ਸਿੱਖੀ ਸੋਚ ਨੂੰ ਪ੍ਰਣਾਈ ਸਮਾਜ ਸੇਵਕਾ ਅਤੇ ਸਿੱਖਿਆ ਸ਼ਾਸ਼ਤਰੀ ਡਾ.ਕੁਲਵੰਤ ਕੌਰ - ਉਜਾਗਰ ਸਿੰਘ

ਸਮਾਜ ਸੇਵਾ ਨੂੰ ਸਿੱਖੀ ਸੋਚ ਦੀ ਪਾਣ ਚਾੜ੍ਹਕੇ ਕਰਨਾ ਆਪਣੇ ਆਪ ਵਿਚ ਵਿਲੱਖਣ ਕਾਰਜ ਹੈ। ਸਮਾਜ ਸੇਵਾ ਦੇ ਵੀ ਬਹੁਤ ਸਾਰੇ ਖੇਤਰ ਹਨ ਪ੍ਰੰਤੂ ਆਪਣੇ ਵਿਦਿਅਕ ਤਜਰਬੇ ਅਤੇ ਧਾਰਮਿਕ ਪ੍ਰਵਿਰਤੀ ਵਾਲੀ ਸੂਝ ਸਿਆਣਪ ਨੂੰ ਆਉਣ ਵਾਲੀ ਸਿੱਖ ਪੀੜ੍ਹੀ ਦੇ ਲੇਖੇ ਲਾਉਣਾ ਆਪਣੇ ਆਪ ਵਿਚ ਲਜਵਾਬ ਯੋਗਦਾਨ ਹੈ। ਸਿੱਖੀ ਸੋਚ ਨੂੰ ਖ਼ਾਰ ਲੱਗ ਚੁੱਕੀ ਹੈ। ਸਿੱਖ ਨੌਜਵਾਨੀ ਪਤਿਤ ਹੋ ਰਹੀ ਹੈ। ਆਧੁਨਿਕਤਾ ਦੀ ਪ੍ਰਵਿਰਤੀ ਦਾ ਅਸਰ ਸਾਫ ਵਿਖਾਈ ਦੇ ਰਿਹਾ ਹੈ। ਇਹ ਤਾਂਹੀ ਬਰਕਰਾਰ ਰਹਿ ਸਕਦੀ ਹੈ ਜੇਕਰ ਸਿਖ ਪਨੀਰੀ ਵਿਚ ਬਚਪਨ ਤੋਂ ਹੀ ਧਾਰਮਿਕ ਸੋਚ ਪੈਦਾ ਕੀਤੀ ਜਾਵੇ। ਇਸ ਮੰਤਵ ਦੀ ਪੂਰਤੀ ਲਈ ਡਾ.ਕੁਲਵੰਤ ਕੌਰ ਪ੍ਰਧਾਨ ਮਾਈ ਭਾਗੋ ਬ੍ਰਿਗੇਡ ਕੁਲ ਵਕਤੀ ਸੇਵਾ ਨਾਲ ਕੰਮ ਕਰ ਰਹੇ ਹਨ। ਇਸ ਸੰਸਥਾ ਦਾ ਮੁੱਖ ਮੰਤਵ ਵਿਦਿਆਰਥੀਆਂ ਵਿਚ ਨੈਤਿਕ ਸਿੱਖਿਆ ਪੈਦਾ ਕਰਨਾ ਅਤੇ ਨੌਜਵਾਨਾਂ ਵਿਚ ਨਸ਼ਿਆਂ ਦੀ ਪ੍ਰਵਿਰਤੀ ਨੂੰ ਰੋਕਣਾ ਹੈ। ਇਸ ਲਈ ਉਹ ਆਪਣੀ ਸੰਸਥਾ ਵੱਲੋਂ ਸਕੂਲਾਂ ਅਤੇ ਕਾਲਜਾਂ ਵਿਚ ਵਿਦਿਆਰਥੀਆਂ ਦੇ ਸਿੱਖੀ ਸੋਚ ਤੇ ਅਧਾਰਤ ਸਮਾਗਮ ਕਰਵਾਕੇ ਉਨ੍ਹਾਂ ਵਿਚ ਸਿੱਖੀ ਪ੍ਰੰਪਰਾਵਾਂ ਅਤੇ ਵਿਚਾਰਧਾਰਾ ਉਪਰ ਭਾਸ਼ਣ ਪ੍ਰਤੀਯੋਗਤਾਵਾਂ, ਕੀਰਤਨ, ਗੁਰਬਾਣੀ ਕੰਠ ਮੁਕਾਬਲੇ ਅਤੇ ਜਿਹੜੇ ਬੱਚੇ ਸਕੂਲਾਂ ਵਿਚੋਂ ਪੜ੍ਹਾਈ ਛੱਡ ਚੁੱਕੇ ਹਨ, ਉਨ੍ਹਾਂ ਨੂੰ ਪ੍ਰੇਰਕੇ ਪੜ੍ਹਾਈ ਕਰਵਾ ਰਹੇ ਹਨ। ਇਸਤੋਂ ਇਲਾਵਾ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ, ਪਤਿਤਪੁਣੇ ਦੀ ਰੋਕਥਾਮ, ਨਸ਼ਿਆਂ ਵਿਰੁਧ ਜਾਗਰੂਕਤਾ, ਬਾਲੜੀ ਸਸ਼ਕਤੀ ਕਰਨ, ਨੌਜਵਾਨਾਂ ਨੂੰ ਵਿਰਸੇ ਦੀ ਸੋਝੀ, ਧਾਰਮਿਕ ਫਿਲਮਾਂ ਰਾਹੀਂ ਸਿੱਖ ਧਰਮ ਦਾ ਪ੍ਰਚਾਰ, ਗ਼ਰੀਬ ਧੀਆਂ ਦੇ ਵਿਆਹ ਕਰਨ, ਪਛੜੇ ਪਿੰਡਾਂ ਵਿਚ ਮੁਫਤ ਮੈਡੀਕਲ ਕੈਂਪ ਲਗਾਉਣੇ, ਮੁੱਫ਼ਤ ਐਨਕਾਂ ਦੀ ਵੰਡ, ਸਕੂਲੀ ਬੱਚਿਆਂ ਦਾ ਮੈਡੀਕਲ ਚੈਕ ਅਪ ਕੈਂਪ, ਤੇਜ਼ਾਬ ਪੀੜਤ ਲੜਕੀਆਂ ਦੀ ਮਦਦ, ਕੈਂਸਰ ਮਰੀਜਾਂ ਦੀ ਮਦਦ, ਗ਼ਰੀਬਾਂ ਦੀਆਂ ਝੁਗੀਆਂ ਝੌਂਪੜੀਆਂ ਦੀ ਮੁਰੰਮਤ, 13 ਸਾਲਾਂ ਤੋਂ ਗ਼ਰੀਬ ਬੱਚਿਆਂ ਦੀਆਂ ਫੀਸਾਂ, ਵਰਦੀਆਂ, ਸਟੇਸ਼ਨਰੀ, ਕਿਤਾਬਾਂ ਆਦਿ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਇਕ 250 ਗਜ਼ ਦਾ ਪਲਾਟ ਖ੍ਰੀਦਕੇ ਉਥੇ ਵੱਡਾ ਹਾਲ ਕਮਰਾ ਅਤੇ ਦਫਤਰ ਬਣਾਇਆ ਗਿਆ ਹੈ, ਜਿਥੇ ਲਗਾਤਾਰ ਧਾਰਮਿਕ ਵਰਕਸ਼ਾਪਾਂ, ਸੈਮੀਨਾਰ, ਭਾਸ਼ਣ ਮੁਕਾਬਲੇ ਕਰਵਾਏ ਜਾਂਦੇ ਹਨ। ਹਫ਼ਤੇ ਵਿਚ ਤਿੰਨ ਵਿਦਿਅਕ ਅਦਾਰਿਆਂ ਵਿਚ ਨੈਤਿਕ ਸਿੱਖਿਆ ਦੇ ਸੈਮੀਨਾਰ ਅਤੇ ਪ੍ਰੋਗਰਾਮ ਕਰਵਾਏ ਜਾਂਦੇ ਹਨ। ਕੋਹੜੀ ਆਸ਼ਰਮ ਵਿਚ ਵੀ ਮਦਦ ਕੀਤੀ ਜਾਂਦੀ ਹੈ। ਇਸ ਮੰਤਵ ਦੀ ਪੂਰਤੀ ਲਈ ਸਮਾਜ ਸੇਵਕਾਂ ਦਾ ਇਕ ਜੱਥਾ ਬਣਾਇਆ ਹੋਇਆ ਹੈ, ਜਿਹੜਾ ਸਾਰੇ ਪ੍ਰੋਗਰਾਮਾਂ ਨੂੰ ਮੁਕੰਮਲ ਕਰਨ ਵਿਚ ਮਦਦ ਕਰਦਾ ਹੈ। ਡਾ. ਕੁਲਵੰਤ ਕੌਰ 27 ਸਾਲ ਪੰਜਾਬ ਦੇ ਵੱਖ-ਵੱਖ ਕਾਲਜਾਂ ਵਿਚ ਪੜ੍ਹਾਉਂਦੇ ਰਹੇ ਹਨ। ਇਸ ਤੋਂ ਇਲਾਵਾ ਉਹ ਗੁਰਮਤਿ ਕਾਲਜ ਪਟਿਆਲਾ ਦੇ ਇਕ ਸਾਲ ਪ੍ਰਿੰਸੀਪਲ ਦੇ ਤੌਰ ਤੇ ਜ਼ਿੰਮੇਵਾਰੀ ਨਿਭਾਉਂਦੇ ਰਹੇ ਹਨ। ਆਪਣੇ ਅਧਿਆਪਨ ਦੇ ਸਮੇਂ ਵਿਚ ਆਪਨੇ 13 ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ। ਇਸ ਤੋਂ ਇਲਾਵਾ 5 ਪੁਸਤਕਾਂ ਸੰਪਾਦਿਤ ਕੀਤੀਆਂ ਅਤੇ 1600 ਦੇ ਲਗਪਗ ਖੋਜ ਭਰਪੂਰ ਲੇਖ ਲਿਖੇ। ਇਥੇ ਇਕ ਗੱਲ ਦਸਣੀ ਬਣਦੀ ਹੈ ਕਿ ਉਨ੍ਹਾਂ ਦੀਆਂ ਸਾਰੀਆਂ ਹੀ ਪੁਸਤਕਾਂ ਧਾਰਮਿਕ ਰੰਗ ਵਿਚ ਰੰਗੀਆਂ ਹੋਈਆਂ ਹਨ। ਉਨ੍ਹਾਂ ਦੀ ਹਰ ਲੇਖਣੀ ਦਾ ਆਧਾਰ ਸਿੱਖ ਧਰਮ ਦੀ ਵਿਚਾਰਧਾਰਾ ਅਤੇ ਦਰਸ਼ਨ ਹੁੰਦਾ ਹੈ। ਹੈਰਾਨੀ ਦੀ ਗੱਲ ਹੈ ਕਿ ਹਿਸਾਬ ਵਰਗੇ ਖ਼ੁਸ਼ਕ ਵਿਸ਼ੇ ਦੀ ਪੋਸਟ ਗ੍ਰੈਜੂਏਸ਼ਨ ਕਰਨ ਵਾਲੀ ਸ਼ਖ਼ਸੀਅਤ ਪੰਜਾਬੀ ਭਾਸ਼ਾ ਵਿਚ ਗੁਰਬਾਣੀ ਦੀ ਵਿਆਖਿਆ ਕਰਦੀ ਹੋਈ ਸਿੱਖ ਧਰਮ ਦੇ ਅਨੁਆਈਆਂ ਵਿਚ ਸਿੱਖੀ ਸੋਚ ਪ੍ਰਜਵਲਿਤ ਕਰਨ ਦੀ ਸਮਰੱਥਾ ਰੱਖਦੀ ਹੈ। ਉਹ ਪੰਜਾਬੀ ਦੀ ਐਮ.ਏ ਅਤੇ ਐਮ.ਐਸ.ਸੀ.ਹਿਸਾਬ ਦੇ ਵਿਸ਼ੇ ਵਿਚ ਹੈ। 1973-75 ਵਿਚ ਡੀ.ਏ.ਵੀ.ਕਾਲਜ ਜਲੰਧਰ ਵਿਚ ਐਮ.ਐਸ.ਸੀ.ਮੈਥ ਕਰਦਿਆਂ ਕਾਲਜ ਦੇ 5300 ਵਿਦਿਆਰਥੀਆਂ ਵਿਚੋਂ ਆਪਨੇ ਗੋਲਡਨ ਗਰਲ ਦਾ ਗੋਲਡ ਮੈਡਲ ਜਿੱਿਤਆ। ਲੀਡਰਸ਼ਿਪ ਦੇ ਗੁਣ ਆਪ ਵਿਚ ਬਚਪਨ ਤੋਂ ਹੀ ਸਨ ਜਿਸ ਕਰਕੇ ਆਪਨੂੰ ਕਾਲਜ ਕੌਂਸਲ ਵਿਚ ਵਿਦਿਆਰਥੀ ਕੌਂਸਲਰ ਨਿਯੁਕਤ ਕੀਤਾ ਗਿਆ। ਡੀ.ਏ.ਵੀ.ਕਾਲਜ ਵਿਚ ਹੀ ਪੰਜਾਬੀ ਸ਼ੈਕਸ਼ਨ ਦੀ ਵਿਦਿਆਰਥੀ ਸੰਪਾਦਕ ਦੇ ਤੌਰ ਕੰਮ ਵੀ ਕੀਤਾ। 1975 ਵਿਚ ਹੀ ਆਪ ਡੀ.ਏ.ਵੀ.ਕਾਲਜ ਜਲੰਧਰ ਵਿਚ ਲੈਕਚਰਾਰ ਨਿਯੁਕਤ ਹੋ ਗਏ। ਕਾਲਜ ਵਿਚ ਧਾਰਮਿਕ ਪ੍ਰੋਗਰਾਮਾਂ ਦੇ ਇਨਚਾਰਜ ਹੋਣ ਦੇ ਨਾਤੇ ਆਪਨੇ 1975 ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 300 ਸਾਲਾ ਸ਼ਹੀਦੀ ਸਮਾਗਮਾਂ ਦਾ ਆਯੋਜਨ ਕੀਤਾ ਜਿਨ੍ਹਾਂ ਵਿਚ ਉਸ ਸਮੇਂ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਅਤੇ ਆਪਨੂੰ 2100 ਰੁਪਏ ਦੇ ਕੇ ਸਨਮਾਨਿਤ ਕੀਤਾ। ਗੁਲਾਬ ਦੇਵੀ ਟੀ.ਵੀ.ਹਸਪਤਾਲ ਵਿਚ ਮਰੀਜਾਂ ਦੀ ਸੇਵਾ ਕਰਨ ਕਰਕੇ ਆਪਨੇ ਮਹਾਤਮਾ ਹੰਸ ਰਾਜ ਗੋਲਡ ਮੈਡਲ ਸਮਾਜ ਸੇਵਿਕਾ ਹੋਣ ਕਰਕੇ ਜਿੱਤਿਆ। ਡਾ.ਕੁਲਵੰਤ ਕੌਰ ਨੇ ਪੀ.ਐਚ.ਡੀ.