ਬਾਦਲ ਦਲ ਦੇ ਮੁੱਖੀ ਬਗਲਾਂ ਵਜਾ ਰਹੇ ਨੇ... ਕਿਸ ਜਿੱਤ 'ਤੇ? - ਜਸਵੰਤ ਸਿੰਘ 'ਅਜੀਤ'

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਦਿੱਲੀ ਪ੍ਰਦੇਸ਼ ਦੇ ਮੁੱਖੀ ਅੱਜਕਲ ਬਗਲਾਂ ਵਜਾ ਰਹੇ ਹਨ, ਇਹ ਬਗਲਾਂ ਉਹ ਕਿਸ ਜਿੱਤ ਦੀ ਖੁਸ਼ੀ ਵਿੱਚ ਮਨਾ ਰਹੇ ਹਨ? ਕੀ ਉਸ ਜਿੱਤ ਦੀ ਖੁਸ਼ੀ ਵਿੱਚ ਜੋ ਉਨ੍ਹਾਂ ਨੇ ਸਿੱਖ ਧਰਮ ਦੀਆਂ ਮਹਾਨ ਤੇ ਮੂਲ ਸਿਧਾਂਤਾਂ ਦਾਂ ਘਾਣ ਕਰ ਅਤੇ ਕਰਵਾ ਕੇ ਪ੍ਰਾਪਤ ਕੀਤੀ ਹੈ? ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਇਹ ਖੁਸ਼ੀ ਉਸ ਜਿੱਤ ਪੁਰ ਅਧਾਰਤ ਹੈ, ਜੋ ਉਨ੍ਹਾਂ ਨੇ 'ਮੀਰੀ-ਪੀਰੀ' ਦੇ ਸਿਧਾਂਤ ਦਾ ਸਹਾਰਾ ਲੈ, ਅਦਾਲਤ ਰਾਹੀਂ ਦਿੱਲੀ ਸਿੱਖ ਗੁਰਦੁਆਰਾ ਚੋਣਾਂ ਲੜਨ ਦਾ ਉਹ ਅਧਿਕਾਰ ਪ੍ਰਾਪਤ ਕਰਕੇ ਕੀਤੀ  ਹੈ, ਜੋ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਇੱਕ ਰਾਜਸੀ ਪਾਰਟੀ ਹੋਣ ਦੇ ਕਾਰਣ, ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਪਰ ਜਾਪਦਾ ਹੈ ਕਿ ਉਨ੍ਹਾਂ ਨੂੰ ਪਤਾ ਨਹੀਂ ਕਿ ਉਨ੍ਹਾਂ ਇਹ ਅਧਿਕਾਰ ਪ੍ਰਾਪਤ ਕਰਨ ਲਈ ਲਈ, ਸਿੱਖ ਧਰਮ ਦੀਆਂ ਮਾਨਤਾਵਾਂ ਦੀ ਕਿਤਨੀ ਭਾਰੀ ਕੀਮਤ ਚੁਕਾਈ ਹੈ? ਸ਼ਾਇਦ ਇਹ ਗਲ ਉਨ੍ਹਾਂ ਲਈ ਕੋਈ ਮਹਤੱਵ ਵੀ ਨਹੀਂ ਰਖਦੀ ਕਿ ਇਹ, ਗੁਰੂ ਗੋਲਕ ਪੁਰ ਕਬਜ਼ਾ ਦੀ ਲਾਲਸਾ ਨੂੰ ਪੂਰਿਆਂ ਕਰਨ ਦਾ, ਅਧਿਕਾਰ ਪ੍ਰਾਪਤ ਕਰਨ ਲਈ, ਉਨ੍ਹਾਂ ਨੇ 'ਸਿੱਖ ਧਰਮ', ਜਿਸਦੇ ਪੈਰੋਕਾਰ ਇਨਸਾਨੀਅਤ ਦੀਆਂ ਮਾਨਤਾਵਾਂ ਦੀ ਰਖਿਆ ਲਈ ਅਤੇ ਜਬਰ-ਜ਼ੁਲਮ, ਅਨਿਆਇ ਦੇ ਵਿਰੁਧ ਸੰਘਰਸ਼ ਕਰਦਿਆਂ ਆਪਣਾ ਆਪ ਤਕ ਕੁਰਬਾਨ ਕਰ ਦਿੰਦੇ ਹਨ; ਦੀ ਸਾਂਝ ਇਕ ਅਜਿਹੀ 'ਰਾਜਨੀਤੀ', ਜਿਸਦੇ ਪੈਰੋਕਾਰ ਆਪਣੇ ਰਾਜਸੀ ਸੁਆਰਥ ਦੀ ਪੂਰਤੀ ਲਈ ਆਪਣਿਆਂ ਤਕ ਦੇ ਨਾਲ ਵਿਸ਼ਵਾਸਘਾਤ ਕਰਨ, ਵੈਰ-ਵਿਰੋਧ ਨੂੰ ਉਤਸਾਹਿਤ ਕਰਨ ਦੇ ਨਾਲ ਹੀ ਨਫਰਤ ਪੈਦਾ ਕਰ, ਇਨਸਾਨੀਅਤ ਦੀਆਂ ਸਮੁਚੀਆਂ ਮਾਨਤਾਵਾਂ ਦਾ ਘਾਣ ਕਰਨ ਤੋਂ ਵੀ ਸੌਕੋਚ ਨਹੀਂ ਕਰਦੇ, ਨਾਲ ਸਾਂਝ ਪੁਰ ਅਦਾਲਤੀ ਮੋਹਰ ਲੁਆ ਲਈ ਹੈ।  
ਮੀਰੀ-ਪੀਰੀ ਦੇ ਸਿਧਾਂਤ ਦੀ ਮੂਲ ਭਾਵਨਾ: ਜੇ ਸਿੱਖ ਧਰਮ ਦੀਆਂ ਬੁਨਿਆਦੀ ਮਾਨਤਾਵਾਂ ਅਤੇ ਗੁਰਬਾਣੀ ਦੇ ਸੰਦੇਸ਼ ਨੂੰ ਗੰਭੀਰਤਾ ਨਾਲ ਘੋਖਿਆ ਜਾਏ ਤਾਂ ਇਹ ਗਲ ਸਹਿਜੇ ਹੀ ਸਮਝ ਵਿੱਚ ਆ ਜਾਂਦੀ ਹੈ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸ੍ਰੀ ਅਕਾਲ ਤਖਤ ਦੀ ਸਥਾਪਨਾ ਕਰਨਾ ਅਤੇ ਮੀਰੀ ਪੀਰੀ ਦੀਆਂ ਕਿਰਪਾਨਾਂ ਧਾਰਨ ਕਰਨਾ, ਸ੍ਰੀ ਗੁਰੂ ਗਬਿੰਦ ਸਿੰਘ ਜੀ ਵਲੋਂ ਸੰਤ-ਸਿਪਾਹੀ ਦੇ ਰੂਪ ਵਿਚ ਖਾਲਸੇ ਦੀ ਸਿਰਜਨਾ ਨੂੰ ਸੰਪੂਰਨ ਕੀਤਾ ਜਾਣਾ ਅਤੇ ਮੀਰੀ ਤੇ ਪੀਰੀ ਦੀਆਂ ਕਿਰਪਾਨਾਂ ਨੂੰ ਦੋਧਾਰੀ ਖੰਡੇ ਦਾ ਰੂਪ ਦੇ ਦੇਣਾ, ਆਦਿ ਕਾਰਜ ਧਰਮ ਅਤੇ ਰਾਜਨੀਤੀ ਵਿੱਚ ਸਾਂਝ ਦੇ ਪ੍ਰਤੀਕ ਨਹੀਂ, ਸਗੋਂ ਭਗਤੀ ਤੇ ਸ਼ਕਤੀ ਵਿੱਚ ਸੁਮੇਲ ਕਾਇਮ ਕਰਨ ਦੇ ਪ੍ਰਤੀਕ ਹਨ। ਇਹ ਸੁਮੇਲ ਨਾ ਤਾਂ ਸ੍ਰੀ ਅਕਾਲ ਤਖਤ ਦੀ ਸਥਾਪਨਾ ਤੋਂ, ਨਾ ਹੀ ਗੁਰੂ ਹਰਿਗੋਬਿੰਦ ਸਾਹਿਬ ਦੇ ਮੀਰੀ-ਪੀਰੀ ਦੀਆਂ ਕਿਰਪਾਨਾਂ ਧਾਰਨ ਕਰਨ, ਨਾ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਦੋਧਾਰੀ ਖੰਡੇ ਦੀ ਰਚਨਾ ਅਤੇ ਨਾ ਹੀ ਖਾਲਸੇ ਦੀ ਸਿਰਜਨਾ ਨੂੰ ਸੰਪੂਰਨ ਕੀਤੇ ਜਾਣ ਦੇ ਸਮੇਂ ਤੋਂ ਅਰੰਭ ਹੋਇਆ ਸੀ, ਸਗੋਂ ਇਹ ਸੁਮੇਲ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ-ਕਾਲ ਤੋਂ ਹੀ ਅਰੰਭ ਹੋ ਗਿਆ ਸੀ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਦ੍ਰਿੜ੍ਹਤਾ ਨਾਲ 'ਜਾਬਰ' ਕਿਹਾ ਅਤੇ ਆਪਣੀ ਬਾਣੀ ਵਿਚ ਅਨਿਆਇ, ਜਬਰ ਤੇ ਜ਼ੁਲਮ ਦੇ ਵਿਰੁਧ ਆਵਾਜ਼ ਉਠਾਉਂਦਿਆਂ ਫੁਰਮਾਇਆ: 'ਰਾਜੇ ਸੀਂਹ ਮੁਕਦਮ ਕੁਤੇ'। ਹੋਰ-'ਕਾਦੀ ਕੂੜੁ ਬੋਲਿ ਮਲੁ ਖਾਇ। ਬ੍ਰਾਹਮਣ ਨਾਵੈ ਜੀਆ ਘਾਇ। ਜੋਗੀ ਜੁਗਤਿ ਨਾ ਜਾਣੈ ਅੰਧੁ ਤੀਨੇ ਓਜਾੜੈ ਕਾ ਬੰਧ'। ਉਨ੍ਹਾਂ ਦੇ ਇਹ ਸ਼ਬਦ, ਭਗਤੀ ਤੇ ਸ਼ਕਤੀ ਦੇ ਸੁਮੇਲ ਦੇ ਪ੍ਰਤੀਕ ਹਨ, ਨਾ ਕਿ ਧਰਮ ਤੇ ਰਾਜਨੀਤੀ ਦੇ, ਕਿਉਂਕਿ  ਰਾਜਨੀਤੀ ਵਿੱਚ ਇਤਨੀ ਦ੍ਰਿੜ੍ਹਤਾ ਅਤੇ ਦਲੇਰੀ ਨਾਲ ਅਜਿਹਾ ਕੁਝ ਕਹਿ ਪਾਣਾ ਕਿਸੇ ਵੀ ਤਰ੍ਹਾਂ ਸੰਭਵ ਨਹੀਂ।
ਵਿਚਾਰਨ ਵਾਲੀ ਗਲ ਤਾਂ ਇਹ ਵੀ ਹੈ ਕਿ ਸਿੱਖੀ ਦਾ ਮਾਰਗ ਅਪਨਾਉਣ ਲਈ ਗੁਰੂ ਸਹਿਬ ਨੇ 'ਇਤੁ ਮਾਰਗ ਪੈਰ ਧਰੀਜੇ ਸਿਰੁ ਦੀਜੈ ਕਾਣ ਨਾ ਕੀਜੈ', 'ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ', 'ਸਿਰ ਧਰ ਤਲੀ ਗਲੀ ਮੇਰੀ ਆਉ', ਆਦਿ ਦੀਆਂ ਜੋ ਸ਼ਰਤਾਂ ਨਿਸ਼ਚਿਤ ਕੀਤੀਆਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਸਿਰਜਨਾ ਨੂੰ ਸੰਪੂਰਨ ਕਰਨ ਲਈ 'ਸੀਸ-ਭੇਂਟ' ਦੀ ਜੋ ਸ਼ਰਤ ਰਖੀ, ਕੀ ਉਹ ਰਾਜਨੀਤੀ ਵਿੱਚ ਸਵੀਕਾਰਨ-ਯੋਗ ਹਨ?
ਜਦੋਂ ਰਾਜ-ਸੱਤਾ ਆਉਂਦੀ ਹੈ: ਕੁਝ ਸਮਾਂ ਹੋਇਐ ਸ. ਅਜਮੇਰ ਸਿੰਘ ਲਿਖਤ ਪੁਸਤਕ 'ਕਿਸ ਬਿਧ ਰੁਲੀ ਪਾਤਸ਼ਾਹੀ' ਪੜ੍ਹ ਰਿਹਾ ਸਾਂ, ਉਸ ਵਿੱਚ ਇਕ ਥਾਂ ਸ. ਅਜਮੇਰ ਸਿੰਘ ਨੇ, ਸੱਤਾ ਵਿਚ ਆਉਣ 'ਤੇ ਮਨੁਖ ਦੀ ਕੀ ਦਸ਼ਾ ਹੁੰਦੀ ਹੈ? ਉਸਦਾ ਬਿਆਨ ਕਰਦਿਆਂ ਲਿਖਿਆ , 'ਜਦੋਂ ਕੋਈ ਸਮਾਜ ਵਿੱਚ ਵਿਸ਼ੇਸ਼ ਦਰਜਾ ਪ੍ਰਾਪਤ ਕਰ ਲੈਂਦਾ ਹੈ ਅਤੇ ਇਸਦੇ ਫਲਸਰੂਪ ਵਿਸ਼ੇਸ਼ ਅਧਿਕਾਰਾਂ ਤੇ ਸੁੱਖ-ਸਹੂਲਤਾਂ ਦਾ ਅਨੰਦ ਭੋਗਣ ਲਗਦਾ ਹੈ ਤਾਂ ਉਸਦੇ ਅੰਦਰੋਂ ਆਹਿਸਤਾ-ਆਹਿਸਤਾ ਕੌਮੀ ਭਾਈਚਾਰੇ ਦੀ ਸਪਿਰਟ ਦੰਮ ਤੋੜਨ ਲਗਦੀ ਹੈ। ਉਹ ਕੌਮੀ ਹਿਤਾਂ ਨਾਲੋਂ ਆਪਣੇ ਨਿਜੀ ਹਿਤਾਂ ਨੂੰ ਪ੍ਰਮੁਖਤਾ ਦੇਣ ਦੀ ਕਰੁਚੀ ਦਾ ਸ਼ਿਕਾਰ ਹੋ ਜਾਂਦਾ ਹੈ'। ਸੱਤਾ ਦੀ ਲਾਲਸਾ ਨੇ ਉਨ੍ਹਾਂ (ਸਿੱਖਾਂ) ਨੂੰ ਕਿਥੋਂ ਦਾ ਕਿਥੇ ਪਹੁੰਚਾ ਦਿੱਤਾ, ਇਸਦਾ ਜ਼ਿਕਰ ਕਰਦਿਆਂ, ਉਨ੍ਹਾਂ ਲਿਖਿਆ, ਕਿ 'ਖਾਲਸੇ ਅੰਦਰ ਆਪਸੀ ਪਿਆਰ ਤੇ ਮਿਲਵਰਤਣ ਦੀ ਭਾਵਨਾ ਕਮਜ਼ੋਰ ਪੈ ਗਈ, ਇਸਦੀ ਜਗ੍ਹਾ ਆਪਸੀ ਵਿਰੋਧਾਂ, ਸ਼ੰਕਿਆਂ ਤੇ ਸਾੜਿਆਂ ਨੇ ਲੈ ਲਈ। ਖਾਲਸੇ ਦੀ ਸੰਗਠਿਤ ਭਾਵਨਾ ਨਿਜਵਾਦ ਤੇ ਹਊਮੈ ਨੇ ਨਿਗਲ ਲਈ। ਸਮੂਹ ਰਜ਼ਾ ਦੀ ਥਾਂਵੇਂ ਆਪ-ਹੁਦਰਾਪਨ ਹਾਵੀ ਹੋ ਗਿਆ'।
