ਵਿਸ਼ਵ ਹ੍ਰਿਦਯ ਜਾਂ ਦਿਲ ਦਿਵਸ (ਵਰਲਡ ਹਾਰਟ ਡੇ) - ਗੋਬਿੰਦਰ ਸਿੰਘ ਢੀਂਡਸਾ

ਸੰਸਾਰ ਵਿੱਚ ਹੋਣ ਵਾਲੀਆਂ ਮੌਤਾਂ ਪਿੱਛੇ ਦਿਲ ਦੀਆਂ ਬਿਮਾਰੀਆਂ ਅਤੇ ਦਿਲ ਦੇ ਦੌਰੇ ਪਹਿਲੇ ਕਾਰਨਾਂ ਵਿੱਚ ਸ਼ੁਮਾਰ ਹਨ।ਵਿਸ਼ਵ ਸਿਹਤ ਸੰਗਠਨ ਅਨੁਸਾਰ ਦਿਲ ਦੇ ਰੋਗਾਂ ਨਾਲ ਹਰ ਸਾਲ ਤਕਰੀਬਨ 2.5 ਮਿਲੀਅਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਅਤੇ ਸਾਲ 2030 ਤੱਕ ਇਹਨਾਂ ਅੰਕੜਿਆਂ ਵਿੱਚ 23 ਮਿਲੀਅਨ ਦਾ ਵਾਧਾ ਹੋਣ ਦੀ ਸੰਭਾਵਨਾ ਹੈ।

ਭਾਰਤ ਵਿੱਚ ਕੁੱਲ ਮੌਤਾਂ ਦੀ ਲਗਭਗ 26 ਫੀਸਦੀ ਮੌਤਾਂ ਗੈਰ ਸੰਕ੍ਰਮਕ ਰੋਗਾਂ (ਐੱਨ.ਸੀ.ਡੀ.) ਭਾਵ ਦਿਲ ਦੇ ਰੋਗਾਂ ਕਾਰਨ ਹੁੰਦੀਆਂ ਹਨ।ਸੋਧਾਂ ਵਿੱਚ ਸਾਹਮਣੇ ਆਇਆ ਹੈ ਕਿ ਦਿਲ ਨਾਲ ਸੰਬੰਧਤ ਬਿਮਾਰੀਆਂ ਪੁਰਸ਼ਾਂ ਵਿੱਚ ਜ਼ਿਆਦਾ ਹੁੰਦੀਆਂ ਹਨ ਪਰ ਔਰਤਾਂ ਵੀ ਇਸ ਦੀ ਚਪੇਟ ਤੋਂ ਨਹੀਂ ਬੱਚਦੀਆਂ। ਸੰਸਾਰ ਦੀਆਂ ਕੁੱਲ ਔਰਤਾਂ ਜਿਨ੍ਹਾਂ ਨੂੰ ਦਿਲ ਦੇ ਰੋਗ ਹਨ, ਉਹਨਾਂ ਵਿੱਚ 15 ਫੀਸਦੀ ਭਾਰਤੀ ਔਰਤਾਂ ਹਨ।

2011 ਤੋਂ ਹਰ ਸਾਲ 29 ਸਤੰਬਰ ਨੂੰ ਵਿਸ਼ਵ ਹ੍ਰਿਦਯ ਜਾਂ ਦਿਲ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਇਹ ਹਰ ਸਾਲ ਸਤੰਬਰ ਦੇ ਆਖਰੀ ਐਤਵਾਰ ਨੂੰ ਮਨਾਇਆ ਜਾਂਦਾ ਸੀ। ਇਸਦਾ ਮੰਤਵ ਆਮ ਲੋਕਾਂ ਨੂੰ ਦਿਲ ਨਾਲ ਸੰਬੰਧਿਤ ਹੋਣ ਵਾਲੇ ਰੋਗਾਂ, ਉਹਨਾਂ ਦੇ ਨਤੀਜਿਆਂ ਅਤੇ ਰੋਕਥਾਮ ਦੇ ਲਈ ਜਾਗਰੂਕ ਕਰਨਾ ਹੈ ਤਾਂ ਜੋ ਉਹ ਸਿਹਤਮੰਦ ਜੀਵਨ ਜੀਅ ਸਕਣ।

