ਸਿੱਖੀ ਵਿੱਚ ਨਿਘਾਰ ਅਤੇ ਸਿੱਖਾਂ ਵਿਚ ਢਹਿੰਦੀ-ਕਲਾ ਕਿਉਂ? - ਜਸਵੰਤ ਸਿੰਘ 'ਅਜੀਤ'

ਇਕ ਦਿਨ ਅਚਾਨਕ ਹੀ ਗ਼ੈਰ-ਰਾਜਨੀਤਕ ਸਿੱਖਾਂ ਦੀ ਇਕ ਅਜਿਹੀ ਬੈਠਕ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ, ਜਿਸ ਵਿਚ 'ਸਿੱਖੀ ਵਿਚ ਆ ਰਹੇ ਨਿਘਾਰ ਅਤੇ ਸਿੱਖਾਂ ਵਿਚ ਆ ਰਹੀ ਢਹਿੰਦੀ ਕਲਾ' ਵਿਸ਼ੇ ਪੁਰ ਵਿਚਾਰ-ਚਰਚਾ ਕੀਤੀ ਜਾ ਰਹੀ ਸੀ। ਬੈਠਕ ਵਿਚ ਜੋ ਵਿਚਾਰ ਪ੍ਰਗਟ ਕੀਤੇ ਜਾ ਰਹੇ ਸਨ, ਉਹ ਸੁਣ ਕੇ ਹੈਰਾਨੀ ਹੋ ਰਹੀ ਸੀ ਕਿ ਇਤਨੇ ਡੂੰਘੇ ਅਤੇ ਪ੍ਰਭਾਵਸ਼ਾਲੀ ਵਿਚਾਰ, ਉਨ੍ਹਾਂ ਸਜਣਾਂ ਵਲੋਂ ਪ੍ਰਗਟ ਕੀਤੇ ਜਾ ਰਹੇ ਸਨ, ਜਿਨ੍ਹਾਂ ਦਾ ਨਾਂ, ਨਾ ਤਾਂ ਕਦੀ ਕਿਸੇ ਚਰਚਾ ਵਿਚ ਸੁਣਿਆ ਗਿਆ ਸੀ ਅਤੇ ਨਾ ਹੀ ਮੀਡੀਆ ਵਿਚ ਵੇਖਣ ਜਾਂ ਪੜ੍ਹਨ ਨੂੰ ਮਿਲਿਆ ਸੀ।
ਇਕ ਸਜਣ ਕਹਿ ਰਿਹਾ ਸੀ ਕਿ ਅਜ ਸਿੱਖੀ ਵਿੱਚ ਜੋ ਨਿਘਾਰ ਅਤੇ ਸਿੱਖਾਂ ਵਿੱਚ ਢਹਿੰਦੀ ਕਲਾ ਦੀ ਦਸ਼ਾ ਵੇਖਣ ਨੂੰ ਮਿਲ ਰਹੀ ਹੈ, ਉਹ ਕੁਝ ਦਿਨਾਂ, ਹਫ਼ਤਿਆਂ, ਮਹੀਨਿਆਂ ਜਾਂ ਵਰ੍ਹਿਆਂ ਵਿਚ ਹੀ ਨਹੀਂ ਆਈ, ਸਗੋਂ ਇਹ ਬਹੁਤ ਹੀ ਲੰਮਾਂ ਪੈਂਡਾ ਤਹਿ ਕਰ ਕੇ ਆਈ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਸ਼ਕਤੀ ਨੂੰ ਭਗਤੀ, ਅਰਥਾਤ ਧਰਮ, ਦੇ ਅਧੀਨ ਰਖ ਕੇ ਵਰਤਿਆ ਜਾਂਦਾ ਚਲਿਆ ਆਉਂਦਾ ਰਿਹਾ, ਓਦੋਂ ਤਕ ਤਾਂ ਸਭ ਕੁਝ ਠੀਕ-ਠਾਕ ਚਲਦਾ ਰਿਹਾ। ਪ੍ਰੰਤੂ ਜਦੋਂ ਭਗਤੀ (ਧਰਮ) ਨੂੰ ਸ਼ਕਤੀ, ਜਿਸ ਨੂੰ ਅਜਕਲ ਰਾਜਨੀਤੀ ਕਿਹਾ ਜਾਣ ਲਗ ਪਿਆ ਹੈ, ਦੇ ਅਧੀਨ ਕਰਕੇ, ਉਸਦੀ ਵਰਤੋਂ ਸੱਤਾ ਹਾਸਲ ਕਰਨ ਲਈ ਕੀਤੀ ਜਾਣ ਲਗੀ, ਓਦੋਂ ਤੋਂ ਹੀ ਸਥਿਤੀ ਬਦਲਣੀ ਸ਼ੁਰੂ ਹੋ ਗਈ।
ਉਨ੍ਹਾਂ ਦਸਿਆ ਕਿ ਪ੍ਰਿੰਸੀਪਲ ਸਤਿਬੀਰ ਸਿੰਘ ਨੇ ਸ੍ਰੀ ਹਰਿਮੰਦਿਰ ਸਾਹਿਬ ਦੀ ਸਥਾਪਨਾ ਦਾ ਜ਼ਿਕਰ ਕਰਦਿਆਂ ਇਕ ਥਾਂ ਲਿਖਿਆ ਹੈ ਕਿ 'ਹਰਿਮੰਦਿਰ ਦੀਆਂ ਨੀਹਾਂ ਪ੍ਰੇਮ, ਸ਼ਰਧਾ ਅਤੇ ਸੰਤੋਖ 'ਤੇ ਰਖੀਆਂ ਗਈਆਂ ਸਨ। ਗਵਾਹੀ ਹੈ ਕਿ 'ਸੰਤੋਖਸਰ' ਦੀ ਗ਼ਾਰ, ਹਰਿਮੰਦਿਰ ਸਾਹਿਬ ਦੀਆਂ ਨੀਹਾਂ ਹੇਠ ਪਾਈ ਗਈ ਸੀ। ਹਰਿਮੰਦਿਰ ਸਾਹਿਬ ਦੇ ਚਾਰ ਦਰਵਾਜ਼ੇ ਹਨ, ਜੋ ਪ੍ਰਤੀਕ ਹਨ ਮਨੁੱਖੀ  ਏਕਤਾ ਦੇ, ਚਾਰ ਵਰਨਾਂ ਦੇ, ਹਰ ਪ੍ਰਕਾਰ ਦੇ ਰੰਗ ਦੇ, ਚਾਰ ਚਕਾਂ ਦੇ, ਚਾਰ ਮੁਕਤੀਆਂ ਦੇ ਅਤੇ ਚਾਰ ਆਸ਼ਰਮਾਂ ਦੇ। ਇਹ ਦਰਵਾਜ਼ੇ ਕਿਸੇ ਖਾਸ ਕੂੰਟ ਵਿਚ ਨਹੀਂ ਹਨ। ਦੋ-ਦੋ (ਪੂਰਬ-ਦੱਖਣ, ਦੱਖਣ-ਪੱਛਮ, ਪੱਛਮ-ਉੱਤਰ ਅਤੇ ਉੱਤਰ-ਪੂਰਬ) ਕੂੰਟਾਂ ਵਿਚਕਾਰ ਇੱਕ-ਇੱਕ ਦਰਵਾਜ਼ਾ ਹੈ। ਇਸ ਤਰ੍ਹਾਂ ਦਿਸ਼ਾਵਾਂ ਦਾ ਵਿਵਾਦ ਵੀ ਸ੍ਰੀ ਹਰਿਮੰਦਿਰ ਸਾਹਿਬ ਨੇ ਮੁਕਾ ਦਿੱਤਾ। ਹਰਿਮੰਦਿਰ ਸਾਹਿਬ ਨੂੰ ਨੀਵੀਂ ਥਾਂ ਤੇ ਸਥਾਪਤ ਕੀਤਾ ਗਿਆ ਅਤੇ ਉਸਦੇ ਗ਼ੁੰਬਦ ਨੂੰ ਬੈਠਵਾਂ ਰੱਖਿਆ ਗਿਆ, ਜੋ ਨਿਮਰਤਾ ਦੇ ਪ੍ਰਤੀਕ ਹਨ। ਇਸੇਤਰ੍ਹਾਂ ਅੰਮ੍ਰਿਤ ਸਰੋਵਰ ਵਿੱਚ ਕਮਲ ਫੁਲ ਵਾਂਗ ਸ੍ਰੀ ਹਰਿਮੰਦਿਰ ਸਾਹਿਬ ਦੀ ਸਥਾਪਨਾ ਕਰਕੇ, ਉਸ ਵਿੱਚ ਆਦਿ ਗ੍ਰੰਥ (ਸ੍ਰੀ ਗੁਰੂ ਗ੍ਰੰਥ ਸਾਹਿਬ) ਦਾ ਪ੍ਰਕਾਸ਼ ਕੀਤਾ ਗਿਆ।
ਉਨ੍ਹਾਂ ਹੋਰ ਦਸਿਆ ਕਿ ਪ੍ਰਿੰਸੀਪਲ ਸਤਿਬੀਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਦੀ ਸਥਾਪਨਾ ਅਤੇ ਸ੍ਰੀ ਹਰਿਮੰਦਿਰ ਸਾਹਿਬ ਦੇ ਨਾਲ ਉਸਦੇ ਸਬੰਧਾਂ ਦਾ ਜ਼ਿਕਰ ਇਨ੍ਹਾਂ ਸ਼ਬਦਾਂ ਵਿਚ ਕੀਤਾ ਹੈ ਕਿ ਸ੍ਰੀ ਹਰਿਮੰਦਿਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਇਸ ਕਰਕੇ ਬਣਾਇਆ ਗਿਆ ਸੀ ਕਿ ਸ੍ਰੀ ਹਰਿਮੰਦਿਰ ਸਾਹਿਬ ਵਿੱਚ ਬੈਠਾ ਸਿੱਖ ਆਪਣੇ ਇਨਸਾਨੀ ਫ਼ਰਜ਼ਾਂ ਨੂੰ ਨਾ ਭੁਲਾ ਦੇਵੇ। ਸ਼ਕਤੀ (ਅੱਜ ਦੇ ਆਗੂਆਂ ਅਨੁਸਾਰ, ਰਾਜਨੀਤੀ), ਭਗਤੀ (ਧਰਮ) ਦੀ ਨਿਗ਼ਾਹਬਾਨ ਹੈ ਅਤੇ ਦੂਜੇ ਪਾਸੇ ਤਖ਼ਤ (ਸ੍ਰੀ ਅਕਾਲ ਤਖ਼ਤ) ਉਤੇ ਬੈਠਾ ਹੋਇਆ ਸਿੱਖ ਸ਼ਕਤੀ (ਸੱਤਾ-ਸ਼ਕਤੀ) ਹਾਸਲ ਕਰਕੇ ਉਸਦੇ ਨਸ਼ੇ ਵਿੱਚ ਭਗਤੀ (ਧਰਮ) ਨੂੰ ਨਾ ਭੁਲ ਜਾਏ। ਸ੍ਰੀ ਅਕਾਲ ਤਖ਼ਤ ਨੂੰ ਸ੍ਰੀ ਹਰਿਮੰਦਿਰ ਸਾਹਿਬ ਤੋਂ ਹਟਵਾਂ ਇਸ ਕਰਕੇ ਬਣਾਇਆ ਗਿਆ ਸੀ ਕਿ ਭਗਤੀ (ਧਰਮ) ਦਾ ਸਤਿਕਾਰ ਪਹਿਲਾਂ ਹੈ।
ਇਤਨਾ ਕੁਝ ਦਸ ਕੇ ਉਨ੍ਹਾਂ ਪੁਛਿਆ ਕਿ ਅੱਜ ਹੋ ਕੀ ਰਿਹਾ ਹੈ? ਉਨ੍ਹਾਂ ਆਪ ਹੀ ਆਪਣੇ ਸੁਆਲ ਦਾ ਜਵਾਬ ਦਿੰਦਿਆਂ ਕਿਹਾ ਕਿ ਭਗਤੀ (ਧਰਮ) ਨੂੰ ਰਾਜਸੀ ਸੱਤਾ ਪ੍ਰਾਪਤ ਕਰਨ ਲਈ ਪੌੜੀ ਵਜੋਂ ਵਰਤਿਆ ਜਾਣ ਲਗਾ ਹੈ। ਭਗਤੀ (ਧਰਮ) ਦੀ ਗਲ ਕੇਵਲ ਸੱਤਾ ਹਾਸਲ ਕਰਨ ਲਈ ਹੀ ਕੀਤੀ ਜਾਂਦੀ ਹੈ। ਜਦੋਂ ਸੱਤਾ ਜਾਂ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ ਤਾਂ ਭਗਤੀ (ਧਰਮ) ਨੂੰ ਭੁਲਾ ਦਿਤਾ ਜਾਂਦਾ ਹੈ।
ਉਨ੍ਹਾਂ ਦੀ ਗਲ ਨੂੰ ਅਗੇ ਵਧਾਂਦਿਆਂ ਦੂਸਰੇ ਸਜਣ ਨੇ ਕਿਹਾ ਕਿ ਧਰਮ, ਅਰਥਾਤ ਭਗਤੀ ਦਾ ਚਿੰਨ੍ਹ ''<'' ਹੈ, ਜਿਸਨੂੰ ਪੂਰੀ ਤਰ੍ਹਾਂ ਨਜ਼ਰ-ਅੰਦਾਜ਼ ਕਰ ਦਿੱਤਾ ਗਿਆ ਹੋਇਆ ਹੈ। ਉਸ ਦੀ ਥਾਂ 'ਤੇ ਰਾਜਸੀ (ਖੰਡੇ, ਚੱਕਰ ਤੇ ਕਿਰਪਾਨਾਂ ਵਾਲਾ) '>' ਚਿੰਨ੍ਹ ਅਪਨਾ ਲਿਆ ਗਿਆ ਹੋਇਆ ਹੈ। ਉਨ੍ਹਾਂ ਦਸਿਆ ਕਿ ਸ੍ਰੀ ਹਰਿਮੰਦਿਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿਚਕਾਰ ਜੋ ਭਗਤੀ ਅਤੇ ਸ਼ਕਤੀ ਦੇ ਸੁਮੇਲ ਨੂੰ ਦਰਸਾਂਦੇ, ਨਿਸ਼ਾਨ ਸਾਹਿਬ ਲਗੇ ਹੋਏ ਹਨ, ਉਨ੍ਹਾਂ ਵਿੱਚੋਂ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਾਸੇ ਵਾਲੇ ਨਿਸ਼ਾਨ ਸਾਹਿਬ ਪੁਰ ਸ਼ਕਤੀ ਦਾ ਪ੍ਰਤੀਕ '>', ਅਰਥਾਤ ਖੰਡੇ, ਕਿਰਪਾਨਾਂ ਅਤੇ ਚੱਕਰ ਵਾਲਾ ਚਿੰਨ੍ਹ, ਜਦਕਿ ਸ੍ਰੀ ਹਰਿਮੰਦਿਰ ਸਾਹਿਬ ਦੇ ਪਾਸੇ ਵਾਲੇ ਨਿਸ਼ਾਨ ਸਾਹਿਬ ਪੁਰ ਧਰਮ (ਭਗਤੀ) ਦਾ ਪ੍ਰਤੀਕ '<' ਚਿੰਨ੍ਹ ਹੋਇਆ ਕਰਦਾ ਸੀ। ਇਹ ਨਿਸ਼ਾਨ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਵਾਲੇ ਪਾਸੇ ਦੇ ਨਿਸ਼ਾਨ ਸਾਹਿਬ ਤੋਂ ਕੁਝ ਉਚਾ ਹੈ। ਜਿਸਦਾ ਭਾਵ ਇਹ ਹੈ ਕਿ ਸ਼ਕਤੀ, ਭਗਤੀ ਦੇ ਅਧੀਨ ਹੈ, ਅਰਥਾਤ ਸ਼ਕਤੀ, ਜਿਸਨੂੰ ਅਜਕਲ ਰਾਜਨੀਤੀ ਕਿਹਾ ਜਾਣ ਲਗ ਪਿਆ ਹੈ, ਦੀ ਵਰਤੋਂ ਭਗਤੀ, ਜਿਸਨੂੰ ਧਰਮ ਕਿਹਾ ਜਾਂਦਾ ਹੈ, ਦੀਆਂ ਮਾਨਤਾਵਾਂ ਦੇ ਅਨੁਸਾਰ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਤਾ ਨਹੀਂ ਕਦੋਂ ਸ੍ਰੀ ਹਰਿਮੰਦਿਰ ਸਾਹਿਬ ਵਾਲੇ ਪਾਸੇ ਦੇ ਨਿਸ਼ਾਨ ਸਾਹਿਬ ਤੋਂ '<' ਹਟਾ ਕੇ, ਉਸ ਪੁਰ ਵੀ '>' (ਖੰਡੇ, ਕਿਰਪਾਨਾਂ ਅਤੇ ਚੱਕਰ ਵਾਲਾ) ਚਿੰਨ੍ਹ ਸਥਾਪਤ ਕਰ ਦਿਤਾ ਗਿਆ ਹੈ। ਇਸਦਾ ਮਤਲਬ ਸਪਸ਼ਟ ਹੈ ਕਿ ਭਗਤੀ (ਧਰਮ) ਦਾ ਚਿੰਨ੍ਹ ਅਲੋਪ ਹੋ ਗਿਆ ਹੈ, ਅਰਥਾਤ 'ਧਰਮ ਪੰਖਿ ਕਰ..' ਉੱਡ ਗਿਆ ਹੈ ਅਤੇ ਸ਼ਕਤੀ (ਰਾਜਨੀਤੀ) ਹੀ ਸ਼ਕਤੀ (ਰਾਜਨੀਤੀ) ਰਹਿ ਗਈ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਅਜ ਸੰਸਾਰ ਭਰ ਵਿਚ ਹਜ਼ਾਰਾਂ ਇਤਿਹਾਸਕ ਅਤੇ ਗ਼ੈਰ-ਇਤਿਹਾਸਕ ਗੁਰਦੁਆਰੇ ਹਨ, ਉਨ੍ਹਾਂ ਵਿਚੋਂ ਸ਼ਾਇਦ ਹੀ ਕਿਸੇ ਉਤੇ ਭਗਤੀ (ਧਰਮ) ਦੇ ਪ੍ਰਤੀਕ ਚਿੰਨ੍ਹ '<' ਵਾਲਾ ਨਿਸ਼ਾਨ ਸਾਹਿਬ ਝੂਲਦਾ ਵਿਖਾਈ ਦਿੰਦਾ ਹੋਵੇ? ਇਸਦੇ ਨਾਲ ਹੀ ਉਨ੍ਹਾਂ ਪੁਛਿਆ ਕਿ ਜਦੋਂ ਚੜ੍ਹਦੀਕਲਾ ਦੇ ਆਧਾਰ ਭਗਤੀ (ਧਰਮ) ਦੇ ਚਿੰਨ੍ਹ '<' ਨੂੰ ਹੀ ਪੂਰੀ ਤਰ੍ਹਾਂ ਵਿਸਾਰ ਦਿਤਾ ਗਿਆ ਹੈ ਤਾਂ ਚੜ੍ਹਦੀਕਲਾ ਰਹਿ ਕਿਥੇ ਜਾਇਗੀ?

