ਅਤੀਤ, ਵਰਤਮਾਨ ਤੇ ਭਵਿੱਖ - ਸਵਰਾਜਬੀਰ

ਕੀ ਸਿਆਸੀ ਜਮਾਤਾਂ ਜਾਂ ਜਥੇਬੰਦੀਆਂ ਕਿਸੇ ਭੂਗੋਲਿਕ ਖ਼ਿੱਤੇ ਵਿਚ ਵਸਦੇ ਲੋਕਾਂ ਦਾ ਚੇਤਨ ਅਤੇ ਅਵਚੇਤਨ ਇੰਨੀ ਵੱਡੀ ਪੱਧਰ ’ਤੇ ਬਦਲ ਸਕਦੀਆਂ ਹਨ ਕਿ ਉਸ ਖ਼ਿੱਤੇ ਦੇ ਲੋਕਾਂ ਦੇ ਮਨਾਂ ਵਿਚ ਨਫ਼ਰਤ, ਸ਼ੱਕ, ਹਿੰਸਾ ਅਤੇ ਅਜਿਹੇ ਹੋਰ ਵੰਡ-ਪਾਊ ਜਜ਼ਬੇ ਬੁਨਿਆਦੀ ਸਰੋਕਾਰ ਬਣ ਜਾਣ ਅਤੇ ਸਾਂਝੀਵਾਲਤਾ, ਸਮਾਜਿਕ ਏਕਤਾ ਤੇ ਬਰਾਬਰੀ ਦੀਆਂ ਭਾਵਨਾਵਾਂ ਦੱਬੀਆਂ ਅਤੇ ਮਧੋਲੀਆਂ ਜਾਣ? ਕੀ ਅਜਿਹਾ ਕ੍ਰਿਸ਼ਮਾ ਹੌਲੀ ਹੌਲੀ ਰੋਜ਼ਾਨਾ ਜ਼ਿੰਦਗੀ ਵਿਚ ਭੋਰਾ ਭੋਰਾ ਜ਼ਹਿਰ ਪਰੋਸ ਕੇ ਕੀਤਾ ਜਾ ਸਕਦਾ ਹੈ ਅਤੇ ਇਸ ਨੂੰ ਕਰਨ ਵਾਲੇ ਆਪਣੇ ਕਾਰਜ ਨੂੰ ਰਾਸ਼ਟਰ-ਨਿਰਮਾਣ, ਚਰਿੱਤਰ-ਨਿਰਮਾਣ ਅਤੇ ਸਮਾਜ-ਸੇਵਾ ਵਜੋਂ ਪੇਸ਼ ਕਰ ਸਕਦੇ ਹਨ? ਕੀ ਲੋਕਾਂ ਦੀ ਸਮੂਹਿਕ ਸੋਚ ਨੂੰ ਇੰਨੀ ਵੱਡੀ ਪੱਧਰ ’ਤੇ ਗੰਧਲਾਇਆ ਜਾ ਸਕਦਾ ਹੈ ਕਿ ਉਹ ਤਾਰਕਿਕ ਸੋਚ ਤੱਜ ਕੇ ਤਰਕਹੀਣਤਾ ਤੇ ਅੰਧ-ਵਿਸ਼ਵਾਸ ਨੂੰ ਅਪਣਾ ਲਵੇ? ਹਿੰਦੋਸਤਾਨੀ ਬਰੇ-ਸਗੀਰ (ਉਪ-ਮਹਾਂਦੀਪ) ਦੇ ਪਿਛਲੇ ਸਵਾ ਸੌ ਸਾਲ ਦੇ ਇਤਿਹਾਸ ’ਤੇ ਨਜ਼ਰ ਮਾਰੀ ਜਾਵੇ ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਸਭ ਕੁਝ ਸੰਭਵ ਹੈ। ਸਦੀਆਂ ਤੋਂ ਇਕੱਠੇ ਵਸਦੇ ਲੋਕ-ਸਮੂਹਾਂ ਨੂੰ ਵੰਡਿਆ ਜਾ ਸਕਦਾ ਹੈ ਅਤੇ ਵੱਖ ਵੱਖ ਧਾਰਮਿਕ ਫ਼ਿਰਕਿਆਂ ਦੇ ਲੋਕਾਂ ਦੇ ਮਨਾਂ ਵਿਚ ਇਕ-ਦੂਸਰੇ ਦੇ ਪ੍ਰਤੀ ਨਫ਼ਰਤ, ਕੁੜੱਤਣ, ਸ਼ੱਕ ਅਤੇ ਵੈਰ-ਵਿਰੋਧ ਦੇ ਬੀਜ ਬੀਜੇ ਜਾ ਸਕਦੇ ਹਨ। ਅਜਿਹੀ ਖੇਤੀ ਤੋਂ ਨਫ਼ਰਤ ਦੀਆਂ ਫ਼ਸਲਾਂ ਉਗਾਈਆਂ ਜਾ ਸਕਦੀਆਂ ਹਨ ਅਤੇ ਉਨ੍ਹਾਂ ਤੋਂ ਸਿਆਸੀ ਲਾਹਾ ਲੈਂਦਿਆਂ ਤਾਕਤ ਹਾਸਲ ਕੀਤੀ ਜਾ ਸਕਦੀ ਹੈ। ਹਿੰਦੋਸਤਾਨੀ ਬਰੇ-ਸਗੀਰ ਵਿਚ ਇਹ ਕੰਮ ਕੱਟੜਪੰਥੀ ਜਥੇਬੰਦੀਆਂ ਨੇ ਇੰਨੀ ਸਫ਼ਲਤਾ ਨਾਲ ਕੀਤਾ ਹੈ ਕਿ ਇਨ੍ਹਾਂ ਨਾਲ ਤਅੱਲਕ ਨਾ ਰੱਖਣ ਵਾਲਾ ਕੋਈ ਵੀ ਬੰਦਾ ਇਸ ਕ੍ਰਿਸ਼ਮੇ ਅਤੇ ਇਸ ਦੇ ਪਸਾਰਾਂ ਨੂੰ ਤੱਕ ਕੇ ਹੈਰਾਨ ਰਹਿ ਜਾਂਦਾ ਹੈ।
        ਇਸੇ ਕਾਰਜ ਨੂੰ ਵੱਖ ਵੱਖ ਸਮਿਆਂ ਵਿਚ ਵੱਖ ਵੱਖ ਗਤੀਆਂ ਨਾਲ ਕੀਤਾ ਗਿਆ ਹੈ, ਕਦੇ ਬਹੁਤ ਸਹਿਜ ਨਾਲ, ਹੌਲੀ ਹੌਲੀ, ਰੋਜ਼ਾਨਾ ਜ਼ਿੰਦਗੀ ਵਿਚ ਨੋਟਿਸ ਵਿਚ ਨਾ ਆਉਣ ਵਾਲਾ ਪ੍ਰਚਾਰ ਕਰ ਕੇ, ਕਦੇ ਬਹੁਤ ਤੇਜ਼ੀ ਨਾਲ ਨਫ਼ਰਤ ਭਰੇ ਪ੍ਰਚਾਰ ਦਾ ਤੂਫ਼ਾਨ ਚਲਾ ਕੇ ਅਤੇ ਕਦੇ ਅਜਿਹੇ ਤੂਫ਼ਾਨਾਂ ਨੂੰ ਮਨੁੱਖਾਂ ਦੇ ਮਨਾਂ ਵਿਚ ਹਿੰਸਾ ਦੇ ਹਥਿਆਰ ਬਣਾ ਕੇ ਫ਼ਿਰਕੂ ਦੰਗੇ ਅਤੇ ਲੋਕ-ਸਮੂਹਾਂ ਦੀ ਵੰਡ (ਪੰਜਾਬ ਅਤੇ ਬੰਗਾਲ ਦੀ 1947 ਵਿਚ ਵੰਡ) ਕਰਵਾ ਕੇ। ਕਦੇ ਅਜਿਹੇ ਵਰਤਾਰੇ ਘੱਟਗਿਣਤੀ ਫ਼ਿਰਕਿਆਂ ਨੂੰ ਨਿਸ਼ਾਨਾ ਬਣਾਉਣ ਦੇ ਰੂਪ ਵਿਚ ਸਾਹਮਣੇ ਆਏ, ਕਦੇ ਹਜੂਮੀ ਹਿੰਸਾ ਦੇ ਰੂਪ ਵਿਚ ਅਤੇ ਕਦੇ ਲੋਕਾਂ ਨੂੰ ਲੰਮੀ ਦੇਰ ਲਈ ਵੰਡਣ ਵਾਲੇ ਕੰਮ ਕਰ ਕੇ : ਉਦਾਹਰਨ ਦੇ ਤੌਰ ’ਤੇ ਭਾਰਤ ਵਿਚ ਬਾਬਰੀ ਮਸਜਿਦ ਢਾਹੁਣਾ, ਨਾਗਰਿਕਤਾ ਸੋਧ ਕਾਨੂੰਨ ਬਣਾਉਣਾ ਆਦਿ, ਪਾਕਿਸਤਾਨ ਵਿਚ ਅਹਿਮਦੀਆਂ ਨੂੰ ਗ਼ੈਰ-ਮੁਸਲਮਾਨ ਕਰਾਰ ਦੇਣਾ, ਸਿੰਧੀਆਂ, ਬਲੋਚਾਂ, ਮੁਹਾਜਿਰਾਂ, ਹਿੰਦੂ, ਸਿੱਖ, ਇਸਾਈ, ਸ਼ੀਆ ਭਾਈਚਾਰਿਆਂ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਆਦਿ।
       ਹਿੰਦੋਸਤਾਨੀ ਬਰੇ-ਸਗੀਰ (ਉਪ-ਮਹਾਂਦੀਪ) ਦੇ ਸਭ ਦੇਸ਼ਾਂ ਭਾਰਤ, ਪਾਕਿਸਤਾਨ, ਸ੍ਰੀਲੰਕਾ ਅਤੇ ਬੰਗਲਾਦੇਸ਼ ਵਿਚ ਅਜਿਹੀਆਂ ਨਫ਼ਰਤ-ਪਾਊ ਸੋਚਾਂ ਦੀਆਂ ਨੁਹਾਰਾਂ ਮਿਲਦੀਆਂ ਜੁਲਦੀਆਂ ਹੀ ਨਹੀਂ ਸਗੋਂ ਇਨ੍ਹਾਂ ਦੇ ਤਾਣੇ ਬਾਣੇ ਵਿਚ ਵੀ ਵੱਡੀਆਂ ਸਾਂਝਾਂ ਹਨ, ਇਨ੍ਹਾਂ ਦੇ ਸੂਤਰ ਨਫ਼ਰਤ ਦੀ ਕਪਾਹ ਤੋਂ ਹੀ ਕੱਤੇ ਗਏ ਹਨ। ਭਾਰਤ ਵਿਚ ਬਹੁਗਿਣਤੀ ਫ਼ਿਰਕੇ ਦੇ ਲੋਕਾਂ ਸਾਹਮਣੇ ਇਤਿਹਾਸ ਨੂੰ ਤਰੋੜ ਮਰੋੜ ਕੇ ਪੇਸ਼ ਕਰਦਿਆਂ ਉਨ੍ਹਾਂ ਨੂੰ ਵਿਸ਼ਵਾਸ ਦਿਵਾ ਦਿੱਤਾ ਗਿਆ ਹੈ ਕਿ ਉਹ ਹਜ਼ਾਰ ਤੋਂ ਵੱਧ ਸਾਲਾਂ ਲਈ ਗ਼ੁਲਾਮ ਰਹੇ ਅਤੇ ਹੁਣ ਸਦੀਆਂ ਬਾਅਦ ਮੌਜੂਦਾ ਹਕੂਮਤ ਦੇ ਰੂਪ ਵਿਚ ਉਨ੍ਹਾਂ ਦਾ ਆਪਣਾ ਰਾਜ ਆਇਆ ਹੈ।
        ਅਜਿਹੇ ਸਾਰੇ ਕਾਰਨਾਮੇ ਭਾਸ਼ਾ ਰਾਹੀਂ ਅੰਜ਼ਾਮ ਦਿੱਤੇ ਜਾਂਦੇ ਹਨ। ਭਾਸ਼ਾ ਨੂੰ, ਲੋਕਾਂ ਵਿਚ ਸਾਂਝੀਵਾਲਤਾ ਅਤੇ ਆਪਸੀ ਮਿਲਵਰਤਨ ਵਧਾਉਣ ਵਾਲੀ ਸ਼ਕਤੀ ਤੋਂ ਵਾਂਝਿਆਂ ਕਰ ਕੇ, ਆਪਸੀ ਪਾੜੇ ਵਧਾਉਣ ਅਤੇ ਨਫ਼ਰਤ ਵਧਾਉਣ ਵਾਲੇ ਸੰਦ ਵਿਚ ਤਬਦੀਲ ਕੀਤਾ ਜਾਂਦਾ ਹੈ। ਲੋਕਾਂ ਦੇ ਮਨ ਵਿਚ ਇਹ ਖਿਆਲ ਪਣਪਦੇ ਹਨ ਕਿ ਜੇਕਰ ਉਨ੍ਹਾਂ ਦੇ ਕੁਝ ਸਹਿ-ਧਰਮੀ ਆਪਣੇ ਧਰਮ ਦੀ ਵਡਿਆਈ ਕਰਦੇ ਹੋਏ ਉਸ ਨੂੰ ਸਰਵ-ਉੱਚ ਧਰਮ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਇਸ ਵਿਚ ਕੁਝ ਵੀ ਗ਼ਲਤ ਨਹੀਂ ਹੈ, ਇਹ ਉਸ ਧਾਰਮਿਕ ਫ਼ਿਰਕੇ ਦਾ ਹੱਕ ਹੈ। ਏਦਾਂ ਕਰਦਿਆਂ ਦੂਸਰੇ ਧਾਰਮਿਕ ਫ਼ਿਰਕਿਆਂ ਬਾਰੇ ਨਫ਼ਰਤ ਭਰੇ ਬਿਰਤਾਂਤ ਬਣਾਏ ਜਾਂਦੇ ਹਨ, ਉਨ੍ਹਾਂ ਨੂੰ ਧਰਮ ਨੂੰ ਨਸ਼ਟ ਕਰਨ ਵਾਲੇ ਵਹਿਸ਼ੀਆਂ ਅਤੇ ਜਾਹਲ ਲੋਕਾਂ ਵਜੋਂ ਚਿਤਰ ਕੇ ਪਰਾਏ ਅਤੇ ਬੇਗ਼ਾਨੇ ਗਰਦਾਨਿਆ ਜਾਂਦਾ ਹੈ। ਆਪਣੇ ਸੱਭਿਅਕ ਅਤੇ ਦੂਸਰਿਆਂ ਦੇ ਅਸੱਭਿਅਕ ਹੋਣ ਅਤੇ ਸਿਰਫ਼ ਆਪਣੇ ਧਾਰਮਿਕ ਵਿਚਾਰਾਂ ਦੇ ਸਹੀ ਅਤੇ ਦੂਸਰਿਆਂ ਦੇ ਵਿਚਾਰਾਂ ਨੂੰ ਗ਼ਲਤ ਦਰਸਾਉਣ ਦਾ ਅਜਿਹਾ ਮੱਕੜਜਾਲ ਬੁਣਿਆ ਜਾਂਦਾ ਹੈ ਜਿਹੜਾ ਅਜਿਹਾ ਪ੍ਰਚਾਰ ਕਰਨ ਵਾਲੇ ਲੋਕਾਂ ਦੇ ਸਹਿ-ਧਰਮੀਆਂ ਲਈ ਪਰਮ-ਸੱਚ ਬਣ ਜਾਂਦਾ ਹੈ। ਇਹੀ ਨਹੀਂ, ਅਜਿਹੇ ਚਿੰਤਨ ਦੇ ਮਰਦ-ਪ੍ਰਧਾਨ ਸੋਚ ਅਤੇ ਲਿਤਾੜੇ ਹੋਏ ਲੋਕਾਂ ਨੂੰ ਹੋਰ ਦਬਾ ਕੇ ਰੱਖਣ ਵਾਲੀਆਂ ਹੋਰ ਵਿਚਾਰਧਾਰਾਵਾਂ (ਜਿਵੇਂ ਜਾਤੀਵਾਦ, ਨਸਲਵਾਦ ਆਦਿ) ਨਾਲ ਵੀ ਡੂੰਘੇ ਰਿਸ਼ਤੇ ਹੁੰਦੇ ਹਨ। ਅਜਿਹੇ ਮਿਲਾਪ ਤੋਂ ਪੈਦਾ ਹੋਈਆਂ ਸੋਚਾਂ ਲੋਕਾਂ ਦੇ ਮਨਾਂ ਵਿਚ ਇਉਂ ਵੱਸ ਜਾਂਦੀਆਂ ਹਨ ਜਿਵੇਂ ਉਹ ਲੋਕਾਈ ਦੇ ਸਹਿਜ ਸੁਭਾਵਿਕ ਅਤੇ ਕੁਦਰਤੀ ਸੱਚ ਹੋਣ।