ਗੁਰਬਾਣੀ ਦੇ ਵਿਚ ਕੀਤੀ ਹੈ। ਉਸਨੂੰ ਇਸ ਗੱਲ ਦਾ ਮਾਣ ਹੈ ਕਿ ਉਹ ਪੰਜਾਬੀ ਦੇ ਸੁਪ੍ਰਸਿਧ ਨਾਟਕਕਾਰ ਡਾ.ਹਰਚਰਨ ਸਿੰਘ ਦੀ ਭਤੀਜੀ ਹੈ। ਉਸਦਾ ਜਨਮ 16 ਜੂਨ 1950 ਵਿਚ ਨਵਾਂ ਸ਼ਹਿਰ ਦੁਆਬਾ ਦੇ ਪਿੰਡ ਉੜਾਪੁੜ ਵਿਖੇ ਪਿਤਾ ਮਨਸ਼ਾ ਸਿੰਘ ਦੇ ਘਰ ਹੋਇਆ। ਸਾਹਿਤਕ ਗੁੜ੍ਹਤੀ ਡਾ.ਹਰਚਰਨ ਸਿੰਘ ਤੋਂ ਮਿਲਣ ਕਰਕੇ ਉਨ੍ਹਾਂ ਦੀ ਪਹਿਲੀ ਆਲੋਚਨਾਤਮਕ ਪੁਸਤਕ '' ਨਾਨਕਾਇਣ:ਇਕ ਮੁਲਾਂਕਣ'' ਮਹਿਜ 24 ਸਾਲ ਦੀ ਉਮਰ ਵਿਚ ਪ੍ਰਕਾਸ਼ਤ ਹੋ ਗਈ ਸੀ। ਉਸਨੂੰ ਦੋ ਦਰਜਨ ਤੋਂ ਉਪਰ ਸੰਸਥਾਵਾਂ ਨੇ ਵਿਸ਼ੇਸ਼ ਅਵਾਰਡ ਅਤੇ ਏਨੀਆਂ ਹੀ ਸੰਸਥਾਵਾਂ ਨੇ ਦੇਸ਼ ਵਿਦੇਸ਼ ਵਿਚ ਸਨਮਾਨਤ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਪ੍ਰਾਂਤਕ, ਕੌਮੀ ਅਤੇ ਕੌਮਾਂਤਰੀ ਸੈਮੀਨਾਰਾਂ ਵਿਚ ਪੇਪਰ ਪੜ੍ਹੇ ਅਤੇ ਹਿੱਸਾ ਲਿਆ। ਵਿਦੇਸ਼ ਵਿਚ ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਡੈਨਮਾਰਕ ਵਿਚ ਸੈਮੀਨਾਰਾਂ ਵਿਚ ਵੀ ਪੇਪਰ ਪੜ੍ਹੇ। ਡਾ.ਕੁਲਵੰਤ ਕੌਰ ਲਗਪਗ ਇਕ ਦਰਜਨ ਸੰਸਥਾਵਾਂ ਦੇ ਸਥਾਈ ਮੈਂਬਰ ਵੀ ਹਨ। ਸਮਾਜ ਸੇਵਾ ਦੀ ਪ੍ਰਵਿਰਤੀ ਉਨ੍ਹਾਂ ਦੇ ਖ਼ੂਨ ਵਿਚ ਸ਼ਾਮਲ ਹੈ, ਇਸ ਲਈ ਉਨ੍ਹਾਂ ਆਪਣੀ ਸਰਕਾਰੀ ਨੌਕਰੀ ਤੋਂ 2003 ਵਿਚ ਸੇਵਾ ਮੁਕਤੀ ਲੈ ਕੇ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਨੌਜਵਾਨੀ ਨੂੰ ਪ੍ਰੇਰਨ ਦਾ ਜ਼ਿੰਮਾਂ ਲੈ ਲਿਆ। ਆਮ ਤੌਰ ਤੇ ਲੋਕ ਸਰਕਾਰੀ ਨੌਕਰੀਆਂ ਪਿੱਛੇ ਭੱਜੇ ਫਿਰਦੇ ਹਨ। ਜਦੋਂ ਉਨ੍ਹਾਂ ਦੀ ਸੇਵਾ ਮੁਕਤੀ ਦਾ ਸਮਾਂ ਹੁੰਦਾ ਹੈ ਤਾਂ ਉਹ ਸੇਵਾ ਕਾਲ ਵਿਚ ਵਾਧਾ ਕਰਵਾਉਣ ਦੀ ਹਰ ਕੋਸ਼ਿਸ਼ ਕਰਦੇ ਹਨ। ਡਾ.ਕੁਲਵੰਤ ਕੌਰ ਦਾ ਸਮਾਜ ਸੇਵਾ ਵਿਚ ਜਨੂੰਨ ਹੋਣ ਕਰਕੇ ਪ੍ਰੋਫ਼ੈਸਰ ਦੀ ਨੌਕਰੀ ਤੋਂ ਸਮੇਂ ਤੋਂ ਪਹਿਲਾਂ ਹੀ ਸੇਵਾ ਮੁਕਤੀ ਲੈ ਲਈ। ਅੱਜ ਕਲ੍ਹ ਉਹ ਕੁਲਵਕਤੀ ਸਮਾਜ ਸੇਵਕ ਦੇ ਤੌਰ ਤੇ ਵਿਚਰ ਰਹੇ ਹਨ ਕਿਉਂਕਿ ਸਮਾਜ ਸੇਵਾ ਦੀ ਗੁੜ੍ਹਤੀ ਉਨ੍ਹਾਂ ਵਿਰਾਸਤ ਵਿਚੋਂ ਹੀ ਆਪਣੇ ਪਿਤਾ ਮਨਸ਼ਾ ਸਿੰਘ ਅਤੇ ਦਾਦਾ ਕਿਰਪਾ ਸਿੰਘ ਠੇਕਦਾਰ ਕੋਲੋਂ ਮਿਲੀ।  ਆਪਦੇ ਦਾਦਾ ਨੇ 1908 ਵਿਚ ਦੋਆਬੇ ਵਿਚ ਪਹਿਲਾ ਹਾਈ ਸਕੂਲ ਖੋਲ੍ਹਿਆ ਸੀ ਅਤੇ ਪਿਤਾ ਨੇ 1994 ਵਿਚ ਉੜਾਪੁੜ ਨਵਾਂ ਸ਼ਹਿਰ ਵਿਖੇ ਗੁਰੂ ਨਾਨਕ ਗਰਲਜ਼ ਕਾਲਜ ਆਰੰਭ ਕਰਵਾਇਆ ਸੀ।  ਆਪ 6 ਭੈਣਾਂ ਅਤੇ ਇਕ ਭਰਾ ਹੈ।  ਆਪਦਾ ਸਾਰਾ ਪਰਿਵਾਰ ਪੜ੍ਹਿਆ ਲਿਖਿਆ ਹੈ। ਕੁਲਵੰਤ ਕੌਰ ਸਾਰਿਆਂ ਵਿਚੋਂ ਵੱਧ ਪੜ੍ਹੀ ਲਿਖੀ, ਸੁਡੌਲ, ਸੁੰਦਰ ਅਤੇ ਹੁੰਦੜਹੇਲ ਹੋਣ ਕਰਕੇ ਹਰਮਨ ਪਿਆਰੀ ਸੀ। ਸਤਲੁਜ ਦੀ ਜਾਈ ਕੁਲਵੰਤ ਕੌਰ ਬਿਆਸ ਸੰਗ ਪ੍ਰਣਾਈ ਗਈ। ਭਾਵ ਡਾ.ਮਲਕੀਤ ਸਿੰਘ ਹਰਿਗੋਬਿੰਦਪੁਰ ਨਿਵਾਸੀ ਗੁਰਦਾਸਪੁਰ ਨਾਲ ਵਿਆਹ ਦੇ ਬੰਧਨ ਵਿਚ ਬੱਝ ਗਈ। ਡਾ.ਮਲਕੀਤ ਸਿੰਘ ਪੰਜਾਬੀ ਯੂਨੀਵਰਸਿਟੀ ਵਿਚੋਂ ਡੀਨ ਸੇਵਾ ਮੁਕਤ ਹੋਏ ਹਨ। ਆਪਦੇ ਦੋਵੇਂ ਬੱਚੇ ਡਾਕਟਰ ਹਨ। ਸਪੁੱਤਰ ਡਾ.ਗੁਰਜੋਤ ਸਿੰਘ ਇੰਡੀਅਨ ਇਨਸਟੀਚਿਊਟ ਆਫ਼ ਸਾਇੰਸਜ਼ ਬੰਗਲੌਰ ਵਿਖੇ ਨੌਕਰੀ ਕਰ ਰਿਹਾ ਹੈ। ਸਪੁੱਤਰੀ ਪਰਥ ਆਸਟਰੇਲੀਆ ਵਿਚ ਸੈਟਲ ਹੋ ਗਈ ਹੈ। ਉਨ੍ਹਾਂ ਦੇ ਲੇਖ ਧਾਰਮਿਕ ਵਿਸ਼ਿਆਂ ਉਪਰ ਅਖ਼ਬਾਰਾਂ ਵਿਚ ਪ੍ਰਕਾਸ਼ਤ ਹੁੰਦੇ ਰਹਿੰਦੇ ਹਨ। ਮਾਈ ਭਾਗੋ ਦੇ ਪਦ ਚਿੰਨ੍ਹਾਂ ਤੇ ਚਲਣ ਅਤੇ ਉਨ੍ਹਾਂ ਨੂੰ ਪ੍ਰੇਰਨਾ ਸਰੋਤ ਬਣਾਕੇ ਸਿੱਖ ਧਰਮ ਦਾ ਪ੍ਰਚਾਰ ਕਰਨ ਕਰਕੇ ਆਪਦੇ ਨਾਮ ਨਾਲ ਮਾਈ ਭਾਗੋ ਬਰੀਗੇਡ ਸ਼ਬਦ ਜੁੜ ਗਿਆ ਹੈ। ਅੱਜ ਦੇ ਆਧੁਨਿਕਤਾ ਦੇ ਯੁਗ ਵਿਚ ਜਦੋਂ ਵਿਗਿਆਨਕ, ਇਲੈਕਟਰਾਨਿਕ, ਇੰਟਰਨੈਟ, ਮੋਬਾਈਲ  ਅਤੇ ਸ਼ੋਸ਼ਲ ਮੀਡੀਆ ਆਦਿ ਦੇ ਆ ਜਾਣ ਨਾਲ ਨੌਜਵਾਨ ਪੀੜ੍ਹੀ ਦੇ ਗੁਮਰਾਹ ਹੋਣ ਦੇ ਮੌਕੇ ਬਣ ਰਹੇ ਹਨ ਤਾਂ ਖਾਸ ਤੌਰ ਤੇ ਲੜਕੀਆਂ ਵਿਚ ਧਾਰਮਿਕ ਵਿਰਾਸਤ ਬਾਰੇ ਜਾਣਕਾਰੀ ਦੇਣੀ ਅਤਿਅੰਤ ਜ਼ਰੂਰੀ ਹੋ ਗਈ ਹੈ। ਇਸ ਜ਼ਰੂਰਤ ਨੂੰ ਪੂਰਾ ਕਰਨ ਵਿਚ ਡਾ.ਕੁਲਵੰਤ ਕੌਰ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ।
              
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

19 June 2018