ਰਾਜਨੀਤੀ, ਜੋ ਸਿੱਖੀ ਦਾ ਘਾਣ ਕਰ ਰਹੀ ਹੈ? - ਜਸਵੰਤ ਸਿੰਘ 'ਅਜੀਤ'

ਜਦੋਂ ਦਿੱਲੀ ਗੁਰਦੁਆਰਾ ਚੋਣਾਂ ਦੀ ਪ੍ਰਕ੍ਰਿਆ ਅਰੰਭ ਹੋਈ ਤਾਂ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਵਲੋਂ ਜਾਰੀ ਇੱਕ ਨੋਟੀਫਿਕੇਸ਼ਨ ਅਨੁਸਾਰ ਇਨ੍ਹਾਂ ਚੋਣਾਂ ਵਿੱਚ ਕੇਵਲ ਉਹੀ ਪਾਰਟੀਆਂ ਹਿੱਸਾ ਲੈ ਸਕਦੀਆਂ ਹਨ, ਜੋ ਧਾਰਮਕ ਜਥੇਬੰਦੀ ਵਜੋਂ ਰਜਿਸਟਰ ਹੋਣੇ ਤੇ ਰਾਜਨੀਤੀ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਾ ਹੋਵੇ। ਇਸੇ ਨਿਯਮ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਇਨ੍ਹਾਂ ਚੋਣਾਂ ਵਿੱਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ। ਦਿੱਲੀ ਚੋਣ ਡਾਇਰੈਕਟੋਰੇਟ ਦੇ ਇਸ ਫੈਸਲੇ  ਵਿਰੁਧ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਮੁਖੀਆਂ ਨੇ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਜਾ ਖਟਕਟਾਇਆ ਤੇ ਉਥੇ ਜਾ ਦੁਹਾਈ ਦਿੱਤੀ ਕਿ ਸਾਡੇ ਗੁਰੂ ਸਾਹਿਬ ਨੇ ਮੀਰੀ-ਪੀਰੀ ਦੇ ਸਿਧਾਂਤ ਦੇ ਤਹਿਤ ਸਿੱਖੀ ਵਿੱਚ ਧਰਮ ਅਤੇ ਰਾਜਨੀਤੀ ਵਿੱਚ ਸਾਂਝ ਕਾਇਮ ਕੀਤੀ ਹੈ। ਇਸ ਕਰਕੇ ਇਸ ਸਿਧਾਂਤ ਦੀ ਰੋਸ਼ਨੀ ਵਿੱਚ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਵਲੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਪੁਰ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਇਸ ਕਰਕੇ ਰੋਕ ਲਾਇਆ ਜਾਣਾ ਕਿ ਉਹ ਰਾਜਨੀਤੀ ਵਿੱਚ ਵੀ ਹਿੱਸਾ ਲੈਂਦਾ ਹੈ, ਗਲਤ ਹੈ। ਇਸ ਅਧਾਰ ਤੇ ਉਸਨੇ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਹਿੱਸਾ ਲੈਣ ਤੇ ਆਪਣੇ ਪੁਰ ਲਗੀ ਰੋਕ ਹਟਵਾ ਲਈ। ਆਪਣੀ ਇਸ ਜਿੱਤ ਤੇ ਦਲ ਦੇ ਮੁੱਖੀ ਮਨਜਿੰਦਰ ਸਿੰਘ ਸਿਰਸਾ ਤੇ ਉਨ੍ਹਾਂ ਦੇ ਸ਼ਾਥੀ ਖੁਸ਼ੀ ਵਿੱਚ ਖੀਵੇ ਹੋ ਰਹੇ ਹਨ।
ਉਨ੍ਹਾਂ ਦੀ ਇਸ ਖੁਸ਼ੀ ਦੀ ਰੋਸ਼ਨੀ ਵਿੱਚ ਇਹ ਵਿਚਾਰ ਕਰਨਾ ਜ਼ਰੂਰੀ ਬਣ ਜਾਂਦਾ ਹੈ ਕਿ ਸਿੱਖੀ ਵਿੱਚ ਰਾਜਸੀ ਦਖਲ ਦੀ ਕੀ ਭੂਮਿਕਾ ਚਲਦੀ ਆ ਰਹੀ ਹੈ ਅਤੇ ਉਸਨੇ ਸਿੱਖੀ ਦਾ ਕੁਝ ਸੰਵਾਰਿਆ ਵੀ ਹੈ ਜਾਂ ਨਿਰੋਲ ਘਾਣ ਹੀ ਕੀਤਾ ਹੈ? ਕਿਉਂਕਿ ਅਦਾਲਤ ਦੇ ਇਸ ਫੈਸਲੇ ਦੇ ਸਿੱਖ ਧਰਮ ਪੁਰ ਦੂਰ-ਰਸੀ ਪ੍ਰਭਾਵ ਪੈ ਸਕਦੇ ਹਨ।  
 
ਧਾਰਮਕ ਸੰਸਥਾਂਵਾਂ ਦੀ ਰਾਜਸੀ ਵਰਤੋਂ: ਇਕ ਸੱਚਾਈ, ਜੋ ਬਹੁਤ ਹੀ ਕੌੜੀ ਹੈ, ਉਹ ਇਹ ਹੈ ਕਿ ਸਤਿਗੁਰਾਂ ਦੀ ਵਰੋਸਾਈ ਧਰਤੀ, ਪੰਜਾਬ, ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਕਈ ਹੋਰ ਧਾਰਮਕ ਸੰਸਥਾਵਾਂ ਸਿੱਖੀ ਦਾ ਪ੍ਰਚਾਰ ਕਰਨ ਅਤੇ ਉਸ ਪੁਰ ਹਰ ਸਾਲ ਲੱਖਾਂ ਹੀ ਨਹੀਂ, ਸਗੋਂ ਕਰੋੜਾਂ ਰੁਪਏ ਖਰਚ ਕਰਨ ਦਾ ਦਾਅਵਾ ਕਰਦੀਆਂ ਚਲੀਆਂ ਆ ਰਹੀਆਂ ਹਨ, ਵਿੱਚ ਸਿੱਖੀ ਦੀ ਹਾਲਤ ਵੇਖ ਅਤੇ ਸੁਣ ਕੇ ਖੂਨ ਦੇ ਅਥਰੂ ਵਹਾਣ ਨੂੰ ਜੀਅ ਕਰਦਾ ਹੈ। ਪਤੱਤਪੁਣਾ ਲਗਾਤਾਰ ਵਧਦਾ ਜਾ ਰਿਹਾ ਹੈ, ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਜਵਾਨੀ ਬਰਬਾਦ ਕਰ ਰਹੇ ਹਨ। ਜਿਵੇਂ ਉਨ੍ਹਾਂ ਵਿੱਚ ਸਿੱਖੀ ਵਿਰਸੇ ਨਾਲ ਜੁੜਨ ਜਾਂ ਜੁੜੇ ਰਹਿਣ ਦੀ ਭਾਵਨਾ ਬਿਲਕੁਲ ਹੀ ਖਤਮ ਹੋ ਕੇ ਰਹਿ ਗਈ ਹੋਵੇ।
ਇਸ ਵਿੱਚ ਕੋਈ ਸ਼ਕ ਨਹੀਂ ਕਿ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਜਿਸ ਕਾਰਣ ਗੁਰਦੁਆਰਿਆਂ ਦੀ ਆਮਦਨ ਵਿੱਚ ਵੀ ਅੰਤਾਂ ਦਾ ਵਾਧਾ ਹੋ ਰਿਹਾ ਹੈ, ਪਰ ਉਸਦੇ ਮੁਕਾਬਲੇ ਸਿੱਖੀ-ਸਰੂਪ ਲਗਾਤਾਰ ਘਟਦਾ ਜਾ ਰਿਹਾ ਹੈ। ਸਿੱਖੀ ਦੇ ਸ਼ੁਭ-ਚਿੰਤਕਾਂ ਦੇ ਸ਼ਬਦਾਂ ਵਿੱਚ 'ਜਦੋਂ ਗੁਰਦੁਆਰਿਆਂ ਦੀਆਂ ਇਮਾਰਤਾਂ ਕਚੀਆਂ ਹੁੰਦੀਆਂ ਸਨ ਤਾਂ ਸਿੱਖੀ 'ਪੱਕੀ' ਹੁੰਦੀ ਸੀ, ਪਰ ਅਜ ਗੁਰਦੁਆਰਿਆਂ ਦੀਆਂ ਇਮਾਰਤਾਂ ਜਿਤਨੀਆਂ ਹੀ ਪੱਕੀਆਂ ਹੁੰਦੀਆਂ ਜਾ ਰਹੀਆਂ ਹਨ, ਸਿੱਖੀ ਉਤਨੀ ਹੀ ਕੱਚੀ ਹੁੰਦੀ ਜਾ ਰਹੀ ਹੈ। ਗੁਰਦੁਆਰਿਆਂ ਦੇ ਗੁੰਬਦਾਂ ਤੇ ਸੋਨਾ ਚੜ੍ਹਦਾ ਜਾ ਰਿਹਾ ਹੈ, ਪਰ ਅੰਦਰੋਂ ਸਿੱਖੀ ਗ਼ਾਇਬ ਹੁੰਦੀ ਜਾ ਰਹੀ ਹੈ'।
ਗੁਰਧਾਮ, ਜੋ ਕਿਸੇ ਸਮੇਂ ਸਿੱਖੀ ਪ੍ਰਚਾਰ ਦੇ ਸੋਮੇ ਸਨ, ਅਜ ਉਨ੍ਹਾਂ ਵਿਚਲੇ ਪ੍ਰਚਾਰ ਦੇ ਸੋਮੇਂ ਸੁਕਦੇ ਜਾ ਰਹੇ ਹਨ। ਇਥੋਂ ਤਕ ਕਿ ਸਿੱਖੀ ਦੇ ਸਰਵੁਚ ਧਾਰਮਕ ਅਸਥਾਨਾਂ ਦੇ ਸਨਮਾਨਤ ਅਹੁਦਿਆਂ ਪੁਰ ਬਿਰਾਜਮਾਨ ਸ਼ਖਸੀਅਤਾਂ ਵੀ ਆਪਣੇ ਅਹੁਦੇ ਦੇ ਸਨਮਾਨ, ਸਤਿਕਾਰ ਅਤੇ ਵਕਾਰ ਨੂੰ ਬਣਾਈ ਰੱਖਣ ਅਤੇ ਅਹੁਦੇ ਦੀਆਂ ਜ਼ਿਮੇਂਦਾਰੀਆਂ ਨੂੰ ਈਮਾਨਦਾਰੀ ਨਾਲ ਨਿਭਾਉਣ ਪ੍ਰਤੀ ਸਮਰਪਤ ਹੋਣ ਦੀ ਬਜਾਏ, ਉਸ ਨਾਲ ਚਿਮੜੇ ਰਹਿਣ ਲਈ ਜਾਂ ਤਾਂ ਆਪ ਰਾਜਨੀਤੀ ਕਰਨ ਲਗ ਪਈਆਂ ਹਨ, ਜਾਂ ਫਿਰ ਰਾਜਸੀ ਵਿਅਕਤੀਆਂ ਦੀ ਕਠਪੁਤਲੀ ਬਣ, ਉਨ੍ਹਾਂ ਦੇ ਇਸ਼ਾਰਿਆਂ ਤੇ ਨੱਚਣ ਲਗੀਆਂ ਹਨ।
ਇੱਕ ਗਲ ਤਾਂ ਸਪਸ਼ਟ ਹੈ ਅਜ ਜੋ ਸਥਿਤੀ ਬਣੀ ਵਿਖਾਈ ਦੇ ਰਹੀੈ, ਉਸ ਲਈ ਕਿਸੇ ਇਕ ਵਿਅਕਤੀ ਨੂੰ ਦੋਸ਼ੀ ਨਹੀਂ ਗਰਦਾਨਿਆ ਜਾ ਸਕਦਾ, ਅਸਲ ਵਿੱਚ ਵਿਗੜਿਆ ਹੋਇਆ ਸਾਰਾ ਸਿਸਟਮ ਹੀ ਇਸਦੇ ਲਈ ਜ਼ਿਮੇਂਦਾਰ ਹੈ। ਅਜ ਧਰਮ ਅਤੇ ਰਾਜਨੀਤੀ ਨੂੰ ਆਪੋ ਵਿੱਚ ਇਉਂ ਰਲਗੱਡ ਕਰ ਦਿਤਾ ਗਿਆ ਹੈ ਕਿ ਇਨ੍ਹਾਂ ਨੂੰ ਇਕ-ਦੂਜੇ ਤੋਂ ਵੱਖ ਕਰਨਾ ਜੇ ਨਾਮੁਮਕਿਨ ਨਹੀਂ ਤਾਂ ਮੁਸ਼ਕਲ ਜ਼ਰੂਰ ਹੋ ਗਿਆ ਹੋਇਆ ਹੈ। ਜੇ ਕੋਈ ਇਸ ਮੁਸ਼ਕਲ ਨੂੰ ਹਲ ਕਰਨ ਲਈ ਆਵਾਜ਼ ਉਠਾਂਦਾ ਹੈ ਜਾਂ ਹੰਭਲਾ ਮਾਰਦਾ ਹੈ ਤਾਂ ਧਰਮ ਤੇ ਰਾਜਨੀਤੀ ਪੁਰ ਕੁੰਡਲ ਮਾਰੀ ਬੈਠੇ ਕੌਮ ਦੇ ਠੇਕੇਦਾਰ ਉਸਦਾ ਜੀਣਾ ਹਰਾਮ ਕਰ ਦਿੰਦੇ ਹਨ। ਉਸ ਵਿਰੁਧ ਫਤਵਾ ਜਾਰੀ ਕਰ ਦਿਤਾ ਜਾਂਦਾ ਹੈ ਕਿ ਉਹ ਗੁਰੂ ਸਾਹਿਬਾਨ ਵਲੋਂ ਸਥਾਪਤ ਕੀਤੀਆਂ ਹੋਈਆਂ ਸਿੱਖੀ ਦੀਆਂ ਮਰਿਆਦਾਵਾਂ ਅਤੇ ਪਰੰਪਰਾਵਾਂ ਪੁਰ ਕੁਹਾੜਾ ਮਾਰ ਰਿਹਾ ਹੈ।
ਅਜ ਰਾਜਸੱਤਾ ਤਕ ਪੁਜਣ ਲਈ ਕੌਮ ਦੀਆਂ ਧਾਰਮਕ ਭਾਵਨਾਵਾਂ ਦਾ ਸ਼ੌਸ਼ਣ ਕਰਨ ਤੋਂ ਕੋਈ ਸੰਕੋਚ ਨਹੀਂ ਕੀਤਾ ਜਾਂਦਾ! ਧਾਰਮਕ ਸੰਸਥਾਵਾਂ ਨੂੰ ਰਾਜਸੀ ਸੁਆਰਥ ਲਈ ਵਰਤਣ ਦੇ ਉਦੇਸ਼ ਨਾਲ ਉਨ੍ਹਾਂ ਪੁਰ ਕਬਜ਼ਾ ਕਰਨ ਲਈ ਹਰ ਤਰ੍ਹਾਂ ਦੇ ਜਾਇਜ਼ ਅਤੇ ਨਾਜਾਇਜ਼ ਹਥਕੰਡਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਫਿਰ ਅਜਿਹਾ ਕਰਦਿਆਂ ਕਿਸੇ ਵੀ ਤਰ੍ਹਾਂ ਦੀ ਸ਼ਰਮ ਵੀ ਮਹਿਸੂਸ ਨਹੀਂ ਕੀਤੀ ਜਾਂਦੀ। ਮਤਲਬ ਇਹ ਕਿ ਰਾਜਸੱਤਾ ਹਾਸਲ ਕਰਨ ਦੇ ਉਦੇਸ਼ ਨਾਲ ਧਾਰਮਕ ਭਾਵਨਾਵਾਂ ਦਾ ਸ਼ੋਸ਼ਣ ਕਰਨਾ ਜਾਇਜ਼ ਸਮਝਿਆ ਜਾਣ ਲਗਾ ਹੈ। ਇਤਨਾ ਹੀ ਨਹੀਂ, ਆਪਣੇ ਰਾਜਸੀ ਸੁਆਰਥ ਨੂੰ ਪੂਰਿਆਂ ਕਰਨ ਲਈ ਉਨ੍ਹਾਂ ਦੀ ਵਰਤੋਂ ਕਰਨ ਵਾਸਤੇ, ਪ੍ਰਚਲਤ ਅਤੇ ਸਥਾਪਤ ਮਰਿਆਦਾਵਾਂ ਅਤੇ ਪਰੰਪਰਾਵਾਂ ਦਾ ਵੀ ਘਾਣ ਕੀਤਾ ਜਾਣ ਲਗਾ ਹੈ। ਫਿਰ ਇਸ ਕੋਝੇ ਬਦਲਾਉ ਨੂੰ ਠੀਕ ਸਾਬਤ ਕਰਨ ਲਈ, ਉਨ੍ਹਾਂ ਦੀ ਪ੍ਰੀਭਾਸ਼ਾ ਨੂੰ ਵੀ ਆਪਣੀ ਇੱਛਾ ਅਨੁਸਾਰ ਢਾਲਣਾ ਸ਼ੁਰੂ ਕਰ ਦਿੱਤਾ ਗਿਆ ਹੈ।  
ਮਤਲਬ ਇਹ ਕਿ ਵਰਤਮਾਨ ਸਮੇਂ ਵਿੱਚ ਰਾਜਸੱਤਾ ਲਈ ਧਰਮ ਅਤੇ ਧਾਰਮਕ ਸੰਸਥਾਵਾਂ ਦੀ ਵਰਤੋਂ ਕਰਨ ਅਤੇ ਰਾਜਸੀ ਖੇਤ੍ਰ ਵਿੱਚ ਆਪਣੇ ਪ੍ਰਭਾਵ ਨੂੰ ਕਾਇਮ ਕਰਨ ਲਈ ਹਰ ਤਰ੍ਹਾਂ ਦੇ ਹੱਥਕੰਡਿਆਂ ਦੀ ਵਰਤੋਂ ਆਮ ਗਲ ਹੋ ਗਈ ਹੈ। ਜਿਸਦਾ ਨਤੀਜਾ ਇਹ ਹੋਇਆ ਹੈ ਕਿ ਅਜ ਨਾ ਤਾਂ ਧਰਮ ਨੂੰ ਧਰਮ ਅਤੇ ਨਾ ਹੀ ਰਾਜਨੀਤੀ ਨੂੰ ਰਾਜਨੀਤੀ ਰਹਿਣ ਦਿਤਾ ਗਿਆ ਹੈ।
ਫਿਰ ਹਨੇਰ ਸਾਈਂ ਦਾ, ਜਿਹੜੇ ਲੋਕੀ ਅਜਿਹਾ ਕਰ ਰਹੇ ਹਨ, ਉਹ ਆਪਣੇ ਗੁਨਾਹ ਨੂੰ ਸਵੀਕਾਰ ਕਰਨ ਦੀ ਬਜਾਏ, ਆਪਣੇ ਆਪਨੂੰ ਬੇਗੁਨਾਹ ਸਾਬਤ ਕਰਨ ਲਈ, ਗੁਰੂ ਸਾਹਿਬ ਦੇ ਨਾਂ ਦੀ ਵਰਤੋਂ ਕਰਦਿਆਂ, ਇਹ ਆਖਣਾ ਸ਼ੁਰੂ ਕਰ ਦਿੰਦੇ ਹਨ ਕਿ ਗੁਰੂ ਸਾਹਿਬ ਨੇ ਹੀ ਤਾਂ ਮੀਰੀ-ਪੀਰੀ ਦੇ ਸਿਧਾਂਤ ਰਾਹੀਂ ਧਰਮ ਅਤੇ ਰਾਜਨੀਤੀ ਨੂੰ ਇਕਠਿਆਂ ਕੀਤਾ ਹੈ। ਉਹ ਇਹ ਸਵੀਕਾਰ ਕਰਨ ਲਈ ਤਿਆਰ ਹੀ ਨਹੀਂ ਹੁੰਦੇ ਕਿ ਗੁਰੂ ਸਾਹਿਬ ਨੇ ਧਰਮ ਤੇ ਰਾਜਨੀਤੀ ਨੂੰ ਇਕਠਿਆਂ ਨਹੀਂ ਕੀਤਾ, ਸਗੋਂ ਭਗਤੀ ਅਤੇ ਸ਼ਕਤੀ ਨੂੰ ਇਕ-ਦੂਜੇ ਦੇ ਪੂਰਕ ਵਜੋਂ ਸਥਾਪਤ ਕੀਤਾ ਹੈ। ਇਸਦੀ ਪ੍ਰਤੱਖ ਉਦਾਹਰਣ ਖ਼ਾਲਸੇ ਦੀ ਸਿਰਜਨਾ ਹੈ, ਜੋ ਨਿਰੰਕੁਸ਼ ਰਾਜੇ ਜਾਂ ਮਹਾਰਾਜੇ ਦਾ ਨਹੀਂ, ਸਗੋਂ ਸਮਰਪਿਤ ਸੰਤ-ਸਿਪਾਹੀ ਦਾ ਸਰੂਪ ਹੈ।
ਗੁਰੂ ਸਾਹਿਬ ਵਲੋਂ ਸੰਤ-ਸਿਪਾਹੀ ਦੇ ਰੂਪ ਵਿੱਚ ਸਿਰਜਿਆ 'ਖਾਲਸਾ', ਸੱਤਾਧਾਰੀ ਜਾਂ ਨਿਰੰਕੁਸ਼ ਮਹਾਰਾਜਾ ਜਾਂ ਬਾਦਸ਼ਾਹ ਨਹੀਂ, ਸਗੋਂ ਅਕਾਲ ਪੁਰਖ ਦੀ ਫੌਜ (ਸੰਤ-ਸਿਪਾਹੀ) ਹੈ, ਜਿਸਦੀ ਜ਼ਿਮੇਂਦਾਰੀ ਨਾਮ-ਸਿਮਰਨ ਕਰਦਿਆਂ, ਅਨਿਆਇ ਤੇ ਅਤਿਆਚਾਰ ਵਿਰੁਧ ਜੂਝਣਾ ਅਤੇ ਇਨਸਾਫ ਤੇ ਗਰੀਬ-ਮਜ਼ਲੂਮ ਦੀ ਰਖਿਆ ਕਰਦਿਆਂ, ਆਪਣੇ ਆਪਨੂੰ, ਆਪਣੇ ਮਾਲਕ (ਅਕਾਲ ਪੁਰਖ) ਵਲੋਂ ਨਿਸ਼ਚਿਤ ਨਿਯਮਾਂ ਅਤੇ ਕਾਨੂੰਨਾਂ ਦੇ ਪਾਲਣ ਪ੍ਰਤੀ ਸਮਰਪਿਤ ਰਖਣਾ ਹੈ।

ਧਾਰਮਕ ਸੰਸਥਾਂਵਾਂ ਦਾ ਰਾਜਸੀਕਰਣ: ਅਜਕਲ ਜਿਸਤਰ੍ਹਾਂ ਧਾਰਮਕ ਸੰਸਥਾਵਾਂ ਦੀ ਵਰਤੋਂ ਰਾਜਸੀ ਸੁਆਰਥ ਅਤੇ ਉਦੇਸ਼ਾਂ ਲਈ ਕੀਤੀ ਜਾਣੀ ਸ਼ੁਰੂ ਕਰ ਦਿਤੀ ਗਈ ਹੈ, ਉਸਦਾ ਵੀ ਸਿੱਖੀ ਪੁਰ ਮਾਰੂ ਅਸਰ ਪੈ ਰਿਹਾ ਹੈ। ਇਨ੍ਹਾਂ ਸੰਸਥਾਵਾਂ ਵਲੋਂ ਆਯੋਜਿਤ ਸਮਾਗਮਾਂ ਵਿੱਚ ਜਿਥੇ ਇਕ ਅਕਾਲੀ ਦਲ ਦੇ ਆਗੂ 'ਰਾਜ ਬਿਨਾ ਨਹਿੰ ਧਰਮ ਚਲੈ ਹੈਂ, ਧਰਮ ਬਿਨਾਂ ਸਭ ਦਲੈ ਮਲੈ ਹੈਂ' ਦੀ ਗਲ ਬਾਰ-ਬਾਰ ਦੁਹਰਾ, ਆਪਣੇ ਲਈ ਸੱਤਾ ਦੀ ਮੰਗ ਕਰਦੇ ਹਨ ਅਤੇ ਉਥੇ ਹੀ ਦੂਸਰੇ  ਦਲ ਦੇ ਆਗੂ ਖਾਲਿਸਤਾਨ ਦੇ ਨਾਂ ਤੇ ਆਪਣੇ ਲਈ ਸੱਤਾ ਚਾਹੁੰਦੇ ਹਨ।
ਪੰਜਾਬੀ ਸੂਬਾ ਬਣਨ ਪਿਛੋਂ ਕਈ ਵਾਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਸੱਤਾ ਪੁਰ ਕਾਬਜ਼ ਹੋਇਆ ਹੈ। ਇਸ ਸਮੇਂ ਦੌਰਾਨ ਸਿੱਖੀ ਕਿਤਨੀ ਵੱਧੀ-ਫੁਲੀ ਹੈ? ਇਸਦਾ ਕਦੀ ਮੁਲਾਂਕਣ ਨਾ ਤਾਂ ਕਦੀ ਕੀਤਾ ਗਿਆ ਹੈ ਅਤੇ ਨਾ ਹੀ ਕਦੀ ਕੀਤਾ ਜਾਇਗਾ। ਕਿਉਂਕਿ ਹਰ ਕੋਈ ਜਾਣਦਾ ਹੈ ਕਿ ਇਸਦਾ ਮੁਲਾਂਕਣ ਕਰਨ ਤੇ ਨਿਰਾਸ਼ਾ ਹੀ ਹੱਥ ਲਗੇਗੀ।

ਸ਼੍ਰੋਮਣੀ ਅਕਾਲੀ ਦਲ ਦੀ ਪਰੰਪਰਾ: ਸ਼੍ਰੋਮਣੀ ਅਕਾਲੀ ਦਲ, ਆਪਣੀ ਸਥਾਪਨਾ ਤੋਂ ਲੈ ਕੇ ਸੱਦਾ ਹੀ ਸਿੱਖੀ ਦੀਆਂ ਮਾਨਤਾਵਾਂ, ਪਰੰਪਰਾਵਾਂ, ਮਰਿਆਦਾਵਾਂ ਅਤੇ ਗੁਰਧਾਮਾਂ ਦੀ ਪਵਿਤ੍ਰਤਾ ਦੀ ਰਖਿਆ ਲਈ ਜੂਝਦਾ ਆਇਆ ਹੈ। ਇਸ ਵਲੋਂ ਲਾਏ ਗਏ ਹਰ ਮੋਰਚੇ ਦੇ ਨਾਲ ਵੀ ਇਹੀ ਆਦਰਸ਼ ਜੁੜਿਆ ਰਹਿੰਦਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਦਾ ਹੀ ਸ਼੍ਰੋਮਣੀ ਅਕਾਲੀ ਦਲ ਦਾ ਸ਼ਕਤੀ ਸੋਮਾ ਰਹੀ, ਇਹ ਨਾ ਕੇਵਲ ਉਸਦੀ ਸਹਾਇਕ ਹੀ ਰਹੀ, ਸਗੋਂ ਉਸਦੀ ਮੂਲ ਸ਼ਕਤੀ ਵੀ ਬਣੀ ਰਹੀ ਹੈ। ਜਦੋਂ ਸ਼੍ਰੋਮਣੀ ਅਕਾਲੀ ਦਲ ਸੱਤਾ ਵਿੱਚ ਨਹੀਂ ਹੁੰਦਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਉਸਦੀ ਰੂਹ ਬਣ ਉਸਨੂੰ ਜ਼ਿੰਦਾ ਰਖਦੀ ਹੈ। ਅਕਾਲੀ ਦਲ ਦਾ ਹਰ ਮੋਰਚਾ ਮੰਜੀ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਤੋਂ ਲਗਾ। ਇਨ੍ਹਾਂ ਮੋਰਚਿਆਂ ਦੀ ਸਫਲਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਤੇ ਹੀ ਨਿਰਭਰ ਹੁੰਦੀ ਸੀ। ਹੁਣ ਤਾਂ ਇਹ ਮੰਨਿਆ ਜਾਣ ਲਗਾ ਹੈ ਕਿ ਰਾਜਸੱਤਾ ਦੀ ਲਾਲਸਾ ਨੂੰ ਪੂਰਿਆਂ ਕਰਨ ਲਈ ਅਕਾਲੀ ਆਗੂਆਂ ਨੇ ਹੀ ਇਸ ਸ਼ਕਤੀ-ਸੋਮੇ ਨੂੰ ਰਾਜਸੀ ਸੁਆਰਥ ਦੀ ਪੂਰਤੀ ਲਈ ਵਰਤਣ ਦੇ ਉਦੇਸ਼ ਨਾਲ, ਇਸਦੇ ਧਾਰਮਕ ਏਜੰਡੇ ਨੂੰ ਬਾਹਰ ਧੱਕ ਇਸਦੀਆਂ ਜੜ੍ਹਾਂ ਵਿੱਚ ਤੇਲ ਦੇਣਾ ਸ਼ੁਰੂ ਕਰ ਦਿੱਤਾ ਹੈ।

...ਅਤੇ ਅੰਤ ਵਿੱਚ : ਇਹ ਗਲ ਚਿੱਟੇ ਦਿਨ ਵਾਂਗ ਸਾਫ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜੋ ਸਿੱਖਾਂ ਦੀ ਮਿਨੀ ਪਾਰਲੀਮੈਂਟ ਵਜੋਂ ਸਵੀਕਾਰੀ ਜਾਂਦੀ ਹੈ, ਜਦੋਂ ਦੀ ਹੋਂਦ ਵਿੱਚ ਆਈ ਹੈ, ਤਦ ਤੋਂ ਹੀ ਉਸਦੀ ਸੱਤਾ ਪੁਰ ਅਕਾਲੀਆਂ ਦਾ ਹੀ ਕਬਜ਼ਾ ਚਲਿਆ ਆ ਰਿਹਾ ਹੈ। ਜੇ ਬਹੁਤਾ ਦੂਰ ਨਾ ਜਾਈਏ ਤੇ ਕੇਵਲ ਬੀਤੇ ਤੀਹ-ਪੈਂਤੀ ਵਰ੍ਹਿਆਂ ਦੇ ਇਤਿਹਾਸ ਦੀ ਹੀ ਘੋਖ ਕਰ, ਇਸ ਗਲ ਦਾ ਮੁਲਾਂਕਣ ਕੀਤਾ ਜਾਏ ਕਿ ਇਸ ਸਮੇਂ ਦੌਰਾਨ ਉਸਦਾ ਸਿੱਖੀ ਦੇ ਪ੍ਰਚਾਰ ਤੇ ਪਸਾਰ ਵਿੱਚ ਕੀ ਯੋਗਦਾਨ ਰਿਹਾ ਹੈ? ਤਾਂ ਨਤੀਜਾ ਸਿਫਰ ਹੀ ਸਾਹਮਣੇ ਆਇਗਾ।

Mobile : + 91 95 82 71 98 90
E-mail : jaswantsinghajit@gmail.com
Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085