ਇਸੇਤਰ੍ਹਾਂ ਪ੍ਰਿੰ. ਸਤਿਬੀਰ ਸਿੰਘ ਨੇ 'ਸਿੱਖ ਰਾਜ ਕਿਵੇਂ ਗਿਆ'? ਦੇ ਇਕ ਸੁਆਲ ਦਾ ਜਵਾਬ ਦਿੰਦਿਆਂ ਲਿਖਿਆ ਕਿ ਇਕ ਤਾਂ 'ਜਿਨ੍ਹਾਂ ਹੱਥ ਵਾਗਡੋਰ ਆਈ ਜਾਂ ਤਾਂ ਉਹ ਖਰੀਦੇ ਗਏ ਜਾਂ ਇਤਨੀ ਨਦਰ ਵਾਲੇ ਨਾ ਰਹੇ ਕਿ ਵਿੱਚਲੀ ਗਲ ਜਾਣ ਸਕਣ', ਦੂਜਾ, 'ਲੋਕੀ ਖੁਸ਼ਹਾਲੀ ਕਾਰਣ ਨਿਸਲ ਤੇ ਅਵੇਸਲੇ ਹੋ ਗਏ', ਤੀਜਾ, 'ਸਿੱਖ, ਸਿੱਖ ਦਾ ਵੈਰੀ ਹੋ ਗਿਆ', ਚੌਥਾ, 'ਗੁਰਮੱਤਾ ਕਰਨ ਵਾਲੀ ਸੰਸਥਾ ਅਲੋਪ ਹੋ ਗਈ, ਆਈ ਬਿਪਤ ਵੇਲੇ ਇਕੱਠਾ ਕਰਨ ਵਾਲੀ ਕੋਈ ਸੰਸਥਾ ਨਾ ਰਹੀ'।
ਜਵੇਂ ਕਿ ਅਰੰਭ ਵਿੱਚ ਹੀ ਜ਼ਿਕਰ ਕੀਤਾ ਗਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਭਗਤੀ ਅਤੇ ਸ਼ਕਤੀ ਦਾ ਸੁਮੇਲ ਸਥਾਪਤ ਕਰਨ ਦੀ ਪ੍ਰਕਿਰਿਆ ਅਰੰਭ ਹੋ ਗਈ ਹੋਈ ਸੀ। ਇਹ ਭਗਤੀ ਦਿਖਾਵੇ ਦੀ ਨਹੀਂ, ਅੰਤਰ-ਆਤਮਾ ਦੀ ਹੈ, ਜੋ ਮਨੁਖ ਨੂੰ ਸ਼ਕਤੀਸ਼ਾਲੀ ਬਣਾਉਂਦੀ ਹੈ। ਜਦੋਂ ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ਼ ਬਹਾਦਰ ਸਾਹਿਬ ਦੀਆਂ ਸ਼ਹਾਦਤਾਂ ਹੁੰਦੀਆਂ ਹਨ ਤਾਂ ਸਿੱਖ ਉਨ੍ਹਾਂ ਦੇ ਦਰ ਤੋਂ ਪ੍ਰਾਪਤ ਕੀਤੀ ਸ਼ਕਤੀ ਦੇ ਸਹਾਰੇ, ਦਿੱਲੀ ਤੇ ਲਾਹੌਰ ਨੂੰ ਟਕਰਾ ਕੇ ਫਨਾਹ ਕਰ ਦੇਣ ਦੀ ਸਮਰਥਾ ਦਾ ਵਿਖਾਵਾ ਕਰਨਾ ਚਾਹੁੰਦੇ ਹਨ, ਪਰ ਗੁਰੂ ਸਾਹਿਬ ਉਨ੍ਹਾਂ ਨੂੰ ਸਮਝਾਂਦੇ ਹਨ ਕਿ ਅਕਾਲ ਪੁਰਖ ਤੋਂ ਪ੍ਰਾਪਤ ਆਤਮਕ-ਸ਼ਕਤੀ ਦਾ ਅਹਿਸਾਸ ਦੁਨੀਆਂ ਨੂੰ ਤਬਾਹ ਕਰਕੇ ਨਹੀਂ, ਸਗੋਂ ਸਹਿਣਸ਼ੀਲ ਬਣੇ ਰਹਿ ਕੇ ਕਰਵਾਇਆ ਜਾਣਾ ਚਾਹੀਦਾ ਹੈ।
ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਸੰਤ-ਸਿਪਾਹੀ, ਖਾਲਸੇ ਦੀ ਸਿਰਜਨਾ ਕੀਤੀ, ਉਹ ਵੀ ਭਗਤੀ ਤੇ ਸ਼ਕਤੀ ਦੇ ਸੁਮੇਲ ਦਾ ਪ੍ਰਤੀਕ ਹੈ। ਸੰਤ, ਪ੍ਰਭੂ-ਭਗਤੀ ਵਿਚ ਲੀਨ ਰਹਿੰਦਾ ਹੈ, ਜੀਵਨ ਦੀ ਪਵਿਤ੍ਰਤਾ ਨੂੰ ਕਾਇਮ ਰਖਦਾ ਹੈ, ਮਨੁਖਤਾ ਦੀ ਸੇਵਾ ਵਿਚ ਆਪਣੇ-ਆਪਨੂੰ ਸਮਰਪਿਤ ਕਰ ਦਿੰਦਾ ਹੈ, ਉਸਦੀ ਭਲਾਈ ਲਈ ਆਪਾ ਤਕ ਕੁਰਬਾਨ ਕਰ ਦੇਣ ਤੋਂ ਵੀ ਸੰਕੋਚ ਨਹੀਂ ਕਰਦਾ। ਜਦੋਂ ਭਗਤੀ ਰਾਹੀਂ ਸੰਤ ਵਿਚ ਇਹ ਗੁਣ ਆ ਜਾਂਦੇ ਹਨ ਤਾਂ ਉਹ ਸੰਤ-ਸਿਪਾਹੀ ਬਣ ਜਾਂਦਾ ਹੈ। ਜ਼ੁਲਮ ਤੇ ਅਨਿਆਇ ਉਸ ਤੋਂ ਬਰਦਾਸ਼ਤ ਨਹੀਂ ਹੋ ਪਾਂਦੇ। ਜਿਥੇ-ਕਿਥੇ ਵੀ ਉਹ ਜ਼ੁਲਮ ਹੁੰਦਾ ਅਤੇ ਅਨਿਆਇ ਨੂੰ ਪੈਰ ਪਸਾਰਦਿਆਂ ਵੇਖਦਾ ਹੈ, ਤਾਂ ਉਹ ਉਨ੍ਹਾਂ ਦਾ ਵਿਰੋਧ ਕਰਨ ਲਈ ਬੇਚੈਨ ਹੋ ਉਠਦਾ ਹੈ। ਇਸ ਤਰ੍ਹਾਂ ਸੰਤ ਤੇ ਸਿਪਾਹੀ ਦੇ ਸੁਮੇਲ ਨਾਲ, ਇਕ ਅਜਿਹੇ ਇਨਸਾਨ ਦਾ ਜਨਮ ਹੁੰਦਾ ਹੈ, ਜੋ ਇਨਸਾਨੀਅਤ ਦੀਆਂ ਮਾਨਤਾਵਾਂ ਦੀ ਰਖਿਆ ਕਰਨ ਲਈ ਸਭ ਕੁਝ ਕੁਰਬਾਨ ਕਰਨ ਵਾਸਤੇ ਸਦਾ ਤਤਪਰ ਰਹਿੰਦਾ ਹੈ।