ਉੱਚ ਧਾਰਮਕ ਅਹੁਦਿਆਂ ਪੁਰ ਸ਼ਕੀ ਸ਼ਖਸੀਅਤਾਂ: ਬੀਤੇ ਕਾਫੀ ਸਮੇਂ ਤੋਂ ਵੇਖਣ ਵਿੱਚ ਆ ਰਿਹਾ ਹੈ ਕਿ ਉੱਚ ਧਾਰਮਕ ਅਸਥਾਨਾਂ ਦੇ ਉੱਚ ਅਹੁਦਿਆਂ ਪੁਰ ਅਜਿਹੇ ਵਿਅਕਤੀ ਥਾਪ ਕੇ ਉਨ੍ਹਾਂ ਦੀ ਸਰਪ੍ਰਸਤੀ ਕੀਤੀ ਜਾਣ ਲਗੀ ਹੈ, ਜਿਨ੍ਹਾਂ ਦੇ ਆਚਰਣ ਪੁਰ ਆਮ ਲੋਕਾਂ ਵਲੋਂ ਖੁਲ੍ਹੇ-ਆਮ ਉਂਗਲੀਆਂ ਉਠਾਈਆਂ ਜਾਂਦੀਆਂ ਰਹੀਆਂ ਹਨ। ਭਾਈ ਰਣਜੀਤ ਸਿੰਘ, ਜਿਨ੍ਹਾਂ ਨੂੰ ਅਕਾਲ ਤਖ਼ਤ ਦਾ ਜਥੇਦਾਰ ਥਾਪਿਆ ਗਿਆ, ਫਿਰ ਜਦੋਂ ਉਹ ਕਾਬੂ ਤੋਂ ਬਾਹਰ ਹੋਣ ਲਗੇ ਤਾਂ ਉਨ੍ਹਾਂ ਨੂੰ ਅਪਮਾਨਤ ਕਰ ਅਹੁਦੇ ਤੋਂ ਹਟਾ ਦਿੱਤਾ ਗਿਆ, ਪੁਰ ਖੁਲ੍ਹੇ-ਆਮ ਇਹ ਦੋਸ਼ ਲਗੇ ਕਿ ਉਨ੍ਹਾਂ ਅਕਾਲ ਤਖ਼ਤ ਨੂੰ ਪੁਲਿਸ ਚੌਕੀ ਬਣਾ ਕੇ ਰੱਖ ਦਿਤਾ ਹੈ। ਗਿਆਨੀ ਕੇਵਲ ਸਿੰਘ, ਜਦੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਨ, ਪੁਰ ਆਪਣੇ ਅਹੁਦੇ ਦੀ ਨਾਜਾਇਜ਼ ਵਰਤੋਂ ਕਰਨ ਅਤੇ ਆਪਣੀ ਨੂੰਹ ਨੂੰ ਕਤਲ ਕਰਨ ਦੇ ਦੋਸ਼ ਲਗੇ, ਉਨ੍ਹਾਂ ਦੀ ਤਦ ਤਕ ਸਰਪ੍ਰਸਤੀ ਕੀਤੀ ਜਾਂਦੀ ਰਹੀ, ਜਦੋਂ ਤੱਕ ਉਨ੍ਹਾਂ ਵਿਰੁੱਧ ਗ਼ੈਰ-ਜ਼ਮਾਨਤੀ ਵਰੰਟ ਨਹੀਂ ਜਾਰੀ ਹੋਏ। ਪ੍ਰੋ. ਮਨਜੀਤ ਸਿੰਘ, ਜੋ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਨ, ਪੁਰ ਆਪਣੇ ਅਹੁਦੇ ਦੀ ਨਾਜਾਇਜ਼ ਵਰਤੋਂ ਕਰ ਦਾਨ ਵਿੱਚ ਹਾਸਲ ਕੀਤੀਆਂ ਜ਼ਮੀਨਾਂ ਵੇਚਣ ਅਤੇ ਪ੍ਰਾਪਰਟੀ ਡੀਲਰ ਬਣ ਜਾਣ ਦੇ ਦੋਸ਼ ਲਗੇ। ਬੀਬੀ ਜਗੀਰ ਕੌਰ, ਜਿਨ੍ਹਾਂ ਪੁਰ ਆਪਣੀ ਧੀ ਦਾ ਕਤਲ ਕਰਵਾਉਣ ਦਾ ਦੋਸ਼ ਲਗਾ, ਜਿਸਦਾ ਕੇਸ ਅਜੇ ਤਕ ਅਦਾਲਤ ਵਿੱਚ ਚਲਿਆ, ਨੂੰ ਤਦ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਪੁਰ ਬਣਾਈ ਰਖਿਆ ਗਿਆ, ਜਦੋਂ ਤਕ ਪਾਰਟੀ ਅੰਦਰੋਂ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦਾ ਦਬਾਉ ਨਾ ਵਧਿਆ। ਹੁਣ ਫਿਰ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾ ਕੇ ਸਨਮਾਨਤ ਕੀਤਾ ਗਿਆ ਹੋਇਆ ਹੈ।
ਇਹ ਉਨ੍ਹਾਂ ਵਿਚੋਂ ਕੁਝ-ਕੁ ਹੀ 'ਸਨਮਾਨਤ ਤੇ ਮਹਾਨ' ਸ਼ਖਸੀਅਤਾਂ ਹਨ, ਜੋ ਸਿੱਖੀ ਦੇ ਪਹਿਰੇਦਾਰ, ਉਸਦੇ ਪ੍ਰਚਾਰਕ ਹੋਣ ਦੇ ਨਾਲ ਹੀ ਉਸਦੀਆਂ ਮਰਿਆਦਾਵਾਂ ਤੇ ਪਰੰਪਰਾਵਾਂ ਦੇ ਰਾਖੇ ਹੋਣ ਦਾ ਦਾਅਵਾ ਕਰਦੀਆਂ ਹਨ।

ਸਿੱਖੀ ਪ੍ਰਚਾਰ ਲਈ ਢੰਗ ਬਦਲਣ ਦੀ ਲੋੜ : ਜਿਵੇਂ ਗੁਰੂ ਸਾਹਿਬ ਆਪਣੇ ਜੀਵਨ-ਕਾਲ ਦੌਰਾਨ ਵੱਖ-ਵੱਖ ਧਰਮਾਂ ਦੇ ਧਾਰਮਕ ਤਿਉਹਾਰਾਂ ਤੇ ਹੁੰਦੇ ਸਮਾਗਮਾਂ ਵਿਚ ਪੁਜ, ਆਪਣੇ ਮਿਸ਼ਨ ਦਾ ਪ੍ਰਚਾਰ ਕਰਦੇ ਰਹੇ ਸਨ, ਕੀ ਅੱਜ ਦੇ ਸਿੱਖ ਆਗੂ, ਪ੍ਰਚਾਰਕ ਆਦਿ  ਅਜਿਹਾ ਨਹੀਂ ਕਰ ਸਕਦੇ? ਹੋਰ ਕੁਝ ਨਹੀਂ ਤਾਂ ਘਟੋ-ਘਟ ਭਾਈ ਘਨਈਆ ਦੇ ਆਦਰਸ਼ ਨੂੰ ਹੀ ਲੈ ਕੇ, ਉਨ੍ਹਾਂ ਦੇ ਸਮਾਗਮਾਂ ਤੇ ਮੈਡੀਕਲ ਸਹਾਇਤਾ ਕੈਂਪ ਲਾ ਮਨੁਖਤਾ ਦੀ ਸੇਵਾ ਦੇ ਆਦਰਸ਼ ਦਾ ਸੰਦੇਸ਼ ਤਾਂ ਉਨ੍ਹਾਂ ਤਕ ਪਹੁੰਚਾਇਆ ਹੀ ਜਾ ਸਕਦੈ?
ਇਹ ਵੀ ਵੇਖਣ ਵਿੱਚ ਆਉਂਦਾ ਹੈ ਕਿ ਸਿੱਖਾਂ ਦੀਆਂ ਕਈ ਧਾਰਮਕ ਜਥੇਬੰਦੀਆਂ ਪਾਸ ਲੋੜ ਤੋਂ ਕਿਤੇ ਵਧ, ਸ਼ਰਧਾਲੂਆਂ ਵਲੋਂ ਭੇਂਟ ਕੀਤੀ ਜਾਂਦੀ ਰਾਸ਼ਨ ਦੀ ਸਮਿਗਰੀ, ਆਟਾ, ਦਾਲਾਂ, ਘਿਉ, ਲੂਣ ਆਦਿ ਵਸਤਾਂ ਦੇ ਰੂਪ ਵਿੱਚ ਆਉਂਦੀ ਰਹਿੰਦੀ ਹੈ, ਜਿਸਨੂੰ ਉਨ੍ਹਾਂ ਨੂੰ ਵੇਚਣ ਤੇ ਮਜਬੂਰ ਹੋਣਾ ਪੈਂਦਾ ਹੈ। ਕੀ ਇਹੀ ਸਮਿਗਰੀ ਉਨ੍ਹਾਂ ਗ਼ਰੀਬਾਂ ਦੀਆਂ ਝੌਪੜੀਆਂ ਤਕ ਨਹੀਂ ਪਹੁੰਚਾਈ ਜਾ ਸਕਦੀ, ਜਿਨ੍ਹਾਂ ਲਈ ਦੋ ਵਕਤ ਦੀ ਰੋਟੀ ਦਾ ਜੁਗਾੜ ਕਰ ਪਾਣਾ ਵੀ ਸੰਭਵ ਨਹੀਂ ਹੁੰਦਾ? ਗੁਰਪੁਰਬਾਂ ਦੇ ਮੌਕੇ ਤੇ ਕਈ ਜਥੇਬੰਦੀਆਂ ਦੇ ਮੁਖੀ ਆਪਣੀ ਹਉਮੈ ਨੂੰ ਪੱਠੇ ਪਾਣ ਲਈ, ਦੀਵਾਨ ਸਥਾਨ ਤੋਂ ਬਾਹਰ ਕੈਂਪ ਲਾ ਲੋਕਾਂ ਨੂੰ ਲਾਈਨ ਵਿਚ ਖੜਿਆਂ ਕਰ 'ਲੰਗਰ' ਦੇ ਨਾਂ ਤੇ ਬੇ-ਬਹਾ ਖਾਣ ਦਾ ਸਾਮਾਨ ਵੰਡਦੇ ਰਹਿੰਦੇ ਹਨ, ਜਿਸ ਵਿਚੋਂ ਕਾਫੀ ਸਾਮਾਨ ਪੈਰਾਂ ਵਿਚ ਰੁਲਦਾ ਵੇਖਿਆ ਜਾਂਦਾ ਹੈ। ਜੇ ਇਹੀ ਖਾਣ ਦਾ ਸਾਮਾਨ ਵੀ ਲੋੜਵੰਦਾਂ ਤਕ ਪਹੁੰਚਾਇਆ ਜਾ ਸਕੇ ਤਾਂ ਕੀ ਬਿਨਾਂ ਕੁਝ ਕਹੇ ਦੇ ਹੀ ਸਿੱਖੀ ਦਾ ਪ੍ਰਚਾਰ ਨਹੀਂ ਹੋ ਸਕਦਾ?

...ਅਤੇ ਅੰਤ ਵਿੱਚ : ਜਸਟਿਸ ਆਰ ਐਸ ਸੋਢੀ ਦਾ ਕਹਿਣਤ ਹੈ ਕਿ ਜੇ ਕਿਸੇ ਫਿਰਕੇ ਵਿਸ਼ੇਸ਼, ਜਿਵੇਂ ਕਿ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਦੀ ਦਾਅਵੇਦਾਰ ਪਾਰਟੀ ਦੇ ਮੁਖੀਆਂ ਨੇ ਆਪਣੇ ਧਰਮ ਦੀਆਂ ਮਾਨਤਾਵਾਂ, ਮਰਿਅਦਾਵਾਂ ਅਤੇ ਪਰੰਪਰਾਵਾਂ ਦੀ ਰਖਿਆ ਕਰਨ ਪ੍ਰਤੀ ਵਚਨਬਧ ਰਹਿਣਾ ਹੈ, ਤਾਂ ਉਨ੍ਹਾਂ ਨੂੰ ਰਾਜ-ਸੱਤਾ ਦੀ ਲਾਲਸਾ ਦਾ ਤਿਆਗ ਕਰਨਾ ਹੋਵੇਗਾ ਅਤੇ ਇਸਦੀ ਆਸ ਤੁਸੀਂ ਕਿਸੇ ਵੀ ਅਜਿਹੀ ਸਿੱਖ ਜਥੇਬੰਦੀ ਦੇ ਮੁਖੀਆਂ ਪਾਸੋਂ ਨਹੀਂ ਰਖ ਸਕਦੇ, ਜੋ ਸਿਧੇ ਜਾਂ ਟੇਢੇ ਢੰਗ ਨਾਲ ਸੱਤਾ ਦੇ ਗਲਿਆਰਿਆਂ ਤਕ ਪੁਜਣਾ ਚਾਹੁੰਦੇ ਹਨ।

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085