      ਹਿੰਦੋਸਤਾਨੀ ਬਰੇ-ਸਗੀਰ (ਉਪ-ਮਹਾਂਦੀਪ) ਵਿਚ ਕੱਟੜਪੰਥੀ ਜਥੇਬੰਦੀਆਂ ਨੇ ਇਹ ਕਾਰਜ ਇੰਨੀ ਸੂਖ਼ਮਤਾ ਅਤੇ ਲਗਾਤਾਰਤਾ ਨਾਲ ਕਰਕੇ ਲੋਕਾਂ ਨੂੰ ਉਸ ਮੁਹਾਣੇ ’ਤੇ ਲਿਆ ਖਲਾਰਿਆ ਹੈ ਜਿੱਥੇ ਸਮਾਜਿਕ ਤਾਣਾ-ਬਾਣਾ ਬਿਖਰ ਜਾਣ ਦੀਆਂ ਸੰਭਾਵਨਾਵਾਂ ਮੌਜੂਦ ਹਨ।
        ਪ੍ਰਮੁੱਖ ਸਵਾਲ ਇਹ ਹੈ ਕਿ ਕੀ ਲੋਕ ਅਜਿਹੇ ਪ੍ਰਚਾਰ ਨੂੰ ਸਵੀਕਾਰ ਕਰ ਲੈਂਦੇ ਹਨ। ਅਮਲੀ ਰੂਪ ਵਿਚ ਦੇਖਿਆ ਜਾਏ ਤਾਂ ਲੋਕਾਂ ਨੇ ਵੱਖ ਵੱਖ ਸਮਿਆਂ ਵਿਚ ਅਜਿਹੀਆਂ ਸੋਚਾਂ ਨੂੰ ਵੱਡੇ ਪੱਧਰ ’ਤੇ ਸਵੀਕਾਰ ਕੀਤਾ ਹੈ। ਉਨ੍ਹਾਂ ਨੇ ਇਕ-ਦੂਸਰੇ ਵਿਰੁੱਧ ਹਿੰਸਾ ਵਿਚ ਹਿੱਸਾ ਲਿਆ ਅਤੇ ਪੱਖਪਾਤੀ ਸੋਚ ਨੂੰ ਆਪਣੀ ਸਮਝ ਦਾ ਹਿੱਸਾ ਬਣਾ ਲਿਆ। ਇਸ ਸਭ ਕੁਝ ਦੇ ਬਾਵਜੂਦ ਲੋਕਾਈ ਦੀ ਬੁਨਿਆਦੀ ਮਨੁੱਖਤਾ ਅਤੇ ਸਾਂਝੀਵਾਲਤਾ ਨੂੰ ਕਤਲ ਨਹੀਂ ਕੀਤਾ ਜਾ ਸਕਦਾ। ਬਹੁਤ ਸਾਰੇ ਲੋਕ ਇਹ ਮਹਿਸੂਸ ਕਰਦੇ ਹਨ ਕਿ ਮਨੁੱਖਾਂ ਵਿਚ ਵਖਰੇਵਿਆਂ ਦੇ ਨਾਲ ਨਾਲ ਬਹੁਤ ਕੁਝ ਸਾਂਝਾ ਵੀ ਹੈ। ਦੁਨੀਆਂ ਦੇ ਸਾਰੇ ਸਮਾਜਾਂ ਵਿਚ ਸਾਂਝੀਵਾਲਤਾ, ਸਮਾਜਿਕ ਬਰਾਬਰੀ ਅਤੇ ਏਕਤਾ ਦੇ ਹੱਕ ਵਿਚ ਵੱਡੀਆਂ ਲਹਿਰਾਂ ਉੱਠੀਆਂ : ਕਦੇ ਧਾਰਮਿਕ ਅਤੇ ਕਦੇ ਸਮਾਜਿਕ, ਕਦੇ ਸੱਭਿਆਚਾਰਕ ਅਤੇ ਕਦੇ ਸਿਆਸੀ ਰੂਪ ਵਿਚ। ਇਨ੍ਹਾਂ ਲਹਿਰਾਂ ਅਤੇ ਇਨ੍ਹਾਂ ਦੇ ਰਹਿਬਰਾਂ ਨੇ ਵੰਡ-ਪਾਊ ਸੋਚ-ਸਮਝ ਦੇ ਪੈਰੋਕਾਰਾਂ ਨਾਲ ਲੋਹਾ ਲਿਆ ਅਤੇ ਸਾਂਝੀਵਾਲਤਾ ਅਤੇ ਇਨਸਾਨੀ ਬਰਾਦਰੀ ਨੂੰ ਸਿਰਜਣ ਦੇ ਹੱਕ ਵਿਚ ਕੁਰਬਾਨੀਆਂ ਦਿੱਤੀਆਂ। ਫ਼ਰਕ ਸ਼ਾਇਦ ਇੰਨਾ ਹੀ ਹੈ ਕਿ ਬਹੁਤ ਵਾਰ ਸਾਂਝੀਵਾਲਤਾ ਤੇ ਸਮਾਜਿਕ ਏਕਤਾ ਦੇ ਪੈਰੋਕਾਰ ਇੰਨੇ ਜਥੇਬੰਦ ਅਤੇ ਊਰਜਾਵਾਨ ਨਹੀਂ ਹੁੰਦੇ ਜਿੰਨੇ ਨਫ਼ਰਤ ਅਤੇ ਹਿੰਸਾ ਦੇ ਸੌਦਾਗਰ ਪਰ ਇਹ ਲੜਾਈ ਲਗਾਤਾਰ ਚੱਲਦੀ ਰਹੀ ਹੈ।
        ਇਸ ਲੜਾਈ ਦਾ ਇਕ ਰੂਪ ਮੌਜੂਦਾ ਕਿਸਾਨ ਸੰਘਰਸ਼ ਦੇ ਰੂਪ ਵਿਚ ਦੇਖਿਆ ਜਾ ਸਕਦਾ ਹੈ। ਇਸ ਕਿਸਾਨ ਸੰਘਰਸ਼ ਨੇ 1940ਵਿਆਂ ਅਤੇ 1980ਵਿਆਂ ਵਿਚ ਮਧੋਲੇ ਅਤੇ ਵਲੂੰਧਰੇ ਹੋਏ ਪੰਜਾਬ ਨੂੰ ਨਵੀਂ ਊਰਜਾ ਅਤੇ ਸ਼ਕਤੀ ਦਿੱਤੀ ਹੈ। ਉਹ ਪੰਜਾਬ, ਜਿਸ ਨੇ ਪਿਛਲੀ ਸਦੀ ਵਿਚ ਧਾਰਮਿਕ ਕੱਟੜਪੰਥੀਆਂ ਹੱਥੋਂ ਅਸਹਿ ਜ਼ੁਲਮ ਸਹੇ, ਜਿਸ ਨਾਲ ਸਿਆਸੀ ਜਮਾਤ ਨੇ ਵੱਡੇ ਧੋਖੇ ਕੀਤੇ, ਜਿਸ ਨੂੰ ਧਾਰਮਿਕ ਹਿੰਸਾ ਅਤੇ ਨਸ਼ਿਆਂ ਦੇ ਜਾਲ ਵਿਚ ਜਕੜਿਆ ਗਿਆ, ਅੱਜ ਨਵੀਆਂ ਕਰਵਟਾਂ ਲੈ ਰਿਹਾ ਹੈ। ਇਹ ਉਹ ਪੰਜਾਬ ਹੈ ਜਿਸ ਵਿਚ ਸਿੱਖ ਗੁਰੂਆਂ, ਨਾਥ ਜੋਗੀਆਂ, ਭਗਤੀ ਲਹਿਰ ਦੇ ਸੰਤਾਂ ਅਤੇ ਸੂਫ਼ੀਆਂ ਦੀ ਸਾਂਝੀਵਾਲਤਾ ਦੇ ਨਕਸ਼ ਰੂਪਮਾਨ ਹੋ ਰਹੇ ਹਨ, ਇਸ ਪੰਜਾਬ ਵਿਚ ਪੱਗੜੀ ਸੰਭਾਲ ਜੱਟਾ, ਗ਼ਦਰ ਲਹਿਰ, ਜੱਲ੍ਹਿਆਂਵਾਲੇ ਬਾਗ਼ ਨਾਲ ਜੁੜੀ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਕਿਰਤੀ ਲਹਿਰ ਅਤੇ ਭਗਤ ਸਿੰਘ ਨਾਲ ਜੁੜੀ ਵਿਚਾਰਧਾਰਾ ਦਾ ਖਮੀਰ ਹੈ। ਇਸ ਵਿਚ ਆਜ਼ਾਦੀ ਸੰਘਰਸ਼ ਵਿਚ ਹਿੱਸਾ ਲੈਣ ਵਾਲੀਆਂ ਕਾਂਗਰਸੀ, ਅਕਾਲੀ, ਬੱਬਰ ਅਕਾਲੀ ਅਤੇ ਹੋਰ ਪਾਰਟੀਆਂ ਵਿਚਲੀ ਬਸਤੀਵਾਦੀ ਵਿਰੋਧੀ ਸੋਚ ਦੇ ਅੰਸ਼ ਵੀ ਸ਼ਾਮਲ ਹਨ। ਇਸ ਲਹਿਰ ਵਿਚ ਬਾਬਾ ਫ਼ਰੀਦ, ਗੁਰੂ ਨਾਨਕ, ਬੁੱਲ੍ਹੇ ਸ਼ਾਹ, ਵਾਰਿਸ ਸ਼ਾਹ ਅਤੇ ਪੂਰਨ ਸਿੰਘ ਦੇ ਪੰਜਾਬ ਦੇ ਝਲਕਾਰੇ ਦਿਸਦੇ ਹਨ। ਇਸ ਸੰਘਰਸ਼ ਨੇ ਪੰਜਾਬ ਨੂੰ ਨਵੀਂ ਸੱਭਿਆਚਾਰਕ ਅਤੇ ਸਮਾਜਿਕ ਪੂੰਜੀ ਦਿੱਤੀ ਹੈ।
        ਇਹ ਸੰਘਰਸ਼ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਅਤੇ ਕਿਸਾਨ ਰੋਹ ਕਾਰਨ ਸੰਭਵ ਹੋਇਆ ਹੈ। ਇਸ ਨੇ ਮੌਜੂਦਾ ਕੇਂਦਰ ਸਰਕਾਰ ਦੀਆਂ ਕਾਰਪੋਰੇਟ-ਪੱਖੀ ਅਤੇ ਲੋਕਾਂ ਵਿਚ ਨਫ਼ਰਤ ਵਧਾਉਣ ਵਾਲੀਆਂ ਨੀਤੀਆਂ ਦੀ ਨਿਸ਼ਾਨਦੇਹੀ ਕੀਤੀ ਹੈ ਅਤੇ ਉਨ੍ਹਾਂ ਵਿਰੁੱਧ ਲੜਾਈ ਦਾ ਬਿਗ਼ਲ ਵਜਾਇਆ ਹੈ ਪਰ ਇਹ ਸਿਰਫ਼ ਸ਼ੁਰੂਆਤ ਹੈ। ਸਾਂਝੀਵਾਲਤਾ ਅਤੇ ਸਮਾਜਿਕ ਏਕਤਾ ਦੀ ਲੜਾਈ ਬਹੁਤ ਲੰਮੀ ਹੈ। ਪੰਜਾਬੀ ਸਮਾਜ ਨੇ ਦਲਿਤਾਂ ਅਤੇ ਔਰਤਾਂ ਨੂੰ ਬਰਾਬਰ ਦੇ ਹੱਕ ਦਿਵਾਉਣ ਲਈ ਲੜਨਾ ਹੈ। ਇਸ ਅੰਦੋਲਨ ਵਿਚ ਔਰਤਾਂ ਦੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਾਰਨ ਪੰਜਾਬੀ ਔਰਤਾਂ ਵਿਚ ਨਵੀਂ ਚੇਤਨਤਾ ਪੈਦਾ ਹੋਵੇਗੀ। ਉਹ ਇਸ ਸੰਘਰਸ਼ ਨੂੰ ਨਵੀਂ ਨੁਹਾਰ ਦੇ ਰਹੀਆਂ ਹਨ ਅਤੇ ਇਸ ਵਿਚ ਹਿੱਸਾ ਪਾਉਣਾ ਉਨ੍ਹਾਂ ਵਿਚ ਸ੍ਵੈ-ਵਿਸ਼ਵਾਸ, ਬਰਾਬਰੀ ਅਤੇ ਆਪਣੇ ਹੱਕਾਂ ਲਈ ਲੜਨ ਵਾਲੇ ਜਜ਼ਬਿਆਂ ਨੂੰ ਹੋਰ ਜਾਗ੍ਰਿਤ ਕਰੇਗਾ। ਇਸ ਸੰਘਰਸ਼ ਨੇ ਆਪਣੀਆਂ ਪ੍ਰਾਪਤੀਆਂ, ਅਪ੍ਰਾਪਤੀਆਂ, ਦ੍ਰਿੜ੍ਹਤਾ, ਸੰਜਮ ਤੇ ਕਮਜ਼ੋਰੀਆਂ ਨਾਲ ਲੜਨ ਦੀ ਸਮਰੱਥਾ ਦਾ ਅਦਭੁੱਤ ਸੰਸਾਰ ਪੈਦਾ ਕੀਤਾ ਹੈ ਜਿਸ ਕਾਰਨ ਪੰਜਾਬ ਦੇ ਹਰ ਵਰਗ ਦੇ ਲੋਕ ਊਰਜਿਤ ਹੋਏ ਹਨ।
       ਇਸ ਸੰਘਰਸ਼ ਨੇ ਕਿਸਾਨਾਂ ਦੇ ਹੱਕਾਂ ਵਿਚ ਆਵਾਜ਼ ਬੁਲੰਦ ਕਰਨ ਦੇ ਨਾਲ ਨਾਲ ਨਫ਼ਰਤ ਵਧਾਉਣ ਵਾਲਿਆਂ ਦੇ ਵਿਰੁੱਧ ਲੜਨ ਲਈ ਜ਼ਮੀਨ ਅਤੇ ਸੰਦ ਤਿਆਰ ਕੀਤੇ ਹਨ। ਇਸ ਨੇ ਸਾਨੂੰ ਦੱਸਿਆ ਹੈ ਕਿ ਲੋਕਾਂ ਦੇ ਹੱਕ-ਸੱਚ ਲਈ ਲੜੇ ਜਾਂਦੇ ਜ਼ਮੀਨੀ ਸੰਘਰਸ਼ਾਂ ਰਾਹੀਂ ਨਫ਼ਰਤ ਅਤੇ ਫ਼ਿਰਕੂ ਪਾੜੇ ਵਧਾਉਣ ਵਾਲੀਆਂ ਕੱਟੜਪੰਥੀ ਜਥੇਬੰਦੀਆਂ ਵਿਰੁੱਧ ਲੜਿਆ ਜਾ ਸਕਦਾ ਹੈ। ਪਿਛਲੇ ਕੁਝ ਸਮੇਂ ਵਿਚ ਸੰਘਰਸ਼ ਨੂੰ ਕੁਝ ਅੰਦਰੂਨੀ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪਿਆ ਅਤੇ ਸੰਘਰਸ਼ ਉਨ੍ਹਾਂ ਮਸਲਿਆਂ ਨੂੰ ਨਜਿੱਠਣ ਵਿਚ ਕਾਮਯਾਬ ਹੋਇਆ ਹੈ। ਇਸ ਸੰਘਰਸ਼ ਨੇ ਸਿਰਫ਼ ਖੇਤੀ ਖੇਤਰ ਦੇ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਖ਼ਤਮ ਨਹੀਂ ਹੋ ਜਾਣਾ, ਇਸ ਦੇ ਪੰਧ ਬਹੁਤ ਲੰਮੇ ਹਨ। ਹੁਣ ਇਹ ਲੜਾਈ ਕਿਸਾਨ ਸੰਘਰਸ਼ ਦੇ ਰੂਪ ਵਿਚ ਲੜੀ ਜਾ ਰਹੀ ਹੈ ਅਤੇ ਭਵਿੱਖ ਵਿਚ ਇਸ ਨੇ ਨਵੇਂ ਰੂਪਾਂ-ਸਰੂਪਾਂ ਰਾਹੀਂ ਜਾਰੀ ਰਹਿਣਾ ਹੈ।