ਪ੍ਰੰਤੂ ਇਸਦੇ ਵਿਰੁਧ ਜਿਥੋਂ ਤਕ ਰਾਜਨੀਤੀ ਦਾ ਸੰਬੰਧ ਹੈ, ਉਹ ਇਕ ਅਜਿਹਾ ਫਰੇਬ ਹੈ, ਜੋ ਸੱਤਾ ਹਾਸਲ ਕਰਨ ਅਤੇ ਉਸਨੂੰ ਕਾਇਮ ਰਖਣ ਲਈ ਵਰਤਿਆ ਜਾਂਦਾ ਹੈ। ਮਤਲਬ ਇਹ ਕਿ ਰਾਜਨੀਤੀ ਵਿਚ ਵੀ ਹਰ ਹਥਕੰਡੇ ਦਾ ਵਰਤਿਆ ਜਾਣਾ ਅਤੇ ਆਪਣਿਆਂ ਨਾਲ ਵਿਸ਼ਵਾਸਘਾਤ ਕਰਨਾ, ਆਪੋ ਵਿੱਚ ਵੈਰ-ਵਿਰੋਧ ਅਤੇ ਨਫਰਤ ਪੈਦਾ ਕਰਨ ਦਾ ਸਹਾਰਾ ਲਿਆ ਜਾਣਾ ਜਾਇਜ਼ ਮੰਨਿਆ ਜਾਂਦਾ ਹੈ।
...ਅਤੇ ਅੰਤ ਵਿੱਚ: ਇਸ ਸਥਿਤੀ ਵਿੱਚ ਸੁਆਲ ਉਠਦਾ ਹੈ ਕਿ ਕੀ ਗੁਰੂ ਸਾਹਿਬ ਨੇ ਇਸੇ ਰਾਜਨੀਤੀ ਨੂੰ, ਜਿਸਦੀਆਂ ਮਾਨਤਾਵਾਂ ਤੇ ਪ੍ਰੀਭਾਸ਼ਾਵਾਂ, ਧਰਮ ਦੀਆਂ ਮਾਨਤਾਵਾਂ ਤੇ ਪ੍ਰੀਭਾਸ਼ਾਵਾਂ ਦੇ ਬਿਲਕੁਲ ਉਲਟ ਹਨ, ਧਰਮ ਨਾਲ ਸਬੰਧਿਤ ਕੀਤਾ ਹੈ? ਜੇ ਇਹ 'ਮੇਲ' ਗੁਰੂ ਸਾਹਿਬ ਨੇ ਕਰਵਾਇਆ ਹੈ, ਤਾਂ ਫਿਰ ਸਾਡੇ ਵਲੋਂ ਧਾਰਮਕ ਮਾਮਲਿਆਂ ਵਿਚ ਰਾਜਨੈਤਿਕ ਦਖਲ ਦਾ ਵਿਰੋਧ ਕਿਉਂ ਕੀਤਾ ਜਾਂਦਾ ਹੈ? ਜਦੋਂ ਵੀ ਸਥਾਪਤ ਧਾਰਮਿਕ ਮਰਿਆਦਾਵਾਂ ਪੁਰ ਹਮਲੇ ਹੁੰਦੇ ਹਨ ਤਾਂ ਸਾਡੇ ਹਿਰਦੇ ਤੜਪ ਕਿਉਂ ਉਠਦੇ ਹਨ? ਭਾਵੇਂ ਸਾਡਾ ਰਾਜਨੈਤਿਕ ਵਿਸ਼ਵਾਸ ਕੁਝ ਵੀ ਹੁੰਦਾ ਹੈ?000

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085