ਦਿਲ ਦੇ ਰੋਗਾਂ ਵਿੱਚ ਦਿਲ ਦਾ ਦੌਰਾ, ਰੂਮੈਟਿਕ ਦਿਲ ਦਾ ਰੋਗ, ਜਨਮਜਾਤ ਖ਼ਰਾਬੀਆਂ, ਦਿਲ ਦਾ ਫੇਲ ਹੋਣਾ, ਪੈਰੀਕਾਰਡੀਅਲ ਬਹਾਅ ਆਦਿ ਹਨ।ਸੀਨੇ ਵਿੱਚ ਦਰਦ, ਸਾਹ ਵਿੱਚ ਤਕਲੀਫ਼, ਗਰਦਨ ਵਿੱਚ ਦਰਦ, ਹੱਥ ਜਾਂ ਮੋਢੇ ਵਿੱਚ ਦਰਦ, ਪਸੀਨਾ, ਉਲਟੀ, ਕਮਜ਼ੋਰੀ ਅਤੇ ਚਿੰਤਾ ਆਦਿ ਦਿਲ ਦਾ ਦੌਰਾ ਪੈਣ ਦੇ ਸੰਕੇਤ ਹਨ।ਦਿਲ ਦੀਆਂ ਬਿਮਾਰੀਆਂ ਅਤੇ ਦਿਲ ਦੇ ਦੌਰਿਆਂ ਪਿੱਛੇ ਮੁੱਖ ਕਾਰਨਾਂ ਵਿੱਚ ਬਲੱਡ ਪ੍ਰੈਸ਼ਰ, ਕੈਲੱਸਟ੍ਰੋਲ ਅਤੇ ਗਲੂਕੋਜ ਦਾ ਪੱਧਰ ਵੱਧਣਾ, ਸਿਗਰਟਨੋਸ਼ੀ, ਜ਼ਿਆਦਾ ਸ਼ਰਾਬ ਦਾ ਸੇਵਨ, ਮੋਟਾਪਾ, ਤਣਾਅ, ਕਸਰਤ ਦੀ ਘਾਟ ਆਦਿ ਹਨ।

ਸਰੀਰ ਦੀ ਤੰਦਰੁਸਤੀ ਮਾਪਣ ਵਾਲਾ ਸੂਚਕ ਬੀ.ਐੱਮ.ਆਈ. ਦੇ ਨਾਂ ਨਾਲ ਜਾਣਿਆ ਜਾਂਦਾ ਹੈ ਜੋ ਕਿ ਵਿਅਕਤੀ ਤੇ ਕੱਦ ਅਤੇ ਵਜ਼ਨ ਤੇ ਨਿਰਭਰ ਕਰਦਾ ਹੈ। ਸਿਹਤਮੰਦ ਵਜ਼ਨ ਨੂੰ ਬਣਾਈ ਰੱਖਣ ਲਈ ਬੀ.ਐੱਮ.ਆਈ. ਦਾ ਮੁਲਾਂਕਣ ਕਰਵਾਉਂਦੇ ਰਹਿਣਾ ਚਾਹੀਦਾ ਹੈ।
ਉੱਚ ਰਕਤ ਚਾਪ ਅਤੇ ਕੈਲੱਸਟ੍ਰੋਲ ਦੀ ਨਿਯਮਿਤ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ। ਵਿਸ਼ਵ ਸਿਹਤ ਸੰਗਠਨ ਸਾਰਿਆਂ ਨੂੰ ਘੱਟ ਨਮਕ ਦੀ ਵਰਤੋਂ ਤੇ ਜ਼ੋਰ ਦਿੰਦਾ ਹੈ ਜੋ ਕਿ ਸਿੱਧੇ ਤੌਰ ਤੇ ਦਿਲ ਸੰਬੰਧੀ ਰੋਗਾਂ ਦਾ ਕਾਰਨ ਹੈ।ਆਪਣੀ ਜੀਵਲਸ਼ੈਲੀ ਨੂੰ ਸੁਧਾਰਦੇ ਹੋਏ ਸੰਤੁਲਿਤ ਭੋਜਨ ਨੂੰ ਪਹਿਲ ਦੇਣੀ ਚਾਹੀਦੀ ਹੈ ਅਤੇ ਆਪਣੇ ਰੌਜ਼ਾਨਾ ਜੀਵਨ ਵਿੱਚ ਪੌੜੀਆਂ ਦੀ ਵਰਤੋਂ, ਪੈਦਲ ਚੱਲਣ ਅਤੇ ਘੱਟੋ ਘੱਟ ਤੀਹ ਮਿੰਟ ਕਸਰਤ ਕਰਨ ਦੀ ਆਦਤ ਨੂੰ ਆਪਣੇ ਸੁਭਾਅ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ ਤਾਂ ਜੋ ਦਿਲ ਸੰਬੰਧੀ ਬਿਮਾਰੀਆਂ ਤੋਂ ਬਚਿਆ ਜਾ ਸਕੇ।

ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕ – ਬਰੜ੍ਹਵਾਲ ਲੰਮਾ ਪੱਤੀ
ਤਹਿਸੀਲ – ਧੂਰੀ (ਸੰਗਰੂਰ)
ਈਮੇਲ bardwal.gobinder@gmail.com

21 Sep. 2018