰਵਿੰਦ ਕੇਜਰੀਵਾਲ ਵੀ ਲੋਕ ਸਭਾ ਦੀ ਚੋਣ ਬੁਰੀ ਤਰ੍ਹਾਂ ਹਾਰ ਗਿਆ ਸੀ।
       ਲੋਕ ਸਭਾ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਪਰਵਾਸੀਆਂ ਨੇ ਸਭ ਤੋਂ ਵੱਧ ਚੋਣ ਫੰਡ ਦਿੱਤਾ ਪ੍ਰੰਤੂ ਦੁੱਖ ਦੀ ਗੱਲ ਹੈ ਕਿ ਅਰਵਿੰਦ ਕੇਜਰੀਵਾਲ ਨੇ ਉਹ ਸਾਰਾ ਫੰਡ ਸਮੁੱਚੇ ਦੇਸ ਵਿਚਲੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ 'ਤੇ ਵਰਤ ਲਿਆ। ਪੰਜਾਬ ਦੇ ਉਮੀਦਵਾਰਾਂ ਨੂੰ ਧੇਲਾ ਵੀ ਨਹੀਂ ਦਿੱਤਾ। ਪਰਵਾਸੀ ਅਤੇ ਪੰਜਾਬੀਆਂ ਨੂੰ ਕੇਜਰੀਵਾਲ ਤੋਂ ਬਹੁਤ ਵੱਡੀਆਂ ਆਸਾਂ ਸਨ ਕਿਉਂਕਿ ਕੇਜਰੀਵਾਲ ਨੇ ਸਿੱਖ ਭਾਈਚਾਰੇ ਨਾਲ ਹਾਅ ਦਾ ਨਾਅਰਾ ਵੀ ਮਾਰਿਆ ਸੀ। ਇਸ ਤੋਂ ਬਾਅਦ ਇਹ ਆਸ ਬੱਝ ਗਈ ਸੀ ਕਿ ਪੰਜਾਬ ਵਿਧਾਨ ਸਭਾ ਦੀਆਂ 2016 ਵਿਚ ਹੋਣ ਵਾਲੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਟ 'ਤੇ ਪਈ ਹੈ।
       ਅਰਵਿੰਦ ਕੇਜਰੀਵਾਲ, ਜਿਸਨੇ ਆਮ ਆਦਮੀ ਪਾਰਟੀ ਇਨ੍ਹਾਂ ਵਾਅਦਿਆਂ ਨਾਲ ਬਣਾਈ ਸੀ ਕਿ ਇਹ ਪਾਰਟੀ ਰਵਾਇਤੀ ਪਾਰਟੀਆਂ ਨਾਲੋਂ ਵੱਖਰੀ ਹੋਵੇਗੀ, ਇਸ ਵਿਚ ਨਾ ਤਾਂ ਪਰਿਵਾਰਵਾਦ ਦਾ ਬੋਲਬਾਲਾ ਹੋਵੇਗਾ ਅਤੇ ਨਾ ਹੀ ਪਾਰਟੀ ਪਰਧਾਨ ਦੀ ਹੀ ਤੂਤੀ ਬੋਲੇਗੀ, ਸਗੋਂ ਹਰ ਫੈਸਲਾ ਟਿਕਟਾਂ ਦੇਣ ਤੋਂ ਲੈ ਕੇ ਮੁੱਖ ਮੰਤਰੀ ਤੱਕ ਵਾਲੰਟੀਅਰਾਂ ਦਾ ਹੋਵੇਗਾ। ਯੋਜਨਾਵਾਂ ਮੁਹੱਲਵਾਈਜ਼ ਵਾਲੰਟੀਅਰ ਬਣਾਉਣਗੇ। ਜਾਣੀ ਕਿ ਲੋਕਾਂ ਦੀ ਆਪਣੀ ਸਰਕਾਰ ਹੋਵੇਗੀ। ਆਮ ਲੋਕ ਇਕ ਕਿਸਮ ਨਾਲ ਸਰਕਾਰ ਵਿਚ ਭਾਈਵਾਲ ਹੋਣਗੇ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹੀ ਸਾਰੇ ਸੀਨੀਅਰ ਨੇਤਾ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ 'ਤੇ ਨਿਗਾਹਾਂ ਲਾ ਕੇ ਬੈਠ ਗਏ। ਆਮ ਆਦਮੀ ਪਾਰਟੀ ਦੇ ਪੰਜਾਬ ਦੇ ਨੇਤਾਵਾਂ ਵਿਚ ਖਿੱਚੋਤਾਣ ਵਧ ਗਈ। ਕੁਰਸੀ ਲਈ ਸਾਜਿਸ਼ਾਂ ਸ਼ੁਰੂ ਹੋ ਗਈਆਂ। ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ, ਜਿਨ੍ਹਾਂ ਨੇ ਆਪਣੇ ਖ਼ੂਨ ਪਸੀਨੇ ਨਾਲ ਪਾਰਟੀ ਨੂੰ ਹੇਠਲੇ ਪੱਧਰ ਤੋਂ ਲੈ ਕੇ ਉੱਪਰ ਤੱਕ ਮਜ਼ਬੂਤ ਕੀਤਾ ਸੀ, ਨੂੰ ਮਾਮੂਲੀ ਗੱਲ ਦਾ ਬਹਾਨਾ ਬਣਾਕੇ ਕਿ ਕਿਤੇ ਉਹ ਮੁੱਖ ਮੰਤਰੀ ਨਾ ਬਣ ਜਾਵੇ,ਇੱਕ ਸੀਨੀਅਰ ਲੀਡਰ ਅਤੇ ਲੋਕ ਸਭਾ ਦੇ ਮੈਂਬਰ ਦੇ ਕਹਿਣ ਉੱਪਰ ਪਾਰਟੀ ਵਿੱਚੋਂ ਮੱਖਣ ਵਿੱਚੋਂ ਵਾਲ ਕੱਢ ਦਿੱਤਾ। ਪੰਜਾਬੀਆਂ, ਖਾਸ ਤੌਰ 'ਤੇ ਸਿੱਖ ਭਾਈਚਾਰੇ ਨੇ ਇਸਦਾ ਬੁਰਾ ਮਨਾਇਆ। ਇਹ ਫੈਸਲਾ ਕਰਕੇ ਕੇਜਰੀਵਾਲ ਨੇ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਦਾ ਦਾਅਵਾ ਕਿਰਕਰਾ ਕਰ ਦਿੱਤਾ। ਸੁੱਚਾ ਸਿੰਘ ਛੋਟੇਪੁਰ ਵਰਗੇ ਗੁਰਸਿੱਖ ਅਤੇ ਇਮਾਨਦਾਰ ਸਿਆਸਤਦਾਨ ਦਾ ਬਦਲ ਇਕ ਸਿਆਸਤ ਦਾ ਅਨਾੜੀ ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ ਬਣਾਕੇ ਪੰਜਾਬੀ ਸਿਆਸਤਦਾਨਾਂ ਦੀ ਹਿੱਕ ਤੇ ਮੂੰਗ ਦਲ ਦਿੱਤੇ।
      ਕੇਜਰੀਵਾਲ ਨੇ ਪਹਿਲਾਂ ਪਹਿਲ ਪ੍ਰਭਾਵ ਦਿੱਤਾ ਸੀ ਕਿ ਹਰ ਫੈਸਲੇ ਤੋਂ ਪਹਿਲਾਂ ਲੋਕਾਂ ਦੀ ਰਾਇ ਲਈ ਜਾਇਆ ਕਰੇਗੀ। ਕੇਜਰੀਵਾਲ ਦੇ ਇਸ ਫੈਸਲੇ ਤੋਂ ਬਾਅਦ ਜਦੋਂ ਪੰਜਾਬ ਵਿਚ ਵਿਧਾਨ ਸਭਾ ਦੀਆਂ ਚੋਣਾਂ ਆਈਆਂ ਤਾਂ ਹਰ ਵਾਲੰਟੀਅਰ ਵਿਧਾਨ ਸਭਾ ਦੀ ਟਿਕਟ ਦਾ ਦਾਅਵੇਦਾਰ ਬਣ ਬੈਠਾ। ਇਕ-ਇੱਕ ਹਲਕੇ ਵਿਚ100-100 ਵਾਲੰਟੀਅਰ ਉਮੀਦਵਾਰ ਬਣ ਗਏ। ਟਿਕਟਾਂ ਦੀ ਵੰਡ ਵਿਚ ਮੁਲਾਹਜ਼ੇਦਾਰੀਆਂ ਅਤੇ ਪੈਸੇ ਦਾ ਬੋਲਬਾਲਾ ਰਿਹਾ। ਕਈ ਯੋਗ ਉਮੀਦਵਾਰ ਅਣਡਿੱਠ ਕਰ ਦਿੱਤੇ ਗਏ। ਵਾਲੰਟੀਅਰਾਂ ਦੇ ਪੱਲੇ ਕੁਝ ਨਹੀਂ ਪਿਆ, ਸਗੋਂ ਦੂਜੀਆਂ ਪਾਰਟੀਆਂ ਵਿੱਚੋਂ ਆਏ ਅਹੁਦਿਆਂ ਦੇ ਭੁੱਖੇ ਮੌਕਾ ਪ੍ਰਸਤ ਸਿਆਸਤਦਾਨਾਂ ਨੂੰ ਟਿਕਟਾਂ ਦੇ ਕੇ ਨਿਵਾਜ ਦਿੱਤਾ, ਜਿਸਦਾ ਵਾਲੰਟੀਅਰਾਂ ਨੇ ਵਿਰੋਧ ਕੀਤਾ। ਵਾਲੰਟੀਅਰ ਪਿਛਲੇ ਚਾਰ ਸਾਲਾਂ ਤੋਂ ਘਰ ਘਰ ਅਤੇ ਗਲੀ ਗਲੀ ਆਪਣੇ ਖਰਚੇ 'ਤੇ ਪਾਰਟੀ ਦਾ ਪ੍ਰਚਾਰ ਕਰਦੇ ਘੱਟਾ ਫੱਕ ਰਹੇ ਸਨ। ਸਿੱਟਾ ਇਹ ਨਿਕਲਿਆ ਕਿ ਪੰਜਾਬ ਵਿਚ ਸਰਕਾਰ ਬਣਦੀ ਬਣਦੀ ਰਹਿ ਗਈ। ਫਿਰ ਵੀ ਆਮ ਆਦਮੀ ਪਾਰਟੀ ਅਕਾਲੀ ਦਲ ਨਾਲੋਂ ਵੱਧ ਸੀਟਾਂ ਜਿੱਤਕੇ ਵਿਧਾਨ ਸਭਾ ਵਿਚ ਵਿਰੋਧੀ ਪਾਰਟੀ ਬਣਕੇ ਉੱਭਰੀ।
       ਹਰਵਿੰਦਰ ਸਿੰਘ ਫੂਲਕਾ ਨੂੰ ਵਿਧਾਨ ਸਭਾ ਵਿਚ ਵਿਧਾਨ ਸਭਾ ਪਾਰਟੀ ਦਾ ਲੀਡਰ ਚੁਣਕੇ ਸਿਆਣਪ ਤੋਂ ਕੰਮ ਲਿਆ ਪ੍ਰੰਤੂ ਉਸਦੇ ਕੰਮ ਵਿਚ ਵੀ ਦਖ਼ਲਅੰਦਾਜ਼ੀ ਜਾਰੀ ਰਹੀ ਅਤੇ ਉਸਨੂੰ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਣ ਲੱਗਿਆ। ਅਖ਼ੀਰ ਉਸਨੇ ਵੀ ਖੁੰਦਕ ਖਾ ਕੇ ਅਸਤੀਫਾ ਦੇ ਦਿੱਤਾ। ਹਰਵਿੰਦਰ ਸਿੰਘ ਫੂਲਕਾ ਬੇਦਾਗ, ਇਮਾਨਦਾਰ ਅਤੇ ਗ਼ੈਰਤਮੰਦ ਵਿਅਕਤੀ ਹੈ। ਅਜਿਹੇ ਵਿਅਕਤੀ ਉੱਪਰ ਸੰਦੇਹ ਪ੍ਰਗਟਾਉਣਾ ਸਿਆਣੀ ਗੱਲ ਨਹੀਂ ਸੀ।
