ਗੁਰੂ ਨਾਨਕ ਦਾ ਅਸਲੀ ਗੁਰਪੁਰਬ ਦਿਹਾੜਾ ਕਿਹੜਾ - ਗੁਰਚਰਨ ਸਿੰਘ ਜਿਉਣ ਵਾਲਾ

ਸਾਰੇ ਸਿੱਖ ਸਮਾਜ ਨੇ, ਦਿੱਲੀ ਅਤੇ ਅੰਮ੍ਰਿਤਸਰ ਕਮੇਟੀ ਨੇ, ਟੀ.ਵੀ ਅਤੇ ਰੇਡੀਓ ਵਾਲਿਆਂ ਨੇ, ਬਾਹਰਲੇ ਮੁਲਕਾਂ ਵਾਲੇ ਗੁਰਦਵਾਰਿਆਂ ਤੇ ਸੱਜਣਾਂ ਮਿਤਰਾਂ ਅਤੇ ਨਾ-ਵਾਕਫ ਲੋਕਾਂ ਨੇ ਵੀ ਇਕ ਦੂਜੇ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ। ਅਤਸ਼ਬਾਜ਼ੀ ਚਲਾਈ ਗਈ, ਵਾਤਾਵਰਣ ਖਰਾਬ ਕੀਤਾ ਗਿਆ, ਅਖੰਡ-ਪਾਠ ਖੋਲ੍ਹੇ ਗਏ, ਕੀਤੇ ਗਏ ਅਤੇ ਕਰਾਏ ਗਏ,  ਹੋਰ ਲੁੱਟ ਲਈ ਸੰਪਟ-ਪਾਠ ਵੀ ਕੀਤੇ ਗਏ, ਪ੍ਰਸ਼ਾਦ ਵੰਡਿਆ ਗਿਆ ਤੇ ਖਾਧਾ ਗਿਆ, ਲੰਗਰ ਲਾਏ ਗਏ ਤੇ ਖਾਧੇ ਗਏ, ਟਕਸਾਲੀਆਂ ਨੇ 18-18 ਮੀਟਰ ਦੇ ਕਛਿਹਰੇ ਸਿਵਾਏ ਤੇ ਵੰਡੇ, ਨਾਨਕਸਰੀਆਂ ਦੀ ਝੂਠ ਦੀ ਦੁਕਾਨ ਨੇ ਤਾਂ ਹੱਦ ਹੀ ਕਰ ਦਿੱਤੀ ਜਦੋਂ ਬਾਬੇ ਨੰਦ ਸਿੰਘ ਦੀ ਆਦਮ ਕੱਦ ਦੀ ਫੋਟੋ ਦੀ ਪੂਜਾ ਕੀਤੀ ਗਈ, ਕਵਿਤਾਵਾਂ ਤੇ ਲੇਖ ਵੀ ਪੜ੍ਹੇ ਗਏ ਪਰ ਕੀ ਕਿਸੇ ਨੇ ਹੌਂਸਲੇ ਨਾਲ ਇਹ ਗੱਲ ਵੀ ਕਰਨ ਦੀ ਕੋਸ਼ਿਸ਼ ਕੀਤੀ ਕਿ ਅੱਜ ਬਾਬਾ ਜੀ ਦਾ ਜਨਮ ਦਿਨ ਨਹੀਂ? ਰਸਮੋ ਰਸਮੀ ਮੇਰੇ ਇਕ ਜਾਣਕਾਰ ਮਿੱਤਰ ਰੇਡੀਓ ਵਾਲੇ ਨੇ ਵੀ ‘ਸਿਰੀ ਅਖੰਡ-ਪਾਠ ਸਾਹਿਬ ਜੀ’ ਦਾ ਰੇਡੀਓ ਤੋਂ ਸਿੱਧਾ ਪ੍ਰਸਾਰਣ ਕੀਤਾ, ਕਿਉਂਕਿ ਇਹ ਉਸਦਾ ਵਪਾਰ ਹੈ। ਪਰ ਕੀ ਖੱਟਿਆ ਕੀ ਕਮਾਇਆ ਇਸ ਬਾਰੇ ਸ਼ਾਇਦ ਹੀ ਕਿਸੇ ਸਿਆਣੇ ਵਿਅਕਤੀ ਨੇ ਸੋਚਿਆ ਹੋਵੇ। ਕਿਉਂਕਿ ‘ਜਸਵੰਤ ਜਫਰ' ਜੀ ਦੀ ਕਵਿਤਾ ਮੁਤਾਬਕ ਤਾਂ ਅਸੀਂ ਅਸਲੀ ਨਾਨਕ ਦਾ ਧਿਆਨ ਧਰਨ ਤੋਂ ਵੀ ਡਰਦੇ ਹਾਂ, ਨਾਨਕ ਤੋਂ ਸਿੱਖਿਆ ਲੈਣੀ ਤਾਂ ਦੂਰ ਦੀ ਗੱਲ ਹੈ। ਜਸਵੰਤ ਜਫਰ ਜੀ ਲਿਖਦੇ ਹਨ, “ ਲੰਬੇ ਪੈਂਡੇ ਦੀ ਧੂੜ ਨਾਲ ਲੱਥ-ਪੱਥ ਪਿੰਜਣੀਆਂ, ਲੰਮੇ ਸਫਰ ਕਰਕੇ ਪਾਟੀਆਂ ਅੱਡੀਆਂ, ਹਨੇਰੀ ਨਾਲ ਉਲਝੀ ਹੋਈ ਖੁਸ਼ਕ ਦਾਹੜੀ, ਬਰਫੀਲੀਆਂ ਹਵਾਵਾਂ ਨਾਲ ਝੰਬੀ ਹੋਈ ਚਿਹਰੇ ਦੀ ਪਕਰੋੜ ਚਮੜੀ ’ਤੇ ਪਕਰੋੜ ਚਮੜੀ ਵਿਚ ਉਭਰੀਆਂ ਹੋਈਆਂ ਦੋ ਉੱਚੀਆਂ ਹੱਡੀਆਂ, ਉੱਚੀਆਂ ਹੱਡੀਆਂ ਵਿਚ ਬੇਖੌਫ ਚਮਕਦੀਆਂ ਦੋ ਅੱਖਾਂ ਜੋ ਸਮਾਜ ਨੂੰ, ਸਰਕਾਰ ਨੂੰ ’ਤੇ ਹਰ ਕਿਸਮ ਦੇ ਰੀਤੀ ਰਵਾਜ ਨੂੰ ਟਿੱਚ ਕਰਕੇ ਜਾਣਦੀਆਂ ਹਨ। ਇਨ੍ਹਾਂ ਖਤਰਨਾਕ ਅੱਖਾਂ ਦਾ ਧਿਆਨ ਧਰਨਾ ਸਾਨੂੰ ਮਾਫਕ ਨਹੀਂ। ਸਾਨੂੰ ਤਾਂ ਸੋਭਾ ਸਿੰਘੀ ਬਾਬਾ, ਜਿਸਦੇ ਲਕਸ਼ਮੀ ਦੇਵੀ ਵਾਂਗੂ ਲਾਲ ਸੁਰਖ ਟਿਪਸੀ ਹੋਂਠ, ਗੋਲ ਮਟੋਲ ਮੁਲਾਇਮ ਗੱਲ੍ਹਾਂ, ਰੇਸ਼ਮੀ ਬਸਤਰ ਤੇ ਬਖਸ਼ਿਸ਼ਾਂ ਦਿੰਦਾ ਅਰਸ਼ੀ ਹੱਥ ਹੀ ਪਸੰਦ ਹੈ। ਸਾਨੂੰ ਤਾਂ ਚਾਹੀਦੀਆਂ ਹਨ ਦਾਤਾਂ ਤੇ ਵੱਧਦੀਆਂ ਵੇਲਾਂ, ਸੁੱਖ ਸ਼ਾਂਤੀ ਤੇ ਪੈਸਾ। ਅਸਲੀ ਨਾਨਕ ਸਾਡੇ ਵਾਸਤੇ ਖਤਰਨਾਕ ਸਿੱਧ ਹੋ ਸਕਦਾ ਹੈ, ਸਾਡੇ ਘਰ ਢੁਆ ਸਕਦਾ ਹੈ ਤੇ ਨਾਲੇ ਪੁੱਤ ਮਰਵਾ ਸਕਦਾ ਹੈ” ।
ਕਤਕ ਦੀ ਪੂਰਨਮਾਸ਼ੀ ਨੂੰ ਗੁਰਪੁਰਬ ਮਨਾਉਣਾ ਇਹ ਸਾਬਤ ਕਰਦਾ ਹੈ ਕਿ ਗੁਰੂ ਨਾਨਕ ਪਿਤਾ ਦੇ ਅਕਾਲ ਚਲਾਣਾ ਕਰਨ ਤੋਂ 120 ਸਾਲ ਬਾਅਦ ਲਿਖੀ ਗਈ ਭਾਈ ਬਾਲੇ ਵਾਲੀ ਸਾਖੀ, ਜਿਸ ਨੂੰ ਪ੍ਰੋ. ਐਸ.ਐਸ. ਪਦਮ ਜੀ ‘ਬਾਲਾ ਬਲੱਫ’ ਦਾ ਨਾਮ ਦਿੰਦੇ ਹਨ, ਵਿਚ ਫਸੇ ਹੋਏ ਹੀ ਅਸੀਂ ਧੰਦਾ ਪਿਟ ਰਹੇ ਹਾਂ। ਗੁਰੂ ਨਾਨਕ ਵਾਕ: “ਧੰਧਾ ਪਿਟਿਹੁ ਭਾਈਹੋ ਤੁਮ੍ਹ ਕੂੜ ਕਮਾਵਹੁ”॥ ‘ਜੰਡਿਆਲਾ ਗੁਰੂ ਕਾ’ ਦਾ ਮਸੰਦ ਹੰਦਾਲ, ਜਿਸਦਾ ਜਨਮ ਵੈਸਾਖ ਪੂਰਨਮਾਸ਼ੀ ਸੰਮਤ 1630 ਹੈ, ਦੀ ਮੌਤ ਤੋਂ ਬਾਅਦ ਉਸ ਦੀ ਉਲਾਦ ਬਾਲ ਚੰਦ ਅਤੇ ਬਿਧੀ ਚੰਦ ਹੀ ਇਸ ਕੂੜ ਦੇ ਪੋਥੇ ਦੇ ਘੜਨਹਾਰੇ ਹਨ। ਬਾਲ ਚੰਦ ਦੀ ਮੌਤ ਤੋਂ ਬਾਅਦ ਛੋਟੇ ਭਾਈ ਬਿਧੀ ਚੰਦ ਨੇ ਹੀ ਅਸਲ ‘ਚ ਆਪਣੇ ਵੱਡੇ ਭਰਾ ਬਾਲ ਚੰਦ ਨੂੰ ਭਾਈ ਬਾਲਾ ਬਣਾ ਕੇ ਗੁਰੂ ਨਾਨਕ ਦਾ ਸਮਕਾਲੀ ਤੇ ਹਮਸਫਰੀ ਬਣਾ ਕੇ ਸਾਰਾ ਕਾਰਾ ਕੀਤਾ। ਲਿਖਾਰੀ ਹੈ ਗੋਰਖ ਦਾਸ ਤੇ ਸਲਾਹਕਾਰ ਹੈ ਲਾਲਾ ਪੰਨੂੰ ਜਿਨ੍ਹਾਂ ਨੇ ਰੜੇ ਲਹੌਰ ਵਿਚ ਇਹ ਜਨਮ ਸਾਖੀ ਤਿਆਰ ਕੀਤੀ ਅਤੇ ਓਸ ਵੇਲੇ ਕਰੋੜਾਂ ਰੁਪੈ ਦੀ ਲਾਗਤ ਨਾਲ ਸਾਰੇ ਮਹੱਤਵ ਪੂਰਨ ਸਿੱਖ ਧਰਮ ਅਸਥਾਨਾਂ ’ਤੇ 28-28 ਰੰਗੀਨ ਚਿੱਤਰਾਂ ਨਾਲ ਸ਼ਿੰਗਾਰ ਕੇ “ਜਨਮ ਸਾਖੀ ਭਾਈ ਬਾਲਾ” ਭੇਜੀ ਗਈ ਅਤੇ ਜੋ ਵੀ ਪੁਰਾਣੀਆਂ ਜਨਮ ਸਾਖੀਆਂ, ਉਪਲੱਬਧ ਹੋਈਆਂ, ਨੂੰ ਨਸ਼ਟ ਕਰਨ ਦਾ ਜ਼ਿੰਮਾ ਵੀ ਆਪਣੇ ਸਿਰ ਲਿਆ। ਅਸਲ ਨੂੰ ਨਸ਼ਟ ਕਰਨ ਨਾਲ ਹੀ ਨਕਲ ਟਿਕ ਸਕਦਾ ਹੈ। ਬਾਲਾ-2 ਰੂਪਾਂਤਰ ਵਾਲੇ ਖਰੜੇ ਦੇ ਅਖੀਰ ਤੇ ਦਰਜ ਹੈ:
ਸਮੰਤੁ॥ 1715॥ਮਾਘ ਸੁਦੀ॥6 ਪੋਥੀ ਲਿਖੀ ਗੁਰ ਪ੍ਰਸਾਦਿ ਗੋਰਖ ਦਾਸ ਸੰਗਤ ਗੁਰੂ ਕਾ ਜਾਚਕ॥ ਵਾਹਗੁਰੂ ਸਤਿਗੁਰੂ ਜੀ॥
ਜੇ ਕਿਸੇ ਨੇ ਇਸ ਗੱਲ ਦੀ ਪੁਸ਼ਟੀ ਕਰਨੀ ਹੋਵੇ ਤਾਂ ਸੈਂਟਰਲ ਸਟੇਟ ਲਾਇਬਰੇਰੀ ਪਟਿਆਲਾ ਵਿਚ, ਜਨਮ ਸਾਖੀ ਭਾਈ ਬਾਲਾ, ਪਟਿਆਲਾ 1987, ਪੰਨੇ 151 ਤੇ 463 । ਅਤੇ;
ਹਾਸਲ ਬਹੁਤ ਖਰਚ ਕਛੁ ਨਾਹੀ ਕਰੇ ਤਗੀਰ ਨ ਕੋਈ॥ ਨਾਨਕ ਐਸੀ ਉਮਦੀ ਖਿਜਮਤਿ ਬਿਨਾ ਭਾਗ ਕਿਉਂ ਹੋਈ॥4॥ ਓਹੀ ਪੰਨਾ 463॥ ਕਰ ਸਕਦਾ ਹੈ।
ਸਭ ਤੋਂ ਪਹਿਲਾਂ ਇਹ ਦੇਖੀਏ ਕਿ ਅਵਤਾਰ ਧਾਰਣਾ ਦਾ ਕੀ ਮਤਲਬ ਹੈ। ਕਿਉਂਕਿ ਜੇਕਰ ਇਹ ਲਿਖ ਦਿੱਤਾ ਜਾਵੇ ਕਿ ਬਾਬਾ ਜੀ ਦਾ ਜਨਮ ਦਿਨ ਵੈਸਾਖ ਦਾ ਹੈ, ਤਾਂ ਕਈ ਮੂੜ੍ਹ ਮੱਤੀਏ ਗਲ ਨੂੰ ਆਉਂਦੇ ਹਨ। ਮਹਾਨ ਕੋਸ਼ ਦੇ ਪੰਨਾ 88 ਮੁਤਾਬਕ: ਅਵਤਾਰ ਧਾਰਣਾ ਦੇ ਕਈ ਸਾਰੇ ਮਤਲਬ ਹਨ।  ਸੰਗਯਾ- ਜਨਮ, ਜਨਮ ਗ੍ਰਿਹਣ, ਜਨਮ ਧਾਰਣਾ, ਉਤਰਨਾ, ਹੇਠ ਆਉਣ ਦੀ ਕ੍ਰਿਆ, ਪੁਰਾਣਮੱਤ ਅਨੁਸਾਰ ਕਿਸੇ ਦੇਵਤਾ ਦਾ ਕਿਸੇ ਦੇਹ ਵਿਚ ਪ੍ਰਗਟ ਹੋਣਾ,  ਚੌਬੀਸ ਅਵਤਾਰ ਅਤੇ ਦਸ ਅਵਤਾਰ, “ ਅਵਤਾਰ ਨ ਜਾਨਹਿ ਅੰਤ॥ ਪਰਮੇਸਰ ਪਾਰਬ੍ਰਹਮ ਬੇਅੰਤ॥ ਗੁਰਬਾਣੀ ਦੇ ਕਰਤਿਆਂ ਨੇ ਆਪਣੀ ਬਾਣੀ ਵਿਚ ਦੇਵਤਾ-ਵਾਦ ਦਾ ਖੰਡਨ ਕੀਤਾ ਪਰ ਅਸੀਂ ਤਾਂ ਗੁਰੂਆਂ ਨੂੰ ਵੀ ਦੇਵਤੇ ਬਣਾ ਕੇ ਹੀ ਛੱਡਣਾ ਹੈ। ਜੇਕਰ ‘ਦੇਵਤਾ’ ਦੇ ਜਨਮ ਨੂੰ ਅਵਤਾਰ ਧਾਰਣਾ ਪੁਰਾਣਾਂ ਮੁਤਾਬਕ ਠੀਕ ਹੈ ਤਾਂ ਸਾਨੂੰ ਇਹ ਬੋਲੀ ਬਦਲਣ ਦੀ ਲੋੜ ਹੈ।
ਹੁਣ ਆਪਾਂ ਕਰਮ ਸਿੰਘ ਹਿਸਟੋਰੀਅਨ ਦੀ ਖੋਜ ਮੁਤਾਬਕ ਗੁਰੂ ਨਾਨਕ ਸਾਹਿਬ ਦੇ ਅਸਲੀ ਜਨਮ ਦਿਨ ਬਾਰੇ ਵਿਚਾਰ ਕਰਦੇ ਹਾਂ। ਗੁਰਪੁਰਬ ਨਿਰਣਯ ਦੇ ਪੰਨਾ 69 ਇਉਂ ਲਿਖਦੇ ਹਨ। (2) ਹੁਣ ਮੈਂ ਵਸਾਖ ਸੁਦੀ ਤਿੰਨ ਸੰਮਤ 1526 ਦੇ ਟਾਕਰੇ ਦੀਆਂ ਈਸਵੀ, ਪਰਵਿਸ਼ਟਾ ਅਤੇ ਹਿਜਰੀ ਤ੍ਰੀਕਾਂ ਲੱਭਦਾ ਹਾਂ: 14 ਮਾਰਚ ਮੰਗਲਵਾਰ ਨੂੰ ਚੇਤ ਸੁਦੀ ਪਹਿਲੀ ਹੈ: “ਗਿਣਤੀਆਂ ਮਿਣਤੀਆਂ ਨੂੰ ਇਸ ਕਰਕੇ ਲਿਖ ਨਹੀਂ ਰਿਹਾ ਕੇ ਲੇਖ ਕਾਫੀ ਲੰਬਾ ਹੋ ਜਾਏਗਾ ਅਤੇ ਮੇਰੇ ਵਰਗੇ ਸਧਾਰਣ ਮਨੁੱਖ ਦੀ ਸਮਝ ਤੋਂ ਵੀ ਪਰੇ ਦੀ ਗੱਲ ਹੈ”। ਅੱਗੇ ਲਿਖਦੇ ਹਨ : ਅਰਥਾਤ ਵਸਾਖ ਸੁਦੀ ਤਿੰਨ ਸੰਮਤ 1526 ਨੂੰ ਸ਼ਨਿਚਰਵਾਰ 15 ਅਪ੍ਰੈਲ ਸੰਨ 1469 ਈ: ਸੀ। ‘ਕੱਤਕ ਕਿ ਵਿਸਾਖ’ ਕਰਮ ਸਿੰਘ ਹਿਸਟੋਰੀਅਨ ਦੀ ਕਿਤਾਬ ਪਹਿਲੇ ਪਹਿਲ 1930 ਵਿਚ ਛਪੀ। ਭਾਈ ਵੀਰ ਸਿੰਘ ਨੇ ਸਟੇਜ ਤੋਂ ਇਹ ਐਲਾਨ ਕੀਤਾ, “ਕੱਤਕ ਕਿ ਵਿਸਾਖ ਸਿੱਖ ਕੌਮ ਲਈ ਅਤੀਅੰਤ ਕੀਮਤੀ ਸੌਗਾਤ ਹੈ” ਪਰ ਨਾਲ ਦੀ ਨਾਲ ਨਾਟਕੀ ਢੰਗ ਨਾਲ ਇਸ ਕਿਤਾਬ ਦੀ ਵਿਕਰੀ ਬੰਦ ਕਰਵਾ ਦਿੱਤੀ ਤੇ ਜੋ ਵੀ ਕਿਤਾਬ ਮਿਲੀ ਉਸ ਨੂੰ ਜ਼ਬਤ ਕਰ ਲਿਆ ਗਿਆ। ਧੰਨਵਾਦੀ ਹਾਂ ਹੀਰਾ ਸਿੰਘ ਦਰਦ ਜੀ ਦੇ ਜਿਸ ਨੇ ਸਿਰਦਾਰ ਗੁਰਬਖਸ਼ ਸਿੰਘ ਬਾਗਬਾਨਪੁਰਾ ਦੀ ਲਾਇਬਰੇਰੀ ਵਿਚੋਂ ਇਕ ਕਾਪੀ ਪ੍ਰਾਪਤ ਕਰਕੇ 1932 ਵਿਚ ਇਸੇ ਕਿਤਾਬ ਨੂੰ ਮੁੜ ਤੋਂ ਪ੍ਰਕਾਸ਼ਤ ਕਰਕੇ ਸਿੱਖ ਕੌਮ ਨੂੰ ਵੱਡਮੁੱਲੀ ‘ਸੌਗਾਤ’ ਪ੍ਰਾਪਤ ਕਰਵਾਈ। ਇਸ ਕਿਤਾਬ ਦੇ ਪੰਨਾ 122 ਤੇ ਕਰਮ ਸਿੰਘ ਹਿਸਟੋਰੀਅਨ ਜੀ ਲਿਖਦੇ ਹਨ ਕਿ “ਕੱਤਕ ਦਾ ਰਿਵਾਜ (ਮੈਕਾਲਿਫ ਸਾਹਿਬ ਦੇ ਕਥਨ ਅਨੁਸਾਰ) ਗਿਆਨੀ ਸੰਤ ਸਿੰਘ ਜੀ ਨੇ ਪਾਇਆ। ਮਿਸਟਰ ਮੈਕਾਲਿਫ ਕਾਰਨ ਦੱਸਦੇ ਹਨ ਕਿ ਕੱਤਕ ਪੂਰਨਮਾਸ਼ੀ ਨੂੰ ਰਾਮ ਤੀਰਥ ਦਾ ਮੇਲਾ ਹੋਣ ਕਰਕੇ ਸਾਰੇ ਸਿੱਖ ਓਧਰ ਚਲੇ ਜਾਂਦੇ ਸਨ। ਸੋ ਓਧਰੋਂ ਹਟਾੳਣ ਵਾਸਤੇ ਗਿਆਨੀ ਜੀ ਨੇ ਕੱਤਕ ਪੂਰਨਮਾਸ਼ੀ ਨੂੰ ਆਦਿ ਸਤਿਗੁਰੂ ਜੀ ਦੇ ਪ੍ਰਗਟ ਹੋਣ ਦਾ ਗੁਰਪੁਰਬ ਮਨਾਉਣਾ ਅਰੰਭ ਦਿੱਤਾ। ਬੱਸ ਫੇਰ ਕੀ ਸੀ, ਓਦੋਂ ਤਾਂ ਰਾਜ ਦੇ ਜ਼ੋਰ ਇਹ ਰਿਵਾਜ ਪਾ ਲਿਆ ਪਰ ਅੱਜ ਇਹ ਪੁਰਾਣਾ ਨਜ਼ਰ ਆ ਰਿਹਾ ਹੈ। 1925 ਦੀ ਹੀ ਗੱਲ ਹੈ ਕਿ ਸ੍ਰੀ ਨਨਕਾਣਾ ਸਾਹਿਬ ਕੱਤਕ ਪੂਰਨਮਾਸ਼ੀ ਨੂੰ ਗੁਰਪੁਰਬ ਮਨਾਉਣਾ ਅਰੰਭ ਹੋਇਆ, ਉਸ ਤੋਂ ਪਹਿਲਾਂ ਇਸ ਦਿਨ ਨੂੰ ਉਥੇ ਕੋਈ ਜਾਣਦਾ ਵੀ ਨਹੀਂ ਸੀ। ਸੱਠ ਕੁ ਵਰ੍ਹੇ ਏਸੇ ਤਰ੍ਹਾਂ ਹੋਰ ਲੰਘ ਗਏ ਤਾਂ ਲੋਕੀਂ ਆਖਣ ਲੱਗ ਪੈਣਗੇ ਜੋ ਇਹ ਗੁਰਪੁਰਬ ਮੁੱਢ ਤੋਂ ਹੀ ਕੱਤਕ ਪੂਰਨਮਾਸ਼ੀ ਨੂੰ ਨਨਕਾਣੇ ਸਾਹਿਬ ਮਨਾਇਆ ਜਾਂਦਾ ਰਿਹਾ ਹੈ, ਜਿਸ ਤਰ੍ਹਾਂ ਅੱਜ ਕੱਲ੍ਹ ਗਿਆਨੀ ਸੰਤ ਸਿੰਘ ਜੀ ਦੇ ਚਲਾਏ ਹੋਏ ਗੁਰਪੁਰਬ ਨੂੰ ਸਭ ਪੁਰਾਤਨ ਹੀ ਮੰਨ ਰਹੇ ਹਨ। ਮੇਰਾ ਆਪਣਾ ਵਿਚਾਰ ਹੈ ਕਿ ‘ਦਰਬਾਰ ਸਾਹਿਬ’ ਦਾ ਮੁੱਖ ਗ੍ਰੰਥੀ ਭਾਈ ਸੂਰਤ ਸਿੰਘ, ਜੋ ‘ਸਿੱਖਾਂ ਦੀ ਭਗਤਮਾਲਾ’ ਦਾ ਕਰਤਾ ਹੈ ’ਤੇ ਇਸ ਕਿਤਾਬ ਨੂੰ ਭਾਈ ਮਨੀ ਸਿੰਘ ਜੀ ਦੀ ਕ੍ਰਿਤ ਦੱਸਦਾ ਹੈ, ਦਾ ਪੁੱਤਰ ਗਿਆਨੀ ਸੰਤ ਸਿੰਘ ਹੈ ਜੋ ਨਿਰਮਲੇ ਸੰਪ੍ਰਦਾਇ ਨਾਲ ਸੰਬੰਧ ਰੱਖਦੇ ਸਨ ’ਤੇ ਵੀ ਅਸਰ ‘ਬਾਲਾ ਬਲੱਫ’ ਦਾ ਹੋਇਆ। ਜੰਡਿਆਲਾ ਗੁਰੂ ਕਿਆਂ ਵਾਲਿਆਂ ਨੇ ‘ਬਾਲਾ ਬਲੱਫ’ ਨੂੰ ਆਪਣੇ ਸਰਕਾਰੀ ਅਸਰ ਰਸੂਖ ਤੇ ਪੈਸੇ ਦੇ ਜੋਰ ਨਾਲ ਹਰ ਥਾਂ ਲਾਗੂ ਕਰਵਾਇਆ। ਜਨਮ ਸਾਖੀ ਬਾਲਾ ਨੂੰ ਛੱਡ ਕੇ ਹੋਰ ਕਿਸੇ ਵੀ ਜਨਮ ਸਾਖੀ ਵਿਚ ‘ਕੱਤਕ ਦੀ ਪੂਰਨਮਾਸ਼ੀ’ ਨੂੰ ਬਾਬੇ ਦਾ ਅਵਤਾਰ ਪੁਰਬ ਨਹੀਂ ਸਗੋਂ ਵਿਸਾਖ ਸੁਦੀ ਤੀਜ ਲਿਖਿਆ ਮਿਲਦਾ ਹੈ। ਬੀ-40 ਜਨਮ ਸਾਖੀ: ਦਾ ਹੱਥ ਲਿਖਤ ਖਰੜਾ ਜੋ ਪਹਿਲਾਂ ਇੰਡੀਆ ਆਫਿਸ ਲਾਇਬਰੇਰੀ, (ਹੁਣ ਫਾਰਨ ਐਂਡ ਕਾਮਨਵੈਲਥ ਆਫਿਸ) ਲੰਡਨ ਵਿਚ ਸੁਰੱਖਿਅਤ ਹੈ ਭਾਈ ਬਾਲੇ ਦਾ ਨਾਮ ਨਿਸ਼ਾਨ ਹੀ ਨਹੀਂ ਅਤੇ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਦਿਵਸ ਵਿਸਾਖ ਸੁਦੀ ਤੀਜ ਲਿਖਿਆ ਮਿਲਦਾ ਹੈ। ਇਸੇ ਦੀ ਕਾਪੀ ਜਦੋਂ ਭਾਈ ਵੀਰ ਸਿੰਘ ਨੂੰ ਪ੍ਰਾਪਤ ਹੋਈ ਤਾਂ ਉਸ ਨੇ ਇਸ ਨੂੰ ‘ਪੁਰਾਤਨ ਜਨਮ ਸਾਖੀ’ ਦਾ ਨਾਮ ਦਿੱਤਾ, ਹਾਫਜਾਬਾਦ ਵਾਲੀ ਜਨਮ ਸਾਖੀ, ਮਿਹਰਬਾਨ ਨੇ ਆਪਣੇ ਹੱਥੀਂ ‘ਪੋਥੀ ਸੱਚੁ ਖੰਡ’ 1619 ਈ: ਦੇ ਨੇੜੇ ਤੇੜੇ ਮੁਕੰਮਲ ਕਰਵਾਈ ਜੋ ਗੁਰੂ ਅਰਜਨ ਪਾਤਸ਼ਾਹ ਦਾ ਪਿਆਰਾ ਭਤੀਜਾ ਅਤੇ ਗੁਰੂ ਰਾਮਦਾਸ ਦਾ ਹੋਣਹਾਰ ਪੋਤਰਾ ਸੀ, ਨੇ ਵੀ ਜਨਮ ਅਸਥਾਨ ਦੇ ਵੇਰਵੇ ਸਮੇਤ ਜਨਮ ਦਿਵਸ ਵੈਸਾਖ ਸੁਦੀ 3 ਲਿਖਿਆ ਹੈ। ਇਕ ਹੋਰ ਮਹੱਤਵ ਪੂਰਣ ‘ਜਨਮ ਪਤ੍ਰੀ ਬਾਬੇ ਜੀ ਕੀ’ ਜਿਸਦਾ ਲੇਖਕ ਹੈ ਭਾਈ ਬੂਲਾ ਪਾਧਾ, ਗੁਰੂ ਅਮਰਦਾਸ ਦਾ ਸਿੱਖ ਤੇ ਭਾਈ ਗੁਰਦਾਸ ਦਾ ਨਿਕਟਵਰਤੀ, ਡੱਲੇ ਨਗਰ ਦਾ ਨਿਵਾਸੀ ਜਿਸਨੇ ‘ਸਾਖੀ ਮਹਲੁ ਪਹਿਲੇ ਕੀ’ ਦੀ ਰਹਿੰਦੀ ਖੂੰਹਦੀ ਘਾਟ ਨੂੰ ਪੂਰਾ ਕੀਤਾ, ਇਸ ਲਿਖਤ ਵਿਚ ਵੀ ਜਨਮ ਦਿਵਸ ਵੈਸਾਖ ਸੁਦੀ 3 ਦਰਜ ਹੈ ਜੋ 1598-99 ਈ: ਵਿਚ ਮੁਕੰਮਲ ਕੀਤੀ। ਮੁਜੰਗਾਂ, ਲਾਹੌਰ ਨਿਵਾਸੀ ਸੈਦੋ ਜੱਟ ਜੋ ਪਿਸ਼ਾਵਰ ਦੇ ਇਲਾਕੇ ਵਿਚ ਪ੍ਰਚਾਰਕ ਸੀ, ਨੇ 1657-58 ਵਿਚ ਇਕ ਜਨਮ ਸਾਖੀ ਦਾ ਨਿਰਮਾਣ ਕੀਤਾ ਜਿਸ ਨੂੰ ‘ਪੁਰਾਤਨ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅਸਲੀਅਤ ਤੋਂ ਵਾਕਫ ਸੈਦੋ ਨੇ ਬਾਲੇ ਵਾਲੀ ਮਿਤੀ ਰੱਦ ਕਰਕੇ ਸੀਹੋਂ ਦੀ ‘ਸਾਖੀ ਮਹਲੁ ਪਹਿਲੇ ਕੀ’ ਵਾਲੀ ਪਰਮਾਣਕ ਮਿਤੀ ਨੂੰ ਅਧਾਰ ਬਣਾ ਕੇ ਆਪਣੀ ਲਾਜਵਾਬ ਸਾਖੀ ਦੀ ਸਿਰਜਣਾ ਕੀਤੀ। ਗੁਰੂ ਅਮਰਦਾਸ ਦੇ ਬੰਸਜ ਸਰੂਪ ਦਾਸ ਭੱਲਾ ਨੇ 1776 ਈ:  ਵਿਚ ਮਹਿਮਾ ਪ੍ਰਕਾਸ਼ ਕਵਿਤਾ ਅਤੇ ਇਸੇ ਖਾਨਦਾਨ ਦੇ ਕਿਸੇ ਅਗਿਆਤ ਵਿਅਕਤੀ ਨੇ 19ਵੀਂ ਸਦੀ ਦੇ ਦੂਜੇ ਅੱਧ ਵਿਚ  ਮਹਿਮਾ ਪ੍ਰਕਾਸ਼ ਵਾਰਤਕ ਨਾਮ ਦੀਆਂ ਰਚਨਾਵਾਂ ਵਿਚ ਜਨਮ ਦਿਵਸ ਵੈਸਾਖ ਸੁਦੀ 3 ਦਾ ਹੀ ਦਿੱਤਾ ਹੈ, ਕਿਉਂਕਿ ਇਹ ਗੁਰੂ ਕੀ ਲਹਿਰ ਦਾ ਪਰੰਪ੍ਰਾਗਤ ਅਸਰ ਸੀ। ਡੀ.ਏ.ਵੀ ਕਾਲਜ ਦਾ ਖਰੜਾ 2000 ਮਸਲਨ ਇਹ ਸਾਰੀਆਂ ਲਿਖਤਾਂ ਗੁਰੂ ਬਾਬਾ ਜੀ ਦਾ ਜਨਮ ਦਿਵਸ ਵਿਸਾਖ ਦਾ ਹੀ ਮੰਨਦੀਆਂ ਹਨ।
ਜਨਮ ਪੱਤ੍ਰੀ ਦੀ ਪਹਿਲੀ ਪਰਤ, ਜੋ ਗੁਰੂ ਕੇ ਜੰਡਿਆਲੇ ਵਾਲੇ ਹੰਦਾਲਕਿਆਂ ਨੇ 1656-57 ਈ. ਦੇ ਲਾਗੇ ਚਾਗੇ ਤਿਆਰ ਕਰਵਾਈ ਕੁੱਝ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ: “ਜਨਮ ਪਤ੍ਰੀ ਨਾਨਕ ਵੇਦੀ ਦੀ॥ ਸੰਮਤ 1626॥ ਮਿਤੀ ਕਤਕ ਸੁਦੀ ਪੂਰਨਮਾਸੀ॥ ਨਾਨਕ ਜਨਮ ਲੀਤਾ॥ ਅਧੀ ਰਾਤ ਘੜੀ ਉਪਰਿ ਕਾਲੂ ਵੇਦੀ ਦੇ ਘਰਿ॥ ਕਾਲੂ ਦਾ ਪਰੋਹਿਤ ਹਰਿਦਿਆਲ ਬ੍ਰਹਮਣੁ ਆਹਾ॥ ਅਤੇ ਨਾਲੇ ਗੁਰਦੇਵ ਆਹਾ॥ ਵਡੀ ਵੇਲਾ ਕਾਲੂ ਹਰਿਦਿਆਲ ਦੇ ਘਰਿ  ਗਇਆ॥..........॥ ਤਾ ਬਾਲੇ ਵਿਦਾ ਲੀਤੀ ਤਲਵੰਡੀ ਗਇਆ॥ ਇਸ ਤੋਂ ਅੱਗੇ ਬਾਲਾ ਰੂਪਾਂਤਰ ਇਕ ਜਨਮ ਸਾਖੀ ਤਿਆਰ ਕੀਤੀ ਗਈ। ਫਿਰ ਇਸ ਵਿਚ ਗੁਰੂ ਨਾਨਕ ਪਿਤਾ ਦੇ ਚਾਲ-ਚੱਲਣ/ਚਰਿਤ੍ਰ ਨੂੰ ਘਾਤ ਕਰਨ ਲਈ ਰੰਘੜੀ ਵਾਲੀ ਸਾਖੀ ਅਤੇ ਇਸੇ ਤਰ੍ਹਾਂ ਗੁਰੂ ਅੰਗਦ ਪਾਤਸ਼ਾਹ ਨੂੰ ਇਹ ਕਹਿਣਾ ਕਿ ਰਾਤੀ ਆਪਣੀ ਲੜਕੀ ਨੂੰ ਬਣਾਏ ਕੇ ਲਈ ਆਵਣਾ(ਸਹਿਜ-ਕੁਸਹਿਜ ਵਾਲੀ ਸਾਖੀ) ਅਤੇ ਹੋਰ ਬਹੁਤ ਕੁੱਝ ਘੜ-ਘੜਾ ਕੇ ਬਾਲਾ ਰੂਪਾਂਤਰ 2 ਤਿਆਰ ਕਰਕੇ 28-28 ਸੁਚਿਤਰਾਂ ਨਾਲ ਸ਼ੰਗਾਰ ਕੇ, ਕਈ ਦਹਾਕਿਆਂ ਬੱਧੀ ਇਹ ਕੰਮ ਚੱਲਦਾ ਰਿਹਾ, ਸਾਰੇ ਪਰਮੁੱਖ ਸਿੱਖ ਧਾਰਮਿਕ ਅਸਥਾਨਾਂ ਤੇ ਪਹੁੰਚਾਈ ਗਈ। ਬਾਲਾ ਰੂਪਾਂਤਰ 2 ਦੇ ਹੱਥ ਲਿਖਤ ਖਰੜੇ ਵਿਚ ਇਹ ਲਿਖ ਦਿੱਤਾ ਕਿ ਇਹ ਜਨਮ ਸਾਖੀ 1582 ਸੰਮਤ ਵਿਚ ਗੁਰੂ ਅੰਗਦ ਦੀ ਹਜ਼ੂਰੀ ਵਿਚ ਭਾਈ ਬਾਲੇ ਨੇ ਪੈੜੇ ਮੋਖੇ ਕੋਲੋਂ ਲਿਖਵਾਈ। ਜਦੋਂ ਕਿ ਸੱਚ ਇਹ ਹੈ ਕਿ ਸੰਮਤ 1582/1525 ਈ. ਵਿਚ ਤਾਂ ਭਾਈ ਲਹਿਣਾ ਜੀ ਗੁਰੂ ਨਾਨਕ ਪਿਤਾ ਜੀ ਨੂੰ ਮਿਲੇ ਵੀ ਨਹੀਂ ਸਨ। ਪਿਆਰੇ ਲਾਲ ਬੇਦੀ, ਐਫ-17, ਜੰਗਪੁਰਾ ਭੋਗਲ, ਨਵੀ ਦਿਲੀ, ਨੂੰ ਪੁੱਜਿਆ ਸੰਮਤ 1770 (1713ਈ.) ਵਾਲਾ ਖਰੜਾ ਆਪ ਉਚੀ ਉਚੀ ਬੋਲ ਕੇ ਖੁਲਾਸਾ ਕਰਦਾ ਹੈ: “ ਜਨਮ ਪਤ੍ਰੀ ਬਾਬੇ ਨਾਨਕ ਕੀ ਸੰਪੂਰਨ ਹੋਈ॥ ਵੀਰਵਾਰ ਪਹਿਰ ਦਿਨ ਚੜੇ॥ ਸੰਮਤ 1770 ਦੇ ਬੀਤੇ ਹੋਇ ਮੁਕੀ। ਲਿਖਵਾਈ ਸੰਗਤ ਸਿੰਘ ਸੂਦ॥ ਲਿਖੀ ਆਤਮਾ ਸਿੰਘ ਸੂਦ॥ ਕੀਰਤਨਏ॥ ਵਿਚ ਰੜੇ ਲਹੌਰ ਦੇ ਅਗੇ ਲਾਗਤ ਪੋਥੀ ਲਿਖੀ 330 ਰੁਪਏ॥ ਜੋ ਅੱਜ ਦੀ ਕੀਮਤ ਅਨੁਸਾਰ ਤਿੰਨ ਲੱਖ ਤੀਹ ਹਜ਼ਾਰ ਰੁਪੈ ਬਣਦੀ ਹੈ। ਹੰਦਾਲਕਿਆਂ ਨੇ ਵੱਡੇ ਤਰੱਦਦ ਨਾਲ ਇਸ ਨੂੰ ਸਿੱਖ ਚਿੰਤਨ ਤੇ ਚੇਤਨਾ ਨੂੰ ਸੁੰਨ ਕਰਨਹਾਰੇ ਜ਼ਹਿਰ ਦੇ ਟੀਕੇ ਵਾਂਗ ਵਰਤਿਆ; ਸਦੀਆਂ ਲੰਘ ਗਈਆਂ; ਮੂਰਛਾ ਦੀ ਸ਼ਿਕਾਰ ਹੋਈ ਸਿੱਖ ਚੇਤਨਾ ਅਜੇ ਅੱਖ ਪੱਟ ਕੇ ਝਾਕਣ ਦਾ ਹੀਆ ਨਹੀਂ ਕਰ ਸਕੀ; ਪਰ ਇਹ ਮਰੀ ਨਹੀਂ, ਜਾਗੇਗੀ ਕਿਉਂਕਿ ਜਿਉਣ ਦਾ ਹੱਠ ਇਸ ਦਾ ਵਿਸ਼ੇਸ਼ ਖਾਸਾ ਹੈ।
“ਸਾਖੀ ਪਰੰਪਰਾ ਵਿਚੋਂ ਕੇਵਲ ਜਨਮ ਸਾਖੀ ਬਾਲਾ ਹੀ ਸਾਨੂੰ ਗੁਰੂ ਨਾਨਕ ਪਿਤਾ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਦਾ ਦੱਸਦੀ ਹੈ ਅਤੇ ਸਾਨੂੰ ਇਸ ਅਣਹੋਏ ਸੱਚ ਨੂੰ ਸਵੀਕਾਰ ਕਰਨ ਨੂੰ ਮਜਬੂਰ ਕਰਦੀ ਹੈ। ਇਸ ਧਰਮ ਸੰਕਟ ਦਾ ਹੱਲ, ਪੂਰਨਮਾਸ਼ੀ ਵਾਲੀ ਮਿਤੀ ਨੂੰ ਕਿਸੇ ਇਕ, ਪਿਉ ਜਾਂ ਪੁੱਤਰ ਨਾਲ ਜੋੜ ਕੇ ਹੀ ਸੰਭਵ ਹੋ ਸਕਦਾ ਹੈ, ਦੋਵਾਂ ਨਾਲ ਨਹੀਂ। ਕੱਤਕ ਦੀ ਪੂਰਨਮਾਸ਼ੀ ਨੂੰ ਸ੍ਰੀ ਚੰਦ ਦੀ ਜਨਮ ਮਿਤੀ ਮੰਨਣ ਲਈ ਸਾਡੇ ਕੋਲ ਬਹੁਤ ਹੀ ਪਰਮਾਣਕ ਸਬੂਤ ਹਨ ਜੋ ਭਰੋਸੇਯੋਗ ਸਰੋਤ ਤੋਂ ਆਏ ਹੋਣ ਕਰਕੇ ਅਕੱਟ ਹਨ। ਗੁਰੂ ਨਾਨਕ ਦੇ ਬੰਸ, ਦਸਵੀਂ ਪੀੜ੍ਹੀ, ਬਾਬਾ ਸੁਖਬਾਸੀ ਨੇ ਆਪਣੇ ਖਾਨਦਾਨ ਸਬੰਧੀ ਇਕ ਗਰੰਥ ‘ਨਾਨਕ ਬੰਸ ਪ੍ਰਕਾਸ਼’ ਸੰਮਤ 1872 (1815 ਈ:) ਵਿਚ ਰਚਨਾ ਕੀਤੀ। ਜਿਸ ਵਿਚ ਸਪੱਸ਼ਟ ਲਿਖਿਆ ਹੈ:
ਸੁਭ ਨਖਯਤ੍ਰ ਸੁਭ ਲਗਨ ਬਰ ਕਾਤਕ ਮਾਸ ਪੁਨੀਤ॥ ਸ੍ਰੀ ਚੰਦ ਸਤਿਗੁਰ ਪ੍ਰਗਟੇ ਅਦਭੁਤ ਨਿਰਮਲ ਚੀਤ॥ ਮਤਲਬ ਸ੍ਰੀ ਚੰਦ ਕਤਕ ਦੇ ਮਹੀਨੇ ਪੂਰਨਮਾਸ਼ੀ ਨੂੰ ਪੈਦਾ ਹੋਇਆ। ਇਸੇ ਗਰੰਥ ਵਿਚ ਗੁਰੂ ਨਾਨਕ ਦਾ ਜਨਮ ਵਿਸਾਖ ਸੁਦੀ 3 ਦਾ ਦੱਸਿਆ ਹੈ:
ਸੰਬਤ ਬਿਕ੍ਰਮ ਨ੍ਰਿਪਤ ਕੇ ਪੰਦ੍ਰਹ ਸਤਿ ਖਟਿ ਬੀਸ॥ ਅਖਯ-(ਸੁਦੀ) ਤੀਜ ਤਿਥਿ ਮਾਸ ਬਰ ਮਾਧਵਿ(ਵੈਸਾਖ) ਪ੍ਰਗਟੇ ਈਸ॥
ਬਾਬਾ ਸੁਖਬੰਸੀ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਸ਼ਿਕਾਰ ਹੋਣ ਦੇ ਬਾਵਜੂਦ ਵੀ ਕੱਤਕ ਦੀ ਪੂਰਨਮਾਸ਼ੀ ਦੀ ਤਰੀਕ ਨੂੰ ਕੱਟ ਕੇ ਅਸਲੀ ਜਨਮ ਤਰੀਖ ਦੇਣ ਵਿਚ ਗੁਰੇਜ਼ ਨਹੀਂ ਕਰਦਾ”। ਇਹ ਸਾਰੀ ਸੂਚਨਾ ‘ਸਾਖੀ ਮਹਿਲ ਪਹਿਲੇ ਕੀ ਸਾਖੀਕਾਰ ਸੀਹਾਂ ਉਪਲ ਸੰਪਾਦਕ ਸ. ਸ. ਪਦਮ’ ਦੀ ਕਿਤਾਬ ਦੇ ਪੰਨਾ 102-103 ਤੇ ਦਰਜ ਹੈ।
