ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

18 ਅਪ੍ਰੈਲ 2021

ਨਿਆਂ ਪਾਲਿਕਾ ਦਾ ਮਜ਼ਾਕ ਉਡਾ ਰਹੇ ਹਨ ਬਾਦਲ ਅਤੇ ਅਮਰਿੰਦਰ- ਹਰਪਾਲ ਚੀਮਾ
ਰਾਂਝੇ ਆਖਿਆ ਸਿਆਲ਼ ਰਲ਼ ਗਏ ਸਾਰੇ, ਤੇ ਹੀਰ ਵੀ ਛੱਡ ਈਮਾਨ ਚੱਲੀ।

ਹਰਿਆਣਾ ਸਰਕਾਰ ਕਿਸਾਨਾਂ ਦੀ ਭਲਾਈ ਲਈ ਹਮੇਸ਼ਾ ਯਤਨਸ਼ੀਲ-ਇਕ ਖ਼ਬਰ
ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਤੋਂ ਬਾਅਦ ਹੁਣ ਆਮਦਨ ਤਿੱਗਣੀ ਕੀਤੀ ਜਾਵੇਗੀ।

ਹਾਈ ਕੋਰਟ ਦੇ ਫ਼ੈਸਲੇ ਤੇ ‘ਜਥੇਦਾਰ’ ਅਤੇ ਸ਼੍ਰੋਮਣੀ ਕਮੇਟੀ ਚੁੱਪ ਕਿਉਂ?-ਤਿਰਲੋਚਨ ਸਿੰਘ ਦੁਪਾਲਪੁਰ
ਚੋਰ ਦੀ ਮਾਂ, ਕੋਠੀ ’ਚ ਮੂੰਹ।

ਰੂਸ ਦੇ ਬਦਲਦੇ ਇਰਾਦੇ ਭਾਰਤ ਲਈ ਖ਼ਤਰਨਾਕ-ਇਕ ਖ਼ਬਰ
ਰੋਟੀ ਲੈ ਕੇ ਦਿਓਰ ਦੀ ਚੱਲੀ, ਅੱਗੇ ਜੇਠ ਬੱਕਰਾ ਹਲ਼ ਵਾਹੇ।

ਸੁਖਬੀਰ ਬਾਦਲ ਵਲੋਂ ਦਲਿਤ ਉੱਪ ਮੁੱਖ ਮੰਤਰੀ ਹੀ ਕਿਉਂ, ਮੁੱਖ ਮੰਤਰੀ ਕਿਉਂ ਨਹੀਂ -ਮਨੀਸ਼ ਤਿਵਾੜੀ
ਤਿਵਾੜੀ ਸਾਹਿਬ ਜੀ, ਸੁਖਬੀਰ ਬਾਦਲ ਆਪਣੇ ਆਪੋ ਨੂੰ ਦਾਤਾ ਸਮਝ ਰਿਹੈ।

ਚੋਣ ਕਮਿਸ਼ਨ ਦਾ ਮਮਤਾ ਬੈਨਰਜੀ ਪ੍ਰਤੀ ਪੱਖਪਾਤੀ ਰਵੱਈਆ- ਸ਼ਿਵ ਸੈਨਾ
ਉੱਤੋਂ ਰਾਤ ਹਨ੍ਹੇਰੀ ਨੀਂ, ਇੱਥੇ ਕੋਈ ਨਾ ਤੇਰਾ ਦਰਦੀ।

ਬੇਅਦਬੀ ਮਾਮਲੇ ਦੇ ਸਬੰਧ ਵਿਚ ਪ੍ਰਤਾਪ ਸਿੰਘ ਬਾਜਵਾ ਨੇ ਐਡਵੋਕਟ ਜਨਰਲ ਦਾ ਮੰਗਿਆ ਅਸਤੀਫ਼ਾ- ਇਕ ਖ਼ਬਰ
ਬਾਜਵਾ ਸਾਹਿਬ, ਐਡਵੋਕੇਟ ਜਨਰਲ ਨੇ ਤਾਂ ਮਾਲਕਾਂ ਦਾ ਹੀ ਹੁਕਮ ਬਜਾਇਐ।

ਕਾਂਗਰਸ ਛੱਡ ਅਕਾਲੀ ਦਲ ‘ਚ ਸ਼ਾਮਲ ਹੁੰਦਿਆਂ ਹੀ ਹੰਸ ਰਾਜ ਜੋਸਨ ਨੂੰ ਮਿਲੀ ਜਨਰਲ ਸਕੱਤਰੀ- ਇਕ ਖ਼ਬਰ
ਝੱਟ ਮੰਗਣੀ, ਪਟ ਸ਼ਾਦੀ।

ਕੋਰੋਨਾ ਨਾਲ਼ ਨਜਿੱਠਣ ਲਈ ਪ੍ਰਧਾਨ ਮੰਤਰੀ ‘ਰਾਜ ਧਰਮ’ ਦਾ ਪਾਲਣ ਕਰਨ- ਸੂਰਜੇਵਾਲਾ
ਨਾ ਭਾਈ ਨਾ! ਇਸ ਵੇਲੇ ‘ਚੋਣ ਧਰਮ’ ਸਭ ਤੋਂ ਉੱਤਮ ਧਰਮ ਹੈ।  

ਸਰਕਾਰੀ ਸਕੀਮਾਂ ਦੇ 30 ਪ੍ਰਤੀਸ਼ਤ ਫੰਡ ਅਨੁਸੂਚਿਤ ਜਾਤੀਆਂ ਲਈ ਖ਼ਰਚੇ ਜਾਣਗੇ- ਕੈਪਟਨ
ਹੁਣ ਖਿਲਰਣਗੇ ਚੋਗੇ, ਚੋਣਾਂ ਆਈਆਂ ਚੋਣਾਂ ਆਈਆਂ।

ਅਕਾਲੀ ਸਰਕਾਰ ਬਣਨ ‘ਤੇ ਉੱਪ ਮੁੱਖ ਮੰਤਰੀ ਦਲਿਤ ਹੋਵੇਗਾ- ਸੁਖਬੀਰ
ਏਦਾਂ ਦੇ ਲੱਕੜ ਦੇ ਮੁੰਡੇ ਤੇਰਾ ਭਾਪਾ ਕਈ ਲੋਕਾਂ ਨੂੰ ਪਹਿਲਾਂ ਵੀ ਕਈ ਵਾਰੀ ਦੇ ਚੁੱਕਾ ਹੈ।

ਭਾਜਪਾ ਦੀ ਸਰਕਾਰ ਬਣਨ ‘ਤੇ ਉੱਪ ਮੁੱਖ ਮੰਤਰੀ ਦਲਿਤ ਹੋਵੇਗਾ-ਤਰੁਣ ਚੁੱਘ
ਤਾਏ ਦੀ ਧੀ ਚੱਲੀ ਤਾਂ ਮੈਂ ਕਿਉਂ ਰਹਾਂ ਇਕੱਲੀ।

ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਬਹਾਲ ਕਰਵਾਉਣ ਲਈ ਜੱਦੋ-ਜਹਿਦ ਜਾਰੀ ਰੱਖਾਂਗੀ- ਮਹਿਬੂਬਾ
ਬਾਲਣ ਹੱਡੀਆਂ ਦਾ, ਰੋਟੀ ਇਸ਼ਕੇ ਦੀ ਲਾਈ ਹੋਈ ਏ।

ਸਿਡਨੀ ਦੇ ਗੁਰਦੁਆਰੇ ‘ਚ ਚੇਅਰਮੈਨ ਚੁਣਨ ‘ਤੇ ਵਿਵਾਦ- ਇਕ ਖਬਰ
ਕੂੰਡੇ ਟੁੱਟ ਗਏ ਘੋਟਣੇ ਭੱਜ ਗਏ, ਤਕੀਏ ਮਲੰਗ ਲੜ ਪਏ।

ਗੁਜਰਾਤ ’ਚ ਪੰਜਾਬੀ ਕਿਸਾਨ ਦੀ ਸਰ੍ਹੋਂ ਸਾੜੀ, ਮੋਦੀ ਤੋਂ ਸੁਰੱਖਿਆ ਦੀ ਗੁਹਾਰ- ਇਕ ਖ਼ਬਰ
ਭੋਲੇ ਲੋਕ ਉਸੇ ਤੋਂ ਸੁਰੱਖਿਅ ਮੰਗਦੇ ਆ ਜਿਹਨੇ ਇਹਨਾਂ ਵਿਰੁੱਧ ਸੁਪਰੀਮ ਕੋਰਟ ‘ਚ ਕੇਸ ਪਾਇਆ।

ਬੇਅਦਬੀ ਕਾਂਡ ਦੇ ਤਫ਼ਤੀਸ਼ੀ ਅਫ਼ਸਰ ਕੁੰਵਰ ਵਿਜੈ ਪ੍ਰਤਾਪ ਸਿੰਘ ਵਲੋਂ ਅਸਤੀਫ਼ਾ-ਇਕ ਖ਼ਬਰ
ਢਾਬ ਤੇਰੀ ਦਾ ਗੰਦਲਾ ਪਾਣੀ, ਉੱਤੋਂ ਬੂਰ ਹਟਾਵਾਂ।

ਕੈਪਟਨ ਨੇ ਕੇਂਦਰ ਸਰਕਾਰ ਅੱਗੇ ਗੋਡੇ ਟੇਕੇ- ਸੁਖਬੀਰ ਬਾਦਲ
ਆਪਣੀ ਪੀੜ੍ਹੀ ਹੇਠ ਵੀ ਸੋਟਾ ਫੇਰ ਲਿਆ ਕਰੋ ਕਦੇ।