        ਫੂਲਕਾ ਸਾਹਿਬ ਦੀ ਥਾਂ 'ਤੇ ਸੁਖਪਾਲ ਸਿੰਘ ਖਹਿਰਾ ਨੂੰ ਵਿਧਾਨ ਸਭਾ ਵਿਚ ਪਾਰਟੀ ਦਾ ਲੀਡਰ ਬਣਾਉਣਾ ਬਹੁਤ ਹੀ ਚੰਗਾ ਫੈਸਲਾ ਸੀ। ਸੁਖਪਾਲ ਸਿੰਘ ਖਹਿਰਾ ਪੜ੍ਹਿਆ ਲਿਖਿਆ ਇਮਾਨਦਾਰ ਅਤੇ ਤੱਥਾਂ 'ਤੇ ਅਧਾਰਤ ਸਬੂਤ ਦੇਣ ਵਾਲਾ ਸਿਆਸਤਦਾਨ ਹੈ। ਉਸਨੇ ਹਰਵਿੰਦਰ ਸਿੰਘ ਫੂਲਕਾ ਦਾ ਬਦਲ ਵਿਲੱਖਣ ਬਣਾ ਕੇ ਪੇਸ਼ ਕੀਤਾ। ਸਿਆਸੀ ਪਰਿਵਾਰ ਵਿੱਚੋਂ ਆ ਕੇ ਤਿੰਨ ਵਾਰ ਵਿਧਾਨਕਾਰ ਰਹਿਣ ਕਰਕੇ ਉਸਦਾ ਤਜ਼ਰਬਾ ਵਿਸ਼ਾਲ ਹੈ ਪ੍ਰੰਤੂ ਉਸ ਤੋਂ ਵੀ ਕੁਝ ਗ਼ਲਤੀਆਂ ਹੋਈਆਂ ਹਨ। ਉਹ ਬਿਨਾਂ ਵਜਾਹ ਹੀ ਬਿਆਨਬਾਜ਼ੀ ਕਰਦਾ ਰਿਹਾ। ਫਿਰ ਵੀ ਇੰਨੀ ਸਜਾ ਦੇਣੀ ਵਾਜਬ ਨਹੀਂ ਸੀ। ਉਸਨੂੰ ਅਚਾਨਕ ਅਹੁਦੇ ਤੋਂ ਹਟਾਉਣਾ ਪਾਰਟੀ ਲਈ ਬਹੁਤ ਹੀ ਮੰਦਭਾਗਾ ਹੈ।
        ਹੁਣ ਤਾਂ ਸਿਆਸੀ ਆਲੋਚਕ ਕਿਆਸ ਅਰਾਈਆਂ ਲਾ ਰਹੇ ਹਨ ਕਿ ਝਾੜੂ ਦੇ ਤੀਲੇ ਇਕੱਠੇ ਰੱਖਣੇ ਮੁਸ਼ਕਲ ਹਨ। ਖਹਿਰੇ ਦਾ ਬਦਲ ਬਿਲਕੁਲ ਹੀ ਅਨਾੜੀ ਹੈ, ਜਿਸਨੂੰ ਵਿਧਾਨ ਸਭਾ ਦੀ ਵਰਕਿੰਗ ਦੀ ਅਜੇ ਜਾਣਕਾਰੀ ਵੀ ਨਹੀਂ। ਗੁਰਪ੍ਰੀਤ ਸਿੰਘ ਘੁਗੀ ਨੂੰ ਵੀ ਪ੍ਰਧਾਨ ਬਣਾਉਣ ਤੋਂ ਬਾਅਦ ਛੇਤੀ ਹੀ ਅਣਡਿੱਠ ਕਰਨਾ ਸ਼ੁਰੂ ਕਰ ਦਿੱਤਾ ਸੀ। ਅਖੀਰ ਉਹ ਵੀ ਪਾਰਟੀ ਨੂੰ ਅਲਵਿਦਾ ਕਹਿ ਗਿਆ।
