‘ਧਰੇਕ ਪੁੰਗਰ ਪਈ’ ਦੇ ਮੁੜ ਛਪਣ ਸਮੇਂ - ਸੁਕੀਰਤ

‘ਧਰੇਕ ਪੁੰਗਰ ਪਈ’ (ਨਵਾਂ ਸਜਿਲਦ ਐਡੀਸ਼ਨ, ਸਫ਼ੇ : 128; ਕੀਮਤ: 250 ਰੁਪਏ, ਨਵਯੁਗ ਪਬਲਿਸ਼ਰਜ਼) ਦੀ ਪਹਿਲੀ ਪ੍ਰਕਾਸ਼ਨਾ ਸਮੇਂ ਕਿਤਾਬ ਦੀ ਭੂਮਿਕਾ ਲਿਖਦਿਆਂ ਸਾਡੀ ਬੋਲੀ ਦੇ ਸਨਮਾਨਤ ਕਲਮਕਾਰ ਤੇ ਅਨੁਵਾਦਕ ਪਿਆਰਾ ਸਿੰਘ ਸਹਿਰਾਈ ਨੇ ਲਿਖਿਆ ਸੀ :
‘‘ਲੇਖਣੀ ਲੇਖਕ ਦੀ ਸ਼ਖ਼ਸੀਅਤ ਦਾ ਅਕਸ ਹੋਣਾ ਚਾਹੀਦਾ ਹੈ। ਜਦ ਲੇਖਕ ਆਪਣੇ ਆਪ ਨੂੰ ਲਾਂਭੇ ਨਹੀਂ ਰੱਖਦਾ, ਤੇ ਜਜ਼ਬੇ ਦੀ ਸਚਿਆਈ ਤੋਂ ਕੰਮ ਲੈਂਦਾ ਹੈ ਤਾਂ ਉਹਦੀ ਰਚਨਾ ਨੂੰ ਇੱਕ ਖ਼ਾਸ ਰੰਗ ਚੜ੍ਹ ਜਾਂਦਾ ਹੈ ਜੋ ਪਾਠਕ ਦੇ ਮਨ ਨੂੰ ਟੁੰਬਦਾ ਤੇ ਉਹਦੇ ਉੱਤੇ ਡੂੰਘੇਰਾ ਪ੍ਰਭਾਵ ਪਾਉਂਦਾ ਹੈ।
     ਅੱਜ ਜਦੋਂ ਮਨੁੱਖੀ ਸ਼ਖ਼ਸੀਅਤ ਵਧੇਰੇ ਗੁੰਝਲਦਾਰ ਹੋ ਗਈ ਹੋਈ ਹੈ, ਤੇ ਮਨੁੱਖੀ ਮਨ ਸਦਾ-ਵਧੇਰੇ ਉਲਝਵਾਂ ਹੁੰਦਾ ਜਾ ਰਿਹਾ ਹੈ, ਤੇ ਜਦੋਂ ਸਾਡੇ ਬਹੁਤੇ ਲੇਖਕਾਂ ਦੀ ਸ਼ਖ਼ਸੀਅਤ ਕੁਝ ਅਜੇਹੀ ਹੈ, ਕਿ ਹਨ ਕੁਝ ਹੋਰ, ਲਿਖਦੇ ਹਨ ਕੁਝ ਹੋਰ -ਜਾਂ ਇੰਜ ਆਖ ਲਵੋ, ਕਿ ਉਹ ਲਿਖਣ ਵੇਲੇ ਕਿਸੇ ਵੱਖਰੀ ਸ਼ਖ਼ਸੀਅਤ ਦੇ ਮਾਲਕ ਹੁੰਦੇ ਹਨ ਤੇ ਆਮ ਜੀਵਨ ਵਿੱਚ, ਆਮ ਰਹਿਣੀ ਬਹਿਣੀ ਵਿੱਚ, ਵਰਤਾ-ਵਿਹਾਰ ਵਿੱਚ ਕਿਸੇ ਵੱਖ ਸ਼ਖ਼ਸੀਅਤ ਦੇ, ਤਾਂ ਕਿਸੇ ਅਜਿਹੇ ਬੰਦੇ ਨੂੰ, ਕਿਸੇ ਅਜਿਹੇ ਲੇਖਕ ਨੂੰ ਮਿਲ ਕੇ ਅੰਤਾਂ ਦੀ ਪ੍ਰਸੰਨਤਾ ਹੁੰਦੀ ਹੈ ਜਿਦ੍ਹੇ ਅੰਤਰ ਤੇ ਬਾਹਰ ਵਿੱਚ ਕੋਈ ਬਹੁਤ ਫ਼ਰਕ ਨਹੀਂ ਹੁੰਦਾ, ਤੇ ਇਸੇ ਕਰਕੇ ਉਹਦੀ ਰਚਨਾ ਉਹਦੇ ਅੰਦਰਲੇ ਦਾ ਇੱਕ ਚਿੱਤਰ ਬਣ ਜਾਂਦੀ ਹੈ, ਤੇ ਅਜਿਹੀ ਇੱਕ ਲੇਖਕਾ ਹੈ ਉਰਮਿਲਾ।”
       1928 ਵਿਚ ਜਨਮੇ ਉਰਮਿਲਾ ਆਨੰਦ ਦਾ ਉਮਰ ਦੇ 85ਵੇਂ ਵਰ੍ਹੇ, ਮਾਰਚ 2013 ਵਿਚ ਦੇਹਾਂਤ ਹੋ ਗਿਆ ਸੀ। ਭਾਵੇਂ ਦੇਹਾਂਤ ਤੋਂ ਪਹਿਲਾਂ ਦੇ ਪੰਜ ਵਰ੍ਹੇ ਵੀ ਉਨ੍ਹਾਂ ਅਰਧ-ਅਪਾਹਜ ਅਵਸਥਾ ਵਿਚ ਗੁਜ਼ਾਰੇ, ਪਰ ਲਿਖਦੇ ਉਹ ਲਗਾਤਾਰ ਰਹੇ, ਆਪਣੀ ਉਮਰ ਦੇ ਆਖਰੀ ਵਰ੍ਹੇ ਵਿਚ ਵੀ। ਉਨ੍ਹਾਂ ਦਾ ਸਾਹਿਤਕ ਪੰਧ ‘ਬਾਲ ਸੁਨੇਹਾ’ (ਜੋ ਪਿੱਛੋਂ ਜਾ ਕੇ ‘ਬਾਲ ਸੰਦੇਸ਼’ ਦੇ ਨਾਂ ਹੇਠ ਮਸ਼ਹੂਰ ਹੋਇਆ) ਦੀ ਸਹਿ-ਸੰਪਾਦਨਾ ਨਾਲ ਉਦੋਂ ਸ਼ੁਰੂ ਹੋਇਆ ਜਦੋਂ ਉਹ ਆਪ ਵੀ ਅਜੇ ਬਾਲ-ਅਵਸਥਾ ਦੀਆਂ ਬਰੂਹਾਂ ਨਹੀਂ ਸਨ ਟੱਪੇ। ਕਵਿਤਾਵਾਂ ਤੋਂ ਸਾਹਿਤਕ ਸਫ਼ਰ ਸ਼ੁਰੂ ਕਰਨ ਵਾਲੀ ਉਰਮਿਲਾ ਜਦੋਂ ਤਕ ਉਰਮਿਲਾ ਆਨੰਦ ਬਣੀ ਉਹ ਪੱਕੇ-ਪੈਰੀਂ ਵਾਰਤਕ ਦੇ ਪਿੜ ਵਿਚ ਪਰਵੇਸ਼ ਕਰ ਚੁੱਕੀ ਸੀ। ਉਨ੍ਹਾਂ ਦੀ ਪਲੇਠੀ ਪੁਸਤਕ ‘ਧਰੇਕ ਪੁੰਗਰ ਪਈ’ 1963 