ਟੈਂ ਨਾ ਮੰਨਣ ਕਿਸੇ ਦੀ - ਸੰਪੂਰਨ ਸਿੰਘ

ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਸਬੰਧ ਵਿੱਚ ਵਿਦੇਸ਼ੀ ਸਿੱਖਾਂ ਨਾਲ ਵੱਖ-ਵੱਖ ਮੁੱਦਿਆਂ ਉਪਰ ਗੱਲ ਕਰਨ ਲਈ ਪਾਕਿਸਤਾਨੀ ਪੰਜਾਬ ਦੇ ਗਵਰਨਰ 2019 ਵਿੱਚ Houston ਆਏ ਸੀ | ਉਹ ਸਾਡੇ ਗੁਰੂਘਰ ”ਸਿੱਖ ਨੈਸ਼ਨਲ ਸੈਂਟਰ” ਵਿੱਚ ਨਤਮਸਤਕ ਹੋਏ । ਮੈਂ ਗੁਰੂ ਘਰ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਉਨ੍ਹਾਂ ਦਾ ਸਵਾਗਤ ਕਰਦਿਆਂ ਗੁਰੂ ਘਰ ਦੀ ਸੰਗਤ ਵੱਲੋਂ ਜੀ ਆਇਆ ਆਖਿਆ ਤੇ ਨਾਲ ਹੀ ਮੈਂ ਜਰੂਰੀ ਸਮਝਿਆ ਕਿ ਆਪਣੇ ਮਹਿਮਾਨ ਨੂੰ ਸਿੱਖਾਂ ਦੀ ਕੌਮੀਅਤ ਤਾਸੀਰ ਬਾਰੇ ਵੀ ਜਾਣਕਾਰੀ ਦੇਵਾਂ । ਮੈਂ ਪ੍ਰੋ. ਪੂਰਨ ਸਿੰਘ ਦੀ ਕਵਿਤਾ ਦੀਆ ਦੋ ਸਤਰਾ ਕਹੀਆਂ "ਪਿਆਰ ਨਾਲ ਇਹ ਕਰਨ ਗੁਲਾਮੀ , ਪਰ ਟੈ ਨਾਂ ਮੰਨਣ ਕਿਸੇ ਦੀ “| ਕਿਉਂਕਿ ਗਵਰਨਰ ਚੌਧਰੀ ਸਰਵਰ ਪੰਜਾਬੀ ਹੈ ਤੇ ਬੜੀ ਦੇਰ ਇੰਗਲੈਂਡ ਵਿੱਚ ਰਿਹਾ ਅਤੇ ਸਿੱਖਾਂ ਨਾਲ ਉਸਦੀ ਕਾਫ਼ੀ ਡੂੰਗੀ ਸਾਂਝ ਵੀ ਸੀ । ਸੰਗਤ ਵਿੱਚੋਂ ਬੈਠਿਆ ਹੀ ਮੈਨੂੰ ਤੁਰੰਤ ਜਵਾਬ ਦਿੱਤਾ ਕਿ "ਟੈ ਕਿਸੇ ਦੀ ਮੰਨਣੀ ਤਾਂ ਵੱਖਰੀ ਗਲ” ਟੈਂ ਤਾਂ ਇਹ ਆਪਣਿਆਂ ਦੀ ਵੀ ਨਹੀਂ ਮੰਨਦੇ । ਸੱਚਮੁਚ ਪ੍ਰੋ. ਪੂਰਨ ਸਿੰਘ ਵੱਲੋਂ ਚਿਤਰੀ ਇਸ ਤਸਵੀਰ ਦਾ ਇਹ ਦੂਸਰਾ ਪਾਸਾ ਹੈ ਜੋ ਚੋਧਰੀ ਸਰਵਰ ਦੀ ਵਿਆਖਿਆ ਵਿਚੋਂ ਉਘੜਦੈ । ਸਾਡੀ ਕੌਮ ਦੇ ਸੁਭਾਅ ਦੀ ਇਹ ਬਿਰਤੀ ਸਾਡਾ ਗੌਰਵ ਵੀ ਹੈ ਤੇ ਸਾਡੀ ਬਹੁਤ ਵੱਡੀ ਕਮਜ਼ੋਰੀ ਵੀ ਤੇ ਕੌਮੀ ਤੌਰ ਤੇ ਸਾਡੀਆ ਬਹੁਤ ਸਾਰੀਆਂ ਅਸਫਲਤਾਵਾਂ ਦਾ ਮੁੱਖ ਕਾਰਨ ਵੀ । ਤੇ ਇਸੇ ਗੁਣ ਜਾ ਔਗੁਣ ਦੀ ਰੋਸ਼ਨੀ ਵਿਚ ਆਪਾ ਅੱਜ ਦੇ ਕਿਸਾਨੀ ਅੰਦੋਲਨ ਵਿਚਲੇ ਆਪਸੀ ਵਰਤਾਰੇ ਨੂੰ ਜਾਨਣ ਦੀ ਕੋਸ਼ਿਸ਼ ਕਰਾਂਗੇ ।

ਅਜ਼ਾਦ ਭਾਰਤ ਦੇ ਇਤਿਹਾਸ ਵਿਚ ਇਹ ਕਿਸਾਨੀ ਅੰਦੋਲਨ ਇਕ ਅਜਿਹਾ ਇਮਤਿਹਾਨ ਹੈ , ਜਿਸ ਵਿੱਚੋਂ ਸਫਲ ਹੋਣ ਤੋਂ ਇਲਾਵਾ ਸਾਡੇ ਪਾਸ ਕੋਈ ਬਦਲ ਬਚਦਾ ਹੀ ਨਹੀਂ ।ਦੇਸ਼ਭਰ ਵਿੱਚ ਇਹ ਸੰਘਰਸ਼ ਬੇਸ਼ਕ ਕਿਸਾਨੀ ਮੰਗਾ ਤੱਕ ਹੀ ਸੀਮਤ ਹੈ ਪਰ ਪੰਜਾਬ ਲਈ ਇਹ ਪੰਜਾਬੀਅਤ ਦੇ ਵਜੂਦ ਦੀ ਸਲਾਮਤੀ ਨਾਲ ਵੀ ਸਬੰਧਤ ਹੈ । ਪੰਜਾਬ ਲਈ ਇਹ ਅੰਦੋਲਨ ਜਿਤ ਜਾਂ ਤੇ ਮੌਤ ਹੈ ਜ਼ਰੂਰੀ ਨਹੀਂ ਉਹ ਮੌਤ ਜਿਸਮਾਨੀ ਹੀ ਹੋਵੇ ਸਗੋਂ ਉਹ ਮੌਤ ਗੈਰਤ ਤੇ ਗੌਰਵ ਦੀ ਅਤੇ ਆਤਮਕ ਵੀ ਹੋ ਸਕਦੀ ਹੈ ।
ਇਸ ਵਿੱਚ ਕੋਈ ਸੰਦੇਹ ਨਹੀਂ ਕਿ ਇਹ ਅੰਦੋਲਨ ਹੁਣ ਦੇਸ਼ ਵਿਆਪੀ ਬਣ ਚੁੱਕਾ ਹੈ ਤੇ ਖਾਸ ਕਰਕੇ ਪੰਜਾਬੀਆਂ ਲਈ ਵਿਸ਼ਵਵਿਆਪੀ , ਦੋਹਾਂ ਪਾਸਿਆਂ ਵੱਲੋਂ ਬਹੁਤ ਕੁਝ ਦਾਅ ਤੇ ਲਾ ਦਿੱਤਾ ਗਿਆ ਹੈ । ਪੰਜ ਰਾਜਾਂ ਦੀਆ ਚੋਣਾ ਖ਼ਾਸ ਕਰਕੇ ਪੰਛਮੀ ਬੰਗਾਲ ਦੀ ਚੋਣ । ਸਰਕਾਰ ਇਹ ਚੋਣਾ ਜਿੱਤੇ ਜਾਂ ਹਾਰੇ ਪਰ ਚੋਣ ਨਤੀਜਿਆ ਤੌ ਬਾਅਦ ਦਾ ਸਮਾ ਕਿਸਾਨੀ ਲੀਡਰਸ਼ਿਪ ਲਈ ਬਹੁਤ ਹੀ ਚਣੌਤੀਆ ਤੇ ਜੋਖਮ ਭਰਿਆ ਹੋਣ ਦੀ ਸੰਭਾਵਨਾ ਹੈ । ਬਹੁਤ ਕੁਝ ਅਣਕਿਆਸਿਆ ਵਾਪਰਨ ਤੋਂ ਵੀ ਇਨਕਾਰੀ ਨਹੀਂ ਹੋਇਆ ਜਾ ਸਕਦਾ ।
ਕਿਸਾਨੀ ਲੀਡਰਸ਼ਿਪ ਤੇ ਖਾਸ ਕਰਕੇ ਪੰਜਾਬ ਦੀ ਕਿਸਾਨੀ ਲੀਡਰਸ਼ਿਪ ਕਈ ਪੱਖਾ ਤੋਂ ਤਰੀਫ ਦੀ ਹੱਕਦਾਰ ਹੈ ਕਿ ਉਨਾਂ ਨੇ ਲੰਬੇ ਸਮੇਂ ਤੋਂ ਇਸ ਸੰਘਰਸ਼ ਦੇ ਵਹਿਣ ਨੂੰ ਕਿਸੇ ਨਾ ਕਿਸੇ ਰੂਪ ਵਿਚ ਵਹਿੰਦੇ ਰਖ ਸਕਣ ਵਿਚ ਅਗਵਾਈ ਕੀਤੀ ਹੈ ਜਿਥੇ ਇਸ ਸੰਘਰਸ਼ ਦੀ ਬੁਨਿਆਦ ਰੱਖ ਉੱਥੇ ਉਸਦੇ ਬਣਦੇ ਮਾਨ ਨੂੰ ਪੰਜਾਬੋ ਬਾਹਰਲੀ ਕਿਸਾਨੀ ਲੀਡਰਸ਼ਿਪ ਵਿੱਚ ਵੀ ਬਰਕਰਾਰ ਰੱਖਿਆ । ਇਸ ਦੇ ਨਾਲ ਨਾਲ ਇਹ ਮੰਨਣਾ ਪਵੇਗਾ ਕਿ ਜਿਥੇ ਪੰਜਾਬ ਦੀ ਗੱਲ ਹੋਵੇਗੀ ਉਥੇ ਸਿੱਖੀ ਦੀ ਗਲ ਤੋਂ ਵੀ ਇਨਕਾਰੀ ਨਹੀਂ ਹੋਇਆਂ ਜਾ ਸਕਦਾ । ਕਿਉਂਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਮ ਤੇ ਸਿੱਖੀ ਉਨਾਂ ਹੀ ਗੁਰਾਂ ਦੀ ਦੇਣ ਹੈ । ਮੇਰਾ ਮੰਨਣਾ ਹੈ ਕਿ ਪੂਰੇ ਭਾਰਤ ਦਾ ਕਿਸਾਨ ਬਿਲਕੁਲ ਵੀ ਇਸ ਤੱਥ ਤੋਂ ਇਨਕਾਰੀ ਨਹੀਂ ਕਿ ਇਸ ਅੰਦੋਲਨ ਦੀ ਜਨਮਭੂਮੀ ਹੀ ਪੰਜਾਬ , ਪੰਜਾਬ ਦਾ ਕਿਸਾਨ ਤੇ ਸਿੱਖ ਕਿਸਾਨ ਨਹੀਂ ਸਗੋਂ ਇਸ ਅੰਦੋਲਨ ਦੀ ਰੀੜ ਦੀ ਹੱਡੀ ਵੀ ਹਨ ।
ਪੰਜਾਬ ਦੀ ਕਿਸਾਨੀ ਲੀਡਰਸ਼ਿਪ ਦੇ ਸਬੰਧ ਵਿੱਚ ਇਕ ਹੋਰ ਗਲ ਦਾ ਜ਼ਿਕਰ ਵੀ ਜਰੂਰੀ ਸਮਝਦਾ ਹਾਂ, ਕਿ ਸਾਡੇ ਲੀਡਰ ਅੱਜ ਦੇਸ਼ ਦੇ ਕੋਨੇ-ਕੋਨੇ ਵਿੱਚ ਇਸ ਸੰਘਰਸ਼ ਦੇ ਨਾਇਕਾਂ ਵਜੋਂ ਵਿਚਰ ਰਹੇ ਹਨ । ਇਹ ਇਕ ਅਜਿਹਾ ਮਾਣ ਹੈ ਜਿਸਦਾ ਬਹੁਤੇ ਲੀਡਰਾਂ ਨੇ ਕਦੀ ਸੁਪਨਾ ਵੀ ਨਹੀਂ ਚਿਤਵਿਆ ਹੋਣੇ ।ਪਰ ਉਨਾਂ ਨੂੰ ਇਸ ਮਾਣ ਦੇ ਯੋਗ ਕਿਸਨੇ ਬਣਾਇਆ ਵੀ ਸਾਨੂੰ ਚੇਤੇ ਵਿੱਚ ਰੱਖਣਾ ਚਾਹੀਦਾ ਹੈ । 26 ਨਵੰਬਰ ਤੋਂ ਪਹਿਲਾ ਕਈ ਮਹੀਨੇ ਸੜਕਾਂ ਤੇ ਰੇਲਾਂ ਦੀਆਂ ਪਟੜੀਆਂ ਤੇ ਬੈਠੇ ਰਹੇ , ਜਲਸੇ - ਜਲੂਸ ਕੱਢਦੇ ਰਹੇ ਪਰ ਭਾਰਤ ਸਰਕਾਰ ਜਾਂ ਭਾਰਤ ਦੇ ਕਿਸੇ ਵੀ ਕੋਨੇ ਵਿੱਚ ਪੰਜਾਬ ਅੰਦਰ ਬਲਦੀ ਇਸ ਵਿਦਰੋਹ ਦੀ ਅੱਗ ਦਾ ਸੇਕ ਮਹਿਸੂਸ ਨਹੀਂ ਸੀ ਕੀਤਾ ਗਿਆ । ਗਵਾਂਢੀ ਸੂਬੇ ਹਰਿਆਣਾ ਤੇ ਰਾਜਸਥਾਨ ਵੀ ਸ਼ਾਤ ਹਨ । 26 ਨਵੰਬਰ ਅੰਦੋਲਨਕਾਰੀਆ ਵੱਲੋਂ ਦਿੱਲੀ ਜਾਣ ਦਾ ਪ੍ਰੋਗਰਾਮ ਸੀ ਪਰ ਨਾਲ ਹੀ ਇਹ ਹਦਾਇਤ ਸੀ ਲੀਡਰਸ਼ਿਪ ਵੱਲੋਂ ਕਿ ਜੇਕਰ ਸਰਕਾਰ ਸ਼ਕਤੀ ਨਾਲ ਰੋਕੇਗੀ ਤਾਂ ਰੋਸ ਵਜੋ ਉੱਥੇ ਹੀ ਧਰਨੇ ਲਾ ਕੇ ਬੈਠ ਜਾਵਾਂਗੇ ਤੇ ਲੰਮਾ ਸਮਾ ਟਿਕੇ ਰਹਾਂਗੇ ਟਕਰਾਅ ਨਹੀਂ ਕਰਾਂਗੇ । ਆਪਾ ਸੱਭ ਜਾਣਦੇ ਕਿ ਸਰਕਾਰ ਦੀ ਸਖ਼ਤ ਵਿਉਤਬੰਦੀ ਤੇ ਲੀਡਰਸ਼ਿਪ ਦੇ ਪ੍ਰੋਗਰਾਮ ਤੇ ਹੀ ਚਲਦਿਆ ਹਰਿਆਣੇ ਦੀ ਸਰਦਲ ਦਾ ਪਾਰ ਕਰਨਾ ਸੰਭਵ ਨਹੀਂ ਸੀ । ਆਪਾ ਨੂੰ ਪਤੈ ਕਿ ਪੰਜਾਬ ਭਾਵੇਂ ਕਿਸੇ ਵੀ ਭੱਠੀ ਵਿੱਚ ਸੜਦਾ ਰਹੇ ਦਿਲੀ ਉਸਦਾ ਸੇਕ ਮਹਿਸੂਸ ਨਹੀਂ ਕਰਦੀ ਤੇ ਆਪਾ ਹਰਿਆਣੇ ਦੀਆ ਬਰੂਹਾ ਉੱਪਰ ਆਪਣੀ ਹੀ ਧਰਤੀ ਤੇ ਆਪਣੀ ਹੀ ਅੱਗ ਵਿਚ ਸੜਦੇ ਰਹਿਣਾ ਸੀ ਤੇ ਦਿੱਲੀ ਦੀ ਬੇਪਰਵਾਹੀ ਜਾਰੀ ਰਹਿਣੀ ਸੀ । ਪਰ ਸਰਕਾਰ ਤੇ ਕਿਸਾਨੀ ਲੀਡਰਸ਼ਿਪ ਦੀ ਵਿਉਤਬੰਦੀ ਦੇ ਉਲਟ ਨੌਜਵਾਨਾ ਦੀ ਸ਼ਕਤੀ ਤੇ ਕੁਦਰਤ ਦੇ ਅਗੰਮੀ ਵਰਤਾਰੇ ਦੇ ਕਾਰਨ ਇਸ ਅੰਦੋਲਨ ਨੇ ਸਿਰਫ ਹਰਿਆਣੇ ਦੀ ਧਰਤੀ ਉੱਪਰ ਪੈਰ ਹੀ ਨਹੀਂ ਰੱਖਿਆਂ ਸਗੋਂ ਦਿੱਲੀ ਦੀਆ ਬਰੂਹਾਂ ਉੱਪਰ ਜਾ ਦਸਤਕ ਦਿਤੀ ਸੀ ਫਿਰ ਇਹ ਕੁਦਰਤੀ ਸੀ ਕਿ ਦਿੱਲੀ ਦੀਆ ਬਰੂਹਾਂ ਉੱਪਰ ਬਲਦੇ ਇਸ ਸ਼ਾਤਮਈ ਵਿਦਰੋਹ ਦਾ ਸੇਕ ਸਰਕਾਰ ਦੇ ਵਿਹੜੇ ਵਿੱਚ ਵੀ ਮਹਿਸੂਸ ਹੋਣਾ ਸੀ ।ਉਸੇ ਹੀ ਸੇਕ ਦਾ ਨਤੀਜਾ ਇਕ ਦਰਜਨ ਦੇ ਕਰੀਬ ਹੋਈਆਂ ਮੀਟਿੰਗਾਂ ਸੀ ।
ਇਕ ਗੱਲ ਹੋਰ ਵੀ ਸਪਸ਼ਟ ਕਰਨੀ ਚਾਹੁੰਦਾ ਕਿ ਲੀਡਰਸ਼ਿਪ ਨੋਜਵਾਨਾ ਅੰਦਰਲੇ ਜੋਸ਼ ਤੋਂ ਬੜੀ ਭੈਭੀਤ ਹੈ ਜਦ ਕਿ ਜੋਸ਼ ਤੋਂ ਬਿਨਾ ਹੋਸ਼ ਵੀ ਨਿਪੁੰਸਕ ਮੰਨੀ ਜਾਂਦੀ ਹੈ । ਇਨੇ ਵੱਡੇ ਅੰਦੋਲਨ ਵਿੱਚ ਕਦੀ ਕਦੀ ਅੰਦੋਲਨ ਕਾਰੀਆਂ ਅੰਦਰ ਬਲਦੀ ਉਸ ਅੱਗ ਦੀ ਸੰਕੇਤਕ ਮਾਤਰ ਝਲਕ ਜਰੂਰੀ ਹੁੰਦੀ ਹੈ।
ਮੈਂ ਆਪਣੇ ਪਿਛਲੇ ਲੇਖ ਵਿੱਚ ਇਸ ਮੋਰਚੇ ਦੀ ਖੜੋਤ ਨੂੰ ਤੋੜਨ ਲਈ ਤੇ ਸਰਕਾਰ ਉੱਪਰ ਦਬਾਉ ਬਣਾਉਣ ਤੇ ਆਪਣੀ ਆਵਾਜ਼ ਨੂੰ ਅੰਤਰਰਾਸ਼ਟਰੀ ਪੱਧਰ ਤੇ ਸੁਰਖੀਆਂ ਵਿੱਚ ਲੈ ਕੇ ਆਉਣ ਲਈ ਕਿਸੇ ਵੱਡੇ ਪਰ ਸ਼ਾਤਮਈ ਕਦਮ ਉਠਾਉਣ ਦੀ ਗੱਲ ਕਰਦਿਆ ਲੀਡਰਸ਼ਿਪ ਨੂੰ ਵਾਰੀ ਵਾਰੀ ਬਲੀਆਂ ਦੇਣ ਦੀ ਗਲ ਕਹੀ ਸੀ । ਬਲੀ ਦੇਣ ਦਾ ਮੇਰਾ ਮਤਲਬ ਕੁਰਬਾਨੀ , ਜੋ ਸਿਖੀ ਸਿਧਾਂਤਾਂ ਦੇ ਅਨੁਕੂਲ ਹੋਵੇ ਤੇ ਉਸ ਦੀਆਂ ਉਦਾਹਰਣਾ ਮੋਜੂਦ ਹਨ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ , ਪੰਜਾ ਸਾਹਿਬ ਰੇਲ ਰੋਕਣ ਸਮੇ ਹੋਈਆ ਸ਼ਹਾਦਤਾਂ , ਨਨਕਾਣਾ ਸਾਹਿਬ ਹੋਈਆਂ ਸ਼ਹਾਦਤਾਂ, ਪੰਜਾਬੀ ਸੂਬੇ ਮੋਰਚੇ ਸਮੇਂ ਸ੍ਰ. ਦਰਸ਼ਨ ਸਿੰਘ ਫੇਰੂਮਾਨ ਦੀ ਭੁੱਖ ਹੜਤਾਲ਼ ਤੇ ਹੋਈ ਸ਼ਹਾਦਤ,ਕੈਦ ਪੂਰੀ ਕਰ ਚੁਕੇ ਪਰ ਅਜੇ ਵੀ ਜੇਲਾਂ ਅੰਦਰ ਬੰਦ ਨੋਜਵਾਨਾ ਦੀ ਰਿਹਾਈ ਲਈ ਭਾਈ ਗੁਰਬਖਸ਼ ਸਿੰਘ ਦੀ ਸ਼ਹਾਦਤ । ਇਹ ਸਾਰੇ ਸ਼ਹੀਦ ਘਰੋਂ ਸ਼ਹੀਦ ਹੋਣ ਲਈ ਆਪਣੀ ਬਲੀ ਜਾਂ ਕੁਰਬਾਨੀ ਦੇਣ ਲਈ ਨਹੀਂ ਸੀ ਗਏ ਸਗੋਂ ਆਪਣੇ ਮਿਥੇ ਮਕਸਦ ਦੀ ਕਾਮਯਾਬੀ ਲਈ ਗਏ ਸੀ ਪਰ ਮਨਾਂ ਅੰਦਰ ਇਹ ਦ੍ਰਿੜ ਸੰਕਲਪ ਸੀ ਕਿ ਜੇ ਸਾਡੀ ਮੰਗ ਨਹੀਂ ਮੰਨੀ ਜਾਂਦੀ ਤਾਂ ਮੰਗ ਦੀ ਪੂਰਤੀ ਤੇ ਪ੍ਰਾਪਤੀ ਲਈ ਆਪਣੀ ਜਾਨ ਵੀ ਕੁਰਬਾਨ ਕੀਤੀ ਜਾ ਸਕਦੀ ਹੈ । ਸ. ਸ਼ਾਮ ਸਿੰਘ ਅਟਾਰੀ ਆਪਣੇ ਘਰੋ ਸਿੱਖ ਫੌਜ ਦੇ ਜਰਨੈਲ ਵਜੋ ਅੰਗਰੇਜ਼ਾਂ ਖਿਲਾਫ ਲੜਾਈ ਵਿੱਚ ਜਿੱਤ ਹਾਸਲ ਕਰਨ ਗਿਆ ਸੀ , ਪਰ ਨਾਲ ਹੀ ਇਕ ਪ੍ਰਣ ਸੀ ਕਿ ਹਾਰ ਦੇ ਕਲੰਕ ਨੂੰ ਮੱਥੇ ਤੇ ਲਾ ਕੇ ਘਰ ਨਹੀਂ ਪਰਤੇਗਾ । ਪੰਜਾਬ ਦੇ 32 ਲੀਡਰ ਹਨ ਉਨਾਂ ਵੱਲੋਂ ਆਪਣੇ ਅੰਦਰਲੇ ਸਰਕਾਰ ਪ੍ਰਤੀ ਰੋਹ ਦਾ ਕੋਈ ਇਕ ਝਲਕਾਰਾ ਦਾ ਦਿਖਾਉਣਾ ਚਾਹੀਦਾ ਹੈ ਲਹੂ ਦਾ ਰੰਗ ਤੇ ਸ਼ਹੀਦ ਦੇ ਲਹੂ ਦਾ ਰੰਗ ਬਹੁਤ ਗਹਿਰਾ ਹੁੰਦੈ ਤੇ ਸਦੀਆਂ ਤੱਕ ਉਸਦੀ ਸ਼ਾਪ ਬਣੀ ਰਹਿੰਦੀ ਹੈ । ਸਾਡੀ ਇਹ ਲੀਡਰਸ਼ਿਪ ਸਾਡੇ ਸ਼ਹੀਦਾਂ ਦੀ ਵਾਰਸ ਹੈ । ਅਸੀਂ ਆਪਣੇ ਹੱਕ ਮੰਗਦੇ ਹਾਂ ਭੀਖ ਨਹੀਂ ਤੇ ਹੱਕ ਕਦੀ ਵੀ ਤਰਲੇ ਕਰਕੇ ਨਹੀਂ ਮਿਲਦੇ । ਆਪਣੇ ਇਤਿਹਾਸ ਦੀ ਰੌਸ਼ਨੀ ਵਿੱਚ ਆਪਣੇ ਭਵਿੱਖ ਨੂੰ ਤੱਕਣ ਤੇ ਸਿਰਜਨ ਦੀ ਬਾਤ ਪਾਵੋ ।
ਦੇਖਣ ਵਿੱਚ ਆਇਆ ਹੈ ਕਈ ਲੋਕ ਇਕ ਅਜੀਬ ਤਰਾਂ ਦਾ ਬ੍ਰਿਤਾਂਤ
ਸਿਰਜਨ ਵਿੱਚ ਤੁਲੇ ਹੋਏ ਹਨ ਕਿ ਜਿਵੇਂ ਦੀਪ ਸਿੰਧੂ ਤੇ ਲੱਖੇ ਸਿਧਾਣੇ ਦੀ ਹਿਮਾਇਤ ਦਾ ਮਤਲਬ ਕਿਸਾਨੀ ਮੋਰਚੇ ਨੂੰ ਕਮਜ਼ੋਰ ਕਰਨਾ ਹੈ । ਜਦ ਕਿ ਸਚਾਈ ਇਹ ਹੈ ਕਿ ਜਿਹੜੇ ਵੀ ਲੋਕ ਦੀਪ ਤੇ ਲੱਖੇ ਦੀ ਮੋਰਚੇ ਵਿਚ ਸ਼ਮੂਲੀਅਤ ਦੀ ਗੱਲ ਕਰਦੇ ਹਨ ਉਨਾਂ ਦਾ ਸਿਰਫ ਇਹੀ ਮਕਸਦ ਹੈ ਕਿ ਨੋਜਵਾਨ ਧਿਰ ਅੰਦੋਲਨ ਨੂੰ ਹੋਰ ਬਲਸ਼ਾਲੀ ਬਣਾਉਣ ਵਿੱਚ ਸਹਾਈ ਹੋਵੇ ।ਕਿਉਕਿ ਅਜਿਹੇ ਲੋਕ ਬੜੀ ਸੁਹਿਰਦਤਾ ਨਾਲ ਮਹਿਸੂਸ ਕਰਦੇ ਹਨ ਕਿ ਅੰਦੋਲਨ ਦੀ ਹਾਰ ਮਤਲਬ ਪੰਜਾਬ ਦੀ ਹਾਰ ਤੇ ਪੰਜਾਬ ਦੀ ਹਾਰ ਦਾ ਮਤਲਬ ਗੁਰਾਂ ਦੇ ਨਾਮ ਉਪਰ ਜਿਉਣ ਵਾਲੇ ਪੰਜਾਬ ਦੇ ਸਿੱਖਾਂ ਦੀ ਹਾਰ ।ਅੰਦੋਲਨ ਦੀ ਪੰਜਾਬ ਵੱਲੋਂ ਅਗਵਾਈ ਬੇਸ਼ਕ ਕਿਸੇ ਵੀ ਰੰਗ ਦਾ ਝੰਡਾ ਕਰੇ ਪਰ ਉਨਾਂ ਝੰਡਿਆਂ ਨੂੰ ਬੁਲੰਦ ਰੱਖਣ ਵਾਲੇ ਤਕਰੀਬਨ -2 ਸਿੱਖੀ ਸਰੂਪ ਵਾਲੇ ਦਸਤਾਰਧਾਰੀ ਹੀ ਹਨ ।ਪੂਰੇ ਭਾਰਤ ਅੰਦਰ ਸਿੱਖਾਂ ਦੀ ਪਹਿਚਾਣ ਕਿਸੇ ਇਕ ਸੋਚ ਦੀ ਜਾਂ ਇਕ ਵਿਚਾਰਧਾਰਾ ਕਰਕੇ ਨਹੀਂ ਸਗੋਂ ਕੇਸ - ਦਾਹੜੀ ਤੇ ਦਸਤਾਰ ਕਰਕੇ । ਇਹ ਗੱਲ ਸ਼ਾਇਦ ਕਈਆਂ ਦੇ ਚੇਤੇ ਵਿੱਚ ਹੋਵੇ ਕਿ 1982 ਦੀਆਂ ਏਸ਼ਆਈ ਖੇਡਾਂ ਦਿੱਲੀ ਵਿੱਚ ਹੋਈਆਂ ਸੀ । ਉਸ ਸਮੇਂ ਪੰਜਾਬ ਹਰਿਆਣਾ ਤੇ ਕੇਂਦਰ ਵਿੱਚ ਕਾਂਗਰਸ ਦੀਆਂ ਸਰਕਾਰਾ ਸਨ । ਉਸ ਸਮੇਂ ਇਕ ਭੈਅ ਸਿਰਜਿਆ ਗਿਆ ਸੀ ਕਿ ਪੰਜਾਬ ਦੇ ਜੁਝਾਰੂਆਂ ਵੱਲੋਂ ਏਸ਼ਆਈ ਖੇਡਾਂ ਵਿੱਚ ਕਿਸੇ ਦੁਰਘਟਨਾ ਨੂੰ ਅੰਜਾਮ ਦਿੱਤਾ ਜਾ ਸਕਦੈ। ਉਸ ਸਮੇਂ ਹਰਿਆਣੇ ਅੰਦਰ ਭਜਨ ਲਾਲ ਮੁੱਖ ਮੰਤਰੀ ਦੀ ਅਗਵਾਈ ਵਾਲੀ ਸਰਕਾਰ ਸੀ । ਪੰਜਾਬ ਤੋਂ ਜਾਣ ਵਾਲੇ ਜਿਆਦਾਤਰ ਸਿੱਖਾਂ ਨੂੰ ਤਲਾਸ਼ੀਆਂ ਕਰਨ ਦੇ ਮਾਮਲੇ ਵਿੱਚ ਬਹੁਤ ਅਪਮਾਨਤ ਕੀਤਾ ਗਿਆ ਸੀ । ਅਪਮਾਨਤ ਲੋਕਾਂ ਦੇ ਵਿੱਚ ਵੱਡੇ ਕਾਂਗਰਸੀ ਨੇਤਾ ਵੀ ਸੀ ਤੇ ਕਈ ਅਫਸਰ ਵੀ ਫੌਜੀ ਅਫਸਰ ਵਾਲੇ ਵੀ ਅਪਮਾਨਤ ਹੋਏ ਸੀ ਤੇ ਦੋਸ਼ ਸਿਰਫ ਇਹੀ ਕਿ ਉਹ ਕੇਸਾਧਾਰੀ ਤੇ ਦਸਤਾਰਧਾਰੀ ਸਨ ।ਨਵੰਬਰ 1984 ਵਿਚ ਜਿਵੇਂ ਪੂਰੇ ਭਾਰਤ ਵਿੱਚ ਸਿੱਖਾਂ ਦਾ ਸ਼ਿਕਾਰ ਖੇਡਿਆ ਗਿਆ ਉਸ ਸਮੇ ਇਹ ਨਹੀਂ ਦੇਖਿਆ ਗਿਆ ਕਿ ਉਹ ਅਕਾਲੀ ਹੈ ਜਾਂ ਕਾਂਗਰਸੀ ਜਾਂ ਕਾਮਰੇਡ , ਸਿਖੀ ਸਰੂਪ ਵਾਲਾ ਰਾਧਾ ਸੁਆਮੀ ਹੈ ਜਾਂ ਨਿਰੰਕਾਰੀ ਕਤਲ ਕੀਤੇ ਗਏ ਤੇ ਉਜਾੜੇ ਗਏ ਕਿਉਂਕਿ ਉਹ ਕਾਸਾਧਾਰੀ ਤੇ ਦਸਤਾਰਧਾਰੀ ਸਨ ।