ਜਦੋਂ ਇਹ ਸਾਰਾ ਕੁੱਝ ਵਾਪਰ ਰਿਹਾ ਸੀ ਤਾਂ ਵਿਸਨ ਸਿੰਘ ਨਾਂ ਦਾ ਇਕ ਪਰਬੁੱਧ ਇਨਸਾਨ ਵੀ ਕਾਰਜਸ਼ੀਲ ਸੀ, ਜਿਸ ਨੇ 1828 ਈ. ਵਿਚ ‘ਗਿਆਨ ਰਤਨਾਵਲੀ’ ਕ੍ਰਿਤ ਸੂਰਤ ਸਿੰਘ ਨੂੰ ਅਨਕੂਲ ਕੇ ਆਪਣੇ ‘ਗਿਆਨ ਰਤਨਾਗਰ ਕਾਵਿ ਗਰੰਥ’ ਦੀ ਰਚਨਾ ਕੀਤੀ। ਇਹ ਗਿਆਨੀ ਸੰਤ ਸਿੰਘ ਦਾ ਚੇਲਾ ਤੇ ‘ਗੁਰਪ੍ਰਤਾਪ ਸੂਰਜ ਗ੍ਰੰਥ’ ਵਾਲੇ ਰਾਜਕਵੀ ਸੰਤੋਖ ਸਿੰਘ ਦਾ ਗੁਰਭਾਈ ਸੀ, ਪਰ ਆਪਣੇ ਆਪ ਨੂੰ ਸੂਰਤ ਸਿੰਘ ਦਾ ਪੋਤਰਾ ਚੇਲਾ ਦੱਸਣ ਵਿਚ ਵਧੇਰੇ ਮਾਣ ਮਹਿਸੂਸ ਕਰਦਾ ਸੀ। ਉਸ ਦੀ ਵੀ ਸੁਣੋ, ਸੰਤੋਖ ਸਿੰਘ ਅਤੇ ਉਸ ਦੇ ਪੁਰਾਣੇ ਜਾਂ ਅਧੁਨਿਕ ਪਾਛੂਆਂ ਨੇ ਭਾਵੇਂ ਨਹੀਂ ਸੁਣੀ:
“ਜਬ ਹੰਦਾਲ ਸੁਰ ਲੋਕ ਪਧਾਰਾ। ਬਿਧੀ ਚੰਦ ਸੁਤ ਸਕਤੀਵਾਰਾ। ਲਈ ਮਹੰਤੀ ਸਿਖ ਬਣਾਏ।ਤੁਰਕਨ ਕੀ ਗਨਕਾ ਇਕ ਗਾਇ। ਸੋ ਆਪਣੇ ਗ੍ਰਹ ਆਨ ਵਸਾਈ। ਤਬ ਵਰਤਨ ਤਜ ਦੀਨ ਲੁਕਾਈ। ਬਿਧੀ ਚੰਦ ਮਞੋਤ ਪ੍ਰਸੰਗਾ। ਲਿਖੇ ਗੁਰ ਧਾਰੀ ਹਿਤ ਸੰਗਾ। ਆਗੇ ਗੁਰ ਕੀ ਸਾਖੀ ਨਾਹੀ। ਰਚੀ ਨਿੰਦਾ ਬਿਧ ਬਹੁਤ ਬਨਾਈ। ਬਾਲੇ ਅੰਗਦ ਕੋ ਧਰ ਨਾਮਾ। ਪ੍ਰਥਮੇ ਹੀ ਝੂਠਾ ਕੀਓ ਕਾਮਾ। ਪੰਦ੍ਰਹ ਸਹਸ ਪਚਾਸੀ ਮਾਹੀ। ਪੰਚਮ ਥਿਤ ਬੈਸਾਖ ਕੀ ਆਹੀ। ਪੈੜੇ ਮੋਖੇ ਲਿਖੀ ਬਨਾਈ। ਗੁਰ ਅੰਗਦ ਗੁਰ ਮਿਲੇ ਨ ਭਾਈ”।
ਜੋ ਕੂੜ ਰਾਜਕਵੀ ਸੰਤੋਖ ਸਿੰਘ ਨੇ ਆਪਣੇ ‘ਗੁਰ ਪ੍ਰਤਾਪ ਸੂਰਜ ਗ੍ਰੰਥ’ ਵਿਚ ‘ਬਾਲਾ ਬਲੱਫ’ ਤੋਂ ਪ੍ਰਭਾਵਤ ਹੋ ਕੇ ਵਾੜਿਆ ਜਾਂ ਵਾੜਿਆ ਗਿਆ ਉਸ ਦਾ ਅਤੇ ਭਾਈ ਬਿਧੀ ਚੰਦ ਵਲੋਂ ਆਪਣੀ ਬੁਰਿਆਈ ਨੂੰ ਛਪਾਉਣ ਲਈ ਜੋ ਗੁਰੂ ਨਾਨਕ ਸਾਹਿਬ ਦਾ ਚ੍ਰਿਤਰ-ਘਾਤ ਕੀਤਾ ਗਿਆ ਹੈ ਉਸ ਨੂੰ ਭਾਈ ਵਿਸਨ ਸਿੰਘ ਨੇ ਆਪਣੀ ਉਪਰਲੀ ਕਵਿਤਾ ਵਿਚ ਨੰਗਾ ਕੀਤਾ ਹੈ।
ਹੁਣ ਫੈਸਲਾ ਸਿੱਖ ਕੌਮ ਨੇ ਕਰਨਾ ਹੈ ਕਿ ਉਹ ਗੁਰੂ ਦਾ ਗੁਰਪੁਰਬ ਅਸਲੀ ਤਰੀਕ, ਵੈਸਾਖ ਸੁਦੀ ਤੀਜ, ਨੂੰ ਮਨਾਉਣਾ ਚਾਹੁੰਦੀ ਹੈ ਜਾਂ ਫਿਰ ‘ਬਾਲਾ ਬਲੱਫ’ ਦੀ ਵਰਤਾਈ ਹੋਈ ਨਕਲੀ ਤਰੀਕ, “ਕੱਤਕ ਦੀ ਪੂਰਨਮਾਸੀ” ਨੂੰ ਹੀ ਕੜ੍ਹੀ ਘੋਲਣਾ ਚਾਹੁੰਦੀ ਹੈ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # 647 966 3132