       ਅਰਵਿੰਦ ਕੇਜਰੀਵਾਲ ਕਿਸੇ ਉੱਪਰ ਇਤਬਾਰ ਹੀ ਨਹੀਂ ਕਰਦਾ। ਉਹ ਲਗਾਤਾਰ ਗਲਤੀਆਂ ਕਰਦਾ ਆ ਰਿਹਾ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਵਿਚ ਉੱਭਰਨ ਦਾ ਮੁੱਖ ਕਾਰਨ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦਾ ਭ੍ਰਿਸ਼ਟਾਚਾਰ ਸੀ। ਅਕਾਲੀਆਂ ਦੇ ਦਸ ਸਾਲ ਦੇ ਰਾਜ ਵਿਚ ਨੌਜਵਾਨੀ ਨਸ਼ਿਆਂ ਦੀ ਗ੍ਰਿਫਤ ਵਿਚ ਆ ਗਈ ਸੀ। ਇਸਦਾ ਵੀ ਕੇਜਰੀਵਾਲ ਨੇ ਲਾਹਾ ਲਿਆ। ਅਰਵਿੰਦ ਕੇਜਰੀਵਾਲ ਨੇ ਇਸ ਮੁੱਦੇ ਦਾ ਲਾਭ ਉਠਾਕੇ ਬਿਕਰਮ ਸਿੰਘ ਮਜੀਠੀਏ ਨੂੰ ਬਿਨਾਂ ਸਬੂਤਾਂ ਤੋਂ ਹੀ ਨਸ਼ਿਆਂ ਦਾ ਸੌਦਾਗਰ ਤੱਕ ਕਹਿ ਦਿੱਤਾ। ਅਜੇ ਨਸ਼ਿਆਂ ਦਾ ਮੁੱਦਾ ਠੰਢਾ ਨਹੀਂ ਹੋਇਆ ਸੀ ਕਿ ਕੇਜਰੀਵਾਲ ਨੇ ਲਿਖਕੇ ਅਮ੍ਰਿਤਸਰ ਦੀ ਅਦਾਲਤ ਵਿਚ ਬਿਕਰਮ ਸਿੰਘ ਮਜੀਠੀਏ ਤੋਂ ਮੁਆਫੀ ਮੰਗ ਲਈ, ਜਿਸ ਦਾ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਬੁਰਾ ਮਨਾਇਆ। ਇੱਥੋਂ ਤੱਕ ਕਿ ਭਗਵੰਤ ਮਾਨ ਨੇ ਤਾਂ ਪੰਜਾਬ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ। ਭਗਵੰਤ ਮਾਨ ਅਜੇ ਤੱਕ ਪਾਰਟੀ ਦਾ ਕੰਮ ਨਹੀਂ ਕਰ ਰਿਹਾ।
        ਸੁਖਪਾਲ ਸਿੰਘ ਖਹਿਰਾ ਨੇ ਤਾਂ ਮੁਆਫੀਨਾਮੇ ਸਮੇਂ ਕੇਜਰੀਵਾਲ ਵਿਰੁੱਧ ਸਖਤ ਸ਼ਬਦਾਵਲੀ ਵਰਤੀ ਸੀ। ਕੇਜਰੀਵਾਲ ਨੇ ਇਸਦਾ ਹੀ ਬਦਲਾ ਲਿਆ ਹੈ। ਮੁਆਫੀਨਾਮੇ ਤੋਂ ਬਾਅਦ ਪਾਰਟੀ ਦਾ ਗਰਾਫ ਜੀਰੋ ਤੱਕ ਪਹੁੰਚ ਗਿਆ। ਅਜੇ ਪਾਰਟੀ ਨੇ ਸਥਾਪਤ ਹੋਣਾ ਸੀ ਪ੍ਰੰਤੂ ਪਹਿਲਾਂ ਹੀ ਇਸਨੂੰ ਖੋਰਾ ਲੱਗਣ ਲੱਗ ਪਿਆ। ਅਰਵਿੰਦ ਕੇਜਰੀਵਾਲ, ਜਿਸਨੂੰ ਪਾਰਟੀ ਬਣਾਉਣ ਦਾ ਸਿਹਰਾ ਜਾਂਦਾ ਹੈ, ਪੰਜਾਬ ਵਿਚ ਪਾਰਟੀ ਨੂੰ ਖੋਰਾ ਲਾਉਣ ਦਾ ਇਲਜ਼ਾਮ ਵੀ ਉਸੇ ਉੱਪਰ ਹੀ ਲੱਗਦਾ ਹੈ। ਉਹ ਵੀ ਬਾਕੀ ਪਾਰਟੀਆਂ ਦੇ ਨੇਤਾਵਾਂ ਦੀ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਆਪਣੀ ਜਾਗੀਰ ਸਮਝਣ ਲੱਗ ਪਿਆ ਹੈ। ਉਸ ਦੀਆਂ ਆਪ ਹੁਦਰੀਆਂ ਨੇ ਪੰਜਾਬ ਦੇ ਲੋਕਾਂ ਦੇ ਹੌਸਲੇ ਪਸਤ ਕਰ ਦਿੱਤੇ ਹਨ।
       ਹੁਣ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਰਕਰ ਨਿਰਾਸ ਬੈਠੇ ਹਨ। ਉਨ੍ਹਾਂ ਨਾਲ ਤਾਂ ਸੱਪ ਦੇ ਮੂੰਹ ਵਿਚ ਕੋਹੜ ਕਿਰਲੀ ਵਾਲੀ ਗੱਲ ਬਣੀ ਪਈ ਹੈ। ਨਾ ਉਹ ਪਾਰਟੀ ਵਿਚ ਰਹਿ ਸਕਦੇ ਹਨ ਅਤੇ ਨਾ ਹੀ ਛੱਡ ਸਕਦੇ ਹਨ। ਪਾਰਟੀ ਦੇ ਭਵਿੱਖ ਬਾਰੇ ਸਮਰਥਕ ਪਰਵਾਸੀ ਭੈਣਾਂ ਅਤੇ ਭਰਾ ਸੋਚਾਂ ਵਿਚ ਡੁੱਬੇ ਹੋਏ ਹਨ। ਇਕ ਆਸ ਦੀ ਕਿਰਨ ਜਿਹੜੀ ਨਿਕਲ ਰਹੀ ਸੀ, ਉਹ ਹੀ ਡੁੱਬਦੀ ਨਜ਼ਰ ਆ ਰਹੀ ਹੈ। ਜਿਹੜਾ ਭੁਚਾਲ ਸੁਖਪਾਲ ਸਿੰਘ ਖਹਿਰੇ ਨੂੰ ਹਟਾਉਣ 'ਤੇ ਆਇਆ ਹੈ, ਵੇਖੋ ਅਗਾਂਹ ਕੀ ਰੰਗ ਵਿਖਾਉਂਦਾ ਹੈ।
       ਕੇਜਰੀਵਾਲ ਸੁਖਪਾਲ ਸਿੰਘ ਖਹਿਰਾ ਦੀ ਰੈਫਰੈਂਡਮ ਵਰਗੇ ਸੰਜੀਦਾ ਮੁੱਦਿਆਂ ਬਾਰੇ ਬਿਆਨਬਾਜ਼ੀ ਤੋਂ ਦੁਖੀ ਸੀ। ਪੰਜਾਬ ਦੇ ਸਹਿ ਕਨਵੀਨਰ ਡਾ. ਬਲਬੀਰ ਸਿੰਘ ਬਾਰੇ ਸੁਖਪਾਲ ਸਿੰਘ ਖਹਿਰਾ ਦੀ ਟਿੱਪਣੀ ਨੇ ਬਲਦੀ ਉੱਪਰ ਤੇਲ ਦਾ ਕੰਮ ਕੀਤਾ, ਜਿਸ ਕਰਕੇ ਖਹਿਰਾ ਨੂੰ ਵਿਰੋਧੀ ਧਿਰ ਦੇ ਲੀਡਰ ਦੇ ਅਹੁਦੇ ਤੋਂ ਹੱਥ ਧੋਣੇ ਪਏ। ਅਸਲ ਵਿਚ ਸੁਖਪਾਲ ਸਿੰਘ ਖਹਿਰਾ ਹਮੇਸ਼ਾ ਆਪਣੇ ਬਿਆਨਾਂ ਕਰਕੇ ਵਿਵਾਦਾਂ ਵਿਚ ਰਿਹਾ ਹੈ।

05 Aug. 2018