ਵਿਚ ਛਪੀ ਜੋ ਭਾਪਾ ਪ੍ਰੀਤਮ ਸਿੰਘ ਦੀ ਪ੍ਰਕਾਸ਼ਨਾ ਹੇਠ ਛਪਣ ਵਾਲੀਆਂ ਸਭ ਤੋਂ ਪਹਿਲੀਆਂ ਪੁਸਤਕਾਂ ਦੀ ਲੜੀ ਵਿਚ ਸ਼ੁਮਾਰ ਹੁੰਦੀ ਹੈ। ਇਸ ਤੋਂ ਬਾਅਦ ਦੇ ਕਈ ਦਹਾਕੇ ਉਨ੍ਹਾਂ ਦੀਆਂ ਰਚਨਾਵਾਂ ਪ੍ਰੀਤਲੜੀ, ਆਰਸੀ, ਸੁਭਾਗਵਤੀ ਅਤੇ ਵੇਲੇ ਦੇ ਹੋਰ ਸਾਹਿਤਕ ਰਸਾਲਿਆਂ ਵਿਚ ਛਪਦੀਆਂ ਰਹੀਆਂ। ਸੱਠਵਿਆਂ ਵਿਚ ਉਨ੍ਹਾਂ ਨੇ ਲੰਮਾ ਸਮਾਂ 'ਰੋਜ਼ਾਨਾ ਅਜੀਤ' ਵਿਚ ਛਪਣ ਵਾਲੇ ਹਫ਼ਤਾਵਾਰੀ ਪੰਨੇ ‘ਸੁਘੜ ਸੁਆਣੀ’ ਦੀ ਸੰਪਾਦਨਾ ਵੀ ਕੀਤੀ ਅਤੇ ਰੋਜ਼ਾਨਾ ‘ਨਵਾਂ ਜ਼ਮਾਨਾ’ ਲਈ ਵੀ ਲਗਾਤਾਰ ਲਿਖਦੇ ਰਹੇ। ਜੇ ਲਿਖਣਾ ਉਨ੍ਹਾਂ ਨੂੰ ਗੁੜ੍ਹਤੀ ਵਿਚ ਮਿਲਣ ਵਾਲਾ ਅਤੇ ਤਾਅ ਉਮਰ ਨਿਭਣ ਵਾਲਾ ਵਲਵਲਾ ਸੀ ਤਾਂ ਲੋਕਾਂ ਨੂੰ ਪਰਣਾਏ ਆਪਣੇ ਕਮਿਊਨਿਸਟ ਪਤੀ ਦੇ ਵਿੱਢੇ ਹਰ ਕੰਮ ਵਿਚ ਸ਼ਾਮਲ ਹੋਣਾ ਅਤੇ ਘਰੇਲੂ ਜ਼ਿੰਮੇਵਾਰੀਆਂ ਵਿਚ ਉਸ ਦੀ ਨਾਮਾਲੂਮ ਹਾਜ਼ਰੀ ਦੇ ਬਾਵਜੂਦ ਆਪਣੇ ਬੱਚਿਆਂ ਨੂੰ ਪਰਵਾਨ ਚੜ੍ਹਾਉਣ ਨੂੰ ਪਹਿਲ ਦੇਣਾ ਉਨ੍ਹਾਂ ਦੀ ਲਗਨ। ਏਸੇ ਕਾਰਨ ਲੰਮੇ ਸਾਹਿਤਕ ਸਫ਼ਰ ਦੇ ਬਾਵਜੂਦ ਉਨ੍ਹਾਂ ਦੇ ਜੀਵਨ ਕਾਲ ਵਿਚ ਉਨ੍ਹਾਂ ਦੀਆਂ ਸਿਰਫ਼ ਦੋ ਹੀ ਕਿਤਾਬਾਂ ਛਪੀਆਂ। ਇਕ ‘ਧਰੇਕ ਪੁੰਗਰ ਪਈ’, ਤੇ ਦੂਜੀ ਉਸ ਤੋਂ ਤਕਰੀਬਨ ਚਾਰ ਦਹਾਕੇ ਮਗਰੋਂ ਗੁਰੂ ਨਾਨਕ ਦੇਵ ਯੂਨੀਵਰਸਟੀ ਵੱਲੋਂ ਵਿਸ਼ੇਸ਼ ਤੌਰ ’ਤੇ ਲਿਖਵਾਈ ਅਤੇ ਛਾਪੀ ਗਈ ਪੁਸਤਕ ‘ਪ੍ਰੀਤ ਨਗਰ : ਧੁੰਦਲੇ ਪਰਛਾਂਵੇ’, ਜਿਸਨੂੰ ਯੂਨੀਵਰਸਟੀ ਨੇ ਆਪ ਅਨੁਵਾਦ ਕਰਾ ਕੇ ਹਿੰਦੀ ਅਤੇ ਅੰਗਰੇਜ਼ੀ ਜ਼ਬਾਨਾਂ ਵਿਚ ਵੀ ਛਾਪਿਆ।
       ‘ਧਰੇਕ ਪੁੰਗਰ ਪਈ’ ਪਿਛਲੇ ਕਈ ਸਾਲਾਂ ਤੋਂ ਉਪਲਬਧ ਨਹੀਂ, ਉਰਮਿਲਾ ਹੋਰਾਂ ਕੋਲ ਆਪ ਵੀ ਉਸ ਦੀ ਸਿਰਫ਼ ਇਕੋ ਕਾਪੀ ਮੌਜੂਦ ਸੀ ਅਤੇ ਉਹ ਇਸ ਦੇ ਮੁੜ ਛਪਣ ਲਈ ਤਿਆਰੀ ਕਰ ਰਹੇ ਸਨ। ਇਸ ਪੁਸਤਕ ਤੋਂ ਬਾਅਦ ਵਿਚ ਛਪਣ ਵਾਲੇ ਕੁਝ ਲੇਖਾਂ ਨੂੰ ਵੀ ਉਹ ਤਰਤੀਬ ਦੇ ਰਹੇ ਸਨ ਜਦੋਂ ਉਹ ਡਿੱਗ ਪਏ ਅਤੇ ਦੋ ਔਖੇ ਆਪ੍ਰੇਸ਼ਨਾਂ ਦੇ ਬਾਵਜੂਦ ਮੁੜ ਕਦੇ ਸਾਬਤ ਕਦਮੀਂ ਤੁਰ ਸਕਣ ਜੋਗੇ ਨਾ ਰਹੇ। ਇਹ ਫੇਟ ਉਨ੍ਹਾਂ ਲਈ ਮਾਰੂ ਸਾਬਤ ਹੋਈ ਜਿਸ ਕਾਰਨ ਹੌਲੀ ਹੌਲੀ ਉਨ੍ਹਾਂ ਦੀ ਸਿਹਤ ਨਿਘਰਦੀ ਹੀ ਗਈ ਅਤੇ 2013 ਵਿਚ ਉਹ ਚਲੇ ਗਏ।
       ਉਨ੍ਹਾਂ ਦੇ ਜਾਣ ਤੋਂ ਬਾਅਦ ‘ਧਰੇਕ ਪੁੰਗਰ ਪਈ’ ਨੂੰ ਮੁੜ ਛਪਾਉਣ ਵੱਲ ਧਿਆਨ ਦੇਣਾ, ਮੇਰੇ ਮਨ ਵਿਚ ਕਿਤੇ ਹੈ ਤਾਂ ਸੀ, ਪਰ ਨਿੱਠ ਕੇ ਮੈਂ ਇਸ ਕੰਮ ਲਈ ਵਕਤ ਕੋਈ ਨਾ ਕੱਢਿਆ। ਜਨਵਰੀ 2018 ਵਿਚ ਪੰਜਾਬੀ ਸਾਹਿਤ ਸਭਾ, ਦਿੱਲੀ ਦੀ ਸਾਲਾਨਾ ‘ਧੁੱਪ ਦੀ ਮਹਿਫ਼ਲ’ ਵੇਲੇ ਅਮਰਜੀਤ ਚੰਦਨ ਹੋਰਾਂ ਨਾਲ ਮੁਲਾਕਾਤ ਹੋਈ, ਜਦੋਂ ਉਨ੍ਹਾਂ ਨੂੰ ਓਥੇ ਸਨਮਾਨਿਆ ਜਾਣਾ ਸੀ। ਮਹਿਫ਼ਲ ਦੇ ਖਿੰਡ ਜਾਣ ਤੋਂ ਮਗਰੋਂ, ਜਦੋਂ ਕੁਝ ਹੋਰ ਸਾਹਿਤਕ ਮਿੱਤਰਾਂ ਨਾਲ ਅਸੀ ਕਿਸੇ ਹੋਰ ਥਾਂ ਬੈਠੇ ਹੋਏ ਸਾਂ ਤਾਂ ਚੰਦਨ ਹੋਰਾਂ ਨੇ ਅਚਾਨਕ ਪੁੱਛ ਲਿਆ ਕਿ ‘ਧਰੇਕ ਪੁੰਗਰ ਪਈ’ ਨੂੰ ਮੁੜ ਛਾਪਿਆ ਗਿਆ ਹੈ ਜਾਂ ਨਹੀਂ। ਜਦੋਂ ਮੈਂ ਦੱਸਿਆ ਕਿ ਕਿਤਾਬ ਤਾਂ ਵਰ੍ਹਿਆਂ ਤੋਂ ਲੱਭਦੀ ਹੀ ਨਹੀਂ ਤਾਂ ਉਨ੍ਹਾਂ ਇਸਰਾਰ ਕੀਤਾ ਕਿ ਇਸ ਨੂੰ ਦੁਬਾਰਾ ਜ਼ਰੂਰ ਛਾਪਿਆ ਜਾਣਾ ਚਾਹੀਦਾ ਹੈ। ਨਾਲ ਬੈਠੇ ਸੱਜਣਾਂ ਦੀ ਜਾਣਕਾਰੀ ਲਈ ਉਨ੍ਹਾਂ ਨੇ ਉਰਮਿਲਾ ਹੋਰਾਂ ਦੀ ਨਿਵੇਕਲੀ ਵਾਰਤਕ ਦੀ ਬਹੁਤ ਖੁਲ੍ਹ-ਦਿਲੀ ਪ੍ਰਸੰਸਾ ਵੀ ਕੀਤੀ। ਬਤੌਰ ਪੁੱਤਰ ਮੈਨੂੰ ਮਾਣ ਵੀ ਮਹਿਸੂਸ ਹੋਇਆ, ਨਮੋਸ਼ੀ ਵੀ। ਮਾਣ ਏਸ ਲਈ ਕਿ ਅਮਰਜੀਤ ਚੰਦਨ ਵਰਗਾ ਬਾਜ਼-ਦ੍ਰਿਸ਼ਟ ਅਤੇ ਗੁੜ੍ਹਿਆ ਪਾਰਖੂ ਪ੍ਰਸੰਸਾ ਕਰ ਰਿਹਾ ਸੀ, ਅਤੇ ਨਮੋਸ਼ੀ ਏਸ ਲਈ ਕਿ ਆਪਣੀ ਮਾਂ ਦੇ ਟੁਰ ਜਾਣ ਦੇ ਪੰਜ ਵਰ੍ਹੇ ਬਾਅਦ ਵੀ ਮੈਂ ਉਸ ਦੀ ਇੱਛਾ ਨੂੰ ਪੂਰਿਆਂ ਕਰਨ ਵੱਲ ਰੁਖ਼ ਨਹੀਂ ਸੀ ਕੀਤਾ।