ਹਰਿਆਣੇ ਦੇ ਜ਼ੀਦ ਜਿਲੇ ਅੰਦਰ ਪੈਂਦੇ ਪਿੰਡ "ਹੋਂਦ ਚਿਲੜ “ ਦੇ ਸਾਰੇ ਹੀ ਸਿੱਖ ਪਰਿਵਾਰਾ ਨੂੰ ਮਾਰ ਕੇ ਲਾਸ਼ਾਂ ਖੂਹ ਵਿੱਚ ਸੁੱਟ ਦਿੱਤੀਆਂ ਗਈਆਂ ਤੇ 25 ਸਾਲ ਤੱਕ ਉਨਾਂ ਦਾ ਕੋਈ ਸੁਰਾਖ ਨਹੀਂ ਸੀ ਨਿਕਲਿਆ । ਦੋਸ਼ ਕੀ ਸੀ ਉਹ ਸਿੱਖ ਹਨ । ਤੇ ਕੇਂਦਰ ਤੇ ਉਸ ਦੀਆ ਸਰਕਾਰਾਂ ਸਿੱਖਾਂ ਦੀ ਟੈ ਭੰਨਣੀਆਂ ਚਾਹੁੰਦੀਆਂ ਸਨ ਤੇ ਅੱਜ ਵਾਲੀ ਸਰਕਾਰ ਵੀ ਇਸੇ ਹੀ ਮਨਸੂਬੇ ਉਪਰ ਚੱਲਦੀ ਨਜ਼ਰ ਆ ਰਹੀ ਹੈ ਜਿਸਦੇ ਮੁਕਾਬਲੇ ਲਈ ਏਕਤਾ ਜਰੂਰੀ ਹੀ ਨਹੀਂ ਸਗੋਂ ਅੱਤ ਜਰੂਰੀ ਹੈ ।
ਅਖੀਰ ਵਿੱਚ ਕਹਿਣਾ ਚਾਹਾਂਗਾ ਕਿ ਬਹੁਤ ਸਾਰੇ ਨੋਜਵਾਨਾ ਅੰਦਰ ਆਪਣੀ ਕਿਸਾਨੀ ਲੀਡਰਸ਼ਿਪ ਪ੍ਰਤੀ ਸ਼ਿਕਵਾ ਹੈ , ਤੇ ਉਹ ਰੋਸ ਵੀ ਜਿਹੜਾ ਆਪਣਿਆ ਉੱਪਰ ਹੁੰਦੈ, ਕਿਉਂਕਿ ਆਪਣਿਆਂ ਉੱਪਰ ਮਾਣ ਵੀ ਹੰਦੈ । ਜਿਹੜੀ ਬੇਰੁਖੀ ਤੇ ਬੇਗਾਨਾਪਨ ਕੁਝ ਵੱਡੇ ਲੀਡਰਾਂ ਵੱਲੋਂ ਨੋਜਵਾਨਾ ਪ੍ਰਤੀ ਅਪਣਾਇਆ ਗਿਆ, ਜਿਹੜੀ ਭਾਸ਼ਾ ਜਾ ਜਿਹੜੇ ਬਿਆਨਾ ਦਾ ਇਸਤੇਮਾਲ ਕੀਤਾ ਗਿਆ ਉਸਨੇ ਜਵਾਨੀ ਨੂੰ ਪੀੜਤ ਕੀਤਾ ਤੇ ਅੰਦੋਲਨ ਨੂੰ ਕੰਮਜੋਰ ਵੀ । ਤੇ ਇਹ ਉਹ ਪੀੜ ਸੀ ਜਿਹੜੀ ਆਪਣਿਆ ਵੱਲੋਂ ਦਿੱਤੇ ਘਾਉ ਕਾਰਨ ਹੁੰਦੀ ਹੈ । ਤੇ ਗੱਲ ਏਸ ਵੇਲੇ ਟੈਂ ਮੰਨਣ ਤੇ ਟੈਂ ਭੰਨਣ ਉੱਪਰ ਖੜੀ ਹੈ । ਪਰ ਸਾਨੂੰ ਇਹ ਵੀ ਚੰਗੀ ਤਰਾਂ ਪਤਾ ਹੈ ਕਿ ਆਪਣਿਆਂ ਅੱਗੇ ਝੁਕਣਾ ਜਾਂ ਨਿਊਣਾ ਇਨਾਂ ਮਾਅਨੇ ਨਹੀਂ ਰੱਖਦਾ ਜਿਨਾਂ ਮਹੱਤਵ ਉਸ ਨਿਸ਼ਾਨੇ ਦਾ ਹੈ ਜਿਸਨੂੰ ਅਸੀਂ ਹਾਸਲ ਕਰਨੈ । ਤੇ ਮੰਜ਼ਲ ਦੀ ਪ੍ਰਾਪਤੀ ਲਈ ਸ਼ਕਤੀ ਦੇ ਨਿਰੰਤਰ ਬਣੇ ਰਹਿਣ ਦੀ ਜ਼ਰੂਰਤ ਹੁੰਦੀ ਹੈ , ਤੇ ਉਹ ਸ਼ਕਤੀ ਤੁਹਾਡੇ ਆਪਸੀ ਏਕੇ ਉਪਰ ਹੀ ਅਧਾਰਤ ਹੈ ।ਆਪਸੀ ਵਿੱਥ ਬਹੁਤ ਸੀਮਤ ਹੈ । ਦੋਹਾਂ ਹੀ ਧਿਰਾਂ ਲਈ ਅੰਦੋਲਨ ਦੀ ਹਾਰ ਮੋਤ ਦੇ ਬਰਾਬਰ ਹੋਣ ਦਾ ਅਹਿਸਾਸ ਵੀ ਹੈ । ਨੌਜਵਾਨ ਬੇਸ਼ਕ ਆਪਣੇ ਬਾਪੂਆਂ ਤੋਂ ਨਾਰਾਜ਼ ਹਨ ਤੇ ਵੱਖ ਵੀ ਹੋਏ, ਤੇ ਅੱਜ ਵਿੱਛੜੇ ਹੋਏ ਮਹਿਸੂਸ ਵੀ ਕਰਦੇ ਹਨ ਤੇ ਇਹ ਵੀ ਭੈ ਮਨਾਂ ਦੇ ਅੰਦਰ ਹੈ ਕਿ ਬਾਪੂ ਇੱਕਲਾ ਕਿਤੇ ਮਾਰ ਹੀ ਨਾ ਖਾ ਬੈਠੇ । ਉਹ ਚਾਹੁੰਦੇ ਹਨ ਕਿ ਉਨਾਂ ਦੇ ਬਾਪੂ ਉਨਾਂ ਨੂੰ ਆਪ ਆਵਾਜ਼ ਮਾਰਨ ਤੇ ਆਪ ਆਣ ਕੇ ਜੱਫੀ ਵਿੱਚ ਲੈਣ । ਨੋਜਵਾਨ ਆਪਣੇ ਬਾਪੂਆਂ ਵੱਲੋਂ ਉਸੇ ਹੀ ਜੱਫੀ ਦੀ ਉਡੀਕ ਵਿੱਚ ਹਨ । ਸਿਆਣੇ ਕਹਿੰਦੇ ਹਨ ਜਦੋਂ ਪਿਓ ਦੀ ਜੁੱਤੀ ਪੁੱਤਰ ਦੇ ਮੇਚ ਆਉਣ ਲੱਗ ਪਵੇ ਤਾਂ ਬਾਪੂ ਨੂੰ ਪੁੱਤਰ ਦੀ ਗੱਲ ਨੂੰ ਅਣਗੌਲਿਆ ਨਹੀਂ ਕਰਨਾ ਚਾਹੀਦਾ । ਪੁੱਤਰ ਆਪਣੇ ਪਿਉ ਲਈ ਦੁਸ਼ਮਣ ਦੇ ਸਾਹਮਣੇ ਕੰਧ ਬਣਨਾ ਚਾਹੁੰਦੈ, ਪਿਉ ਨੂੰ ਮਾਣ ਮਹਿਸੂਸ ਕਰਨਾ ਚਾਹੀਦੈ । ਪੁੱਤਰ ਆਪਣੇ ਪਿਉ ਦੀ ਪੱਗ ਦੇ ਸ਼ਮਲੇ ਨੂੰ ਉੱਚਾ ਦੇਖਣਾ ਚਾਹੁੰਦੇ ਕਿਉਂਕਿ ਜੇ ਅੱਜ ਬਾਪੂ ਦੀ ਪੱਗ ਸਲਾਮਤ ਹੈ ਤਾਂ ਕੱਲ ਨੂੰ ਉਸਦੀ ਸਲਾਮਤੀ ਪੁੱਤਰ ਲਈ ਵੀ ਮਾਣ ਬਣੇਗੀ । ਅੰਦੋਲਨ ਦੇ ਇਸ ਪੜਾਓ ਵਿੱਚ ਇੰਜ ਲਗਦੈ ਜਿਵੇਂ ਪੁੱਤਰ ਪਿਉ ਨਾਲੋ ਵੱਲ ਸਮਝਦਾਰੀ ਕਰਦੈ ।ਨੋਜਵਾਨਾ ਨੇ ਤਿੰਨ ਵੱਡੀਆਂ ਰੈਲੀਆਂ ਕੀਤੀਆਂ, ਲੀਡਰਸ਼ਿਪ ਪ੍ਰਤੀ ਆਪਣਾ ਰੋਸ ਵੀ ਜ਼ਾਹਰ ਕੀਤਾ ਪਰ ਕਿਤੇ ਵੀ ਅਜਿਹਾ ਸੰਕੇਤ ਨਹੀਂ ਦਿੱਤਾ ਜਿਸ ਨਾਲ ਅੰਦੋਲਨ ਕਮਜ਼ੋਰ ਹੋਵੇ । ਆਮ ਮੰਨਣਾ ਹੈ ਕਿ ਬੁਢਾਪੇ ਵਿਚ ਹੱਡੀਆਂ ਅੰਦਰ ਲਚਕ ਘੱਟ ਜਾਂਦੀ ਹੈ ਪਰ ਲੱਗਦੈ ਸਾਡੇ ਸੂਝਵਾਨ ਲੀਡਰਾਂ ਦੀ ਸੋਚ ਵਿਚ ਵੀ ਲਚਕੀਲਾਪਨ ਖਤਮ ਹੋ ਰਿਹਾ ਹੈ ।ਇਸ ਸਮੇਂ ਮੋਰਚੇ ਦੀ ਸਫਲਤਾ ਸਾਡੇ ਕਿਸੇ ਵੀ ਆਪਸੀ ਵਖਰੇਵੇਂ ਜਾਂ ਗਿਲੇ ਸ਼ਿਕਵੇ ਤੋਂ ਵੱਧ ਮਹੱਤਵ ਰੱਖਦੀ ਹੈ । ਟੈ ਭੰਨਣ ਦੀ ਬਿਰਤੀ ਨੂੰ ਥੋੜਾ ਜਿਹਾ ਠੰਡਾ ਪੈਣ ਦਿਉ ਤੇ ਟੈ ਮੰਨਣ ਵਾਲੀ ਸੋਚ ਦੇ ਧਾਰਨੀ ਬਣੋ । ਸਾਰੇ ਹੀ ਸੁਹਿਰਦ ਲੋਕਾਂ ਨੂੰ ਆਸ ਹੈ ਬਾਪੂ ਜੱਫੀ ਪਾਉਣ ਲਈ ਬਾਹਵਾਂ ਵੀ ਉਲਾਰੇ ਤੇ ਹਾਕ ਵੀ ਮਾਰੇ ਤਾਂ ਜੋ ਪਿਓ ਪੁੱਤ ਬਜੁਰਗ ਤੇ ਨੋਜਵਾਨ ਭਰਪੂਰ ਸ਼ਕਤੀ ਦਾ ਸਬੂਤ ਦੇਣ ਤਾਂ ਜੋ ਪੰਜਾਬ ਜਿੱਤੇ - ਕਿਸਾਨ ਜਿੱਤੇ।


ਸੰਪੂਰਨ ਸਿੰਘ
ਮੁੱਖ ਸੇਵਾਦਾਰ
ਗੁਰੂਦੁਵਾਰਾ ਸਿੱਖ ਨੈਸ਼ਨਲ ਸੈਂਟਰ
ਹਿਊਸਟਨ ਟੈਕਸਸ
281-635-7466