        ‘ਧਰੇਕ ਪੁੰਗਰ ਪਈ’ ਨੂੰ ਮੈਂ ਇਕੇਰਾਂ ਮੁੜ ਪਾਠਕ-ਆਲੋਚਕ ਦੀ ਦ੍ਰਿਸ਼ਟੀ ਨਾਲ ਪੜ੍ਹਿਆ। ਇਉਂ ਪੜ੍ਹਦਿਆਂ ਦੋ ਗੱਲਾਂ ਬਹੁਤ ਉਭਰ ਕੇ ਸਾਹਮਣੇ ਆਈਆਂ। ਪਹਿਲੀ ਇਹ ਕਿ ਉਰਮਿਲਾ ਆਨੰਦ ਦੀ ਕੋਮਲ ਭਾਵੀ ਵਾਰਤਕ ਬਹੁਤ ਨਿਜ-ਕੇਂਦਰਤ ਹੈ। ਨਿਜ-ਕੇਂਦਰਤ ਤੋਂ ਭਾਵ ਇਹ ਨਹੀਂ ਕਿ ਉਹ ਨਿਰੋਲ ਆਪਣੇ ਬਾਰੇ ਗੱਲਾਂ ਕਰੀ ਜਾਂਦੇ ਹਨ ਸਗੋਂ ਇਹ ਕਿ ਉਹ ਉਨ੍ਹਾਂ ਲੋਕਾਂ/ ਤਜਰਬਿਆਂ ਬਾਰੇ ਗੱਲਾਂ ਕਰਦੇ ਹਨ ਜਿਹੜੇ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਬਣੇ। ਪਹਿਲੀ ਨਜ਼ਰੇ ਇਹ ਵਾਰਤਕ ਯਾਦਾਂ ਜਾਂ ਰੇਖਾ-ਚਿਤਰਾਂ ਵਰਗੀ ਜਾਪਦੀ ਹੈ, ਪਰ ਇਸਦਾ ਸਮੁੱਚਾ ਪ੍ਰਭਾਵ ਕੁਝ ਇਹੋ ਜਿਹਾ ਬਣਦਾ ਹੈ ਕਿ ਪਾਠਕ ਨੂੰ ਆਪਣੀ ਜ਼ਿੰਦਗੀ ਵੱਲ ਪੜਚੋਲਵੀਂ ਝਾਤ ਮਾਰਨ ਵੱਲ ਵੀ ਉਕਸਾਉਂਦੀ ਜਾਪਦੀ ਹੈ। ਇਸ ਪੱਖੋਂ ਉਨ੍ਹਾਂ ਦੇ ਕੁਝ ਲੇਖਾਂ ਵਿਚ ਆਪਣੇ ਪਿਤਾ ਗੁਰਬਖਸ਼ ਸਿੰਘ ਵਾਲੀ ਸਮਝਾਉਣੀ ਸੁਰ ਦਾ ਝਾਉਲਾ ਪੈਂਦਾ ਹੈ, ਭਾਵੇਂ ਅਸਿੱਧੇ ਤੌਰ ਉੱਤੇ। ਸ਼ਬਦ ਚੋਣ ਅਤੇ ਸੁਬਕ ਜਜ਼ਬਾਤ ਬਿਆਨੀ ਦੇ ਪੱਖੋਂ ਉਨ੍ਹਾਂ ਉੱਤੇ ਆਪਣੇ ਪਿਤਾ ਦੀ ਵਾਰਤਕ ਦਾ ਪੋਖਾ ਤਾਂ ਨਿਰਸੰਦੇਹ ਹੈ ਹੀ। ਦੂਜੀ ਗੱਲ ਇਹ ਕਿ ਉਨ੍ਹਾਂ ਦੇ ਬਹੁਤ ਸਾਰੇ ਲੇਖ ਸੰਬੋਧਨੀ ਸੁਰ ਵਾਲੇ ਹਨ, ਮੱਧਮ ਪੁਰਖ ਵਿਚ ਲਿਖੇ ਹੋਏ। ਸੰਸਾਰ ਦਾ ਬਹੁਤਾ ਸਾਹਿਤ ਉੱਤਮ ਜਾਂ ਅੰਨਯ/ਹੋਰ ਪੁਰਖ ਵਿਚ ਹੀ ਰਚਿਆ ਗਿਆ ਹੈ, ਮੱਧਮ ਪੁਰਖ ਦੀ ਵਰਤੋਂ ਸਾਹਿਤਕ ਵਿਧਾਵਾਂ ਵਿਚ ਬਹੁਤ ਘੱਟ ਕੀਤੀ ਜਾਂਦੀ ਹੈ। ਇਸ ਪੱਖੋਂ ਉਰਮਿਲਾ ਜੀ ਦੀ ਵਾਰਤਕ ਡਾਹਢੀ ਨਿਵੇਕਲੀ ਜਾਪਦੀ ਹੈ, ਜਿਵੇਂ ਕੋਈ ਕਿਸੇ ਵੱਲ ਖ਼ਤ ਲਿਖ ਰਿਹਾ ਹੋਵੇ, ਜਾਂ ਕਿਸੇ ਨਾਲ ਸਾਹਮਣੇ ਬੈਠਾ ਗੱਲਾਂ ਕਰ ਰਿਹਾ ਹੋਵੇ। ਉਸ ਨੂੰ ਕੁਝ ਦੱਸ ਰਿਹਾ ਹੋਵੇ, ਕੋਈ ਅਰਜ਼ੋਈ ਕਰ ਰਿਹਾ ਹੋਵੇ, ਆਪਣੇ ਕਿਸੇ ਤੌਖਲੇ ਜਾਂ ਹੇਰਵੇ ਨੂੰ ਉਸ ਨਾਲ ਸਾਂਝਿਆਂ ਕਰ ਰਿਹਾ ਹੋਵੇ।
       ਧਰੇਕ ਪੁੰਗਰ ਪਈ ਦਾ ਇਕ ਲੇਖ ‘ਤੂੰ ਉਦਾਸੀਆਂ ਛੰਡ’ ਉਨ੍ਹਾਂ ਦੀ ਵਾਰਤਕ ਦੀਆਂ ਇਨ੍ਹਾਂ ਦੋਵੇਂ ਖਾਸੀਅਤਾਂ ਦੀ ਸਪਸ਼ਟ ਅਤੇ ਉਘੜਵੀਂ ਮਿਸਾਲ ਹੈ। ਭਾਵੇਂ ਉਨ੍ਹਾਂ ਨੇ ਨਾਂਅ ਨਹੀਂ ਵੀ ਲਿਆ, ਪਰ ਸਾਹਿਤ ਨਾਲ ਜੁੜੇ ਲੋਕ ਝੱਟ ਸਮਝ ਸਕਦੇ ਹਨ ਕਿ ਇਹ ਲੇਖ ਸ਼ਿਵ ਬਟਾਲਵੀ ਵੱਲ ਮੁਖਾਤਬ ਹੈ। ਏਥੇ ਧਿਆਨ ਦੇਣ ਯੋਗ ਗੱਲ ਇਹ ਵੀ ਹੈ ਕਿ ਇਹ ਲੇਖ ਸ਼ਿਵ ਦੀ ਮੌਤ ਤੋਂ ਇਕ ਤੋਂ ਵੱਧ ਦਹਾਕਾ ਪਹਿਲਾਂ ਦਾ ਲਿਖਿਆ ਹੋਇਆ ਹੈ, ਜਦੋਂ ਸ਼ਿਵ ਪੰਝੀ ਤੋਂ ਵੀ ਘੱਟ ਵਰ੍ਹਿਆਂ ਦਾ ਸੀ ਅਤੇ ਸਾਹਿਤ ਦੇ ਅਸਮਾਨ ਉੱਤੇ ਅਜੇ ਉਭਰਨਾ ਸ਼ੁਰੂ ਹੋਇਆ ਹੀ ਸੀ। ਤਾਂ ਵੀ ਇਸ ਵਿਚੋਂ ਆਉਣ ਵਾਲੇ ਦੁਖਾਂਤ ਦੇ ਇਸ਼ਾਰੇ ਸਾਫ਼ ਲੱਭਦੇ ਹਨ। ਇਸ ਲੇਖ ਦੀ ਇਕ ਇਕ ਸਤਰ ਸ਼ਿਵ ਬਟਾਲਵੀ ਦੀ ਪੀੜਾਂ-ਗੁੱਧੀ, ਸਵੈ-ਘਾਤਕ ਸ਼ਖ਼ਸੀਅਤ ਦੀ ਤਰਜਮਾਨੀ ਹੀ ਨਹੀਂ, ਉਸ ਨੂੰ ਪਿਆਰ ਕਰਨ ਵਾਲੀ ਵੱਡੀ ਭੈਣ ਦੀ ਅਰਜ਼ਨੁਮਾ ਨਸੀਹਤ ਵੀ ਹੈ, ਅਤੇ ਉਰਮਿਲਾ ਆਨੰਦ ਦੀ ਵਿਲੱਖਣ ਸ਼ੈਲੀ ਦੀ ਲਖਾਇਕ ਵੀ।
       ਧਰੇਕ ਪੁੰਗਰ ਪਈ ਦੀ ਪਹਿਲੀ ਛਾਪ ਦਾ ਆਖਰੀ ਲੇਖ ‘ਤੇਰੀ ਯਾਦ ਦਾ ਫੁੱਲ ਖਿੜਿਆ’ ਸੀ, ਇਸ ਨਵੀਂ ਛਾਪ ਦੇ ਆਖਰੀ ਭਾਗ ਵਿਚ ਮੈਂ ਵੱਖੋ-ਵੱਖ ਸਮਿਆਂ ’ਤੇ ਲਿਖੇ ਉਨ੍ਹਾਂ ਦੇ ਦਸ ਹੋਰ ਲੇਖ ਜੋੜੇ ਹਨ, ਜੋ ਪਿੱਛੋਂ ਜਾ ਕੇ ਲਿਖੇ ਗਏ ਸਨ। ਇਸ ਤੋਂ ਇਲਾਵਾ ਕਿਤਾਬ ਦੇ ਸ਼ੁਰੂ ਵਿਚ ਮੈਂ ਮੁੱਢਲੇ ਸ਼ਬਦਾਂ ਵਜੋਂ ਉਨ੍ਹਾਂ ਦਾ ਇਕ ਛੋਟਾ ਜਿਹਾ ਲੇਖ ‘ਮੈਂ ਲਿਖਣਾ ਕਿਵੇਂ ਸ਼ੁਰੂ ਕੀਤਾ’ ਵੀ ਸ਼ਾਮਲ ਕੀਤਾ ਹੈ ਜੋ ਉਨ੍ਹਾਂ ਬਹੁਤ ਪਿੱਛੋਂ ਜਾ ਕੇ ਲਿਖਿਆ ਸੀ ਪਰ ਉਨ੍ਹਾਂ ਦੇ ਚਲੇ ਜਾਣ ਮਗਰੋਂ ਛਪਣ ਵਾਲੀ ਇਸ ਐਡੀਸ਼ਨ ਲਈ ਮੈਨੂੰ ਢੁੱਕਵਾਂ ਜਾਪਦਾ ਹੈ।
      ਪਾਠਕਾਂ ਅੱਗੇ ਇਹ ਕਿਤਾਬ ਮੁੜ ਪੇਸ਼ ਕਰਨ ਦੀ ਮੈਨੂੰ ਉਚੇਚੀ ਖੁਸ਼ੀ ਹੈ। ਮਾਂਵਾਂ ਦੇ ਰਿਣ ਕੌਣ ਲਾਹ ਸਕਿਆ ਹੈ, ਪਰ ਮੈਂ ਥੋੜ੍ਹਾ ਜਿੰਨਾ ਭਾਰ-ਮੁਕਤ ਜ਼ਰੂਰ ਮਹਿਸੂਸ ਕਰਦਾ ਹਾਂ।